ਸੰਜੇ ਕਪੂਰ ਦੀ ਮੌਤ ਤੋਂ ਬਾਅਦ 30 ਹਜ਼ਾਰ ਕਰੋੜ ਦੀ ਜਾਇਦਾਦ ਨੂੰ ਲੈ ਕੇ 'ਲੜਾਈ', ਵਸੀਅਤ ਲਿਖਣਾ ਕਿੰਨਾਂ ਜ਼ਰੂਰੀ ਹੁੰਦਾ ਹੈ

ਤਸਵੀਰ ਸਰੋਤ, Sunjay Kapur/X
- ਲੇਖਕ, ਦੇਵੀਨਾ ਗੁਪਤਾ
- ਰੋਲ, ਬੀਬੀਸੀ ਸਹਿਯੋਗੀ
ਇਸ ਸਾਲ ਜੂਨ ਵਿੱਚ ਇੱਕ ਭਾਰਤੀ ਉਦਯੋਗਪਤੀ ਦੀ ਅਚਾਨਕ ਮੌਤ ਹੋ ਗਈ, ਜਿਸ ਤੋਂ ਬਾਅਦ ਦੇਸ਼ ਦੀ ਇੱਕ ਵੱਡੀ ਆਟੋਮੋਬਾਈਲ ਕੰਪਨੀ ਵਿੱਚ ਵਿਰਾਸਤ ਨੂੰ ਲੈ ਕੇ ਇੱਕ ਵੱਡਾ ਵਿਵਾਦ ਛਿੜ ਗਿਆ।
12 ਜੂਨ ਨੂੰ, 53 ਸਾਲਾ ਸੰਜੇ ਕਪੂਰ ਦੀ ਯੂਕੇ ਦੇ ਸਰੇ ਵਿੱਚ ਪੋਲੋ ਖੇਡਦੇ ਸਮੇਂ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।
ਸੰਜੇ ਸੋਨਾ ਕਾਮਸਟਾਰ ਦੇ ਵਾਰਸ ਸੀ, ਜੋ ਕਿ 3.6 ਅਰਬ ਡਾਲਰ ਦੀ ਟਰਨਓਵਰ ਵਾਲੀ ਕੰਪਨੀ ਸੀ ਅਤੇ ਉਨ੍ਹਾਂ ਨੂੰ ਆਪਣੇ ਪਿਤਾ ਤੋਂ ਵਿਰਾਸਤ ਵਿੱਚ ਮਿਲੀ ਸੀ।
ਭਾਰਤ ਦੇ ਚੋਟੀ ਦੇ ਆਟੋ ਕੰਪੋਨੈਂਟ ਨਿਰਮਾਤਾਵਾਂ ਵਿੱਚੋਂ ਇੱਕ ਸੋਨਾ ਕਾਮਸਟਾਰ ਦੇ ਭਾਰਤ, ਚੀਨ, ਮੈਕਸੀਕੋ ਅਤੇ ਅਮਰੀਕਾ ਵਿੱਚ 10 ਪਲਾਂਟ ਹਨ।
ਸੰਜੇ ਕਪੂਰ ਨੂੰ ਪੋਲੋ ਖੇਡਣ ਦਾ ਸ਼ੌਕ ਸੀ ਉਹ ਦਿੱਲੀ ਵਿੱਚ ਕੁਲੀਨ ਵਰਗ ਦੇ ਲੋਕਾਂ ਦੀ ਹਿੱਸਾ ਸਨ ਅਤੇ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦੀ ਪ੍ਰਿੰਸ ਵਿਲੀਅਮ ਨਾਲ ਵੀ ਦੋਸਤੀ ਸੀ।

ਕਪੂਰ ਦੇ ਤਿੰਨ ਵਿਆਹ ਹੋਏ ਸਨ
- ਪਹਿਲਾ ਡਿਜ਼ਾਈਨਰ ਨੰਦਿਤਾ ਮਹਤਾਨੀ ਨਾਲ
- ਦੂਜਾ, 90 ਦੇ ਦਹਾਕੇ ਦੀ ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਨਾਲ
- ਤੀਜਾ, 2017 ਵਿੱਚ ਸਾਬਕਾ ਮਾਡਲ ਅਤੇ ਉੱਦਮੀ ਪ੍ਰਿਆ ਸਚਦੇਵ ਨਾਲ
ਪਰ ਉਨ੍ਹਾਂ ਦੀ ਮੌਤ ਤੋਂ ਕੁਝ ਹਫ਼ਤਿਆਂ ਬਾਅਦ, ਇਸ ਸਵਾਲ ਨੇ ਕਿ ਉਨ੍ਹਾਂ ਦੀ ਤਮਾਮ ਜਾਇਦਾਦ ਦਾ ਉੱਤਰਾਧਿਕਾਰੀ ਕੌਣ ਹੋਵੇਗਾ, ਕਪੂਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ।

ਸੰਜੇ ਕਪੂਰ ਦੀ ਮਾਂ ਨੇ ਕੀ ਕਿਹਾ?

