You’re viewing a text-only version of this website that uses less data. View the main version of the website including all images and videos.
ਟੀ 20 ਵਿਸ਼ਵ ਕੱਪ: ਸੋਮਪਾਲ ਕਾਮੀ ਦੇ ਮਾਪਿਆਂ ਕਰਜ਼ਾ ਲੈ ਪੁੱਤ ਦੀ ਖੇਡ ਜਾਰੀ ਰੱਖੀ, ਪਟਿਆਲਾ ’ਚ ਮਾਂ ਲੋਕਾਂ ਦੇ ਘਰ ਕਰਦੀ ਹੈ ਕੰਮ
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
“ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੇਰੇ ਪੁੱਤਰ ਕਾਰਨ ਸਾਡੀ ਪਹਿਚਾਣ ਬਣੀ ਹੈ”, ਇਹ ਸ਼ਬਦ ਹਨ ਜੂਨਾਂ ਦੇਵੀ ਦੇ ਜੋ ਕਿ ਨੇਪਾਲ ਦੀ ਕੌਮੀ ਕ੍ਰਿਕਟ ਟੀਮ ਦੇ ਸਿਤਾਰੇ ਸੋਮਪਾਲ ਕਾਮੀ ਦੀ ਮਾਤਾ ਹਨ ।
ਸੋਮਪਾਲ ਕਾਮੀ ਬੇਸ਼ੱਕ ਨੇਪਾਲ ਦੀ ਟੀਮ ਦਾ ਸਿਤਾਰਾ ਹੈ ਪਰ ਉਸ ਦਾ ਸਬੰਧ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਨਾਲ ਹੈ, ਜਿੱਥੇ ਉਸ ਦਾ ਬਚਪਨ ਬਤੀਤ ਹੋਇਆ। ਪਟਿਆਲਾ ਤੋਂ ਹੀ ਸੋਮਪਾਲ ਕਾਮੀ ਨੇ ਕ੍ਰਿਕਟ ਦੀ ਸ਼ੁਰੂਆਤ ਕੀਤੀ ਸੀ।
ਅਮਰੀਕਾ ਵਿੱਚ ਹਾਲ ਵਿੱਚ ਹੋਏ ਪੁਰਸ਼ਾਂ ਦੇ ਟੀ-20 ਕ੍ਰਿਕਟ ਕੱਪ ਵਿੱਚ ਉਸ ਨੇ ਨੇਪਾਲ ਦੀ ਟੀਮ ਦੇ ਮੈਂਬਰ ਵੱਜੋਂ ਹਿੱਸਾ ਲਿਆ ਹੈ।
ਬੇਸ਼ੱਕ ਨੇਪਾਲ ਦੀ ਟੀਮ ਇਸ ਵਕਾਰੀ ਟੂਰਨਾਮੈਂਟ ਵਿੱਚ ਕੁਝ ਖ਼ਾਸ ਨਹੀਂ ਕਰ ਪਾਈ ਪਰ ਉਸ ਦੇ ਕਈ ਖਿਡਾਰੀਆਂ ਦੇ ਚੰਗਾ ਪ੍ਰਦਰਸ਼ਨ ਕਰਨ ਕਾਰਨ ਇਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।
