ਮੋਟਾਪਾ ਘਟਾਉਣ ਵੇਲੇ ਕਿਤੇ ਮਾਸਪੇਸ਼ੀਆਂ ਦਾ ਨੁਕਸਾਨ ਤਾਂ ਨਹੀਂ ਹੋ ਰਿਹਾ, ਜਾਣੋ ਇਹ ਕਿੰਨਾ ਘਾਤਕ ਹੋ ਸਕਦਾ ਹੈ ਅਤੇ ਕਿਵੇਂ ਕਰੀਏ ਬਚਾਅ

    • ਲੇਖਕ, ਗਿਊਲੀਆ ਗ੍ਰਾਂਚੀ
    • ਰੋਲ, ਬੀਬੀਸੀ ਨਿਊਜ਼

ਜਦੋਂ ਭਾਰ ਘਟਾਉਣ ਦੀ ਗੱਲ ਆਉਂਦੀ ਹੈ ਤਾਂ ਬਹੁਤ ਸਾਰੀਆਂ ਰਣਨੀਤੀਆਂ ਸਾਹਮਣੇ ਆਉਂਦੀਆਂ ਹਨ, ਹਾਲਾਂਕਿ ਵੱਖੋ-ਵੱਖਰੇ ਰਸਤੇ ਅਪਣਾਏ ਜਾਂਦੇ ਹਨ, ਪਰ ਸਾਰਿਆਂ ਦਾ ਸਿਧਾਂਤ ਇੱਕੋ ਹੁੰਦਾ ਹੈ, ਮਾਸਪੇਸ਼ੀਆਂ ਘਟਾਉਣ ਨਾਲੋਂ ਜ਼ਿਆਦਾ ਕੈਲੋਰੀ ਬਰਨ ਕਰਨਾ।

ਬ੍ਰਾਜ਼ੀਲ ਦੇ ਇੱਕ ਹਸਪਤਾਲ ਵਿੱਚ ਸਪੋਰਟਸ ਡਾਕਟਰ ਵਜੋਂ ਕੰਮ ਕਰ ਵਾਲੇ ਡਾ. ਪੈਬਲੀਅਸ ਬ੍ਰਾਗਾ ਦੱਸਦੇ ਹਨ, "ਵਿਚਾਰ ਇਹ ਹੈ ਕਿ ਸਰੀਰ ਆਪਣੇ ਭੰਡਾਰਾਂ ਖ਼ਾਸ ਕਰਕੇ ਸਰੀਰ ਦੀ ਚਰਬੀ ਨੂੰ ਊਰਜਾ ਦੇ ਸਰੋਤ ਵਜੋਂ ਵਰਤਦਾ ਹੈ।"

ਅਸੂਲਣ, ਸਿਹਤਮੰਦ ਭੋਜਨ ਅਤੇ ਨਿਯਮਤ ਕਸਰਤ ਦੇ ਸੁਮੇਲ ਨਾਲ ਇਹ ਚਰਬੀ ਘਟਾਈ ਜਾ ਸਕਦੀ ਹੈ। ਹਾਲਾਂਕਿ, ਕਿੰਨੀਆਂ ਕੈਲੋਰੀਆਂ ਦਾ ਸੇਵਨ ਕਰਨਾ ਬੰਦ ਕਰ ਦਿੱਤਾ ਗਿਆ ਹੈ ਅਤੇ ਖੁਰਾਕ ਦੀ ਗੁਣਵੱਤਾ ਕਿਹੋ-ਜਿਹੀ ਹੈ ਇਸ ਉੱਤੇ ਵੀ ਕਾਫੀ ਕੁਝ ਨਿਰਭਰ ਕਰਦਾ ਹੈ, ਭਾਰ ਵਿੱਚ ਕਮੀ ਸਿਰਫ਼ ਸਰੀਰ ਦੀ ਚਰਬੀ ਕਰਕੇ ਹੀ ਨਹੀਂ, ਸਗੋਂ ਮਾਸਪੇਸ਼ੀਆਂ ਦੇ ਨਾਲ ਵੀ ਹੋ ਸਕਦੀ ਹੈ।

