ਭਲਵਾਨਾਂ ਦਾ ਅੰਦੋਲਨ : ਗੰਗਾ ਵਿੱਚ ਮੈਡਲ ਵਹਾਉਣ ਗਏ ਭਲਵਾਨਾਂ ਨੂੰ ਟਿਕੈਤ ਨੇ ਕਿਵੇਂ ਮਨਾਇਆ, ਹੁਣ ਅੱਗੇ ਕੀ

ਤਸਵੀਰ ਸਰੋਤ, ANI
ਭਾਰਤ ਦੇ ਕੌਮਾਂਤਰੀ ਭਲਵਾਨ ਸਾਕਸ਼ੀ ਮਲਿਕ, ਵਿਨੇਸ਼ ਫੋਗਾਟ, ਬਜਰੰਗ ਪੂਨੀਆ ਸਮੇਤ ਕਈ ਵੱਡੇ ਖਿਡਾਰੀ ਆਪਣੇ ਤਗਮੇ ਗੰਗਾ ਵਿਚ ਵਹਾਉਣ ਹਰਿਦੁਆਰ ਪਹੁੰਚੇ।
ਭਲਵਾਨਾਂ ਦੇ ਪਹੁੰਚਣ 'ਤੇ ਉਨ੍ਹਾਂ ਦੇ ਆਸ-ਪਾਸ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਗਏ। ਇਨ੍ਹਾਂ 'ਚੋਂ ਕੁਝ ਲੋਕ ਇਹ ਅਪੀਲ ਕਰਦੇ ਸੁਣੇ ਗਏ ਕਿ ਭਲਵਾਨ ਆਪਣੇ ਮੈਡਲ ਗੰਗਾ 'ਚ ਨਾ ਸੁੱਟਣ।
ਭਲਵਾਨਾਂ ਦੇ ਪਹੁੰਚਣ ਤੋਂ ਇਕ ਘੰਟੇ ਬਾਅਦ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨ ਆਗੂ ਨਰੇਸ਼ ਟਿਕੈਤ ਆਪਣੇ ਸਮਰਥਕਾਂ ਸਮੇਤ ਭਲਵਾਨਾਂ ਨੂੰ ਮਨਾਉਣ ਲਈ ਹਰਿਦੁਆਰ ਸਥਿਤ ਹਰਿ ਕੀ ਪੌੜੀ ਪਹੁੰਚੇ।
ਇਸ ਤੋਂ ਪਹਿਲਾਂ ਉਨ੍ਹਾਂ ਦੇ ਛੋਟੇ ਭਰਾ ਰਾਕੇਸ਼ ਟਿਕੈਤ ਨੇ ਵੀ ਭਲਵਾਨਾਂ ਨੂੰ ਆਪਣੇ ਤਗਮੇ ਗੰਗਾ ਵਿੱਚ ਨਾ ਸੁੱਟਣ ਦੀ ਅਪੀਲ ਕੀਤੀ ਸੀ। ਪਰ ਨਰੇਸ਼ ਟਿਕੈਤ ਉਨ੍ਹਾਂ ਨੂੰ ਮਨਾਉਣ ਵਿੱਚ ਸਫ਼ਲ ਰਹੇ ਅਤੇ ਭਲਵਾਨਾਂ ਆਪਣੇ ਮੈਡਲ ਨਰੇਸ਼ ਟਿਕੈਤ ਨੂੰ ਸੌਂਪੇ।
ਭਲਵਾਨ ਪਿਛਲੇ ਕਈ ਹਫ਼ਤਿਆਂ ਤੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜ਼ ਭੂਸ਼ਣ ਸ਼ਰਨ ਸਿੰਘ ਉੱਤੇ ਜਿਨਸੀ ਸੋਸ਼ਣ ਦੇ ਇਲਜ਼ਾਮ ਲਾ ਰਹੇ ਹਨ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਸੰਘਰਸ਼ ਕਰ ਰਹੇ ਹਨ।
ਪੰਜ ਦਿਨ ਦਾ ਸਮਾਂ ਲਿਆ
ਭਲਵਾਨ ਆਪਣੇ ਮੈਡਲ ਨਰੇਸ਼ ਟਿਕੈਤ ਨੂੰ ਸੌਂਪ ਕੇ ਚਲੇ ਗਏ, ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਨਰੇਸ਼ ਟਿਕੈਤ ਨੇ ਕਿਹਾ ਕਿ ਭਲਵਾਨਾਂ ਨੂੰ ਪੰਜ ਦਿਨ ਉਡ਼ੀਕ ਕਰਨ ਲਈ ਕਿਹਾ ਗਿਆ ਹੈ।
ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਇਸ ਸੰਘਰਸ਼ ਵਿੱਚ ਆਰ-ਪਾਰ ਦੇ ਸੰਘਰਸ਼ ਦਾ ਐਲਾਨ ਕਰੇਗਾ।
