ਟੀ-20 ਵਿਸ਼ਵ ਕੱਪ: ਕੈਨੇਡਾ-ਅਮਰੀਕਾ ਦੇ ਮੁਕਾਬਲੇ ਵਿੱਚ ਧਾਕ ਜਮਾਉਣ ਵਾਲੇ ਦੋ ਪੰਜਾਬੀ ਗੱਭਰੂ

ਅਮਰੀਕਾ ਨੇ ਆਈਸੀਸੀ ਟੀ-20 ਵਿਸ਼ਵ ਕੱਪ 'ਚ ਕੈਨੇਡਾ ਨੂੰ 7 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ।

ਟੀ-20 ਵਿਸ਼ਵ ਕੱਪ ਦੇ ਪਹਿਲੇ ਮੈਚ 'ਚ ਕੈਨੇਡਾ ਨੇ 20 ਓਵਰਾਂ 'ਚ ਪੰਜ ਵਿਕਟਾਂ 'ਤੇ 194 ਦੌੜਾਂ ਬਣਾਈਆਂ।

ਕੈਨੇਡਾ ਲਈ ਨਵਨੀਤ ਧਾਲੀਵਾਲ ਨੇ ਸਭ ਤੋਂ ਵੱਧ 61 ਦੌੜਾਂ ਬਣਾਈਆਂ।

ਇਸ ਦੇ ਜਵਾਬ ਵਿੱਚ ਅਮਰੀਕੀ ਟੀਮ ਨੇ ਏਰਨ ਜੋਨਸ ਦੀ ਧਮਾਕੇਦਾਰ ਬੱਲੇਬਾਜ਼ੀ ਦੀ ਬਦੌਲਤ 18ਵੇਂ ਓਵਰ ਵਿੱਚ ਤਿੰਨ ਵਿਕਟਾਂ ’ਤੇ 197 ਦੌੜਾਂ ਬਣਾਈਆਂ।

ਏਰਨ ਜੋਨਸ ਨੇ 40 ਗੇਂਦਾਂ ਵਿੱਚ ਚਾਰ ਚੌਕਿਆਂ ਅਤੇ ਦਸ ਛੱਕਿਆਂ ਦੀ ਮਦਦ ਨਾਲ ਨਾਬਾਦ 94 ਦੌੜਾਂ ਬਣਾਈਆਂ।

ਬਾਰਬਾਡੋਸ ਵਿੱਚ ਜਨਮੇ ਜੋਨਸ ਨੂੰ ਅਮਰੀਕੀ ਟੀਮ ਦੇ ਸ਼ਕਤੀਸ਼ਾਲੀ ਬੱਲੇਬਾਜ਼ਾਂ ਵਿੱਚ ਗਿਣਿਆ ਜਾਂਦਾ ਹੈ।

ਪਰ ਇਸ ਵਿਚਾਲੇ ਇਸ ਮੈਚ ਇੱਕ ਦਿਲਚਸਪ ਨਜ਼ਾਰਾ ਵੀ ਦੇਖਣ ਨੂੰ ਮਿਲਿਆ, ਜਿਸ ਦੌਰਾਨ ਪੰਜਾਬੀ ਮੂਲ ਦੇ ਦੋ ਖਿਡਾਰੀ ਅਮਰੀਕਾ ਤੇ ਕੈਨੇਡਾ ਦੀ ਤਰਫ਼ੋ ਇੱਕ-ਦੂਜੇ ਦੇ ਆਹਮੋ-ਸਾਹਮਣੇ ਖੇਡ ਰਹੇ ਸਨ।

ਅਸੀਂ ਗੱਲ ਕਰ ਰਹੇ ਹਾਂ ਕੈਨੇਡਾ ਦੇ ਨਵਨੀਤ ਧਾਲੀਵਾਲ ਅਤੇ ਅਮਰੀਕਾ ਦੇ ਹਰਮੀਤ ਸਿੰਘ ਬਾਰੇ।

ਕੈਨੇਡਾ ਲਈ ਨਵਨੀਤ ਧਾਲੀਵਾਲ ਨੇ ਸਭ ਤੋਂ ਵੱਡੀ ਪਾਰੀ ਖੇਡਦਿਆਂ 44 ਗੇਂਦਾਂ ‘ਤੇ 61 ਦੌੜਾਂ ਬਣਾਈਆਂ।

