You’re viewing a text-only version of this website that uses less data. View the main version of the website including all images and videos.
ਪੰਜਾਬ ਹੜ੍ਹ: 'ਇਹ ਝੀਲ ਨਹੀਂ ਇਹ ਸਾਡੇ ਆਪਣੇ ਖੇਤ ਹਨ', ਆਪਣੇ ਹੀ ਖੇਤਾਂ ਵਿੱਚ ਟਰੈਟਕਰ ਦੀ ਥਾਂ ਬੇੜੀਆਂ ਚਲਾਉਣ ਨੂੰ ਮਜਬੂਰ ਲੋਕ
“ਹੜ੍ਹਾਂ ਵਿੱਚ ਮਦਦ ਦੌਰਾਨ ਔਰਤਾਂ ਦੀਆਂ ਲੋੜਾਂ ਨੂੰ ਵੀ ਤਾਂ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ।”
ਇਹ ਬੋਲ ਰਵਨੀਤ ਕੌਰ ਦੇ ਹਨ ਕਾਲਜ ਦੀ ਵਿਦਿਆਰਥਣ ਹਨ। ਰਵਨੀਤ ਕੌਰ ਇੱਕ ਬੇੜੀ ਵਿੱਚ ਰਸਦ ਅਤੇ ਹੋਰ ਲੋੜ ਦਾ ਸਮਾਨ ਲੈ ਕੇ ਬੈਠੇ ਹਨ। ਉਹ ਪਿੰਡ-ਪਿੰਡ ਜਾ ਕੇ ਲੋਕਾਂ ਖ਼ਾਸਕਰ ਔਰਤਾਂ ਦੀ ਜ਼ਰੂਰਤ ਦਾ ਸਮਾਨ ਪਹੁੰਚਾ ਰਹੇ ਹਨ।
ਰਵਨੀਤ ਦਾ ਕਹਿਣਾ ਹੈ ਕਿ ਬਹੁਤੇ ਮਰਦ ਹੀ ਇਨ੍ਹਾਂ ਇਲਾਕਿਆਂ ਵਿੱਚ ਮਦਦ ਲਈ ਸਾਹਮਣੇ ਆ ਰਹੇ ਹਨ ਪਰ ਕਈ ਘਰਾਂ ਵਿੱਚ ਔਰਤਾਂ ਫ਼ਸੀਆਂ ਹੋਈਆਂ ਹਨ ਅਤੇ ਉਨ੍ਹਾਂ ਦੀ ਮਦਦ ਲਈ ਉਹ ਵਹਿੰਦੇ ਪਾਣੀ ਵਿੱਚ ਉੱਤਰੇ ਹਨ।
ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜ਼ਿੰਦਗੀ ਲੀਹ ਤੋਂ ਉੱਤਰੀ ਹੋਈ ਹੈ। ਇਨ੍ਹਾਂ ਇਲਾਕਿਆਂ ਵਿੱਚ ਚੁਫ਼ੇਰੇ ਪਾਣੀ ਹੈ, ਘਰਾਂ ਦੇ ਚੁੱਲ੍ਹਿਆਂ ਵਿੱਚ ਅੱਗ ਨਹੀਂ ਬਲ ਰਹੀ ਪਰ ਲੋਕ ਇੱਕ ਦੂਜੇ ਦੀ ਮਦਦ ਨਾਲ ਮੁਸ਼ਕਿਲ ਦੌਰ ’ਚੋਂ ਨਿਕਲਣ ਦਾ ਹੀਲਾ ਕਰ ਰਹੇ ਹਨ।
ਅਜਿਹੇ ਵਿੱਚ ਕਈ ਕਹਾਣੀਆਂ ਸਾਹਮਣੇ ਆਈਆਂ ਜੋ ਕੁਦਰਤੀ ਆਪਦਾ ਦਰਮਿਆਨ ਆਮ ਲੋਕਾਂ ਦੇ ਜਿਗਰੇ ਨੂੰ ਦਰਸਾਉਂਦੀਆਂ ਹਨ।
