ਬਹਿਰੀਨ ਅਤੇ ਸਿੰਗਾਪੁਰ ਵਰਗੇ 29 ਦੇਸ਼ਾਂ ਤੋਂ ਵੀ ਵੱਡਾ ਇਹ ਹਿਮਖੰਡ ਕਿਉਂ ਚਰਚਾ ਵਿੱਚ ਹੈ

    • ਲੇਖਕ, ਜੋਨਾਥਨ ਐਮੋਸ, ਏਨਰੋਨ ਰਿਵਾਲਟ ਅਤੇ ਕੈਟ ਗੇਨੋਰ
    • ਰੋਲ, ਬੀਬੀਸੀ ਨਿਊਜ਼

ਦੁਨੀਆਂ ਦਾ ਸਭ ਤੋਂ ਵੱਡਾ ਹਿਮਖੰਡ (ਆਈਸਬਰਗ) ਯਾਤਰਾ 'ਤੇ ਨਿਕਲ ਪਿਆ ਹੈ।

ਤੁਸੀਂ ਇਸ ਦੇ ਆਕਾਰ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਇਹ ਗ੍ਰੇਟਰ ਲੰਡਨ ਦੇ ਦੁੱਗਣੇ ਤੋਂ ਵੱਧ ਹੈ।

ਹਾਲਾਂਕਿ, ਹਿਮਖੰਡ ਦਾ ਆਕਾਰ ਹਰ ਰੋਜ਼ ਘੱਟ ਰਿਹਾ ਹੈ, ਇਹ ਅਜੇ ਵੀ 3,800 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ।

ਇਹ ਖੇਤਰ ਬਹਿਰੀਨ ਅਤੇ ਸਿੰਗਾਪੁਰ ਵਰਗੇ 29 ਦੇਸ਼ਾਂ ਤੋਂ ਵੱਡਾ ਹੈ।

ਅੰਟਾਰਕਟਿਕਾ ਦੇ ਸਰਹੱਦੀ ਖ਼ੇਤਰਾਂ 'ਚ ਕੁਝ ਹਫ਼ਤਿਆਂ ਤੱਕ ਹੌਲੀ-ਹੌਲੀ ਅੱਗੇ ਵਧਣ ਤੋਂ ਬਾਅਦ ਹੁਣ ਇਸ ਦੀ ਰਫ਼ਤਾਰ ਤੇਜ਼ ਹੋ ਗਈ ਹੈ।

ਇਸ ਨੂੰ 'ਏ23ਏ' (A23a) ਵਜੋਂ ਵੀ ਜਾਣਿਆ ਜਾਂਦਾ ਹੈ। ਸਾਲ 1986 ਵਿੱਚ, ਇਹ ਅੰਟਾਰਕਟਿਕਾ ਦੇ ਤੱਟ ਤੋਂ ਟੁੱਟ ਕੇ ਵੱਖ ਹੋ ਗਿਆ ਸੀ। ਪਰ ਹਾਲ ਹੀ ਵਿੱਚ ਉਸ ਨੇ ਆਪਣੇ ਇਲਾਕੇ ਤੋਂ ਦੂਰੀ ਵਧਾਉਣੀ ਸ਼ੁਰੂ ਕਰ ਦਿੱਤੀ ਹੈ।

ਤੀਹ ਸਾਲਾਂ ਤੋਂ ਵੱਧ ਸਮੇਂ ਤੱਕ ਇਹ ਵੇਡੇਲ ਸਾਗਰ ਵਿੱਚ ਇੱਕ ਸਥਿਰ ਬਰਫ਼ ਦੇ ਟਾਪੂ ਵਜੋਂ ਫਸਿਆ ਰਿਹਾ।

ਲੰਘਦੇ ਸਮੇਂ ਦੇ ਨਾਲ-ਨਾਲ, ਇਹ ਪਿਘਲ ਵੀ ਰਿਹਾ ਸੀ ਅਤੇ ਸਾਲ 2020 ਆਉਂਦੇ-ਆਉਂਦੇ ਹਿਮਖੰਡ ਤੈਰਨ ਦਾ ਰਾਹ ਖੁੱਲ੍ਹ ਗਿਆ ਅਤੇ ਇਹ ਇੱਕ ਵਾਰ ਫਿਰ ਗਤੀਸ਼ੀਲ ਹੋ ਗਿਆ।

