ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਦੇ ਮਾਮਲੇ ’ਚ ਹੁਣ ਅਮਰੀਕਾ ਨੂੰ ਇਸ ਗੱਲ ਦਾ ਇੰਤਜ਼ਾਰ ਹੈ

ਭਾਰਤ ਦੌਰੇ ‘ਤੇ ਆਏ ਅਮਰੀਕਾ ਦੇ ਡਿਪਟੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੋਨਾਥਨ ਫਾਈਨਰ ਨੇ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੁਲਾਕਾਤ ਕੀਤੀ।

ਦੋਵੇਂ ਦੇਸਾਂ ਦੇ ਉੱਚ ਅਧਿਕਾਰੀਆਂ ਦੀ ਇਹ ਮੁਲਾਕਾਤ ਉਸ ਸਮੇਂ ਹੋਈ ਹੈ ਜਦੋਂ ਅਮਰੀਕਾ ਨੇ ਇੱਕ ਸਿੱਖ ਵੱਖਵਾਦੀ ਨੂੰ ਮਾਰਨ ਦੀ ਸਾਜਿਸ਼ ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ।

ਅਮਰੀਕਾ ਨੇ ਇਸ ਮਾਮਲੇ ਵਿੱਚ ਨਿਖਿਲ ਗੁਪਤਾ ਨਾਂ ਦੇ ਇੱਕ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।

ਅਮਰੀਕਾ ਨੇ ਇਹ ਵੀ ਇਲਜ਼ਾਮ ਲਾਏ ਸਨ ਕਿ ਨਿਖਿਲ ਗੁਪਤਾ ਭਾਰਤ ਸਰਕਾਰ ਦੇ ਇੱਕ ਅਫ਼ਸਰ ਦੇ ਹੁਕਮਾਂ ‘ਤੇ ਕੰਮ ਕਰ ਰਿਹਾ ਸੀ।

ਭਾਰਤ ਨੇ ਅਮਰੀਕਾ ਤੋਂ ਇਸ ਮਾਮਲੇ ਬਾਰੇ ਜਾਣਕਾਰੀ ਮਿਲਣ ਦੀ ਗੱਲ ਪ੍ਰਵਾਨ ਕੀਤੀ ਸੀ।

ਭਾਰਤ ਨੇ ਇਸ ਦੀ ਜਾਂਚ ਦੇ ਲਈ ਇੱਕ ਉੱਚ ਪੱਧਰੀ ਜਾਂਚ ਕਮੇਟੀ ਵੀ ਗਠਿਤ ਕੀਤੀ ਹੈ।

ਵਿਦੇਸ਼ ਮੰਤਰਾਲੇ ਨੇ ਕਿਹਾ, “ਗੱਲਬਾਤ ਦੇ ਦੌਰਾਨ ਦੋਵਾਂ ਦੇਸਾਂ ਦੇ ਰਾਸ਼ਟਰੀ ਸੁਰੱਖਿਆ ਉੱਪ ਸਲਾਹਕਾਰਾਂ ਨੇ ਮੁੱਖ ਦੁਵੱਲੇ ਮੁੱਦਿਆਂ ਦੀ ਸਮੀਖਿਆ ਕੀਤੀ, ਇਸ ਮੌਕੇ ਦੋਵਾਂ ਨੇ ਖ਼ੇਤਰੀ ਅਤੇ ਸੰਸਾਰ ਪੱਧਰ ਦੇ ਘਟਨਾਕ੍ਰਮਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।”

ਵਿਦੇਸ਼ ਮੰਤਰਾਲੇ ਨੇ ਵੀ ਇਹ ਜਾਣਕਾਰੀ ਦਿੱਤੀ ਹੈ ਕਿ ਫਾਈਨਰ ਹੁਣ ਵਿਦੇਸ਼ ਸਕੱਤਰ ਵਿਨੈ ਕਵਾਤਰਾ ਨਾਲ ਵੀ ਮੁਲਾਕਾਤ ਕਰਨਗੇ।