ਸੋਮਪਾਲ ਕਾਮੀ ਨੇ ਆਪਣੀ ਮੁੱਢਲੀ ਪੜ੍ਹਾਈ ਪਟਿਆਲਾ ਦੇ ਸਰਕਾਰੀ ਸਕੂਲ ਤੋਂ ਕੀਤੀ ਅਤੇ ਇੱਥੇ ਹੀ ਉਸ ਨੇ ਕ੍ਰਿਕਟ ਖੇਡਣਾ ਸ਼ੁਰੂ ਕੀਤਾ।
ਸੋਮਪਾਲ ਕਾਮੀ ਦੇ ਮਾਤਾ ਪਿਤਾ ਅਜੇ ਵੀ ਪਟਿਆਲਾ ਵਿੱਚ ਹੀ ਰਹਿੰਦੇ ਹਨ ਅਤੇ ਉਨ੍ਹਾਂ ਦਾ ਪਿਛੋਕੜ ਨੇਪਾਲ ਦੇ ਗੁਲਮੀ ਜ਼ਿਲ੍ਹੇ ਨਾਲ ਹੈ।
ਮਾਪਿਆਂ ਦੀ ਖ਼ੁਸ਼ੀ
ਸੋਮਪਾਲ ਕਾਮੀ ਦੇ ਪਿਤਾ ਰਾਮ ਬਹਾਦਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਿੱਚ ਕੰਮ ਕਰਦੇ ਹਨ।
ਬੀਬੀਸੀ ਨਾਲ ਗੱਲਬਾਤ ਕਰਦਿਆਂ ਜੂਨਾਂ ਦੇਵੀ ਨੇ ਕਿਹਾ ਹੈ ਕਿ ਪੁੱਤਰ ਨੂੰ ਕ੍ਰਿਕਟਰ ਬਣਾਉਣ ਦੇ ਲਈ ਉਨ੍ਹਾਂ ਨੇ ਬਹੁਤ ਮਿਹਨਤ ਕੀਤੀ।
ਪੁੱਤਰ ਦੀ ਕਾਮਯਾਬੀ ਉੱਤੇ ਉਹ ਖ਼ੁਸ਼ ਹਨ ਪਰ ਇਸ ਦੇ ਬਾਵਜੂਦ ਵੀ ਉਹ ਹੁਣ ਵੀ ਪਟਿਆਲਾ ਦੇ ਇੱਕ ਨਾਮੀ ਪਰਿਵਾਰ ਦੇ ਘਰ ਕੰਮ ਕਰਦੀ ਹੈ ਅਤੇ ਉੱਥੇ ਹੀ ਆਪਣੇ ਪਤੀ ਦੇ ਨਾਲ ਰਹਿੰਦੇ ਹਨ।
ਜੂਨਾਂ ਦੇਵੀ ਆਖਦੇ ਹਨ ਕਿ ਲੋਕ ਉਹਨਾਂ ਨੂੰ ਆਖਦੇ ਹਨ ਕਿ ਉਸ ਦਾ ਪੁੱਤਰ ਤਰੱਕੀ ਕਰ ਕੇ ਵੱਡਾ ਆਦਮੀ ਬਣ ਗਿਆ ਹੈ, ਇਸ ਲਈ ਉਹ ਕੰਮ ਛੱਡ ਦੇਵੇ ਪਰ ਉਹ ਆਖਦੇ ਹਨ ਕਿ ਜਿਸ ਘਰ ਵਿੱਚ ਮਿਹਨਤ ਕਰ ਕੇ ਉਸ ਦੀ ਕਿਸਮਤ ਬਦਲੀ ਹੈ, ਉਹ ਉਸ ਨੂੰ ਨਹੀਂ ਛੱਡ ਸਕਦੇ।
