ਤਰਨ ਤਾਰਨ ਆਰਪੀਜੀ ਹਮਲਾ: ਕੈਨੇਡਾ ਤੇ ਯੂਰੋਪ ਤੋਂ ਉਨ੍ਹਾਂ ਬੰਦਿਆਂ ਨੇ ਰਚੀ ਸਾਜ਼ਿਸ਼ ਜੋ ਖ਼ੁਦ ਇੱਕ-ਦੂਜੇ ਤੋਂ ਸਨ ਅਣਜਾਣ

ਪੰਜਾਬ ਪੁਲਿਸ ਨੇ ਸਰਹੱਦੀ ਇਲਾਕੇ ਤਰਨ ਤਾਰਨ ਦੇ ਸਰਹਾਲੀ ਵਿੱਚ ਪੁਲਿਸ ਥਾਣੇ 'ਤੇ ਆਰਪੀਜੀ ਨਾਲ ਗ੍ਰੇਨੇਡ ਹਮਲੇ ਦਾ ਮਾਮਲਾ ਹੱਲ ਕਰਨ ਦਾ ਦਾਅਵਾ ਕੀਤਾ ਹੈ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇੱਕ ਪ੍ਰੈੱਸ ਕਾਨਫ਼ਰੰਸ ਕਰਕੇ ਆਰਪੀਜੀ ਹਮਲੇ ਬਾਰੇ ਜਾਣਾਕਾਰੀ ਦਿੰਦਿਆਂ ਕਿਹਾ ਕਿ ਇਸ ਕੇਸ ਵਿੱਚ ਸ਼ਾਮਿਲ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਗੌਰਵ ਯਾਦਵ ਨੇ ਕਿਹਾ,“ਅਸੀਂ ਮਾਮਲਾ ਹੱਲ ਕਰ ਲਿਆ ਹੈ। ਇਸ ਵਿੱਚ ਛੇ ਗ੍ਰਿਫ਼ਤਾਰੀਆਂ ਹੋਈਆਂ ਹਨ। ਇੱਕ ਵਿਅਕਤੀ ਜੇਲ੍ਹ ਵਿੱਚ ਸੀ, ਉਸ ਨੂੰ ਪ੍ਰੋਡਕਸ਼ਨ ਵਾਰੰਟ ਉੱਤੇ ਲਿਆਂਦਾ ਗਿਆ ਹੈ।”

“ਇਸ ਕਾਰਵਾਈ ਵਿੱਚ ਸਾਡਾ ਗੁਆਂਢੀ ਦੇਸ਼ ਵੀ ਸ਼ਾਮਿਲ ਸੀ ਉੱਥੋਂ ਵਿਦੇਸ਼ ਵਿੱਚ ਬੈਠੇ ਇੱਕ ਵਿਅਕਤੀ ਨੂੰ ਕਮਾਂਡ ਦਿੱਤੀ ਜਾਂਦੀ ਸੀ।”

ਗ੍ਰੇਨੇਡ ਹਮਲੇ ਵਿੱਚ ਹੁਣ ਤੱਕ ਕੀ ਹੋਇਆ?

  • ਤਰਨ ਤਾਰਨ ਦੇ ਸਰਹਾਲੀ ਵਿੱਚ ਹੋਏ ਆਰਪੀਜੀ ਹਮਲੇ ਦਾ ਕੇਸ ਸੁਲਝਾਉਣ ਦਾ ਦਾਅਵਾ
  • ਹੁਣ ਤੱਕ ਛੇ ਗ੍ਰਿਫ਼ਤਾਰੀਆਂ ਹੋਈਆਂ ਅਤੇ ਇੱਕ ਵਿਅਕਤੀ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਗਿਆ।
  • ਤਰਨ ਤਾਰਨ ਦੇ ਸਰਹਾਲੀ ਥਾਣੇ ਵਿੱਚ ਆਰਪੀਜੀ ਨਾਲ ਹੋਇਆ ਸੀ ਗ੍ਰੇਨੇਡ ਹਮਲਾ ।
  • ਪੰਜਾਬ ਦੇ ਡੀਜੀਪੀ ਗੌਰਵ ਯਾਦਵ ਮੁਤਾਬਕ ਹਮਲਾ 9 ਦਸੰਬਰ ਰਾਤ 11:22 ਦੇ ਕਰੀਬ ਹੋਇਆ ਸੀ।
  • ਇਸ ਹਮਲੇ ਅਤੇ ਮੋਹਾਲੀ 'ਚ ਪੁਲਿਸ ਇੰਟੈਲੀਜੈਂਸ ਦੇ ਹੈੱਡਕੁਆਰਟਰ 'ਤੇ ਹੋਏ ਹਮਲੇ 'ਚ ਸਮਾਨਤਾਵਾਂ ਸਨ।
  • ਹਮਲੇ 'ਚ ਇਸਤੇਮਾਲ ਹੋਇਆ ਰਾਕੇਟ ਲਾਂਚਰ ਵੀ ਸੜਕ ਤੋਂ ਰਿਕਵਰ ਹੋ ਗਿਆ ਹੈ।

