You’re viewing a text-only version of this website that uses less data. View the main version of the website including all images and videos.
ਜੇਕਰ ਬੱਚਾ ਕਈ ਘੰਟਿਆਂ ਤੱਕ ਮੋਬਾਈਲ ਦੀ ਸਕਰੀਨ ਵੇਖਦਾ ਹੈ ਤਾਂ ਉਸਦਾ ਦਿਮਾਗ ਕਿਵੇਂ ਪ੍ਰਭਾਵਿਤ ਹੁੰਦਾ ਹੈ, ਖੋਜਾਂ ਵਿੱਚ ਕੀ ਸਾਹਮਣੇ ਆਇਆ
- ਲੇਖਕ, ਜ਼ੋਇ ਕਲੀਨਮੈਨ
- ਰੋਲ, ਤਕਨੀਕ ਸੰਪਾਦਕ
ਪਿਛਲੇ ਦਿਨੀਂ ਜਦੋਂ ਮੈਂ ਘਰ ਦੇ ਕੰਮ ਕਰ ਰਹੀ ਸੀ ਤਾਂ ਮੈਂ ਆਪਣੇ ਸਭ ਤੋਂ ਛੋਟੇ ਬੱਚੇ ਦਾ ਦਿਲ ਲਾਈ ਰੱਖਣ ਲਈ, ਉਸਦੇ ਪਿਤਾ ਦਾ ਆਈ-ਪੈਡ ਉਸ ਨੂੰ ਫੜਾ ਦਿੱਤਾ। ਪਰ ਕੁਝ ਦੇਰ ਬਾਅਦ ਅਚਾਨਕ ਮੈਨੂੰ ਬੇਚੈਨੀ ਪੈਦਾ ਹੋ ਗਈ। ਉਹ ਕਿੰਨਾ ਸਮਾਂ ਸਕਰੀਨ ਦੇ ਮੂਹਰੇ ਬੈਠਾ ਹੈ, ਜਾਂ ਉਹ ਕੀ ਦੇਖ ਰਿਹਾ ਹੈ, ਇਸ ਉੱਤੇ ਮੇਰੀ ਨਜ਼ਰ ਨਹੀਂ ਰਹੀ ਸੀ। ਇਸ ਲਈ ਮੈਂ ਉਸ ਨੂੰ ਕਹਿ ਹੀ ਦਿੱਤਾ ਕਿ ਹੁਣ, ਬੱਸ!
ਪੂਰਾ ਹੰਗਾਮਾ ਹੋਇਆ। ਉਸਨੇ ਲੱਤਾਂ ਚਲਾਈਆਂ, ਚੀਕਾਂ ਮਾਰੀਆਂ, ਉਹ ਇਸ ਨੂੰ ਚਿੰਬੜ ਗਿਆ ਅਤੇ ਮੈਨੂੰ, ਭਾਵੇਂ ਅਜੇ ਉਹ ਪੰਜ ਸਾਲ ਦਾ ਹੋਇਆ ਨੀ... ਪਰ ਪੂਰੇ ਜ਼ੋਰ ਨਾਲ ਧੱਕਣ ਦੀ ਵਾਹ ਲਾਈ। ਇੱਕ ਮਾਂ ਵਜੋਂ ਇਹ ਕੋਈ ਚੰਗਾ ਤਜਰਬਾ ਨਹੀਂ ਸੀ, ਪਰ ਸੱਚ ਕਹਾਂ ਤਾਂ ਇਸ ਨੇ ਮੈਨੂੰ ਘਬਰਾਹਟ ਛੇੜ ਦਿੱਤੀ।
ਮੇਰੇ ਵੱਡੇ ਬੱਚੇ ਵੀ ਸੋਸ਼ਲ ਮੀਡੀਆ ਚਲਾ ਰਹੇ ਹਨ, ਵਰਚੂਅਲ ਰਿਐਲਿਟੀ ਅਤੇ ਆਨ-ਲਾਈਨ ਖੇਡਾਂ ਖੇਡ ਰਹੇ ਹਨ, ਕਈ ਵਾਰ ਤਾਂ ਮੈਨੂੰ ਇਸ ਨਾਲ ਵੀ ਬੇਚੈਨੀ ਹੋਣ ਲੱਗਦੀ ਹੈ। ਮੈਂ ਸੁਣਦੀ ਹਾਂ ਜਦੋਂ ਉਹ ਇੱਕ-ਦੂਜੇ ਨੂੰ ਚਿੜ੍ਹਾਉਂਦੇ ਹਨ ਕਿ 'ਇੰਟਰਨੈੱਟ ਨੂੰ ਛੱਡ ਤੇ ਬਾਹਰ ਜਾ ਕੇ ਕੁਝ ਕਰ'।
ਜਦੋਂ- ਆਈ-ਪੈਡ ਬਜ਼ਾਰ ਵਿੱਚ ਉਤਾਰਿਆ ਗਿਆ, ਮਰਹੂਮ ਸਟੀਵ ਜੌਬਸ ਐਪਲ ਦੇ ਮੁਖੀ ਸਨ। ਮਸ਼ਹੂਰ ਹੈ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਆਈ ਪੈਡ ਨਹੀਂ ਦਿੱਤਾ ਸੀ। ਬਿਲ ਗੇਟਸ ਨੇ ਵੀ ਕਿਹਾ ਹੈ ਕਿ ਉਨ੍ਹਾਂ ਨੇ ਵੀ ਆਪਣੇ ਬੱਚਿਆਂ ਦੀ ਤਕਨੀਕ ਤੱਕ ਪਹੁੰਚ ਸੀਮਤ ਰੱਖੀ ਹੈ।
ਸਕਰੀਨ ਟਾਈਮ, ਬੁਰੀ ਖ਼ਬਰ ਵਾਂਗ ਬਣ ਗਿਆ ਹੈ। ਇਸ ਨੂੰ ਬੱਚਿਆਂ ਵਿੱਚ ਵਧਦੇ ਤਣਾਅ, ਵਿਵਹਾਰ ਨਾਲ ਜੁੜੀਆਂ ਸਮੱਸਿਆਵਾਂ ਅਤੇ ਉਨੀਂਦਰੇ ਦਾ ਮੁਜਰਮ ਮੰਨਿਆ ਜਾਂਦਾ ਹੈ। ਉੱਘੇ ਦਿਮਾਗ ਵਿਗਿਆਨੀ ਬੈਰੋਨੈੱਸ ਸੂਜ਼ੈਨ ਗਰੀਨਫੀਲਡ ਮੁਤਾਬਕ ਤਾਂ- ਇੰਟਰਨੈੱਟ ਦੀ ਵਰਤੋਂ ਅਤੇ ਕੰਪਿਊਟਰ ਖੇਡਾਂ ਅੱਲ੍ਹੜਾਂ ਦੇ ਦਿਮਾਗ਼ਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।