ਭਵਿੱਖ ਵੀ ਪ੍ਰਭਾਵਿਤ ਹੋਇਆ ਹੈ
ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੂੰ ਫ਼ਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਦੌਰੇ ਦੌਰਾਨ ਮਿਲੇ ਰਵਨੀਤ ਦੱਸਦੇ ਹਨ ਕਿ ਜਦੋਂ ਅਸੀਂ ਲੋਕਾਂ ਤੱਕ ਸਮਾਨ ਪਹੁੰਚਾਉਣ ਜਾਂਦੇ ਹਾਂ ਤਾਂ ਅਹਿਸਾਸ ਹੁੰਦਾ ਹੈ ਕਿ ਇਨ੍ਹਾਂ ਦਾ ਵਰਤਮਾਨ ਹੀ ਨਹੀਂ ਬਲਕਿ ਆਉਣ ਵਾਲਾ ਸਮਾਂ ਵੀ ਕਿੰਨਾ ਹੜ੍ਹਾਂ ਕਾਰਨ ਪ੍ਰਭਾਵਿਤ ਹੋਵੇਗਾ।
ਉਹ ਕਹਿੰਦੇ ਹਨ, "ਕਈ ਵਿਦਿਆਰਥੀ ਹਨ, ਜਿਨ੍ਹਾਂ ਦੇ ਜਿੰਮੀਦਾਰ ਪਰਿਵਾਰਾਂ ਨੇ ਯੂਨੀਵਰਸਿਟੀਆਂ ਦੀਆਂ ਫ਼ੀਸਾਂ ਹੀ ਆਪਣੀਆਂ ਫ਼ਸਲਾਂ ਵੇਚ ਕੇ ਦੇਣੀਆਂ ਸਨ। ਉਹ ਕੀ ਕਰਨਗੇ ਇਹ ਸੋਚ ਦਿਮਾਗ ਵਿੱਚ ਰਹਿੰਦੀ ਹੈ।"
ਬੇਖ਼ੌਫ਼ ਹੋ ਕੇ ਹੜ੍ਹਾਂ ਦੇ ਪਾਣੀ ਵਿੱਚੋਂ ਹੁੰਦਿਆਂ ਲੋਕਾਂ ਦੇ ਘਰਾਂ ਤੱਕ ਪਹੁੰਚ ਕਰਨ ਵਾਲੇ ਰਵਨੀਤ ਕਹਿੰਦੇ ਹਨ, "ਹੁਣ ਮੈਨੂੰ ਡਰ ਨਹੀਂ ਲੱਗਦਾ, ਪ੍ਰਮਾਤਮਾ ਹੈ ਸਾਡੇ ਨਾਲ, ਹਾਂ ਪਹਿਲੇ ਦਿਨ ਜ਼ਰੂਰ ਡਰ ਲੱਗਿਆ ਸੀ।”
"ਮੇਰੇ ਘਰਦਿਆਂ ਨੇ ਪਹਿਲੇ ਦਿਨ ਕਿਹਾ ਸੀ, ਪੁੱਤ ਆਪਣਾ ਧਿਆਨ ਰੱਖੀਂ।"
"ਇੱਕ ਵਾਰ ਮੈਂ ਕਹਿ ਦਿੱਤਾ ਸੀ ਕਿ ਕਾਸ਼ ਮੈਂ ਮੁੰਡਾ ਹੁੰਦੀ ਤਾਂ ਜੋ ਲੋਕਾਂ ਦੀ ਮਦਦ ਲਈ ਹਰ ਥਾਂ ਜਾ ਸਕਦੀ। ਉਸ ਸਮੇਂ ਮੇਰੇ ਪਿਤਾ ਨੇ ਕਿਹਾ ਸੀ ਅਜਿਹਾ ਨਹੀਂ ਸੋਚਣਾ, ਬਲਕਿ ਸੇਵਾ ਲਈ ਕਿਤੇ ਵੀ ਜਾਓ, ਮੇਰਾ ਪਰਿਵਾਰ ਬਹੁਤ ਸਾਥ ਦਿੰਦਾ ਹੈ।"
ਖੇਤਾਂ ਵਿੱਚ ਫ਼ਸਲਾਂ ਦੀ ਥਾਂ ਬੇੜੀਆਂ ਨਜ਼ਰ ਆਉਂਦੀਆਂ ਹਨ
