ਓਲੰਪਿਕ ਖੇਡਾਂ ਸੰਪੰਨ: ਪੈਰਿਸ ’ਚ ਹੋਏ ਵਿਵਾਦ ਜਿਨ੍ਹਾਂ ਦੀ ਹਮੇਸ਼ਾ ਚਰਚਾ ਰਹੇਗੀ

ਫਰਾਂਸ ਦੀ ਰਾਜਧਾਨੀ ਪੈਰਿਸ 'ਚ 26 ਜੁਲਾਈ ਤੋਂ ਸ਼ੁਰੂ ਹੋਏ 'ਮਹਾ ਕੁੰਭ' ਓਲੰਪਿਕ 2024 ਐਤਵਾਰ ਨੂੰ ਸੰਪੰਨ ਹੋ ਗਿਆ।

ਓਲੰਪਿਕ ਸਮਾਪਤੀ ਸਮਾਗਮ ਦਾ ਪ੍ਰਬੰਧ ਅੱਧੀ ਰਾਤ 12.30 ਵਜੇ ਪੈਰਿਸ ਦੇ ਸਟੇਡੀਅਮ ਵਿੱਚ ਕੀਤਾ ਗਿਆ ਸੀ।

ਇਸ ਸਮਾਪਤੀ ਸਮਾਗਮ ਵਿੱਚ ਅਮਰੀਕੀ ਕਲਾਕਾਰਾਂ ਬਿਲੀ ਇਲਿਸ਼, ਸਨੂਪ ਡੌਗ ਅਤੇ ਰੈੱਡ ਹੌਟ ਚਿਲੀ ਪੇਪਰਜ਼ ਨੇ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ।

ਸਮਾਪਤੀ ਸਮਾਗਮ ਵਿੱਚ ਹਾਲੀਵੁੱਡ ਅਦਾਕਾਰ ਟੌਮ ਕਰੂਜ਼ ਨੇ ਵੀ ਸ਼ਿਰਕਤ ਕੀਤੀ।

ਸਮਾਗਮ ਦੌਰਾਨ, ਸਾਰੇ ਜੇਤੂ ਐਥਲੀਟਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਓਲੰਪਿਕ ਝੰਡਾ ਲਾਸ ਏਂਜਲਸ ਨੂੰ ਸੌਂਪਿਆ ਗਿਆ, ਜੋ ਕਿ 2028 ਵਿੱਚ ਹੋਣ ਵਾਲੀਆਂ ਗਰਮੀਆਂ ਦੀਆਂ ਓਲੰਪਿਕ ਖੇਡਾਂ ਦਾ ਅਗਲਾ ਮੇਜ਼ਬਾਨ ਹੈ।

ਇਸ ਸਮਾਗਮ ਵਿੱਚ ਭਾਰਤ ਲਈ ਝੰਡਾ ਬਰਦਾਰ ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਹਾਕੀ ਟੀਮ ਦੇ ਗੋਲਕੀਪਰ ਪੀਆਰ ਸ਼੍ਰੀਜੇਸ਼ ਸਨ।

ਅਮਰੀਕਾ ਮੈਡਲ ਦੀ ਦੌੜ ਵਿੱਚ ਸਭ ਤੋਂ ਉੱਤੇ

ਪੈਰਿਸ ਓਲੰਪਿਕ ਵਿੱਚ ਅਮਰੀਕਾ 126 ਤਗਮਿਆਂ (40 ਸੋਨ, 44 ਚਾਂਦੀ ਅਤੇ 42 ਕਾਂਸੀ) ਨਾਲ ਤਗਮਾ ਸੂਚੀ ਵਿੱਚ ਸਿਖਰ 'ਤੇ ਰਿਹਾ। ਜਦਕਿ ਚੀਨ 91 ਤਗਮਿਆਂ (40 ਸੋਨ, 27 ਚਾਂਦੀ ਅਤੇ 24 ਕਾਂਸੀ) ਦੇ ਨਾਲ ਦੂਜੇ ਸਥਾਨ 'ਤੇ ਰਿਹਾ।

ਤਗਮਾ ਸੂਚੀ ਵਿੱਚ ਜਾਪਾਨ ਤੀਜੇ ਸਥਾਨ 'ਤੇ ਰਿਹਾ, ਜਿਸ ਨੇ 20 ਸੋਨੇ ਸਣੇ ਕੁੱਲ 45 ਤਗਮੇ ਹਾਸਲ ਕੀਤੇ।