ਤਸਵੀਰ ਸਰੋਤ, Getty Images
ਇਨ੍ਹਾਂ ਸਵਾਲਾਂ ਦੇ ਕੇਂਦਰ ਵਿੱਚ ਸੰਜੇ ਕਪੂਰ ਦੀ ਮਾਂ ਰਾਣੀ ਕਪੂਰ ਹਨ, ਜੋ ਸੋਨਾ ਕਾਮਸਟਾਰ ਦੀ ਚੇਅਰਪਰਸਨ ਰਹਿ ਚੁੱਕੇ ਹਨ।
ਰਾਣੀ ਕਪੂਰ ਨੇ 24 ਜੁਲਾਈ ਨੂੰ ਸੋਨਾ ਕਾਮਸਟਾਰ ਦੇ ਬੋਰਡ ਨੂੰ ਇੱਕ ਪੱਤਰ ਭੇਜਿਆ, ਜਿਸ ਵਿੱਚ ਉਨ੍ਹਾਂ ਨੇ ਆਪਣੇ ਪੁੱਤਰ ਦੀ ਮੌਤ ਅਤੇ ਕੰਪਨੀ ਵਿੱਚ ਬਾਅਦ ਵਿੱਚ ਕੀਤੀਆਂ ਗਈਆਂ ਨਿਯੁਕਤੀਆਂ ਬਾਰੇ ਸਵਾਲ ਉਠਾਏ।
ਬੀਬੀਸੀ ਨੇ ਵੀ ਇਹ ਪੱਤਰ ਦੇਖਿਆ ਹੈ।
ਇਸ ਵਿੱਚ ਰਾਣੀ ਕਪੂਰ ਨੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ 'ਬਹੁਤ ਹੀ ਸ਼ੱਕੀ ਅਤੇ ਅਸਪਸ਼ਟ ਹਾਲਾਤ' ਵਿੱਚ ਹੋਈ ਹੈ।
ਸਰੇ ਕੋਰੋਨਰ ਦੇ ਦਫ਼ਤਰ ਨੇ ਬੀਬੀਸੀ ਨੂੰ ਦੱਸਿਆ ਕਿ ਪੋਸਟਮਾਰਟਮ ਜਾਂਚ ਤੋਂ ਇਹ ਪਤਾ ਲੱਗਿਆ ਹੈ ਕਿ ਕਪੂਰ ਦੀ ਮੌਤ ਕੁਦਰਤੀ ਕਾਰਨਾਂ ਕਰਕੇ ਹੋਈ ਸੀ।
ਦਫ਼ਤਰ ਨੇ ਅੱਗੇ ਕਿਹਾ, "ਜਾਂਚ ਬੰਦ ਕਰ ਦਿੱਤੀ ਗਈ ਹੈ।"
ਰਾਣੀ ਕਪੂਰ ਨੇ ਇਹ ਵੀ ਦਾਅਵਾ ਕੀਤਾ ਕਿ ਜਦੋਂ ਉਹ ਆਪਣੇ ਪੁੱਤਰ ਦੀ ਮੌਤ ਕਾਰਨ ਮਾਨਸਿਕ ਅਤੇ ਭਾਵਨਾਤਮਕ ਤੌਰ 'ਤੇ ਪਰੇਸ਼ਾਨ ਸੀ, ਤਾਂ ਉਸਨੂੰ ਜ਼ਰੂਰੀ ਦਸਤਾਵੇਜ਼ਾਂ 'ਤੇ ਦਸਤਖਤ ਕਰਨ ਲਈ ਮਜਬੂਰ ਕੀਤਾ ਗਿਆ ਸੀ।
ਉਨ੍ਹਾਂ ਨੇ ਪੱਤਰ ਵਿੱਚ ਲਿਖਿਆ, "ਇਹ ਮੰਦਭਾਗਾ ਹੈ ਕਿ ਜਦੋਂ ਮੈਂ ਅਤੇ ਮੇਰਾ ਪਰਿਵਾਰ ਅਜੇ ਸਦਮੇ ਵਿੱਚ ਹੀ ਹਾਂ, ਕੁਝ ਲੋਕਾਂ ਨੇ ਇਸ ਸਮੇਂ ਨੂੰ ਪਰਿਵਾਰਕ ਵਿਰਾਸਤ 'ਤੇ ਕਬਜ਼ਾ ਕਰਨ ਅਤੇ ਕੰਟਰੋਲ ਹਾਸਲ ਕਰਨ ਦੇ ਮੌਕੇ ਵਜੋਂ ਚੁਣਿਆ ਹੈ।"
