ਬ੍ਰੈਸਟ ਕੈਂਸਰ: ਬ੍ਰਾਅ 'ਤੇ ਫਿੱਟ ਕੀਤਾ ਇਹ ਛੋਟਾ ਜਿਹਾ ਯੰਤਰ ਛਾਤੀ ਦੇ ਕੈਂਸਰ ਦਾ ਪਤਾ ਲਗਾ ਸਕਦਾ ਹੈ

ਛਾਤੀ ਦਾ ਕੈਂਸਰ

ਤਸਵੀਰ ਸਰੋਤ, MIT

    • ਲੇਖਕ, ਆਇਲਿਨ ਯਜ਼ਾਨ
    • ਰੋਲ, ਬੀਬੀਸੀ ਤੁਰਕੀ

ਕਲਪਨਾ ਕਰੋ ਕਿ ਤੁਸੀਂ ਆਪਣੀ ਬ੍ਰਾਅ ਉੱਤੇ ਇੱਕ ਅਲਟਰਾਸਾਊਂਡ ਕਰਨ ਵਾਲਾ ਇੱਕ ਅਜਿਹਾ ਉਪਕਰਨ ਪਹਿਨਿਆ ਹੈ ਜੋ ਚਾਹ ਪੀਂਦੇ ਹੋਏ ਵੀ ਤੁਹਾਡੀਂ ਛਾਤੀ ਵਿੱਚ ਟਿਊਮਰ ਦਾ ਪਤਾ ਲਗਾ ਸਕਦਾ ਹੈ।

ਤੁਰਕੀ ਦੇ ਵਿਗਿਆਨੀ ਡਾ. ਜਾਨਾਨ ਦਾਦੇਵੀਰੇਨ ਨੇ ਮੈਸੇਚਿਉਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਮਆਈਟੀ) ਦੀ ਮੀਡੀਆ ਲੈਬ ਵਿੱਚ ਆਪਣੀ ਟੀਮ ਨਾਲ ਮਿਲ ਕੇ ਅਜਿਹੀ ਹੀ ਇੱਕ ਤਕਨੀਕ ਵਿਕਸਿਤ ਕੀਤੀ ਹੈ।

ਉਨ੍ਹਾਂ ਨੇ ਇਹ ਯੰਤਰ ਛਾਤੀ ਦੇ ਕੈਂਸਰ ਨਾਲ ਮਰਨ ਵਾਲੀ ਆਪਣੀ ਆਂਟੀ ਦੇ ਸਨਮਾਨ ਵਿੱਚ ਤਿਆਰ ਕੀਤਾ ਹੈ।

ਇਹ ਯੰਤਰ ਉਨ੍ਹਾਂ ਔਰਤਾਂ ਲਈ ਮਦਦਗਾਰ ਹੋ ਸਕਦਾ ਹੈ ਜਿਨ੍ਹਾਂ ਨੂੰ ਛਾਤੀ ਦੇ ਕੈਂਸਰ ਦੇ ਵੱਧ ਖ਼ਤਰੇ ਕਾਰਨ ਵਾਰ-ਵਾਰ ਮੈਮੋਗ੍ਰਾਮ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ।

ਅਜਿਹੀਆਂ ਔਰਤਾਂ ਇਸ ਡਿਵਾਈਸ ਰਾਹੀਂ ਦੋ ਮੈਮੋਗ੍ਰਾਮ ਦੇ ਵਿਚਕਾਰ ਵੀ ਛਾਤੀ ਦੇ ਕੈਂਸਰ ਦੀ ਨਿਗਰਾਨੀ ਕਰ ਸਕਦੀਆਂ ਹਨ।

