You’re viewing a text-only version of this website that uses less data. View the main version of the website including all images and videos.
ਕੋਧਰੇ ਦੀ ਖੇਤੀ ਕਰਕੇ ਗੁਰਦਾਸਪੁਰ ਦੇ ਗੁਰਮੁਖ ਸਿੰਘ ਕਿਵੇਂ ਚੰਗੀ ਕਮਾਈ ਕਰ ਰਹੇ
- ਲੇਖਕ, ਗੁਰਪ੍ਰੀਤ ਚਾਵਲਾ
- ਰੋਲ, ਬੀਬੀਸੀ ਪੰਜਾਬੀ ਲਈ
ਭਾਂਵੇ ਕਿ ਪੰਜਾਬ ਵਿੱਚ ਦਹਾਕਿਆਂ ਤੋਂ ਕੋਧਰਾ ਵਰਗੀਆਂਂ ਫ਼ਸਲਾਂ ਕਿਸਾਨਾਂ ਵਲੋਂ ਬੀਜੀਆਂ ਨਹੀਂ ਜਾ ਰਹੀਆਂ ਪਰ ਕੁਝ ਐਸੇ ਕਿਸਾਨ ਹਨ ਜੋ ਇਹ ਫਸਲਾਂ ਬੀਜਣ ਦੀ ਪਹਿਲ ਕਰ ਰਹੇ ਹਨ। ਪੰਜਾਬ ਦੇ ਗੁਰਦਾਸਪੁਰ ਤੋਂ ਗੁਰਮੁਖ ਸਿੰਘ ਅਜਿਹੇ ਹੀ ਕਿਸਾਨ ਹਨ।
ਅਗਾਂਹਵਧੂ ਕਿਸਾਨ ਗੁਰਮੁੱਖ ਸਿੰਘ ਨੇ ਕੁਦਰਤੀ ਤਰੀਕਿਆਂ ਨਾਲ ਖੇਤੀ ਕਰਕੇ ਮਿਸਾਲ ਪੇਸ਼ ਕੀਤੀ। ਉਹ ਵਿਰਾਸਤੀ ਨੈਚਰਲ ਫਾਰਮਰ ਵਜੋਂ ਵੀ ਆਪਣੀ ਪਛਾਣ ਬਣਾ ਚੁੱਕੇ ਹਨ।
ਜਿੱਥੇ ਉਹ ਖੇਤੀ ਕਰਦੇ ਹਨ ਉੱਥੇ ਨਾਲ ਹੀ ਆਪਣੇ ਅਨਾਜ ਅਤੇ ਫ਼ਸਲਾਂ ਨੂੰ ਖੁਦ ਪ੍ਰੋਸੈਸ ਕਰਕੇ ਉਸਦਾ ਮੰਡੀਕਰਨ ਵੀ ਆਪ ਹੀ ਕਰਦੇ ਹਨ।
ਗੁਰਮੁਖ ਸਿੰਘ ਵਲੋਂ ਬਟਾਲਾ ਸ਼ਹਿਰ ਵਿੱਚ ਇੱਕ ਸਟੋਰ ਚਲਾਇਆ ਜਾ ਰਿਹਾ ਹੈ ਜਿੱਥੇ ਉਹ ਆਪਣੇ ਖੇਤੀ ਵਾਲੇ ਅਨਾਜ ਜਿਹਨਾਂ 'ਚ ਮੁਖ ਤੌਰ 'ਤੇ ਮੂਲ ਅਨਾਜ ਜਿਸ ਨੂੰ ਮਿਲਟਸ ਵੀ ਕਿਹਾ ਜਾਂਦਾ ਹੈ ਅਤੇ ਉਸਦੇ ਨਾਲ ਖੇਤੀ ਨਾਲ ਜੁੜੇ ਹੋਰ ਆਰਗੈਨਿਕ ਸਮਾਨ ਵੀ ਸਟੋਰ ਵਿੱਚ ਵੇਚਦੇ ਹਨ।