ਮਾਸਪੇਸ਼ੀਆਂ ਦਾ ਕਮਜ਼ੋਰ ਹੋਣਾ ਬਹੁਤ ਜ਼ਿਆਦਾ ਚਰਬੀ ਹੋਣ ਜਿੰਨਾ ਨੁਕਸਾਨਦੇਹ ਹੋ ਸਕਦਾ ਹੈ।

ਮੈਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ, ਸਰੀਰ ਚਰਬੀ ਦੀ ਖ਼ਪਤ ਕਰਨ ਵਿੱਚ ਘੱਟ ਪ੍ਰਭਾਵਸ਼ਾਲੀ ਹੋ ਜਾਂਦਾ ਹੈ ਅਤੇ ਸਰੀਰ ਦਾ ਢਿੱਲਾਪਣ ਵਧੇਰੇ ਨਜ਼ਰ ਆ ਸਕਦਾ ਹੈ।

ਇਸ ਤੋਂ ਇਲਾਵਾ ਮਾਸਪੇਸ਼ੀਆਂ ਦਾ ਨੁਕਸਾਨ ਤਾਕਤ, ਸਰੀਰਕ ਸਹਿਣਸ਼ਕਤੀ ਅਤੇ ਲੰਬੇ ਸਮੇਂ ਲਈ ਸਿਹਤ ਨੂੰ ਖ਼ਤਰੇ ਵਿੱਚ ਪਾਉਂਦਾ ਹੈ, ਜਿਸ ਨਾਲ ਘਟੇ ਹੋਏ ਭਾਰ ਨੂੰ ਬਣਾਈ ਰੱਖਣਾ ਔਖਾ ਹੋ ਜਾਂਦਾ ਹੈ ਅਤੇ 'ਯੋ-ਯੋ ਪ੍ਰਭਾਵ' ਦਾ ਜੋਖ਼ਮ ਵੱਧ ਜਾਂਦਾ ਹੈ।

ʻਯੋ-ਯੋ ਪ੍ਰਭਾਵ' ਤੋਂ ਭਾਵ ਹੈ ਕਿ ਵਾਰ-ਵਾਰ ਭਾਰ ਘਟਾਉਣ ਅਤੇ ਮੁੜ ਭਾਰ ਵਧਾਉਣ ਦਾ ਪੈਟਰਨ। ਇਹ ਅਕਸਰ ਡਾਈਟਿੰਗ ਜਾਂ ਪਾਬੰਦੀਸ਼ੁਧਾ ਖਾਣ-ਪੀਣ ਦੇ ਪੈਟਰਨਾਂ ਕਾਰਨ ਹੁੰਦਾ ਹੈ।

ਸਾਓ ਪੌਲੋ ਯੂਨੀਵਰਸਿਟੀ ਤੋਂ ਇੱਕ ਮੈਟਾਬੋਲਿਕ ਥੈਰੇਪਿਸਟ ਅਤੇ ਐਂਡੋਕਰੀਨੋਲੋਜੀ ਵਿੱਚ ਪੀਐਚਡੀ ਕਰਨ ਵਾਲੇ ਐਲੇਨ ਡਾਇਸ ਕਹਿੰਦੇ ਹਨ, "ਇਸੇ ਕਰਕੇ ਭਾਰ ਘਟਾਉਣਾ ਸਿਰਫ਼ ਪੈਮਾਨੇ 'ਤੇ ਗਿਣਤੀ ਨੂੰ ਘੱਟਦੇ ਦੇਖਣ ਬਾਰੇ ਨਹੀਂ ਹੈ, ਸਗੋਂ ਸਰੀਰ ਵਿੱਚ ਕਾਰਜਸ਼ੀਲ ਅਤੇ ਕੀਮਤੀ ਚੀਜ਼ਾਂ ਨੂੰ ਸੁਰੱਖਿਅਤ ਰੱਖਣ ਬਾਰੇ ਵੀ ਹੈ, ਜਿਵੇਂ ਕਿ ਮਾਸਪੇਸ਼ੀਆਂ।"