ਸਾਲ 2013 ਵਿੱਚ ਉਨ੍ਹਾਂ ਨੇ ਜ਼ਿਆਦਾ ਦੇਰ ਤੱਕ ਸਕਰੀਨ ਮੂਹਰੇ ਬੈਠਣ ਦੇ ਬੁਰੇ ਪ੍ਰਭਾਵਾਂ ਦੀ ਤੁਲਨਾ ਬਦਲਦੇ ਪੌਣ-ਪਾਣੀ ਨਾਲ ਕੀਤੀ ਸੀ, ਜਿਸ ਬਾਰੇ ਅਜੇ ਉਦੋਂ ਬਹੁਤੇ ਲੋਕ ਗੰਭੀਰ ਨਹੀਂ ਹੋਏ ਸਨ।
ਹਾਲਾਂਕਿ ਹੁਣ ਬਹੁਤ ਸਾਰੇ ਲੋਕ ਇਸ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਪਰ, ਬਦਲਦੇ ਵਾਤਾਵਰਣ ਦੇ ਸਿਆਹ ਪੱਖ ਬਾਰੇ ਚੇਤਾਵਨੀਆਂ ਸ਼ਾਇਦ ਪੂਰੀ ਕਹਾਣੀ ਨਾ ਦੱਸਦੀਆਂ ਹੋਣ।
ਬ੍ਰਿਟਿਸ਼ ਮੈਡੀਕਲ ਜਨਰਲ ਦੇ ਇੱਕ ਸੰਪਾਦਕੀ ਵਿੱਚ ਕਿਹਾ ਗਿਆ ਕਿ ਬੈਰੋਨੈੱਸ ਗਰੀਨਫੀਲਡ ਦੇ ਦਿਮਾਗ਼ ਬਾਰੇ ਦਾਅਵੇ "ਸਬੂਤਾਂ ਦੀ ਵਿਗਿਆਨਕ ਤਫ਼ਤੀਸ਼ ਉੱਤੇ ਅਧਾਰਿਤ ਨਹੀਂ ਹਨ... ਅਤੇ ਖਾਸ ਕਰਕੇ ਮਾਪਿਆਂ ਲਈ ਅਤੇ ਆਮ ਲੋਕਾਂ ਲਈ ਗੁਮਰਾਹ ਕਰਦੇ ਹਨ"।
ਹੁਣ ਬ੍ਰਿਟੇਨ ਵਿੱਚ ਵਿਗਿਆਨੀਆਂ ਦੇ ਇੱਕ ਹੋਰ ਸਮੂਹ ਦੇ ਦਾਅਵੇ ਮੁਤਾਬਕ, ਸਕਰੀਨਾਂ ਦੇ ਨੁਕਸਾਨ ਬਾਰੇ ਪੁਖ਼ਤਾ ਵਿਗਿਆਨਕ ਸਬੂਤਾਂ ਦੀ ਕਮੀ ਹੈ।
ਫਿਰ ਕੀ ਜਦੋਂ ਅਸੀਂ ਆਪਣੇ ਬੱਚਿਆਂ ਬਾਰੇ ਫਿਕਰ ਕਰਦੇ ਹਾਂ ਅਤੇ ਟੈਬਲੇਟਾਂ ਅਤੇ ਸਮਾਰਟ-ਫੋਨਾਂ ਤੱਕ ਉਨ੍ਹਾਂ ਦੀ ਪਹੁੰਚ ਸੀਮਤ ਕਰਦੇ ਹਾਂ ਤਾਂ ਅਸੀਂ ਗਲਤ ਹਾਂ?
ਕੀ ਇਹ ਵਾਕਈ ਇੰਨਾ ਬੁਰਾ ਹੈ, ਜਿੰਨਾ ਲੱਗਦਾ ਹੈ?
ਪਿਟੇ ਇਚੇਲਸ ਜੋ ਕਿ ਬਾਥ ਸਪਾ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦੇ ਪ੍ਰੋਫੈਸਰ ਹਨ, ਸਬੂਤਾਂ ਦੀ ਕਮੀ ਦਾ ਦਾਅਵਾ ਕਰਨ ਵਾਲੇ ਸਮੂਹ ਵਿੱਚੋਂ ਇੱਕ ਹਨ।
ਉਨ੍ਹਾਂ ਨੇ ਮਾਨਸਿਕ ਸਿਹਤ ਅਤੇ ਸਕਰੀਨ ਟਾਈਮ ਬਾਰੇ ਸੈਂਕੜੇ ਅਧਿਐਨਾਂ ਅਤੇ ਬੱਚਿਆਂ ਅਤੇ ਉਨ੍ਹਾਂ ਦੀਆਂ ਸਕਰੀਨ ਸਬੰਧਤ ਆਦਤਾਂ ਬਾਰੇ ਵਿਸ਼ਾਲ ਡੇਟਾ ਦਾ ਅਧਿਐਨ ਕੀਤਾ ਹੈ। ਉਨ੍ਹਾਂ ਦੀ ਆਪਣੀ ਕਿਤਾਬ "ਅਨਲਾਕਡ: ਦਿ ਰੀਅਲ ਸਾਇੰਸ ਆਫ਼ ਸਕਰੀਨ ਟਾਈਮ" ਵਿੱਚ ਉਨ੍ਹਾਂ ਦੀ ਦਲੀਲ ਹੈ ਕਿ ਸੁਰਖੀਆਂ ਵਿੱਚ ਰਹਿਣ ਵਾਲੇ ਨਤੀਜਿਆਂ ਪਿਛਲਾ ਵਿਗਿਆਨ ਕਈ ਮਾਮਲਿਆਂ ਵਿੱਚ ਨੁਕਸਾਨਦੇਹ ਹੈ।
ਉਹ ਲਿਖਦੇ ਹਨ,"ਸਕਰੀਨ ਟਾਈਮ ਦੇ ਭਿਆਨਕ ਸਿੱਟਿਆਂ ਬਾਰੇ ਕਹਾਣੀਆਂ ਦੀ ਪੁਸ਼ਟੀ ਲਈ ਪੁਖ਼ਤਾ ਵਿਗਿਆਨਕ ਸਬੂਤ ਨਹੀਂ ਹਨ।"
ਅਮਰੀਕੀ ਮਨੋਵਿਗਿਆਨਿਕ ਐਸੋਸੀਏਸ਼ਨ ਵੱਲੋਂ 2021 ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਵੀ ਇਹੀ ਕਿਹਾ ਗਿਆ ਹੈ।
ਦੁਨੀਆਂ ਭਰ ਦੀਆਂ ਕਈ ਯੂਨੀਵਰਸਿਟੀਆਂ ਤੋਂ 14 ਲੇਖਕਾਂ ਨੇ ਸਾਲ 2015 ਤੋਂ 2019 ਦੇ ਦਰਮਿਆਨ ਪ੍ਰਕਾਸ਼ਿਤ ਹੋਏ 33 ਅਧਿਐਨਾਂ ਦਾ ਵਿਸ਼ਲੇਸ਼ਣ ਕੀਤਾ।