ਰਾਣੀ ਕਪੂਰ ਨੇ ਸੋਨਾ ਕਾਮਸਟਾਰ ਦੇ ਬੋਰਡ ਨੂੰ 25 ਜੁਲਾਈ ਨੂੰ ਹੋਣ ਵਾਲੀ ਸਾਲਾਨਾ ਆਮ ਮੀਟਿੰਗ (ਏਜੀਐਮ) ਨੂੰ ਮੁਲਤਵੀ ਕਰਨ ਲਈ ਵੀ ਕਿਹਾ ਸੀ ਤਾਂ ਜੋ ਪਰਿਵਾਰ ਦੀ ਨੁਮਾਇੰਦਗੀ ਕਰਨ ਵਾਲੇ ਨਵੇਂ ਨਿਰਦੇਸ਼ਕ ਦੀ ਚੋਣ ਦਾ ਫ਼ੈਸਲਾ ਲਿਆ ਜਾ ਸਕੇ।
ਹਾਲਾਂਕਿ, ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਪੱਤਰ ਵਿੱਚ "ਕੁਝ ਲੋਕ" ਵਜੋਂ ਕਿਸ ਨੂੰ ਦਰਸਾਇਆ ਗਿਆ ਹੈ।
ਕੰਪਨੀ ਨੇ ਅਗਲੇ ਹੀ ਦਿਨ ਇੱਕ ਸਾਲਾਨਾ ਆਮ ਮੀਟਿੰਗ ਕੀਤੀ ਅਤੇ ਸੰਜੇ ਦੀ ਪਤਨੀ ਪ੍ਰਿਆ ਨੂੰ ਇੱਕ ਗ਼ੈਰ-ਕਾਰਜਕਾਰੀ ਨਿਰਦੇਸ਼ਕ ਨਿਯੁਕਤ ਕੀਤਾ ਗਿਆ।
ਰਾਣੀ ਕਪੂਰ ਨੇ ਆਪਣੇ ਪੱਤਰ ਵਿੱਚ ਇਹ ਵੀ ਦਾਅਵਾ ਕੀਤਾ ਕਿ ਉਹ 2015 ਵਿੱਚ ਆਪਣੇ ਸਵਰਗਵਾਸੀ ਪਤੀ ਵੱਲੋਂ ਛੱਡੀ ਗਈ ਵਸੀਅਤ ਵਿੱਚ ਇਕਲੌਤੀ ਲਾਭਪਾਤਰੀ ਸੀ। ਵਸੀਅਤ ਵਿੱਚ ਸੋਨਾ ਗਰੁੱਪ ਅਤੇ ਸੋਨਾ ਕਾਮਸਟਾਰ ਵਿੱਚ ਬਹੁਗਿਣਤੀ ਹਿੱਸੇਦਾਰੀ ਸ਼ਾਮਲ ਸੀ।
ਰਾਣੀ ਕਪੂਰ ਦੇ ਦਾਅਵਿਆਂ 'ਤੇ ਕੰਪਨੀ ਦਾ ਜਵਾਬ

ਤਸਵੀਰ ਸਰੋਤ, Sunjay Kapur/X
ਹਾਲਾਂਕਿ, ਕੰਪਨੀ ਨੇ ਰਾਣੀ ਕਪੂਰ ਦੇ ਇਸ ਦਾਅਵੇ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ 2019 ਤੋਂ ਬਾਅਦ ਕੰਪਨੀ ਵਿੱਚ ਉਨ੍ਹਾਂ ਦੀ ਕੋਈ ਸਿੱਧੀ ਜਾਂ ਅਸਿੱਧੀ ਭੂਮਿਕਾ ਨਹੀਂ ਹੈ।