ਭਾਰ ਘਟਾਉਣ ਵੇਲੇ ਅਸੀਂ ਮਾਸਪੇਸ਼ੀਆਂ ਕਿਉਂ ਗੁਆਉਂਦੇ ਹਾਂ

ਜਦੋਂ ਕੋਈ ਵਿਅਕਤੀ ਕੈਲੋਰੀਜ਼ ਲੈਣੀਆਂ ਬੰਦ ਕਰ ਦਿੰਦਾ ਹੈ, ਤਾਂ ਸਰੀਰ ਸਮਝਦਾ ਹੈ ਕਿ ਇਸ ਨੂੰ ਘੱਟ ਊਰਜਾ ਮਿਲ ਰਹੀ ਹੈ ਅਤੇ ਇੱਕ ਰੱਖਿਆ ਵਿਧੀ ਦੇ ਰੂਪ ਵਿੱਚ, "ਬੱਚਤ ਮੋਡ" ਵਿੱਚ ਦਾਖ਼ਲ ਹੁੰਦਾ ਹੈ।

ਡਾਇਸ ਨੋਟ ਕਰਦੇ ਹਨ, "ਮਾਸਪੇਸ਼ੀਆਂ ਉਹ ਟਿਸ਼ੂ ਹਨ ਜੋ ਆਰਾਮ ਕਰਨ ਵੇਲੇ ਸਭ ਤੋਂ ਵੱਧ ਊਰਜਾ ਦੀ ਖਪਤ ਕਰਦੇ ਹਨ, ਕੈਲੋਰੀ ਦੀ ਘਾਟ ਦੇ ਵੇਲੇ ਨੂੰ ਸਰੀਰ ਇਸ ਨੂੰ ਇੱਕ 'ਲਗਜ਼ਰੀ' ਵਜੋਂ ਦੇਖਦਾ ਹੈ, ਬਿਲਕੁਲ ਇੱਕ ਕੰਪਨੀ ਵਾਂਗ ਜੋ ਸੰਕਟ ਵਿੱਚ, ਲਾਗਤਾਂ ਨੂੰ ਘਟਾਉਣ ਲਈ ਸਭ ਤੋਂ ਮਹਿੰਗੇ ਖੇਤਰਾਂ ਵਿੱਚ ਕਟੌਤੀ ਕਰਦੀ ਹੈ।"

"ਸਰੀਰ ਫਿਰ ਮਾਸਪੇਸ਼ੀਆਂ ਦੀ ਗਤੀਵਿਧੀ ਨੂੰ ਘੱਟ ਕਰ ਦਿੰਦਾ ਹੈ, ਇਹ ਊਰਜਾ ਬਚਾਉਣ ਲਈ ਟਿਸ਼ੂ ਨੂੰ ਤੋੜਨਾ ਸ਼ੁਰੂ ਕਰ ਸਕਦਾ ਹੈ।"

ਫਿਰ, ਮਾਸਪੇਸ਼ੀਆਂ ਨੂੰ ਸੁਰੱਖਿਅਤ ਰੱਖਣ ਲਈ, ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਇਸਨੂੰ ਉਹ ਪ੍ਰਾਪਤ ਹੋਵੇ ਜਿਸਦੀ ਉਸਨੂੰ ਲੋੜ ਹੈ।

