ਆਪ ਵਿਧਾਇਕ ਡਾ. ਬਲਬੀਰ ਸਿੰਘ ਨੂੰ 3 ਸਾਲ ਦੀ ਹੋਈ ਸਜ਼ਾ, ਕੀ ਹੈ ਮਾਮਲਾ

    • ਲੇਖਕ, ਗੁਰਮਿੰਦਰ ਸਿੰਘ ਗਰੇਵਾਲ
    • ਰੋਲ, ਬੀਬੀਸੀ ਸਹਿਯੋਗੀ

ਆਮ ਆਦਮੀ ਪਾਰਟੀ ਦੇ ਪਟਿਆਲਾ (ਦਿਹਾਤੀ) ਤੋਂ ਵਿਧਾਇਕ ਡਾ. ਬਲਬੀਰ ਸਿੰਘ ਨੂੰ ਜ਼ਮੀਨ ਨਾਲ ਜੁੜੇ ਮਾਮਲੇ ਵਿੱਚ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ। ਹਾਲਾਂਕਿ ਉਨ੍ਹਾਂ ਨੂੰ ਮੌਕੇ 'ਤੇ ਹੀ ਜ਼ਮਾਨਤ ਵੀ ਮਿਲ ਗਈ ਹੈ।

ਇਹ ਮਾਮਲਾ 2011 ਦਾ ਹੈ।

ਖੇਤਾਂ ਨੂੰ ਪਾਣੀ ਲਗਾਉਣ ਦਾ ਮਾਮਲਾ

ਰੋਪੜ ਅਦਾਲਤ ਦੇ ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਰਵੀਇੰਦਰ ਸਿੰਘ ਵੱਲੋਂ ਡਾ. ਬਲਬੀਰ ਸਿੰਘ ਦੇ ਨਾਲ ਤਿੰਨ ਹੋਰ ਲੋਕਾਂ ਨੂੰ ਵੀ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ।

ਮਿਲੀ ਜਾਣਕਾਰੀ ਮੁਤਾਬਕ ਡਾ. ਬਲਬੀਰ ਸਿੰਘ ਖ਼ਿਲਾਫ਼ 13 ਜੂਨ, 2011 ਨੂੰ ਉਨ੍ਹਾਂ ਦੀ ਪਤਨੀ ਦੀ ਭੈਣ ਰੁਪਿੰਦਰਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਮੇਵਾ ਸਿੰਘ ਵੱਲੋਂ ਕੇਸ ਦਰਜ ਕਰਵਾਇਆ ਗਿਆ ਸੀ।

ਡਾ. ਬਲਬੀਰ ਸਿੰਘ ਉੱਪਰ ਇਲਜ਼ਾਮ ਹਨ ਕਿ ਉਨ੍ਹਾਂ ਨੇ ਦੂਜੇ ਮੁਲਜ਼ਮ ਰਾਹੁਲ ਅਤੇ ਪਰਮਿੰਦਰ ਸਿੰਘ ਨਾਲ ਮਿਲ ਕੇ ਰੁਪਿੰਦਰਜੀਤ ਅਤੇ ਮੇਵਾ ਸਿੰਘ ਉੱਪਰ ਹਮਲਾ ਕੀਤਾ ਸੀ।

ਡਾ. ਬਲਬੀਰ ਸਿੰਘ ਨੇ ਆਖਿਆ,"ਇਹ ਪਰਿਵਾਰਕ ਮਾਮਲਾ ਹੈ। ਹਾਈ ਕੋਰਟ ਵੱਲੋਂ ਸਾਡੇ ਪਰਿਵਾਰ ਨੂੰ ਰਾਹਤ ਦਿੱਤੀ ਗਈ ਹੈ। ਅਸੀਂ ਹੁਣ ਸੈਸ਼ਨ ਕੋਰਟ ਜਾਵਾਂਗੇ ਅਤੇ ਸਾਨੂੰ ਯਕੀਨ ਹੈ ਕਿ ਸਾਨੂੰ ਇਨਸਾਫ ਮਿਲੇਗਾ।''

''ਸਾਡੇ ਉੱਪਰ ਹਮਲਾ ਹੋਇਆ ਸੀ ਅਤੇ ਸਾਡੇ ਉੱਪਰ ਕੇਸ ਕੀਤਾ ਗਿਆ।"

ਉਨ੍ਹਾਂ ਨੇ ਇਸ ਮਾਮਲੇ ਦੇ ਕਾਰਨਾਂ ਨੂੰ ਸਿਆਸੀ ਦੱਸਿਆ।

ਸ਼ਿਕਾਇਤਕਰਤਾ ਪਰਮਜੀਤ ਕੌਰ ਅਤੇ ਮੇਵਾ ਸਿੰਘ ਦੇ ਭੁਪਿੰਦਰ ਸਿੰਘ ਨੇ ਦੱਸਿਆ,"ਪਰਮਜੀਤ ਕੌਰ ਅਤੇ ਮੇਵਾ ਸਿੰਘ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ਡਾ ਬਲਬੀਰ ਸਿੰਘ ਅਤੇ ਉਨ੍ਹਾਂ ਨਾਲ ਦੋ ਹੋਰ ਲੋਕਾਂ ਨੇ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਵੱਲੋਂ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ।"

ਕਈ ਸਾਲ ਤੱਕ ਪਾਰਟੀ ਦੇ ਕੋ-ਕਨਵੀਨਰ ਰਹੇ ਹਨ ਡਾ. ਬਲਬੀਰ ਸਿੰਘ

ਬਲਬੀਰ ਸਿੰਘ ਆਮ ਆਦਮੀ ਪਾਰਟੀ ਦੇ ਪਟਿਆਲਾ ਦਿਹਾਤੀ ਤੋਂ ਵਿਧਾਇਕ ਹਨ।

ਉਹ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਕਨਵੀਨਰ ਰਹੇ ਹਨ।

ਅਰਵਿੰਦ ਕੇਜਰੀਵਾਲ ਵੱਲੋਂ ਬਿਕਰਮ ਸਿੰਘ ਮਜੀਠੀਆ ਤੋਂ ਮੰਗੀ ਮੁਆਫ਼ੀ ਤੋਂ ਬਾਅਦ ਭਗਵੰਤ ਮਾਨ ਅਤੇ ਅਮਨ ਅਰੋੜਾ ਨੇ ਪਾਰਟੀ ਦੇ ਕਨਵੀਨਰ ਅਤੇ ਕੋ-ਕਨਵੀਨਰ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਦੇ ਅਸਤੀਫ਼ੇ ਤੋਂ ਬਾਅਦ ਡਾ ਬਲਬੀਰ ਸਿੰਘ ਨੂੰ ਪਾਰਟੀ ਦਾ ਕੋ-ਕਨਵੀਨਰ ਨਿਯੁਕਤ ਕੀਤਾ ਗਿਆ ਸੀ।

2017 ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਹ ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ। ਉਹ ਇਹ ਚੋਣਾਂ ਹਾਰ ਗਏ ਸਨ।

ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਪਟਿਆਲਾ ਵਿਖੇ ਅੱਖਾਂ ਦੇ ਡਾਕਟਰ ਵੀ ਰਹੇ ਹਨ। 2011 ਵਿੱਚ ਉਨ੍ਹਾਂ ਨੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਵਿੱਚ ਹਿੱਸਾ ਵੀ ਲਿਆ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)