ਨਰੇਸ਼ ਟਿਕੈਤ ਨੇ ਕਿਹਾ, ‘‘ਅਸੀਂ ਉਨ੍ਹਾਂ ਤੋਂ ਪੰਜ ਦਿਨਾਂ ਦਾ ਸਮਾਂ ਲਿਆ, ਅਸੀਂ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਸਭ ਕੁਝ ਠੀਕ ਹੋ ਜਾਵੇਗਾ।’’
ਇਸ ਤੋਂ ਪਹਿਲਾਂ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਵੀ ਇੱਕ ਟਵੀਟ ਰਾਹੀ ਭਲਵਾਨਾਂ ਨੂੰ ਅਪੀਲ ਕੀਤੀ ਕਿ ਉਹ ਗੰਗਾ ਵਿੱਚ ਆਪਣੇ ਮੈਡਲ ਨਾ ਵਹਾਉਣ।
ਸੰਯੁਕਤ ਕਿਸਾਨ ਮੋਰਚਾ ਆਗੂ ਨੇ ਕਿਹਾ, ‘‘ਪਹਿਲਵਾਨੋ, ਤੁਸੀਂ ਸਾਨੂੰ 4 ਤਰੀਕ ਤੱਕ ਦਾ ਸਮਾਂ ਦਿਓ, ਅਸੀਂ 4 ਤਰੀਕ ਨੂੰ ਮਹਾ ਪੰਚਾਇਤ ਵਿੱਚ ਫੈਸਲਾ ਲਵਾਂਗੇ, ਸਾਡੇ 'ਤੇ ਭਰੋਸਾ ਕਰੋ, ਆਪਣੇ ਦੇਸ ਅਤੇ ਮਾਤਾ-ਪਿਤਾ ਦੀ ਵਿਰਾਸਤ ਨੂੰ ਗੰਗਾ ਵਿੱਚ ਨਾ ਵਹਿਣ ਦਿਓ, ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ। ਵਾਪਸ ਮੁੜ ਆਓ।

ਤਸਵੀਰ ਸਰੋਤ, Getty Images
ਭਾਰਤ ਦੇ ਨਾਮੀ ਮਹਿਲਾ ਭਲਵਾਨ ਲੰਘੀ 23 ਅਪ੍ਰੈਲ ਤੋਂ ਦਿੱਲੀ ਦੇ ਜੰਤਰ-ਮੰਤਰ ਉੱਤੇ ਧਰਨੇ 'ਤੇ ਬੈਠੇ ਹਨ। ਉਨ੍ਹਾਂ ਦੇ ਧਰਨੇ ਨੂੰ ਹੁਣ ਇੱਕ ਮਹੀਨੇ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ।
ਭਲਵਾਨਾਂ ਦਾ ਇਲਜ਼ਾਮ ਹੈ ਕਿ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਭਾਜਪਾ ਦੇ ਮੈਂਬਰ ਪਾਰਲੀਮੈਂਟ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਮਹਿਲਾ ਭਲਵਾਨਾਂ ਦਾ ਜਿਨਸੀ ਸ਼ੋਸ਼ਣ ਕੀਤਾ ਹੈ।
ਇਹ ਭਲਵਾਨ ਬ੍ਰਿਜ ਭੂਸ਼ਣ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਸਾਰੇ ਅਹੁਦਿਆਂ ਤੋਂ ਹਟਾਏ ਜਾਣ ਦੀ ਮੰਗ ਵੀ ਕਰ ਰਹੇ ਹਨ।
28 ਮਈ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੰਸਦ ਭਵਨ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਜਾਣਾ ਸੀ , ਭਲਵਾਨਾਂ ਦੇ ਹੱਕ ਵਿੱਚ ਇਸ ਮੌਕੇ ਮਹਾਂਪੰਚਾਇਤ ਕਰਨ ਦਾ ਸੱਦਾ ਦਿੱਤਾ ਗਿਆ ਸੀ ।
ਐਤਵਾਰ 28 ਮਈ ਨੂੰ ਜਦੋਂ ਭਲਵਾਨਾਂ ਨੇ ਨਵੀਂ ਸੰਸਦ ਵੱਲ ਜੰਤਰ ਮੰਤਰ ਤੋਂ ਕੂਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਜ਼ਬਰੀ ਚੁੱਕ ਲਿਆ।