ਇਸ ਓਲੰਪਿਕ ਵਿੱਚ ਲਗਭਗ 114 ਦੇਸ਼ ਅਜਿਹੇ ਹਨ, ਜਿਨ੍ਹਾਂ ਨੂੰ ਕੋਈ ਤਗਮਾ ਨਹੀਂ ਮਿਲਿਆ ਹੈ।

ਟੋਕੀਓ 'ਚ ਅਮਰੀਕਾ 39 ਸੋਨੇ ਦੇ ਨਾਲ ਸ਼ਿਖ਼ਰ 'ਤੇ ਹੈ ਜਦਕਿ ਚੀਨ 38 ਸੋਨੇ ਦੇ ਨਾਲ ਦੂਜੇ ਸਥਾਨ 'ਤੇ ਹੈ।

ਇਸ ਓਲੰਪਿਕ ਵਿੱਚ ਭਾਰਤ ਦੇ ਮੈਡਲਾਂ ਦੀ ਗਿਣਤੀ ਇੱਕ ਚਾਂਦੀ ਅਤੇ ਪੰਜ ਕਾਂਸੀ ਦੇ ਤਗਮਿਆਂ ਨਾਲ 6 ਸੀ।

ਪੈਰਿਸ ਓਲੰਪਿਕ ਦੀ ਤਗਮਾ ਸੂਚੀ 'ਚ ਭਾਰਤ ਫਿਲਹਾਲ 71ਵੇਂ ਸਥਾਨ 'ਤੇ ਹੈ। ਤਿੰਨ ਸਾਲ ਪਹਿਲਾਂ ਹੋਈਆਂ ਟੋਕੀਓ ਓਲੰਪਿਕ 2020 ਵਿੱਚ, ਭਾਰਤ ਸੱਤ ਤਗਮਿਆਂ (ਜਿਸ ਵਿੱਚੋਂ ਇੱਕ ਸੋਨੇ ਦਾ ਸੀ) ਦੇ ਨਾਲ ਤਗਮਾ ਸੂਚੀ ਵਿੱਚ 48ਵੇਂ ਸਥਾਨ 'ਤੇ ਸੀ।

ਮਹਿਲਾ ਭਲਵਾਨ ਵਿਨੇਸ਼ ਫੋਗਾਟ ਨੂੰ ਮੈਚ ਤੋਂ ਕੁਝ ਘੰਟੇ ਪਹਿਲਾਂ 100 ਗ੍ਰਾਮ ਭਾਰ ਵਧਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ। ਉਸ ਨੂੰ ਕੋਈ ਤਗਮਾ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਸੀ।

ਇਸ ਮਾਮਲੇ 'ਚ ਉਨ੍ਹਾਂ ਦੀ ਅਪੀਲ 'ਤੇ ਅਜੇ ਫ਼ੈਸਲਾ ਆਉਣਾ ਬਾਕੀ ਹੈ। ਜੇਕਰ ਫ਼ੈਸਲਾ ਪੱਖ ਵਿੱਚ ਆਉਂਦਾ ਹੈ ਤਾਂ ਭਾਰਤ ਦੇ ਸੱਤ ਤਗਮੇ ਹੋ ਜਾਣਗੇ।

ਫੋਗਾਟ ਨੇ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਖੇਡਾਂ ਲਈ ਆਰਬਿਟਰੇਸ਼ਨ ਫਾਰ ਸਪੋਰਟ ਵਿੱਚ ਚੁਣੌਤੀ ਦਿੱਤੀ ਸੀ ਅਤੇ ਉਹ 13 ਅਗਸਤ ਸ਼ਾਮੀਂ 6 ਵਜੇ ਆਪਣਾ ਫ਼ੈਸਲਾ ਸੁਣਾਉਣਗੇ।

ਪਾਕਿਸਤਾਨ ਇਸ ਸਾਲ ਦੇ ਓਲੰਪਿਕ ਮੁਕਾਬਲੇ 'ਚ 62ਵੇਂ ਸਥਾਨ 'ਤੇ ਰਿਹਾ ਹੈ। ਉਸ ਨੂੰ ਸਿਰਫ਼ ਇੱਕ ਗੋਲਡ ਮੈਡਲ ਮਿਲਿਆ ਹੈ।