ਅਗਾਂਹਵਧੂ ਕਿਸਾਨ ਗੁਰਮੁਖ ਸਿੰਘ ਕਲਸੀ ਵਲੋਂ ਬਣਾਏ ਗਏ ਵਿਰਾਸਤੀ ਕੁਦਰਤੀ ਫਾਰਮ ਦੀਆਂ ਸਿਫਤਾਂ ਦੂਰ-ਦੂਰ ਤੱਕ ਹਨ। ਉਨ੍ਹਾਂ ਨੂੰ ਸਰਕਾਰ ਅਤੇ ਖੇਤੀ ਵਿਭਾਗ ਵਲੋਂ ਵੀ ਸਨਮਾਨਿਤ ਕੀਤਾ ਗਿਆ ਹੈ |
ਗੁਰਮੁਖ ਸਿੰਘ ਦੱਸਦੇ ਹਨ ਕਿ ਉਹਨਾਂ ਕੋਲ ਖੇਤੀਬਾੜੀ ਜ਼ਮੀਨ ਦਾ ਕੁਲ ਰਕਬਾ 22 ਏਕੜ ਹੈ ਅਤੇ 8 ਏਕੜ ਮੂਲ ਅਨਾਜ ਤੋਂ ਇਲਾਵਾ ਉਹ ਛੋਲੇ, ਸਰੋਂ, ਦੇਸੀ ਕਣਕ, ਦੇਸੀ ਬਾਸਮਤੀ, ਹਲਦੀ, ਅਲਸੀ ਅਤੇ ਦਾਲਾਂ ਦੀ ਖੇਤੀ ਕਰਦੇ ਹਨ |
ਗੁਰਮੁਖ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਕਿਸਾਨੀ ਵਿਰਾਸਤ ਵਿੱਚੋਂ ਮਿਲੀ ਹੈ ਭਾਵੇਂ ਕਿ ਉਨ੍ਹਾਂ ਨੇ ਗ੍ਰੈਜੁਏਸ਼ਨ ਤੱਕ ਪੜ੍ਹਾਈ ਕੀਤੀ ਪਰ ਜਦੋਂ ਖੇਤੀ ਨੂੰ ਆਪਣਾ ਕਿੱਤਾ ਬਣਾਇਆ ਅਤੇ ਕਈ ਸਾਲ ਪਹਿਲਾਂ ਉਨ੍ਹਾਂ ਨੇ ਹੋਰ ਕਿਸਾਨਾਂ ਨਾਲੋਂ ਵੱਖਰੇ ਤਰੀਕੇ ਨਾਲ ਖੇਤੀ ਕਰਨ ਦਾ ਫੈਸਲਾ ਲਿਆ।
ਪਹਿਲਾਂ ਉਨ੍ਹਾਂ ਨੇ ਕਣਕ ਦੀ ਬਿਜਾਈ ਆਰਗੈਨਿਕ ਢੰਗ ਤਰੀਕਿਆਂ ਨਾਲ ਕੀਤੀ। ਉਸ ਵੇਲੇ ਔਕੜਾਂ ਤਾਂ ਬਹੁਤ ਆਈਆਂ ਪਰ ਉਨ੍ਹਾਂ ਨੂੰ ਸਫਲਤਾ ਮਿਲੀ ਤੇ ਕੁਦਰਤੀ ਖੇਤੀ ਰਾਹੀਂ ਪੈਦਾ ਹੋਈ ਉਪਜ ਦਾ ਬਜ਼ਾਰ 'ਚੋ ਵਧੀਆ ਭਾਅ ਵੀ ਮਿਲਣਾ ਸ਼ੁਰੂ ਹੋ ਗਿਆ।
ਇਸੇ ਦੌਰਾਨ ਕਰੀਬ 8 ਸਾਲ ਪਹਿਲਾਂ ਮਹਾਰਾਸ਼ਟਰ ਵਿੱਚ ਕਿਸਾਨੀ ਨਾਲ ਜੁੜੇ ਇੱਕ ਸੈਮੀਨਾਰ 'ਚ ਹਿਸਾ ਲੈਣ ਗਏ। ਉਥੇ ਗੁਰਮੁੱਖ ਦੀ ਮੁਲਾਕਾਤ ਮੂਲ ਅਨਾਜਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨਾਲ ਹੋਈ ਅਤੇ ਕੁਝ ਗਿਆਨ ਮਿਲਿਆ।