ਫਾਈਨਰ ਦੀਆਂ ਜੈਸ਼ੰਕਰ ਅਤੇ ਡੋਵਾਲ ਦੇ ਨਾਲ ਹੋਈਆਂ ਵੱਖ-ਵੱਖ ਮੁਲਾਕਾਤਾਂ ਦੇ ਦੌਰਾਨ ਸਿੱਖ ਵੱਖਵਾਦੀ ਆਗੂ ਨਾਲ ਜੁੜਿਆ ਮੁੱਦਾ ਵੀ ਉੱਠਿਆ।

ਵ੍ਹਾਈਟ ਹਾਊਸ ਦੇ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਵੀ ਇਸਦੀ ਪੁਸ਼ਟੀ ਕੀਤੀ ਗਈ ਹੈ ਕਿ ਦੋਵਾਂ ਦੇਸਾਂ ਦੇ ਆਗੂਆਂ ਦੇ ਵਿੱਚ ਸਿੱਖ ਵੱਖਵਾਦੀ ਆਗੂ ਦੇ ਕਤਲ ਦੇ ਮੁੱਦੇ ਉੱਤੇ ਗੱਲਬਾਤ ਹੋਈ।

ਭਾਰਤ ਨੇ ਅਮਰੀਕੀ ਅਧਿਕਾਰੀ ਨੂੰ ਦੱਸਿਆ ਕਿ ਮਾਮਲੇ ਦੀ ਜਾਂਚ ਉੱਚੇ ਪੱਧਰ ‘ਤੇ ਹੋ ਰਹੀ ਹੈ।

ਇਸ ਬਾਰੇ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਮਾਮਲੇ ਦੀ ਜਾਂਚ ਕਰ ਰਿਹਾ ਹੈ ਅਤੇ ਸਾਨੂੰ ਜਲਦੀ ਇਸ ਦੇ ਨਤੀਜੇ ਆਉਣ ਦੀ ਉਮੀਦ ਹੈ।

ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ, ਮੈੱਥਊ ਮਿਲਰ ਨੇ ਕਿਹਾ, “ਅਸੀਂ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਅਸੀਂ ਸਰਹੱਦ ਪਾਰ ਜਾ ਕੇ ਅਜਿਹਾ ਜਬਰ ਕੀਤੇ ਜਾਣ ਦੇ ਖ਼ਿਲਾਫ਼ ਹਾਂ, ਚਾਹੇ ਇਹ ਕਿਸੇ ਵੀ ਹਿੱਸੇ ਵਿੱਚ ਹੋਵੇ ਜਾਂ ਕੋਈ ਵੀ ਕਰੇ। ਇਹ ਸਿਰਫ਼ ਭਾਰਤ ਨਾਲ ਜੁੜਿਆ ਨਹੀਂ ਹੈ, ਬਲਕਿ ਦੁਨੀਆਂ ਦੇ ਕਿਸੇ ਵੀ ਦੇਸ ਦੇ ਲਈ ਇਹੀ ਨੀਤੀ ਹੈ।

ਹਾਲਾਂਕਿ ਇਸ ਮਾਮਲੇ ਵਿੱਚ ਹੋਰ ਜਾਣਕਾਰੀ ਦੇਣ ਤੋਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ।

ਮਿਲਰ ਨੇ ਕਿਹਾ, “ਮੈਂ ਬੱਸ ਇਹੀ ਕਹਾਂਗਾ ਕਿ ਜਦੋਂ ਇਹ ਕਥਿਤ ਮਾਮਲੇ ਸਾਡੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਸਾਡੇ ਉੱਘੇ ਅਧਿਕਾਰੀਆਂ ਨੇ ਭਾਰਤ ਸਰਕਾਰ ਦੇ ਉੱਘੇ ਅਧਿਕਾਰੀਆਂ ਨੂੰ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਅਸੀਂ ਅਜਿਹੇ ਮਾਮਲਿਆਂ ਨੂੰ ਕਿੰਨੀ ਗੰਭੀਰਤਾ ਨਾਲ ਲੈਂਦੇ ਹਨ, ਉਨ੍ਹਾਂ ਨੇ ਇਸ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਅਸੀਂ ਇਸਦੇ ਨਤੀਜੇ ਦੇ ਇੰਤਜ਼ਾਰ ਵਿੱਚ ਹਾਂ।”