ਹਵਾਵਾਂ ਅਤੇ ਪਾਣੀ ਦੇ ਵਹਾਅ ਦੇ ਸਾਹਮਣੇ ਸ਼ੁਰੂ ਵਿਚ ਇਸ ਦੀ ਰਫ਼ਤਾਰ ਮੱਠੀ ਸੀ। ਫਿਰ ਇਹ ਗਰਮ ਹਵਾ ਅਤੇ ਪਾਣੀ ਦੀਆਂ ਲਹਿਰਾਂ ਵੱਲ ਉੱਤਰ ਵੱਲ ਵਧਣ ਲੱਗਾ।

'ਆਈਸਬਰਗ ਏਲੇ'

'ਏ23ਏ' ਹੁਣ ਇੱਕ ਅਜਿਹੇ ਰੂਟ 'ਤੇ ਅੱਗੇ ਵਧ ਰਿਹਾ ਹੈ ਜੋ ਅੰਟਾਰਕਟਿਕਾ ਦੀ ਬਹੁਤੀ ਬਰਫ਼ ਵਿੱਚੋਂ ਲੰਘਦਾ ਹੈ।

ਵਿਗਿਆਨੀ ਇਸ ਨੂੰ 'ਆਈਸਬਰਗ ਏਲੇ' ਜਾਂ 'ਆਈਸਬਰਗ ਦੀ ਪਗਡੰਡੀ' ਵੀ ਕਹਿੰਦੇ ਹਨ।

ਕਿਸੇ ਹਿਮਖੰਡ ਲਈ ਬਰਬਾਦੀ ਦੇ ਰਸਤੇ 'ਤੇ ਅੱਗੇ ਵਧਣ ਵਾਂਗ ਹੈ। ਇਹ ਖਿਲਰਨ ਜਾ ਰਿਹਾ ਹੈ, ਪਿਘਲਨ ਜਾ ਰਿਹਾ ਹੈ। ਇਸ ਦੀ ਹੋਂਦ ਖ਼ਤਮ ਹੋਣ ਜਾ ਰਹੀ ਹੈ ਅਤੇ ਉਹ ਵੀ ਕੁਝ ਮਹੀਨਿਆਂ ਦੇ ਅੰਦਰ।

ਵਰਤਮਾਨ ਵਿੱਚ ਇਹ ਹਿਮਖੰਡ ਭੂਮੱਧ ਰੇਖਾ ਦੇ ਉੱਤਰ ਵਿੱਚ 60 ਡਿਗਰੀ ਦੇ ਸਮਾਨਾਂਤਰ ਦੂਰੀ 'ਤੇ ਤੈਰ ਰਿਹਾ ਹੈ। ਇਹ ਇਲਾਕਾ ਦੱਖਣੀ ਆਕਰਨੇ ਟਾਪੂ ਦੇ ਨੇੜੇ ਹੈ ਅਤੇ ਅੰਟਾਰਕਟਿਕ ਪ੍ਰਾਇਦੀਪ ਦੇ ਉੱਤਰ-ਪੂਰਬੀ ਸਿਰੇ ਤੋਂ 700 ਕਿਲੋਮੀਟਰ ਦੀ ਦੂਰੀ 'ਤੇ ਹੈ।

ਨੇੜਿਓਂ ਲੰਘਦੇ ਜਹਾਜ਼ਾਂ ਅਤੇ ਉਪਗ੍ਰਹਿ ਤੋਂ ਲਈਆਂ ਗਈਆਂ ਤਸਵੀਰਾਂ ਇਸ ਹਿਮਖੰਡ ਦੇ ਲਗਾਤਾਰ ਪਿਘਲਣ ਦੀ ਪੁਸ਼ਟੀ ਕਰ ਰਹੀਆਂ ਹਨ।

ਹਰ ਰੋਜ਼ ਇਸ ਹਿਮਖੰਡ ਦੇ ਵੱਡੇ ਟੁਕੜੇ ਟੁੱਟ ਕੇ ਸਮੁੰਦਰ ਵਿੱਚ ਡਿੱਗ ਰਹੇ ਹਨ।

'ਏ23ਏ' ਨਾਮ ਦਾ ਇਹ ਹਿਮਖੰਡ ਫੁੱਟਬਾਲ ਦੇ ਮੈਦਾਨ ਦੇ ਆਕਾਰ ਦੀਆਂ ਕਈ ਬਰਫੀਲੀਆਂ ਚੱਟਾਨਾਂ ਨਾਲ ਘਿਰਿਆ ਹੋਇਆ ਹੈ।