"ਇਹ ਝੀਲ ਨਹੀਂ ਇਹ ਸਾਡੇ ਆਪਣੇ ਖੇਤ ਹਨ। ਕਰੀਬ 20 ਦਿਨ ਪਹਿਲਾਂ ਤਾਂ ਇੱਥੇ ਹਰਾ-ਭਰਾ ਝੋਨਾ ਹੀ ਨਜ਼ਰ ਆ ਰਿਹਾ ਸੀ। ਹੁਣ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਝੀਲ ਹੋਵੇ।"
ਰਮਿੰਦਰ ਸਿੰਘ ਆਪਣੀ ਕਿਸ਼ਤੀ ਜ਼ਰੀਏ ਹੜ੍ਹਾਂ ਕਾਰਨ ਆਪਣੇ ਘਰਾਂ ਵਿੱਚ ਫ਼ਸੇ ਲੋਕਾਂ ਤੱਕ ਮਦਦ ਪਹੁੰਚਾ ਰਹੇ ਹਨ ਜਿਨ੍ਹਾਂ ਨੇ ਝੀਲ ਵੱਲ ਇਸ਼ਾਰਾ ਕਰਕੇ ਇਹ ਗੱਲ ਦੱਸ ਰਹੇ ਹਨ।
ਸਤਲੁਜ ਦਾ ਪਾਣੀ ਆਉਣ ਨਾਲ ਫ਼ਿਰੋਜ਼ਪੁਰ ਦੇ ਦਰਿਆ ਨੇੜਲੇ ਇਲਾਕਿਆਂ ਦੇ ਖੇਤਾਂ ਵਿੱਚ ਫ਼ਸਲਾਂ ਦੀ ਥਾਂ ਹੜ੍ਹਾਂ ਦਾ ਪਾਣੀ ਹਰ ਪਾਸੇ ਨਜ਼ਰ ਆਉਂਦੇ ਹਨ। ਹਰੀਕੇ ਪੱਤਣ ਤੋਂ ਲੈ ਕੇ ਹੁਸੈਨੀਵਾਲਾ ਤੱਕ 20 ਤੋਂ ਵੱਧ ਪਿੰਡ ਹੜਾਂ ਦੀ ਚਪੇਟ ਵਿੱਚ ਹਨ।
ਰਮਿੰਦਰ ਸਿੰਘ ਕਹਿੰਦੇ ਹਨ, "ਹੁਣ ਚਾਹੇ ਇਹ ਘਰ ਕਿਸੇ ਟਾਪੂ ਵਾਂਗ ਨਜ਼ਰ ਆ ਰਹੇ ਹਨ, ਪਰ ਇਹ ਪਾਣੀ ਸਾਡੇ ਅਰਮਾਨਾਂ ਉੱਤੇ ਫ਼ਿਰਿਆ ਹੈ।"
ਜਿਨ੍ਹਾਂ ਖੇਤਾਂ ਵਿੱਚ ਉਹ ਟਰੈਕਟਰ ਚਲਾਉਂਦੇ ਸਨ ਹੁਣ ਉੱਥੇ ਬੇੜੀ ਚਲਾ ਰਹੇ ਹਨ।
ਹੜ੍ਹਾਂ ਦੀ ਮਾਰ ਬਾਰੇ ਉਹ ਕਹਿੰਦੇ ਹਨ, "ਇਸ ਤੋਂ ਪਹਿਲਾਂ 2023 ਵਿੱਚ ਆਏ ਹੜ੍ਹਾਂ ਨਾਲ ਲੋਕਾਂ ਦੀ ਇੱਕ ਫ਼ਸਲ ਮਾਰੀ ਗਈ ਸੀ, ਪਰ ਅਜਿਹਾ ਲੰਬੇ ਸਮੇਂ ਬਾਅਦ ਹੋਇਆ ਸੀ। ਲੋਕ ਸੰਭਲ ਗਏ ਸਨ, ਪਰ ਹੁਣ ਦੁਬਾਰਾ ਅਜਿਹਾ ਹੋਣ ਨਾਲ ਵਿੱਤੀ ਹਾਲਾਤ ਬੁਹਤ ਖ਼ਰਾਬ ਹੋਏ ਹਨ।"
ਰਮਿੰਦਰ ਕਹਿੰਦੇ ਹਨ, "ਇਸ ਇਲਾਕੇ ਦੇ ਲੋਕ ਜ਼ਿਆਦਾਤਰ ਪਸ਼ੂਆਂ ਦਾ ਦੁੱਧ ਵੇਚਣ ਦਾ ਕੰਮ ਕਰਦੇ ਹਨ। ਆਪਣੇ ਮਾਲ-ਡੰਗਰ ਨੂੰ ਛੱਡ ਕੇ ਆਉਣਾ ਸੌਖਾ ਨਹੀਂ। ਪਾਣੀ ਦਾ ਵਹਾਅ ਵੀ ਅਚਾਨਕ ਤੇਜ਼ ਹੋਣ ਕਾਰਨ ਕਈ ਲੋਕ ਘਰਾਂ ਵਿੱਚ ਹੀ ਫ਼ਸੇ ਹੋਏ ਹਨ।"
