You’re viewing a text-only version of this website that uses less data. View the main version of the website including all images and videos.
ਹਰਦੀਪ ਨਿੱਝਰ ਤੇ ਗੁਰਪਤਵੰਤ ਪੰਨੂ ਦੇ ਮਾਮਲੇ ਨੇ ਛੇੜੀ ‘ਖਾਲਿਸਤਾਨ ਤੇ ਨਵੀਂ ਸਿਆਸਤ’ ਦੀ ਚਰਚਾ
- ਲੇਖਕ, ਜਸਪਾਲ ਸਿੰਘ ਤੇ ਗੁਰਜੋਤ ਸਿੰਘ
- ਰੋਲ, ਬੀਬੀਸੀ ਪੱਤਰਕਾਰ
“ਸੰਸਾਰ ਵਿੱਚ ਸਿੱਖਾਂ ਦੀ ਹੋ ਰਹੀ ਟਾਰਗੈੱਟ ਕਿਲਿੰਗ ਚਿੰਤਾ ਦਾ ਵਿਸ਼ਾ ਹੈ। ਇਹ ਚਿੰਤਾ ਦੀ ਗੱਲ ਹੈ ਕਿ ਖ਼ੁਫ਼ੀਆ ਏਜੰਸੀਆਂ ਇਸ ਵਿੱਚ ਸ਼ਾਮਲ ਹਨ।”
ਇਹ ਸ਼ਬਦ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਦੇ ਹਨ।
ਹਰਪ੍ਰੀਤ ਸਿੰਘ ਇਸ ਵੇਲੇ ਸਿੱਖਾਂ ਦੇ 5 ਤਖ਼ਤਾਂ ਵਿੱਚੋਂ ਇੱਕ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਹਨ, ਉਨ੍ਹਾਂ ਆਪਣੇ ਫੇਸਬੁੱਕ ਅਕਾਊਂਟ ਉੱਤੇ ਵੀਡੀਓ ਪਾ ਕੇ ਟਾਰਗੈੱਟ ਕਿਲਿੰਗ ਉੱਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।
ਦਰਅਸਲ ਕੈਨੇਡਾ, ਬ੍ਰਿਟੇਨ ਅਤੇ ਪਾਕਿਸਤਾਨ ਵਿੱਚ ਕਈ ਖਾਲਿਸਤਾਨ ਪੱਖੀ ਆਗੂਆਂ ਦੇ ਕਤਲ/ਮੌਤਾਂ ਨੂੰ ਕੁਝ ਲੋਕ ਸਿੱਖਾਂ ਦੀ ਟਾਰਗੈੱਟ ਕਿਲਿੰਗ ਕਹਿ ਰਹੇ ਹਨ।
ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਇਸ ਮਾਮਲੇ ਨਾਲ ਭਾਰਤ ਦਾ ਨਾਂ ਜੋੜਨ ਨੇ ਇਨ੍ਹਾਂ ਇਲਜ਼ਾਮਾਂ ਨੂੰ ਹੋਰ ਹਵਾ ਦਿੱਤੀ।
ਭਾਵੇਂ ਕਿ ਭਾਰਤ ਸਰਕਾਰ ਜਸਟਿਨ ਟਰੂਡੋ ਤੋਂ ਸਬੂਤਾਂ ਦੀ ਮੰਗ ਕਰਦੀ ਰਹੀ ਅਤੇ ਕੈਨੇਡਾ ਨੇ ਨਿੱਝਰ ਬਾਰੇ ਦਾਅਵੇ ਦਾ ਕੋਈ ਸਬੂਤ ਜਨਤਕ ਨਹੀਂ ਕੀਤਾ।