ਕਿਸਾਨ ਗੁਰਮੁੱਖ ਸਿੰਘ ਦੱਸਦੇ ਹਨ, "ਸਾਲ 2015 ਵਿੱਚ ਮੂਲ ਅਨਾਜਾਂ ਦੀ ਖੇਤੀ ਕਰਨੀ ਸ਼ੁਰੂ ਕਰਨ ਦਾ ਫੈਸਲਾ ਲਿਆ ਅਤੇ ਉਦੋਂ ਉਸ ਵਲੋਂ ਮੂਲ ਅਨਾਜ ਜਿਵੇਂ ਕੋਧਰਾ, ਸਵਾਂਕ, ਕੰਗਣੀ, ਕੁਟਕੀ, ਹਰੀ ਕੰਗਣੀ, ਚੀਨਾ, ਜਵਾਰ ਤੇ ਬਾਜਰਾ ਦੀ ਬਿਜਾਈ ਪਹਿਲਾਂ ਸਿਰਫ 5-5 ਮਰਲਿਆਂ ਵਿੱਚ ਕੀਤੀ। ਇਹ ਸਿਲਸਿਲਾ ਅੱਗੇ-ਅੱਗੇ ਵਧਦਾ ਗਿਆ ਅਤੇ ਰਕਬਾ ਵੀ ਵਧਾ ਦਿੱਤਾ ਅਤੇ ਹੁਣ ਕਰੀਬ 8 ਏਕੜ ਵਿੱਚ ਮੂਲ ਅਨਾਜਾਂ ਦੀ ਖੇਤੀ ਕਰ ਰਿਹਾ ਹਾਂ।"
ਸ਼ੁਰੂਆਤੀ ਮੁਸ਼ਕਿਲਾਂ
ਗੁਰਮੁਖ ਸਿੰਘ ਦੱਸਦੇ ਸਨ ਕਿ ਜਦ ਵੀ ਫ਼ਸਲ 'ਚ ਕਿਸਾਨ ਕੋਈ ਵਿਭਨਤਾ ਕਰਨ ਦੀ ਸ਼ੁਰੂਆਤ ਕਰਦਾ ਹੈ ਤਾਂ ਮੁੱਖ ਤੌਰ 'ਤੇ ਪਰਿਵਾਰ ਵਿੱਚ ਸਾਥ ਘੱਟ ਮਿਲਦਾ ਹੈ। ਉਨ੍ਹਾਂ ਲਈ ਇਹ ਔਕੜ ਤਾਂ ਨਹੀਂ ਸੀ ਕਿਉਂਕਿ ਉਹ ਪਹਿਲਾਂ ਹੀ ਕੁਦਰਤੀ ਖੇਤੀ ਕਰ ਰਹੇ ਸੀ ਅਤੇ ਪਰਿਵਾਰ ਦੀ ਹਾਮੀ ਸੀ।
ਜਦਕਿ ਮੂਲ ਅਨਾਜ ਨੂੰ ਬੀਜਣ ਅਤੇ ਸਾਂਭ-ਸੰਭਾਲ ਦਾ ਪੂਰਾ ਗਿਆਨ ਨਾ ਹੋਣ ਦੇ ਕਾਰਨ ਪਹਿਲੇ ਸਾਲ ਫਸਲ ਵਿੱਚ ਪਾਣੀ ਖੜ੍ਹਨ ਨਾਲ ਨੁਕਸਾਨ ਵੀ ਹੋਇਆ ਪਰ ਜਿਵੇਂ-ਜਿਵੇਂ ਸਮਾਂ ਫ਼ਸਲ ਨੂੰ ਦਿੱਤਾ ਤਾਂ ਹੁਣ ਉਹ ਇਹ ਫਸਲਾਂ ਬੀਜਣ ਬਾਰੇ ਕਾਫੀ ਕੁਝ ਸਿੱਖ ਚੁੱਕੇ ਹਨ।
ਇੱਕ ਹੋਰ ਵੱਡੀ ਮੁਸ਼ਕਿਲ ਸੀ ਇਸ ਦਾ ਮੰਡੀਕਰਨ। ਕਣਕ-ਝੋਨੇ ਵਾਂਂਗ ਇਹ ਅਨਾਜ ਖੇਤਾਂ ਵਿੱਚੋਂ ਸਿੱਧੇ ਤੌਰ 'ਤੇ ਵੇਚਣ ਦਾ ਕੋਈ ਲਾਭ ਨਹੀਂ ਸੀ ਮਿਲ ਰਿਹਾ। ਅਜਿਹੇ ਵਿੱਚ ਉਨ੍ਹਾਂ ਨੂੰ ਇੱਕ ਗੈਰ-ਸਰਕਾਰੀ ਸੰਸਥਾ ਦਾ ਸਹਿਯੋਗ ਮਿਲਿਆ।
