You’re viewing a text-only version of this website that uses less data. View the main version of the website including all images and videos.
ਮਜ਼ਦੂਰੀ, ਪੁਲਿਸ ਦੀ ਨੌਕਰੀ ਤੇ ਹੁਣ ਮੰਤਰੀ ਵਜੋਂ ਅਸਤੀਫ਼ਾ- ਫੌਜਾ ਸਿੰਘ ਸਰਾਰੀ ਨੂੰ ਜਾਣੋ
ਪੰਜਾਬ ਕੈਬਨਿਟ ਵਿੱਚੋਂ ਫੌਜਾ ਸਿੰਘ ਸਰਾਰੀ ਨੇ ਅਸਤੀਫ਼ਾ ਦੇ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਫੌਜਾ ਸਿੰਘ ਸਰਾਰੀ ਕੋਲ ਫੂਡ ਪ੍ਰੋਸੈਸਿੰਗ ਤੇ ਸਾਬਕਾ ਫੌਜੀਆਂ ਦੇ ਭਲਾਈ ਦਾ ਮੰਤਰਾਲਾ ਸੀ।
ਖ਼ਬਰ ਏਜੰਸੀ ਏਐਨਆਈ ਨਾਲ ਗੱਲ ਕਰਦਿਆ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ, “ਫੌਜਾ ਸਿੰਘ ਸਰਾਰੀ ਨੇ ਜੋ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਭਾਵਨਾ ਦਿਖਾਈ ਹੈ, ਪਾਰਟੀ ਉਸ ਦਾ ਸਤਿਕਾਰ ਕਰਦੀ ਹੈ।”
ਕੰਗ ਨੇ ਕਿਹਾ, “ਜਿੱਥੋਂ ਤੱਕ ਭ੍ਰਿਸ਼ਟਾਚਾਰ ਦੀ ਗੱਲ ਹੈ, ਉਸ ਉਪਰ ਆਮ ਆਦਮੀ ਪਾਰਟੀ ਕੋਈ ਸਮਝੌਤਾ ਨਹੀਂ ਕਰਦੀ। ਪਰ ਪਾਰਟੀ ਉਹਨਾਂ ਦੇ ਨਿੱਜੀ ਕਾਰਨਾਂ ਦਾ ਵੀ ਸਨਮਾਨ ਕਰਦੀ ਹੈ।”
ਬੀਤੇ ਵਿਧਾਨ ਸਭਾ ਸੈਸ਼ਨ ਵਿੱਚ ਵਿਰੋਧੀ ਧਿਰ ਵੱਲੋਂ ਫੌਜਾ ਸਿੰਘ ਸਰਾਰੀ ਉੱਤੇ ਕਥਿਤ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਲਈ ਅਸਤੀਫ਼ੇ ਦੀ ਮੰਗ ਵੀ ਕੀਤੀ ਗਈ ਸੀ।
ਫੌਜਾ ਸਿੰਘ ਸਰਾਰੀ ਦਾ ਕਥਿਤ ਆਡੀਓ ਟੇਪ ਵਾਇਰਲ ਹੋਇਆ ਸੀ ਜਿਸ ਨੂੰ ਲੈ ਕੇ ਉਨ੍ਹਾਂ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਸਨ। ਫੌਜਾ ਸਿੰਘ ਸਰਾਰੀ ਵੱਲੋਂ ਇਨ੍ਹਾਂ ਇਲਜ਼ਾਮਾਂ ਦਾ ਖੰਡਨ ਕੀਤਾ ਗਿਆ ਸੀ।
‘ਮੇਰਾ ਕੋਲ ਸੱਚ ਤੇ ਇਮਾਨਦਾਰੀ ਤੋਂ ਬਿਨਾਂ ਕੁੱਝ ਨਹੀਂ’