ਪਰ ਅਮਰੀਕਾ ਵਿੱਚ ਖਾਲਿਸਤਾਨ ਪੱਖੀ ਆਗੂ ਦੇ ਕਤਲ ਦੀ ਕੋਸ਼ਿਸ਼ ਵਿੱਚ ਭਾਰਤੀ ਨਾਗਰਿਕ ਦੇ ਸ਼ਾਮਲ ਹੋਣ ਦੇ ਇਲਜ਼ਾਮਾਂ ਨੂੰ ਭਾਰਤ ਨੇ ਵੀ ਗੰਭੀਰਤਾ ਨਾਲ ਲੈਂਦਿਆ ਜਾਂਚ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਇਸੇ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਲਜ਼ਾਮ ਲਾਇਆ, ‘‘ਸਿੱਖਾਂ ਦੇ ਖ਼ਿਲਾਫ਼ ਇਹ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਕਿ ਸਿੱਖ ਖ਼ਾਲਿਸਤਾਨੀ ਹਨ।”
ਕੈਨੇਡਾ ਤੇ ਅਮਰੀਕਾ ਦੇ ਇਲਜ਼ਾਮ
ਕੈਨੇਡਾ ਵਿੱਚ ਜੂਨ 2023 ਨੂੰ ਖਾਲਿਸਤਾਨ ਹਮਾਇਤੀ ਹਰਦੀਪ ਸਿੰਘ ਨਿੱਝਰ ਦਾ ਕਤਲ ਕਰ ਦਿੱਤਾ ਗਿਆ ਸੀ।
ਜਿਸ ਤੋਂ ਬਾਅਤ ਸਤੰਬਰ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਲਜ਼ਾਮ ਲਾਏ ਸਨ ਕਿ ਭਾਰਤ ਸਰਕਾਰ ਦੇ ਏਜੰਟਾਂ ਦੀ ਸਰੀ ’ਚ ਨਿੱਝਰ ਦੇ ਕਤਲ ’ਚ ਸ਼ਮੂਲੀਅਤ ਹੋ ਸਕਦੀ ਹੈ।
ਕੈਨੇਡਾ ਤੋਂ ਬਾਅਦ ਅਮਰੀਕਾ ਨੇ ਵੀ ਇੱਕ ਸਿੱਖ ਕਾਰਕੁਨ ਦੇ ਕਤਲ ਵਿੱਚ ਸ਼ਮੂਲੀਅਤ ਦੇ ਇਲਜ਼ਾਮਾਂ ਤਹਿਤ ਇੱਕ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਸੀ।
ਭਾਰਤ ਨੇ ਕੈਨੇਡਾ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਸੀ ਅਤੇ ਇਹ ਕਿਹਾ ਸੀ ਟਰੂਡੋ ਸਰਕਾਰ ਨੂੰ ਕੈਨੇਡਾ ਵਿੱਚ ਅੱਤਵਾਦੀਆਂ ਤੇ ਸੰਗਠਿਤ ਅਪਰਾਧੀਆਂ ਦੇ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।
ਪਰ ਭਾਰਤ ਨੇ ਕਿਹਾ ਸੀ ਕਿ ਅਮਰੀਕਾ ਵੱਲੋਂ ਸਾਂਝੀ ਕੀਤੀ ਜਾਣਕਾਰੀ ‘ਚਿੰਤਾਜਨਕ’ ਹੈ, ਇਸਦੀ ਜਾਂਚ ਕਮੇਟੀ ਬਣਾ ਕੇ ਸ਼ੁਰੂ ਕਰ ਦਿੱਤੀ ਗਈ ਹੈ।
ਭਾਰਤ ਨੇ ਕਿਹਾ ਕਿ ਅਜਿਹੀ ਸਾਜ਼ਿਸ਼ ਉਨ੍ਹਾਂ ਦੀ ਸਰਕਾਰੀ ਨੀਤੀ ਨਹੀਂ ਹੈ ਅਤੇ ਉਹ ਵਿਦੇਸ਼ਾਂ ਵਿੱਚ ਰਹਿੰਦੇ ਸਿੱਖ ਵੱਖਵਾਦੀਆਂ ਨੂੰ ਨਿਸ਼ਾਨਾ ਨਹੀਂ ਬਣਾ ਰਹੇ।
ਜਥੇਦਾਰ ਹਰਪ੍ਰੀਤ ਸਿੰਘ ਨੇ ਕੀ ਕਿਹਾ
ਹਰਪ੍ਰੀਤ ਸਿੰਘ ਨੇ ਸ਼ਨੀਵਾਰ ਨੂੰ ਇਹ ਦਾਅਵਾ ਕੀਤਾ ਕਿ ਸਿੱਖਾਂ ਦੀਆਂ ‘ਟਾਰਗੈੱਟ ਕਿਲੰਗਜ਼’ ਨੂੰ ਜਾਇਜ਼ ਠਹਿਰਾਉਣ ਲਈ ਇਹ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਕਿ ਸਿੱਖ ਖ਼ਾਲਿਸਤਾਨੀ ਹਨ।