ਬੋਰਡ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਨੋਟਿਸ ਦੀ ਪਾਲਣਾ ਕਰਨਾ ਕੰਪਨੀ ਲਈ ਲਾਜ਼ਮੀ ਨਹੀਂ ਹੈ ਅਤੇ ਸਾਲਾਨਾ ਆਮ ਮੀਟਿੰਗ 'ਕਾਨੂੰਨ ਦੀ ਪੂਰੀ ਪਾਲਣਾ ਕਰਦਿਆਂ' ਹੋਈ ਸੀ।
ਕੰਪਨੀ ਨੇ ਰਾਣੀ ਕਪੂਰ ਨੂੰ ਇੱਕ ਕਾਨੂੰਨੀ ਨੋਟਿਸ ਵੀ ਭੇਜਿਆ ਹੈ, ਜਿਸ ਵਿੱਚ ਉਨ੍ਹਾਂ ਨੂੰ "ਝੂਠੇ, ਦੁਰਭਾਵਨਾਪੂਰਨ ਅਤੇ ਨੁਕਸਾਨਦੇਹ" ਬਿਆਨ ਦੇਣਾ ਬੰਦ ਕਰਨ ਲਈ ਕਿਹਾ ਗਿਆ ਹੈ।
ਬੀਬੀਸੀ ਨੇ ਇਸ ਮਾਮਲੇ 'ਤੇ ਸੋਨਾ ਕਾਮਸਟਾਰ, ਰਾਣੀ ਕਪੂਰ ਅਤੇ ਪ੍ਰਿਆ ਸਚਦੇਵ ਨਾਲ ਗੱਲਬਾਤ ਕੀਤੀ ਹੈ।
ਸੋਨਾ ਕਾਮਸਟਾਰ ਭਾਰਤੀ ਸਟਾਕ ਐਕਸਚੇਂਜਾਂ ਵਿੱਚ ਸੋਨਾ ਬੀਐੱਲਡਬਲਯੂ ਦੇ ਨਾਮ ਹੇਠ ਸੂਚੀਬੱਧ ਹੈ। ਇਸ ਵਿੱਚ 71.98 ਫ਼ੀਸਦ ਹਿੱਸੇਦਾਰੀ ਜਨਤਕ ਸ਼ੇਅਰਧਾਰਕਾਂ (ਬੈਂਕਾਂ, ਮਿਊਚੁਅਲ ਫੰਡਾਂ ਅਤੇ ਵਿੱਤੀ ਸੰਸਥਾਵਾਂ) ਕੋਲ ਹੈ, ਜਦੋਂ ਕਿ 28.02 ਫ਼ੀਸਦ ਹਿੱਸੇਦਾਰੀ ਪ੍ਰਮੋਟਰਾਂ ਕੋਲ ਹੈ, ਜੋ ਕਿ ਔਰੀਅਸ ਇਨਵੈਸਟਮੈਂਟਸ ਪ੍ਰਾਈਵੇਟ ਲਿਮਟਿਡ ਜ਼ਰੀਏ ਰੱਖੀ ਗਈ ਹੈ।
ਕੰਪਨੀ ਦੇ ਦਸਤਾਵੇਜ਼ਾਂ ਮੁਤਾਬਕ, ਸੰਜੇ ਕਪੂਰ ਆਰਕੇ ਫੈਮਿਲੀ ਟਰੱਸਟ ਦੇ ਇਕਲੌਤੇ ਲਾਭਪਾਤਰੀ ਸਨ, ਜੋ ਕਿ ਔਰੀਅਸ ਇਨਵੈਸਟਮੈਂਟਸ ਰਾਹੀਂ ਸੋਨਾ ਕਾਮਸਟਾਰ ਵਿੱਚ ਪ੍ਰਮੋਟਰਾਂ ਦੀ ਹਿੱਸੇਦਾਰੀ ਨੂੰ ਨਿਯੰਤਰਿਤ ਕਰਦਾ ਹੈ।