ਆਪਣੀ ਆਂਟੀ ਨਾਲ ਡਾ. ਦਾਦੇਵੀਰੇਨ
ਤਸਵੀਰ ਕੈਪਸ਼ਨ, ਆਪਣੀ ਆਂਟੀ ਨਾਲ ਡਾ. ਦਾਦੇਵੀਰੇਨ

ਕੈਂਸਰ ਦੇ ਮਾਮਲਿਆਂ ਵਿੱਚ, ਜ਼ਿਆਦਾਤਰ ਮਰੀਜ਼ ਛਾਤੀ ਦੇ ਕੈਂਸਰ ਦੇ ਹੁੰਦੇ ਹਨ। ਵਿਸ਼ਵ ਸਿਹਤ ਸੰਗਠਨ ਮੁਤਾਬਕ, ਸਾਲ 2020 ਵਿੱਚ 23 ਲੱਖ ਔਰਤਾਂ ’ਚ ਛਾਤੀ ਦੇ ਕੈਂਸਰ ਦਾ ਪਤਾ ਲੱਗਿਆ ਅਤੇ 6 ਲੱਖ 85 ਹਜ਼ਾਰ ਇਸ ਬਿਮਾਰੀ ਕਾਰਨ ਆਪਣੀ ਜਾਨ ਗੁਆ ਚੁੱਕੀਆਂ ਹਨ।

ਛਾਤੀ ਦਾ ਕੈਂਸਰ ਔਰਤਾਂ ਲਈ ਮੌਤ ਦਾ ਦੂਜਾ ਸਭ ਤੋਂ ਵੱਡਾ ਕਾਰਨ ਹੈ।

ਅਮਰੀਕਨ ਕੈਂਸਰ ਸੁਸਾਇਟੀ ਦਾ ਕਹਿਣਾ ਹੈ ਕਿ ਜੇ ਛਾਤੀ ਦੇ ਕੈਂਸਰ ਦਾ ਛੇਤੀ ਪਤਾ ਲੱਗ ਜਾਵੇ ਤਾਂ ਅਤੇ ਇਹ ਇੱਕ ਹੀ ਥਾਂ ਵਿੱਚ ਕੇਂਦਰਿਤ ਹੋਵੇ ਤਾਂ ਪੰਜ ਸਾਲਾਂ ’ਚ ਬਚਣ ਦੀ ਦਰ 99 ਪ੍ਰਤੀਸ਼ਤ ਹੈ।

ਡਾ. ਦਾਦਵੀਰੇਨ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਯੰਤਰ ਬਚਣ ਦੀ ਦਰ ਨੂੰ ਵਧਾਉਣ ਵਿੱਚ ਮਦਦ ਕਰ ਸਕਦਾ ਹੈ ਕਿਉਂਕਿ ਦੇਰੀ ਨਾਲ ਨਿਦਾਨ ਕਰਨ ਵਾਲੀਆਂ ਔਰਤਾਂ ਲਈ ਬਚਣ ਦੀ ਦਰ ਸਿਰਫ਼ 22 ਪ੍ਰਤੀਸ਼ਤ ਹੈ।

ਬੀਬੀਸੀ

ਮੈਮੋਗ੍ਰਾਮ ਕੀ ਹੈ

ਛਾਤੀ ਦੇ ਕੈਂਸਰ ਦਾ ਪਤਾ ਲਗਾਉਣ ਲਈ ਮੈਮੋਗ੍ਰਾਮ ਸਭ ਤੋਂ ਆਮ ਤਰੀਕਾ ਹੈ। ਇਸ ਵਿੱਚ, ਛਾਤੀ ਦੇ ਐਕਸ-ਰੇ ਕਰ ਕੇ ਗੰਢਾਂ ਦਾ ਪਤਾ ਲਗਾਇਆ ਜਾਂਦਾ ਹੈ।

ਰੇਡੀਓਗ੍ਰਾਫਰ ਇਕ-ਇਕ ਕਰਕੇ ਛਾਤੀਆਂ ਨੂੰ ਮਸ਼ੀਨ 'ਤੇ ਲੱਗੀਆਂ ਦੋ ਸਮਤਲ ਪਲੇਟਾਂ ਵਿਚਾਲੇ ਰੱਖਦਾ ਹੈ।