ਜੈਸ਼ੰਕਰ ਅਤੇ ਫ਼ਾਈਨਰ ਵਿਚਾਲੇ ਕੀ ਗੱਲ ਹੋਈ

ਐੱਸ ਜੈਸ਼ੰਕਰ ਨੇ ਸੋਸ਼ਲ ਮੀਡੀਆ ਪਲੈੱਟਫਾਰਮ ਐਕਸ ਉੱਤੇ ਲਿਖਿਆ, “ਅਮਰੀਕਾ ਦੇ ਪ੍ਰਿੰਸੀਪਲ ਡਿਪਟੀ ਐਨਐੱਸਏ ਨਾਲ ਮਿਲਕੇ ਚੰਗਾ ਲੱਗਾ, ਵਿਸ਼ਵ ਪੱਧਰ ਉੱਤੇ ਸਥਿਤੀ ਉੱਤੇ ਅਹਿਮ ਵਿਚਾਰ ਸਾਂਝੇ ਕੀਤੇ। ਦੋਵਾਂ ਦੇ ਵਿੱਚ ਸਹਿਯੋਗ ਵਧਾਉਣ ‘ਤੇ ਵੀ ਚਰਚਾ ਹੋਈ।”

ਹਿੰਦੁਸਤਾਨ ਟਾਈਮਜ਼ ਦੀ ਇੱਕ ਖ਼ਬਰ ਦੇ ਮੁਤਾਬਕ ਜੋਨਾਥਨ ਫ਼ਾਈਨਰ ਨੇ ਦੋਵਾਂ ਦੇਸਾਂ ਦੇ ਵਿੱਚ ਵਿਵਾਦ ਦਾ ਜ਼ਿਕਰ ਕੀਤੇ ਬਗੈਰ ਇਹ ਮੰਨਿਆ ਕਿ ਪਹਿਲਾਂ ਦੋਵਾਂ ਦੇਸਾਂ ਦੇ ਰਿਸ਼ਤਿਆਂ ਵਿੱਚ ਉਲਝਣਾਂ ਆਈਆਂ ਹਨ ਪਰ ਦੋਵੇਂ ਦੇਸ ਕਈ ਮੁੱਦਿਆਂ ਉੱਤੇ ਸਹਿਮਤ ਵੀ ਹੋਏ ਹਨ।

ਫ਼ਾਈਨਰ ਨੇ ਕਿਹਾ ਕਿ ਦੋਵਾਂ ਦੇਸਾਂ ਦੀ ਸਾਰੇ ਮੁੱਦਿਆਂ ਉੱਤੇ ਇੱਕੋ ਰਾਇ ਨਹੀਂ ਹੋ ਸਕਦੀ, ਮੌਜੂਦਾ ਸਮੇਂ ਤੱਕ ਕਈ ਮਸਲੇ ਬਣੇ ਹੋਏ ਹਨ। ਪਰ ਦੋਵੇਂ ਦੇਸ ਇਨ੍ਹਾਂ ਅਸਹਿਮਤੀਆਂ ‘ਤੇ ਇਸ ਤਰੀਕੇ ਕੰਮ ਕਰਾਂਗੇ ਤਾਂ ਜੋ ਸਹਿਯੋਗ ਪ੍ਰਭਾਵਿਤ ਨਾ ਹੋਵੇ।