ਇਸ ਦੌਰਾਨ ਮਹਿਲਾਂ ਭਲਵਾਨਾਂ ਨਾਲ ਪੁਲਿਸ ਦੀ ਧੱਕਾਮੁੱਕੀ ਦੀਆਂ ਤਸਵੀਰਾਂ ਵੀ ਕਾਫ਼ੀ ਵਾਇਰਲ ਹੋਈਆਂ ਤੇ ਕੌਮਾਂਤਰੀ ਮੀਡੀਆ ਦੀਆਂ ਸੁਰਖੀਆਂ ਬਣੀਆਂ।
ਪੁਲਿਸ ਭਾਵੇਂ ਸ਼ਾਮ ਨੂੰ ਹਿਰਾਸਤ ਵਿਚ ਲਏ ਗਏ ਭਲ਼ਵਾਨਾਂ ਨੂੰ ਰਿਹਾਅ ਕਰ ਦਿੱਤਾ ਪਰ ਜੰਤਰ ਮੰਤਰ ਤੋਂ ਉਨ੍ਹਾਂ ਦਾ ਧਰਨਾ ਵਾਲਾ ਸਾਰਾ ਸਮਾਨ ਚੁੱਕ ਕੇ ਲੈ ਗਈ।
ਜਿਸ ਤੋਂ ਬਾਅਦ ਰੋਹ ਵਿੱਚ ਆਏ ਭਲਵਾਨਾਂ ਨੇ ਆਪਣੇ ਮੈਡਲ ਗੰਗਾ ਵਿੱਚ ਵਹਾਉਣ ਦਾ ਐਲਾਨ ਕਰ ਦਿੱਤਾ ਸੀ।

ਤਸਵੀਰ ਸਰੋਤ, Getty Images
ਬ੍ਰਿਜ ਭੂਸ਼ਣ ਤੋਂ ਪੁੱਛਗਿੱਛ
ਦੂਜੇ ਪਾਸੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਵੀ ਇਕੱਠ ਕਰਨ ਦਾ ਐਲਾਨ ਕੀਤਾ ਹੋਇਆ ਹੈ।
ਉਨ੍ਹਾਂ ਨੇ ਜਿੱਥੇ ਪੋਕਸੋ ਐਕਟ ਦੀ ਦੁਰਵਰਤੋਂ ਹੋਣ ਦੀ ਗੱਲ ਆਖੀ ਉੱਥੇ ਹੀ ਉੱਤਰ ਪ੍ਰਦੇਸ਼ ਵਿੱਚ ਸੰਤਾਂ ਦਾ ਇਕੱਠ ਸੱਦ ਕੇ ਇਸ ਨੂੰ ਬਦਲਵਾਉਣ ਲਈ ਸਰਕਾਰ ਉੱਤੇ ਦਬਾਅ ਪਾਉਣ ਦੀ ਗੱਲ ਆਖੀ।
ਇਸ ਮਾਮਲੇ ਵਿੱਚ ਦਿੱਲੀ ਪੁਲਿਸ ਬ੍ਰਿਜ ਭੂਸ਼ਣ ਸ਼ਰਨ ਸਿੰਘ ਤੋਂ ਪੁੱਛਗਿੱਛ ਕਰਕੇ ਬਿਆਨ ਦਰਜ ਕਰ ਚੁੱਕੀ ਹੈ ਅਤੇ ਉਨ੍ਹਾਂ ਤੋਂ ਕੁਝ ਦਸਤਾਵੇਜ਼ਾਂ ਦੀ ਮੰਗ ਵੀ ਕੀਤੀ ਗਈ ਹੈ।
ਬ੍ਰਿਜ ਭੂਸ਼ਣ ਸ਼ਰਨ ਸਿੰਘ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸ ਰਹੇ ਹਨ।
ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਖ਼ਿਲਾਫ਼ ਐੱਫ਼ਆਈਆਰ ਵੀ ਦਰਜ ਕੀਤੀ ਹੈ, ਪਰ ਭਲਵਾਨ ਉਸ ਦੀ ਗ੍ਰਿਫ਼ਤਾਰੀ ਤੱਕ ਧਰਨੇ ਦੇਣ ਲ਼ਈ ਅੜੇ ਹੋਏ ਹਨ।
ਧਰਨਾ ਦੇ ਰਹੇ ਇਨ੍ਹਾਂ ਭਲਵਾਨਾਂ ਨੂੰ ਪੰਜਾਬ ਤੇ ਹੋਰ ਕਈ ਸੂਬਿਆਂ ਦੇ ਕਿਸਾਨਾਂ ਅਤੇ ਖਾਪ ਪੰਚਾਇਤਾਂ ਦਾ ਸਮਰਥਨ ਮਿਲਿਆ ਹੈ।
ਇਸੇ ਸਿਲਸਿਲੇ ਵਿੱਚ ਪਿਛਲੇ ਕਈ ਦਿਨਾਂ ਤੋਂ ਕਿਸਾਨ ਵੱਡੀ ਸੰਖਿਆ 'ਚ ਜੰਤਰ-ਮੰਤਰ ਪਹੁੰਚ ਰਹੇ ਹਨ। ਇਸ ਦੇ ਨਾਲ ਹੀ ਕਈ ਸਮਾਜਵਾਦੀ ਜਥੇਬੰਦੀਆਂ ਵੀ ਭਲਵਾਨਾਂ ਦੀ ਹਿਮਾਇਤ ਕਰ ਰਹੀਆਂ ਹਨ।
ਦਿੱਲੀ ਪੁਲਿਸ ਨੇ ਪੁੱਛ-ਗਿੱਛ ਤੋਂ ਬਾਅਦ ਕੀ ਕਿਹਾ?