ਹਾਈਡ੍ਰੇਸ਼ਨ ਅਤੇ ਪ੍ਰੋਟੀਨ

ਮੈਟਾਬੋਲਿਕ ਥੈਰੇਪਿਸਟ ਅੱਗੇ ਕਹਿੰਦੇ ਹਨ, "ਸਾਡੀਆਂ ਮਾਸਪੇਸ਼ੀਆਂ ਦਾ ਲਗਭਗ 70 ਫੀਸਦ ਹਿੱਸਾ ਪਾਣੀ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਇਹ ਸਹੀ ਢੰਗ ਨਾਲ ਕੰਮ ਕਰਨ ਲਈ ਚੰਗੀ ਤਰ੍ਹਾਂ ਹਾਈਡ੍ਰੇਟਿਡ ਹੋਣ, ਜਿਸਦਾ ਮਤਲਬ ਹੈ ਕਿ ਪ੍ਰਤੀ ਦਿਨ ਸਰੀਰ ਦੇ ਭਾਰ ਦੇ ਪ੍ਰਤੀ ਕਿਲੋਗ੍ਰਾਮ ਔਸਤਨ 30 ਮਿਲੀਲੀਟਰ ਤੋਂ 40 ਮਿਲੀਲੀਟਰ ਪਾਣੀ।"

"ਇਸ ਤੋਂ ਇਲਾਵਾ, ਸੈਲੂਲਰ ਫੰਕਸ਼ਨ ਅਤੇ ਮਾਸਪੇਸ਼ੀਆਂ ਦੀ ਰਿਕਵਰੀ ਲਈ ਪਾਣੀ ਜ਼ਰੂਰੀ ਹੈ। ਜੇਕਰ ਮਾਸਪੇਸ਼ੀ ਡੀਹਾਈਡ੍ਰੇਟ ਹੁੰਦੀ ਹੈ, ਤਾਂ ਇਹ ਪ੍ਰਭਾਵਸ਼ੀਲਤਾ ਗੁਆ ਦਿੰਦੀ ਹੈ।"

ਪ੍ਰੋਟੀਨ ਦਾ ਢੁੱਕਵਾਂ ਸੇਵਨ ਜ਼ਰੂਰੀ ਹੈ।

ਇੰਟਰਨੈਸ਼ਨਲ ਸੋਸਾਇਟੀ ਆਫ਼ ਸਪੋਰਟਸ ਨਿਊਟ੍ਰੀਸ਼ਨ ਦੇ ਅਨੁਸਾਰ, ਮਾਸਪੇਸ਼ੀਆਂ ਦੇ ਵਾਧੇ ਅਤੇ ਕਮਜ਼ੋਰ ਮਾਸਪੇਸ਼ੀਆਂ ਦੇ ਰੱਖ-ਰਖਾਅ ਲਈ, ਸਰੀਰਕ ਕਸਰਤ ਦੇ ਨਾਲ, ਪ੍ਰਤੀ ਦਿਨ ਪ੍ਰਤੀ ਕਿਲੋਗ੍ਰਾਮ 1.4 ਤੋਂ 2 ਗ੍ਰਾਮ ਪ੍ਰੋਟੀਨ ਦਾ ਸੇਵਨ ਜ਼ਰੂਰੀ ਹੈ।

ਇਸ ਲਈ, 70 ਕਿਲੋਗ੍ਰਾਮ ਭਾਰ ਵਾਲੇ ਵਿਅਕਤੀ ਨੂੰ ਪ੍ਰਤੀ ਦਿਨ 98 ਤੋਂ 140 ਗ੍ਰਾਮ ਪ੍ਰੋਟੀਨ ਖਾਣਾ ਚਾਹੀਦਾ ਹੈ।

ਕੈਲੋਰੀਜ਼ ਕਿਵੇਂ ਘਟਾਉਣੀਆਂ ਚਾਹੀਦੀਆਂ ਹਨ

ਕੈਲੋਰੀਜ਼ ਘਟਾਉਣ ਵੇਲੇ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਸੀਂ ਜਿੰਨੀਆਂ ਕੈਲੋਰੀਜ਼ ਦੀ ਖ਼ਪਤ ਕਰਦੇ ਹੋ, ਇਸ ਤੋਂ ਕਿੰਨਾ ਘੱਟ ਖਾਂਦੇ।

