ਗਲੇਨ ਮੈਕਸਵੈਲ: ਲੱਗਿਆ ਸੀ ਸਟ੍ਰੈਚਰ 'ਤੇ ਮੈਦਾਨ ਤੋਂ ਬਾਹਰ ਜਾਣਗੇ, ਪਰ 'ਜ਼ਖਮੀ ਸ਼ੇਰ' ਨੇ ਇੰਝ ਪਲਟੀ ਬਾਜ਼ੀ

ਗਲੇਨ ਮੈਕਸਵੈਲ

ਤਸਵੀਰ ਸਰੋਤ, Reuters

    • ਲੇਖਕ, ਪ੍ਰਦੀਪ ਕੁਮਾਰ
    • ਰੋਲ, ਬੀਬੀਸੀ ਪੱਤਰਕਾਰ

ਚਮਤਕਾਰ ਘੱਟ ਹੀ ਹੁੰਦੇ ਹਨ, ਪਰ ਜੋ ਲੋਕ ਚਮਤਕਾਰਾਂ ਵਿੱਚ ਵਿਸ਼ਵਾਸ ਰੱਖਦੇ ਹਨ, ਉਨ੍ਹਾਂ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਗਲੇਨ ਮੈਕਸਵੈਲ ਦੇ ਰੂਪ ਵਿੱਚ ਇੱਕ ਚਮਤਕਾਰ ਹੀ ਦੇਖਿਆ।

ਗਲੇਨ ਮੈਕਸਵੈਲ ਦੀ ਪਾਰੀ ਨੇ ਦਿਖਾਇਆ ਹੈ ਕਿ ਕੋਈ ਖਿਡਾਰੀ ਆਪਣੀ ਹਿੰਮਤ ਨਾਲ ਕੀ ਕਰ ਸਕਦਾ ਹੈ।

ਮੈਕਸਵੈਲ ਨੇ ਜਿਨ੍ਹਾਂ ਚਾਰ ਗੇਂਦਾਂ 'ਤੇ ਮੈਚ ਖਤਮ ਕੀਤਾ, ਉਨ੍ਹਾਂ 'ਚ ਦੋ ਛੱਕੇ, ਫਿਰ ਇਕ ਚੌਕਾ ਅਤੇ ਫਿਰ ਇਕ ਛੱਕਾ ਲਗਾਇਆ।

ਉਹ ਇਹ ਸ਼ਾਟ ਉਦੋਂ ਮਾਰ ਰਹੇ ਸਨ, ਜਦੋਂ ਉਹ ਪੈਰਾਂ 'ਤੇ ਵੀ ਮੁਸ਼ਕਿਲ ਨਾਲ ਖੜ੍ਹੇ ਹੋ ਪਾ ਰਹੇ ਸਨ। ਉਹ ਨਾ ਤਾਂ ਦੌੜਨ ਦੀ ਸਥਿਤੀ ਵਿਚ ਸੀ ਅਤੇ ਨਾ ਹੀ ਗੇਂਦਾਂ ਖੇਡਦੇ ਸਮੇਂ ਉਨ੍ਹਾਂ ਦੀਆਂ ਲੱਤਾਂ ਵਿਚ ਕੋਈ ਹਿੱਲਜੁਲ ਹੋ ਸਕਦੀ ਸੀ।

ਪਰ ਮੈਕਸਵੈਲ ਨੇ ਕ੍ਰੀਜ਼ 'ਤੇ ਖੜ੍ਹੇ ਹੋ ਕੇ ਇਤਿਹਾਸ ਰਚ ਦਿੱਤਾ। ਉਨ੍ਹਾਂ ਨੇ ਦੋਹਰਾ ਸੈਂਕੜਾ ਲਗਾਇਆ। ਜਿਸ 'ਚ ਉਨ੍ਹਾਂ ਨੇ ਆਖਰੀ 100 ਦੌੜਾਂ ਲਗਭਗ ਦਰਦ ਨਾਲ ਜੂਝਦੇ ਹੋਏ ਅਤੇ ਬਿਨਾਂ ਦੌੜੇ ਪੂਰੀਆਂ ਕੀਤੀਆਂ।