ਦਿੱਲੀ ਪੁਲਿਸ ਨੇ ਦੱਸਿਆ ਹੈ ਕਿ ਕੁਸ਼ਤੀ ਖਿਡਾਰੀਆਂ ਦੀ ਸ਼ਿਕਾਇਤ ਉੱਤੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਬਿਆਨ ਦਰਜ ਕੀਤਾ ਗਿਆ ਹੈ ਤੇ ਉਨ੍ਹਾਂ ਦੇ ਕੁਝ ਦਸਤਾਵੇਜ਼ ਮੰਗੇ ਗਏ ਹਨ।
ਇਸ ਮਾਮਲੇ ਦੀ ਜਾਂਚ ਦੇ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਵੀ ਕੀਤਾ ਗਿਆ ਹੈ ਜਿਸ ਵਿੱਚ ਚਾਰ ਮਹਿਲਾ ਪੁਲਿਸ ਅਧਿਕਾਰੀਆਂ ਸਣੇ 6 ਪੁਲਿਸ ਟੀਮਾਂ ਕੰਮ ਕਰਨਗੀਆਂ।
ਦਿੱਲੀ ਪੁਲਿਸ ਨੇ ਦੱਸਿਆ ਹੈ ਕਿ 10 ਲੋਕਾਂ ਦੀ ਟੀਮ ਇੱਕ ਮਹਿਲਾ ਡੀਸੀਪੀ ਦੀ ਅਗਵਾਈ ਵਿੱਚ ਗਠਿਤ ਕੀਤੀ ਗਈ ਹੈ।
ਸਮਾਚਾਰ ਏਜੰਸੀ ਏਐੱਨਆਈ ਦੀ ਰਿਪੋਰਟ ਮੁਤਾਬਕ, ਦਿੱਲੀ ਪੁਲਿਸ ਨੇ ਰੈਸਲਿੰਗ ਫ਼ੈਡਰੇਸ਼ਨ ਦੇ ਸਹਾਇਕ ਸਕੱਤਰ ਵਿਨੋਦ ਤੋਮਰ ਦਾ ਬਿਆਨ ਵੀ ਦਰਜ ਕੀਤਾ ਹੈ।
ਪੁਲਿਸ ਮੁਤਾਬਕ ਬ੍ਰਿਜ ਭੂਸ਼ਣ ਸ਼ਰਨ ਸਿੰਘ ਤੋਂ ਕੁਝ ਵੀਡੀਓ ਅਤੇ ਮੋਬਾਈਲ ਡਾਟਾ ਮੰਗੇ ਗਏ ਹਨ। ਐਸਆਈਟੀ ਉਨ੍ਹਾਂ ਤੋਂ ਹੋਰ ਵੀ ਪੁੱਛਗਿੱਛ ਕਰੇਗੀ।
ਪੁਲਿਸ ਨੇ ਦੱਸਿਆ ਹੈ ਕਿ ਕੁਸ਼ਤੀ ਖਿਡਾਰੀਆਂ ਦੀ ਸ਼ਿਕਾਇਤ ਉੱਤੇ ਦਿੱਲੀ ਪੁਲਿਸ ਦੀਆਂ ਟੀਮਾਂ ਸਬੂਤ ਇਕੱਠੇ ਕਰਨ ਲਈ ਉੱਤਰ ਪ੍ਰਦੇਸ਼, ਝਾਰਖੰਡ, ਕਰਨਾਟਕ ਅਤੇ ਹਰਿਆਣਾ ਗਈ ਸੀ।
ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਦੇਸ਼ ਦੇ ਬਾਹਰ ਹੋਈਆਂ ਘਟਨਾਵਾਂ ਨੂੰ ਲੈ ਕੇ ਵੀ ਜੋ ਇਲਜ਼ਾਮ ਲਗਾਏ ਗਏ ਹਨ, ਉਸਦੇ ਸਿਲਸਿਲੇ ਵਿੱਚ ਸਬੰਧਤ ਏਜੰਸੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।

ਤਸਵੀਰ ਸਰੋਤ, ANI
ਕਿਸਾਨਾਂ ਤੇ ਖਾਪ ਪੰਚਾਇਤਾਂ ਨੇ ਦਿੱਤਾ ਸਮਰਥਨ

ਤਸਵੀਰ ਸਰੋਤ, ANI
ਕਿਡਾਰੀਆਂ ਨੂੰ ਕਿਸਾਨਾਂ ਤੇ ਖਾਪ ਪੰਚਾਇਤਾਂ ਸਣੇ ਕਈ ਸੰਸਥਾਵਾਂ ਦਾ ਸਾਥ ਮਿਲ ਰਿਹਾ ਹੈ।
ਪੰਜਾਬ ਤੋਂ ਕਿਸਾਨ ਜਥੇਬੰਦੀਆਂ ਖਿਡਾਰੀਆਂ ਨਾਲ ਧਰਨੇ 'ਤੇ ਆ ਕੇ ਬੈਠੀਆਂ ਸਨ।
ਹਰਿਆਣਾ ਵਿੱਚ 22 ਮਈ ਨੂੰ ਹੋਈ ਖਾਪਾੰ ਦੀ ਮਹਾਪੰਚਾਇਤ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਮਹਿਲਾ ਖਾਪ ਪੰਚਾਇਤ ਦੀ ਮੀਟਿੰਗ ਸੱਦੀ ਜਾਵੇਗੀ ਤੇ ਅੱਗੇ ਦੀ ਰਣਨੀਤੀ ਤੈਅ ਕੀਤੀ ਜਾਵੇਗੀ।
ਇਹ ਮਹਾਪੰਚਾਇਤ 28 ਮਈ ਨੂੰ ਦਿੱਲੀ ਵਿੱਚ ਬਣੇ ਨਵੇਂ ਸੰਸਦ ਭਵਨ ਦੇ ਬਾਹਰ ਕੀਤੀ ਜਾਵੇਗੀ।
ਖਿਡਾਰੀਆਂ ਨੇ ਕੀ ਇਲਜ਼ਾਮ ਲਗਾਏ ਹਨ?