ਉਨ੍ਹਾਂ ਨੇ ਦੇਖਿਆ, "ਸਕਰੀਨ ਦੀ ਵਰਤੋਂ ਜਿਨ੍ਹਾਂ ਵਿੱਚ— ਸਮਾਰਟ-ਫੋਨ, ਸੋਸ਼ਲ ਮੀਡੀਆ ਅਤੇ ਖੇਡੀਆਂ ਗਈਆਂ ਵੀਡੀਓ ਗੇਮਾਂ ਸ਼ਾਮਲ ਹਨ, ਦਾ ਮਾਨਿਸਕ ਸਿਹਤ ਉੱਤੇ ਜ਼ਿਆਦਾ ਅਸਰ ਨਹੀਂ ਹੁੰਦਾ।"
ਜਦਕਿ ਕੁਝ ਅਧਿਐਨ ਦਾਅਵਾ ਕਰਦੇ ਹਨ ਕਿ ਨੀਲੀ ਰੌਸ਼ਨੀ - ਜੋ ਕਿ ਸਕਰੀਨਾਂ ਵਿੱਚੋਂ ਨਿਕਲਦੀ ਹੈ - ਸਾਨੂੰ ਪਾਸੇ ਨਹੀਂ ਹੋਣ ਦਿੰਦੀ ਅਤੇ ਮੈਲਾਟੋਨਿਨ ਹਾਰਮੋਨ ਨੂੰ ਦਬਾਉਂਦੀ ਹੈ।
ਸਾਲ 2024 ਵਿੱਚ ਦੁਨੀਆਂ ਭਰ ਦੇ 11 ਅਧਿਐਨਾਂ ਦੇ ਇੱਕ ਵਿਸ਼ਲੇਸ਼ਣ ਵਿੱਚ ਕੁੱਲ ਮਿਲਾ ਕੇ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਕਿ ਸੌਣ ਤੋਂ ਇੱਕ ਘੰਟਾ ਪਹਿਲਾਂ ਸਕਰੀਨ ਦੀ ਰੌਸ਼ਨੀ ਦੇਖਣ ਨਾਲ ਸੌਣ ਵਿੱਚ ਮੁਸ਼ਕਿਲ ਪੈਦਾ ਹੁੰਦੀ ਹੈ।
ਸਾਇੰਸ ਨਾਲ ਸਮੱਸਿਆਵਾਂ
ਪ੍ਰੋਫੈਸਰ ਐਚਲਜ਼ ਕਹਿੰਦੇ ਹਨ ਕਿ ਸਕਰੀਨ ਟਾਈਮ ਦੇ ਵਿਸ਼ੇ ਬਾਰੇ ਮਿਲਦੇ ਡੇਟਾ ਨਾਲ ਇੱਕ ਵੱਡੀ ਸਮੱਸਿਆ ਇਹ ਹੈ ਕਿ ਜ਼ਿਆਦਾਤਰ ਡੇਟਾ – ਬਹੁਤ ਜ਼ਿਆਦਾ ਹੱਦ ਤੱਕ "ਸੈਲਫ਼-ਰਿਪੋਰਟਿੰਗ" (ਜਿਵੇਂ ਕੋਈ ਆਪਣੇ ਬਾਰੇ ਦੱਸਦਾ ਹੈ) ਉੱਤੇ ਨਿਰਭਰ ਕਰਦਾ ਹੈ। ਦੂਜੇ ਸ਼ਬਦਾਂ ਵਿੱਚ ਖੋਜਕਰਤਾ ਨੌਜਵਾਨਾਂ ਨੂੰ ਪੁੱਛਦੇ ਹਨ - ਕਿ ਉਨ੍ਹਾਂ ਨੂੰ ਕੀ ਲੱਗਦਾ ਹੈ ਕਿ ਉਹ ਕਿੰਨਾ ਸਮਾਂ ਸਕਰੀਨਾਂ ਦੇਖਦੇ ਹਨ ਅਤੇ ਉਨ੍ਹਾਂ ਨੂੰ ਕਿਵੇਂ ਲਗਦਾ ਹੈ ਕਿ ਉਹ ਉਨ੍ਹਾਂ ਉੱਤੇ ਕਿਵੇਂ ਅਸਰ ਪਾਉਂਦੀ ਹੈ।
ਉਨ੍ਹਾਂ ਦੀ ਦਲੀਲ ਹੈ ਕਿ ਇਸ ਡੇਟਾ ਦੀ ਵਿਆਖਿਆ ਕਰਨ ਦੇ ਲੱਖਾਂ ਢੰਗ ਹੋ ਸਕਦੇ ਹਨ। ਉਹ ਕਹਿੰਦੇ ਹਨ, "ਇਨ੍ਹਾਂ ਦੇ ਆਪਸੀ ਸਬੰਧ (ਸਹਿ-ਸਬੰਧ) ਨੂੰ ਦੇਖਣ ਸਮੇਂ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ।"
ਪ੍ਰੋਫੈਸਰ ਐਚਲਜ਼, ਗਰਮੀਆਂ ਵਿੱਚ ਆਈਸ-ਕ੍ਰੀਮ ਦੀ ਵਿਕਰੀ ਅਤੇ ਚਮੜੀ ਦੇ ਕੈਂਸਰ ਦੇ ਲੱਛਣਾਂ - ਦੋਵਾਂ ਦੇ ਅੰਕੜਿਆਂ 'ਚ ਵਾਧੇ ਦੀ ਮਿਸਾਲ ਦਿੰਦੇ ਹਨ। ਦੋਵਾਂ ਦਾ ਸੰਬੰਧ ਗਰਮੀ ਨਾਲ ਹੈ, ਇੱਕ-ਦੂਜੇ ਨਾਲ ਨਹੀਂ, ਆਈਸ-ਕ੍ਰੀਮ ਨਾਲ ਚਮੜੀ ਦਾ ਕੈਂਸਰ ਨਹੀਂ ਹੁੰਦਾ।
ਉਹ ਇੱਕ ਡਾਕਟਰ ਤੋਂ ਪ੍ਰੇਰਿਤ ਇੱਕ ਖੋਜ ਪ੍ਰੋਜੈਕਟ ਦੀ ਮਿਸਾਲ ਦਿੰਦੇ ਹਨ, ਜਿਨ੍ਹਾਂ ਨੇ ਦੋ ਚੀਜ਼ਾਂ ਨੋਟ ਕੀਤੀਆਂ - ਪਹਿਲਾ: ਉਨ੍ਹਾਂ ਦੀ ਹੁਣ ਬੱਚਿਆਂ ਨਾਲ ਉਦਾਸੀ ਅਤੇ ਘਬਰਾਹਟ ਬਾਰੇ ਜ਼ਿਆਦਾ ਗੱਲਬਾਤ ਹੋਣ ਲੱਗੀ ਹੈ, ਦੂਜਾ: ਬਹੁਤ ਸਾਰੇ ਬੱਚੇ ਉਡੀਕ ਵਾਲੇ ਕਮਰਿਆਂ ਵਿੱਚ ਬੈਠੇ ਮੋਬਾਈਲ-ਫੋਨਾਂ ਦੀ ਵਰਤੋਂ ਕਰ ਰਹੇ ਸਨ।
