ਪੰਜਾਬ ਦਾ ਸਿਹਤ ਮੰਤਰੀ ਬਲਬੀਰ ਸਿੰਘ, ਜੋ ਬਰੋਟੇ ਹੇਠ ਪੜ੍ਹਿਆ ਤੇ ਕਿਸਾਨੀ ਅੰਦੋਲਨ ਨਾਲ ਖੜ੍ਹਿਆ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਵਾਰ ਫ਼ਿਰ ਤੋਂ ਸੂਬੇ ਵਿੱਚ ਇੱਕ ਡਾਕਟਰ ਨੂੰ ਸਿਹਤ ਮੰਤਰੀ ਬਣਾਇਆ ਹੈ।

ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾਕਟਰ ਬਲਬੀਰ ਸਿੰਘ ਨੇ ਪੰਜਾਬ ਦੇ ਨਵੇਂ ਸਿਹਤ ਮੰਤਰੀ ਵੱਜੋਂ ਸ਼ਨੀਵਾਰ ਨੂੰ ਸਹੁੰ ਚੁੱਕੀ ਹੈ।

ਇਸ ਤੋਂ ਪਹਿਲਾਂ ਮਾਨਸਾ ਤੋਂ 'ਆਪ' ਵਿਧਾਇਕ ਡਾਕਟਰ ਵਿਜੇ ਸਿੰਗਲਾ ਨੂੰ ਸਿਹਤ ਮੰਤਰੀ ਬਣਾਇਆ ਗਿਆ ਸੀ ਪਰ ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਕਥਿਤ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਜੇਲ੍ਹ ਭੇਜ ਦਿੱਤਾ ਸੀ।

ਸਿੰਗਲਾ ਤੋਂ ਬਾਅਦ ਚੇਤਨ ਸਿੰਘ ਜੌੜਾਮਾਜਰਾ ਨੂੰ ਸਿਹਤ ਮੰਤਰੀ ਬਣਾਇਆ ਗਿਆ ਸੀ ਜੋ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਨਾਲ ਕਥਿਤ ਦੁਰਵਿਵਹਾਰ ਕਾਰਨ ਅਲੋਚਨਾ ਦਾ ਸ਼ਿਕਾਰ ਹੋਏ ਸਨ।

ਨਵੇਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਕਹਿਣਾ ਹੈ ਕਿ ਉਹ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੇ ਹਨ।

ਨਵੇਂ ਸਿਹਤ ਮੰਤਰੀ ਡਾ ਬਲਬੀਰ ਸਿੰਘ ਕੌਣ ਹਨ

ਡਾਕਟਰ ਬਲਬੀਰ ਸਿੰਘ ਦਾ ਜਨਮ ਨਵਾਂਸ਼ਹਿਰ ਦੇ ਪਿੰਡ ਭੌਰਾ ਪਿੰਡ ਵਿੱਚ ਹੋਇਆ ਸੀ।

ਉਹਨਾਂ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ ਸੀ।

ਅੱਖਾਂ ਦਾ ਡਾਕਟਰ ਬਣਨ ਤੋਂ ਬਾਅਦ ਉਹ ਲੰਮੇ ਸਮੇਂ ਤੋਂ ਪਟਿਆਲਾ ਸ਼ਹਿਰ ਵਿੱਚ ਰਹਿ ਰਹੇ ਹਨ।

ਰਾਜਨੀਤੀ ’ਚ ਕਦਮ

ਡਾਕਟਰ ਬਲਬੀਰ ਸਿੰਘ ਨੇ ਸਾਲ 2014 ਵਿੱਚ ਰਾਜਨੀਤੀ ਵਿੱਚ ਕਦਮ ਰੱਖਿਆ ਅਤੇ ਇਸੇ ਸਾਲ ਹੋਈਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਲਈ ਸਰਗਰਮ ਗਤੀਵਿਧੀਆਂ ਕੀਤੀਆਂ ।

ਡਾਕਟਰ ਬਲਬੀਰ ਸਿੰਘ ਨੇ ਸਾਲ 2017 ਵਿੱਚ ਪਟਿਆਲਾ ਸ਼ਹਿਰੀ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਚੋਣ ਲੜੀ ਸੀ ਪਰ ਉਹ ਅਮਰਿੰਦਰ ਸਿੰਘ ਤੋਂ ਹਾਰ ਗਏ ਸਨ।