ਉਸਦੀ ਮਦਦ ਨਾਲ ਗੁਰਮੁਖ ਸਿੰਘ ਨੂੰ ਅਨਾਜ ਨੂੰ ਪ੍ਰੋਸੈਸ ਕਰਨ ਲਈ ਮਸ਼ੀਨਾਂ ਮਿਲ ਗਈਆਂ ਅਤੇ ਬਾਕੀ ਥਾਂ 'ਤੇ ਸ਼ੈਡ ਉਨ੍ਹਾਂ ਨੇ ਆਪ ਖੜਾ ਕੀਤਾ। ਉਨ੍ਹਾਂ ਨੇ ਮੂਲ ਅਨਾਜ ਦਾ ਪ੍ਰੋਸੈਸਿੰਗ ਯੂਨਿਟ ਲਾਇਆ ਅਤੇ ਪ੍ਰੋਸੈਸ ਕੀਤੀ ਫ਼ਸਲ ਨੂੰ ਬਾਜ਼ਾਰ ਵਿੱਚ ਆਪਣਾ ਸਟੋਰ ਬਣਾ ਕੇ ਵੇਚਣਾ ਸ਼ੁਰੂ ਕੀਤਾ। ਉਹ ਸੋਸ਼ਲ ਮੀਡਿਆ ਰਾਹੀਂ ਵੀ ਗਾਹਕ ਜੋੜਨ ਵਿੱਚ ਸਫਲ ਰਹੇ। ਹੁਣ ਉਨ੍ਹਾਂ ਨੂੰ ਇਸ ਕੰਮ ਤੋਂ ਚੰਗੀ ਆਮਦਨ ਹੈ |
ਕਿਸਾਨ ਗੁਰਮੁਖ ਸਿੰਘ ਦਾ ਕਹਿਣਾ ਹੈ, "ਭਾਵੇਂ ਭਾਰਤ ਸਰਕਾਰ ਵਲੋਂ ਸਾਲ 2023 ਮਿਲੇਟਸ ਈਯਰ ਵਜੋਂ ਮਨਾਇਆ ਗਿਆ ਸੀ ਅਤੇ ਇਸ ਦਾ ਪ੍ਰਚਾਰ-ਪ੍ਰਸਾਰ ਵੀ ਵੱਡੇ ਪੱਧਰ 'ਤੇ ਕੀਤਾ ਸੀ, ਇਸ ਨਾਲ ਉਨ੍ਹਾਂ ਵਰਗੇ ਹੋਰ ਕਿਸਾਨਾਂ ਨੂੰ ਵੀ ਲਾਭ ਜ਼ਰੂਰ ਹੋਇਆ ਹੈ ਪਰ ਜੇਕਰ ਸਰਕਾਰ ਇਸ ਖੇਤੀ ਨਾਲ ਜੁੜੇ ਕਿਸਾਨਾਂ ਨੂੰ ਵਿਸ਼ੇਸ ਸਬਸਿਡੀ ਦੇਵੇ ਜਾ ਫਿਰ ਇਨ੍ਹਾਂ ਫ਼ਸਲਾਂ ਦੀ ਐਮਐਸਪੀ ਤੈਅ ਹੋਵੇ ਤਾਂ ਹੋਰ ਕਿਸਾਨ ਵੀ ਇਸ ਪਾਸੇ ਮੂੰਹ ਕਰ ਸਕਦੇ ਹਨ |"
ਮੂਲ ਅਨਾਜ (ਮਿਲੇਟਸ ) ਦੇ ਲਾਭ
ਗੁਰਮੁਖ ਸਿੰਘ ਦਾ ਕਹਿਣਾ ਹੈ ਮੂਲ ਅਨਾਜ ਬੀਜਣ ਦੌਰਾਨ ਹੀ ਪਾਣੀ ਲੱਗਦਾ ਹੈ। ਇਹ ਬਿਨਾਂ ਦਵਾਈ ਦੀ ਫ਼ਸਲ ਹੈ। ਝਾੜ ਤੋਂ ਬਾਅਦ ਵੀ ਇਨ੍ਹਾਂ ਫ਼ਸਲਾਂ ਦੀ ਸਾਂਭ ਸੰਭਾਲ ਵਿੱਚ ਵੀ ਕੋਈ ਦਿੱਕਤ ਨਹੀਂ ਹੈ ਕਿਉਂਕਿ ਇਹਨਾਂ ਨੂੰ ਕੋਈ ਕੀੜਾ ਨਹੀਂ ਲੱਗਦਾ।
ਇਨ੍ਹਾਂ ਫ਼ਸਲਾਂ ਨਾਲ ਪਾਣੀ ਦੀ ਵੀ ਵੱਡੀ ਬਚਤ ਹੁੰਦੀ ਹੈ। ਇਹ ਸਿਹਤ, ਪਾਣੀ, ਵਾਤਾਵਰਣ ਤੇ ਮਿੱਟੀ ਦੀ ਸਿਹਤ ਲਈ ਵੀ ਵਰਦਾਨ ਹੈ।