“ਜਦੋਂ ਕਿਤੇ ਵੀ ਦੁਨੀਆਂ ਵਿੱਚ ਟਾਰਗੈੱਟ ਕਿਲਿੰਗ ਹੁੰਦੀ ਹੈ ਇਸ ਨੂੰ ਜਾਇਜ਼ ਠਹਿਰਾਉਣ ਲਈ ਇਸ ਬਿਰਤਾਂਤ (ਖਾਲਿਸਤਾਨ) ਦੀ ਸਹਾਇਤਾ ਲਈ ਜਾ ਰਹੀ ਹੈ।”
“ਪੰਜਾਬ ਵਿੱਚ ਗੈਂਗਸਟਰਵਾਦ ਵੱਧ ਗਿਆ ਹੈ ਅਤੇ ਖ਼ੂਫ਼ੀਆ ਏਜੰਸੀਆਂ ਇਸ ਨੂੰ ਆਪਣੇ ਮਨੋਰਥਾਂ ਲਈ ਵਰਤ ਰਹੀਆਂ ਹਨ।”
ਦੂਜੇ ਪਾਸੇ ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਆਫ ਪੁਲਿਸ ਸ਼ਸ਼ੀਕਾਂਤ ਨੇ ਬੀਬੀਸੀ ਪੰਜਾਬੀ ਨਾਲ ਫੋਨ ਉੱਤੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਸਾਬਕਾ ਜਥੇਦਾਰ ਦੇ ਬਿਆਨ ਨਾਲ ਸਹਿਮਤ ਨਹੀਂ ਹਨ।
ਉਹ ਕਹਿੰਦੇ ਹਨ ਕਿ ਗੈਂਗਸਟਰਾਂ ਅਤੇ ਸਿਆਸਤਦਾਨਾਂ ਦੇ ਇੱਕ ਦੂਜੇ ਨਾਲ ਸਬੰਧ ਪਿਛਲੇ ਸਮੇਂ ਵਿੱਚ ਸਾਹਮਣੇ ਆਏ ਹਨ।
ਉਨ੍ਹਾਂ ਦੱਸਿਆ ਕਿ ਪਾਕਿਸਤਾਨ ਜਾਂ ਕੈਨੇਡਾ ਵਿੱਚ ਕਤਲਾਂ ਬਾਰੇ ਕੋਈ ਵੀ ਸਬੂਤ ਨਹੀਂ ਹਨ, ਸਿਰਫ਼ ਅਮਰੀਕਾ ਹੀ ਇਸ ਬਾਰੇ ਸਬੂਤ ਦੇ ਸਕਿਆ ਹੈ। ਇਨ੍ਹਾਂ ਬਾਰੇ ਭਾਰਤ ਵਿੱਚ ਕਮੇਟੀ ਬਣਾਈ ਗਈ ਹੈ।
ਅਫ਼ਵਾਹਾਂ ਅਤੇ ਜ਼ਮੀਨੀ ਸੱਚਾਈ ਦੋਵੇਂ ਵੱਖਰੇ ਹਨ।
ਖਾਲਿਸਤਾਨ ਦੀ ਚਰਚਾ ਮੁੜ ਛਿੜੀ
ਇਸ ਤੋਂ ਪਹਿਲਾਂ ਖ਼ਬਰ ਏਜੰਸੀ ਰਾਇਟਰਜ਼ ਦੀ ਇੱਕ ਖ਼ਬਰ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਭਾਰਤੀ ਦੋਸਤ ਮੁਲਕਾਂ (ਕੈਨੇਡਾ ਅਤੇ ਅਮਰੀਕਾ) ਨਾਲ ਭਾਰਤ ਦੇ ਕੂਟਨੀਤਕ ਰਿਸ਼ਤਿਆਂ ਵਿੱਚ ਆਏ ਤਣਾਅ ਤੋਂ ਬਾਅਦ ਨਰਿੰਦਰ ਮੋਦੀ ਦੇ ਸਿਆਸੀ ਹਿਸਾਬ-ਕਿਤਾਬ ਵਿੱਚ ਸਿੱਖ ਵੱਖਵਾਦ ਦਾ ਝਲਕਾਰਾ ਆਮ ਨਾਲੋਂ ਕਾਫ਼ੀ ਵੱਧ ਦਿਖਣ ਲੱਗਾ।
ਰਾਇਟਰਜ਼ ਦੀ ਰਿਪੋਰਟ ਮੁਤਾਬਕ ਸੁਰੱਖਿਆ ਮਹਿਕਮੇ ਵਿੱਚ ਕੰਮ ਕਰਦੇ ਇੱਕ ਉੱਚ ਅਧਿਕਾਰੀ ਨੇ ਕਿਹਾ ਸੀ, “ਖਾਲਿਸਤਾਨ ਦੀ ਪੰਜਾਬ ਵਿੱਚ ਜ਼ਮੀਨੀ ਪੱਧਰ ‘ਤੇ ਕੋਈ ਹਮਾਇਤ ਨਹੀਂ ਹੈ”।
