You’re viewing a text-only version of this website that uses less data. View the main version of the website including all images and videos.
ਇੰਗਲੈਂਡ ਦੇ ਬਕਿੰਘਮ ਪੈਲੇਸ ਤੋਂ ਚਾਰ ਗੁਣਾ ਵੱਡਾ ਹੈ ਭਾਰਤ ਦਾ ਇਹ ਮਹਿਲ ਜਿੱਥੇ ਪੀਐਮ ਮੋਦੀ ਅਤੇ ਸਪੈਨਿਸ਼ ਪੀਐਮ ਸਾਂਚੇਜ਼ ਨੇ ਕੀਤੀ ਮੁਲਾਕਾਤ
- ਲੇਖਕ, ਜੈ ਸ਼ੁਕਲਾ
- ਰੋਲ, ਬੀਬੀਸੀ ਪੱਤਰਕਾਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੇ 28 ਅਕਤੂਬਰ ਨੂੰ ਵਡੋਦਰਾ ਦਾ ਦੌਰਾ ਕੀਤਾ। ਦੋਵਾਂ ਨੇਤਾਵਾਂ ਵਿਚਾਲੇ ਵਡੋਦਰਾ ਦੇ ਲਕਸ਼ਮੀ ਵਿਲਾਸ ਪੈਲੇਸ 'ਚ ਦੁਵੱਲੀ ਗੱਲਬਾਤ ਹੋਈ। ਮਹਿਲ ਜੋ ਕਿ ਇੰਗਲੈਂਡ ਦੇ ਰਾਜੇ ਦੀ ਸਰਕਾਰੀ ਰਿਹਾਇਸ਼ ਬਕਿੰਘਮ ਪੈਲੇਸ ਤੋਂ ਚਾਰ ਗੁਣਾ ਵੱਡਾ ਹੈ।
ਵਡੋਦਰਾ ਨੂੰ ਬ੍ਰਿਟਿਸ਼ ਸ਼ਾਸਨ ਦੌਰਾਨ ਭਾਰਤ ਦੇ ਚੋਟੀ ਦੇ ਖੁਸ਼ਹਾਲ ਰਾਜਾਂ ਵਜੋਂ ਜਾਣਿਆ ਜਾਂਦਾ ਸੀ ਅਤੇ ਹੁਣ ਇਸ ਸ਼ਹਿਰ ਵਿੱਚ ਟਰਾਂਸਪੋਰਟ ਜਹਾਜ਼ ਸੀ 295 ਜਹਾਜ਼ ਦਾ ਨਿਰਮਾਣ ਹੋਵੇਗਾ। ਇਹ ਹਵਾਈ ਜਹਾਜ ਏਅਰਬੱਸ ਕੰਪਨੀ ਅਤੇ ਭਾਰਤ ਦੀ ਟਾਟਾ ਐਡਵਾਂਸ ਸਿਸਟਮ ਲਿਮਟਿਡ ਦੁਆਰਾ ਭਾਰਤੀ ਹਵਾਈ ਸੈਨਾ ਲਈ ਭਾਰਤ ਵਿੱਚ ਬਣਾਏ ਜਾਣਗੇ।
ਭਾਰਤ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਵਡੋਦਰਾ ਦੇ ਇਤਿਹਾਸਕ ਲਕਸ਼ਮੀ ਵਿਲਾਸ ਪੈਲੇਸ ਦੇ ਦਰਬਾਰ ਹਾਲ ਵਿਚ ਦੋ ਰਾਸ਼ਟਰੀ ਨੇਤਾਵਾਂ ਵਿਚਾਲੇ ਗੱਲਬਾਤ ਹੋਈ ਹੈ।
ਇਤਿਹਾਸਕ ਲਕਸ਼ਮੀ ਵਿਲਾਸ ਦਾ ਮਨਮੋਹਕ ਕੰਪਲੈਕਸ ਲਗਭਗ 130 ਸਾਲਾਂ ਬਾਅਦ ਵੀ ਇਸ ਦੀ ਸ਼ਾਨ, ਭਵਨ ਨਿਰਮਾਣ ਸ਼ੈਲੀ ਅਤੇ ਗਾਇਕਵਾੜੀ ਸ਼ਾਸਨ ਦੇ ਕੇਂਦਰ ਬਿੰਦੂ ਵਜੋਂ ਚਰਚਾ ਵਿੱਚ ਬਣਿਆ ਹੋਇਆ ਹੈ।
ਵਡੋਦਰਾ ਦੇ ਗਾਇਕਵਾੜ ਸ਼ਾਹੀ ਪਰਿਵਾਰ ਦੀ ਮਹਾਰਾਣੀ ਰਾਧਿਖਰਾਜ ਗਾਇਕਵਾੜ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ, “ਇਹ ਪਹਿਲੀ ਵਾਰ ਹੈ ਜਦੋਂ ਦੋ ਸਰਕਾਰਾਂ ਦੇ ਮੁਖੀ ਲਕਸ਼ਮੀ ਵਿਲਾਸ ਪੈਲੇਸ ਵਿੱਚ ਮਹਿਮਾਨ ਬਣੇ ਹਨ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪੀਐਮ ਮੋਦੀ ਵੀ ਪਹਿਲੀ ਵਾਰ ਮਹਿਲ ਪਹੁੰਚੇ ਰਹੇ ਹਨ। ਅਸੀਂ ਉਨ੍ਹਾਂ ਦੀ ਮੇਜ਼ਬਾਨੀ ਕਰਨ ਲਈ ਉਤਸ਼ਾਹਿਤ ਹਾਂ।''
ਉਨ੍ਹਾਂ ਦਾ ਮਹਿਲ ਦੇ ਦਰਬਾਰ ਹਾਲ ਵਿੱਚ ਸਵਾਗਤ ਹੋਵੇਗਾ। ਦੋਵਾਂ ਦੇਸ਼ਾਂ ਦੇ ਮੁਖੀਆਂ ਦੀ ਫੇਰੀ ਦਾ ਵੇਰਵਾ ਪੈਲੇਸ ਵਿੱਖੇ ਦਿੱਤਾ ਗਿਆ ਹੈ।
ਉਨ੍ਹਾਂ ਅੱਗੇ ਕਿਹਾ, "ਜਦੋਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ, ਮੇਰੇ ਸਹੁਰੇ ਰਣਜੀਤ ਸਿੰਘ ਗਾਇਕਵਾੜ ਦਾ ਦਿਹਾਂਤ ਹੋ ਗਿਆ ਸੀ ਅਤੇ ਉਹ ਆਖਰੀ ਵਾਰ ਮਹਿਲ ਆਏ ਸਨ।"
ਪੈਲੇਸ ਲਕਸ਼ਮੀ ਵਿਲਾਸ ਬਕਿੰਘਮ ਪੈਲੇਸ ਤੋਂ ਚਾਰ ਗੁਣਾ ਵੱਡਾ ਹੈ
ਵਡੋਦਰਾ ਵਿੱਚ 1890 ਵਿੱਚ ਬਣਾਇਆ ਗਿਆ ਇਹ ਲਕਸ਼ਮੀ ਵਿਲਾਸ ਪੈਲੇਸ ਭਾਰਤ ਵਿੱਚ ਸਭ ਤੋਂ ਸ਼ਾਨਦਾਰ ਇਮਾਰਤਾਂ ਵਿੱਚੋਂ ਇੱਕ ਹੈ। ਅਜੇ ਵੀ ਇਹ ਸੰਸਾਰ ਦੇ ਸਭ ਤੋਂ ਵੱਡੇ ਨਿਜੀ ਨਿਵਾਸ ਸਥਾਨਾਂ ਵਿੱਚੋਂ ਇੱਕ ਹੈ।
ਇਹ ਪੈਲੇਸ ਆਰਕੀਟੈਕਚਰ ਦੀਆਂ ਬੇਮਿਸਾਲ ਉਦਾਹਰਣਾਂ ਵੱਜੋਂ ਜਾਣਿਆ ਜਾਂਦਾ ਹੈ। ਇੰਨਾ ਹੀ ਨਹੀਂ, ਜੇਕਰ ਮਹਿਲ ਅਤੇ ਇਸ ਦੇ ਮੈਦਾਨ ਨੂੰ ਢੱਕ ਲਿਆ ਜਾਵੇ ਤਾਂ ਇਸ ਦਾ ਖੇਤਰਫਲ ਇੰਗਲੈਂਡ ਦੇ ਬਕਿੰਘਮ ਪੈਲੇਸ ਤੋਂ ਚਾਰ ਗੁਣਾ ਵੱਧ ਹੋਵੇਗਾ।