ਇਹ ਪਲੇਟਾਂ ਕੁਝ ਪਲਾਂ ਲਈ ਛਾਤੀਆਂ ਨੂੰ ਦਬਾਉਂਦੀਆਂ ਹਨ। ਇਸ ਕਾਰਨ ਔਰਤਾਂ ਨੂੰ ਥੋੜ੍ਹਾ ਦਬਾਅ ਮਹਿਸੂਸ ਹੁੰਦਾ ਹੈ ਅਤੇ ਉਹ ਅਸਹਿਜ ਵੀ ਮਹਿਸੂਸ ਕਰ ਸਕਦੀਆਂ ਹਨ।

ਕੁਝ ਔਰਤਾਂ ਨੂੰ ਇਹ ਪ੍ਰਕਿਰਿਆ ਦਰਦਨਾਕ ਲੱਗ ਸਕਦੀ ਹੈ ਪਰ ਇਹ ਪ੍ਰਕਿਰਿਆ ਬਹੁਤ ਜਲਦੀ ਪੂਰੀ ਹੋ ਜਾਂਦੀ ਹੈ।

ਹਾਲਾਂਕਿ, ਮੈਮੋਗ੍ਰਾਮ ਕਰਵਾਉਣਾ ਮਹਿੰਗਾ ਵੀ ਹੈ ਅਤੇ ਕਈ ਦੇਸ਼ਾਂ ਵਿੱਚ ਇਸਦੀ ਲਾਗਤ ਸਰਕਾਰੀ ਸਿਹਤ ਪ੍ਰਣਾਲੀ ਦੇ ਅਧੀਨ ਨਹੀਂ ਆਉਂਦੀ ਹੈ।

ਡਾ. ਦਾਦੇਵੀਰੇਨ ਐੱਮਆਈਟੀ ਵਿੱਚ ਇੱਕ ਐਸੋਸੀਏਟ ਪ੍ਰੋਫੈਸਰ ਹਨ
ਤਸਵੀਰ ਕੈਪਸ਼ਨ, ਡਾ. ਦਾਦੇਵੀਰੇਨ ਐੱਮਆਈਟੀ ਵਿੱਚ ਇੱਕ ਐਸੋਸੀਏਟ ਪ੍ਰੋਫੈਸਰ ਹਨ

ਕੁਝ ਔਰਤਾਂ ਦਰਦ ਕਿਉਂ ਮਹਿਸੂਸ ਕਰਦੀਆਂ ਹਨ?

ਹੈਲਨ ਯੂਲ ਇੱਕ ਸਲਾਹਕਾਰ ਰੇਡੀਓਗ੍ਰਾਫਰ ਹੈ ਅਤੇ ਯੂਕੇ ਵਿੱਚ ਰੇਡੀਓਗ੍ਰਾਫਰ ਦੀ ਸਲਾਹਕਾਰ ਸੁਸਾਇਟੀ ਦੀ ਮੁਖੀ ਹੈ। ਉਹ ਦੱਸਦੀ ਹੈ, "ਹਰ ਕਿਸੇ ਦੀਆਂ ਛਾਤੀਆਂ ਵੱਖਰੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਵਿੱਚ ਗਲੈਂਡ ਅਤੇ ਚਰਬੀ ਦੀ ਮਾਤਰਾ ਵੀ ਵੱਖਰੀ ਹੁੰਦੀ ਹੈ।"

ਜਿਨ੍ਹਾਂ ਔਰਤਾਂ ਕੋਲ ਵਧੇਰੇ ਗ੍ਰੰਥੀ ਵਾਲੇ ਟਿਸ਼ੂ ਹੁੰਦੇ ਹਨ ਉਨ੍ਹਾਂ ਨੂੰ ਮੈਮੋਗ੍ਰਾਮ ਦੌਰਾਨ ਚਰਬੀ ਵਾਲੀਆਂ ਛਾਤੀਆਂ ਵਾਲੀਆਂ ਔਰਤਾਂ ਨਾਲੋਂ ਜ਼ਿਆਦਾ ਬੇਅਰਾਮੀ ਦਾ ਅਨੁਭਵ ਹੋ ਸਕਦਾ ਹੈ।