‘‘ਪਰ ਕਈ ਵੱਡੇ ਵੱਖਵਾਦੀ ਆਗੂ ਵਿਦੇਸ਼ਾਂ ਵਿੱਚ ਨਸ਼ੇ, ਹਥਿਆਰਾਂ ਦੇ ਕਾਰੋਬਾਰ ਅਤੇ ਅਪਰਾਧਿਕ ਸਮੂਹਾਂ ਵਿੱਚ ਸ਼ਾਮਲ ਹਨ, ਉਨ੍ਹਾਂ ਦੇ ਪੰਜਾਬ ਵਿੱਚ ਵੀ ਲਿੰਕ ਹਨ।“
ਹਾਲ ਹੀ ਵਿੱਚ ਰਿਟਾਇਰ ਹੋਏ ਇੱਕ ਉੱਚ ਅਧਿਕਾਰੀ ਦੇ ਹਵਾਲੇ ਨਾਲ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਖਾਲਿਸਤਾਨ ਇੱਕ ‘ਮਰਿਆ ਘੋੜਾ (ਡੈੱਡ ਹੌਰਸ)’ ਹੈ, ਪਰ ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ “ਤੁਹਾਨੂੰ ਅਗਾਊਂ ਕਾਰਵਾਈ ਕਰਨੀ ਪਵੇਗੀ ਕਿਉਂਕਿ ਉਹ ਵਿਦੇਸ਼ਾਂ ਵਿੱਚ ਪੈਸੇ ਇਕੱਠੇ ਕਰ ਰਹੇ ਹਨ, ਲੋਕਾਂ ਨੂੰ ਸਿਖਲਾਈ ਦੇ ਰਹੇ ਹਨ ਅਤੇ ਭਾਰਤ ਦੀ ਵੰਡ ਲਈ ਕੰਮ ਕਰ ਰਹੇ ਹਨ।”
ਉਨ੍ਹਾਂ ਕਿਹਾ ਕਿ “ਭਾਰਤ ਨੂੰ ਸੰਭਲ ਕੇ ਚੱਲਣਾ ਪਵੇਗਾ” ਕਿਉਂਕਿ ਇਸਦੇ ਪਿੱਛੇ ਬਹੁਤ ਕੁਝ ਚੱਲ ਰਿਹਾ ਹੈ, ਜਿਸ ਵਿੱਚ ਬੇਰੁਜ਼ਗਾਰੀ, ਨਸ਼ਿਆਂ ਦੀ ਵਰਤੋਂ ਵੀ ਸ਼ਾਮਲ ਹੈ।
ਇਸ ਮਾਮਲੇ ਦੀ ਸੰਵੇਦਨਸ਼ੀਲਤਾ ਕਰਕੇ ਦੋਵਾਂ ਅਧਿਕਾਰੀਆਂ ਨੇ ਆਪਣਾ ਨਾਮ ਜਨਤਕ ਨਾ ਕੀਤੇ ਜਾਣ ਬਾਰੇ ਕਿਹਾ।
ਪਰ ਪੰਜਾਬ ਦੇ ਸਾਬਕਾ ਡੀਜੀਪੀ ਸ਼ਸ਼ੀਕਾਂਤ ਨੇ ਕਿਹਾ ਕਿ ਉਹ ਨਹੀਂ ਮੰਨਦੇ ਕਿ ਖਾਲਿਸਤਾਨ ਰਾਸ਼ਟਰੀ ਸੁਰੱਖਿਆ ਦੇ ਮਾਮਲੇ ਵਿੱਚ ਓਨਾ ਵੱਡਾ ਮਾਮਲਾ ਹੈ, ਜਿੰਨਾ ਪਹਿਲਾਂ ਹੋਇਆ ਕਰਦਾ ਸੀ।
ਉਨ੍ਹਾਂ ਕਿਹਾ ਕਿ ਕੈਨੇਡਾ ਅਤੇ ਅਮਰੀਕਾ ਵਿੱਚ ਇਸ ਮਾਮਲੇ ਬਾਰੇ ਵੱਖਰੇ-ਵੱਖਰੇ ਕਿਸਮ ਦੀ ਸਿਆਸਤ ਚੱਲ ਰਹੀ ਹੈ। ਉਹ ਕਹਿੰਦੇ ਹਨ ਕਿ ਭਾਰਤ ਸਰਕਾਰ ਵੱਲੋਂ ਵੀ ਸ਼ਾਇਦ ਇਸਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ।
ਖਾਲਿਸਤਾਨ ਦਾ ਜ਼ਿਕਰ ਕਿਉਂ ਵਧਿਆ
ਭਾਰਤ ਦੀ ਸਿਆਸਤ ਵਿੱਚ ਖਾਲਿਸਤਾਨ ਦਾ ਜ਼ਿਕਰ ਕਿਉਂ ਵਧਿਆ ਹੈ, ਇਸ ਬਾਰੇ ਬੀਬੀਸੀ ਪੱਤਰਕਾਰ ਜਸਪਾਲ ਸਿੰਘ ਨੇ ਅਜੇ ਸਾਹਨੀ ਨਾਲ ਗੱਲਬਾਤ ਕੀਤੀ।