ਸੁਪਰੀਮ ਕੋਰਟ ਦੇ ਕਾਰਪੋਰੇਟ ਵਕੀਲ ਤੁਸ਼ਾਰ ਕੁਮਾਰ ਕਹਿੰਦੇ ਹਨ, "ਜੇਕਰ ਅਸੀਂ ਕੰਪਨੀ ਦੇ ਢਾਂਚੇ 'ਤੇ ਨਜ਼ਰ ਮਾਰੀਏ, ਤਾਂ ਇਸ ਸਮੇਂ ਰਾਣੀ ਕਪੂਰ ਇੱਕ ਰਜਿਸਟਰਡ ਸ਼ੇਅਰਧਾਰਕ ਵਜੋਂ ਰਜਿਸਟਰਡ ਨਹੀਂ ਹੈ, ਇਸ ਲਈ ਉਨ੍ਹਾਂ ਕੋਲ ਵੋਟਿੰਗ ਅਧਿਕਾਰ ਨਹੀਂ ਹਨ।"
ਉਨ੍ਹਾਂ ਕਿਹਾ, "ਪਰ ਆਰਕੇ ਫੈਮਿਲੀ ਟਰੱਸਟ ਅਤੇ ਔਰੀਅਸ ਇਨਵੈਸਟਮੈਂਟਸ ਦਾ ਮਾਮਲਾ ਵੱਖਰਾ ਹੈ। ਜਦੋਂ ਤੱਕ ਸਮਝੌਤਾ ਜਨਤਕ ਨਹੀਂ ਹੁੰਦਾ, ਇਹ ਪਤਾ ਨਹੀਂ ਲੱਗ ਸਕਦਾ ਕਿ ਰਾਣੀ ਕਪੂਰ ਦੀ ਉੱਥੇ ਕੋਈ ਸਿੱਧੀ ਹਿੱਸੇਦਾਰੀ ਹੈ ਜਾਂ ਨਹੀਂ।"
ਅਜਿਹੇ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ

ਤਸਵੀਰ ਸਰੋਤ, Getty Images
ਕਪੂਰ ਪਰਿਵਾਰ ਦਾ ਵਿਵਾਦ ਕੋਈ ਇਕੱਲਾ ਮਾਮਲਾ ਨਹੀਂ ਹੈ। ਪੀਡਬਲਿਊਸੀ ਦੇ ਸਰਵੇਖਣ ਅਨੁਸਾਰ, ਭਾਰਤ ਵਿੱਚ 90 ਫ਼ੀਸਦ ਸੂਚੀਬੱਧ ਕੰਪਨੀਆਂ ਪਰਿਵਾਰ-ਨਿਯੰਤਰਿਤ ਹਨ, ਪਰ ਉਨ੍ਹਾਂ ਵਿੱਚੋਂ ਮਹਿਜ਼ 63 ਫ਼ੀਸਦ ਕੋਲ ਰਸਮੀ ਉੱਤਰਾਧਿਕਾਰ ਯੋਜਨਾ ਹੈ।
ਇੰਡੀਅਨ ਸਕੂਲ ਆਫ਼ ਬਿਜ਼ਨਸ ਦੇ ਕਵਿਲ ਰਾਮਚੰਦਰਨ ਕਹਿੰਦੇ ਹਨ ਕਿ ਜ਼ਿਆਦਾਤਰ ਭਾਰਤੀ ਪਰਿਵਾਰਕ ਕਾਰੋਬਾਰ "ਬਹੁਤ ਸਾਰੇ ਮਾਮਲਿਆਂ 'ਤੇ ਸਪੱਸ਼ਟਤਾ ਦੀ ਘਾਟ" ਨਾਲ ਹੀ ਕੰਮ ਕਰਦੇ ਹਨ।