ਵਡੋਦਰਾ ਦੇ ਮਰਹੂਮ ਮਹਾਰਾਜਾ ਸਯਾਜੀਰਾਓ ਗਾਇਕਵਾੜ ਦੇ ਪੜਪੋਤੇ ਜਤਿੰਦਰ ਸਿੰਘ ਗਾਇਕਵਾੜ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ, "ਇਹ ਨਾ ਸਿਰਫ਼ ਦੁਨੀਆ ਦਾ ਸਭ ਤੋਂ ਵੱਡਾ ਰਿਹਾਇਸ਼ੀ ਖੇਤਰ ਹੈ ਬਲਕਿ ਇਹ ਬਕਿੰਘਮ ਪੈਲੇਸ ਤੋਂ ਚਾਰ ਗੁਣਾ ਹੈ।"
ਬਕਿੰਘਮ ਪੈਲੇਸ ਦਾ ਖੇਤਰਫਲ 77 ਹਜ਼ਾਰ ਵਰਗ ਮੀਟਰ ਹੈ ਜਦਕਿ ਲਕਸ਼ਮੀ ਵਿਲਾਸ ਪੈਲੇਸ ਦਾ ਖੇਤਰਫਲ 28 ਲੱਖ 32 ਹਜ਼ਾਰ 799 ਵਰਗ ਮੀਟਰ ਹੈ।
ਹਾਲਾਂਕਿ, ਬਕਿੰਘਮ ਪੈਲੇਸ ਵਿੱਚ ਕਮਰਿਆਂ ਦੀ ਗਿਣਤੀ ਲਕਸ਼ਮੀ ਵਿਲਾਸ ਤੋਂ ਵੱਧ ਹੈ। ਬਕਿੰਘਮ ਪੈਲੇਸ ਵਿੱਚ 775 ਕਮਰੇ ਹਨ ਜਦੋਂ ਕਿ ਲਕਸ਼ਮੀ ਵਿਲਾਸ ਪੈਲੇਸ ਵਿੱਚ ਗੈਲਰੀਆਂ ਅਤੇ ਹਾਲਾਂ ਸਮੇਤ ਕੁੱਲ 303 ਕਮਰੇ ਹਨ ਪਰ ਜੇਕਰ ਅਸੀਂ ਦੋਵਾਂ ਪੈਲੇਸਾਂ ਦੇ ਖੇਤਰਫਲ ਪੱਖੋਂ ਗੱਲ ਕਰੀਏ ਤਾਂ ਲਕਸ਼ਮੀ ਵਿਲਾਸ ਪੈਲੇਸ ਦਾ ਰਕਬਾ ਬਕਿੰਘਮ ਪੈਲੇਸ ਤੋਂ ਚਾਰ ਗੁਣਾ ਵੱਡਾ ਹੈ।
ਜਿਤੇਂਦਰ ਸਿੰਘ ਗਾਇਕਵਾੜ ਕਹਿੰਦੇ ਹਨ, “ਕਮਰਿਆਂ ਦੀ ਜਗ੍ਹਾ ਛੋਟੀ ਨਹੀਂ ਹੈ ਬਲਕਿ ਕਮਰੇ ਬਹੁਤ ਵੱਡੇ ਹਨ। ਸੋ ਇਸ ਲਈ ਇਸਦੀ ਤੁਲਨਾ ਬਕਿੰਘਮ ਪੈਲੇਸ ਨਾਲ ਨਹੀਂ ਕੀਤੀ ਜਾ ਸਕਦੀ।
ਲਕਸ਼ਮੀ ਵਿਲਾਸ ਪੈਲੇਸ ਦਾ ਇਤਿਹਾਸ ਕੀ ਹੈ?
ਇਹ ਮਹਿਲ ਆਰਕੀਟੈਕਚਰ ਦੀ ਇੰਡੋ ਸਾਰਸੈਨਿਕ ਰੀਵਾਈਵਲ ਸ਼ੈਲੀ ਵਿੱਚ ਬਣਾਇਆ ਗਿਆ ਹੈ, ਜੋ ਕਿ ਵਿਸ਼ਵ ਦੇ ਸਭ ਤੋਂ ਸ਼ਾਨਦਾਰ ਮਹਿਲਾਂ ਵਿੱਚ ਗਿਣਿਆ ਜਾਂਦਾ ਹੈ।
ਇਸ ਮਹਿਲ ਦੀ ਸ਼ੁਰੂਆਤ 1878 ਵਿੱਚ ਵਡੋਦਰਾ ਦੇ ਮਹਾਰਾਜਾ ਸਯਾਜੀਰਾਓ III ਨੇ ਕੀਤੀ ਸੀ।
ਮਹਿਲ ਬਾਰੇ ਜਾਣਕਾਰੀ ਦਿੰਦੇ ਹੋਏ, ਲਕਸ਼ਮੀ ਵਿਲਾਸ ਪੈਲੇਸ ਸਥਿਤ ਅਜਾਇਬ ਘਰ ਦੇ ਕਿਊਰੇਟਰ ਮੰਦਾਭਾਨ ਹਿੰਗੂਰਾਓ ਬੀਬੀਸੀ ਗੁਜਰਾਤੀ ਨੂੰ ਦੱਸਦੇ ਹਨ, "ਇਸ ਮਹਿਲ ਦੇ ਬਣਨ ਤੋਂ ਪਹਿਲਾਂ, ਗਾਇਕਵਾੜ ਦਾ ਸ਼ਾਹੀ ਪਰਿਵਾਰ ਵਡੋਦਰਾ ਦੇ ਸਰਕਾਰਵਾੜਾ ਵਿੱਚ ਰਹਿੰਦਾ ਸੀ। ਸ਼ਾਹੀ ਪਰਿਵਾਰ ਦਾ ਖਜ਼ਾਨਾ ਨਾਜ਼ਰਬਾਗ ਦੇ ਮਹਿਲ ਵਿਚ ਰੱਖਿਆ ਹੋਇਆ ਸੀ। ਮਕਰਬਾਗ ਪੈਲੇਸ ਉਸ ਤੋਂ ਬਹੁਤ ਦੂਰ ਸੀ। ਇਸ ਲਈ ਮਹਾਰਾਜਾ ਸਯਾਜੀਰਾਓ ਗਾਇਕਵਾੜ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਇੱਕ ਵੱਡੇ ਮਹਿਲ ਦੀ ਲੋੜ ਹੈ।
ਜਿਤੇਂਦਰ ਸਿੰਘ ਗਾਇਕਵਾੜ ਵਰਤਮਾਨ ਵਿੱਚ ਭਾਰਤ ਦੇ ਸ਼ਾਹੀ ਮਹਿਲਾਂ ਅਤੇ ਰਿਆਸਤਾਂ ਨਾਲ ਸਬੰਧਤ ਵਿਲੱਖਣ ਇਤਿਹਾਸਕ ਵਿਰਾਸਤ ਦੀ ਸੰਭਾਲ ਵਿੱਚ ਸਰਗਰਮ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ, “ਮਹਾਰਾਜਾ ਸਾਹਿਬ ਦੇ ਉਸ ਸਮੇਂ ਦੇ ਦੀਵਾਨ ਪੀ. ਮਾਧਵਰਵ ਨੇ ਅਜਿਹਾ ਮਹਿਲ ਬਣਾਉਣ ਦਾ ਪ੍ਰਸਤਾਵ ਦਿੱਤਾ।
ਮਹਾਰਾਜਾ ਸਯਾਜੀਰਾਓ ਗਾਇਕਵਾੜ ਨੇ ਇਸਦੇ ਲਈ ਇੱਕ ਵਿਸ਼ੇਸ਼ ਆਰਕੀਟੈਕਟ ਮੇਜਰ ਚਾਰਲਸ ਮਾਂਟ ਨੂੰ ਨਿਯੁਕਤ ਕੀਤਾ ਸੀ । ਚਾਰਲਸ ਮਾਂਟ ਇੱਕ ਮਸ਼ਹੂਰ ਬ੍ਰਿਟਿਸ਼ ਆਰਕੀਟੈਕਟ ਸਨ।
ਜਿਤੇਂਦਰ ਸਿੰਘ ਗਾਇਕਵਾੜ ਦੱਸਦੇ ਹਨ, “ਮਹਾਰਾਜ ਸਯਾਜੀਰਾਓ III ਦੇ ਪੂਰਵਜ ਮਹਾਰਾਜਾ ਦੀ ਧੀ ਅਹਲਿਆਬਾਈ ਦਾ ਵਿਆਹ 1850 ਵਿੱਚ ਕੋਲਹਾਪੁਰ ਦੇ ਮਹਾਰਾਜਾ ਨਾਲ ਹੋਇਆ ਸੀ। ਉਨ੍ਹਾਂ ਨੇ ਆਪਣੇ ਮਹਿਲ ਦੀ ਉਸਾਰੀ ਦਾ ਕੰਮ ਚਾਰਲਸ ਮੰਟ ਨੂੰ ਸੌਂਪਿਆ ਸੀ। ਸਯਾਜੀਰਾਓ ਇਸ ਮਹਿਲ ਤੋਂ ਪ੍ਰਭਾਵਿਤ ਹੋਏ ਅਤੇ ਲਕਸ਼ਮੀ ਵਿਲਾਸ ਪੈਲੇਸ ਦੀ ਉਸਾਰੀ ਦਾ ਕੰਮ ਚਾਰਲਸ ਮੰਤ ਨੂੰ ਸੌਂਪਿਆ।
ਹਾਲਾਂਕਿ, ਮਹਿਲ 'ਤੇ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਚਾਰਲਸ ਮੰਤ ਦੀ ਰਹੱਸਮਈ ਢੰਗ ਨਾਲ ਮੌਤ ਹੋ ਗਈ ਸੀ। ਸੂਤਰਾਂ ਅਨੁਸਾਰ ਉਨ੍ਹਾਂ ਵੱਲੋਂ ਖੁਦਕੁਸ਼ੀ ਕੀਤੀ ਗਈ ਸੀ।