ਕੌਮਾਂਤਰੀ ਮਾਮਲਿਆਂ ਦੇ ਮਾਹਰ, ਅਜੈ ਸਾਹਨੀ ਇੰਸਟੀਚਿਊਟ ਫਾਰ ਕਾਨਫਲਿਕਟ ਮੈਨੇਜਮੈਂਟ, ਨਵੀਂ ਦਿੱਲੀ ਦੇ ਬਾਨੀ ਹਨ।
ਅਜੇ ਸਾਹਨੀ ਕਹਿੰਦੇ ਹਨ ਕਿ ਭਾਰਤ ਸਰਕਾਰ ਵੱਲੋਂ ਇਸ ਮੁੱਦੇ ਨੂੰ ਹਵਾ ਦਿੱਤੀ ਜਾ ਰਹੀ ਹੈ।
ਅਜੇ ਕਹਿੰਦੇ ਹਨ, “ਭਾਰਤ ਸਰਕਾਰ ਵੱਲੋਂ ਪੰਜਾਬ ਦੇ ਮੁੱਦਿਆਂ ਨੂੰ ਖਾਲਿਸਤਾਨ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੁੱਦੇ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ।”
“ਕਿਸਾਨ ਅੰਦੋਲਨ ਵੇਲੇ ਵੀ ਸਰਕਾਰ ਤੇ ਸਰਕਾਰੀ ਮਸ਼ੀਨਰੀ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਸੀ ਕਿ ਅੰਦੋਲਨ ਨੂੰ ਖਾਲਿਸਤਾਨ ਨਾਲ ਜੋੜਿਆ ਜਾਵੇ।”
ਅਜੇ ਸਾਹਨੀ ਕਹਿੰਦੇ ਹਨ ਕਿ ਇਹ ਦੇਖਣਾ ਚਾਹੀਦਾ ਹੈ ਕਿ ਖਾਲਿਸਤਾਨ ਦੀ ਹਮਾਇਤ ਦਾ ਪੰਜਾਬ ਵਿੱਚ ਪੱਧਰ ਨਾ ਦੇ ਬਰਾਬਰ ਹੈ।
ਉਹ ਕਹਿੰਦੇ ਹਨ, “ਪੰਜਾਬ ਵਿੱਚ ਖਾਲਿਸਤਾਨ ਨਾਲ ਜੁੜੀ ਹਮਾਇਤ ਬਿਲਕੁਲ ਨਹੀਂ ਹੈ। 80ਵਿਆਂ ਵਿੱਚ ਖਾਲਿਸਤਾਨ ਨਾਲ ਹਜ਼ਾਰਾਂ ਲੋਕ ਸਨ ਪਰ ਉਨ੍ਹਾਂ ਦੀ ਗਿਣਤੀ ਕਾਫੀ ਘੱਟ ਹੈ।”
“ਪਰਵਾਸੀ ਭਾਰਤੀਆਂ ਵਿੱਚ ਵੀ ਖਾਲਿਸਤਾਨੀ ਪੱਖੀ ਲੋਕ ਕਾਫੀ ਘੱਟ ਹਨ। ਕੇਵਲ ਸੋਸ਼ਲ ਮੀਡੀਆ ਉੱਤੇ ਖਾਲਿਸਤਾਨ ਪੱਖੀ ਤੇ ਹਿੰਦੂਵਾਦੀਆਂ ਵਿਚਾਲੇ ਬਹਿਸ ਦੇਖੀ ਜਾਂਦੀ ਹੈ ਪਰ ਆਮ ਪੰਜਾਬੀ ਨੂੰ ਇਸ ਨਾਲ ਸਰੋਕਾਰ ਨਹੀਂ ਹੈ।”
ਉਹ ਕਹਿੰਦੇ ਹਨ ਕਿ ਪਿਛਲੇ ਕੁਝ ਸਾਲਾਂ ਵਿੱਚ ਹੋਈਆਂ ਹਿੰਸਕ ਘਟਨਾਵਾਂ ਵਿੱਚ ਗੈਂਗਸਟਰਜ਼ ਸ਼ਾਮਲ ਰਹੇ ਹਨ ਜਿਹੜੇ ਭਾਵਨਾਤਮਕ ਤੌਰ ‘ਤੇ ਖਾਲਿਸਤਾਨ ਨਾਲ ਨਹੀ ਜੁੜੇ ਹੋਏ।
ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਦੇ ਤਾਰ ਖਾਲਿਸਤਾਨੀਆਂ ਨਾਲ ਜੁੜੇ ਹੋਏ ਹਨ ਪਰ ਅਜਿਹੀਆਂ ਘਟਨਾਵਾਂ ਨੂੰ ਨੈਸ਼ਨਲ ਸਕਿਓਰਟੀ ਨਹੀਂ ਕਿਹਾ ਜਾ ਸਕਦਾ।
ਅਜੇ ਸਾਹਨੀ ਨੇ ਇਸ ਦੇ ਨਾਲ ਇਹ ਵੀ ਕਿਹਾ ਕਿ ਖਾਲਿਸਤਾਨ ਨਾਲ ਜੁੜੀਆਂ ਘਟਨਾਵਾਂ ਭਾਵੇਂ ਘੱਟ ਹਨ ਪਰ ਫਿਰ ਵੀ ਭਾਰਤ ਨੂੰ ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ।