ਮੈਕਸਵੈੱਲ ਨੇ ਇਸ ਪਾਰੀ 'ਚ ਨਾ ਸਿਰਫ ਆਸਟ੍ਰੇਲੀਆ ਨੂੰ ਹਾਰ ਤੋਂ ਬਚਾਇਆ ਸਗੋਂ ਸਿਰਫ 128 ਗੇਂਦਾਂ 'ਚ 201 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਇਤਿਹਾਸ 'ਚ ਆਪਣਾ ਨਾਂ ਵੀ ਦਰਜ ਕਰਵਾ ਲਿਆ।

ਇਸ ਪਾਰੀ ਵਿੱਚ ਮੈਕਸਵੈੱਲ ਨੇ ਪਹਿਲੀਆਂ ਸੌ ਦੌੜਾਂ ਵਿੱਚ 10 ਚੌਕੇ ਅਤੇ 3 ਛੱਕੇ ਲਗਾਏ ਸਨ। ਇਸ ਤੋਂ ਬਾਅਦ ਦੀਆਂ 101 ਦੌੜਾਂ ਲਈ ਮੈਕਸਵੈੱਲ ਨੇ 7 ਛੱਕੇ ਅਤੇ 11 ਚੌਕੇ ਲਗਾਏ।

ਸਪਿਨ ਗੇਂਦਬਾਜ਼ਾਂ ਦੀਆਂ ਗੇਂਦਾਂ 'ਤੇ ਸ਼ਾਨਦਾਰ ਖੇਡ

ਗਲੇਨ ਮੈਕਸਵੈਲ

ਤਸਵੀਰ ਸਰੋਤ, Reuters

ਇਸ ਦੌਰਾਨ ਉਨ੍ਹਾਂ ਨੇ ਅਫ਼ਗ਼ਾਨਿਸਤਾਨ ਦੇ ਤੇਜ਼ ਗੇਂਦਬਾਜ਼ਾਂ ਦੇ ਨਾਲ-ਨਾਲ ਸਪਿਨ ਗੇਂਦਬਾਜ਼ਾਂ ਦੀਆਂ ਗੇਂਦਾਂ 'ਤੇ ਸ਼ਾਨਦਾਰ ਸ਼ੌਟ ਖੇਡੇ ਤੇ ਇਸ ਦੌਰਾਨ ਉਨ੍ਹਾਂ ਨੇ ਦਰਦ ਅਤੇ ਤਕਲੀਫ ਦੇ ਪਲਾਂ ਨੂੰ ਆਪਣੇ 'ਤੇ ਹਾਵੀ ਵੀ ਨਹੀਂ ਹੋਣ ਦਿੱਤਾ।

ਉਹ ਜਿਸ ਤਰ੍ਹਾਂ ਦੀ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ, ਉਨ੍ਹਾਂ ਨੇ ਉਸ ਦਾ ਪ੍ਰਦਰਸ਼ਨ ਕੀਤਾ।

ਕ੍ਰਿਕਟ ਦੀ ਦੁਨੀਆਂ 'ਚ ਮੈਡ ਮੈਕਸੀ ਦੇ ਨਾਂ ਨਾਲ ਜਾਣੇ ਜਾਂਦੇ ਗਲੇਨ ਮੈਕਸਵੈੱਲ ਨੇ ਦਿਖਾ ਦਿੱਤਾ ਕਿ ਉਹ ਨਾ ਸਿਰਫ ਇਕ ਜੀਨਿਅਸ ਹਨ, ਸਗੋਂ ਉਨ੍ਹਾਂ 'ਚ ਮੈਡ ਸਕਿਲ ਦੀ ਵਿਸ਼ੇਸ਼ਤਾ ਵੀ ਹੈ।

ਅਸਲ 'ਚ ਛੋਟੀ ਉਮਰ 'ਚ ਹੀ ਆਪਣੀ ਪ੍ਰਤਿਭਾ ਦੇ ਦਮ 'ਤੇ ਆਸਟਰੇਲੀਆਈ ਕ੍ਰਿਕਟ 'ਚ ਧਮਾਲ ਮਚਾਉਣ ਵਾਲੇ ਗਲੇਨ ਮੈਕਸਵੈੱਲ ਨੂੰ ਕੌਮਾਂਤਰੀ ਕ੍ਰਿਕਟ 'ਚ ਉਸ ਤਰ੍ਹਾਂ ਦੀ ਸਫਲਤਾ ਨਹੀਂ ਮਿਲੀ।