ਇਸ ਬਾਰੇ ਮੰਦਾਭਾਨ ਹਿੰਗੂਰਾਵ ਕਹਿੰਦੇ ਹਨ, “ਉਨ੍ਹਾਂ ਨੇ ਮਹਿਸੂਸ ਕੀਤਾ ਹੋਵੇਗਾ ਕਿ ਡਰਾਇੰਗ ਜਾਂ ਆਰਕੀਟੈਕਚਰ ਦੀ ਗਣਨਾ ਕਰਨ ਵਿੱਚ ਕੁਝ ਬਚਿਆ ਹੋਇਆ ਹੈ। ਉਨ੍ਹਾਂ ਨੂੰ ਲੱਗਾ ਕਿ ਇਹ ਮਹਿਲ ਜ਼ਿਆਦਾ ਦੇਰ ਨਹੀਂ ਚੱਲ ਸਕੇਗਾ ਇਸ ਲਈ ਉਨ੍ਹਾਂ ਨੇ ਖੁਦਕੁਸ਼ੀ ਕਰ ਲਈ।
ਮੰਤ ਦੀ ਮੌਤ ਤੋਂ ਬਾਅਦ, ਮਹਿਲ ਦੀ ਉਸਾਰੀ ਦਾ ਕੰਮ ਆਰਕੀਟੈਕਟ ਰਾਬਰਟ ਫੈਲੋ ਚਿਲਸੋਮ ਨੂੰ ਸੌਂਪਿਆ ਗਿਆ ਸੀ।
ਮਹਿਲ ਨੂੰ ਬਣਾਉਣ ਵਿੱਚ 12 ਸਾਲ ਲੱਗੇ
ਦੁਨੀਆਂ ਦੇ ਸਭ ਤੋਂ ਮਹਿੰਗੇ ਮਹਿਲ ਵਿੱਚੋਂ ਇੱਕ ਇਸ ਮਹਿਲ ਨੂੰ ਬਣਾਉਣ ਵਿੱਚ 12 ਸਾਲ ਲੱਗੇ। ਸਾਲ 1890 ਵਿੱਚ ਇਸਦੀ ਕੀਮਤ 1,80,000 ਪੌਂਡ ਸੀ। ਜੋ ਕਿ ਉਸ ਸਮੇਂ 40 ਲੱਖ ਰੁਪਏ ਦੇ ਕਰੀਬ ਸਨ।
ਚੰਦਰਸ਼ੇਖਰ ਪਾਟਿਲ ਵਡੋਦਰਾ ਦੇ ਇਤਿਹਾਸਕਾਰ ਹਨ ਅਤੇ ਉਨ੍ਹਾਂ ਨੇ ਗਾਇਕਵਾੜ ਸ਼ਾਹੀ ਪਰਿਵਾਰ 'ਤੇ ਵਿਆਪਕ ਖੋਜ ਕੀਤੀ ਹੈ। ਪਾਟਿਲ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ, "ਮਹਿਲ ਦੀਆਂ ਕੰਧਾਂ 'ਤੇ ਪੇਂਟ ਦੀ ਬਜਾਏ ਰੰਗੀਨ ਪੱਥਰਾਂ ਦੀ ਵਰਤੋਂ ਕੀਤੀ ਗਈ ਹੈ। ਇਸ ਦਾ ਡਿਜ਼ਾਈਨ, ਨਿਰਮਾਣ, ਨਮੂਨੇ ਅਤੇ ਆਰਕੀਟੈਕਚਰ ਬਿਲਕੁਲ ਵਿਲੱਖਣ ਹਨ।
ਗਾਇਕਵਾੜ ਮਹਿਲ ਦੇ ਆਰਕੀਟੈਕਚਰ ਬਾਰੇ ਗੱਲ ਕਰਦੇ ਹੋਏ, ਰਾਧਿਕਾਰਾਜ ਕਹਿੰਦੇ ਹਨ, “ਇਹ ਉਸਾਰੀ ਦੀ ਇੱਕ ਇੰਡੋ ਸਾਰਸੈਨਿਕ ਸ਼ੈਲੀ ਹੈ। ਜਿਸ ਵਿੱਚ ਦੁਨੀਆ ਦਾ ਸਭ ਤੋਂ ਵਧੀਆ ਆਰਕੀਟੈਕਚਰ ਦੇਖਣ ਨੂੰ ਮਿਲਦਾ ਹੈ। ਇਸ ਵਿੱਚ ਹਿੰਦੂ ਆਰਕੀਟੈਕਚਰ, ਰਾਜਪੂਤ ਸ਼ੈਲੀ, ਇਸਲਾਮੀ ਸ਼ੈਲੀ, ਈਸਾਈ ਸ਼ੈਲੀ, ਤੁਰਕੀ, ਰੋਮਨ, ਯੂਨਾਨੀ, ਮੋਰੱਕੋ ਦੀਆਂ ਆਰਕੀਟੈਕਚਰ ਸ਼ੈਲੀਆਂ ਵੀ ਸ਼ਾਮਲ ਹਨ।
ਜਤਿੰਦਰ ਸਿੰਘ ਗਾਇਕਵਾੜ ਦੱਸਦੇ ਹਨ, “ਮਹਾਰਾਜਾ ਦੇ ਤਤਕਾਲੀ ਦੀਵਾਨ ਪੀ. ਮਾਧਵਰਾਓ ਅਤੇ ਉਸਦੇ ਅਧਿਆਪਕ ਇਲਾਇਤ ਨੇ ਸੁਝਾਅ ਦਿੱਤਾ ਕਿ ਮਹਿਲ ਸੋਨਗੜ੍ਹ ਵਿੱਚ ਪਾਏ ਗਏ ਪੱਥਰਾਂ ਦੀ ਵਰਤੋਂ ਕਰਦਾ ਹੈ। ਸੋਨਗੜ੍ਹ ਵਿੱਚ ਪਾਏ ਜਾਣ ਵਾਲੇ ਪੱਥਰ ਪੀਲੇ ਸੁਨਹਿਰੀ ਰੰਗ ਦੇ ਹੁੰਦੇ ਹਨ ਅਤੇ ਰੌਸ਼ਨੀ ਵਿੱਚ ਚਮਕਦੇ ਹਨ। ਇਸ ਲਈ ਕੰਧਾਂ ਦੀ ਉਸਾਰੀ ਲਈ ਸੋਨਗੜ੍ਹ ਤੋਂ ਪੱਥਰ ਲਿਆਂਦੇ ਗਏ ਸਨ"।
ਇਸ ਮਹਿਲ ਦੇ ਨਿਰਮਾਣ ਵਿੱਚ ਵਰਤੇ ਗਏ ਪੱਥਰ ਵੀ ਸੁਰੇਂਦਰਨਗਰ ਤੋਂ ਮੰਗਵਾਏ ਗਏ ਸਨ। ਕੁਝ ਪੱਥਰ ਰਾਜਸਥਾਨ ਤੋਂ ਅਤੇ ਸੰਗਮਰਮਰ ਇਟਲੀ ਤੋਂ ਮੰਗਵਾਏ ਗਏ ਸਨ।
ਮਾਹਿਰਾਂ ਦਾ ਕਹਿਣਾ ਹੈ ਕਿ ਇਟਲੀ ਦੇ ਮਸ਼ਹੂਰ ਮੂਰਤੀਕਾਰ ਮਾਈਕਲ ਐਂਜਲੋ ਦੁਆਰਾ ਵਰਤੇ ਗਏ ਸੰਗਮਰਮਰ ਦੀ ਉਸੇ ਕਿਸਮ ਦੀ ਇੱਥੇ ਵਰਤੋਂ ਕੀਤੀ ਗਈ ਹੈ।
ਚੰਦਰਸ਼ੇਖਰ ਪਾਟਿਲ ਦਾ ਕਹਿਣਾ ਹੈ ਕਿ ਇਹ ਮਹਿਲ 1890 ਵਿੱਚ ਪੂਰਾ ਹੋਇਆ ਸੀ ਪਰ ਅੰਦਰਲੇ ਹਿੱਸੇ ਨੂੰ ਪੂਰਾ ਕਰਨ ਵਿੱਚ ਹੋਰ ਦਸ ਸਾਲ ਲੱਗ ਗਏ।
ਮੰਦਾਭਾਨ ਹਿੰਗੂਰਾਓ ਦੱਸਦੀ ਹੈ, “ਪਹਿਲਾਂ ਮਹਿਲ ਦਾ ਮੈਦਾਨ 700 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਸੀ, ਹੁਣ ਇਹ ਲਗਭਗ 500 ਏਕੜ ਹੈ। ਬਾਕੀ ਜ਼ਮੀਨ ਸੜਕਾਂ ਜਾਂ ਹੋਰ ਕੰਮਾਂ ਵਿੱਚ ਚਲੀ ਗਈ ਹੈ।”
ਮਹਿਲ ਦੇ ਨਾਮ ਲਕਸ਼ਮੀ ਵਿਲਾਸ ਪਡਵਾ ਦੇ ਪਿੱਛੇ ਦੀ ਪ੍ਰੇਮ ਕਹਾਣੀ
ਮਹਿਲ ਦੇ ਪਿੱਛੇ ਇੱਕ ਪ੍ਰੇਮ ਕਹਾਣੀ ਛੁਪੀ ਹੋਈ ਹੈ।
ਇਹ ਕਹਾਣੀ ਵੀ ਦਿਲਚਸਪ ਹੈ ਕਿ ਇਸ ਮਹਿਲ ਦਾ ਨਾਂ ਲਕਸ਼ਮੀ ਵਿਲਾਸ ਕਿਵੇਂ ਪਿਆ?