ਸਾਲ 2022 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਡਾਕਟਰ ਬਲਬੀਰ ਸਿੰਘ ਨੇ ਪਟਿਆਲਾ ਦਿਹਾਤੀ ਤੋਂ ਚੋਣ ਲੜੀ ਅਤੇ ਉਹਨਾਂ ਨੇ ਕਾਂਗਰਸ ਸਰਕਾਰ ਵਿੱਚ ਮੰਤਰੀ ਰਹੇ ਬ੍ਰਹਮ ਮਹਿੰਦਰਾ ਦੇ ਪੁੱਤਰ ਮੋਹਿਤ ਮਹਿੰਦਰਾ ਨੂੰ 50,000 ਤੋਂ ਵੱਧ ਵੋਟਾਂ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ ਸੀ।

ਅਰਵਿੰਦ ਕੇਜਰੀਵਾਲ ਵੱਲੋਂ ਬਿਕਰਮ ਸਿੰਘ ਮਜੀਠੀਆ ਤੋਂ ਮੰਗੀ ਮੁਆਫ਼ੀ ਤੋਂ ਬਾਅਦ ਭਗਵੰਤ ਮਾਨ ਅਤੇ ਅਮਨ ਅਰੋੜਾ ਨੇ ਪਾਰਟੀ ਦੇ ਕਨਵੀਨਰ ਅਤੇ ਕੋ-ਕਨਵੀਨਰ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਉਨ੍ਹਾਂ ਦੇ ਅਸਤੀਫ਼ੇ ਤੋਂ ਬਾਅਦ ਡਾ. ਬਲਬੀਰ ਸਿੰਘ ਨੂੰ ਪਾਰਟੀ ਦਾ ਕੋ-ਕਨਵੀਨਰ ਨਿਯੁਕਤ ਕੀਤਾ ਗਿਆ ਸੀ।

ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸਾਲ 2020 ਵਿੱਚ ਦਿੱਲੀ ਦੇ ਬਾਰਡਰਾਂ ਉਪਰ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਵੀ ਉਹਨਾਂ ਨੇ ਮੁਫ਼ਤ ਮੈਡੀਕਲ ਕੈਂਪ ਲਗਾਏ ਸਨ।

  • ਪਟਿਆਲਾ ਦਿਹਾਤੀ ਤੋਂ 'ਆਪ' ਵਿਧਾਇਕ ਡਾਕਟਰ ਬਲਬੀਰ ਸਿੰਘ ਪੰਜਾਬ ਦੇ ਨਵੇਂ ਸਿਹਤ ਮੰਤਰੀ ਬਣ ਗਏ ਹਨ
  • ਉਨ੍ਹਾਂ ਨੇ 2014 ਵਿੱਚ ਸਿਆਸਤ 'ਚ ਕਦਮ ਰੱਖਿਆ ਤੇ 'ਆਪ' ਲਈ ਚੋਣਾਂ ਵਿੱਚ ਕਾਫੀ ਸਰਗਰਮ ਰਹੇ
  • 2017 ਦੀਆਂ ਆਮ ਚੋਣਾਂ 'ਚ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਲੜੇ ਪਰ ਹਾਰ ਗਏ
  • ਜਦਕਿ 2022 ਦੀਆਂ ਚੋਣਾਂ 'ਚ ਬ੍ਰਹਮ ਮਹਿੰਦਰਾ ਦੇ ਪੁੱਤਰ ਮੋਹਿਤ ਮਹਿੰਦਰਾ ਨੂੰ 50,000 ਤੋਂ ਵੱਧ ਵੋਟਾਂ ਨਾਲ ਹਰਾਇਆ
  • ਬਲਬੀਰ ਸਿੰਘ ਅੱਖਾਂ ਦੇ ਡਾਕਟਰ ਹਨ ਤੇ ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਨੇ ਮੁਫ਼ਤ ਮੈਡੀਕਲ ਕੈਂਪ ਵੀ ਲਗਾਏ ਸਨ
  • ਉਨ੍ਹਾਂ ਦਾ ਨਾਮ ਇੱਕ ਜ਼ਮੀਨੀ ਵਿਵਾਦ 'ਚ ਵੀ ਸ਼ਾਮਲ ਹੈ, ਜਿਸ ਨੂੰ ਲੈ ਕੇ ਉਨ੍ਹਾਂ ਨੂੰ ਸਜ਼ਾ ਸੁਣਾਈ ਗਈ ਸੀ, ਜਿਸ 'ਤੇ ਰੋਕ ਲੱਗ ਗਈ ਸੀ

ਸਿਹਤ ਮੰਤਰੀ ਬਣਨ ਤੋਂ ਬਾਅਦ ਬਲਬੀਰ ਸਿੰਘ ਨੇ ਕੀ ਕਿਹਾ ?