'ਏ23ਏ' ਹਿਮਖੰਡ

ਆਉਣ ਵਾਲੇ ਹਫ਼ਤਿਆਂ ਵਿੱਚ, ਇਸਦਾ ਵਹਾਅ ਹਵਾਵਾਂ, ਸਮੁੰਦਰੀ ਤੂਫਾਨਾਂ ਅਤੇ ਪਾਣੀ ਦੇ ਵਹਾਅ ਦੁਆਰਾ ਨਿਰਧਾਰਤ ਕੀਤਾ ਜਾਵੇਗਾ।

ਪਰ ਅਕਸਰ ਬ੍ਰਿਟਿਸ਼ ਓਵਰਸੀਜ਼ ਟੈਰੀਟਰੀ ਤੱਕ ਆਉਂਦੇ-ਆਉਂਦੇ ਅਜਿਹੇ ਹਿਮਖੰਡ ਖ਼ਤਮ ਹੋ ਜਾਂਦੇ ਹਨ।

'ਏ23ਏ' ਹਿਮਖੰਡ ਦਾ ਸਹੀ ਆਕਾਰ ਮਾਪਣਾ ਆਸਾਨ ਨਹੀਂ ਹੈ।

ਜਦੋਂ ਯੂਰਪੀਅਨ ਸਪੇਸ ਏਜੰਸੀ ਦੇ ਵਿਗਿਆਨੀਆਂ ਨੇ ਇਸ ਹਿਮਖੰਡ ਨੂੰ ਮਾਪਣਾ ਚਾਹਿਆ ਤਾਂ ਉਨ੍ਹਾਂ ਨੇ ਦੇਖਿਆ ਕਿ ਇਸ ਦੀ ਉਚਾਈ 920 ਫੁੱਟ ਸੀ।

ਦਿੱਲੀ ਦੀ ਕੁਤੁਬ ਮੀਨਾਰ ਦੀ ਉਚਾਈ ਲਗਭਗ 238 ਫੁੱਟ ਹੈ।

ਇਸ ਤੋਂ ਅੰਦਾਜ਼ਾ ਲਗਾ ਲਓ ਕਿ ਇਹ ਹਿਮਖੰਡ ਕਿੰਨਾ ਵੱਡਾ ਹੈ।

ਹਾਲਾਂਕਿ ਹਿਮਖੰਡ ਦਾ ਆਕਾਰ ਹਰ ਰੋਜ਼ ਘੱਟ ਰਿਹਾ ਹੈ, ਇਹ ਅਜੇ ਵੀ 3,800 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ।

ਇਹ ਖੇਤਰ ਬਹਿਰੀਨ ਅਤੇ ਸਿੰਗਾਪੁਰ ਵਰਗੇ 29 ਦੇਸ਼ਾਂ ਤੋਂ ਵੱਡਾ ਹੈ।ਤੇਜ਼ ਰਫ਼ਤਾਰ ਲਹਿਰਾਂ ਬਰਫ਼ ਦੀ ਇਸ ਚੱਟਾਨ ਨੂੰ ਲਗਾਤਾਰ ਕੱਟ ਰਹੀਆਂ ਹਨ।

ਇਸ ਕਾਰਨ ਹਿਮਖੰਡ ਵਿੱਚ ਗੁਫ਼ਾ ਵਰਗੀਆਂ ਥਾਵਾਂ ਬਣ ਰਹੀਆਂ ਹਨ ਅਤੇ ਬਰਫ਼ ਦੇ ਬਹੁਤ ਸਾਰੇ ਟੁਕੜੇ ਸਮੁੰਦਰ ਵਿੱਚ ਡਿੱਗਦੇ ਜਾ ਰਹੇ ਹਨ।