ਉਧਰ ਵਿਰੋਧੀ ਟੀਮ ਵਿੱਚ ਖੇਡ ਗੇਂਦਬਾਜ਼ ਹਰਮੀਤ ਸਿੰਘ ਨੇ ਅਮਰੀਕਾ ਲਈ ਪਹਿਲੀ ਵਿਕਟ ਆਰੋਨ ਜੋਨਸਨ ਦੇ ਰੂਪ ਵਿੱਚ ਲਈ।

ਨਵਨੀਤ ਧਾਲੀਵਾਲ

10 ਅਕਤੂਬਰ, 1988 ਵਿੱਚ ਜਨਮੇਂ ਅਤੇ ਚੰਡੀਗੜ੍ਹ ਦੇ ਪਿਛੋਕੜ ਵਾਲੇ ਨਵਨੀਤ ਧਾਲੀਵਾਲ ਸੱਜੇ ਹੱਥ ਦੇ ਬੱਲੇਬਾਜ਼ ਹਨ।

ਉਨ੍ਹਾਂ ਨੇ ਆਪਣਾ ਪਹਿਲਾਂ ਮੈਚ ਸਾਲ 2015 ਕੈਨੇਡਾ ਬਨਾਮ ਕੀਨੀਆ ਐਡਿਨਬਰਗ ਵਿੱਚ ਖੇਡਿਆ ਸੀ।

ਕੈਨੇਡਾ ਲਈ ਲਿਸਟ-ਏ ਵਿੱਚ ਸ਼ੁਰੂਆਤ ਕਰਨ ਤੋਂ ਤਕਰੀਬਨ ਦਸ ਸਾਲ ਬਾਅਦ, 2024 ਵਿੱਚ ਟੀ-20 ਵਿਸ਼ਵ ਕੱਪ ਵਿਚ ਨਵਨੀਤ ਧਾਲੀਵਾਲ ਨੇ ਆਪਣੀ ਟੀਮ ਦਾ ਪਹਿਲਾ ਅਰਧ ਸੈਂਕੜਾ ਬਣਾਉਣ ਦਾ ਮਾਣ ਹਾਸਲ ਕੀਤਾ।

ਉਨ੍ਹਾਂ ਨੇ ਅਮਰੀਕਾ ਵਿਰੁੱਧ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿੱਚ 44 ਗੇਂਦਾਂ ਵਿਚ 61 ਦੌੜਾਂ ਬਣਾਈਆਂ ਪਰ ਖੇਡ ਨੂੰ ਜਿੱਤਣ ਲਈ ਇਹ ਕਾਫ਼ੀ ਨਹੀਂ ਸੀ। ਉਨ੍ਹਾਂ ਨੇ ਟੀ-20 ਕ੍ਰਿਕਟ ਵਿੱਚ ਕੈਨੇਡਾ ਦੀ ਅਗਵਾਈ ਵੀ ਕੀਤੀ ਹੈ।

ਹਰਮੀਤ ਸਿੰਘ

ਮੁੰਬਈ ਦੇ ਮਿਡਲ ਕਲਾਸ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਹਰਮੀਤ ਸਿੰਘ ਨੇ ਪਹਿਲਾਂ ਮੁੰਬਈ ਦੇ ਸਕੂਲ ਕ੍ਰਿਕਟ ਤੋਂ ਖੇਡਣਾ ਸ਼ੁਰੂ ਕੀਤਾ।

ਹਰਮੀਤ ਦਾ ਹੁਨਰ ਅਜਿਹਾ ਸੀ ਕਿ ਉਹ ਮੁੰਬਈ ਦੀ ਅੰਡਰ-14, ਅੰਡਰ 16 ਤੇ ਅੰਡਰ-19 ਟੀਮ ਲਈ ਵੀ ਚੁਣੇ ਗਏ।

17 ਸਾਲ ਦੀ ਉਮਰ ਵਿੱਚ ਹਰਮੀਤ ਦੀ ਚੋਣ ਮੁੰਬਈ ਦੀ ਰਣਜੀ ਟੀਮ ਲਈ ਹੋ ਗਈ। ਇੱਕ ਫ਼ਸਟ ਕਲਾਸ ਕ੍ਰਿਕਟਰ ਵਜੋਂ ਹਰਮੀਤ ਦੀ ਸ਼ੁਰੂਆਤ ਤਾਂ ਚੰਗੀ ਹੋਈ ਪਰ ਮੁੰਬਈ ਵੱਲੋਂ ਜ਼ਿਆਦਾ ਮੈਚ ਖੇਡਣ ਦਾ ਮੌਕਾ ਉਨ੍ਹਾਂ ਨੂੰ ਨਾਂ ਮਿਲਿਆ। ਜਦੋਂ ਇੱਕ ਸੀਜ਼ਨ ਵਿੱਚ ਉਹ ਘਰ ਬੈਠੇ ਸਨ ਤਾਂ ਉਨ੍ਹਾਂ ਨੂੰ ਜੰਮੂ-ਕਸ਼ਮੀਰ ਦੀ ਟੀਮ ਵੱਲੋਂ ਖੇਡਣ ਦੀ ਪੇਸ਼ਕਸ਼ ਆਈ।