ਨਾਲ ਹੀ, ਹਾਰਮੋਨ ਰਿਪਲੇਸਮੈਂਟ ਥੈਰੇਪੀ (ਐੱਚਆਰਟੀ) ਕਾਰਨ ਛਾਤੀਆਂ ਸੰਵੇਦਨਸ਼ੀਲ ਹੋ ਸਕਦੀਆਂ ਹਨ।

ਯੂਲ ਦਾ ਕਹਿਣਾ ਹੈ ਕਿ ਇਸ ਗੱਲ ਨਾਲ ਵੀ ਇੱਕ ਵੱਡਾ ਫਰਕ ਪੈਂਦਾ ਹੈ ਕਿ ਔਰਤਾਂ ਮੈਮੋਗ੍ਰਾਮ ਕਰਵਾਉਣ ਦੇ ਅਨੁਭਵ ਬਾਰੇ ਕੀ ਸੋਚਦੀਆਂ ਹਨ।

ਮੈਮੋਗਰਾਮ ਦੌਰਾਨ ਬੇਅਰਾਮੀ ਤੋਂ ਬਚਣ ਦੇ ਕੁਝ ਆਸਾਨ ਤਰੀਕੇ ਹਨ। ਉਦਾਹਰਨ ਲਈ, ਜੇਕਰ ਪੀਰੀਅਡ ਆਉਣ ਵਿੱਚ ਇੱਕ ਹਫ਼ਤਾ ਬਾਕੀ ਹੈ, ਤਾਂ ਮੈਮੋਗ੍ਰਾਮ ਕਰਵਾਉਣ ਤੋਂ ਬਚਿਆ ਜਾ ਸਕਦਾ ਹੈ। ਜਾਂ ਮੈਮੋਗ੍ਰਾਮ ਤੋਂ ਪਹਿਲਾਂ ਪੈਰਾਸੀਟਾਮੋਲ ਦਾ ਸੇਵਨ ਕੀਤਾ ਜਾ ਸਕਦਾ ਹੈ।

ਛਾਤੀ

ਤਸਵੀਰ ਸਰੋਤ, YOYI MORENO / EYEEM

ਇਹ ਯੰਤਰ ਕਿੰਨਾਂ ਲਈ ਹੈ?

ਖੋਜ ਸੁਝਾਅ ਦਿੰਦੀ ਹੈ ਕਿ ਛਾਤੀ ਦਾ ਕੈਂਸਰ ਇੱਕ ਮੈਮੋਗ੍ਰਾਮ ਤੋਂ ਬਾਅਦ ਦੂਜੇ ਮੈਮੋਗ੍ਰਾਮ ਕਰਵਾਉਣ ਵਿਚਕਾਰਲੇ ਸਮੇਂ ਵਿੱਚ ਵੀ ਵਿਕਸਤ ਹੋ ਸਕਦਾ ਹੈ।

ਇਸ ਨੂੰ ਇੰਟਰਵਲ ਕੈਂਸਰ ਕਿਹਾ ਜਾਂਦਾ ਹੈ। ਇਸ ਕਿਸਮ ਦਾ ਕੈਂਸਰ ਛਾਤੀ ਦੇ ਕੈਂਸਰ ਦੇ ਕੁੱਲ ਕੇਸਾਂ ਦਾ 20 ਤੋਂ 30 ਪ੍ਰਤੀਸ਼ਤ ਹੁੰਦਾ ਹੈ।

ਐੱਮਆਈਟੀ ਟੀਮ ਦਾ ਕਹਿਣਾ ਹੈ ਕਿ ਇਸ ਦੌਰਾਨ ਪੈਦਾ ਹੋਣ ਵਾਲੇ ਟਿਊਮਰ ਰੁਟੀਨ ਚੈਕਅੱਪ ਦੌਰਾਨ ਪਾਈਆਂ ਜਾਣ ਵਾਲੀਆਂ ਗੰਢਾਂ ਦੀ ਤੁਲਨਾ ਵਿੱਚ ਜ਼ਿਆਦਾ ਖ਼ਤਰਨਾਕ ਹੁੰਦੇ ਹਨ।