ਗੁਰਮੁਖ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜੋ ਜਾਣਕਾਰੀ ਮਿਲੀ ਹੈ ਉਸ ਮੁਤਾਬਕ ਮੂਲ ਅਨਾਜ, ਸ਼ੂਗਰ, ਬਲੱਡ ਪਰੈਸ਼ਰ, ਆਦਿ ਦੇ ਮਰੀਜ਼ਾਂ ਲਈ ਵਰਦਾਨ ਹਨ ਅਤੇ ਮੁਟਾਪਾ ਘੱਟ ਕਰਨ ਵਿੱਚ ਇਸਦਾ ਕੋਈ ਤੋੜ ਨਹੀਂ ਹੈ।
ਕਿਸਾਨਾਂ ਲਈ ਬਣੇ ਪ੍ਰੇਰਨਾ ਦੇ ਸੋਮੇ
ਕਿਸਾਨ ਗੁਰਮੁੱਖ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਕ ਗੈਰ-ਸਰਕਾਰੀ ਸੰਗਠਨ ਦੀ ਮਦਦ ਨਾਲ ਆਪਣਾ ਪ੍ਰੋਸੈਸਿੰਗ ਯੂਨਿਟ ਲਾਇਆ ਹੈ।
ਇਸ ਤੋਂ ਇਲਾਵਾ ਵੀ ਉਨ੍ਹਾਂ ਵਲੋਂ ਆਪਣੇ ਤੌਰ 'ਤੇ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਉਹ ਬਿਨਾਂ ਕਿਸੇ ਪੈਸੇ ਦੇ ਮੋਟੇ ਅਨਾਜਾਂ ਦਾ ਬੀਜ ਕਿਸਾਨਾਂ ਨੂੰ ਮੁਹਈਆ ਕਰਦੇ ਹਨ।
ਜੇ ਕੋਈ ਕਿਸਾਨ ਇਸ ਬਾਰੇ ਜਾਣਕਾਰੀ ਵੀ ਲੈਣਾ ਚਾਹੰਦਾ ਹੈ ਤਾਂ ਉਹ ਆਪਣੇ ਖੇਤਾਂ ਵਿੱਚ ਇੱਕ ਤਰ੍ਹਾਂ ਨਾਲ ਫਾਰਮ ਸਕੂਲ ਵੀ ਚਲਾਉਂਦੇ ਹਨ ਅਤੇ ਕਿਸਾਨਾਂ ਨੂੰ ਟ੍ਰੇਨਿੰਗ ਦਿੰਦੇ ਹਨ।
ਗੁਰਮੁਖ ਸਿੰਘ ਦੱਸਦੇ ਹਨ ਕਿ ਉਨ੍ਹਾਂ ਨਾਲ ਕੁਝ ਕਿਸਾਨ ਜੁੜੇ ਵੀ ਹੋਏ ਹਨ ਪਰ ਫਿਲਹਾਲ ਉਹ ਬਹੁਤ ਘੱਟ ਰਕਬੇ ਵਿੱਚ ਮੋਟੇ ਅਨਾਜਾਂ ਦੀ ਖੇਤੀ ਕਰ ਰਹੇ ਹਨ। ਅੱਗੇ ਜਾ ਕੇ ਉਹ ਉਨ੍ਹਾਂ ਕਿਸਾਨਾਂ ਵੱਲੋਂ ਫ਼ਸਲ ਦੇ ਝਾੜ ਤੋਂ ਬਾਅਦ ਉਨ੍ਹਾਂ ਦੇ ਇਸ ਪ੍ਰੋਸੈਸਿੰਗ ਯੂਨਿਟ ਵਿੱਚ ਹੀ ਫ਼ਸਲ ਪ੍ਰੋਸੈਸ ਕਰਨ ਵਿੱਚ ਵੀ ਮਦਦ ਕਰਦੇ ਹਨ।
ਕੁਝ ਕਿਸਾਨ ਆਪਣੇ ਤੌਰ 'ਤੇ ਮੰਡੀਕਰਨ ਕਰਦੇ ਹਨ ਅਤੇ ਕੁਝ ਉਨ੍ਹਾਂ ਦੇ ਸਟੋਰ ਰਾਹੀਂ ਹੀ ਫ਼ਸਲ ਵੇਚ ਰਹੇ ਹਨ।