ਪਰ ਉਹ ਸਮੇਂ-ਸਮੇਂ 'ਤੇ ਆਪਣੇ ਜਲਵਾ ਦਿਖਾਉਂਦੇ ਰਹੇ, ਜਿਸ ਕਾਰਨ ਉਹ 10 ਸਾਲ ਤੱਕ ਆਸਟਰੇਲੀਆ ਦੀ ਵਨਡੇ ਟੀਮ 'ਚ ਬਣੇ ਹੋਏ ਹਨ।

ਪਰ ਇਹ ਕਿਹਾ ਜਾ ਸਕਦਾ ਹੈ ਕਿ ਕ੍ਰਿਕਟ ਜਗਤ ਨੂੰ ਜਿਸ ਤਰ੍ਹਾਂ ਦੀ ਬੱਲੇਬਾਜ਼ੀ ਦੀ ਉਨ੍ਹਾਂ ਤੋਂ ਉਮੀਦ ਸੀ, ਉਸ ਦੇ ਸਾਰੇ ਰੰਗ ਉਨ੍ਹਾਂ ਨੇ ਵਾਨਖੇੜੇ ਸਟੇਡੀਅਮ 'ਚ ਇਕ ਖੂਬਸੂਰਤ ਕਲਾਕਾਰੀ ਵਾਂਗ ਦਿਖਾ ਦਿੱਤੇ।

201 ਦੌੜਾਂ ਦੀ ਅਜੇਤੂ ਪਾਰੀ, ਵਿਸ਼ਵ ਕ੍ਰਿਕਟ ਵਿੱਚ ਛੇਵੇਂ ਨੰਬਰ ਜਾਂ ਇਸ ਤੋਂ ਹੇਠਾਂ ਰੈਂਕਿੰਗ ਵਾਲੇ ਬੱਲੇਬਾਜ਼ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਹੈ।

ਮੈਕਸਵੈਲ ਨੇ ਕਿਹੜਾ ਰਿਕਾਰਡ ਬਣਾਇਆ?

ਗਲੇਨ ਮੈਕਸਵੈਲ

ਤਸਵੀਰ ਸਰੋਤ, Reuters

ਗਲੇਨ ਮੈਕਸਵੈਲ ਵਨਡੇ ਕ੍ਰਿਕਟ ਵਿੱਚ ਓਪਨਿੰਗ ਨਾ ਕਰਦੇ ਹੋਏ ਦੋਹਰਾ ਸੈਂਕੜਾ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਹਨ।

ਵਨਡੇ ਕ੍ਰਿਕਟ 'ਚ ਹੁਣ ਤੱਕ ਸਾਰੇ ਦੋਹਰੇ ਸੈਂਕੜੇ ਓਪਨਿੰਗ ਬੱਲੇਬਾਜ਼ਾਂ ਦੇ ਨਾਂ ਸਨ। ਇੰਨਾ ਹੀ ਨਹੀਂ, ਇਹ ਪਹਿਲੀ ਵਾਰ ਹੈ ਜਦੋਂ ਕਿਸੇ ਆਸਟਰੇਲੀਆਈ ਬੱਲੇਬਾਜ਼ ਨੇ ਵਨਡੇ ਕ੍ਰਿਕਟ 'ਚ ਦੋਹਰਾ ਸੈਂਕੜਾ ਲਗਾਇਆ ਹੈ।

ਉਹ ਸਿਰਫ ਦੋ ਗੇਂਦਾਂ ਤੋਂ, ਸਭ ਤੋਂ ਤੇਜ਼ ਦੋਹਰੇ ਸੈਂਕੜੇ ਦੇ ਰਿਕਾਰਡ ਤੋਂ ਖੁੰਝ ਗਏ, ਈਸ਼ਾਨ ਕਿਸ਼ਨ ਨੇ 126 ਗੇਂਦਾਂ 'ਚ ਇਹ ਕਾਰਨਾਮਾ ਦਿਖਾਇਆ ਹੈ, ਮੈਕਸਵੈਲ ਨੇ 128 ਗੇਂਦਾਂ ਦਾ ਸਾਹਮਣਾ ਕੀਤਾ। ਪਰ ਮੈਕਸਵੈੱਲ ਦਾ ਦੋਹਰਾ ਸੈਂਕੜਾ ਬਹੁਤ ਜ਼ਿਆਦਾ ਪ੍ਰਤੀਕੂਲ ਹਾਲਾਤਾਂ ਵਿੱਚ ਖੇਡਦੇ ਹੋਏ ਲਗਾਇਆ ਗਿਆ ਹੈ।