ਪੈਰਿਸ ਓਲੰਪਿਕ ਸਮਾਪਤੀ ਸਮਾਗਮ, ਵੇਖੋ ਤਸਵੀਰਾਂ

ਕੁਝ ਵਿਵਾਦ ਜਿਨ੍ਹਾਂ ਦੀ ਚਰਚਾ ਰਹੇਗੀ

ਇਸ ਸਾਲ ਦੀਆਂ ਓਲੰਪਿਕ ਖੇਡਾਂ ਵਿੱਚ ਭਾਰਤੀ ਭਲਵਾਨ ਵਿਨੇਸ਼ ਫੋਗਾਟ ਦੀ ਅਯੋਗਤਾ, ਮੁੱਕੇਬਾਜ਼ ਇਮਾਨ ਖ਼ਲੀਫ਼ ਅਤੇ ਲਿਨ ਯੂ ਟਿੰਗ ਨਾਲ ਲਿੰਗ ਵਿਵਾਦ ਅਤੇ ਅਰਮੀਨੀਆ ਦੀ ਜਿਮਨਾਸਟ ਜਾਰਡਨ ਚਿਲੀਜ਼ ਤੋਂ ਕਾਂਸੀ ਦਾ ਤਗਮਾ ਖੋਹਿਆ ਜਾਣ ਦੇ ਕੁਝ ਵਿਵਾਦ ਸੁਰਖ਼ੀਆਂ ਵਿੱਚ ਰਹਿਣਗੇ।

ਭਲਵਾਨ ਵਿਨੇਸ਼ ਫੋਗਾਟ ਨੂੰ ਓਲੰਪਿਕ ਦੇ ਫਾਈਨਲ ਮੈਚ ਤੋਂ ਠੀਕ ਪਹਿਲਾਂ ਕੁਝ ਗ੍ਰਾਮ ਜ਼ਿਆਦਾ ਭਾਰ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ।

ਵਿਨੇਸ਼ ਫੋਗਾਟ ਨੂੰ ਫਾਈਨਲ ਵਿੱਚ ਪਹੁੰਚ ਕੇ ਚਾਂਦੀ ਦਾ ਤਗ਼ਮਾ ਪੱਕਾ ਕਰ ਲਿਆ ਸੀ ਪਰ ਉਸ ਨੂੰ ਚਾਂਦੀ ਵੀ ਨਹੀਂ ਮਿਲੀ ਕਿਉਂਕਿ ਉਸ ਦਾ ਭਾਰ 50 ਕਿਲੋ ਤੋਂ 100 ਗ੍ਰਾਮ ਵੱਧ ਸੀ।

ਮਹਿਲਾ ਮੁੱਕੇਬਾਜ਼ੀ ਦੇ ਇੱਕ ਮੈਚ ਵਿੱਚ ਉਸ ਸਮੇਂ ਵੱਡਾ ਵਿਵਾਦ ਖੜ੍ਹਾ ਹੋ ਗਿਆ ਜਦੋਂ ਅਲਜੀਰੀਆ ਦੀ ਮੁੱਕੇਬਾਜ਼ ਇਮਾਨ ਖ਼ਲੀਫ਼ ਖ਼ਿਲਾਫ਼ ਰਿੰਗ ਵਿੱਚ ਦਾਖ਼ਲ ਹੋਈ ਇਤਾਲਵੀ ਮੁੱਕੇਬਾਜ਼ ਐਂਜੇਲਾ ਕੈਰੀਨੀ 46 ਸਕਿੰਟ ਬਾਅਦ ਮੈਚ ਛੱਡ ਕੇ ਚਲੀ ਗਈ।

ਖ਼ਲੀਫ਼ ਪੈਰਿਸ ਓਲੰਪਿਕ ਦੇ ਉਨ੍ਹਾਂ ਦੋ ਐਥਲੀਟਾਂ 'ਚ ਸ਼ਾਮਲ ਸੀ, ਜਿਨ੍ਹਾਂ ਨੂੰ ਲਿੰਗ ਯੋਗਤਾ ਪ੍ਰੀਖਿਆ 'ਚ ਅਸਫ਼ਲ ਰਹਿਣ ਕਾਰਨ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ 'ਚੋਂ ਬਾਹਰ ਕਰ ਦਿੱਤਾ ਗਿਆ ਸੀ।