ਉਹ ਕਹਿੰਦੇ ਹਨ, "ਅਜਿਹੇ ਮਾਮਲੇ ਵਿੱਚ ਸਵਾਲ ਇਹ ਹੈ ਕਿ ਕਿਸ ਕੋਲ ਕਿਹੜਾ ਹਿੱਸਾ ਹੈ ਇਸਦਾ ਵਾਰਸ ਕੌਣ ਹੋਵੇਗਾ ਅਤੇ ਕਦੋਂ ਹੋਵੇਗਾ।"
ਕੇਤਨ ਦਲਾਲ ਕਾਰੋਬਾਰੀ ਪਰਿਵਾਰਾਂ ਦੇ ਮਾਲਕੀ ਢਾਂਚੇ ਬਾਰੇ ਸਲਾਹਕਾਰ ਹਨ। ਉਹ ਕਹਿੰਦੇ ਹਨ, "ਮਾਲਕੀ ਅਤੇ ਪ੍ਰਬੰਧਨ ਦੋਵਾਂ 'ਤੇ ਵਿਵਾਦ ਪਰਿਵਾਰ ਦੇ ਮੁਖੀ ਦੀ ਮੌਤ ਤੋਂ ਬਾਅਦ (ਜਾਂ ਇਸ ਤੋਂ ਪਹਿਲਾਂ ਵੀ) ਪੈਦਾ ਹੋ ਸਕਦੇ ਹਨ ਅਤੇ ਉਦੋਂ ਤੱਕ ਸਥਿਤੀ ਇੰਨੀ ਗੰਭੀਰ ਹੋ ਜਾਂਦੀ ਹੈ ਕਿ ਇਸ ਮੁੱਦੇ ਨੂੰ ਸੌਖਿਆਂ ਹੱਲ ਕਰਨਾ ਔਖਾ ਹੋ ਜਾਂਦਾ ਹੈ।"

ਭਾਰਤ ਦੇ ਕਾਰਪੋਰੇਟ ਜਗਤ ਵਿੱਚ ਉਤਰਾਧਿਕਾਰ ਨਾਲ ਜੁੜੇ ਹੋਏ ਬਹੁਤ ਸਾਰੇ ਵਿਵਾਦ ਹਨ, ਜੋ ਵਾਰ-ਵਾਰ ਸੁਰਖੀਆਂ ਵਿੱਚ ਰਹਿੰਦੇ ਹਨ।
ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਵੀ ਇੱਕ ਵਾਰ ਰਿਲਾਇੰਸ ਸਾਮਰਾਜ ਦੇ ਕੰਟਰੋਲ ਨੂੰ ਲੈ ਕੇ ਆਪਣੇ ਛੋਟੇ ਭਰਾ ਨਾਲ ਖੁੱਲ੍ਹੇ ਟਕਰਾਅ ਵਿੱਚ ਫ਼ਸ ਗਏ ਸਨ।
ਉਨ੍ਹਾਂ ਦੇ ਪਿਤਾ ਧੀਰੂਭਾਈ ਅੰਬਾਨੀ ਦੀ 2002 ਵਿੱਚ ਬਿਨ੍ਹਾਂ ਵਸੀਅਤ ਦੇ ਮੌਤ ਹੋ ਗਈ ਸੀ ਅਤੇ ਸਾਲਾਂ ਬਾਅਦ ਉਨ੍ਹਾਂ ਦੀ ਮਾਂ ਕੋਕਿਲਾਬੇਨ ਦੀ ਵਿਚੋਲਗੀ ਜ਼ਰੀਏ ਸੁਲ੍ਹਾ-ਸਫਾਈ ਸੰਭਵ ਹੋਈ ਸੀ।
ਹਾਲ ਹੀ ਵਿੱਚ ਭਾਰਤ ਦੀ ਮਸ਼ਹੂਰ ਟੈਕਸਟਾਈਲ ਕੰਪਨੀ ਰੇਮੰਡ ਗਰੁੱਪ ਅਤੇ ਮੁੰਬਈ ਵਿੱਚ ਟਰੰਪ ਟਾਵਰ ਬਣਾਉਣ ਵਾਲੇ ਲੋਢਾ ਭਰਾਵਾਂ ਵਿਚਕਾਰ ਪਰਿਵਾਰਕ ਝਗੜੇ ਵੀ ਸਾਹਮਣੇ ਆਏ ਹਨ।