ਗਲੇਸ਼ੀਅਰ ਦਾ ਹਿੱਸਾ

ਗਰਮ ਹਵਾ ਵੀ ਹੌਲੀ-ਹੌਲੀ ਇਸ ਹਿਮਖੰਡ ਨੂੰ ਪ੍ਰਭਾਵਿਤ ਕਰ ਰਹੀ ਹੈ।

ਪਿਘਲਿਆ ਹੋਇਆ ਪਾਣੀ ਹਿਮਖੰਡ ਦੇ ਉੱਪਰ ਤੈਰਨਾ ਸ਼ੁਰੂ ਕਰ ਦੇਵੇਗਾ ਅਤੇ ਫਿਰ ਇਹ ਦਰਾੜਾਂ ਰਾਹੀਂ ਇਸ ਦੇ ਅੰਦਰ ਦਾਖ਼ਲ ਹੋ ਜਾਵੇਗਾ।

ਸੰਭਵ ਹੈ ਕਿ ਇਸ ਸਾਲ ਦੇ ਅੰਤ ਤੱਕ ਇਹ ਹਿਮਖੰਡ ਪੂਰੀ ਤਰ੍ਹਾਂ ਪਿਘਲ ਜਾਵੇਗਾ।

ਪਰ ਏ23ਏ ਪਿੱਛੇ ਇੱਕ ਵਿਰਾਸਤ ਛੱਡ ਜਾਵੇਗਾ।

ਸਾਰੇ ਵੱਡੇ ਹਿਮਖੰਡਾਂ ਵਾਂਗ, ਇਸ ਦੇ ਪਿਘਲਣ ਨਾਲ ਖਣਿਜ ਧੂੜ ਨੂੰ ਖਿੱਲਰ ਜਾਵੇਗੀ।

ਖਣਿਜਾਂ ਦੀ ਇਹ ਧੂੜ ਹਿਮਖੰਡ ਦੇ ਗਲੇਸ਼ੀਅਰ ਦਾ ਇੱਕ ਹਿੱਸਾ ਹੋਣ ਕਾਰਨ ਇਸ ਦੀ ਬਰਫ਼ ਵਿੱਚ ਫਸ ਗਈ ਸੀ।

ਖੁੱਲੇ ਸਮੁੰਦਰ ਵਿੱਚ, ਇਹ ਧੂੜ ਜੀਵਾਂ ਲਈ ਪੌਸ਼ਟਿਕ ਤੱਤਾਂ ਦਾ ਇੱਕ ਸਰੋਤ ਹੈ ਜੋ ਸਮੁੰਦਰੀ ਭੋਜਨ ਲੜੀ ਦਾ ਅਧਾਰ ਬਣਦੇ ਹਨ।

ਹਿਮਖੰਡ ਦੇ ਪੂਰੀ ਤਰ੍ਹਾਂ ਪਿਘਲਣ ਨਾਲ ਬਹੁਤ ਸਾਰੇ ਵੱਡੇ ਸਮੁੰਦਰੀ ਜੀਵਾਂ ਨੂੰ ਲਾਭ ਹੋਵੇਗਾ।

ਕੁਦਰਤੀ ਪ੍ਰਕਿਰਿਆ

ਜਦੋਂ ਵੀ ਲੋਕ ਇੰਨੇ ਵੱਡੇ ਹਿਮਖੰਡਾਂ ਬਾਰੇ ਸੁਣਦੇ ਹਨ, ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਸਭ ਕੁਝ ਜਲਵਾਯੂ ਤਬਦੀਲੀ ਕਾਰਨ ਹੋ ਰਿਹਾ ਹੈ।

ਪਰ ਸੱਚਾਈ ਥੋੜ੍ਹੀ ਗੁੰਝਲਦਾਰ ਹੈ। ਅੰਟਾਰਕਟਿਕਾ ਦਾ ਉਹ ਹਿੱਸਾ ਜਿੱਥੋਂ ਏ23ਏ ਆਇਆ ਹੈ, ਉੱਥੇ ਅਜੇ ਵੀ ਬਹੁਤ ਠੰਢ ਹੈ।

ਇਹ ਫਲਿੰਟਰ ਆਈਸ ਸ਼ੈਲਫ ਵਿੱਚ ਉਤਪੰਨ ਹੁੰਦਾ ਹੈ। ਇਹ ਬੇਹੱਦ ਵਿਸ਼ਾਲ ਸਾਗਰ ਵਿੱਚ ਤੈਰਦੀ ਇੱਕ ਵਿਸ਼ਾਲ ਬਰਫ਼ ਦੀ ਸ਼ੈਲਫ ਹੈ।