ਇੰਨਾ ਹੀ ਨਹੀਂ ਵਨਡੇ ਕ੍ਰਿਕਟ 'ਚ ਟੀਚੇ ਦਾ ਪਿੱਛਾ ਕਰਦੇ ਹੋਏ ਇਹ ਪਹਿਲਾ ਦੋਹਰਾ ਸੈਂਕੜਾ ਹੈ।

ਹਾਲਾਂਕਿ ਅਫ਼ਗ਼ਾਨਿਸਤਾਨ ਖ਼ਿਲਾਫ਼ ਮੈਚ 'ਚ ਜਦੋਂ ਗਲੇਨ ਮੈਕਸਵੈਲ ਬੱਲੇਬਾਜ਼ੀ ਕਰਨ ਆਏ ਤਾਂ ਨੌਵੇਂ ਓਵਰ ਦੀਆਂ ਪਹਿਲੀਆਂ ਦੋ ਗੇਂਦਾਂ 'ਤੇ ਹੀ ਅਜ਼ਮਤੁੱਲਾ ਨੇ ਦੋ ਵਿਕਟਾਂ ਲੈ ਲਈਆਂ ਸਨ।

ਅਜਿਹੇ 'ਚ ਮੈਕਸਵੈਲ 'ਤੇ (ਵਿਕਟਾਂ ਦੀ) ਹੈਟ੍ਰਿਕ ਬਚਾਉਣ ਦਾ ਦਬਾਅ ਸੀ ਅਤੇ ਉਹ ਬਾਲ-ਬਾਲ ਬਚੇ। ਗੇਂਦ ਉਨ੍ਹਾਂ ਦੇ ਬੱਲੇ ਦੇ ਬਾਹਰੀ ਕਿਨਾਰੇ ਨੂੰ ਲੱਗ ਕੇ ਵਿਕਟ ਦੇ ਪਿੱਛੇ ਤਾਂ ਚਲੀ ਗਈ ਪਰ ਕੀਪਰ ਦੇ ਦਸਤਾਨੇ ਤੱਕ ਨਹੀਂ ਪਹੁੰਚੀ।

ਗਲੇਨ ਮੈਕਸਵੈਲ

ਜਿੱਥੋਂ ਮੈਕਸਵੈੱਲ ਨੇ ਪਾਰੀ ਨੂੰ ਸੰਭਾਲਿਆ

ਆਸਟਰੇਲੀਆ ਨੇ ਚਾਰ ਵਿਕਟਾਂ ਦੇ ਨੁਕਸਾਨ 'ਤੇ ਮਹਿਜ਼ 49 ਦੌੜਾਂ ਬਣਾਈਆਂ ਸਨ ਅਤੇ ਮੈਕਸਵੈਲ ਨੇ ਇੱਥੋਂ ਆਪਣੀ ਪਾਰੀ ਦੀ ਸ਼ੁਰੂਆਤ ਕੀਤੀ।

ਉਹ ਵਿਕੇਟ 'ਤੇ ਟਿਕਦੇ, ਉਦੋਂ ਤੱਕ ਅਫ਼ਗ਼ਾਨਿਸਤਾਨ ਦੀਆਂ 292 ਦੌੜਾਂ ਦੇ ਜਵਾਬ 'ਚ ਆਸਟਰੇਲੀਆ ਦਾ ਸਕੋਰ ਸੱਤ ਵਿਕਟਾਂ ਦੇ ਨੁਕਸਾਨ 'ਤੇ ਮਹਿਜ਼ 92 ਦੌੜਾਂ ਹੀ ਸੀ।

ਪੂਰੇ ਸਟੇਡੀਅਮ 'ਚ ਅਫ਼ਗ਼ਾਨਿਸਤਾਨ ਦੀ ਟੀਮ ਦਾ ਜ਼ਬਰਦਸਤ ਸਮਰਥਨ ਦਿਖਾਈ ਦੇ ਰਿਹਾ ਸੀ ਅਤੇ ਅਜਿਹਾ ਲੱਗ ਰਿਹਾ ਸੀ ਕਿ ਅਫ਼ਗ਼ਾਨਿਸਤਾਨ ਦੀ ਟੀਮ ਇਸ ਵਿਸ਼ਵ ਕੱਪ ਦਾ ਸਭ ਤੋਂ ਵੱਡਾ ਉਲਟਫੇਰ ਕਰ ਦੇਵੇਗੀ।