ਕਹਾਣੀ 1880 ਤੋਂ ਸ਼ੁਰੂ ਹੁੰਦੀ ਹੈ ਜਦੋਂ ਲਕਸ਼ਮੀਬਾਈ ਅਤੇ ਵਡੋਦਰਾ ਦੇ ਮਹਾਰਾਜਾ ਸਯਾਜੀਰਾਓ ਗਾਇਕਵਾੜ III ਦਾ ਵਿਆਹ ਹੋਇਆ ਸੀ।
ਵਿਆਹ ਤੋਂ ਬਾਅਦ ਉਨ੍ਹਾਂ ਦੇ ਤਿੰਨ ਬੱਚੇ ਹੋਏ। ਪਹਿਲਾਂ ਉਨ੍ਹਾਂ ਦੀਆਂ ਦੋ ਧੀਆਂ ਸਨ। ਜਿਨਾਂ ਦਾ ਨਾਮ ਬਾਜੂਬਾਈ ਅਤੇ ਪੁਤਲੀਬਾਈ ਸੀ। ਦੋਵੇਂ ਦਾ ਜਵਾਨੀ ਵਿੱਚ ਹੀ ਦੇਹਾਂਤ ਹੋ ਗਿਆ।
ਦੋ ਧੀਆਂ ਦੀ ਬੇਵਕਤੀ ਮੌਤ ਤੋਂ ਬਾਅਦ ਉਹ ਨਿਰਾਸ਼ ਹੋ ਗਏ।
ਫੇਰ ਲਕਸ਼ਮੀਬਾਈ ਗਰਭਵਤੀ ਹੋ ਗਈ ਅਤੇ ਪੁੱਤਰ ਫਤਿਹ ਸਿੰਘ ਨੇ ਜਨਮ ਲਿਆ ਪਰ ਸਿਰਫ 21 ਸਾਲ ਦੀ ਉਮਰ ਵਿੱਚ 1885 ਵਿੱਚ ਬੱਚੇ ਦੇ ਜਨਮ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।
ਇਸ ਬਾਰੇ ਗੱਲ ਕਰਦੇ ਹੋਏ ਰਾਧਿਖਾਰਾਜੇ ਗਾਇਕਵਾੜ ਦਾ ਕਹਿਦੇ ਹਨ, "ਮਹਾਰਾਜਾ ਆਪਣੀ ਰਾਣੀ ਨੂੰ ਬਹੁਤ ਪਿਆਰ ਕਰਦੇ ਸਨ। ਗਾਇਕਵਾੜ ਸ਼ਾਹੀ ਪਰਿਵਾਰ ਵਿੱਚ ਵਿਆਹ ਤੋਂ ਬਾਅਦ ਪਤਨੀ ਦਾ ਨਾਮ ਬਦਲਣ ਦਾ ਰਿਵਾਜ ਸੀ। ਉਨ੍ਹਾਂ ਦਾ ਨਾਮ ਲਕਸ਼ਮੀ ਸੀ ਜੋ ਬਾਅਦ ਵਿੱਚ ਬਦਲ ਕੇ ਚਿਮਨਾਬਾਈ ਰੱਖ ਦਿੱਤਾ ਗਿਆ।"
"ਜਦੋਂ ਮਹਾਰਾਣੀ ਚਿਮਨਾਬਾਈ ਦੀ ਮੌਤ ਹੋਈ ਤਾਂ ਮਹਾਰਾਜ ਬਹੁਤ ਦੁਖੀ ਹੋਏ।"
"ਉਨ੍ਹਾਂ ਨੇ ਕੁਝ ਸਾਲਾਂ ਤੱਕ ਦੁਬਾਰਾ ਵਿਆਹ ਵੀ ਨਹੀਂ ਕਰਵਾਇਆ। ਫਿਰ ਜਦੋਂ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਨੂੰ ਵਿਆਹ ਬਾਰੇ ਕਿਹਾ ਤਾਂ ਉਨ੍ਹਾਂ ਨੇ ਗਜਰਾਬਾਈ ਨਾਲ ਦੂ੍ੱਜਾ ਵਿਆਹ ਕਰਵਾ ਲਿਆ ਪਰ ਉਹ ਆਪਣੀ ਪਹਿਲੀ ਪਤਨੀ ਨੂੰ ਨਹੀਂ ਭੁੱਲੇ। ਜਦੋਂ ਗਾਇਕਵਾੜ ਪਰਿਵਾਰ ਦੇ ਰਿਵਾਜ ਅਨੁਸਾਰ ਵਿਆਹ ਤੋਂ ਬਾਅਦ ਆਪਣੀ ਪਤਨੀ ਦਾ ਨਾਮ ਬਦਲਣ ਦੀ ਗੱਲ ਆਈ, ਉਨ੍ਹਾਂ ਨੇ ਗਜਰਾਬਾਈ ਤੋਂ ਨਾਮ ਬਦਲ ਕੇ ਚਿਮਨਾਬਾਈ ਰੱਖ ਦਿੱਤਾ ਜੋ ਚਿਮਨਾਬਾਈ I ਵਜੋਂ ਜਾਣੇ ਜਾਂਦੇ ਸਨ।"
ਜਦੋਂ ਮਹਾਰਾਜਾ ਨੇ ਇਹ ਮਹਿਲ ਬਣਵਾਇਆ ਸੀ ਤਾਂ ਉਨ੍ਹਾਂ ਨੇ ਆਪਣੀ ਪਹਿਲੀ ਪਤਨੀ ਚਿਮਨਾਬਾਈ ਦੇ ਜਨਮ ਸਮੇਂ ਇਸ ਦਾ ਨਾਂ ਲਕਸ਼ਮੀ ਵਿਲਾਸ ਰੱਖਿਆ ਸੀ। ਭਾਵ ਕਿ ਉਨ੍ਹਾਂ ਦੀ ਪਤਨੀ ਦਾ ਪਹਿਲਾ ਨਾਂ ਲਕਸ਼ਮੀਬਾਈ।
ਮਹਿਲ ਦਾ ਨੀਂਹ ਪੱਥਰ ਰੱਖਣ ਸਮੇਂ ਮਹਾਰਾਣੀ ਚਿਮਨਾਬਾਈ ਜ਼ਿੰਦਾ ਸਨ ਪਰ ਮਹਿਲ ਬਣਨ ਅਤੇ ਤਿਆਰ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦਾ ਦੇਂਹਾਤ ਹੋ ਗਿਆ