ਤਸਵੀਰ ਸਰੋਤ, Getty Images
ਵਿਨੇਸ਼ ਫੋਗਾਟ ਸਮੇਤ ਭਾਰਤੀ ਕੁਸ਼ਤੀ ਦੇ ਕਈ ਨਾਮੀ ਭਲਵਾਨਾਂ ਨੇ ਫ਼ੈਡਰੇਸ਼ਨ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ’ਤੇ ਜਿਣਸੀ ਸ਼ੋਸ਼ਣ ਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਸਨ।
ਭਲਵਾਨਾਂ ਦਾ ਇਲਜ਼ਾਮ ਸੀ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਕੁਸ਼ਤੀ ਫ਼ੈਡਰੇਸ਼ਨ ਨੂੰ ਆਪਣੀ ਮਨਮਰਜ਼ੀ ਨਾਲ ਚਲਾਉਂਦੇ ਹਨ ਜਿਸ ਸਦਕਾ ਖਿਡਾਰੀ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ।
ਓਲੰਪਿਕ , ਏਸ਼ੀਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ 'ਚ ਭਾਰਤ ਨੂੰ ਕਈ ਤਮਗੇ ਜਿਤਾਉਣ ਵਾਲੀ ਮਹਿਲਾ ਭਲਵਾਨ ਵਿਨੇਸ਼ ਫ਼ੋਗਾਟ ਨੇ ਕੁਸ਼ਤੀ ਫ਼ੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਵਿਰੁੱਧ ਆਵਾਜ਼ ਚੁੱਕੀ ਤੇ ਕਈ ਕੁੜੀਆਂ ਨਾਲ ਉਨ੍ਹਾਂ ਦੇ ਮਾੜੇ ਰਵੱਈਏ ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ।
ਵਿਨੇਸ਼ ਨੇ ਕਿਹਾ ਸੀ, "ਭਾਰਤੀ ਕੁਸ਼ਤੀ ਫ਼ੈਡਰੇਸ਼ਨ ਦੇ ਪ੍ਰਧਾਨ ਨੇ ਕਈ ਕੁੜੀਆਂ ਦਾ ਜਿਨਸੀ ਸ਼ੋਸ਼ਣ ਕੀਤਾ ਹੈ।"
ਉਨ੍ਹਾਂ ਕਿਹਾ ਸੀ, "ਉਹ ਸਾਡੀ ਨਿੱਜੀ ਜ਼ਿੰਦਗੀ ਵਿੱਚ ਦਖ਼ਲਅੰਦਾਜ਼ੀ ਕਰਦੇ ਹਨ ਅਤੇ ਪਰੇਸ਼ਾਨ ਕਰਦੇ ਹਨ। ਉਹ ਸਾਡਾ ਸ਼ੋਸ਼ਣ ਕਰ ਰਹੇ ਹਨ। ਜਦੋਂ ਅਸੀਂ ਓਲੰਪਿਕ ਖੇਡਣ ਜਾਂਦੇ ਹਾਂ ਤਾਂ ਸਾਡੇ ਕੋਲ ਕੋਈ ਫਿਜ਼ੀਓ ਜਾਂ ਕੋਚ ਤੱਕ ਨਹੀਂ ਹੁੰਦੇ। ਜਦੋਂ ਅਸੀਂ ਆਵਾਜ਼ ਚੁੱਕੀ ਤਾਂ ਸਾਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ।"
ਓਲੰਪਿਕ ਮੈਡਲ ਜੇਤੂ ਰੈਸਲਰ ਸਾਕਸ਼ੀ ਮਲਿਕ ਨੇ ਕਿਹਾ, “ਪੂਰੀ ਫੈਡਰੇਸ਼ਨ ਨੂੰ ਹਟਣਾ ਚਾਹੀਦਾ ਹੈ ਤਾਂ ਜੋ ਭਲਵਾਨਾਂ ਦਾ ਭਵਿੱਖ ਸੁਰੱਖਿਅਤ ਰਹਿ ਸਕੇ। ਇੱਕ ਨਵੀਂ ਫੈਡਰੇਸ਼ਨ ਨੂੰ ਹੋਂਦ ਵਿੱਚ ਆਉਣਾ ਚਾਹੀਦਾ ਹੈ।”