ਉਹ ਦੱਸਦੇ ਹਨ,"ਅਸੀਂ ਡਾਕਟਰ ਨਾਲ ਮਿਲ ਕੇ ਕੰਮ ਕੀਤਾ ਅਤੇ ਕਿਹਾ, ਠੀਕ ਹੈ ਚਲੋ ਇਸਦੀ ਜਾਂਚ ਕਰਦੇ ਹਾਂ। ਅਸੀਂ ਇਸ ਸੰਬੰਧ ਨੂੰ ਸਮਝਣ ਲਈ ਡੇਟਾ ਦੀ ਵਰਤੋਂ ਕਰ ਸਕਦੇ ਹਾਂ।"
ਦੋਵਾਂ ਵਿੱਚ ਸੰਬੰਧ ਤਾਂ ਸੀ ਪਰ ਇੱਕ ਤੀਜਾ ਕਾਰਕ ਵੀ ਸੀ— ਉਦਾਸੀ ਅਤੇ ਘਬਰਾਹਟ ਵਾਲਿਆਂ ਨੇ ਕਿੰਨਾ ਸਮਾਂ ਸਕਰੀਨ ਦੇਖਦੇ ਹੋਏ ਬਿਤਾਇਆ।
ਆਖਰਕਾਰ, ਅਧਿਐਨ ਮੁਤਾਬਕ ਉਨ੍ਹਾਂ ਦੀ ਮਾਨਸਿਕ ਸਿਹਤ ਨੂੰ ਸਮੱਸਿਆ ਇਕੱਲੇਪਣ ਕਰਕੇ ਪੈਦਾ ਹੋ ਰਹੀ ਸੀ ਨਾ ਕਿ ਸਕਰੀਨ ਟਾਈਮ ਕਾਰਨ।
ਡੂਮ-ਸਕ੍ਰੋਲਿੰਗ ਬਨਾਮ ਅਪਲਿਫ਼ਟਿੰਗ ਸਕਰੀਨ ਟਾਈਮ
ਸਿੱਧੇ ਸ਼ਬਦਾਂ ਵਿੱਚ, ਡੂਮ-ਸਕ੍ਰੋਲਿੰਗ ਨਾਂਹ-ਮੁਖਤਾ ਵੱਲ ਖਿੱਚਦੀ ਹੈ, ਜਦਕਿ ਅੱਪਲਿਫਟਿੰਗ ਸਕ੍ਰੀਨ ਟਾਈਮ ਤੁਹਾਨੂੰ ਹਾਂ-ਮੁਖੀ ਅਤੇ ਚੰਗਾ ਮਹਿਸੂਸ ਕਰਨ ਵਿੱਚ ਮਦਦ ਕਰਦਾ ਹੈ।
ਪਿਟੇ ਇਚੇਲਸ ਮੁਤਾਬਕ, ਸਕਰੀਨ ਟਾਈਮ ਦੀ ਪ੍ਰਕਿਰਤੀ ਬਾਰੇ ਵੀ ਵੇਰਵਿਆਂ ਦੀ ਕਮੀ ਹੈ ਅਤੇ ਸ਼ਬਦ ਆਪਣੇ-ਆਪ ਵਿੱਚ ਬਹੁਤ ਅਸਪਸ਼ਟ ਹੈ।
ਕੀ ਇਹ ਹਾਂ-ਮੁਖੀ ਸਕਰੀਨ ਟਾਈਮ ਸੀ? ਕੀ ਇਹ ਉਪਯੋਗੀ ਸੀ? ਜਾਣਕਾਰੀ ਭਰਭੂਰ ਸੀ? ਜਾਂ ਇਹ 'ਡੂਮ-ਸਕਰੋਲਿੰਗ" ਸੀ? ਬੱਚਾ ਇਕੱਲਾ ਸੀ ਜਾਂ ਆਨ-ਲਾਈਨ ਦੋਸਤਾਂ ਨਾਲ ਗੱਲਬਾਤ ਕਰ ਰਿਹਾ ਸੀ?
ਹਰ ਕਾਰਕ ਬੱਚੇ ਲਈ ਵੱਖਰਾ ਅਨੁਭਵ ਸਿਰਜਦਾ ਹੈ।
ਬਿੱਲ ਗੇਟਸ ਨੇ ਕਦੇ ਕਿਹਾ ਸੀ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਦੀ ਤਕਨੀਕ ਤੱਕ ਪਹੁੰਚ ਨੂੰ ਸੀਮਤ ਰੱਖਿਆ ਸੀ।
ਅਮਰੀਕਾ ਅਤੇ ਬ੍ਰਿਟੇਨ ਦੇ ਸਾਇੰਸਦਾਨਾਂ ਨੇ ਇੱਕ ਅਧਿਐਨ ਲਈ ਨੌਂ ਤੋਂ 12 ਸਾਲ ਦੀ ਉਮਰ ਵਰਗ ਦੇ ਬੱਚਿਆਂ ਦੇ ਦਿਮਾਗਾਂ ਦੇ 11,500 ਸਕੈਨ ਦੇਖੇ। ਸਾਰੇ ਬੱਚਿਆਂ ਨੇ ਆਪੋ-ਆਪਣੇ ਸਕਰੀਨ ਟਾਈਮ ਬਾਰੇ ਦੱਸਿਆ ਸੀ।
ਭਾਵੇਂ ਕਿ ਸਕਰੀਨ ਦੀ ਵਰਤੋਂ ਦੇ ਪੈਟਰਨ ਦਿਮਾਗ ਦੇ ਖੇਤਰਾਂ ਦੀ ਸਰਗਰਮੀ ਨਾਲ ਸਬੰਧਿਤ ਸੀ, ਪਰ ਅਧਿਐਨ ਮੁਤਾਬਕ, ਸਕਰੀਨ ਟਾਈਮ ਦਾ ਮਾੜੀ ਮਾਨਸਿਕ ਸਿਹਤ ਜਾਂ ਬੌਧਿਕ ਦਿੱਕਤਾਂ ਨਾਲ ਦਿਨ ਵਿੱਚ ਕਈ ਘੰਟੇ ਸਕਰੀਨ ਦੇਖਣ ਵਾਲਿਆਂ ਵਿੱਚ ਵੀ ਕੋਈ ਸੰਬੰਧ ਨਹੀਂ ਸੀ।
ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਐਂਡਰਿਊ ਪ੍ਰਜ਼ੀਬਿਲਸਕੀ ਨੇ ਵੀਡੀਓ-ਗੇਮਾਂ ਅਤੇ ਸੋਸ਼ਲ ਮੀਡੀਆ ਦੇ ਮਾਨਸਿਕ ਸਿਹਤ ਉੱਤੇ ਪ੍ਰਭਾਵਾਂ ਦਾ ਅਧਿਐਨ ਕੀਤਾ ਹੈ। ਉਨ੍ਹਾਂ ਦੀ ਅਗਵਾਈ ਵਿੱਚ ਸਾਲ 2016 ਤੋਂ 2018 ਤੱਕ ਇੱਕ ਅਧਿਐਨ ਕੀਤਾ ਗਿਆ। ਉਨ੍ਹਾਂ ਦੇ ਪੀਅਰ-ਰਿਵੀਊ ਕੀਤੇ ਅਧਿਐਨ ਤਾਂ ਸੁਝਾਉਂਦੇ ਹਨ ਕਿ ਸਕਰੀਨ ਟਾਈਮ ਨੁਕਸਾਨ ਪਹੁੰਚਾਉਣ ਦੀ ਥਾਂ ਭਲਾ ਹੀ ਕਰਦਾ ਹੈ।