ਜੂਨਾਂ ਦੇਵੀ ਆਖਦੇ ਹਨ ਕਿ ਉਨ੍ਹਾਂ ਦਾ ਸੁਪਨਾ ਸੀ ਕਿ ਪੁੱਤਰ ਤਰੱਕੀ ਕਰੇ, ਗ਼ਰੀਬੀ ਦੇ ਬਾਵਜੂਦ ਉਨ੍ਹਾਂ ਨੇ ਇਸ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਦਿਨ ਰਾਤ ਮਿਹਨਤ ਕੀਤੀ।
ਪਟਿਆਲਾ ਆਉਣਾ
ਜੂਨਾਂ ਦੇਵੀ ਦੇ ਤਿੰਨ ਬੇਟੇ ਹਨ ਅਤੇ ਸੋਮਪਾਲ ਕਾਮੀ ਸਭ ਤੋਂ ਵੱਡਾ ਹੈ।
ਸੋਮਪਾਲ ਕਾਮੀ ਦੇ ਬਚਪਨ ਬਾਰੇ ਦੱਸਦਿਆਂ ਉਨ੍ਹਾਂ ਆਖਿਆ ਕਿ ਵਿਆਹ ਤੋਂ ਬਾਅਦ ਉਹ ਪਟਿਆਲਾ ਉਦੋਂ ਆਏ ਸਨ ਜਦੋਂ ਸੋਮਪਾਲ ਸਿਰਫ਼ ਛੇ ਮਹੀਨੇ ਦਾ ਸੀ।
ਉਨ੍ਹਾਂ ਆਖਿਆ ਕਿ ਸੋਮਪਾਲ ਨੇ ਮੁੱਢਲੀ ਪੜ੍ਹਾਈ ਪਟਿਆਲਾ ਦੇ ਸਰਕਾਰੀ ਸਕੂਲ ਤੋਂ ਕੀਤੀ ਅਤੇ ਉਸੇ ਦੌਰਾਨ ਉਹ ਕ੍ਰਿਕਟ ਖੇਡਣ ਲੱਗਿਆ ਸੀ।
ਜੂਨਾਂ ਦੇਵੀ ਦੱਸਦੇ ਹਨ ਕਿ ਸੋਮਪਾਲ ਦਿਨ ਰਾਤ ਕ੍ਰਿਕਟ ਖੇਡਦਾ ਰਹਿੰਦਾ ਸੀ। ਸਕੂਲ ਤੋਂ ਬਾਅਦ ਰਾਤ ਇੱਕ ਵਜੇ ਤੱਕ ਉਹ ਗਲੀ ਵਿੱਚ ਗੇਂਦਬਾਜ਼ੀ ਕਰਦਾ ਰਹਿੰਦਾ।
ਉਨ੍ਹਾਂ ਦੱਸਿਆ ਕਿ ਗ਼ਰੀਬੀ ਪੁੱਤਰ ਦੀ ਖੇਡ ਵਿੱਚ ਰੁਕਾਵਟ ਨਾ ਬਣੇ ਇਸ ਦੇ ਲਈ ਉਨ੍ਹਾਂ ਲੋਕਾਂ ਦੇ ਘਰਾਂ ਵਿੱਚ ਕੰਮ ਵੀ ਕੀਤਾ।
ਜੂਨਾਂ ਦੇਵੀ ਦੱਸਦੇ ਹਨ ਕਿ ਉਨ੍ਹਾਂ ਦਾ ਦਾ ਸੁਫ਼ਨਾ ਸੀ ਕਿ ਪੁੱਤ ਵੱਡਾ ਆਦਮੀ ਬਣੇ, ਸ਼ੁਰੂ ਵਿੱਚ ਲੋਕ ਉਸ ਦੇ ਸੁਫ਼ਨੇ ਉੱਤੇ ਹੱਸਦੇ ਵੀ ਸਨ, ਪਰ ਹੁਣ ਇਹ ਹਕੀਕਤ ਬਣ ਗਈ ਤੇ ਸੋਮਪਾਲ ਵੱਡਾ ਆਦਮੀ ਬਣਾ ਗਿਆ ਹੈ।
ਭਾਰਤ ਵੱਲੋਂ ਖੇਡਣਾ