ਮੈਕਸਵੈੱਲ ਉਦੋਂ 26 ਦੌੜਾਂ 'ਤੇ ਖੇਡ ਰਹੇ ਸਨ। ਟੀਮ ਦੇ ਕਪਤਾਨ ਪੈਟ ਕਮਿੰਸ ਮੈਕਸਵੈੱਲ ਦੇ ਨਾਲ ਪਿਚ 'ਤੇ ਆਏ। ਇਸ ਤੋਂ ਮਗਰੋਂ ਕਮਿੰਸ ਸਿਰਫ਼ ਇੱਕ ਸਿਰੇ 'ਤੇ ਖੜ੍ਹੇ ਹੋ ਕੇ ਦੇਖਦੇ ਰਹੇ ਅਤੇ ਮੈਕਸਵੈੱਲ ਨੇ ਗੇਮ ਬਦਲਣੀ ਸ਼ੁਰੂ ਕਰ ਦਿੱਤੀ।

ਇਸ ਦੌਰਾਨ ਇਕ ਵਾਰ ਸਕੁਆਇਰ ਲੇਗ 'ਤੇ ਅਤੇ ਇਕ ਵਾਰ ਮਿਡ ਆਫ 'ਤੇ ਉਨ੍ਹਾਂ ਦਾ ਕੈਚ ਵੀ ਛੁੱਟਿਆ, ਪਰ ਉਨ੍ਹਾਂ ਦਾ ਵਿਸ਼ਵਾਸ ਨਹੀਂ ਡੋਲਿਆ।

ਦੇਖਦੇ ਹੀ ਦੇਖਦੇ 76 ਗੇਂਦਾਂ ਵਿੱਚ ਉਨ੍ਹਾਂ ਨੇ ਆਪਣਾ ਸੈਂਕੜਾ ਪੂਰਾ ਕਰ ਲਿਆ। ਇਸ ਵੇਲੇ ਤੱਕ, ਦੂਏ ਸਿਰੇ 'ਤੇ ਖੜ੍ਹੇ ਕਮਿੰਸ ਦੋਹਰੇ ਅੰਕੜੇ ਤੱਕ ਵੀ ਨਹੀਂ ਪਹੁੰਚ ਸਕੇ ਸਨ।

ਸੈਂਕੜੇ ਮਗਰੋਂ ਦਿਖਾਇਆ ਅਸਲ ਰੰਗ

ਗਲੇਨ ਮੈਕਸਵੈਲ

ਤਸਵੀਰ ਸਰੋਤ, Reuters

ਪਰ ਮੈਕਸਵੈਲ ਦੇ ਅਸਲ ਰੰਗ ਉਨ੍ਹਾਂ ਦੇ ਇਸ ਸੈਂਕੜੇ ਤੋਂ ਬਾਅਦ ਨਜ਼ਰ ਆਇਆ।

ਭਾਵੇਂ ਕਿ ਉਹ ਇੱਕ ਤੂਫਾਨੀ ਬੱਲੇਬਾਜ਼ ਵਜੋਂ ਜਾਣੇ ਜਾਂਦੇ ਹੋਣ ਪਰ ਦਬਾਅ ਦੇ ਪਲਾਂ ਵਿੱਚ ਉਹ ਬਿਖਰਦੇ ਰਹੇ ਹਨ। ਪਰ ਇੱਥੇ ਉਹ ਦਰਦ ਅਤੇ ਤਕਲੀਫ਼ ਵਿੱਚ ਵੀ ਅਡੋਲ ਖੜ੍ਹੇ ਰਹੇ।

ਸੈਂਕੜਾ ਲਗਾਉਣ ਤੋਂ ਬਾਅਦ ਹੀ ਉਨ੍ਹਾਂ ਨੂੰ ਖੱਬੀ ਲੱਤ 'ਚ ਕਰੈਂਪ ਮਹਿਸੂਸ ਹੋਇਆ ਅਤੇ ਟੀਮ ਫਿਜ਼ੀਓ ਨੂੰ ਮੈਦਾਨ 'ਤੇ ਆਉਣਾ ਪਿਆ। ਉਸ ਸਮੇਂ ਆਸਟਰੇਲੀਅਨ ਟੀਮ ਜਿੱਤ ਤੋਂ ਕਰੀਬ ਸੌ ਦੌੜਾਂ ਦੂਰ ਸੀ।