ਪਿਛਲੇ ਸਾਲ ਜੁਲਾਈ ਮਹੀਨੇ ਬੀਬੀਸੀ ਨਾਲ ਇੱਕ ਇੰਟਰਵਿਊ ਵਿੱਚ ਫੌਜਾ ਸਿੰਘ ਸਰਾਰੀ ਨੇ ਕਿਹਾ ਸੀ ਉਹਨਾਂ ਨੂੰ ਪਾਰਟੀ ਦਾ ਦਿੱਲੀ ਤੋਂ ਇੱਕ ਫੋਨ ਆਇਆ ਸੀ ਜਿਸ ਵਿੱਚ ਉਹਨਾਂ ਨੂੰ ਚੋਣਾਂ ਦੀ ਟਿਕਟ ਦੇਣ ਬਾਰੇ ਜਾਣਕਾਰੀ ਦਿੱਤੀ ਗਈ ਸੀ।
ਸਰਾਰੀ ਨੇ ਕਿਹਾ, “ਫੋਨ ਕਰਨ ਵਾਲੇ ਦਾ ਮੈਂ ਨਾਮ ਵੀ ਨਹੀਂ ਪੁੱਛਿਆ। ਮੈਂ ਪਾਰਟੀ ਨੂੰ ਕਿਹਾ ਸੀ ਕਿ ਜੇਕਰ ਮੇਰੇ ਉਪਰ ਵਿਸ਼ਵਾਸ਼ ਕੀਤਾ ਗਿਆ ਹੈ ਤਾਂ ਮੈਂ ਕਦੇ ਵੀ ਵਿਸ਼ਵਾਸ਼ਘਾਤ ਨਹੀਂ ਕਰਾਂਗਾ। ਜੋ ਡਿਉਟੀ ਲੱਗੇਗੀ, ਪੂਰੀ ਕਰਾਂਗਾ। ਮੇਰਾ ਕੋਲ ਸੱਚ ਤੇ ਇਮਾਨਦਾਰੀ ਤੋਂ ਬਿਨਾਂ ਕੁੱਝ ਨਹੀਂ ਸੀ।”
ਫੌਜਾ ਸਿੰਘ ਸਰਾਰੀ ਦਾ ਪਿਛੋੋਕੜ
ਫੌਜਾ ਸਿੰਘ ਸਰਾਰੀ ਐੱਸਸੀ ਭਾਈਚਾਰੇ ਨਾਲ ਸਬੰਧ ਰੱਖਦੇ ਹਨ ਅਤੇ ਉਹ ਗੁਰੂ ਹਰ ਸਹਾਏ ਤੋਂ ‘ਆਪ’ ਦੇ ਵਿਧਾਇਕ ਹਨ।
ਬੀਬੀਸੀ ਦੀ ਇੱਕ ਇੰਟਰਵਿਊ ਵਿੱਚ ਸਰਾਰੀ ਨੇ ਕਿਹਾ ਸੀ, “ਮੇਰਾ ਮਕਸਦ ਰਾਜਨੀਤੀ ਵਿੱਚ ਆ ਕੇ ਆਪਣਾ ਆਪ ਚਮਕਾਉਣਾ ਨਹੀਂ ਸੀ। ਮੇਰਾ ਮਕਸਦ ਸੀ ਕਿ ਨੌਜਵਾਨ ਪੀੜੀ ਨੂੰ ਉਹਨਾਂ ਦੇ ਅਧਿਕਾਰਾਂ ਪ੍ਰਤੀ ਜਾਗਰੁਕ ਕੀਤਾ ਜਾਵੇ। ਉਹਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਨਾ ਜਾਣ ਅਤੇ ਰਾਜਨੀਤੀ ਤੋਂ ਨਾ ਭੱਜਣ ਦੀ ਅਪੀਲ ਕਰਨਾ ਸੀ।”
ਫੌਜਾ ਸਿੰਘ ਸਰਾਰੀ ਨੇ ਆਪਣੇ ਪਿਛੋਕੜ ਅਤੇ ਛੱਲੀਆਂ ਤੰਗੀਆਂ ਬਾਰੇ ਵੀ ਗੱਲਬਾਤ ਕੀਤੀ ਸੀ।
ਉਨ੍ਹਾਂ ਕਿਹਾ ਸੀ, “ਮੈਂ ਪੰਜਵੀ ਕਲਾਸ ਤੱਕ ਸਕੂਲ ਨਿੱਕਰ ਵਿੱਚ ਹੀ ਜਾਂਦਾ ਸੀ, ਪਜਾਮਾ ਤਾਂ ਛੇਵੀਂ ਕਲਾਸ ਵਿੱਚ ਜਾ ਕੇ ਨਸੀਬ ਹੋਇਆ ਸੀ।”
ਉਨ੍ਹਾਂ ਕਿਹਾ ਸੀ, “ਮੈਨੂੰ ਗਿਆਰੀ ਜਮਾਤ ਵਿੱਚ ਪਹਿਲੀ ਪੈਂਟ ਮਿਲੀ ਸੀ। ਮੈਂ ਅਤੇ ਮੇਰੇ ਭਰਾ ਖੇਤੀਬਾੜੀ ਦਾ ਕੰਮ ਕਰਦੇ ਸੀ। ਕਈ ਵਾਰ ਮਜ਼ਦੂਰੀ ਮਿਲ ਜਾਣੀ ਉਹ ਵੀ ਕਰਨੀ ਅਤੇ ਲੁਧਿਆਣਾ ਦੇ ਇਲਾਕਿਆਂ ਵਿੱਚ ਤਾਂ ਝੋਨਾ ਵੀ ਲਾਇਆ।”
ਫੌਜਾ ਸਿੰਘ ਸਰਾਰੀ ਪੰਜਾਬ ਪੁਲਿਸ ਵਿੱਚ ਸਨ। ਆਪਣੀ ਰਿਟਾਇਰਮੈਂਟ ਤੋਂ ਬਾਅਦ ਦਾ ਕਿੱਸਾ ਸੁਣਾਉਂਦਿਆਂ ਉਨ੍ਹਾਂ ਕਿਹਾ ਸੀ, ‘‘ਮੇਰੀ ਪਤਨੀ ਨੇ ਕਿਹਾ ਸੀ ਕਿ ਤੁਸੀਂ ਸੋਨੇ ਦਾ ਕੜਾ ਪਾਓ ਅਤੇ ਮੈਂ ਹੁਣ ਸੋਨੇ ਦੀ ਚੈਨੀ ਪਾਉਣੀ ਹੈ।’’