ਜੰਮੂ ਕਸ਼ਮੀਰ ਦੀ ਟੀਮ ਵੱਲੋਂ ਉਨ੍ਹਾਂ ਨੇ ਦੋ ਮੈਚ ਖੇਡੇ ਪਰ ਇਹ ਸਾਥ ਬਹੁਤਾ ਲੰਬਾ ਨਹੀਂ ਰਿਹਾ ਅਤੇ ਉਹ ਵਾਪਸ ਮੁੰਬਈ ਆ ਗਏ। ਇਸ ਮਗਰੋਂ ਉਨ੍ਹਾਂ ਨੂੰ ਤ੍ਰਿਪੁਰਾ ਤੋਂ ਖੇਡਣ ਦਾ ਮੌਕਾ ਮਿਲਿਆ।

ਤ੍ਰਿਪੁਰਾ ਦੀ ਟੀਮ ਵੱਲੋਂ ਖੇਡਣ ਨੂੰ ਹਰਮੀਤ ਆਪਣੇ ਕਰੀਅਰ ਲਈ ਚੰਗਾ ਮੰਨਦੇ ਹਨ। ਇਸ ਬਾਰੇ ਜ਼ਿਕਰ ਕਰਦੇ ਹੋਏ ਉਹ ਕਹਿੰਦੇ ਹਨ, ਇੱਕ ਪ੍ਰੋਫੈਸ਼ਨਲ ਕ੍ਰਿਕਟਰ ਵਜੋਂ ਮੈਨੂੰ ਤ੍ਰਿਪੁਰਾ ਦੀ ਟੀਮ ਵਿੱਚ ਖੇਡਣ ਦਾ ਬਹੁਤ ਫਾਇਦਾ ਹੋਇਆ। ਉਨ੍ਹਾਂ ਕਰਕੇ ਹੀ ਮੇਰੇ 30 ਫਸਟ ਕਲਾਸ ਮੈਚ ਬਣੇ।”

ਹਰਮੀਤ ਸਿੰਘ ਨੇ ਕਿਸੇ ਨਾ ਕਿਸੇ ਰੂਪ ਵਿੱਚ ਕ੍ਰਿਕਟ ਖੇਡਣਾ ਜਾਰੀ ਰੱਖਿਆ ਪਰ ਮੁੰਬਈ ਦੀ ਟੀਮ ਜਾਂ ਭਾਰਤ ਟੀਮ ਵਿੱਚ ਹਰਮੀਤ ਥਾਂ ਨਹੀਂ ਬਣਾ ਸਕੇ। ਸਾਲ 2020 ਵਿੱਚ ਉਨ੍ਹਾਂ ਨੂੰ ਅਮਰੀਕਾ ਜਾਣ ਦਾ ਆਫ਼ਰ ਮਿਲਿਆ ਜਿਸ ਨੂੰ ਉਨ੍ਹਾਂ ਨੇ ਕਬੂਲ ਕਰ ਲਿਆ।

ਅਮਰੀਕਾ ਜਾਣ ਦੇ ਫੈਸਲੇ ਪਿਛਲੇ ਕਾਰਨਾਂ ਬਾਰੇ ਦੱਸਦੇ ਹੋਏ ਹਰਮੀਤ ਸਿੰਘ ਦੱਸਦੇ ਹਨ, ‘‘ਜਦੋਂ ਮੈਨੂੰ ਆਫ਼ਰ ਆਇਆ ਤਾਂ ਮੈਂ ਸੋਚਿਆ ਕਿ ਅਗਲੇ ਪੰਜ ਸਾਲਾਂ ਵਿੱਚ ਮੈਂ ਆਪਣੇ ਆਪ ਨੂੰ ਕ੍ਰਿਕਟ ਵਿੱਚ ਕਿੱਥੇ ਦੇਖਦਾ ਹਾਂ। ਜਦੋਂ ਤੁਸੀਂ ਰਣਜੀ ਟ੍ਰਾਫੀ ਵਿੱਚ ਪ੍ਰੋ ਕ੍ਰਿਕਟ ਖੇਡਦੇ ਹੋ ਤਾਂ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਅਗਲੇ ਸਾਲ ਤੁਹਾਨੂੰ ਟੀਮ ਵਿੱਚ ਥਾਂ ਮਿਲੇਗੀ ਜਾਂ ਨਹੀਂ।”