ਬਰਫ਼ ਦੀਆਂ ਸ਼ੈਲਫ਼ਾਂ ਦੇ ਅਗਲੇ ਹਿੱਸੇ ਦਾ ਟੁੱਟ ਜਾਣਾ ਅਤੇ ਹਿਮਖੰਡ ਵਿੱਚ ਬਦਲਣਾ ਇੱਕ ਕੁਦਰਤੀ ਪ੍ਰਕਿਰਿਆ ਹੈ।

ਵਿਗਿਆਨੀ ਇਸ ਨੂੰ ਕੈਲਵਿੰਗ ਕਹਿੰਦੇ ਹਨ। ਅਜਿਹਾ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਕੋਈ ਗਾਂ ਵੱਛੇ ਨੂੰ ਜਨਮ ਦੇ ਰਹੀ ਹੋਵੇ।

ਇੱਕ ਸ਼ੈਲਫ ਸੰਤੁਲਿਤ ਤਾਂ ਹੀ ਸੰਤੁਲਿਤ ਹੋਵੇਗਾ ਜੇਕਰ ਇਸ ਨੂੰ ਤਿੜਕਾਉਣ ਵਾਲੀਆਂ ਚੱਟਾਨਾਂ ਓਨੀਆਂ ਹੀ ਹੋਣ ਜਿੰਨੀ ਦੀ ਬਰਫ਼ਬਾਰੀ ਹੋ ਰਹੀ ਹੋਵੇ।

ਗਰਮ ਪਾਣੀ ਦੀਆਂ ਲਹਿਰਾਂ ਸ਼ੈਲਫ ਦੇ ਅਗਲੇ ਹਿੱਸੇ ਦਾ ਸੰਤੁਲਨ ਤਾਂ ਵਿਗਾੜ ਸਕਦੀਆਂ ਹਨ ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਫਲਿੰਚਰ ਨਾਲ ਵੀ ਅਜਿਹਾ ਹੀ ਹੋ ਰਿਹਾ ਹੈ।

ਹਾਲਾਂਕਿ, ਮਹਾਂਦੀਪ ਦੇ ਹੋਰ ਹਿੱਸਿਆਂ ਵਿੱਚ ਇਹ ਦੇਖਿਆ ਗਿਆ ਹੈ ਕਿ ਗਰਮ ਪਾਣੀ ਕਾਰਨ ਸਮੁੱਚੀ ਸ਼ੈਲਫ ਢਹਿ ਗਈ ਹੈ ਅਤੇ ਇਸ ਕਾਰਨ ਬਹੁਤ ਸਾਰੇ ਹਿਮਖੰਡ ਹੋਂਦ ਵਿੱਚ ਆ ਗਏ ਹਨ।

ਵਿਗਿਆਨੀ ਪੈਟਰਨ ਵਿੱਚ ਕਿਸੇ ਵੀ ਤਬਦੀਲੀ ਨੂੰ ਸਮਝਣ ਦੀ ਕੋਸ਼ਿਸ਼ ਕਰਨ ਲਈ ਇਸ ਗੱਲ 'ਤੇ ਨਜ਼ਰ ਰੱਖ ਰਹੇ ਹਨ ਕਿ ਬਰਫ਼ ਦਾ ਦਾਨਵ ਕਿੱਥੇ ਅਤੇ ਕਿੰਨੀ ਵਾਰ ਸ਼ੈਲਫ਼ ਤੋਂ ਤਿੜਕਦਾ ਹੈ।

ਉਹ ਇਸ ਨੂੰ ਇਤਿਹਾਸਕ ਸੰਦਰਭ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਹਨ।

ਉਪਗ੍ਰਹਿ ਤੋਂ ਸਾਨੂੰ ਪਿਛਲੇ 50 ਸਾਲਾਂ ਦਾ ਹੀ ਲੇਖਾ-ਜੋਖਾ ਮਿਲਦਾ ਹੈ। ਇਹ ਰਿਕਾਰਡ ਕਾਫੀ ਨਹੀਂ ਹੈ।