ਪਿਟੇ ਇਚੇਲਸ ਦਾ ਕਹਿਣਾ ਹੈ, "ਜੇ ਤੁਸੀਂ ਸਮਝਦੇ ਹੋ ਕਿ ਸਕਰੀਨਾਂ ਦਿਮਾਗ਼ ਦਾ ਨੁਕਸਾਨ ਕਰਦੀਆਂ ਹਨ ਤਾਂ ਤੁਹਾਨੂੰ ਇਸਦਾ ਸੰਕੇਤ ਇਸ ਤਰ੍ਹਾਂ ਦੇ ਵੱਡੇ ਡੇਟਾ-ਸੈੱਟ ਵਿੱਚ ਦਿਖਦਾ...ਲੇਕਿਨ ਤੁਸੀਂ ਨਹੀਂ ਦੇਖਦੇ... ਇਸ ਲਈ ਇਹ ਵਿਚਾਰ ਕਿ ਸਕਰੀਨਾਂ ਦਿਮਾਗ਼ ਉੱਤੇ ਬੁਰਾ ਅਸਰ ਪਾ ਰਹੀਆਂ ਹਨ, ਪਰ ਇਸ ਤਰ੍ਹਾਂ ਲੱਗਦਾ ਨਹੀਂ।"
ਸਾਡੇ ਇੱਕ ਮਾਹਰ ਦਾ ਕਹਿਣਾ ਹੈ, ''ਜੇ ਸਾਡੀ ਬੌਧਿਕ ਪ੍ਰਣਾਲੀ ਵਾਤਾਵਰਣ ਦੀਆਂ ਤਬਦੀਲੀਆਂ ਪ੍ਰਤੀ ਇੰਨੀ ਹੀ ਕਮਜ਼ੋਰ ਸੀ ਤਾਂ ਅਸੀਂ ਇੱਥੇ ਨਾ ਹੁੰਦੇ।''
ਇਹੀ ਵਿਚਾਰ ਕਾਰਡਿਫ ਯੂਨੀਵਰਸਿਟੀ ਵਿੱਚ ਦਿਮਾਗੀ ਉਤੇਜਨਾ ਦੇ ਮੁਖੀ ਕ੍ਰਿਸ ਚੈਂਬਰਸ, ਜਿਨ੍ਹਾਂ ਦਾ ਹਵਾਲਾ ਪ੍ਰੋਫੈਸਰ ਪਿਟੇ ਇਚੇਲਸ ਦੀ ਕਿਤਾਬ ਵਿੱਚ ਵੀ ਦਿੱਤਾ ਗਿਆ ਹੈ, ਦਾ ਹੈ, ਜੋ ਕਹਿੰਦੇ ਹਨ ਕਿ "ਜੇ ਕੋਈ ਨਿਘਾਰ ਹੁੰਦਾ ਤਾਂ ਉਹ ਸਪਸ਼ਟ ਹੋਣਾ ਸੀ।"
"ਪਿਛਲੇ 15 ਸਾਲਾਂ ਦੀ ਖੋਜ ਨੂੰ ਦੇਖਣਾ ਆਸਾਨ ਹੋਵੇਗਾ...ਜੇ ਸਾਡੀ ਬੌਧਿਕ ਪ੍ਰਣਾਲੀ ਵਾਤਾਵਰਣ ਦੀਆਂ ਤਬਦੀਲੀਆਂ ਪ੍ਰਤੀ ਇੰਨੀ ਹੀ ਕਮਜ਼ੋਰ ਸੀ ਤਾਂ ਅਸੀਂ ਇੱਥੇ ਨਾ ਹੁੰਦੇ। ਅਸੀਂ ਬਹੁਤ ਪਹਿਲਾਂ ਅਲੋਪ ਹੋ ਗਏ ਹੁੰਦੇ।"
'ਮਾਨਸਿਕ ਤੰਦਰੁਸਤੀ ਲਈ ਬੇਹੱਦ ਹਾਨੀਕਾਰਕ'
ਪਰ ਨਾ ਹੀ ਐਂਡਰਿਊ ਪ੍ਰਜ਼ੀਬਿਲਸਕੀ ਅਤੇ ਨਾ ਹੀ ਪ੍ਰੋਫੈਸਰ ਪਿਟੇ ਇਚੇਲਸ ਕੁਝ ਖਾਸ ਆਨਲਾਈਨ ਨੁਕਸਾਨਾਂ ਦੇ ਗੰਭੀਰ ਖ਼ਤਰਿਆਂ ਤੋਂ ਇਨਕਾਰ ਕਰਦੇ ਹਨ, ਜਿਵੇਂ ਕਿ ਗਰੂਮਿੰਗ (ਸ਼ੋਸ਼ਣ ਲਈ ਤਿਆਰ ਕਰਨਾ) ਜਾਂ ਅਸ਼ਲੀਲ ਸਮੱਗਰੀ ਦੇ ਸੰਪਰਕ ਵਿੱਚ ਆਉਣ ਵਰਗੇ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਐਂਡਰਿਊ ਪ੍ਰਜ਼ੀਬਿਲਸਕੀ, ਉਪਕਰਣਾਂ (ਮੋਬਾਈਲ ਆਦਿ) ਨੂੰ ਸੀਮਤ ਕਰਨ ਜਾਂ ਪਾਬੰਦੀ ਲਾਉਣ ਵਰਗੀਆਂ ਦਲੀਲਾਂ ਬਾਰੇ ਚਿੰਤਿਤ ਹਨ ਅਤੇ ਮੰਨਦੇ ਹਨ ਕਿ ਸਕਰੀਨ ਟਾਈਮ ਉੱਤੇ ਜਿੰਨੀ ਸਖ਼ਤੀ ਕੀਤੀ ਜਾਵੇਗੀ- ਇਹ ਓਨਾ ਹੀ "ਮਨਾਹੀ ਵਾਲਾ ਫ਼ਲ" ਬਣਦਾ ਜਾਵੇਗਾ।
ਕਈ ਇਸ ਗੱਲ ਨਾਲ ਅਸਹਿਮਤ ਹਨ। ਬ੍ਰਿਟੇਨ ਦੇ ਸਮਾਰਟ-ਫ਼ੋਨ ਮੁਕਤ ਬਚਪਨ ਗਰੁੱਪ ਦਾ ਕਹਿਣਾ ਹੈ ਕਿ 15,0000 ਲੋਕਾਂ ਨੇ ਹੁਣ ਤੱਕ 14 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਲਈ ਸਮਾਰਟ-ਫੋਨਾਂ ਉੱਤੇ ਪਾਬੰਦੀ ਲਾਉਣ ਅਤੇ ਸੋਸ਼ਲ ਮੀਡੀਆ ਤੱਕ ਪਹੁੰਚ ਨੂੰ 16 ਸਾਲ ਤੱਕ ਰੋਕਣ ਦੇ ਸਮਝੌਤੇ ਉਤੇ ਦਸਤਖ਼ਤ ਕੀਤੇ ਹਨ।