ਮਾਹਰ ਦੱਸਦੇ ਹਨ, "ਇੱਕ ਦਿਨ ਵਿੱਚ 500 ਕੈਲੋਰੀਆਂ ਤੱਕ ਦੀ ਘਾਟ ਆਮ ਤੌਰ 'ਤੇ ਆਦਰਸ਼ ਹੁੰਦੀ ਹੈ। ਜੇਕਰ ਇਹ ਬਹੁਤ ਜ਼ਿਆਦਾ ਘੱਟ ਹਨ, ਤਾਂ ਸਰੀਰ ਮਾਸਪੇਸ਼ੀਆਂ ਨੂੰ ਸਾੜਨਾ ਸ਼ੁਰੂ ਕਰ ਸਕਦਾ ਹੈ।"

"ਬਹੁਤ ਜ਼ਿਆਦਾ ਘਾਟ, ਯੋ-ਯੋ ਪ੍ਰਭਾਵ ਦਾ ਕਾਰਨ ਵੀ ਬਣ ਸਕਦੀ ਹੈ, ਕਿਉਂਕਿ ਜਦੋਂ ਮਾਸਪੇਸ਼ੀਆਂ ਖ਼ਤਮ ਹੋ ਜਾਂਦੀਆਂ ਹਨ, ਤਾਂ ਮੈਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ।"

ਔਰਤਾਂ ਲਈ, ਜਿਨ੍ਹਾਂ ਦਾ ਆਮ ਤੌਰ 'ਤੇ ਬੇਸਲ ਮੈਟਾਬੋਲਿਜ਼ਮ ਘੱਟ ਹੁੰਦਾ ਹੈ (ਭਾਵ ਸਾਹ ਲੈਣ ਅਤੇ ਖੂਨ ਪੰਪ ਕਰਨ ਵਰਗੇ ਮਹੱਤਵਪੂਰਨ ਕਾਰਜਾਂ ਨੂੰ ਬਣਾਈ ਰੱਖਣ ਲਈ ਸਰੀਰ ਆਰਾਮ ਕਰਨ ਵੇਲੇ ਘੱਟੋ-ਘੱਟ ਊਰਜਾ ਖਰਚ ਕਰਦਾ), ਜਿਵੇਂ ਕਿ ਜਿਨ੍ਹਾਂ ਕੋਲ ਪਹਿਲਾਂ ਹੀ ਘੱਟ ਮਾਸਪੇਸ਼ੀਆਂ ਹਨ, ਉਨ੍ਹਾਂ ਲਈ ਹੋਰ ਵੀ ਸਾਵਧਾਨ ਰਹਿਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।

ਡਾਇਸ ਸਲਾਹ ਦਿੰਦੇ ਹਨ, "ਅਸੀਂ ਇੱਕ ਦਿਨ ਵਿੱਚ ਲਗਭਗ 300 ਕੈਲੋਰੀਆਂ ਨਾਲ ਸ਼ੁਰੂਆਤ ਕਰ ਸਕਦੇ ਹਾਂ।"

ਬ੍ਰਾਗਾ, ਡਾਇਸ ਨਾਲ ਸਹਿਮਤ ਹਨ। ਉਹ ਕਹਿੰਦੇ ਹਨ, "ਇੱਕ ਸੁਰੱਖਿਅਤ ਮਾਪਦੰਡ ਹੈ, ਪਰ ਇਹ ਚੰਗੇ ਸੰਤੁਲਨ 'ਤੇ ਨਿਰਭਰ ਕਰਦਾ ਹੈ, ਖ਼ਾਸ ਕਰਕੇ ਪ੍ਰੋਟੀਨ ਦਾ। ਉਦਾਹਰਣ ਵਜੋਂ ਚੌਲਾਂ, ਬੀਨਜ਼, ਮਾਸ ਜਾਂ ਅੰਡੇ ਦਾ ਇੱਕ ਹਿੱਸਾ ਅਤੇ ਸਬਜ਼ੀਆਂ ਦੀ ਇੱਕ ਪਲੇਟ ਦਿੰਦੇ ਹੋਏ।

"ਇਹ ਮਹੱਤਵਪੂਰਨ ਹੈ ਕਿ ਖਾਣੇ ਦਾ ਘੱਟੋ-ਘੱਟ ਇੱਕ ਤਿਹਾਈ ਹਿੱਸਾ ਪ੍ਰੋਟੀਨ ਸਰੋਤਾਂ ਤੋਂ ਬਣਿਆ ਹੋਵੇ।"