ਸਮੁੰਦਰ ਦੇ ਅੰਦਰ ਡ੍ਰਿਲਿੰਗ

ਇਸ ਪੂਰੀ ਪ੍ਰਕਿਰਿਆ ਨੂੰ ਸਮਝਣ ਲਈ ਖੋਜਕਾਰਾਂ ਨੇ ਹਾਲ ਹੀ ਵਿਚ ਸਮੁੰਦਰ ਦੀ ਤਹਿ ਵਿੱਚ ਜਾ ਕੇ ਡ੍ਰਿਲਿੰਗ ਕੀਤੀ ਹੈ। ਇਸ ਤਰ੍ਹਾਂ ਖੋਜਕਾਰਾਂ ਨੂੰ ਨਵੀਆਂ ਜਾਣਕਾਰੀਆਂ ਮਿਲੀਆਂ ਹਨ।

ਵਿਗਿਆਨੀਆਂ ਨੇ ਇਸ ਪ੍ਰਕਿਰਿਆ ਰਾਹੀਂ ਅਤੀਤ ਦੀਆਂ ਘਟਨਾਵਾਂ ਦਾ ਖਾਕਾ ਖਿੱਚਿਆ ਹੈ। ਉਨ੍ਹਾਂ ਦਾ ਅੰਦਾਜ਼ਾ ਹੈ ਕਿ 12 ਲੱਖ ਸਾਲ ਪਹਿਲਾਂ, ਇਸ ਖੇਤਰ ਦੀਆਂ ਬਹੁਤ ਸਾਰੀਆਂ ਬਰਫ਼ ਦੀਆਂ ਚੱਟਾਨਾਂ ਸ਼ੈਲਫ ਤੋਂ ਤਿੜਕ ਗਈਆਂ ਸਨ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਦਾ ਕਾਰਨ ਅਤੀਤ ਇਸ ਵਿੱਚ ਹੋਈ ਵਾਰਮਿੰਗ ਰਹੀ ਹੋਵੇਗੀ ਜਿਸ ਦੇ ਕਾਰਨ ਪੱਛਮੀ ਅੰਟਰਾਟਿਕਾ ਦੇ ਬਰਫ਼ ਸ਼ੈਲਫ ਟੁੱਟੇ ਹੋਣਗੇ।

ਦੁਨੀਆਂ ਵਿੱਚ ਕੁਝ ਅਜਿਹੀਆਂ ਥਾਵਾਂ ਹਨ ਜਿੱਥੇ ਤੁਸੀਂ ਹਿਮਖੰਡ ਦੀਆਂ ਹਰਕਤਾਂ ਨੂੰ ਨੇੜਿਓਂ ਮਹਿਸੂਸ ਕਰ ਸਕਦੇ ਹੋ।

ਉਦਾਹਰਨ ਲਈ, ਦੱਖਣੀ ਅਫ਼ਰੀਕਾ ਵਿੱਚ, ਤੁਸੀਂ 30 ਕਰੋੜ ਸਾਲ ਪਹਿਲਾਂ ਸਮੁੰਦਰੀ ਤੱਟ 'ਤੇ ਬਰਫ਼ ਦੇ ਖੰਡਾਂ ਵੱਲੋਂ ਛੱਡੇ ਪੈਰਾਂ ਦੇ ਨਿਸ਼ਾਨਾਂ 'ਤੇ ਚੱਲ ਸਕਦੇ ਹਾਂ। ਉਸ ਸਮੇਂ ਇਹ ਇਲਾਕਾ ਪਾਣੀ ਹੇਠਾਂ ਸੀ ਅਤੇ ਦੱਖਣੀ ਧਰੁਵ ਦੇ ਬਹੁਤ ਨੇੜੇ ਸੀ।

ਵੇਡੇਲ ਸਾਗਰ ਦੇ ਤਲ 'ਤੇ ਏ23ਏ ਨਾਮ ਦੇ ਇਸ ਹਿਮਖੰਡ ਨੇ ਵੀ ਸ਼ਾਇਦ ਇਸੇ ਤਰ੍ਹਾਂ ਆਪਣੀ ਯਾਤਰਾ ਸ਼ੁਰੂ ਕੀਤੀ ਹੋਵੇਗੀ ਅਤੇ ਇਹ ਪ੍ਰਕਿਰਿਆ ਲੱਖਾਂ ਸਾਲਾਂ ਤੱਕ ਇਸੇ ਤਰ੍ਹਾਂ ਜਾਰੀ ਰਹੇਗੀ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)