ਅਜਿਹੀ ਸਥਿਤੀ ਵਿੱਚ, ਇਹ ਯੰਤਰ ਸ਼ੁਰੂਆਤੀ ਤੌਰ 'ਤੇ ਉਨ੍ਹਾਂ ਔਰਤਾਂ ਨੂੰ ਦਿੱਤੀ ਜਾ ਸਕਦੀ ਹੈ, ਜਿਨ੍ਹਾਂ ਨੂੰ ਛਾਤੀ ਦੇ ਕੈਂਸਰ ਹੋਣ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ।

ਇਹ ਉਨ੍ਹਾਂ ਨੂੰ ਦੋ ਮੈਮੋਗ੍ਰਾਮਾਂ ਜਾਂ ਸਵੈ-ਜਾਂਚ ਦੇ ਵਿਚਕਾਰ ਬਣਨ ਵਾਲੀਆਂ ਗੰਢਾਂ ਦਾ ਪਤਾ ਲਗਾਉਣ ਵਿੱਚ ਮਦਦ ਕਰ ਸਕਦਾ ਹੈ।

ਪਰ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਜੇਕਰ ਇਹ ਯੰਤਰ ਕਿਸੇ ਅਸਧਾਰਨਤਾ ਦਾ ਪਤਾ ਲਗਾਉਂਦਾ ਹੈ, ਤਾਂ ਵੀ ਮੈਮੋਗ੍ਰਾਮ ਕਰਵਾਉਣਾ ਜ਼ਰੂਰੀ ਹੋਵੇਗਾ।

ਯੰਤਰ

ਤਸਵੀਰ ਸਰੋਤ, MIT

ਤਸਵੀਰ ਕੈਪਸ਼ਨ, ਅਲਟਰਾਸਾਊਂਡ ਕੈਮਰਾ ਛੇ ਵੱਖ-ਵੱਖ ਸਲਾਟਾਂ ਵਿੱਚ ਸਥਾਪਿਤ ਕੀਤਾ ਜਾ ਸਕਦਾ ਹੈ

ਕਿੱਥੇ ਤਿਆਰ ਕੀਤਾ ਗਿਆ ਹੈ

ਪਹਿਨਣਯੋਗ ਸਿਹਤ ਉਪਕਰਨਾਂ ‘ਤੇ ਕੰਮ ਕਰ ਰਹੀ ਐੱਮਆਈ ਟੀਮ ਨੂੰ ਇਸ ਯੰਤਰ ਬਣਾਉਣ ‘ਚ ਸਾਢੇ ਛੇ ਸਾਲ ਲੱਗੇ। ਇਸ ਨੂੰ ਇਸ ਸਾਲ ਅਗਸਤ ਵਿੱਚ ਅਮਰੀਕਾ ਵਿੱਚ ਪੇਟੈਂਟ ਕਰਵਾਇਆ ਗਿਆ ਸੀ ਅਤੇ ਇਸ ਸਮੇਂ ਮਨੁੱਖਾਂ ‘ਤੇ ਟੈਸਟ ਕੀਤਾ ਜਾ ਰਿਹਾ ਹੈ।

ਇਕ ਯੰਤਰ ਦੀ ਕੀਮਤ 1000 ਡਾਲਰ (ਕਰੀਬ 83 ਹਜ਼ਾਰ ਰੁਪਏ ) ਹੋਵੇਗੀ ਪਰ ਖੋਜਕਾਰਾਂ ਦਾ ਕਹਿਣਾ ਹੈ ਕਿ ਵੱਡੇ ਪੱਧਰ ‘ਤੇ ਉਤਪਾਦਨ ਤੋਂ ਬਾਅਦ ਕੀਮਤ ਘੱਟ ਜਾਵੇਗੀ। ਅਜਿਹਾ ਹੋਣ ਵਿੱਚ ਚਾਰ ਤੋਂ ਪੰਜ ਸਾਲ ਲੱਘ ਸਕਦੇ ਹਨ।