ਉਹ ਕਹਿੰਦੇ ਹਨ ਕਿ ਇਹ ਵੀ ਨਜ਼ਰ ਆ ਰਿਹਾ ਹੈ ਕਿ ਖਾਲਿਸਤਾਨ ਦਾ ਮੁੱਦਾ ਜ਼ਰੂਰਤ ਤੋਂ ਵੱਧ ਵਧਾਇਆ ਜਾ ਰਿਹਾ ਹੈ।
ਬਹਿਸ ਬਾਰੇ ਖਾਲਿਸਤਾਨੀ ਤੇ ਭਾਜਪਾ ਦਾ ਪੱਖ਼
ਪੰਜਾਬ ਵਿੱਚ ਖ਼ਾਲਿਸਤਾਨ ਹਮਾਇਤੀ ਜਥੇਬੰਦੀ ਦਲ ਖ਼ਾਲਸਾ ਦੇ ਸਿਆਸੀ ਸਕੱਤਰ ਕੰਵਰਪਾਲ ਸਿੰਘ ਨੇ ਦਾਅਵਾ ਕੀਤਾ ਕਿ ਖਾਲਿਸਤਾਨੀਆਂ ਦੇ ਨਸ਼ਿਆਂ ਅਤੇ ਅਪਰਾਧਾਂ ਨਾਲ ਸਬੰਧ ਨਹੀਂ ਹੈ।
ਉਨ੍ਹਾਂ ਕਿਹਾ, “ਮੋਦੀ ਸਰਕਾਰ ਖ਼ਾਲਿਸਤਾਨ ਹਮਾਇਤੀਆਂ ਨੂੰ ਬਦਨਾਮ ਕਰਨਾ ਚਾਹੁੰਦੀ ਹੈ ਤਾਂ ਜੋ ਉਨ੍ਹਾਂ ਨੂੰ ਵੱਖਰਾ ਕਰਕੇ ਨਿਸ਼ਾਨਾ ਬਣਾ ਸਕਣ।”
ਦੂਜੇ ਪਾਸੇ ਭਾਜਪਾ ਦੇ ਬੁਲਾਰੇ ਆਰਪੀ ਸਿੰਘ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਦਾ ਖਾਲਿਸਤਾਨ ਮੁੱਦੇ ਬਾਰੇ ਕੋਈ ਲੈਣਾ-ਦੇਣਾ ਨਹੀਂ ਹੈ।
ਉਹ ਕਹਿੰਦੇ ਹਨ, “ਖਾਲਿਸਤਾਨ ਲਈ 2020 ਦੇ ਰੈਫਰੈਂਡਮ ਪਿੱਛੇ ਪਾਕਿਸਤਾਨ ਸੀ। ਭਾਰਤ ਸਰਕਾਰ ਦਾ ਇਸ ਮੁੱਦੇ ਨਾਲ ਕੋਈ ਵਾਸਤਾ ਨਹੀਂ ਹੈ।”
“ਪੰਜਾਬ ਵਿੱਚ ਕੋਈ ਖਾਲਿਸਤਾਨ ਦੀ ਗੱਲ ਨਹੀਂ ਕਰਦਾ ਹੈ। ਪਰਵਾਸੀਆਂ ਵਿੱਚ ਵੀ ਇਨ੍ਹਾਂ ਦੀ ਗਿਣਤੀ ਕਾਫੀ ਘੱਟ ਹੈ।”
ਮਾਹਰ ਨਿੱਝਰ ਅਤੇ ਪੰਨੂ ਬਾਰੇ ਕੀ ਕਹਿੰਦੇ ਹਨ
ਅਜੇ ਸਾਹਨੀ ਨੂੰ ਜਦੋਂ ਹਰਦੀਪ ਸਿੰਘ ਨਿੱਝਰ ਤੇ ਗੁਰਪਤਵੰਤ ਸਿੰਘ ਪੰਨੂ ਦੇ ਮਾਮਲੇ ਵਿੱਚ ਭਾਰਤ ਦੇ ਰੁਖ ਉੱਤੇ ਰਾਇ ਪੁੱਛੀ ਤਾਂ ਉਹ ਕਹਿੰਦੇ ਕਿ ਦੋਵੇਂ ਮਸਲੇ ਵੱਖੋ-ਵੱਖਰੇ ਹਨ।
ਉਹ ਕਹਿੰਦੇ ਹਨ, “ਹਰਦੀਪ ਸਿੰਘ ਨਿੱਝਰ ਉੱਤੇ ਕਈ ਮਾਮਲੇ ਦਰਜ ਸਨ। ਕਈ ਕੇਸਾਂ ਦੀ ਚਾਰਜਸ਼ੀਟਾਂ ਵਿੱਚ ਅਜਿਹੇ ਇਲਜ਼ਾਮ ਹਰਦੀਪ ਸਿੰਘ ਨਿੱਝਰ ਉੱਤੇ ਲਗਾਏ ਗਏ ਹਨ, ਜਿਸ ਨਾਲ ਉਸ ਦੀ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਖਦਸ਼ੇ ਹਨ।”