ਬੀਬੀਸੀ ਪੰਜਾਬੀ ਨਾਲ ਗੱਲਬਾਤ ਵਿੱਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੇ ਸੈਂਟਰੋ ਕਾਰ ਲੋਨ ਉੱਤੇ ਲਈ ਸੀ ਅਤੇ ਲੋਨ ਲੈ ਕੇ ਘਰ ਬਣਵਾਇਆ ਸੀ।
ਅਸਤੀਫਾ ਕਾਫੀ ਨਹੀਂ, ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇ: ਵਿਰੋਧੀ ਧਿਰਾਂ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ, “ਕੱਟੜ ਈਮਾਨਦਾਰ ਪਾਰਟੀ ਨੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦਾ ਅਸਤੀਫਾ ਲੈ ਕੇ ਇੱਕ ਤਾਂ ਉਹਨਾਂ ਨੂੰ ਭ੍ਰਿਸ਼ਟਾਚਾਰ ਮੁਕਤੀ ਦਾ ਸਰਟੀਫਿਕੇਟ ਦੇ ਦਿੱਤਾ ਹੈ ਤੇ ਦੂਜਾ ਭ੍ਰਿਸ਼ਟਾਰ 'ਤੇ ਜ਼ੀਰੋ ਟਾਲਰੈਂਸ ਵਾਲੇ ਦਾਅਵੇ ਦੀ ਵੀ ਫੂਕ ਨਿਕਲ ਗਈ ਹੈ,ਇਹ ਸਿਰਫ਼ ਲੋਕ ਵਿਖਾਵਾ ਹੈ।”
ਮਜੀਠੀਆ ਨੇ ਅੱਗੇ ਕਿਹਾ, “ਇਹ ਸਾਬਤ ਕਰਦਾ ਹੈ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਭ੍ਰਿਸ਼ਟਾਚਾਰ ਵਿੱਚ ਡੁੱਬੀ ਹੋਈ ਹੈ। ਫੌਜਾ ਸਿੰਘ ਸਰਾਰੀ ਦਾ ਅਸਤੀਫਾ ਕਾਫੀ ਨਹੀਂ। ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇ ਅਤੇ ਗ੍ਰਿਫਤਾਰ ਕੀਤਾ ਜਾਵੇ।”
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ, “ਇਕੱਲੇ ਅਸਤੀਫ਼ੇ ਨਾਲ ਗੱਲ ਨਹੀਂ ਚੱਲਣੀ, ਅਸਤੀਫ਼ਾ ਤਾਂ ਦੇਣਾ ਹੀ ਚਾਹੀਦਾ ਸੀ। ਇਸ ਦੀ ਜਾਂਚ ਵੀ ਹੋਣੀ ਚਾਹੀਦਾ। ਫੌਜਾ ਸਿੰਘ ਸਰਾਰੀ ਉਪਰ ਕੇਸ ਦਰਜ ਹੋਣਾ ਚਾਹੀਦਾ ਹੈ।
ਵੜਿੰਗ ਨੇ ਕਿਹਾ, “ਸਾਡੇ ਲੋਕਾਂ ਨੂੰ ਤਾਂ ਬਿਨਾਂ ਕਿਸੇ ਸਬੂਤ ਫੜ-ਫੜ ਦੇ ਅੰਦਰ ਕੀਤਾ ਜਾ ਰਿਹਾ ਹੈ ਪਰ ਆਪਣੇ ਬੰਦੇ ਲਈ ਏਨੀ ਢਿੱਲ ਨਹੀਂ ਵਰਤਨੀ ਚਾਹੀਦੀ। ਮੇਰੀ ਮੰਗ ਹੈ ਕਿ ਸਰਾਰੀ ਉਪਰ ਕੇਸ ਦਰਜ ਕਰਕੇ ਜਾਂਚ ਕੀਤੀ ਜਾਵੇ।”