“ਇਹ ਇੱਕ ਚੰਗਾ ਆਫਰ ਸੀ ਜਿਸ ਨਾਲ ਮੇਰਾ ਕ੍ਰਿਕਟ ਪ੍ਰਤੀ ਪਿਆਰ ਵੀ ਪੂਰਾ ਹੋ ਰਿਹਾ ਸੀ ਤੇ ਪੈਸੇ ਵੀ ਚੰਗੇ ਮਿਲ ਰਹੇ ਸਨ।“

“2009-10 ਵਿੱਚ ਮੈਂ ਫ਼ਸਟ ਕਲਾਸ ਦਾ ਡੈਬਿਊ ਕੀਤਾ ਸੀ ਤੇ 2018-19 ਤੱਕ 30 ਮੈਚ ਹੀ ਖੇਡਣ ਦਾ ਮੌਕਾ ਮਿਲਆ ਸੀ, ਇਸ ਲਈ ਮੈਂ ਅਮਰੀਕਾ ਜਾਣ ਦਾ ਫ਼ੈਸਲਾ ਲਿਆ।”

ਬੀਬੀਸੀ ਪੰਜਾਬੀ ਦੇ ਵਟਸਐਪ ਚੈਨਲ ਨਾਲ ਜੁੜਨ ਲਈ ਇੱਥੇ ਕਲਿੱਕ ਕਰੋ।

ਵਿਸ਼ਵ ਕੱਪ ਕਦੋਂ, ਕਿੱਥੇ ਅਤੇ ਕਿਵੇਂ ਦੇਖੀਏ?

ਪੁਰਸ਼ਾਂ ਦੇ ਟੀ-20 ਵਿਸ਼ਵ ਕੱਪ ਦੇ ਮੈਚਾਂ ਦੀ ਸ਼ੁਰੂਆਤ ਪਹਿਲੀ ਜੂਨ ਤੋਂ ਹੋ ਗਈ ਹੈ ਅਤੇ ਇਹ 18 ਜੂਨ ਤੱਕ ਖੇਡੇ ਜਾਣਗੇ।

ਸੂਪਰ 8 ਦੇ ਮੁਕਾਬਲੇ 19 ਤੋਂ 25 ਜੂਨ ਤੱਕ ਖੇਡੇ ਜਾਣਗੇ। ਜਦਕਿ ਸੈਮੀਫਾਈਨਲ ਮੁਕਾਬਲੇ 27 ਜੂਨ ਨੂੰ ਹੋਣਗੇ ਜਦਕਿ ਫਾਈਨਲ ਮੁਕਾਬਲਾ 29 ਜੂਨ ਨੂੰ ਹੋਣਾ ਹੈ।

ਭਾਰਤ ਦਾ ਆਪਣੇ ਗਰੁੱਪ ਵਿੱਚ ਪਹਿਲਾ ਮੈਚ ਭਾਰਤੀ ਸਮੇਂ ਮੁਤਾਬਕ ਸ਼ਾਮ ਸਾਢੇ ਸੱਤ ਵਜੇ ਹੋਵੇਗਾ ਜਦਕਿ ਬਾਕੀ ਤਿੰਨ ਮੈਚ ਰਾਤ ਅੱਠ ਵਜੇ ਖੇਡੇ ਜਾਣਗੇ।