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ।

ਬਲਬੀਰ ਸਿੰਘ ਨੇ ਆਖਿਆ, “ਨਸ਼ਾ ਇੱਕ ਮਾਨਸਿਕ ਰੋਗ ਹੈ ਪਰ ਨਸ਼ੇ ਦੀ ਤਸਕਰੀ ਕਾਨੂੰਨ ਵਿਵਸਥਾ ਦਾ ਮੁੱਦਾ ਹੈ। ਨਾਲ ਹੀ ਮੈਡੀਕਲ ਸਿੱਖਿਆ ਵਿੱਚ ਸੁਧਾਰ ਕਰਨ ਦੀ ਬਹੁਤ ਲੋੜ ਹੈ।”

“ਪੰਜਾਬ ਵਿੱਚ ਪਹਿਲੇ ਟੀਕਾ ਲਗਾਉਣ ਵਾਲੇ ਲੋਕ ਨਹੀਂ ਹੁੰਦੇ ਸਨ। ਮੇਰਾ ਪਹਿਲਾ ਕਦਮ ਜੋ ਲੋਕ ਟੀਕੇ ਲਗਾਉਂਦੇ ਹਨ, ਉਹਨਾਂ ਨੂੰ ਦਵਾਈ ’ਤੇ ਲੈ ਕੇ ਆਉਣਾ ਹੈ ਤਾਂ ਜੋ ਮੌਤਾਂ ਹੋਣੀਆਂ ਬੰਦ ਹੋ ਜਾਣ।”

“ਮੇਰੀ ਕੋਸ਼ਿਸ਼ ਹੈ ਕਿ ਟੀਕੇ ਲਗਾਉਣ ਵਾਲਿਆਂ ਨੂੰ ਛੇ ਮਹੀਨਿਆਂ ਵਿੱਚ ਹਟਾ ਦੇਵਾਂ। ਭਾਵੇਂ ਕਿ ਇਹ ਇੱਕ ਲੰਮਾਂ ਕੰਮ ਹੈ।”

ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੇਰਾ ਦੂਜਾ ਕੰਮ ਐਮਰਜੈਂਸੀ ਸੇਵਾਵਾਂ ਉਪਰ ਹੋਵੇਗਾ। ਐਂਬੂਲੈਂਸ ਪੰਜਾਬ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣੀਆਂ ਹਨ।

ਉਨ੍ਹਾਂ ਕਿਹਾ, “ਚੁਣੌਤੀਆਂ ਦੇ ਨਾਲ-ਨਾਲ ਸੰਭਾਵਨਾਵਾਂ ਵੀ ਹੁੰਦੀਆਂ ਹਨ। ਮੈਂ ਪਿੰਡ ਦੇ ਸਕੂਲ ਵਿੱਚ ਬਰੋਟੇ ਹੇਠਾਂ ਪੜ੍ਹਿਆ ਹਾਂ। ਮੈਂ ਜਦੋਂ ਕਹਿੰਦਾ ਸੀ ਕਿ ਡਾਕਟਰ ਬਣਨਾ ਹੈ ਤਾਂ ਲੋਕ ਹੱਸਦੇ ਸਨ, ਮੈਂ ਕਿਹਾ ਮੈਡੀਕਲ ਕਾਲਜ ਵਿੱਚ ਪੜ੍ਹਾਉਣਾ ਹੈ, ਲੋਕ ਹੱਸਦੇ ਸਨ ਅਤੇ ਜਦੋਂ ਮੈਂ ਕਿਹਾ ਕਿ ਰਾਜਨੀਤੀ ਵਿੱਚ ਜਾਣਾ ਹੈ ਤਾਂ ਵੀ ਲੋਕ ਹੱਸਦੇ ਸਨ।”

ਇਹ ਵੀ ਪੜ੍ਹੋ:

ਜ਼ਮੀਨ ਨਾਲ ਜੁੜੇ ਮਾਮਲੇ ਵਿੱਚ ਹੋਈ ਸੀ 3 ਸਾਲ ਦੀ ਸਜ਼ਾ

ਪਿਛਲੇ ਸਾਲ ਮਈ ਮਹੀਨੇ ਵਿੱਚ ਡਾ. ਬਲਬੀਰ ਸਿੰਘ ਨੂੰ ਜ਼ਮੀਨ ਨਾਲ ਜੁੜੇ ਇੱਕ ਮਾਮਲੇ ਵਿੱਚ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਸੀ ਹਾਲਾਂਕਿ ਉਨ੍ਹਾਂ ਨੂੰ ਮੌਕੇ 'ਤੇ ਹੀ ਜ਼ਮਾਨਤ ਵੀ ਮਿਲ ਗਈ ਸੀ।