“ਗੰਦਗੀ ਹੇਠਲੇ ਪੱਧਰ ਤੱਕ ਪਹੁੰਚ ਚੁੱਕੀ ਹੈ। ਅਸੀਂ ਹੁਣ ਇਸ ਮਸਲੇ ਬਾਰੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨਾਲ ਗੱਲਬਾਤ ਕਰਾਂਗੇ। ਕੁਝ ਮਸਲਿਆਂ ਬਾਰੇ ਜਾਂਚ ਹੋਣੀ ਬੇਹੱਦ ਜ਼ਰੂਰੀ ਹੈ।”
ਇਲਜ਼ਾਮਾਂ 'ਤੇ ਕੀ ਬੋਲੇ ਬ੍ਰਿਜ ਭੂਸ਼ਣ

ਤਸਵੀਰ ਸਰੋਤ, ANI
ਕੁਸ਼ਤੀ ਦੇ ਨਾਮੀ ਖ਼ਿਡਾਰੀਆਂ ਵਲੋਂ ਲਾਏ ਇਲਜ਼ਾਮਾਂ ਬਾਰੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ, "ਕੋਈ ਅਜਿਹਾ ਆਦਮੀ ਨਹੀਂ ਹੈ ਜੋ ਇਹ ਕਹਿ ਸਕੇ ਕਿ ਕੁਸ਼ਤੀ ਫੈਡਰੇਸ਼ਨ ਵਿੱਚ ਅਥਲੀਟਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਕੋਈ ਤਾਂ ਹੋਣਾ ਚਾਹੀਦਾ ਹੈ।”
ਉਨ੍ਹਾਂ ਖਿਡਾਰੀਆਂ ਨੂੰ ਸਵਾਲ ਕੀਤਾ, “ਕੀ ਉਨ੍ਹਾਂ ਨੂੰ ਪਿਛਲੇ 10 ਸਾਲਾਂ ਤੋਂ ਫੈਡਰੇਸ਼ਨ ਨਾਲ ਕੋਈ ਸਮੱਸਿਆ ਨਹੀਂ ਸੀ?"
ਇਹ ਦਾਅਵਾ ਕਰਦਿਆਂ ਕਿ ਕਿਸੇ ਵੀ ਐਥਲੀਟ ਦਾ ਜਿਨਸੀ ਸ਼ੋਸ਼ਣ ਨਹੀਂ ਹੋਇਆ, ਉਨ੍ਹਾਂ ਨੇ ਕਿਹਾ, "ਜੇਕਰ ਇਹ ਇਲਜ਼ਾਮ ਸੱਚ ਸਾਬਤ ਹੁੰਦਾ ਹੈ ਤਾਂ ਮੈਂ ਫਾਂਸੀ ’ਤੇ ਚੜ੍ਹਨ ਲਈ ਤਿਆਰ ਹਾਂ।"

ਕੀ ਹੈ ਮਾਮਲਾ?
- ਭਾਰਤੀ ਕੁਸ਼ਤੀ ਦੇ ਕਈ ਨਾਮੀ ਭਲਵਾਨਾਂ ਨੇ ਰੈਸਲਿੰਗ ਫ਼ੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ ਸ਼ਰਨ ਸਿੰਘ ’ਤੇ ਜਿਣਸੀ ਸ਼ੋਸ਼ਣ ਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਸਨ।
- ਭਲਵਾਨਾਂ ਦਾ ਇਲਜ਼ਾਮ ਸੀ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਕੁਸ਼ਤੀ ਫ਼ੈਡਰੇਸ਼ਨ ਨੂੰ ਆਪਣੀ ਮਨਮਰਜ਼ੀ ਨਾਲ ਚਲਾਉਂਦੇ ਹਨ ਜਿਸ ਸਦਕਾ ਖਿਡਾਰੀ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ।