ਉਨ੍ਹਾਂ ਦੀ ਖੱਬੀ ਲੱਤ ਦੀ ਸਮੱਸਿਆ ਪਿੱਠ ਦੀ ਸਮੱਸਿਆ ਵਿੱਚ ਬਦਲ ਗਈ ਅਤੇ ਮੈਕਸਵੈਲ ਨੂੰ ਕਈ ਵਾਰ ਮੈਦਾਨ 'ਤੇ ਲੇਟਿਆ ਦੇਖਿਆ ਗਿਆ।

ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਹ ਦੌੜ ਲੈਂਦੇ ਹੋਏ ਨਾ ਸਿਰਫ ਮੈਦਾਨ 'ਤੇ ਡਿੱਗ ਪਏ ਸਗੋਂ ਕ੍ਰੀਜ਼ 'ਤੇ ਪਹੁੰਚਣ ਤੋਂ ਬਾਅਦ ਅਜਿਹਾ ਲੱਗ ਰਿਹਾ ਸੀ ਕਿ ਉਹ ਦਰਦ ਵਿੱਚ ਤੜਪ ਰਹੇ ਹਨ। ਉਨ੍ਹਾਂ ਦਾ ਆਪਣੇ ਪੈਰਾਂ 'ਤੇ ਖੜ੍ਹਾ ਹੋਣਾ ਵੀ ਮੁਸ਼ਕਲ ਲੱਗ ਰਿਹਾ ਸੀ।

ਉਨ੍ਹਾਂ ਤੋਂ ਬਾਅਦ ਬੱਲੇਬਾਜ਼ੀ ਕਰਨ ਲਈ ਐਡਮ ਜ਼ੰਪਾ ਦੋ ਵਾਰ ਮੈਦਾਨ ਤੱਕ ਆਏ।

ਗਲੇਨ ਮੈਕਸਵੈਲ

ਤਸਵੀਰ ਸਰੋਤ, Reuters

41ਵੇਂ ਓਵਰ ਦੇ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਮੈਕਸਵੈਲ ਨੂੰ ਸਟਰੈਚਰ 'ਤੇ ਬਾਹਰ ਜਾਣਾ ਪਵੇਗਾ ਪਰ ਮੈਕਸਵੈਲ ਫਿਰ ਆਪਣੇ ਪੈਰਾਂ 'ਤੇ ਖੜ੍ਹੇ ਹੋਏ ਗਏ ਅਤੇ ਜ਼ੰਪਾ ਨੂੰ ਪੈਵੇਲੀਅਨ 'ਚ ਹੀ ਇੰਤਜ਼ਾਰ ਕਰਨਾ ਪਿਆ।

2010-11 ਵਿੱਚ, ਆਸਟਰੇਲੀਆਈ ਘਰੇਲੂ ਕ੍ਰਿਕਟ ਵਿੱਚ ਮੈਕਸੀ ਨੇ 19 ਗੇਂਦਾਂ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ ਅਤੇ ਕੁਝ ਸਮੇਂ ਵਿੱਚ ਹੀ ਉਹ ਇੱਕ ਰੋਜ਼ਾ ਟੀਮ ਵਿੱਚ ਜਗ੍ਹਾ ਬਣਾਉਣ ਵਿੱਚ ਕਾਮਯਾਬ ਹੋ ਗਏ ਸਨ।

2015 'ਚ ਘਰੇਲੂ ਮੈਦਾਨਾਂ 'ਤੇ ਖੇਡੇ ਗਏ ਵਿਸ਼ਵ ਕੱਪ 'ਚ ਉਨ੍ਹਾਂ ਨੇ ਸ਼੍ਰੀਲੰਕਾ ਖਿਲਾਫ ਸਿਰਫ 51 ਗੇਂਦਾਂ 'ਚ ਸੈਂਕੜਾ ਜੜਿਆ ਸੀ, ਜੋ ਉਸ ਸਮੇਂ ਆਸਟਰੇਲੀਆ ਦੇ ਕਿਸੇ ਵੀ ਬੱਲੇਬਾਜ਼ ਦਾ ਸਭ ਤੋਂ ਤੇਜ਼ ਸੈਂਕੜਾ ਸੀ।