ਪਰ ਇਨ੍ਹਾਂ ਵਿਵਾਦਾਂ ਨੇ ਨਿਵੇਸ਼ਕਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ।
ਵਿਰਾਸਤੀ ਯੋਜਨਾਬੰਦੀ ਫਰਮ ਟੇਰੇਂਸ਼ੀਆ ਦੇ ਸੰਸਥਾਪਕ ਅਤੇ ਮੈਨੇਜਿੰਗ ਡਾਇਰੈਕਟਰ ਸੰਦੀਪ ਨੇਰਲੇਕਰ ਕਹਿੰਦੇ ਹਨ, "ਜਿਨ੍ਹਾਂ ਨੇ ਸਾਰਾ ਕੰਟਰੋਲ ਆਪਣੇ ਹੱਥਾਂ ਵਿੱਚ ਰੱਖਿਆ ਹੈ ਉਹ ਹੀ ਜ਼ਿਆਦਾ ਪੈਸੇ ਗੁਆਉਂਦੇ ਹਨ।"
"ਇਸ ਨਾਲ ਕੰਪਨੀ ਨੂੰ ਸਭ ਤੋਂ ਵੱਧ ਨੁਕਸਾਨ ਹੁੰਦਾ ਹੈ, ਜਿਸ ਨਾਲ ਸ਼ੇਅਰਾਂ ਦੀ ਕੀਮਤ ਵਿੱਚ ਗਿਰਾਵਟ ਆਉਂਦੀ ਹੈ ਅਤੇ ਕੰਪਨੀ ਦੇ ਭਵਿੱਖ ਦੇ ਪ੍ਰਦਰਸ਼ਨ ਬਾਰੇ ਧਾਰਨਾ 'ਤੇ ਵੀ ਅਸਰ ਪੈਂਦਾ ਹੈ।"
ਉਤਰਾਧਿਕਾਰ ਵਿਵਾਦ ਤੋਂ ਮਿਲਿਆ ਸਬਕ

ਤਸਵੀਰ ਸਰੋਤ, Getty Images
ਪਰ ਕੁਝ ਪਰਿਵਾਰ ਹੁਣ ਪਿਛਲੀਆਂ ਗ਼ਲਤੀਆਂ ਤੋਂ ਸਿੱਖ ਰਹੇ ਹਨ।
2000 ਦੇ ਦਹਾਕੇ ਵਿੱਚ ਦੇਸ਼ ਦੇ ਸਭ ਤੋਂ ਵੱਡੇ ਵਪਾਰਕ ਸਮੂਹਾਂ ਵਿੱਚੋਂ ਇੱਕ ਬਜਾਜ ਪਰਿਵਾਰ ਦੇ ਉੱਤਰਾਧਿਕਾਰ ਨਾਲ ਜੁੜੇ ਵਿਵਾਦ ਦਾ ਨਿਪਟਾਰਾ ਅਦਾਲਤ ਵਿੱਚ ਹੋਇਆ ਸੀ।
ਇਸ ਤੋਂ ਬਾਅਦ ਪਰਿਵਾਰ ਦੇ ਮੁਖੀ ਨੇ ਇੱਕ ਉੱਤਰਾਧਿਕਾਰ ਯੋਜਨਾ ਬਣਾਈ ਜਿਸ ਵਿੱਚ ਪੁੱਤਾਂ ਅਤੇ ਚਚੇਰੇ ਭਰਾਵਾਂ ਵਿੱਚ ਜ਼ਿੰਮੇਵਾਰੀਆਂ ਵੰਡੀਆਂ ਗਈਆਂ।
ਕੰਪਨੀ ਦੇ ਬਿਆਨ ਮੁਤਾਬਕ ਹੁਣ ਸਮੂਹ ਇੱਕ ਪਰਿਵਾਰਕ ਕੌਂਸਲ ਜ਼ਰੀਏ ਸਰਬਸੰਮਤੀ ਨਾਲ ਚਲਦਾ ਹੈ।