ਭਾਰਤ ਨੇ 30 ਨਵੰਬਰ ਨੂੰ ਇੱਕ ਭਾਰਤੀ ਅਧਿਕਾਰੀ ਨੂੰ ਸਿੱਖ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਕਰਨ ਵਾਲੇ ਮੁਲਜ਼ਮ ਨਾਲ ਜੋੜਨ ਨੂੰ ਚਿੰਤਾ ਦਾ ਵਿਸ਼ਾ ਦੱਸਿਆ ਸੀ।

ਭਾਰਤ ਨੇ ਇਨ੍ਹਾਂ ਇਲਜ਼ਾਮਾਂ ਦੀ ਜਾਂਚ ਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ ਅਤੇ ਇਹ ਵੀ ਕਿਹਾ ਹੈ ਕਿ ਅੱਗੇ ਦੀ ਕਾਰਵਾਈ ਇਲਜ਼ਾਮਾਂ ਦੀ ਜਾਂਚ ਕਰ ਰਹੀ ਟੀਮ ਦੇ ਵੱਲੋਂ ਕੱਢੇ ਗਏ ਸਿੱਟਿਆਂ ਦੇ ਅਧਾਰ ‘ਤੇ ਕੀਤੀ ਜਾਵੇਗੀ।

ਅਮਰੀਕਾ ਨੇ ਕੀ ਇਲਜ਼ਾਮ ਲਾਏ ਸਨ

ਅਮਰੀਕਾ ਨੇ ਅਮਰੀਕੀ ਧਰਤੀ 'ਤੇ ਇਕ ਸਿੱਖ ਵੱਖਵਾਦੀ ਨੇਤਾ ਅਤੇ ਇੱਕ ਅਮਰੀਕੀ ਨਾਗਰਿਕ ਦੇ ਕਤਲ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਸੀ।

ਨਿਖਿਲ ਗੁਪਤਾ ਨਾਮ ਦੇ ਇੱਕ ਭਾਰਤੀ ਨਾਗਰਿਕ 'ਤੇ ਇੱਕ ਲੱਖ ਡਾਲਰ ਦੀ ਨਕਦੀ ਦੇ ਬਦਲੇ ਇੱਕ ਵੱਖਵਾਦੀ ਨੇਤਾ ਨੂੰ ਮਾਰਨ ਲਈ ਫਿਰੌਤੀ ਦੇਣ ਦਾ ਇਲਜ਼ਾਮ ਹੈ।

ਇਲਜ਼ਾਮ ਅਨੁਸਾਰ, ਜਿਸ ਵਿਅਕਤੀ ਨੂੰ ਕਤਲ ਨਿਖਿਲ ਗੁਪਤਾ ਨੇ ਕਤਲ ਦਾ ਠੇਕਾ ਦਿੱਤਾ, ਉਹ ਅਸਲ ਵਿੱਚ ਅਮਰੀਕੀ ਖੁਫੀਆ ਏਜੰਸੀ ਦਾ ਇੱਕ ਅੰਡਰਕਵਰ ਏਜੰਟ ਸੀ।

ਨਿਖਿਲ ਗੁਪਤਾ ਇਸ ਸਮੇਂ ਚੈੱਕ ਰਿਪਬਲਿਕ ਦੀ ਜੇਲ੍ਹ ਵਿੱਚ ਹੈ। ਜੇਕਰ ਨਿਖਿਲ ਗੁਪਤਾ 'ਤੇ ਲੱਗੇ ਇਲਜ਼ਾਮ ਸਾਬਿਤ ਹੁੰਦੇ ਹਨ ਤਾਂ ਉਸ ਨੂੰ 20 ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।