ਕਸਰਤ ਕਿੰਨੀ ਮਹੱਤਵਪੂਰਨ ਹੈ

ਖੁਰਾਕ ਤੋਂ ਇਲਾਵਾ, ਕਸਰਤ ਇੱਕ ਬੁਨਿਆਦੀ ਭੂਮਿਕਾ ਨਿਭਾਉਂਦੀ ਹੈ।

ਜੇਕਰ ਵਿਚਾਰ ਚਰਬੀ ਘਟਾਉਣ ਦੇ ਨਾਲ-ਨਾਲ ਮਾਸਪੇਸ਼ੀਆਂ ਨੂੰ ਵਧਾਉਣਾ ਹੈ, ਤਾਂ ਕਸਰਤਾਂ ਦੀ ਚੋਣ ਮਹੱਤਵਪੂਰਨ ਹੈ।

"ਕਸਰਤਾਂ, ਜਿਵੇਂ ਕਿ ਵੇਅ ਟ੍ਰੇਨਿੰਗ, ਮਾਸਪੇਸ਼ੀਆਂ ਨੂੰ ਸੁਰੱਖਿਅਤ ਰੱਖਣ ਅਤੇ ਵਧਾਉਣ ਵਿੱਚ ਵੀ ਮਦਦ ਕਰਦੀ ਹੈ।"

ਡਾਇਸ ਦੇ ਅਨੁਸਾਰ, ਸਰੀਰ ਲਈ ਇੱਕ ਸਮੇਂ ਵਿੱਚ ਇੱਕ ਟੀਚੇ 'ਤੇ ਧਿਆਨ ਕੇਂਦਰਿਤ ਕਰਨਾ ਸੁਭਾਵਿਕ ਹੈ, ਚਰਬੀ ਘਟਾਉਣਾ ਜਾਂ ਮਾਸਪੇਸ਼ੀਆਂ ਤਾਕਤਵਰ ਬਣਾਉਣਾ।

"ਹਾਲਾਂਕਿ, ਕੁਝ ਮਾਮਲਿਆਂ ਵਿੱਚ, ਖ਼ਾਸ ਕਰਕੇ ਪੋਸਟਮੇਨੋਪੌਜ਼ਲ ਔਰਤਾਂ ਵਿੱਚ ਅਸੀਂ ਦੋਵੇਂ ਦੇਖ ਸਕਦੇ ਹਾਂ ਜੇਕਰ ਰਣਨੀਤੀ ਨੂੰ ਚੰਗੀ ਤਰ੍ਹਾਂ ਵਿਵਸਥਿਤ ਕੀਤਾ ਜਾਵੇ।"

ਮਾਸਪੇਸ਼ੀਆਂ ਦਾ ਤਾਕਤਵਰ ਹੋਣਾ ਵਸਾ ਦੇ ਘੱਟ ਹੋਣ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ।

ਮਾਸਪੇਸ਼ੀ ਦਾ ਕਮਜ਼ੋਰ ਹੋਣਾ ਮੋਟਾਪਾ, ਟਾਈਪ-2 ਸ਼ੂਗਰ, ਹਾਈਪਰਟੈਨਸ਼ਨ ਅਤੇ ਦਿਲ ਦੀਆਂ ਬਿਮਾਰੀਆਂ ਵਰਗੀਆਂ ਪੁਰਾਣੀਆਂ ਬਿਮਾਰੀਆਂ ਨੂੰ ਰੋਕਣ ਵਿੱਚ ਮਦਦ ਕਰਦਾ ਹੈ, ਅਜਿਹੀਆਂ ਸਥਿਤੀਆਂ ਜੋ ਲੋਕਾਂ ਦੀ ਉਮਰ ਦੇ ਨਾਲ-ਨਾਲ ਆਮ ਹੋ ਜਾਂਦੀਆਂ ਹਨ।