“ਗੁਰਪਤਵੰਤ ਸਿੰਘ ਪੰਨੂ ਅਮਰੀਕਾ ਵਿੱਚ ਰਹਿੰਦੇ ਹਨ ਜਿੱਥੇ ਫ੍ਰੀ ਸਪੀਚ ਦੇ ਵੱਡੇ ਪੱਧਰ ਉੱਤੇ ਅਧਿਕਾਰ ਮਿਲਦੇ ਹਨ। ਪੰਨੂ ਖੁਦ ਵਕੀਲ ਹਨ ਤੇ ਉਹ ਆਪਣੀਆਂ ਗੱਲਾਂ ਵਿੱਚ ਅਜਿਹੀ ਭਾਸ਼ਾ ਦਾ ਇਸਤੇਮਾਲ ਕਰਦਾ ਹੈ ਜੋ ਕਾਨੂੰਨੀ ਦਾਇਰੇ ਵਿੱਚ ਹੈ ਅਤੇ ਜਿਸ ਨੂੰ ਅਮਰੀਕੀ ਜਾਂ ਕੌਮਾਂਤਰੀ ਕੋਰਟਾਂ ਵਿੱਚ ਗੈਰ-ਕਾਨੂੰਨੀ ਕਰਾਰ ਨਹੀਂ ਦਿੱਤਾ ਜਾ ਸਕਦਾ ਹੈ।”
“ਇਸੇ ਕਰਕੇ ਦੋਵੇਂ ਮਾਮਲੇ ਵੱਖਰੇ ਹਨ।”
ਪੰਨੂ ਨੂੰ ਵੀ ਹੁਣ ਭਾਰਤ ਵਿੱਚ ਅੱਤਵਾਦੀ ਐਲਾਨਿਆ ਜਾ ਚੁੱਕਾ ਹੈ। ਉਹ ਭਾਰਤੀ ਏਅਰਪੋਰਟ ਉਡਾਉਣ ਅਤੇ ਹੁਣ ਤਾਂ ਸੰਸਦ ਉੱਤੇ ਹਮਲੇ ਤੱਕ ਦੀਆਂ ਧਮਕੀਆ ਤੱਕ ਦੇ ਚੁੱਕਾ ਹੈ।
ਉਸ ਦੀ ਜਥੇਬੰਦੀ ਸਿੱਖਸ ਫਾਰ ਜਸਟਿਸ ਉੱਤੇ ਵੀ ਭਾਰਤ ਵਿੱਚ ਪਾਬੰਦੀ ਲਾਈ ਜਾ ਚੁੱਕੀ ਹੈ।
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਮੁਤਾਬਕ ਭਾਰਤ ਨੇ ਪੰਨੂ ਅਤੇ ਉਨ੍ਹਾਂ ਦੀ ਜਥੇਬੰਦੀ ਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਦੀ ਜਾਣਕਾਰੀ ਅਮਰੀਕਾ ਨਾਲ ਸਾਂਝੀ ਕੀਤੀ ਹੈ।
ਵਿਦੇਸ਼ ਮੰਤਰੀ ਨੇ ਸੰਸਦ ਵਿੱਚ ਕੀ ਜਵਾਬ ਦਿੱਤਾ
ਭਾਰਤ ਦੇ ਵਿਦੇਸ਼ ਮੰਤਰੀ ਨੇ ਵੀਰਵਾਰ ਨੂੰ ਸੰਸਦ ਵਿੱਚ ਅਮਰੀਕਾ ਅਤੇ ਕੈਨੇਡਾ ਵੱਲੋਂ ਪਿਛਲੇ ਦਿਨਾਂ ਵਿੱਚ ਲਾਏ ਗਏ ਇਲਜ਼ਾਮਾਂ ਬਾਰੇ ਸੰਸਦ ਵਿੱਚ ਜਵਾਬ ਦਿੱਤਾ ਸੀ।
ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਨੇ ਅਮਰੀਕਾ ਦੀ ਜ਼ਮੀਨ ‘ਤੇ ਇੱਕ ਖਾਲਿਸਤਾਨੀ ਆਗੂ ਨੂੰ ਮਾਰਨ ਦੀ ਕਥਿਤ ਸਾਜ਼ਿਸ਼ ਦੇ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਮਾਮਲੇ ਵਿੱਚ ਅਮਰੀਕਾ ਨੇ ਜਾਣਕਾਰੀ ਉਪਲੱਬਧ ਕਰਵਾਈ ਸੀ ਅਤੇ ਇਹ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਮਾਮਲਾ ਹੈ।