- ਖਿਡਾਰੀਆਂ ਨੇ ਕਿਹਾ ਕਿ ਬਿੱਜ ਭੂਸ਼ਣ ਸ਼ਰਨ ਸਿੰਘ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵਿੱਚ ਦਖ਼ਲਅੰਦਾਜ਼ੀ ਕਰਦੇ ਹਨ ਅਤੇ ਪਰੇਸ਼ਾਨ ਕਰਦੇ ਹਨ।
- ਉਨ੍ਹਾਂ ਦੀ ਮੰਗ ਹੈ ਕੀ ਰੈਸਲਿੰਗ ਫੈਡਰੇਸ਼ਨ ਦੇ ਪ੍ਰਧਾਨ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਤੇ ਫੈਡਰੇਸ਼ਨ ਦੇ ਸਾਰੇ ਮੈਂਬਰਾਂ ਨੂੰ ਬਦਲਿਆ ਜਾਵੇ।
- ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਹੈ ਕਿ ਕਿਸੇ ਵੀ ਐਥਲੀਟ ਦਾ ਜਿਨਸੀ ਸ਼ੋਸ਼ਣ ਨਹੀਂ ਹੋਇਆ ਹੈ।

ਹੁਣ ਤੱਕ ਮਾਮਲੇ 'ਚ ਕੀ ਕਾਰਵਾਈ ਹੋਈ

ਤਸਵੀਰ ਸਰੋਤ, ANI
ਭਲਵਾਨਾਂ ਵੱਲੋਂ ਸੁਪਰੀਮ ਕੋਰਟ ਦਾ ਰੁਖ ਕਰਨ ਮਗਰੋਂ ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਦੋ ਐੱਫਆਈਆਰ ਦਰਜ ਕੀਤੀਆਂ ਸਨ।
ਮਹਿਲਾ ਪਹਿਲਵਾਨਾਂ (ਪਟੀਸ਼ਨਰਾਂ) ਦੇ ਵਕੀਲਾਂ ਵਿੱਚੋਂ ਇੱਕ ਨਰਿੰਦਰ ਹੁੱਡਾ ਨੇ ਕਿਹਾ ਸੀ, "ਜੀ ਹਾਂ, ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ 2 ਐਫਆਈਆਰ ਦਰਜ ਕੀਤੀਆਂ ਹਨ। ਹੁਣ ਮਾਮਲੇ 'ਚ ਮੁਲਜ਼ਮਾਂ ਖ਼ਿਲਾਫ਼ ਢੁੱਕਵੀਂ ਜਾਂਚ ਹੋਵੇਗੀ।”
ਪਹਿਲੀ ਐੱਫਆਈਆਰ ਇੱਕ ਨਾਬਾਲਗ਼ ਪੀੜਤ ਵੱਲੋਂ ਲਗਾਏ ਗਏ ਇਲਜ਼ਾਮਾਂ ਨਾਲ ਸਬੰਧਤ ਹੈ, ਜੋ ਪੋਕਸੋ ਐਕਟ ਦੇ ਨਾਲ ਸਬੰਧਤ ਭਾਰਤੀ ਦੰਡ ਸੰਹਿਤਾ (ਆਈਪੀਸੀ) ਦੀਆਂ ਧਾਰਾਵਾਂ ਦੇ ਨਾਲ ਦਰਜ ਕੀਤੀ ਗਈ ਹੈ।
ਹੁੱਡਾ ਨੇ ਦੱਸਿਆ, "ਦੂਜੀ ਐੱਫਆਈਆਰ ਆਈਪੀਸੀ ਦੇ ਉਸੇ ਅਪਰਾਧ ਨਾਲ ਸਬੰਧਤ ਧਾਰਾਵਾਂ ਦੇ ਤਹਿਤ ਹੋਰ ਬਾਲਗ ਸ਼ਿਕਾਇਤਕਰਤਾਵਾਂ ਵੱਲੋਂ ਦਰਜ ਕੀਤੀਆਂ ਗਈਆਂ ਸ਼ਿਕਾਇਤਾਂ ਦੀ ਵਿਆਪਕ ਜਾਂਚ ਕਰਨ ਲਈ ਦਰਜ ਕੀਤੀ ਗਈ ਹੈ।”
ਧਰਨੇ 'ਤੇ ਬੈਠੇ ਭਲਵਾਨ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ 'ਤੇ ਅੜੇ ਹੋਏ ਹਨ।
ਐੱਫ਼ਆਈਆਰ ਦਰਜ ਕਰਨ ਦੇ ਫੈਸਲੇ 'ਤੇ ਬ੍ਰਿਜ ਭੂਸ਼ਣ ਨੇ ਕੀ ਕਿਹਾ?