ਕਿਸੇ ਵੀ ਗੇਂਦ 'ਤੇ ਸ਼ਾਟ ਖੇਡ ਸਕਦੇ ਹਨ ਮੈਕਸੀ

ਗਲੇਨ ਮੈਕਸਵੈਲ

ਤਸਵੀਰ ਸਰੋਤ, Reuters

ਕ੍ਰਿਕਟ ਦੇ ਸ਼ੁਰੂਆਤੀ ਸਾਲਾਂ 'ਚ ਉਨ੍ਹਾਂ ਦੀ ਸਿਰਫ ਇੱਕ ਹੀ ਪਛਾਣ ਸੀ, 'ਇਹ ਬੱਲੇਬਾਜ਼ ਕਿਸੇ ਵੀ ਗੇਂਦ 'ਤੇ ਕੋਈ ਵੀ ਸ਼ਾਟ ਖੇਡ ਸਕਦਾ ਹੈ।'

ਪਰ ਇਹ ਗੈਰ-ਰਵਾਇਤੀ ਸ਼ਾਟ ਖੇਡਣਾ ਉਨ੍ਹਾਂ ਦੀ ਸਭ ਤੋਂ ਵੱਡੀ ਖਾਮੀ ਬਣ ਗਿਆ ਅਤੇ ਮੰਨਿਆ ਜਾਣ ਲੱਗਾ ਕਿ ਉਹ ਲਾਪਰਵਾਹੀ ਨਾਲ ਸ਼ਾਟ ਖੇਡ ਕੇ ਕਿਸੇ ਵੀ ਸਮੇਂ ਆਊਟ ਹੋ ਸਕਦੇ ਹਨ।

ਕਈ ਮੈਚਾਂ ਵਿੱਚ ਬੇਤੁਕੇ ਸ਼ਾਟ ਖੇਡਣ ਲਈ ਉਨ੍ਹਾਂ ਦਾ ਮਜ਼ਾਕ ਵੀ ਉਡਾਇਆ ਗਿਆ।

2015 ਵਿਸ਼ਵ ਕੱਪ ਤੋਂ ਬਾਅਦ, ਲਗਾਤਾਰ ਵਨਡੇ ਮੈਚਾਂ ਵਿੱਚ ਉਨ੍ਹਾਂ ਦੀ ਔਸਤ ਦਸ ਤੋਂ ਘੱਟ ਹੋਣ ਕਾਰਨ ਉਨ੍ਹਾਂ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ।

ਉਨ੍ਹਾਂ ਦਾ ਕ੍ਰਿਕਟ ਕਰੀਅਰ ਖਤਮ ਹੋਣ ਦੀ ਕਗਾਰ 'ਤੇ ਸੀ ਪਰ ਆਸਟਰੇਲੀਆਈ ਕ੍ਰਿਕਟ ਆਪਣੀ ਪ੍ਰਤਿਭਾ ਨੂੰ ਇਸ ਤਰ੍ਹਾਂ ਬਰਬਾਦ ਨਹੀਂ ਹੋਣ ਦਿੰਦੀ।

ਮੈਕਸਵੈਲ ਨੂੰ ਆਪਣੇ ਸਾਥੀ ਖਿਡਾਰੀਆਂ ਦਾ ਵੀ ਸਮਰਥਨ ਮਿਲਿਆ ਅਤੇ ਉਨ੍ਹਾਂ ਨੇ ਮਾਨਸਿਕ ਥੈਰੇਪਿਸਟਾਂ ਤੋਂ ਸੈਸ਼ਨ ਵੀ ਲਏ। ਇਸ ਸਭ ਦਾ ਫਾਇਦਾ ਹੋਇਆ ਅਤੇ ਉਹ ਛੇ ਮਹੀਨਿਆਂ ਬਾਅਦ ਕ੍ਰਿਕਟ ਦੇ ਮੈਦਾਨ 'ਤੇ ਪਰਤੇ।

ਪਰ ਅੰਦਰ-ਬਾਹਰ ਦਾ ਸਿਲਸਿਲਾ ਜਾਰੀ ਰਿਹਾ। ਹਾਲਾਂਕਿ ਉਨ੍ਹਾਂ ਦਾ ਬੱਲੇਬਾਜ਼ੀ ਸਟ੍ਰਾਈਕ ਰੇਟ 127 ਤੋਂ ਜ਼ਿਆਦਾ ਦਾ ਹੈ ਪਰ 136 ਮੈਚਾਂ 'ਚ ਉਨ੍ਹਾਂ ਦੀ ਬੱਲੇਬਾਜ਼ੀ ਔਸਤ 36 ਵੀ ਨਹੀਂ ਹੈ।