ਨੇਪਾਲ ਦੀ ਕੌਮੀ ਟੀਮ ਵਿੱਚ ਚੁਣੇ ਜਾਣ ਤੋਂ ਪਹਿਲਾਂ ਸੋਮਪਾਲ ਕਾਮੀ ਨੇ ਭਾਰਤ ਵੱਲੋਂ ਵੀ ਕਈ ਨਾਮੀ ਟੂਰਨਾਮੈਂਟ ਵਿੱਚ ਹਿੱਸਾ ਲਿਆ।
ਬੀਬੀਸੀ ਨਾਲ ਗੱਲਬਾਤ ਕਰਦਿਆਂ ਰਾਮ ਬਹਾਦਰ ਨੇ ਦੱਸਿਆ ਕਿ ਉਹ12 ਸਾਲ ਦੀ ਉਮਰ ਵਿੱਚ ਪਟਿਆਲਾ ਆ ਗਏ ਸਨ।
ਸ਼ੁਰੂ ਵਿੱਚ ਲੋਕਾਂ ਦੇ ਘਰਾਂ ਵਿੱਚ ਅਤੇ ਹੋਟਲਾਂ ਵਿੱਚ ਸਕਿਉਰਿਟੀ ਗਾਰਡ ਵਜੋਂ ਕੰਮ ਕੀਤਾ। ਇਸ ਤੋਂ ਬਾਅਦ ਉਹ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਿੱਚ ਨੌਕਰੀ ਮਿਲ ਗਈ।
1995 ਵਿੱਚ ਰਾਮ ਬਹਾਦਰ ਆਪਣੇ ਪਰਿਵਾਰ ਨੂੰ ਲੈ ਕੇ ਪੱਕੇ ਤੌਰ ਉੱਤੇ ਪਟਿਆਲਾ ਵਿੱਚ ਹੀ ਵੱਸ ਗਿਆ।
ਸੋਮਪਾਲ ਕਾਮੀ ਬਾਰੇ ਦੱਸਦਿਆਂ ਉਨ੍ਹਾਂ ਆਖਿਆ ਕਿ ਉਹ ਚਾਹੁੰਦੇ ਸਨ ਕਿ ਸੋਮਪਾਲ ਫ਼ੌਜ ਵਿੱਚ ਭਰਤੀ ਹੋਵੇ ਪਰ ਉਸ ਦਾ ਸ਼ੌਕ ਕ੍ਰਿਕਟ ਸੀ।
ਉਨ੍ਹਾਂ ਦਾ ਕਹਿਣਾ ਹੈ ਕਿ ਸੋਮਪਾਲ ਨੂੰ ਉਸ ਦਾ ਮੁਕਾਮ ਮਿਲ ਗਿਆ ਹੈ ਤੇ ਉਹ ਆਪਣੇ ਪੁੱਤ ਲਈ ਖ਼ੁਸ਼ ਹਨ।
ਰਾਮ ਬਹਾਦਰ ਨੇ ਦੱਸਿਆ ਕਿ ਉਹ ਹਰ ਸਾਲ ਪੁੱਤਰਾਂ ਨੂੰ ਮਿਲਣ ਲਈ ਨੇਪਾਲ ਜਾਂਦੇ ਹਨ ਅਤੇ ਨੌਕਰੀ ਤੋਂ ਸੇਵਾ ਮੁਕਤੀ ਤੋਂ ਬਾਅਦ ਪੱਕੇ ਤੌਰ ਉੱਤੇ ਨੇਪਾਲ ਚਲੇ ਜਾਣਗੇ।
ਰਾਮ ਬਹਾਦਰ ਸੋਮਪਾਲ ਦੀ ਕਾਮਯਾਬੀ ਲਈ ਉਸ ਦੇ ਨਾਲ-ਨਾਲ ਪਰਿਵਾਰ ਨੇ ਵੀ ਸਖ਼ਤ ਮਿਹਨਤ ਕੀਤੀ।
“ਪੈਸਾ ਨਾ ਹੋਣ ਦੇ ਬਾਵਜੂਦ ਪਰਿਵਾਰ ਨੇ ਕਰਜ਼ਾ ਲੈ ਕੇ ਸੋਮਪਾਲ ਦੀ ਖੇਡ ਜਾਰੀ ਰੱਖੀ ਤੇ ਹੁਣ ਉਸ ਦੀ ਮਿਹਨਤ ਰੰਗ ਲਿਆਈ ਹੈ।”