ਨਾਲ ਹੀ ਵਿਦੇਸ਼ ਮੰਤਰੀ ਨੇ ਇਹ ਸਾਫ ਕੀਤਾ ਕਿ ਕੈਨੇਡਾ ਦੇ ਇਲਜ਼ਾਮਾਂ ‘ਤੇ ਇਸ ਤਰੀਕੇ ਵਿਵਹਾਰ ਦੀ ਸੰਭਾਵਨਾ ਨਹੀਂ ਸੀ, ਕਿਉਂਕਿ ਕੈਨੇਡਾ ਨੇ ਕੋਈ ਪੁਖ਼ਤਾ ਸਬੂਤ ਜਾਂ ਜਾਣਕਾਰੀ ਭਾਰਤ ਨੂੰ ਨਹੀ ਦਿੱਤੀ ਹੈ।
ਰਾਜ ਸਭਾ ਵਿੱਚ ਜੈਸ਼ੰਕਰ ਨੇ ਕਿਹਾ ਅਮਰੀਕਾ ਅਤੇ ਕੈਨੇਡਾ ਵੱਲੋਂ ਲਾਏ ਗਏ ਇਲਜ਼ਾਮਾਂ ਨੂੰ ਇੱਕੋ ਤਰੀਕੇ ਦੇਖਣ ਦਾ ਸਵਾਲ ਹੀ ਨਹੀ ਉੱਠਦਾ ਕਿਉਂਕਿ ਇਸ ਦੇਸ ਨੂੰ ਭਾਰਤ ਸਾਰਕਾਰ ਨੂੰ ਜਾਣਕਾਰੀ ਦਿੱਤੀ ਹੈ ਜਦਕਿ ਦੂਜੇ ਨੇ ਅਜਿਹਾ ਨਹੀਂ ਕੀਤਾ ਸੀ।
ਉਨ੍ਹਾਂ ਨੇ ਕਿਹਾ, “ਜਿੱਥੋਂ ਤੱਕ ਅਮਰੀਕਾ ਦਾ ਸਵਾਲ ਹੈ, ਅਮਰੀਕਾ ਦੇ ਨਾਲ ਸਾਡੇ ਸੁਰੱਖਿਆ ਸਹਿਯੋਗ ਦੇ ਤਹਿਤ ਸਾਨੂੰ ਕੁਝ ਜਾਣਕਾਰੀ ਦਿੱਤੀ ਗਈ ਸੀ, ਉਹ ਜਾਣਕਾਰੀ ਸਾਡੇ ਲਈ ਚਿੰਤਾ ਦਾ ਵਿਸ਼ਾ ਸੀ, ਕਿਉਂਕਿ ਉਹ ਸੰਗਠਿਤ ਅਪਰਾਧ ਅਤੇ ਤਸਕਰੀ ਨਾਲ ਸਬੰਧਤ ਸੀ।
ਇਨ੍ਹਾਂ ਦਾ ਸਾਡੀ ਰਾਸ਼ਟਰੀ ਸਰੁੱਖਿਆ ‘ਤੇ ਅਸਰ ਪੈਂਦਾ ਹੈ, ਇਸ ਲਈ ਮਾਮਲੇ ਦੀ ਜਾਂਚ ਕਰਨ ਦਾ ਫ਼ੈਸਲਾ ਲਿਆ ਗਿਆ ਅਤੇ ਇੱਕ ਜਾਂਚ ਕਮੇਟੀ ਬਣਾਈ ਗਈ
“ਜਿੱਥੋਂ ਤੱਕ ਕੈਨੇਡਾ ਦਾ ਸਵਾਲ ਹੈ, ਸਾਨੂੰ ਕੋਈ ਸਬੂਤ ਜਾਂ ਜਾਣਕਾਰੀ ਨਹੀ ਦਿੱਤੀ ਗਈ।
ਇਸ ਲਈ ਦੋਵਾਂ ਦੇਸਾਂ ਜਿਨ੍ਹਾਂ ਵਿੱਚੋਂ ਇੱਕ ਨੇ ਜਾਣਕਾਰੀ ਦਿੱਤੀ ਹੈ, ਇੱਕ ਨੇ ਨਹੀਂ। ਇੱਕੋ ਜਿਹਾ ਵਿਵਹਾਰ ਕਰਨ ਦਾ ਸਵਾਲ ਹੀ ਨਹੀਂ ਉੱਠਦਾ।”
ਦਰਅਸਲ ਇਹ ਕਿਹਾ ਜਾ ਰਿਹਾ ਹੈ ਭਾਰਤ ਅਮਰੀਕਾ ਨਾਲ ਹੋਰ ਤਰੀਕੇ ਵਿਵਹਾਰ ਕਰ ਰਿਹਾ ਹੈ ਅਤੇ ਕੈਨੇਡਾ ਨਾਲ ਹੋਰ ਤਰੀਕੇ।
ਅਮਰੀਕਾ ਨੇ ਜਦੋਂ ਖਾਲਿਸਤਾਨੀ ਆਗੂ ਦੇ ਕਤਲ ਦੀ ਕੋਸ਼ਿਸ਼ ਵਿੱਚ ਭਾਰਤੀ ਅਧਿਕਾਰੀ ਦੇ ਸ਼ਾਮਲ ਹੋਣ ਦਾ ਇਲਜ਼ਾਮ ਲਾਇਆ ਸੀ ਤਾਂ ਭਾਰਤ ਨੇ ਇਸ ਨੂੰ ਚਿੰਤਾਜਨਕ ਦੱਸਿਆ ਸੀ।
ਪਰ ਜਦੋਂ ਸਤੰਬਰ ਮਹੀਨੇ ਵਿੱਚ ਕੈਨੇਡਾ ਨੇ ਖ਼ਾਲਿਸਤਾਨ ਹਮਾਇਤੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਦੀ ਭੂਮਿਕਾ ਹੋਣ ਦਾ ਇਲਜ਼ਾਮ ਲਾਇਆ ਸੀ ਤਾਂ ਭਾਰਤ ਨੇ ਇਸ ਨੂੰ ‘ਬੇਬੁਨਿਆਦ’ ਦੱਸਿਆ ਸੀ।