ਟੂਰਨਾਮੈਂਟ ਵਿੱਚ ਕੁੱਲ 55 ਮੈਚ ਇਸ ਤਰ੍ਹਾਂ ਖੇਡੇ ਜਾਣੇ ਹਨ।

ਟੀ20 ਵਿਸ਼ਵ ਕੱਪ 2024 ਦੇ ਮੈਚ ਕਿੱਥੇ-ਕਿੱਥੇ ਹੋਣਗੇ

  • ਸਰ ਵਿਵੀਅਨ ਰਿਚਰਡਸ ਸਟੇਡੀਅਮ, ਨੌਰਥ ਸਾਉਂਡ ਐਂਟੀਗੁਆ ਅਤੇ ਬਾਰਬੁਡਾ
  • ਕਿੰਗਸਟਨ ਓਵਲ ਆਫ਼ ਬ੍ਰਿਜਸਟੋਨ, ਬਾਰਬੇਡੋਸ
  • ਪ੍ਰੋਵਿਡੈਂਸ ਸਟੇਡੀਅਮ, ਪ੍ਰੋਵਿਡੈਂਸ, ਗੁਆਨਾ
  • ਡੈਰਿਨ ਸੈਮੀ ਸਟੇਡੀਅਮ ਨੇੜੇ ਗਰੋਸ ਇਸਲੈਟ, ਸੈਂਟ ਲੂਸੀਆ
  • ਅਰਨੋਸ ਵੇਲ ਸਟੇਡੀਅਮ, ਕਿੰਗਸਟਾਊਨ, ਸੇਂਟ ਵਿਨਸੈਂਟ ਅਤੇ ਗ੍ਰੇਨਾਡਾਈਨਜ਼
  • ਬ੍ਰਾਇਨ ਲਾਰਾ ਕ੍ਰਿਕਟ ਸਟੇਡੀਅਮ, ਸੈਨ ਫਰਨਾਂਡੋ, ਟ੍ਰਿਨੀਡਾਡ ਅਤੇ ਟੋਬੈਗੋ
  • ਸੈਂਟਰਲ ਬ੍ਰੋਵਾਰਡ ਪਾਰਕ, ਲਾਡਰਹਿੱਲ- ਫਲੋਰੀਡਾ, ਅਮਰੀਕਾ
  • ਗ੍ਰੈਂਡ ਪ੍ਰੇਰੀ ਸਟੇਡੀਅਮ, ਡੱਲਾਸ-ਟੈਕਸਾਸ, ਅਮਰੀਕਾ
  • ਨਸਾਊ ਕਾਉਂਟੀ ਇੰਟਰਨੈਸ਼ਨਲ ਸਟੇਡੀਅਮ, ਲੌਂਗ ਆਈਲੈਂਡ - ਨਿਊਯਾਰਕ, ਅਮਰੀਕਾ

ਟੀ20 ਵਿਸ਼ਵ ਕੱਪ ਦਾ ਫਾਰਮੈਟ ਅਤੇ ਗਰੁੱਪ

ਟੂਰਨਾਮੈਂਟ ਪੁਰਾਣੇ ਫਾਰਮੈਟ ਵੱਲ ਵਾਪਸੀ ਕਰ ਰਿਹਾ। ਇਸਦੇ ਤਿੰਨ ਪੜਾਅ ਹੋਣਗੇ। ਗਰੁੱਪ ਸਟੇਜ, ਸੂਪਰ 8 ਅਤੇ ਨੌਕਆਊਟ (ਜਿਸ ਵਿੱਚ ਸੈਮੀ ਫਾਈਨਲ ਅਤੇ ਫਾਈਨਲ) ਮੁਕਾਬਲੇ ਹੋਣਗੇ।

ਭਾਰਤ— ਪਾਕਿਸਤਾਨ, ਕੈਨੇਡਾ, ਆਇਰਲੈਂਡ ਅਤੇ ਅਮਰੀਕਾ ਨਾਲ ਗਰੁੱਪ-ਏ ਵਿੱਚ ਹੈ।

ਇਹ ਗਰੁੱਪ ਇਸ ਤਰ੍ਹਾਂ ਹਨ—

ਗਰੁੱਪ-ਏ: ਭਾਰਤ, ਆਇਰਲੈਂਡ, ਕੈਨੇਡਾ ਅਤੇ ਅਮਰੀਕਾ

ਗਰੁੱਪ-ਬੀ: ਆਸਟ੍ਰੇਲੀਆ, ਇੰਗਲੈਂਡ, ਨਾਮੀਬੀਆ, ਓਮਾਨ ਅਤੇ ਸਕੌਟਲੈਂਡ

ਗਰੁੱਪ-ਸੀ: ਅਫ਼ਗਾਨਿਸਤਾਨ, ਨਿਊਜ਼ੀਲੈਂਡ, ਪਪੂਆ ਨਿਊ ਗਿਨੀ, ਯੁਗਾਂਡਾ ਅਤੇ ਵੈਸਟ ਇੰਡੀਜ਼

ਗਰੁੱਪ-ਡੀ: ਬੰਗਲਾਦੇਸ਼, ਨੇਪਾਲ, ਨੀਦਰਲੈਂਡਸ, ਦੱਖਣੀ ਅਫ਼ਰੀਕਾ ਅਤੇ ਸ੍ਰੀ ਲੰਕਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)