ਤਸਵੀਰ ਸਰੋਤ, ANI
ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਸੀ ਕਿ ਉਹ ਆਪਣੇ 'ਤੇ ਲੱਗੇ ਇਲਜ਼ਾਮਾਂ ਦੀ ਜਾਂਚ 'ਚ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਤਿਆਰ ਹਨ।
ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਖ਼ਬਰ ਏਜੰਸੀ ਏਐਨਆਈ ਨੂੰ ਕਿਹਾ ਸੀ, "ਮੈਂ ਨਿਆਂਪਾਲਿਕਾ ਦੇ ਫੈਸਲੇ ਤੋਂ ਬੇਹੱਦ ਖੁਸ਼ ਹਾਂ। ਦਿੱਲੀ ਪੁਲਿਸ ਨੂੰ ਜਾਂਚ ਮਿਲੀ ਹੈ। ਜਾਂਚ ਵਿੱਚ ਜਿੱਥੇ ਵੀ ਸਹਿਯੋਗ ਦੀ ਲੋੜ ਹੈ, ਮੈਂ ਸਹਿਯੋਗ ਕਰਨ ਲਈ ਤਿਆਰ ਹਾਂ। ਇਸ ਦੇਸ਼ ਵਿੱਚ ਨਿਆਂਪਾਲਿਕਾ ਤੋਂ ਵੱਡਾ ਕੋਈ ਨਹੀਂ ਹੈ। ਮੈਂ ਵੀ ਨਿਆਂਪਾਲਿਕਾ ਤੋਂ ਵੱਡਾ ਨਹੀਂ ਹਾਂ।"
ਉਨ੍ਹਾਂ ਕਿਹਾ, ''ਮੈਂ ਸੁਪਰੀਮ ਕੋਰਟ ਤੋਂ ਵੱਡਾ ਨਹੀਂ ਹਾਂ। ਮੈਂ ਇਸ ਫੈਸਲੇ ਦਾ ਸਵਾਗਤ ਕਰਦਾ ਹਾਂ। ਜਦੋਂ ਓਵਰਸਾਈਟ ਕਮੇਟੀ ਬਣੀ ਸੀ ਤਾਂ ਵੀ ਮੈਂ ਸਵਾਲ ਨਹੀਂ ਚੁੱਕੇ ਸੀ। ਮੈਂ ਸਾਰੇ ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ ਕਰਦਾ ਹਾਂ।”
“ਇਨ੍ਹਾਂ ਲੋਕਾਂ ਨੂੰ ਇੰਤਜ਼ਾਰ ਕਰਨਾ ਚਾਹੀਦਾ ਸੀ। ਇਹਨਾਂ ਨੇ ਉਡੀਕ ਨਹੀਂ ਕੀਤੀ। ਉਹ ਸੁਪਰੀਮ ਕੋਰਟ ਗਏ। ਸੁਪਰੀਮ ਕੋਰਟ ਨੇ ਨੋਟਿਸ ਲੈਂਦਿਆਂ ਇਹ ਫੈਸਲਾ ਲਿਆ ਹੈ। ਮੈਨੂੰ ਆਪਣੇ ਆਪ ’ਤੇ ਭਰੋਸਾ ਹੈ। ਮੈਨੂੰ ਆਪਣੇ ਕਰਮ ’ਤੇ ਭਰੋਸਾ ਹੈ। ਮੈਂ ਕਿਸੇ ਨਾਲ ਕੋਈ ਗਲਤ ਨਹੀਂ ਕੀਤਾ। ਮੈਨੂੰ ਇਨਸਾਫ਼ ਮਿਲੇਗਾ।”
ਪਹਿਲਾਂ ਜਨਵਰੀ 'ਚ ਲਗਾਇਆ ਸੀ ਧਰਨਾ

ਤਸਵੀਰ ਸਰੋਤ, ANI
ਇਹ ਖਿਡਾਰੀ ਇਸ ਤੋਂ ਪਹਿਲਾਂ ਜਨਵਰੀ ਮਹੀਨੇ ਵਿੱਚ ਵੀ ਜੰਤਰ-ਮੰਤਰ ਉੱਤੇ ਧਰਨੇ ’ਤੇ ਬੈਠੇ ਸਨ।
ਕੁਝ ਦਿਨਾਂ ਦੇ ਧਰਨੇ ਨੂੰ ਖ਼ਤਮ ਕਰਵਾਉਣ ਲਈ ਉਸ ਸਮੇਂ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਖਿਡਾਰੀਆਂ ਨੂੰ ਜਾਂਚ ਅਤੇ ਕਾਰਵਾਈ ਦਾ ਭਰੋਸਾ ਦਿਵਾਇਆ ਸੀ।
ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਜਾਂਚ ਹੋਣ ਤੱਕ ਅਹੁਦੇ ਤੋਂ ਹਟਾਉਣ ਦਾ ਹੁਕਮ ਦਿੱਤਾ ਸੀ।
ਸਰਕਾਰ ਨੇ ਇੱਕ ਕਮੇਟੀ ਵੀ ਬਣਾਈ ਜਿਸ ਦੀ ਮੁਖੀ ਬਾਕਸਰ ਮੈਰੀ ਕੌਮ ਨੂੰ ਬਣਾਇਆ ਗਿਆ। ਇਸ ਕਮੇਟੀ ਦੀ ਪੂਰੀ ਰਿਪੋਰਟ ਨੂੰ ਜਨਤੱਕ ਨਹੀਂ ਕੀਤਾ ਗਿਆ ਹੈ।
ਇਸ ਮਾਮਲੇ ਵਿੱਚ ਕਾਰਵਾਈ ਤੋਂ ਅੰਸਤੁਸ਼ਟ ਖਿਡਾਰੀ 23 ਅਪ੍ਰੈਲ ਨੂੰ ਮੁੜ ਧਰਨੇ ਉੱਤੇ ਆ ਕੇ ਬੈਠ ਗਏ ਹਨ।