ਮਹਾਰਾਜਾ ਸਯਾਜੀਰਾਓ ਗਾਇਕਵਾੜ ਨੇ ਉਨ੍ਹਾਂ ਦੀ ਪਤਨੀ ਦੇ ਸਨਮਾਨ ਵਿੱਚ ਹਸਪਤਾਲ, ਝੀਲਾਂ, ਟਾਵਰ ਅਤੇ ਬਾਜ਼ਾਰ ਵੀ ਬਣਾਏ ਸਨ।
ਮਹਾਰਾਜਾ ਨੇ ਮਸ਼ਹੂਰ ਚਿੱਤਰਕਾਰ ਰਾਜਾ ਰਵੀ ਵਰਮਾ ਨਾਲ ਚਿਮਨਾਬਾਈ I ਦੀ ਤਸਵੀਰ ਵੀ ਤਿਆਰ ਕੀਤੀ ਸੀ। ਜੋ ਕਿ ਅੱਜ ਵੀ ਲਕਸ਼ਮੀ ਵਿਲਾਸ ਪੈਲੇਸ ਵਿੱਚ ਮੌਜੂਦ ਹੈ।
ਮਹਿਲ ਨੂੰ ਸੋਨੇ ਅਤੇ ਚਾਂਦੀ ਨਾਲ ਸਜਾਇਆ ਗਿਆ ਸੀ
ਚੰਦਰਸ਼ੇਖਰ ਪਾਟਿਲ ਕਹਿੰਦੇ ਹਨ, “ਇਸ ਮਹਿਲ ਵਿੱਚ ਕਈ ਕੀਮਤੀ ਵਸਤੂਆਂ ਵੀ ਸਨ। ਇਸ ਵਿੱਚ ਸੋਨੇ-ਚਾਂਦੀ ਦੀ ਬਣੀ ਹਾਥੀ ਪਾਲਕੀ, ਸੋਨੇ-ਚਾਂਦੀ ਦੀ ਬਣੀ ਬੈੱਲ ਗੱਡੀ ਅਤੇ ਸੋਨੇ-ਚਾਂਦੀ ਦੀ ਬਣੀ ਘੋੜੀ ਬੱਗੀ ਵਰਗੇ ਦੁਰਲੱਭ ਮਾਡਲ ਸਨ।”
ਇਸ ਤੋਂ ਇਲਾਵਾ ਮਹਿਲ ਵਿਚ ਸੋਨੇ ਅਤੇ ਚਾਂਦੀ ਦੀਆਂ ਤੋਪਾਂ ਵੀ ਸਨ।
ਜਿਤੇਂਦਰ ਸਿੰਘ ਗਾਇਕਵਾੜ ਦਾ ਕਹਿਣਾ ਹੈ, "ਮਹਿਲ ਵਿੱਚ ਸੋਨੇ ਦੀਆਂ 4 ਤੋਪਾਂ ਸਨ ਜਦੋਂ ਕਿ ਚਾਂਦੀ ਦੀਆਂ 16 ਤੋਪਾਂ ਸਨ"।
ਹਾਲਾਂਕਿ, ਸੋਨੇ-ਚਾਂਦੀ ਦੀਆਂ ਤੋਪਾਂ ਦੀ ਸਹੀ ਗਿਣਤੀ ਬਾਰੇ ਵੱਖੋ-ਵੱਖਰੇ ਵਿਚਾਰ ਹਨ। ਕੁਝ ਦਾ ਕਹਿਣਾ ਹੈ ਕਿ ਸੋਨੇ ਦੀਆਂ ਸਿਰਫ ਦੋ ਤੋਪਾਂ ਸਨ, ਜਦੋਂ ਕਿ ਚਾਂਦੀ ਦੀਆਂ ਦਸ ਤੋਪਾਂ। ਜਾਣਕਾਰੀ ਅਨੁਸਾਰ ਸੋਨੇ ਦੀ ਇਕ ਤੋਪ ਦਾ ਭਾਰ 200 ਕਿਲੋ ਸੀ। ਕੁੱਲ ਦੋ ਸੋਨੇ ਦੀਆਂ ਤੋਪਾਂ ਅਤੇ ਚਾਰ ਚਾਂਦੀ ਦੀਆਂ ਤੋਪਾਂ ਸਨ। ਸੂਤਰਾਂ ਦਾ ਕਹਿਣਾ ਹੈ ਕਿ ਗਾਇਕਵਾੜ ਪਰਿਵਾਰ ਨੇ ਉਨ੍ਹਾਂ ਵਿੱਚੋਂ ਕੁਝ ਤੋਪਾਂ ਨੂੰ ਪਿਘਲਾ ਦਿੱਤਾ ਸੀ।
ਇਹ ਕੀਮਤੀ ਸੋਨੇ ਅਤੇ ਚਾਂਦੀ ਦੀਆਂ ਤੋਪਾਂ ਲਕਸ਼ਮੀ ਵਿਲਾਸ ਪੈਲੇਸ ਵਿੱਚ ਨਹੀਂ ਬਲਕਿ ਨਾਜ਼ਰਬਾਗ ਪੈਲੇਸ ਵਿੱਚ ਰੱਖੀਆਂ ਗਈਆਂ ਸਨ। ਕਿਉਂਕਿ ਗਾਇਕਵਾੜ ਪਰਿਵਾਰ ਆਪਣਾ ਖਜ਼ਾਨਾ ਨਾਜ਼ਰਬਾਗ ਪੈਲੇਸ ਵਿੱਚ ਰੱਖਦਾ ਸੀ।
ਇਨ੍ਹਾਂ ਤੋਪਾਂ ਨੂੰ ਲਿਜਾਉਣ ਲਈ ਵਿਸ਼ੇਸ਼ ਬਲਦ ਪਾਲੇ ਜਾਂਦੇ ਸਨ ਅਤੇ ਇਨ੍ਹਾਂ ਬਲਦਾਂ ਨੂੰ ਕੀਮਤੀ ਗਹਿਣਿਆਂ ਨਾਲ ਸਜਾਇਆ ਜਾਂਦਾ ਸੀ।
ਇਨ੍ਹਾਂ ਤੋਪਾਂ ਦੀ ਬਾਕਾਇਦਾ ਪੂਜਾ ਕੀਤੀ ਜਾਂਦੀ ਸੀ ਅਤੇ ਫੁੱਲਾਂ ਦੇ ਹਾਰ ਪਹਿਨਾਏ ਜਾਂਦੇ ਸਨ। ਪੂਜਾ ਲਈ ਇੱਕ ਵਿਸ਼ੇਸ਼ ਪੁਜਾਰੀ ਵੀ ਨਿਯੁਕਤ ਕੀਤਾ ਗਿਆ ਸੀ।
ਲਕਸ਼ਮੀ ਵਿਲਾਸ ਪੈਲੇਸ ਦੇ ਕਮਰੇ ਕਿਵੇਂ ਹਨ?