ਖੇਤੀਬਾੜੀ ਮਾਹਰਾਂ ਦਾ ਕੀ ਕਹਿਣਾ
ਖੇਤੀਬਾੜੀ ਮਾਹਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਭਾਰਤ ਵਿੱਚ ਮੂਲ ਅਨਾਜ ਮਹਾਰਾਸ਼ਟਰ, ਕਰਨਾਟਕ, ਗੁਜਰਾਤ ਅਤੇ ਰਾਜਸਥਾਨ ਸੂਬਿਆਂ ਵਿੱਚ ਬੀਜੇ ਜਾਂਦੇ ਹਨ।
ਉਹ ਅੱਗੇ ਦੱਸਦੇ ਹਨ, "ਹੁਣ ਕਿਉਂਕਿ ਇਨ੍ਹਾਂ ਫ਼ਸਲਾਂ ਨੂੰ ਘੱਟ ਪਾਣੀ ਦੀ ਲੋੜ ਹੁੰਦੀ ਹੈ ਅਤੇ ਜਿੱਥੇ ਵੀ ਕੰਡੀ ਜਾ ਨੀਮ ਪਹਾੜੀ ਇਲਾਕੇ ਹਨ ਉਥੇ ਵੀ ਇਹ ਫ਼ਸਲ ਬੀਜੀ ਜਾ ਸਕਦੀ ਹੈ। ਪੰਜਾਬ ਵਿੱਚ ਤਾਂ ਹਰ ਥਾਂ ਹੀ ਇਹ ਬੀਜੇ ਜਾ ਸਕਦੇ ਹਨ।"
ਉਹ ਦੱਸਦੇ ਹਨ, "ਫਿਰ ਵੀ ਪੰਜਾਬ ਦਾ ਕਿਸਾਨ ਇਸ ਖੇਤੀ ਨੂੰ ਇਸ ਲਈ ਨਹੀਂ ਅਪਣਾਉਂਦਾ ਕਿਉਕਿ ਕਿਸਾਨਾਂ ਦਾ ਪੱਖ ਹੈ ਕਿ ਇਹਨਾਂ ਫ਼ਸਲਾਂ ਤੋਂ ਜੋ ਆਮਦਨ ਹੈ ਉਹ ਉਹਨਾਂ ਵਲੋਂ ਬੀਜੀਆਂ ਜਾਂਦੀਆਂ ਰਹੀਆਂ ਰਵਾਇਤੀ ਫ਼ਸਲਾਂ ਤੋਂ ਘੱਟ ਹੈ। ਜਦਕਿ ਕਣਕ, ਝੋਨੇ ਵਰਗੀਆਂ ਫ਼ਸਲਾਂ ਦੀ ਐਮਐਸਪੀ ਵੀ ਤੈਅ ਹੈ।"
ਡਾ. ਅਮਰੀਕ ਸਿੰਘ ਦਾ ਇਹ ਵੀ ਕਹਿਣਾ ਹੈ ਕਿ ਮੁਖ ਤੌਰ 'ਤੇ ਮਿਲੇਟਸ ਵਿੱਚ ਕੁਝ ਅਨਾਜ ਕੋਧਰਾ ਜਾ ਉਸ ਵਰਗੀਆਂ ਹੋਰ ਫ਼ਸਲਾਂ ਦੇ ਪੰਜਾਬ ਵਿੱਚ ਪ੍ਰੋਸੈਸਿੰਗ ਯੂਨਿਟ ਵੀ ਘੱਟ ਹਨ ਅਤੇ ਖਰੀਦਦਾਰ ਵੀ ਘੱਟ ਹਨ। ਇਸ ਲਈ ਭਾਵੇਂ ਕਿ ਪੰਜਾਬ ਦੇ ਕੁਝ ਕਿਸਾਨ ਮੂਲ ਅਨਾਜ ਦੀ ਖੇਤੀ ਜਰੂਰ ਕਰ ਰਹੇ ਹਨ ਪਰ ਵੱਡੇ ਪੱਧਰ ਉੱਤੇ ਇਹ ਖੇਤੀ ਨਹੀਂ ਹੈ।
ਇਨ੍ਹਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਘੱਟ ਹੈ।