ਹਾਲਾਂਕਿ, ਦੋਵਾਂ ਨੂੰ ਪੈਰਿਸ ਓਲੰਪਿਕ ਵਿੱਚ ਖੇਡਣ ਦੀ ਇਜਾਜ਼ਤ ਦਿੱਤੀ ਗਈ ਸੀ ਅਤੇ ਇਮਾਨ ਖ਼ਲੀਫ਼ ਨੇ ਆਪਣੇ ਚੀਨੀ ਵਿਰੋਧੀ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ ਸੀ ਜਦਕਿ ਦੂਜੀ ਖਿਡਾਰਨ, ਤਾਈਵਾਨ ਦੀ ਮੁੱਕੇਬਾਜ਼ ਲਿਨ ਯੂ-ਟਿੰਗ ਨੇ ਵੀ ਪੋਲੈਂਡ ਦੀ 20 ਸਾਲਾ ਮੁੱਕੇਬਾਜ਼ ਜੂਲੀਆ ਸਜ਼ੇਰੇਮੇਟਾ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ ਸੀ।

ਇਸ ਲਿੰਗ ਵਿਵਾਦ ਦਾ ਅਸਰ ਅਗਲੀਆਂ ਲਾਸ ਏਂਜਲਸ ਓਲੰਪਿਕ 'ਤੇ ਵੀ ਪੈ ਸਕਦਾ ਹੈ ਕਿਉਂਕਿ ਦੋਵੇਂ ਖਿਡਾਰੀ ਫਿਰ ਦੌੜ 'ਚ ਹੋਣਗੇ।

ਤੀਜਾ ਵੱਡਾ ਵਿਵਾਦ ਅਰਮੀਨੀਆਈ ਜਿਮਨਾਸਟ ਜਾਰਡਨ ਚਿਲੀਜ਼ ਨੂੰ ਲੈ ਕੇ ਹੋਇਆ, ਜੋ ਸ਼ੁਰੂ ਵਿੱਚ ਪੰਜਵੇਂ ਸਥਾਨ ’ਤੇ ਰਹੀ ਪਰ ਰੋਮਾਨੀਆ ਦੀ ਓਲੰਪਿਕ ਕਮੇਟੀ ਨੇ ਅਮਰੀਕੀ ਟੀਮ ਵੱਲੋਂ ਦਿੱਤੇ ਸਕੋਰ ਨੂੰ ਚੁਣੌਤੀ ਦਿੱਤੀ ਸੀ।

ਕਿਉਂਕਿ ਅਰਮੇਨੀਅਨ ਜਿਮਨਾਸਟ ਟੀਮ ਦੀਆਂ ਹਦਾਇਤਾਂ ਅਨੁਸਾਰ ਚਿਲੀਜ਼ ਦਾ ਸਕੋਰ 13.666 ਤੋਂ ਬਦਲ ਕੇ 13.766 ਕਰ ਦਿੱਤਾ ਗਿਆ ਅਤੇ ਉਹ ਪੰਜਵੇਂ ਸਥਾਨ ਤੋਂ ਤੀਜੇ ਸਥਾਨ 'ਤੇ ਆ ਗਈ ਸੀ।

ਪਰ ਰੋਮਾਨੀਆ ਦੀ ਜਿਮਨਾਸਟ ਬਾਰਬੋਸ ਦਾ ਸਕੋਰ 13.7 ਰਿਹਾ ਅਤੇ ਉਸ ਵੱਲੋਂ ਇਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ। ਜਿਸ ਨੂੰ ਬਾਅਦ ਵਿੱਚ ਕੋਰਟ ਆਫ ਆਰਬਿਟਰੇਸ਼ਨ ਨੇ ਸਵੀਕਾਰ ਕਰ ਲਿਆ ਸੀ।

ਆਖ਼ਰੀ ਦਿਨ ਆਈਫਲ ਟਾਵਰ 'ਤੇ ਹੰਗਾਮਾ ਹੋਇਆ

ਓਲੰਪਿਕ ਦੇ ਸਮਾਪਤੀ ਸਮਾਗਮ ਤੋਂ ਕੁਝ ਘੰਟੇ ਪਹਿਲਾਂ ਇੱਕ ਵਿਅਕਤੀ ਦੇ ਆਈਫਲ ਟਾਵਰ 'ਤੇ ਚੜ੍ਹਨ ਦੀ ਖ਼ਬਰ ਨੇ ਸੁਰੱਖਿਆ ਏਜੰਸੀਆਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਸੀ।