ਪੈਲੇਸ ਵਿੱਚ ਕੁੱਲ 303 ਕਮਰੇ ਹਨ। ਇਸ ਵਿੱਚ ਵੱਡੇ ਹਾਲ, ਗੈਲਰੀਆਂ ਅਤੇ ਸ਼ਸਤਰਖਾਨੇ ਵਰਗੇ ਕਮਰੇ ਸ਼ਾਮਲ ਹਨ।
ਜਿਤੇਂਦਰ ਸਿੰਘ ਗਾਇਕਵਾੜ ਦਾ ਕਹਿਣਾ ਹੈ, “ਪੈਲੇਸ ਵਿੱਚ ਹਾਥੀ ਕਮਰਾ, ਦਰਬਾਰ ਹਾਲ, ਗਾਡੀ ਹਾਲ, ਆਇਨਾ ਹਾਲ, ਸਿਲਵਰ ਰੂਮ, ਗੋਲਡਨ ਰੂਮ, ਵੀਨਾ ਰੂਮ, ਆਰਮਰੀ ਵਰਗੇ ਕਮਰੇ ਵੀ ਹਨ। ਮਹਿਲ ਦੀਆਂ ਤਿੰਨ ਮੰਜ਼ਿਲਾਂ ਹਨ। ਜਦਕਿ ਇਸ ਦਾ ਟਾਵਰ 11 ਮੰਜ਼ਿਲਾਂ ਦਾ ਹੈ। ਇਸ ਤੋਂ ਇਲਾਵਾ ਮਹਿਲ ਵਿੱਚ 50 ਵਰਾਂਡੇ, 16 ਅਗਾਸੀਆਂ ਹਨ।
“ਇਸ ਵਿੱਚ ਇੱਕ ਲਾਲ ਕਮਰਾ ਵੀ ਹੈ। ਜਿਸ ਨੂੰ ਸ਼ਾਹੀ ਪਰਿਵਾਰ ਦੇ ਕਿਸੇ ਮੈਂਬਰ ਦੀ ਮੌਤ ਹੋਣ 'ਤੇ ਉਨ੍ਹਾਂ ਦੀ ਲਾਸ਼ ਰੱਖਣ ਲਈ ਬਣਾਇਆ ਗਿਆ ਸੀ।
ਜਿਤੇਂਦਰ ਸਿੰਘ ਗਾਇਕਵਾੜ ਦਾ ਕਹਿਣਾ ਹੈ, “ਮਹਿਲ ਵਿੱਚ ਫ੍ਰੈਂਚ-ਜਰਮਨ ਸ਼ੈਲੀ ਦੇ ਵੱਡੇ ਕਮਰੇ ਹਨ। ਮਹਿਲ ਦੇ ਅੰਦਰ ਮਹਿਲ ਵਰਗੀਆਂ 9 ਛੋਟੀਆਂ ਇਮਾਰਤਾਂ ਹਨ। ਜਿਸ ਵਿੱਚ ਇੱਕ ਫਰਾਂਸੀਸੀ ਬੰਗਲਾ ਹੈ, ਇੱਕ ਵਾਰ ਮਹਿਲ ਵਿੱਚ ਸ਼ਾਹੀ ਪਰਿਵਾਰ ਦੇ 26 ਕੁੱਤੇ ਰੱਖੇ ਹੋਏ ਸਨ। ਇਸ ਤੋਂ ਇਲਾਵਾ ਇੱਥੇ ਘੋੜਿਆਂ ਦਾ ਤਬੇਲਾ ਅਤੇ ਗੱਡੇ ਰੱਖਣ ਲਈ ਇੱਕ ਗੈਰਾਜ ਵੀ ਹੈ।”
ਚੰਦਰਸ਼ੇਖਰ ਪਾਟਿਲ ਕਹਿੰਦੇ ਹਨ, “ਪਹਿਲਾਂ ਪੈਲੇਸ ਟਾਵਰ ਵਿੱਚ ਇੱਕ ਘੜੀ ਲਗਾਉਣ ਦਾ ਵਿਚਾਰ ਸੀ ਪਰ ਫਿਰ ਇਸ ਵਿਚਾਰ ਨੂੰ ਬਦਲ ਦਿੱਤਾ ਗਿਆ। ਕਿਉਕਿ ਸ਼ਾਹੀ ਪਰਿਵਾਰ ਦਾ ਮੰਨਣਾ ਸੀ ਕਿ ਘੜੀ ਦੀ ਟਿੱਕ- ਟਿੱਕ ਉਨ੍ਹਾਂ ਨੂੰ ਪਰੇਸ਼ਾਨ ਕਰੇਗੀ। ਇਸ ਲਈ ਮੀਨਾਰ ਤਾਂ ਬਣਿਆ ਰਿਹਾ ਪਰ ਘੜੀ ਨਹੀਂ ਲਗਾਈ ਗਈ।”
ਰਾਧਿਕਾ ਰਾਜੇ ਕਹਿੰਦੇ ਹਨ, “ਇੱਕ ਵਾਰ ਟਾਵਰ ਦੇ ਉੱਪਰ ਲਾਲ ਬੱਤੀ ਰੱਖੀ ਗਈ ਸੀ। ਉਨ੍ਹਾਂ ਦਿਨਾਂ ਵਿੱਚ ਲਾਲ ਬੱਤੀ ਮਹਿਲ ਵਿੱਚ ਰਾਜੇ ਦੀ ਮੌਜੂਦਗੀ ਦਾ ਪ੍ਰਤੀਕ ਸੀ। ਜਦੋਂ ਲੋਕ ਰਾਜੇ ਨੂੰ ਮਿਲਣਾ ਚਾਹੁੰਦੇ ਸਨ ਤਾਂ ਉਹ ਲਾਲ ਬੱਤੀ ਦੇਖ ਕੇ ਮਹਿਲ ਵਿੱਚ ਆਉਂਦੇ ਸਨ।
ਪੈਲੇਸ ਵਿੱਚ ਗੁਰੂ ਗੋਬਿੰਦ ਸਿੰਘ ਜੀ, ਸ਼ਿਵਾਜੀ, ਔਰੰਗਜ਼ੇਬ ਅਤੇ ਅਕਬਰ ਦੀਆਂ ਤਲਵਾਰਾਂ
ਪੈਲੇਸ ਵਿੱਚ ਹੋਰ ਦੁਰਲੱਭ ਅਤੇ ਇਤਿਹਾਸਕ ਹਥਿਆਰ ਵੀ ਹਨ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਰਾਧਿਕਾਰਾਜ ਗਾਇਕਵਾੜ ਕਹਿੰਦੇ ਹਨ, “ਇਸ ਸ਼ਸਤਰਖਾਨੇ ਦਾ ਨਾਮ ਪ੍ਰਤਾਪ ਸ਼ਾਸਤਰਗਰ ਹੈ ਅਤੇ ਇਸਨੂੰ ਪ੍ਰਤਾਪ ਸਿੰਘਰਾਓ ਗਾਇਕਵਾੜ ਨੇ ਬਣਾਇਆ ਸੀ। ਪ੍ਰਤਾਪ ਸਿੰਘਰਾਓ ਗਾਇਕਵਾੜ ਸਯਾਜੀਰਾਓ ਗਾਇਕਵਾੜ ਦਾ ਪੋਤਾ ਸੀ। ਉਨ੍ਹਾਂ ਨੇ ਇਸ ਸ਼ਸਤਰਖਾਨੇ ਵਿੱਚ ਕਈ ਤਰ੍ਹਾਂ ਦੇ ਹਥਿਆਰ ਪ੍ਰਦਰਸ਼ਿਤ ਕੀਤੇ ਜੋ ਕਿ ਮਰਾਠਾਂ ਦੀ ਸ਼ਾਨ ਸਨ। ਉਨ੍ਹਾਂ ਨੇ ਵੱਖ-ਵੱਖ ਹਥਿਆਰਾਂ ਨੂੰ ਵੀ ਸੂਚੀਬੱਧ ਕੀਤਾ।
ਜਤਿੰਦਰ ਸਿੰਘ ਗਾਇਕਵਾੜ ਦਾ ਕਹਿਣਾ ਹੈ, "ਇੱਥੇ ਸ਼ਿਵਾਜੀ, ਔਰੰਗਜ਼ੇਬ, ਅਕਬਰ, ਜਹਾਂਗੀਰ ਦੀਆਂ ਤਲਵਾਰਾਂ ਹਨ। ਇੱਥੋਂ ਤੱਕ ਕਿ ਬਰਤਾਨੀਆ ਦੇ ਉਸ ਸਮੇਂ ਦੇ ਬਾਦਸ਼ਾਹ ਜਾਰਜ ਪੰਜਵੇਂ ਦੁਆਰਾ ਦਿੱਤੀਆਂ ਤਲਵਾਰਾਂ ਵੀ ਹਨ।"
ਰਾਧਿਕਾ ਰਾਜੇ ਕਹਿੰਦੇ ਹਨ, “ਤਲਵਾਰਾਂ ਵੀ ਵੱਖ-ਵੱਖ ਕਿਸਮ ਦੀਆਂ ਹੁੰਦੀਆਂ ਹਨ। ਨਾਗਿਨ ਤਲਵਾਰ, ਸਿਰੋਹੀ ਤਲਵਾਰ, ਪਟਨੀ ਤਲਵਾਰ, ਗੁਰੂ ਗੋਬਿੰਦ ਸਿੰਘ ਤਲਵਾਰ, ਚੰਪਾਨੇਰੀ ਤਲਵਾਰ ਅਤੇ ਇੰਗਲੈਂਡ ਤੋਂ ਮੰਗਵਾਈ ਗਈ ਵ੍ਹੀਲ ਥ੍ਰੋਇੰਗ ਮਸ਼ੀਨ ਵਰਗੇ ਹਥਿਆਰ ਵੀ ਰੱਖੇ ਗਏ ਹਨ।