ਪਿਛਲੇ ਸਾਲ ਭਾਰਤ ਦੇ ਸਭ ਤੋਂ ਪੁਰਾਣੇ ਵਪਾਰਕ ਘਰਾਣਿਆਂ ਵਿੱਚੋਂ ਇੱਕ ਗੋਦਰੇਜ ਗਰੁੱਪ, ਜਿਸਦੇ ਕਾਰੋਬਾਰ ਤਾਲੇ ਤੋਂ ਲੈ ਕੇ ਰੀਅਲ ਅਸਟੇਟ ਤੱਕ ਹਨ ਨੇ ਆਪਸੀ ਸਹਿਮਤੀ ਨਾਲ ਆਪਣੇ ਅਰਬ ਡਾਲਰ ਦੇ ਕਾਰੋਬਾਰ ਨੂੰ ਵੰਡਣ ਦਾ ਐਲਾਨ ਕੀਤਾ ਸੀ।
ਨੇਰਲੇਕਰ ਦੇ ਮੁਤਾਬਕ, "ਪਰਿਵਾਰਾਂ ਨੂੰ ਉੱਤਰਾਧਿਕਾਰ ਯੋਜਨਾਬੰਦੀ 'ਤੇ ਕੰਮ ਕਰਨਾ ਚਾਹੀਦਾ ਹੈ ਅਤੇ ਸ਼ਾਸਨ ਢਾਂਚੇ ਬਣਾਉਣੇ ਚਾਹੀਦੇ ਹਨ ਜਿਸ ਵਿੱਚ ਇੱਕ ਮਜ਼ਬੂਤ ਬੋਰਡ ਸ਼ਾਮਲ ਹੋਵੇ।"
"ਲੀਡਰਸ਼ਿਪ ਸਮੇਂ ਸਿਰ ਅਗਲੀ ਪੀੜ੍ਹੀ ਨੂੰ ਸੌਂਪੀ ਜਾਣੀ ਚਾਹੀਦੀ ਹੈ ਅਤੇ ਮੁਖੀ ਨੂੰ ਉਨ੍ਹਾਂ ਨੂੰ ਤਿਆਰੀ ਲਈ ਸਮਾਂ ਦੇਣਾ ਚਾਹੀਦਾ ਹੈ ਤਾਂ ਜੋ ਕੋਈ ਪਰਿਵਾਰਕ ਵਿਵਾਦ ਨਾ ਹੋਵੇ।"
ਅਜਿਹਾ ਲੱਗਦਾ ਹੈ ਕਿ ਮੁਕੇਸ਼ ਅੰਬਾਨੀ ਵਰਗੇ ਲੋਕਾਂ ਨੇ ਇਸਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਉਨ੍ਹਾਂ ਦੇ ਤਿੰਨ ਬੱਚਿਆਂ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ।
ਰਾਮਚੰਦਰਨ ਦਾ ਕਹਿਣਾ ਹੈ, "ਉਤਰਾਧਿਕਾਰ ਦਾ ਫ਼ੈਸਲਾ ਰਾਤੋ-ਰਾਤ ਨਹੀਂ ਲਿਆ ਜਾ ਸਕਦਾ।"
ਉਨ੍ਹਾਂ ਦੇ ਮੁਤਾਬਕ, "ਯੋਜਨਾ ਦੇ ਤਹਿਤ ਨਿਰਧਾਰਤ ਸਮੇਂ ਦੇ ਅੰਦਰ ਪਰਿਵਾਰ ਅਤੇ ਪ੍ਰਬੰਧਨ ਟੀਮ ਦੋਵਾਂ ਨੂੰ ਤਿਆਰ ਕਰਨਾ ਬਹੁਤ ਜ਼ਰੂਰੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