ਹੋਰ ਸੂਬਿਆਂ ਤੋਂ ਆ ਰਹੀ ਮਦਦ
ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮਦਦ ਲਈ ਪੰਜਾਬ ਦੇ ਗੁਆਂਢੀ ਸੂਬਿਆਂ ਹਰਿਆਣਾ, ਉੱਤਰਪ੍ਰਦੇਸ਼, ਰਾਜਸਥਾਨ ਦੇ ਕਈ ਲੋਕ ਵੀ ਮਦਦ ਲਈ ਪਹੁੰਚੇ ਹਨ।
ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਨੂੰ ਬਟਾਲਾ ਤੋਂ ਡੇਰਾ ਬਾਬਾ ਨਾਨਕ ਜਾਂਦਿਆਂ ਰਾਹ ਵਿੱਚ ਉਹ ਲੋਕ ਮਿਲੇ ਜੋ ਭਾਰਤ ਪਾਕਿਸਤਾਨ ਦੀ ਸਰਹੱਦ ਨੇੜੇ ਮੁੱਖ ਮਾਰਗ ਉੱਤੇ ਪ੍ਰਭਾਵਿਤ ਇਲਾਕਿਆਂ ਵਿੱਚ ਸਮੱਗਰੀ ਪਹੁੰਚਾਉਣ ਵਿੱਚ ਜੁਟੇ ਹੋਏ ਸਨ।
ਮੁਜ਼ੱਫ਼ਰਨਗਰ ਯੂਪੀ ਤੋਂ ਆਏ ਮੁਹੰਮਦ ਸ਼ਾਹਿਦ ਕਹਿੰਦੇ ਹਨ, "ਦੁਨੀਆਂ ਵਿੱਚ ਜਿੱਥੇ ਵੀ ਕੁਦਰਤੀ ਆਫ਼ਤ ਆਈ ਤਾਂ ਅਸੀਂ ਹਮੇਸ਼ਾਂ ਪੰਜਾਬੀਆਂ ਨੂੰ ਮਦਦ ਕਰਦਿਆਂ ਦੇਖਿਆ। ਇਸ ਵਾਰ ਉਨ੍ਹਾਂ ’ਤੇ ਮੁਸ਼ਕਿਲ ਬਣੀ ਹੈ ਤਾਂ ਮਹਿਸੂਸ ਹੋਇਆ ਚਾਹੇ ਦੁੱਖ ਨਹੀਂ ਵੀ ਵੰਢਾ ਸਕਦੇ ਪਰ ਸਹਾਰਾ ਤਾਂ ਜ਼ਰੂਰ ਬਣ ਸਕਦੇ ਹਾਂ।"
ਸ਼ਾਹਿਦ ਆਪਣੇ ਚਾਰ ਹੋਰ ਸਾਥੀਆਂ ਨਾਲ ਪਹਿਲੀ ਵਾਰ ਪੰਜਾਬ ਆਏ ਹਨ।
ਕੋਟਖਾਸਲਾ ਤੋਂ ਆਏ ਰੇਖਾ ਦਾ ਕਹਿਣਾ ਹੈ ਕਿ ਸਾਨੂੰ ਇਨ੍ਹਾਂ ਇਲਾਕਿਆਂ ਵਿੱਚ ਲੋਕਾਂ ਨੇ ਦੱਸਿਆ ਸੀ ਕਿ ਭੋਜਨ ਦੀ ਬਜਾਇ ਬਿਸਤਿਆਂ ਦੀ ਲੋੜ ਹੈ ਇਸ ਲਈ ਬਿਸਤਰੇ ਲੈ ਕੇ ਆਏ ਹਾਂ।
"ਘਰ ਦੀ ਇੱਕ ਚੀਜ਼ ਬਣਾਉਣੀ ਵੀ ਔਖਾ ਹੈ, ਪਰ ਇਨ੍ਹਾਂ ਲੋਕਾਂ ਦੇ ਤਾਂ ਘਰ ਹੀ ਰੁੜ ਗਏ ਹਨ।"
ਰੇਖਾ ਆਪਣੇ ਮੁਹੱਲੇ ਦੀਆਂ ਹੋਰ ਔਰਤਾਂ ਨਾਲ ਘਰਾਂ ਵਿੱਚ ਲੋੜੀਂਦਾ ਸਮਾਨ ਲੈ ਕੇ ਮਦਦ ਲਈ ਪਹੁੰਚ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