“ਇੱਕ ਤਲਵਾਰ ਦਾ ਨਾਮ ਨਵਦੁਰਗਾ ਤਲਵਾਰ ਹੈ ਜਿਸ ਉੱਤੇ ਦੁਰਗਾ ਦੇ 9 ਰੂਪਾਂ ਨੂੰ ਦਰਸਾਇਆ ਗਿਆ ਹੈ। ਕੁਝ ਸੋਨੇ ਅਤੇ ਹੀਰਿਆਂ ਨਾਲ ਜੜੀਆਂ ਤਲਵਾਰਾਂ ਵੀ ਹਨ। ਹਾਥੀ ਦੰਦਾਂ ਦੇ ਨਾਲ ਬਣੀ ਇੱਕ ਤਲਵਾਰ ਵੀ ਹੈ।”
ਗਾਡੀ ਹਾਲ ਬਾਰੇ ਜਾਣਕਾਰੀ ਦਿੰਦੇ ਹੋਏ ਰਾਧਿਕਾ ਰਾਜੇ ਗਾਇਕਵਾੜ ਕਹਿੰਦੇ ਹਨ, “ਇਸ ਹਾਲ ਵਿੱਚ ਰੱਖੀ ਗਈ ਗਾਡੀ ਸਧਾਰਨ ਹੈ। ਇਸਦੇ ਹੇਠਾਂ ਇੱਕ ਬੈਂਚ ਹੈ ਅਤੇ ਇਸ ਉੱਤੇ ਗੱਦੀਆਂ ਹਨ। ਜਦੋਂ ਰਾਜਾ ਗੱਦੀ 'ਤੇ ਬਿਰਾਜਮਾਨ ਹੁੰਦੇ ਹਨ ਤਾਂ ਹੀ ਰਾਜਾ ਉਸ 'ਤੇ ਬੈਠਦੇ ਹਨ, ਜਾ ਉਸ 'ਤੇ ਨਹੀਂ ਬੈਠਦੇ।
ਉਨ੍ਹਾਂ ਕੋਲ ਬੈਠਣ ਲਈ ਸੋਨੇ ਅਤੇ ਚਾਂਦੀ ਦੇ ਬਣੇ ਸਿੰਘਾਸਣ ਵੀ ਸਨ। ਇਹ ਸਧਾਰਨ ਗੱਦੀ ਉਹਨਾਂ ਨੂੰ ਇਹ ਅਹਿਸਾਸ ਕਰਾਉਣ ਦਾ ਪ੍ਰਤੀਕ ਹੈ ਕਿ ਰਾਜਾ ਲੋਕਾਂ ਦਾ ਸੇਵਕ ਹੈ।”
ਉਨ੍ਹਾਂ ਦਾ ਕਹਿਣਾ ਹੈ ਕਿ ਗਾਡੀ ਹਾਲ ਵਿੱਚ ਪੁਰਾਣੇ ਜ਼ਮਾਨੇ ਦੇ ਨਗਾਰੇ ਵੀ ਹਨ ਜੋ ਅੱਜ ਵੀ ਦੁਸਹਿਰੇ ਦੇ ਤਿਉਹਾਰ ਦੌਰਾਨ ਬਜਾਏ ਜਾਂਦੇ ਹਨ।
ਮਹਿਲ ਵਿੱਚ ਫੁਹਾਰੇ ਅਤੇ ਉੱਚੇ ਦਰੱਖਤ ਹਨ। ਮਹਿਲ ਦੇ ਆਲੇ ਦੁਆਲੇ ਦੇ ਬਗੀਚਿਆਂ ਨੂੰ ਵਿਲੀਅਮ ਗੋਲਡਰਿੰਗ ਨਾਮਕ ਬ੍ਰਿਟਿਸ਼ ਬੋਟੈਨੀਕਲ ਗਾਰਡਨਿੰਗ ਡਿਜ਼ਾਈਨਰ ਦੁਆਰਾ ਡਿਜ਼ਾਈਨ ਕੀਤਾ ਗਿਆ ਸੀ।
ਮਹਿਲ ਦਾ ਅਗਲਾ ਹਿੱਸਾ ਵਿਸ਼ਾਲ ਗੁੰਬਦਾਂ, ਛੱਤਰੀਆਂ, ਕਲਸ਼ ਅਤੇ ਤੀਰਦਾਰ ਪ੍ਰਵੇਸ਼ ਦੁਆਰ ਨਾਲ ਵੱਡਾ ਖਿੱਚ ਦਾ ਕੇਂਦਰ ਹੈ।
ਮਹਿਲ ਦੇ ਫਰਸ਼ 'ਤੇ ਵੱਖ-ਵੱਖ ਮੋਜ਼ੇਕ ਡਿਜ਼ਾਈਨ ਹਨ। ਜੋ ਅੱਜ ਵੀ ਆਕਰਸ਼ਕ ਵਿਖਾਈ ਦਿੰਦੇ ਹਨ।
ਲਕਸ਼ਮੀ ਵਿਲਾਸ ਪੈਲੇਸ ਵਿੱਚ ਰਾਜਾ ਰਵੀਵਰਮਾ ਦੀਆਂ 53 ਪੇਂਟਿੰਗਾਂ ਸੁਰੱਖਿਅਤ ਰੱਖੀਆ ਗਈਆ ਹਨ
ਭਾਰਤ ਦੇ ਮਹਾਨ ਚਿੱਤਰਕਾਰਾਂ ਵਿੱਚੋਂ ਇੱਕ ਰਾਜਾ ਰਵੀਵਰਮਾ ਦੀਆਂ ਪੇਂਟਿੰਗਾਂ ਪੂਰੇ ਮਹਿਲ ਵਿੱਚ ਦਿਖਾਈ ਦਿੰਦੀਆਂ ਹਨ। ਮਹਿਲ ਦੇ ਅੰਦਰਲੇ ਹਿੱਸੇ ਨੂੰ ਰਵੀ ਵਰਮਾ ਦੀਆਂ ਸ਼ਾਨਦਾਰ ਪੇਂਟਿੰਗਾਂ ਨਾਲ ਸਜਾਇਆ ਗਿਆ ਹੈ।
ਰਾਧਿਕਾ ਰਾਜੇ ਗਾਇਕਵਾੜ ਨੇ ਕਿਹਾ, “ਪੀ ਮਾਧਵਰਾਵ ਮਹਾਰਾਜਾ ਸਯਾਜੀਰਾਓ ਗਾਇਕਵਾੜ ਦਾ ਦੀਵਾਨ ਸੀ। ਉਹ ਕੇਰਲ ਦਾ ਰਹਿਣ ਵਾਲਾ ਸੀ। ਉਸਨੇ ਮਹਾਰਾਜਾ ਨੂੰ ਰਾਜਾ ਰਵੀ ਵਰਮਾ ਦੀ ਚਿੱਤਰਕਾਰੀ ਦੀ ਕਲਾ ਬਾਰੇ ਜਾਣੂ ਕਰਵਾਇਆ। ਫਿਰ ਮਹਾਰਾਜਾ ਨੇ ਰਾਜਾ ਰਵੀ ਵਰਮਾ ਨੂੰ ਵਡੋਦਰਾ ਬੁਲਾਇਆ ਅਤੇ ਮਹਿਲ ਲਈ ਵਿਸ਼ੇਸ਼ ਪੇਂਟਿੰਗਾਂ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ।
“ਰਾਜਾ ਰਵੀ ਵਰਮਾ ਲਗਭਗ 14 ਸਾਲ ਮਹਿਲ ਵਿੱਚ ਰਿਹਾ। ਮਹਿਲ ਵਿਚ ਹੀ ਉਸ ਲਈ ਇਕ ਵਿਸ਼ੇਸ਼ ਸਟੂਡੀਓ ਬਣਾਇਆ ਗਿਆ ਸੀ।
ਚੰਦਰਸ਼ੇਖਰ ਪਾਟਿਲ ਦਾ ਕਹਿਣਾ ਹੈ ਕਿ ਮਹਿਲ ਵਿੱਚ ਰਾਜਾ ਰਵੀ ਵਰਮਾ ਦੀਆਂ 53 ਪੇਂਟਿੰਗਾਂ ਹਨ।