ਡਾਇਸ ਸਿੱਟਾ ਕੱਢਦੇ ਹਨ, "ਇਸੇ ਕਰਕੇ ਮਾਸਪੇਸ਼ੀਆਂ ਚੰਗੀ ਉਮਰ ਲਈ ਜ਼ਰੂਰੀ ਹਨ। ਇਹ ਇੱਕ ਐਂਡੋਕਰੀਨ ਅੰਗ ਹੈ ਜੋ ਸਿਹਤ ਲਈ ਜ਼ਰੂਰੀ ਹਾਰਮੋਨ ਪੈਦਾ ਕਰਦਾ ਹੈ, ਜਿਵੇਂ ਕਿ ਆਇਰਿਸਿਨ, ਜੋ ਦਿਮਾਗ਼ ਦੇ ਕੰਮ ਨੂੰ ਬਿਹਤਰ ਬਣਾਉਂਦਾ ਹੈ ਅਤੇ ਅਲਜ਼ਾਈਮਰ ਅਤੇ ਪਾਰਕਿੰਸਨਸ ਸਮੇਤ ਕਈ ਬਿਮਾਰੀਆਂ ਦੇ ਜੋਖ਼ਮ ਨੂੰ ਘਟਾ ਸਕਦਾ ਹੈ।"

ਭਾਵਨਾਤਮਕ ਸਿਹਤ ਵੀ ਬੁਨਿਆਦੀ ਲੋੜ ਹੈ

ਮਾਸਪੇਸ਼ੀਆਂ ਨੂੰ ਸੁਰੱਖਿਅਤ ਰੱਖਣ ਵਿੱਚ ਇੱਕ ਹੋਰ ਮੁੱਖ ਕਾਰਕ ਭਾਵਨਾਵਾਂ ਦਾ ਧਿਆਨ ਰੱਖਣਾ ਹੈ।

ਸਪੋਰਟ ਡਾਕਟਰ ਚਿਤਾਵਨੀ ਦਿੰਦੇ ਹਨ, "ਇਹ ਜ਼ਰੂਰੀ ਹੈ ਕਿ ਭਾਰ ਘਟਾਉਣ ਅਤੇ ਸਰੀਰ ਦੀ ਬਣਤਰ ਨੂੰ ਬਿਹਤਰ ਬਣਾਉਣ ਦੀ ਪ੍ਰਕਿਰਿਆ ਵਾਧੂ ਤਣਾਅ ਪੈਦਾ ਨਾ ਕਰੇ। ਜੇਕਰ ਤੁਸੀਂ ਬਹੁਤ ਕੁਝ ਹਾਸਲ ਕਰਨਾ ਚਾਹੁੰਦੇ ਤਾਂ ਤੁਸੀਂ ਆਪਣੀ ਸਿਹਤ ਨੂੰ ਹੋਰ ਵੀ ਨੁਕਸਾਨ ਪਹੁੰਚਾ ਸਕਦੇ ਹੋ।"

ਬ੍ਰਾਗਾ ਦੇ ਮੁਲਾਂਕਣ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਯੋਜਨਾ ਨੂੰ ਵਿਅਕਤੀ ਦੀ ਅਸਲੀਅਤ ਨਾਲ ਜੋੜਿਆ ਜਾਵੇ।

"ਸਿਖਲਾਈ, ਸਮਾਂ-ਸਾਰਣੀ, ਕੰਮ ਦਾ ਰੁਟੀਨ, ਆਰਾਮ ਦਾ ਸਮਾਂ, ਇਹ ਸਭ ਰੋਜ਼ਾਨਾ ਜੀਵਨ ਵਿੱਚ ਸਮਝਣਾ ਚਾਹੀਦਾ ਹੈ। ਨਤੀਜੇ ਜੀਵਨ ਦੀ ਗੁਣਵੱਤਾ ਦੇ ਨਾਲ ਹੋਣੇ ਚਾਹੀਦੇ ਹਨ। ਇਹੀ ਅਸਲ ਟੀਚਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)