ਰੋਪੜ ਅਦਾਲਤ ਦੇ ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਰਵੀਇੰਦਰ ਸਿੰਘ ਵੱਲੋਂ ਡਾ. ਬਲਬੀਰ ਸਿੰਘ ਦੇ ਨਾਲ ਤਿੰਨ ਹੋਰ ਲੋਕਾਂ ਨੂੰ ਵੀ ਤਿੰਨ ਸਾਲ ਦੀ ਸਜ਼ਾ ਸਾਲ 2011 ਦੇ ਕੇਸ ਵਿੱਚ ਸੁਣਾਈ ਗਈ ਸੀ।

ਇਸ ਸਜ਼ਾ 'ਤੇ ਸੈਸ਼ਨ ਕੋਰਟ ਨੇ ਬਾਅਦ ਵਿੱਚ ਰੋਕ ਲਗਾ ਦਿੱਤੀ ਸੀ।

ਪੰਜਾਬ ਦੇ ਮੰਤਰਾਲਿਆਂ ’ਚ ਫੇਰ ਬਦਲ

ਪੰਜਾਬ ਕੈਬਨਿਟ ਵਿੱਚੋਂ ਫੌਜਾ ਸਿੰਘ ਸਰਾਰੀ ਨੇ ਅਸਤੀਫ਼ਾ ਦੇ ਦਿੱਤਾ ਹੈ। ਹਾਲਾਂਕਿ ਉਨ੍ਹਾਂ ਨੇ ਅਸਤੀਫ਼ੇ ਦਾ ਕਾਰਨ ਨਿੱਜੀ ਦੱਸਿਆ ਹੈ।

ਫੌਜਾ ਸਿੰਘ ਸਰਾਰੀ ਕੋਲ ਫੂਡ ਪ੍ਰੋਸੈਸਿੰਗ ਤੇ ਸਾਬਕਾ ਫੌਜੀਆਂ ਦੇ ਭਲਾਈ ਦਾ ਮੰਤਰਾਲਾ ਸੀ।

ਫੌਜਾ ਸਿੰਘ ਸਰਾਰੀ ਦਾ ਕਥਿਤ ਆਡੀਓ ਟੇਪ ਵਾਇਰਲ ਹੋਇਆ ਸੀ ਜਿਸ ਨੂੰ ਲੈ ਕੇ ਉਨ੍ਹਾਂ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਸਨ।

ਇਸ ਦੇ ਨਾਲ ਹੀ ਮੰਤਰਾਲਿਆਂ ਵਿੱਚ ਕਾਫ਼ੀ ਫੇਰ ਬਦਲ ਹੋਇਆ ਹੈ।

ਪੰਜਾਬ ਦਾ ਜੇਲ੍ਹ ਵਿਭਾਗ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹੱਥ ਵਿੱਚ ਲੈ ਲਿਆ ਹੈ। ਇਸ ਤੋਂ ਪਹਿਲਾਂ ਜੇਲ੍ਹ ਵਿਭਾਗ ਹਰਜੋਤ ਬੈਂਸ ਕੋਲ ਸੀ।

ਮਾਈਨਿੰਗ ਵਿਭਾਗ ਵੀ ਹਰਜੋਸ ਬੈਂਸ ਤੋਂ ਲੈ ਕੇ ਖੇਡ ਮੰਤਰੀ ਮੀਤ ਹੇਅਰ ਨੂੰ ਦੇ ਦਿੱਤਾ ਗਿਆ ਹੈ।

ਸਾਬਕਾ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਸਾਰੇ ਵਿਭਾਗ ਬਦਲ ਦਿੱਤੇ ਗਏ ਹਨ। ਉਹਨਾਂ ਨੂੰ ਹੋਟਰੀਕਲਚਰ ਅਤੇ ਡਿਫੈਂਸ ਦੇ ਵਿਭਾਗ ਦਿੱਤੇ ਗਏ ਹਨ।

ਹਰਜੋਤ ਬੈਂਸ ਕੋਲ ਹੁਣ ਟੈਕਨੀਕਲ ਅਤੇ ਉੱਚ ਸਿੱਖਿਆ ਵਿਭਾਗ, ਸਕੂਲ ਅਤੇ ਇੰਡਸਟਰੀਆਲ ਟਰੇਨਿੰਗ ਹੈ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)