ਪੈਰਿਸ ਪੁਲਿਸ ਨੇ ਬੀਬੀਸੀ ਨੂੰ ਦੱਸਿਆ, "ਓਲੰਪਿਕ ਸਮਾਪਤੀ ਸਮਾਗਮ ਤੋਂ ਕੁਝ ਘੰਟੇ ਪਹਿਲਾਂ ਐਤਵਾਰ ਨੂੰ ਆਈਫ਼ਲ ਟਾਵਰ 'ਤੇ ਚੜ੍ਹਨ ਲਈ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।"

ਹਾਲਾਂਕਿ ਪੁਲਿਸ ਨੇ ਦੱਸਿਆ ਕਿ ਦੁਪਹਿਰ ਨੂੰ ਬਿਨਾਂ ਕਮੀਜ਼ ਦੇ ਇਕ ਵਿਅਕਤੀ ਨੂੰ ਆਈਫਲ ਟਾਵਰ 'ਤੇ ਚੜ੍ਹਦੇ ਦੇਖਿਆ ਗਿਆ, ਜਿਸ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਕਾਰਵਾਈ ਕੀਤੀ।

ਪੁਲਿਸ ਨੇ ਉਸ ਵਿਅਕਤੀ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਿੱਚ, ਇੱਕ ਬਿਨਾਂ ਕਮੀਜ਼ ਵਾਲਾ ਵਿਅਕਤੀ ਓਲੰਪਿਕ ਰਿੰਗਾਂ ਦੇ ਬਿਲਕੁਲ ਉੱਪਰ ਟਾਵਰ 'ਤੇ ਚੜ੍ਹਦਾ ਦਿਖਾਈ ਦੇ ਰਿਹਾ ਹੈ।

ਇਕ ਹੋਰ ਵੀਡੀਓ 'ਚ ਉਸ ਵਿਅਕਤੀ ਨੂੰ ਪੁਲਿਸ ਉਸ ਦੇ ਹੱਥ ਪਿੱਠ ਪਿੱਛੇ ਬੰਨ੍ਹ ਕੇ ਚੁੱਕ ਕੇ ਲੈ ਜਾਂਦੀ ਨਜ਼ਰ ਆ ਰਹੀ ਹੈ।

ਹਾਲਾਂਕਿ, ਸਮਾਚਾਰ ਏਜੰਸੀਆਂ ਏਪੀ ਅਤੇ ਸੀਐੱਨਐੱਨ ਨੇ ਪਹਿਲਾਂ ਖ਼ਬਰ ਦਿੱਤੀ ਸੀ ਕਿ ਇਸ ਘਟਨਾ ਕਾਰਨ ਆਈਫਲ ਟਾਵਰ ਨੂੰ ਖਾਲ੍ਹੀ ਕਰਵਾ ਲਿਆ ਗਿਆ ਸੀ ਪਰ ਬੀਬੀਸੀ ਸੁਤੰਤਰ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਕਰ ਸਕਿਆ।

ਇਹ ਆਈਕਾਨਿਕ ਟਾਵਰ ਉਦਘਾਟਨੀ ਸਮਾਗਮ ਦੇ ਕੇਂਦਰ ਵਿੱਚ ਸੀ ਪਰ ਐਤਵਾਰ ਦੇ ਸਮਾਪਤੀ ਸਮਾਗਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ।

ਸਮਾਪਤੀ ਸਮਾਗਮ ਵਿੱਚ ਖਿਡਾਰੀਆਂ ਦੀ ਪਰੇਡ ਹੋਈ। ਇਸ ਸਮਾਗਮ ਵਿੱਚ 45,000 ਵਾਲੰਟੀਅਰਾਂ ਨੇ ਭਾਗ ਲਿਆ।

ਸਮਾਗਮ ਵਿੱਚ ਪੈਰਿਸ ਦੀ ਮੇਅਰ ਐਨੀ ਹਿਡਾਲਗੋ ਨੇ ਲਾਸ ਏਂਜਲਸ ਦੀ ਮੇਅਰ ਕੈਰੇਨ ਬਾਸ ਨੂੰ ਓਲੰਪਿਕ ਝੰਡਾ ਸੌਂਪਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)