ਜਦੋਂ ਜੀਨ ਟਵਿੰਨਗੇ, ਸੈਨ ਡਿਆਗੋ ਸਟੇਟ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦੇ ਪ੍ਰੋਫੈਸਰ ਹਨ। ਉਨ੍ਹਾਂ ਨੇ ਅਮਰੀਕਾ ਦੇ ਕਿਸ਼ੋਰਾਂ ਵਿੱਚ ਵਧਦੇ ਤਣਾਅ ਬਾਰੇ ਖੋਜ ਕਰਨੀ ਸ਼ੁਰੂ ਕੀਤੀ ਤਾਂ ਉਨ੍ਹਾਂ ਦਾ ਮਕਸਦ ਇਹ ਸਾਬਤ ਕਰਨਾ ਨਹੀਂ ਸੀ ਕਿ ਸੋਸ਼ਲ ਮੀਡੀਆ ਅਤੇ ਸਮਾਰਟਫੋਨ "ਬਹੁਤ ਮਾੜੇ" ਹਨ। ਲੇਕਿਨ ਉਨ੍ਹਾਂ ਨੂੰ ਇਹ ਇੱਕੋ-ਇੱਕ ਸਾਂਝਾ ਕਾਰਨ ਮਿਲਿਆ।
ਅੱਜ ਉਨ੍ਹਾਂ ਦਾ ਮੰਨਣਾ ਹੈ ਕਿ ਬੱਚਿਆਂ ਨੂੰ ਸਕਰੀਨ ਤੋਂ ਦੂਰ ਕਰਨਾ ਇੱਕ ਬਹੁਤ ਹੀ ਅਸਾਨੀ ਨਾਲ ਸਮਝ ਆਉਣ ਵਾਲਾ ਹੱਲ ਹੈ। ਅਤੇ ਉਹ ਮਾਪਿਆਂ ਨੂੰ ਅਪੀਲ ਕਰਦੇ ਹਨ ਕਿ ਬੱਚਿਆਂ ਨੂੰ ਜਿੰਨੀ ਦੇਰ ਹੋ ਸਕੇ ਸਕਰੀਨਾਂ ਤੋਂ ਦੂਰ ਰੱਖਣ।
ਉਹ ਕਹਿੰਦੇ ਹਨ, "16 ਸਾਲ ਦੀ ਉਮਰ ਵਿੱਚ (ਬੱਚਿਆਂ ਦੇ) ਦਿਮਾਗ ਜ਼ਿਆਦਾ ਵਿਕਸਿਤ ਅਤੇ ਪਰਪੱਕ ਹੁੰਦੇ ਹਨ ਅਤੇ 12 ਸਾਲ ਦੇ ਮੁਕਾਬਲੇ ਸਕੂਲ ਅਤੇ ਦੋਸਤਾਂ ਦੇ ਸਮੂਹ ਦਾ ਸਮਾਜਿਕ ਵਾਤਾਵਰਣ ਜ਼ਿਆਦਾ ਸਥਿਰ ਹੁੰਦਾ ਹੈ।"
ਭਾਵੇਂ ਉਹ ਸਹਿਮਤ ਹਨ ਕਿ ਬੱਚਿਆਂ ਦੀ ਸਕਰੀਨ ਵਰਤੋਂ ਬਾਰੇ ਇਕੱਠਾ ਕੀਤਾ ਡੇਟਾ, ਜ਼ਿਆਦਾਤਰ ਸੈਲਫ਼-ਰਿਪੋਰਟਡ ਹੈ, ਲੇਕਿਨ ਉਹ ਕਹਿੰਦੇ ਹਨ ਕਿ ਇਸ ਨਾਲ ਸਬੂਤ ਫਿੱਕਾ ਨਹੀਂ ਪੈ ਜਾਂਦਾ।
ਡੈਨਮਾਰਕ ਨਾਲ ਸੰਬੰਧਿਤ ਸਾਲ 2024 ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ 181 ਬੱਚੇ ਅਤੇ 89 ਪਰਿਵਾਰ ਸ਼ਾਮਿਲ ਸਨ। ਦੋ ਹਫ਼ਤੇ ਤੱਕ ਉਨ੍ਹਾਂ ਵਿੱਚੋਂ ਅੱਧਿਆਂ ਦਾ ਸਕਰੀਨ ਵਰਤੋਂ ਦਾ ਸਮਾਂ ਹਫ਼ਤੇ ਵਿੱਚ ਤਿੰਨ ਘੰਟੇ ਤੱਕ ਸੀਮਤ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਉਪਕਰਣ ਵਾਪਸ ਕਰਨੇ ਸਨ।
ਨਤੀਜਾ ਕੱਢਿਆ ਗਿਆ ਕਿ ਸਕਰੀਨ ਮੀਡੀਆ ਨੂੰ ਸੀਮਤ ਕਰਨ ਦੇ ਨਤੀਜੇ ਵਜੋਂ "ਬੱਚਿਆਂ ਅਤੇ ਕਿਸ਼ੋਰਾਂ ਦੇ ਮਨੋਵਿਗਿਆਨਕ ਲੱਛਣਾਂ 'ਤੇ ਹਾਂ-ਮੁਖੀ ਅਸਰ ਪਿਆ" ਅਤੇ "ਉਨ੍ਹਾਂ ਦੇ ਸਮਾਜ-ਪੱਖੀ ਵਿਵਹਾਰ" ਵਿੱਚ ਵਾਧਾ ਹੋਇਆ। ਹਾਲਾਂਕਿ ਅਧਿਐਨ ਵਿੱਚ ਅੱਗੇ ਕਿਹਾ ਗਿਆ ਕਿ ਇਸ ਬਾਰੇ ਅੱਗੇ ਖੋਜ ਦੀ ਲੋੜ ਹੈ।
ਇਸੇ ਤਰ੍ਹਾਂ ਬ੍ਰਿਟੇਨ ਦੇ ਇੱਕ ਅਧਿਐਨ ਵਿੱਚ ਸ਼ਾਮਿਲ ਲੋਕਾਂ ਨੂੰ ਆਪਣੇ ਸਕਰੀਨ ਟਾਈਮ ਦਾ ਡਾਇਰੀਆਂ ਵਿੱਚ ਰਿਕਾਰਡ ਰੱਖਣ ਲਈ ਕਿਹਾ ਗਿਆ। ਕੁੜੀਆਂ ਵਿੱਚ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਦਾ ਸੰਬੰਧ ਉਦਾਸੀ ਦੀਆਂ ਜ਼ਿਆਦਾ ਰਿਪੋਰਟ ਕੀਤੀਆਂ ਭਾਵਨਾਵਾਂ ਨਾਲ ਦੇਖਿਆ ਗਿਆ।