ਵਨਡੇ ਕ੍ਰਿਕਟ 'ਚ ਉਹ ਅਜੇ ਤੱਕ ਚਾਰ ਸੈਂਕੜਿਆਂ ਦੀ ਮਦਦ ਨਾਲ ਚਾਰ ਹਜ਼ਾਰ ਦੌੜਾਂ ਵੀ ਪੂਰੀਆਂ ਨਹੀਂ ਕਰ ਸਕੇ ਹਨ।

ਯਾਦਗਾਰ ਬਣਾ ਕੇ ਖੇਡਣ ਦਾ ਇਰਾਦਾ

ਗਲੇਨ ਮੈਕਸਵੈਲ

ਤਸਵੀਰ ਸਰੋਤ, Reuters

ਪਰ ਲੀਗ ਕ੍ਰਿਕੇਟ ਵਿੱਚ ਉਨ੍ਹਾਂ ਦੀ ਮੰਗ ਦੁਨੀਆਂ ਭਰ ਦੀਆਂ ਟੀਮਾਂ ਵਿੱਚ ਹੈ।

ਆਈਪੀਐਲ ਵਿੱਚ ਵੀ ਉਨ੍ਹਾਂ ਦੀ ਨੀਲਾਮੀ ਕਰੋੜਾਂ ਰੁਪਏ ਵਿੱਚ ਹੁੰਦੀ ਹੈ। ਉਹ ਕਿੰਗਜ਼ ਇਲੈਵਨ ਪੰਜਾਬ, ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਟੀਮਾਂ ਦਾ ਹਿੱਸਾ ਰਹੇ ਹਨ।

ਪਰ ਆਈਪੀਐੱਲ ਵਿੱਚ ਉਨ੍ਹਾਂ ਦੀ ਕੋਈ ਵੀ ਪਾਰੀ ਯਾਦਗਾਰੀ ਨਹੀਂ ਹੈ।

ਦਿ ਕ੍ਰਿਕੇਟ ਮੰਥਲੀ ਨੇ 2017 ਵਿੱਚ ਗਲੇਨ ਮੈਕਸਵੈਲ ਉੱਤੇ ਆਪਣੇ ਮੈਡ ਮੈਕਸੀ ਲੇਖ ਵਿੱਚ, ਉਨ੍ਹਾਂ ਦੇ ਜਾਣਕਾਰਾਂ ਨਾਲ ਗੱਲਬਾਤ ਦੇ ਅਧਾਰ 'ਤੇ ਦੱਸਿਆ ਕਿ ਸਾਲਾਂ ਬਾਅਦ ਉਤਰਾਅ-ਚੜ੍ਹਾਅ ਵਾਲੇ ਕਰੀਅਰ ਤੋਂ ਬਾਅਦ, ਇੱਕ ਚੀਜ਼ ਜੋ ਨਹੀਂ ਬਦਲੀ, ਉਹ ਹੈ ਮੈਕਸਵੈਲ ਦਾ ਖੇਡਣ ਦਾ ਆਪਣਾ ਅੰਦਾਜ਼।

ਪਰ ਮੈਕਸਵੈੱਲ ਇਸ ਵਿਸ਼ਵ ਕੱਪ ਨੂੰ ਯਾਦਗਾਰ ਬਣਾਉਣ ਦੇ ਇਰਾਦੇ ਨਾਲ ਖੇਡਦੇ ਨਜ਼ਰ ਆ ਰਹੇ ਹਨ, ਉਹ ਹੁਣ ਤੱਕ ਦੋ ਸੈਂਕੜੇ ਲਗਾ ਚੁੱਕੇ ਹਨ ਅਤੇ ਜੇਕਰ ਉਹ ਸੈਮੀਫਾਈਨਲ ਜਾਂ ਬਾਅਦ ਵਿਚ ਫਾਈਨਲ ਵਿਚ ਪਹੁੰਚਣ 'ਤੇ ਵੀ ਚੱਲ ਨਿਕਲੇ ਤਾਂ ਆਸਟਰੇਲੀਆ ਨੂੰ ਵਿਸ਼ਵ ਚੈਂਪੀਅਨ ਬਣਨ ਤੋਂ ਕੋਈ ਨਹੀਂ ਰੋਕ ਸਕਦਾ।