ਖੋਜ ਟੀਮ ਦਾ ਅੰਦਾਜ਼ਾ ਹੈ ਕਿ ਜੇ ਤੁਸੀਂ ਹਰ ਰੋਜ਼ ਇਸ ਦੀ ਮਦਦ ਨਾਲ ਸਕੈਨ ਕਰਦੇ ਹੋ, ਤਾਂ ਇਸ ਦੀ ਕੀਮਤ ਇਕ ਕੱਪ ਕੌਫੀ ਜਿੰਨੀ ਹੋਵੇਗੀ।

ਯੰਤਰ
ਤਸਵੀਰ ਕੈਪਸ਼ਨ, ਡਾਕਟਰ ਦਾਦੇਵੀਰੇਨ ਨੇ ਅੰਟੀ ਦੇ ਬਿਸਤਰੇ 'ਤੇ ਬੈਠ ਕੇ ਯੰਤਰ ਦੀ ਡਰਾਇੰਗ ਬਣਾਈ ਸੀ।

ਆਸ ਦੀ ਕਿਰਨ

ਖੋਜ ਦਰਸਾਉਂਦੀ ਹੈ ਕਿ ਵਿਕਾਸਸ਼ੀਲ ਦੇਸ਼ਾਂ ਵਿੱਚ ਛਾਤੀ ਦੇ ਕੈਂਸਰ ਨਾਲ ਉੱਚ ਮੌਤ ਦਰ ਦਾ ਕਾਰਨ ਕੈਂਸਰ ਦਾ ਦੇਰੀ ਨਾਲ ਪਤਾ ਲੱਗਣਾ ਅਤੇ ਚੰਗੀਆਂ ਸਿਹਤ ਸਹੂਲਤਾਂ ਦੀ ਘਾਟ ਹੈ।

ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਉੱਚ ਆਮਦਾਨੀ ਵਾਲੇ ਦੇਸ਼ਾਂ ਵਿੱਚ ਪੰਜ ਸਾਲਾਂ ਦੀ ਬਚਣ ਦੀ ਦਰ 90 ਫੀਸਦ ਤੋਂ ਵੱਧ ਹੈ, ਜਦੋਂ ਕਿ ਭਾਰਤ ਵਿੱਚ ਇਹ 66 ਪ੍ਰਤੀਸ਼ਤ ਅਤੇ ਦੱਖਣੀ ਅਫਰੀਕਾ ਵਿੱਚ ਸਿਰਫ 40 ਪ੍ਰਤੀਸ਼ਤ ਹੈ।

ਇਹ ਯੰਤਰ ਸਰੀਰ ਦੇ ਦੂਜੇ ਹਿੱਸਿਆਂ ਨੂੰ ਸਕੈਨ ਕਰਨ ਲਈ ਵੀ ਵਰਤਿਆ ਜਾ ਸਕਦਾ ਹੈ। ਜਦੋਂ ਪਿਛਲੇ ਸਾਲ ਡਾਕਟਰ ਦਾਦੇਵੀਰੇਨ ਗਰਭਵਤੀ ਸੀ, ਤਾਂ ਉਨ੍ਹਾਂ ਨੇ ਇਸਦੀ ਵਰਤੋਂ ਆਪਣੇ ਬੱਚੇ ਨੂੰ ਸਕੈਨ ਕਰਨ ਲਈ ਕੀਤੀ ਸੀ।

ਉਹ ਕਹਿੰਦੇ ਹਨ, “ਮੇਰੀ ਅੰਟੀ ਬਹੁਤ ਛੋਟੀ ਸੀ। ਸਿਰਫ਼ 49 ਸਾਲ ਦੀ। ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਇਸ ਤਰ੍ਹਾਂ ਆਪਣੀ ਜਾਨ ਗੁਆ ਲੈਣਗੇ। ਜੇ ਉਨ੍ਹਾਂ ਨੇ ਵੀ ਅਜਿਹੀ ਬ੍ਰਾਅ ਪਹਿਨੀ ਹੁੰਦੀ ਤਾਂ ਕੀ ਹੁੰਦਾ?”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)