ਕੈਨੇਡਾ ਤੇ ਯੂਰੋਪ ਨਾਲ ਤਾਰਾਂ ਜੁੜੀਆਂ ਹੋਣ ਦਾ ਦਾਅਵਾ

ਡੀਜੀਪੀ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਸ਼ੁਰੂਆਤੀ ਫ਼ੋਰੈਂਸਿਕ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਇਸ ਵਿੱਚ ਸਿੰਗਲ ਯੂਜ਼ ਮਟੀਰੀਅਲ ਯਾਨੀ ਇੱਕ ਵਾਰ ਇਸਤੇਮਾਲ ਹੋਣ ਵਾਲੀ ਵਿਸਫ਼ੋਟਕ ਸਮੱਗਰੀ ਵਰਤੀ ਗਈ ਸੀ।

ਉਨ੍ਹਾਂ ਦੱਸਿਆ ਜਾਂਚ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਕੈਨੇਡਾ ਅਧਾਰਿਤ ਲਖਵੀਰ ਸਿੰਘ ਲੰਡਾ ਹਰੀਕੇ ਅਤੇ ਯੂਰੋਪ ਵਿੱਚ ਉਸ ਦੇ ਦੋ ਸਾਥੀ ਸਤਵੀਰ ਸਿੰਘ ਸੱਤਾ ਨੌਸ਼ਿਹਰਾ ਪੰਨੂਆਂ ਤੇ ਗੁਰਦੇਵ ਸਿੰਘ ਜੱਸਲ ਚੱਬਰ ਪਿੰਡ ਸਰਹਾਲੀ ਇਸ ਹਮਲੇ ਦੇ ਮਾਸਟਰਮਾਈਂਡ ਸਨ।

“ਅਜਮੀਤ ਸਿੰਘ ਜਿਸ ਨੂੰ ਅੰਮ੍ਰਿਤਸਰ ਪੁਲਿਸ ਨੇ ਇਸੇ ਸਾਲ ਅਕਤੂਬਰ ਵਿੱਚ ਗ੍ਰਿਫ਼ਤਾਰ ਕੀਤਾ ਸੀ, ਇਸ ਮਾਮਲੇ ਨੂੰ ਅੰਜਾਮ ਦੇਣ ਵਾਲੇ ਲੋਕਾਂ ਨਾਲ ਗੋਇੰਦਵਾਲ ਸਾਹਿਬ ਜੇਲ੍ਹ ਤੋਂ ਰਾਬਤਾ ਰੱਖ ਰਿਹਾ ਸੀ।”

ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਗੁਰਪ੍ਰੀਤ ਸਿੰਘ ਗੋਪੀ ਲੰਬਰਦਾਰ ਨੌਸ਼ਿਹਰਾ ਪੰਨੂਆਂ, ਜਗਨਪ੍ਰੀਤ ਸਿੰਘ ਜੋਗਨ

ਨੌਸ਼ਿਹਰਾ ਪੰਨੂਆਂ, ਗੁਰਲਾਲ ਸਿੰਘ ਗਹਿਲਾ ਤੇ ਗੁਰਲਾਲ ਸਿੰਘ ਲਾਲੀ ਸ਼ਾਮਿਲ ਸਨ।

ਡੀਜੀਪੀ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਇਸ ਮਾਮਲੇ ਵਿੱਚ ਦੋ ਨਾਬਾਲਗ ਵੀ ਸ਼ਾਮਿਲ ਸਨ।