ਜੀਨ ਟਵਿੰਨਗੇ ਕਹਿੰਦੇ ਹਨ,"ਤੁਸੀਂ ਇਹ ਨੁਸਖਾ ਲਓ: ਵਧੇਰੇ ਸਮੇਂ ਆਨ-ਲਾਈਨ, ਅਕਸਰ ਸਕਰੀਨ ਨਾਲ ਇਕੱਲਤਾ ਵਿੱਚ, ਸੌਣ ਲਈ ਘੱਟ ਸਮਾਂ, ਦੋਸਤਾਂ ਨਾਲ ਨਿੱਜੀ ਰੂਪ ਵਿੱਚ ਮਿਲਣ ਲਈ ਘੱਟ ਸਮਾਂ। ਇਹ ਮਾਨਸਿਕ ਸਿਹਤ ਦਾ ਬੜਾ ਮਾੜਾ ਨੁਸਖਾ ਹੈ।"
"ਮੈਨੂੰ ਨਹੀਂ ਪਤਾ ਇਹ ਵਿਵਾਦਿਤ ਕਿਉਂ ਹੈ।"
"ਮਾਪਿਆਂ ਵਿੱਚ ਜੱਜਮੈਂਟ"
ਜਦੋਂ ਮੈਂ ਅਤੇ ਪ੍ਰੋਫੈਸਰ ਪਿਟੇ ਇਚੇਲਸ ਵੀਡੀਓ ਚੈਟ ਰਾਹੀਂ ਗੱਲ ਕਰਦੇ ਹਾਂ। ਉਨ੍ਹਾਂ ਦੇ ਬੱਚੇ ਅਤੇ ਕੁੱਤਾ ਅੰਦਰ-ਬਾਹਰ ਹੋਈ ਜਾਂਦੇ ਹਨ। ਮੈਂ ਪੁੱਛਿਆ ਕਿ ਕੀ ਸਕਰੀਨਾਂ ਵਾਕਈ ਬੱਚਿਆਂ ਦੇ ਦਿਮਾਗ਼ ਨੂੰ ਬਦਲ ਰਹੀਆਂ ਹਨ। ਉਹ ਹੱਸਦੇ ਹੋਏ ਦੱਸਦੇ ਹਨ ਕਿ ਦਿਮਾਗ ਨੂੰ ਸਾਰਾ ਕੁਝ ਹੀ ਬਦਲਦਾ ਹੈ, ਮਨੁੱਖ ਇਸੇ ਤਰ੍ਹਾਂ ਸਿੱਖਦੇ ਹਨ।
ਲੇਕਿਨ ਉਹ ਸੰਭਾਵੀ ਖ਼ਤਰਿਆਂ ਬਾਰੇ ਮਾਪਿਆਂ ਦੀਆਂ ਚਿੰਤਾਵਾਂ ਬਾਰੇ ਵੀ ਸਪਸ਼ਟ ਰੂਪ ਵਿੱਚ ਹਮਦਰਦੀ ਰੱਖਦੇ ਹਨ।
ਮਾਪਿਆਂ ਲਈ ਇਹ ਗੱਲ ਹੋਰ ਵੀ ਮੁਸ਼ਕਿਲ ਹੋ ਜਾਂਦੀ ਹੈ ਕਿਉਂਕਿ ਉਨ੍ਹਾਂ ਲਈ ਕੋਈ ਸਪਸ਼ਟ ਸੇਧ ਨਹੀਂ ਹੈ ਅਤੇ ਇਹ ਵਿਸ਼ਾ ਪੱਖਪਾਤ ਤੇ ਨਿਰਣੇ ਨਾਲ ਭਰਿਆ ਹੋਇਆ ਹੈ।
ਮਿਸ਼ੀਗਨ ਯੂਨੀਵਰਸਿਟੀ ਵਿੱਚ ਬੱਚਿਆਂ ਦੇ ਮਾਹਰ ਜੇਨੀ ਰਡੇਸਕੀ ਨੇ ਸੌ ਹੱਥ ਰੱਸਾ ਸਿਰੇ ਉੱਤੇ ਗੰਢ ਦਿੰਦੇ ਹੋਏ ਇੱਕ ਭਾਸ਼ਣ ਵਿੱਚ ਕਿਹਾ, "ਮਾਪੇ ਇੱਕ-ਦੂਜੇ ਦੇ ਫੈਸਲਿਆਂ ਬਾਰੇ ਬਹੁਤ ਜ਼ਿਆਦਾ ਫੈਸਲੇ ਸੁਣਾਉਂਦੇ ਹਨ"। ਭਾਵ, ਉਹ ਅਕਸਰ ਇੱਕ ਦੂਜੇ ਦੀਆਂ ਚੋਣਾਂ ਨੂੰ ਸਹੀ ਜਾਂ ਗਲਤ ਮੰਨ ਕੇ ਆਲੋਚਨਾ ਕਰਦੇ ਹਨ।
ਉਨ੍ਹਾਂ ਕਿਹਾ, 'ਜਿਸ ਬਾਰੇ ਲੋਕ ਜ਼ਿਆਦਾ ਗੱਲਾਂ ਕਰਦੇ ਹਨ, ਉਹ ਖੋਜ ਤੋਂ ਮਿਲਣ ਵਾਲੀ ਜਾਣਕਾਰੀ ਨੂੰ ਸਮਝਾਉਣ ਦੀ ਥਾਂ, ਮਾਪਿਆਂ ਵਿੱਚ ਅਪਰਾਧ ਬੋਧ ਦੀ ਭਾਵਨਾ ਪੈਦਾ ਕਰਦਾ ਹੈ ਅਤੇ ਇਹੀ ਅਸਲ ਸਮੱਸਿਆ ਹੈ।'
ਪਿੱਛੇ ਦੇਖੀਏ ਤਾਂ ਮੇਮੇਰੇ ਸਭ ਤੋਂ ਛੋਟੇ ਬੱਚੇ ਦੀ ਆਈ-ਪੈਡ ਲਈ ਜ਼ਿੱਦ ਨੇ ਮੈਨੂੰ ਉਸ ਸਮੇਂ ਤਾਂ ਹਿਲਾ ਦਿੱਤਾ ਸੀ, ਪਰ ਹੁਣ ਸੋਚਦੀ ਹਾਂ ਕਿ ਅਜਿਹੀਆਂ ਜਿੱਦਾਂ ਤਾਂ ਉਸ ਨੇ ਗੈਰ-ਸਕਰੀਨੀ ਗਤੀਵਿਧੀਆਂ ਲਈ ਵੀ ਕੀਤੀਆਂ ਹਨ: ਜਿਵੇਂ ਜਦੋਂ ਉਹ ਆਪਣੇ ਭਰਾ ਨਾਲ ਲੁਕਣ-ਮੀਚੀ ਖੇਡਦਾ ਹੈ ਅਤੇ ਸੌਣਾ ਨਹੀਂ ਚਾਹੁੰਦਾ।
ਹੋਰ ਮਾਪਿਆਂ ਨਾਲ ਮੇਰੀ ਗੱਲਬਾਤ ਵਿੱਚ ਵੀ ਸਕਰੀਨ ਟਾਈਮ ਦਾ ਵਿਸ਼ਾ ਉੱਠਦਾ ਹੈ। ਸਾਡੇ ਵਿੱਚੋਂ ਕੁਝ ਦੂਜਿਆਂ ਦੇ ਮੁਕਾਬਲੇ ਜ਼ਿਆਦਾ ਸਖ਼ਤ ਹਨ।