ਅਮਰੀਕਾ ਦੇ ਦਾਅਵੇ ਮੁਤਾਬਕ ਨਿਖਿਲ ਗੁਪਤਾ ਇੱਕ ਭਾਰਤੀ ਅਫ਼ਸਰ ਦੇ ਹੁਕਮਾਂ 'ਤੇ ਕੰਮ ਕਰ ਰਿਹਾ ਸੀ, ਹਾਲਾਂਕਿ ਭਾਰਤੀ ਅਫ਼ਸਰ ਦੇ ਨਾਂਅ ਦਾ ਜ਼ਿਕਰ ਨਹੀਂ ਕੀਤਾ ਗਿਆ।

ਅਮਰੀਕੀ ਵਕੀਲਾਂ ਵੱਲੋਂ ਅਦਾਲਤ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਵਿਚ ਪੀੜ੍ਹਤ ਦਾ ਨਾਂ ਨਹੀਂ ਹੈ ਪਰ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਨਿਸ਼ਾਨਾ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਸੀ।

ਗੁਰਪਤਵੰਤ ਸਿੰਘ ਪੰਨੂ ਨੂੰ ਭਾਰਤ ਵਿੱਚ 'ਅੱਤਵਾਦੀ' ਐਲਾਨਿਆ ਗਿਆ ਹੈ।

ਇਨ੍ਹਾਂ ਦਾਅਵਿਆਂ ਤੋਂ ਬਾਅਦ ਮੀਡੀਆ ਰਿਪੋਰਟਾਂ ਵਿੱਚ ਇਹ ਸਾਹਮਣੇ ਆਇਆ ਕਿ ਬਾਈਡਨ ਪ੍ਰਸ਼ਾਸਨ ਇਸ ਸਾਜਿਸ਼ ਦੇ ਸਾਹਮਣੇ ਆਉਣ ਤੋਂ ਬਾਅਦ ਚਿੰਤਤ ਸੀ।

ਇਸੇ ਕਾਰਨ ਸੀਆਈਏ ਦੇ ਡਾਇਰੈਕਟਰ ਵਿਲੀਅਮ ਜੇ ਬਰਨਜ਼ ਅਤੇ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਐਵਰਿਲ ਹੇਨਜ਼ ਨੂੰ ਅਗਸਤ ਅਤੇ ਅਕਤੂਬਰ ਮਹੀਨਿਆਂ ਵਿੱਚ ਭਾਰਤ ਭੇਜਿਆ ਗਿਆ ਸੀ ਤਾਂ ਜੋ ਭਾਰਤ ਨੂੰ ਇਸ ਮਾਮਲੇ ਦੀ ਜਾਂਚ ਕਰਨ ਅਤੇ ਜ਼ਿੰਮੇਵਾਰ ਵਿਅਕਤੀਆਂ ਨੂੰ ਸਜ਼ਾ ਦੇਣ ਲਈ ਕਿਹਾ ਜਾ ਸਕੇ।

ਪਿਛਲੇ ਹਫਤੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਟਨ ਨੇ ਦੋਸ਼ਾਂ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੇ ਭਾਰਤ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਇਸ ਨੂੰ 'ਚੰਗਾ ਅਤੇ ਸਹੀ' ਦੱਸਿਆ ਸੀ।

ਵ੍ਹਾਈਟ ਹਾਊਸ ਨੇ ਕਿਹਾ ਕਿ ਅਮਰੀਕਾ ਨੇ ਇਸ ਕਤਲ ਦੀ ਸਾਜ਼ਿਸ਼ ਦਾ ਮੁੱਦਾ ਉੱਚ ਪੱਧਰ 'ਤੇ ਭਾਰਤ ਕੋਲ ਚੁੱਕਿਆ ਹੈ।

ਇਸ ਤੋਂ ਪਹਿਲਾਂ ਕੈਨੇਡਾ ਨੇ ਭਾਰਤ 'ਤੇ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ 'ਚ ਸ਼ਾਮਲ ਹੋਣ ਦਾ ਇਲਜ਼ਾਮ ਲਗਾਇਆ ਸੀ।

ਕੈਨੇਡਾ ਦੇ ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿਚਾਲੇ ਤਣਾਅ ਆ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)