ਇਸ ਕੇਸ ਨਾਲ ਸਬੰਧਤ ਬਹੁਤੇ ਮੈਂਬਰ ਨੌਸ਼ਿਹਰਾ ਪੰਨੂਆਂ ਜਾਂ ਉਸ ਦੇ ਗੁਆਂਢੀ ਪਿੰਡਾਂ ਦੇ ਰਹਿਣ ਵਾਲੇ ਸਨ।

“ਹਮਲੇ ’ਚ ਸ਼ਾਮਲ ਮੈਂਬਰ ਇੱਕ ਦੂਜੇ ਤੋਂ ਨਾਵਾਕਫ਼ ਸਨ”

ਡੀਜੀਪੀ ਪੰਜਾਬ ਮੁਤਾਬਕ ਇਸ ਮਾਮਲੇ ਵਿੱਚ ਮਾਸਟਰਮਾਈਂਡ ਕੈਨੇਡਾ ਬੈਠੇ ਲਖਵੀਰ ਸਿੰਘ ਲੰਡਾ ਗੁਆਂਢੀ ਦੇਸ਼ ਦੀ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਕੰਮ ਕਰ ਰਿਹਾ ਸੀ।

ਇਸ ਕੰਮ ਨੂੰ ਅੰਜਾਮ ’ਤੇ ਪਹੁੰਚਾਉਣ ਦਾ ਕੰਮ ਯੂਰਪ ਵਿੱਚ ਰਹਿੰਦੇ ਸਤਵੀਰ ਸਿੰਘ ਅਤੇ ਗੁਰਦੇਵ ਸਿੰਘ ਜੱਸਲ ਵਲੋਂ ਕੀਤਾ ਗਿਆ।

ਉਨ੍ਹਾਂ ਕਿਹਾ,“ਇਸ ਵਿੱਚ ਦਿਲਚਸਪ ਗੱਲ ਹੈ ਕਿ ਇਹ ਲੋਕ ਇੱਕ ਦੂਜੇ ਨੂੰ ਜਾਣਦੇ ਨਹੀਂ ਸਨ।”

ਹਰ ਇੱਕ ਨੂੰ ਅਲੱਗ ਅਲੱਗ ਡੀਲ ਕੀਤਾ ਗਿਆ ਤੇ ਇੱਕ ਦੂਜੇ ਬਾਰੇ ਜਾਣਕਾਰੀ ਵੀ ਨਹੀਂ ਦਿੱਤੀ ਗਈ।

ਨਾਬਾਲਗ ਮੁੰਡਿਆਂ ਨੂੰ ਇਕੱਠਾ ਕੀਤਾ ਜਾਣਾ

1 ਦਸੰਬਰ ਨੂੰ ਆਰਪੀਜੀ ਤਰਨ ਤਾਰਨ ਦੇ ਬਰਹਾਲਾ ਪਿੰਡ ਪਹੁੰਚੀ ਸੀ ਜੋ ਗੋਪੀ ਤੇ ਜੋਬਨਪ੍ਰੀਤ ਵਲੋਂ ਚੁੱਕੀ ਗਈ। ਦੋਵਾਂ ਨੂੰ ਇਹ ਸਮੱਗਰੀ ਦੇ ਪਤੇ ’ਤੇ ਪਹੁੰਚਾਉਣ ਲਈ ਕਿਹਾ ਗਿਆ।

ਗੌਰਵ ਯਾਦਵ ਮੁਤਾਬਕ,“ਇਸ ਵਿੱਚ ਚੋਹਲਾ ਸਾਹਿਬ ਪਿੰਡ ਦੇ ਦੋ ਹੋਰ ਮੁਲਜ਼ਮ ਹਨ ਪਰ ਅਸੀਂ ਉਨ੍ਹਾਂ ਨੂੰ ਹਾਲੇ ਗ੍ਰਿਫ਼ਤਾਰ ਨਹੀਂ ਕੀਤਾ।”

ਨਾਬਾਲਗਾਂ ਵਿੱਚੋਂ ਇੱਕ ਤਰਨਤਾਰਨ ਸ਼ਹਿਰ ਦਾ ਹੈ ਤੇ ਦੂਜਾ ਪਿੰਡ ਤਲਵੰਡੀ ਸੋਭਾ ਸਿੰਘ ਦਾ ਰਹਿਣ ਵਾਲਾ ਹੈ।