ਸਰਕਾਰੀ ਸਲਾਹ ਇੱਕ ਮਤ ਨਹੀਂ ਹੈ। ਨਾ ਹੀ ਅਮਰੀਕਾ ਦੀ ਬੱਚਿਆਂ ਦੇ ਮਾਹਰ ਡਾਕਟਰਾਂ ਦੀ ਸੰਸਥਾ ਅਤੇ ਨਾ ਹੀ ਬ੍ਰਿਟੇਨ ਦਾ ਬੱਚਿਆਂ ਦੇ ਡਾਕਟਰਾਂ ਅਤੇ ਬਾਲ ਸਿਹਤ ਸਬੰਧੀ ਰਾਇਲ ਕਾਲਜ, ਬੱਚਿਆਂ ਲਈ ਕਿਸੇ ਖ਼ਾਸ ਸਮੇਂ ਦੀ ਸਿਫ਼ਾਰਿਸ਼ ਕਰਦੇ ਹਨ।
ਇਸੇ ਦੌਰਾਨ, ਵਿਸ਼ਵ ਸਿਹਤ ਸੰਗਠਨ ਇੱਕ ਸਾਲ ਤੋਂ ਛੋਟੇ ਬੱਚਿਆਂ ਲਈ ਸਿਫ਼ਰ ਅਤੇ ਚਾਰ ਸਾਲ ਤੋਂ ਘੱਟ ਲਈ ਦਿਨ ਵਿੱਚ ਇੱਕ ਘੰਟੇ ਤੋਂ ਘੱਟ ਸਕਰੀਨ ਟਾਈਮ ਦੀ ਸਿਫ਼ਾਰਿਸ਼ ਕਰਦਾ ਹੈ। (ਹਾਲਾਂਕਿ ਜੇ ਤੁਸੀਂ ਨੀਤੀ ਪੜ੍ਹੋਗੇ ਤਾਂ ਉਹ ਸਰੀਰਕ ਸਰਗਰਮੀ ਨੂੰ ਪਹਿਲ ਦੇਣ ਉੱਤੇ ਜ਼ੋਰ ਦਿੰਦੇ ਹਨ)
ਵੱਡੀ ਸਮੱਸਿਆ ਹੈ ਕਿ ਸਮੇਂ ਦੀ ਸਟੀਕ ਸਿਫ਼ਾਰਿਸ਼ ਕਰਨ ਬਾਰੇ ਢੁੱਕਵੀਂ ਸਾਇੰਸ ਨਹੀਂ ਹੈ, ਇਸੇ ਕਰਕੇ ਬੱਚਿਆਂ ਦਾ ਸਕਰੀਨ ਸਮਾਂ ਸੀਮਤ ਕਰਨ ਦੇ ਤੇਜ਼ ਦਬਾਅ ਦੇ ਬਾਵਜੂਦ ਵਿਗਿਆਨਕ ਭਾਈਚਾਰਾ ਵੰਡਿਆ ਹੋਇਆ ਹੈ।
ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਤੋਂ ਬਿਨਾਂ, ਕੀ ਅਸੀਂ ਅਜਿਹੇ ਬੱਚਿਆਂ ਲਈ ਖੇਡ ਦਾ ਇੱਕ ਗੈਰ-ਬਰਾਬਰ ਮੈਦਾਨ ਤਿਆਰ ਕਰ ਰਹੇ ਹਾਂ ਜੋ ਬਾਲਗ ਹੋਣ ਤੱਕ ਤਕਨੀਕੀ ਤੌਰ 'ਤੇ ਨਿਪੁੰਨ ਹਨ, ਅਤੇ ਦੂਜੇ ਜੋ ਅਜਿਹੇ ਨਹੀਂ ਹਨ ਅਤੇ ਨਤੀਜੇ ਵਜੋਂ ਵਧੇਰੇ ਕਮਜ਼ੋਰ ਪੈ ਸਕਦੇ ਹਨ?
ਦੋਹਾਂ ਸਥਿਤੀਆਂ ਵਿੱਚ, ਦਾਅ ਬਹੁਤ ਵੱਡਾ ਹੈ। ਜੇਕਰ ਸਕਰੀਨ ਵਾਕਈ ਬੱਚਿਆਂ ਨੂੰ ਨੁਕਸਾਨ ਕਰ ਰਹੀ ਹੈ, ਤਾਂ ਇਸ ਨੂੰ ਸਾਬਤ ਕਰਨ ਵਿੱਚ ਵਿਗਿਆਨ ਨੂੰ ਕਈ ਸਾਲ ਲੰਘ ਸਕਦੇ ਹਨ। ਜੇਕਰ ਅੰਤ ਵਿੱਚ ਸਿੱਟਾ ਨਿਕਲਿਆ ਕਿ ਇਹ ਨੁਕਸਾਨ ਨਹੀਂ ਕਰਦੀ ਹੈ, ਤਾਂ ਅਸੀਂ ਇਸ ਖੋਜ ਉੱਤੇ ਊਰਜਾ ਅਤੇ ਪੈਸਾ ਬਰਬਾਦ ਕੀਤਾ ਹੋਵੇਗਾ ਅਤੇ ਬੱਚਿਆਂ ਨੂੰ ਕਿਸੇ ਅਜਿਹੀ ਚੀਜ਼ ਤੋਂ ਦੂਰ ਰੱਖਣ ਦੇ ਯਤਨ ਕੀਤੇ ਹੋਣਗੇ, ਜੋ ਬਹੁਤ ਫ਼ਾਇਦੇਮੰਦ ਵੀ ਹੋ ਸਕਦੀ ਹੈ।
ਇਸ ਸਭ ਦੇ ਨਾਲ-ਨਾਲ, ਜਦਕਿ ਸਕਰੀਨਾਂ ਐਨਕਾਂ (ਭਵਿੱਖ ਵਿੱਚ ਅਸੀਂ ਫ਼ੋਨ ਜਾਂ ਕੰਪਿਊਟਰ ਸਕ੍ਰੀਨ ਦੀ ਬਜਾਏ, ਐਨਕਾਂ ਵਰਗੇ ਉਪਕਰਣਾਂ ਰਾਹੀਂ ਤਕਨਾਲੋਜੀ ਵਰਤਾਂਗੇ) ਦਾ ਰੂਪ ਧਾਰ ਰਹੀਆਂ ਹਨ, ਸੋਸ਼ਲ ਮੀਡੀਆ ਛੋਟੇ ਸਮੂਹਾਂ ਵਿੱਚ ਵੰਡਿਆ ਜਾ ਰਿਹਾ ਹੈ ਅਤੇ ਲੋਕ ਘਰ ਦੇ ਕੰਮ ਜਾਂ ਇਲਾਜ ਲਈ ਵੀ ਮਸਨੂਈ ਬੁੱਧੀ ਵਾਲੇ ਚੈਟਬੋਟਸ ਦੀ ਵਰਤੋਂ ਕਰ ਰਹੇ ਹਨ - ਸਾਡੇ ਜੀਵਨ ਵਿੱਚ ਪਹਿਲਾਂ ਹੀ ਮੌਜੂਦ ਤਕਨੀਕ ਤੇਜ਼ੀ ਨਾਲ ਵਿਕਸਿਤ ਹੋ ਰਹੀ ਹੈ, ਭਾਵੇਂ ਅਸੀਂ ਆਪਣੇ ਬੱਚਿਆਂ ਨੂੰ ਇਸਦੀ ਵਰਤੋਂ ਕਰਨ ਦੀ ਇਜਾਜ਼ਤ ਦੇਈਏ ਜਾਂ ਨਾ ਦੇਈਏ।
ਚਿੱਤਰਕਾਰ: ਜੋਡੀ ਲਾਇ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