ਦੋਵੇਂ ਇੱਕ ਦੂਜੇ ਬਾਰੇ ਜਾਣਦੇ ਨਹੀਂ ਸਨ। ਪਰ ਦੋਵਾਂ ਨੂੰ ਵੱਖ-ਵੱਖ ਲੋਕਾਂ ਵਲੋਂ ਕਮਾਂਡ ਦਿੱਤੀ ਗਈ ਅਤੇ ਘਟਨਾ ਵਾਲੀ ਥਾਂ ’ਤੇ ਇਕੱਠਾ ਕੀਤਾ ਗਿਆ।

“ਇਹਨਾਂ ਦੀ ਵੀਡੀਓ ਕਾਲ ਲੰਡੇ ਨਾਲ ਹੋਈ, ਉਸੇ ਨੇ ਇੰਨ੍ਹਾਂ ਨੂੰ ਗਾਈਡ ਕੀਤਾ ਅਤੇ ਨਿਸ਼ਾਨੇ ਬਾਰੇ ਦੱਸਿਆ। ਇਹ ਮੋਟਰਸਾਈਕਲ ’ਤੇ ਉਥੇ ਪਹੁੰਚੇ, ਜਿਸ ਨੂੰ ਪੁਲਿਸ ਵਲੋਂ ਜ਼ਬਤ ਕਰ ਲਿਆ ਗਿਆ ਹੈ।”

ਪੰਜਾਬ ਵਿੱਚ ਆਪਣੀ ਕਿਸਮ ਦਾ ਦੂਜਾ ਮਾਮਲਾ

ਇਹ ਹਮਲਾ 9 ਦਸੰਬਰ ਦੀ ਰਾਤ ਨੂੰ ਲਗਭਗ 11 ਵੱਜ ਕੇ 22 ਮਿੰਟ ਉੱਤੇ ਹੋਇਆ, ਜਿਸ ਮਗਰੋਂ ਇਮਾਰਤ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤੀ ਸੀ।

ਪੰਜਾਬ ਪੁਲਿਸ ਮੁਖੀ ਨੇ ਇਸ ਹਮਲੇ ਨੂੰ ਆਰਜੀਪੀ ਤਰੀਕੇ ਨਾਲ ਕੀਤਾ ਹਮਲਾ ਦੱਸਿਆ ਸੀ, ਇਹ ਠੀਕ ਉਸੇ ਤਰ੍ਹਾਂ ਦਾ ਹਮਲਾ ਦੱਸਿਆ ਜਾ ਰਿਹਾ ਸੀ, ਜਿਵੇਂ ਕੁਝ ਮਹੀਨੇ ਪਹਿਲਾਂ ਮੁਹਾਲੀ ਵਿੱਚ ਪੰਜਾਬ ਪੁਲਿਸ ਦੇ ਖੁਫੀਆ ਵਿੰਗ ਦੇ ਮੁੱਖ ਦਫ਼ਤਰ ਉੱਤੇ ਕੀਤੀ ਗਿਆ ਸੀ।

ਉਸ ਦਿਨ ਘਟਨਾ ਸਥਾਨ ਦਾ ਦੌਰਾ ਕਰਨ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਨੇ ਕਿਹਾ, ''ਇਸ ਮਾਮਲੇ 'ਚ ਅਸੀਂ ਯੂਏਪੀਏ ਦੀ ਐੱਫਆਰਆਰ ਦਰਜ ਕਰ ਲਈ ਹੈ ਤੇ ਸਾਡੀ ਜਾਂਚ ਟੀਮ ਮੌਕੇ 'ਤੇ ਪਹੁੰਚ ਚੁੱਕੀ ਹੈ।''

''ਅਸੀਂ ਇਸ ਨੂੰ ਤਕਨੀਕੀ ਅਤੇ ਫੋਰੈਂਸਿਕ ਤੌਰ 'ਤੇ ਜਾਂਚ ਕੇ ਘਟਨਾ ਵਾਲੀ ਥਾਂ ਤੋਂ ਸਬੂਤ ਇਕੱਠੇ ਕਰ ਰਹੇ ਹਾਂ, ਤਾਂ ਜੋ ਇਹ ਪਤਾ ਲੱਗ ਸਕੇ ਕਿ ਇਹ ਸਭ ਕਿਵੇਂ ਵਾਪਰਿਆ।''

''ਅਸੀਂ ਸੜਕ ਤੋਂ ਲਾਂਚਰ ਵੀ ਰਿਕਵਰ ਕਰ ਲਿਆ ਹੈ।''

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)