ਵੱਖ-ਵੱਖ ਪੇਂਟਿੰਗਾਂ ਬਾਰੇ ਜਾਣਕਾਰੀ ਦਿੰਦੇ ਹੋਏ ਰਾਧਿਕਾ ਰਾਜੇ ਗਾਇਕਵਾੜ ਕਹਿੰਦੇ ਹਨ, “ਮਹਿਲ ਵਿੱਚ ਰਾਜਾ ਰਵੀ ਵਰਮਾ ਦੀਆਂ ਬਹੁਤ ਸਾਰੀਆਂ ਚਿੱਤਰਕਾਰੀ ਹਨ। ਜਿਵੇਂ ਕੰਸ ਮਾਇਆ, ਕ੍ਰਿਸ਼ਨ ਦੀ ਕੈਦ ਤੋਂ ਰਿਹਾਈ, ਸਰਸਵਤੀ, ਲਕਸ਼ਮੀ, ਸੀਤਾ ਸਵਯੰਵਰ, ਕੀਚਕ ਵਧ, ਸੀਤਾ ਦੀ ਭੂਮੀ ਪ੍ਰਵੇਸ਼ ਆਦਿ। ਉਹ ਕੇਰਲਾ ਤੋਂ ਸੀ ਇਸ ਲਈ ਉਸ ਦੀ ਪੇਂਟਿੰਗ ਦੀ ਸ਼ੈਲੀ ਤੰਜੌਰ ਤੋਂ ਸੀ। ਫਿਰ ਉਹ ਇੱਥੇ ਰਹੇ ਤਾਂ ਇਸ ਲਈ ਉਨ੍ਹਾਂ ਦੀਆਂ ਚਿੱਤਰਕਾਰੀ ਵੀ ਮਹਾਰਾਸ਼ਟਰੀ ਚਿੱਤਰਕਾਰੀ ਸ਼ੈਲੀ ਤੋਂ ਪ੍ਰਭਾਵਿਤ ਹੋਈਆਂ।”
ਜਿਤੇਂਦਰ ਸਿੰਘ ਗਾਇਕਵਾੜ ਦਾ ਕਹਿਣਾ ਹੈ, "ਇੱਕ ਸਮੇਂ ਮਹਿਲ ਵਿੱਚ ਵੱਖ-ਵੱਖ ਮਸ਼ਹੂਰ ਚਿੱਤਰਕਾਰਾਂ ਦੀਆਂ ਲਗਭਗ 1,000 ਪੇਂਟਿੰਗਾਂ ਅਤੇ ਲਗਭਗ 7,000 ਵੱਖ-ਵੱਖ ਕਲਾ ਦੇ ਨਮੁਨੇ ਸਨ।"
ਉਨ੍ਹਾਂ ਦੇ ਦਾਅਵੇ ਦੇ ਅਨੁਸਾਰ ਪੈਲੇਸ ਫਰਨੀਚਰ ਦੁਨੀਆ ਦੇ ਸਭ ਤੋਂ ਮਹਿੰਗੇ ਫਰਨੀਚਰ ਦਾ ਮੁਕਾਬਲਾ ਕਰਦਾ ਹੈ। ਇਸ ਨੂੰ ਚੀਨ, ਜਾਪਾਨ, ਯੂਰਪੀ ਦੇਸ਼ਾਂ, ਅਫਰੀਕਾ, ਅਮਰੀਕਾ ਅਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਲਿਆਂਦਾ ਗਿਆ ਸੀ।
ਰਾਜਾ ਰਵੀ ਵਰਮਾ 'ਤੇ ਬਣੀ ਫਿਲਮ 'ਰੰਗ ਰਸੀਆ' ਦੇ ਕੁਝ ਦ੍ਰਿਸ਼ ਵੀ ਇਸ ਪੈਲੇਸ 'ਚ ਸ਼ੂਟ ਕੀਤੇ ਗਏ ਸਨ।
ਸਿਰਫ 'ਰੰਗ ਰਸੀਆ' ਹੀ ਨਹੀਂ ਬਲਕਿ ਹੋਰ ਵੀ ਕਈ ਫਿਲਮਾਂ ਜਿਵੇਂ ਪ੍ਰੇਮ ਰੋਗ, ਦਿਲ ਹੀ ਤੋ ਹੈ, ਗ੍ਰੈਂਡ ਮਸਤੀ, ਸਰਦਾਰ ਗੱਬਰ ਸਿੰਘ, ਸਤਿਆਪ੍ਰੇਮ ਕੀ ਕਥਾ ਆਦਿ ਨੂੰ ਵੀ ਇੱਥੇ ਸ਼ੂਟ ਕੀਤਾ ਗਿਆ ਹੈ।
ਜਤਿੰਦਰ ਸਿੰਘ ਗਾਇਕਵਾੜ ਦਾ ਕਹਿਣਾ ਹੈ ਕਿ ਇਸ ਪੈਲੇਸ ਵਿੱਚ 20 ਤੋਂ ਵੱਧ ਫ਼ਿਲਮਾਂ ਦੀ ਸ਼ੂਟਿੰਗ ਹੋ ਚੁੱਕੀ ਹੈ।
ਗੋਲਫ ਕੋਰਸ, ਚਿੜੀਆਘਰ ਅਤੇ ਰੇਲਵੇ ਟਰੈਕ
ਮਹਿਲ ਦਾ ਆਪਣਾ ਨਿੱਜੀ ਚਿੜੀਆਘਰ ਵੀ ਸੀ। ਜਿਸ ਵਿੱਚ ਵੱਖ-ਵੱਖ ਜੰਗਲੀ ਜਾਨਵਰਾਂ ਅਤੇ ਪੰਛੀਆਂ ਨੂੰ ਰੱਖਿਆ ਗਿਆ ਸੀ। ਮਹਿਲ ਵਿੱਚ ਉਸ ਸਮੇਂ ਦੀ ਅਤਿ-ਆਧੁਨਿਕ ਤਕਨੀਕ ਲਗਾਈ ਗਈ ਸੀ। ਉਸ ਸਮੇਂ ਮਹਿਲ ਵਿੱਚ ਇੱਕ ਟੈਲੀਫੋਨ ਸਿਸਟਮ, ਇੱਕ ਲਿਫਟ ਵੀ ਸੀ। ਐਲੀਵੇਟਰ ਨੂੰ ਅਜੇ ਵੀ ਦੇਖਿਆ ਜਾ ਸਕਦਾ ਹੈ ਪਰ ਹੁਣ ਚਿੜੀਆਘਰ ਨਹੀਂ ਹੈ।
ਰਾਜਕੁਮਾਰਾਂ ਨੂੰ ਸਿੱਖਿਆ ਦੇਣ ਲਈ ਮਹਿਲ ਵਿੱਚ ਇੱਕ ਸਕੂਲ ਬਣਾਇਆ ਗਿਆ ਸੀ। ਸਕੂਲ ਨੂੰ ਜਾਣ ਵਾਲਾ ਇੱਕ ਛੋਟਾ ਜਿਹਾ ਰੇਲਵੇ ਟ੍ਰੈਕ ਵੀ ਸੀ ਜਿਸ ਉੱਤੇ ਟ੍ਰੇਨ ਚੱਲਦੀ ਸੀ। ਰੇਲ ਗੱਡੀ ਮਹਿਲ ਦੇ ਮੈਦਾਨਾਂ ਵਿੱਚ ਅੰਬਾਂ ਦੇ ਬਾਗਾਂ ਵਿੱਚੋਂ ਵੀ ਲੰਘਦੀ ਸੀ।
ਜਿਤੇਂਦਰ ਸਿੰਘ ਗਾਇਕਵਾੜ ਦਾ ਕਹਿਣਾ ਹੈ, “ਪ੍ਰਤਾਪ ਸਿੰਘ ਗਾਇਕਵਾੜ ਦੇ ਕਹਿਣ 'ਤੇ ਉਨ੍ਹਾਂ ਦੇ ਬੇਟੇ ਫਤਿਹ ਸਿੰਘ ਗਾਇਕਵਾੜ ਨੇ ਸਾਲ 1954-55 ਵਿੱਚ ਇਹ ਰੇਲ ਕਾਮਾਟੀਬਾਗ ਨੂੰ ਦੇਣ ਦਾ ਫੈਸਲਾ ਕੀਤਾ ਸੀ। ਫਿਰ ਬੱਚਿਆਂ ਦੇ ਮਨੋਰੰਜਨ ਲਈ ਰੇਲ ਚੱਲਦੀ ਸੀ। 1965 ਦੀ ਫਿਲਮ ਬ੍ਰਹਮਚਾਰੀ ਦੀ ਸ਼ੂਟਿੰਗ ਵੀ ਇਸ ਰੇਲਗੱਡੀ 'ਤੇ ਹੋਈ ਸੀ, ਜਿਸ 'ਚ ਅਭਿਨੇਤਾ ਸ਼ੰਮੀ ਕਪੂਰ 'ਚੱਕੇ ਪੇ ਚੱਕਾ, ਚੱਕੇ ਪੇ ਗੱਡੀ, ਗੱਡੀ ਪੇ ਨਿੱਕਲੀ ਅਪਨੀ ਸਵਾਰੀ' ਗੀਤ ਫਿਲਮਾਇਆ ਗਿਆ ਸੀ।''
ਪੈਲੇਸ ਦਾ ਆਪਣਾ ਗੋਲਫ ਕੋਰਸ ਹੈ ਅਤੇ ਕ੍ਰਿਕਟ ਦਾ ਮੈਦਾਨ ਹੈ। ਇੱਥੇ ਇੱਕ ਸਵੀਮਿੰਗ ਪੂਲ, ਟੈਨਿਸ ਕੋਰਟ ਅਤੇ ਬੈਡਮਿੰਟਨ ਕੋਰਟ ਹੈ। ਬੜੌਦਾ ਕ੍ਰਿਕਟ ਐਸੋਸੀਏਸ਼ਨ ਦਾ ਦਫ਼ਤਰ ਵੀ ਮਹਿਲ ਦਾ ਹਿੱਸਾ ਹੈ। ਇਸ ਦੇ ਵਿੱਚ ਇੱਕ ਨਵਲਖੀ ਵਾਵ ਅਤੇ ਇੱਕ ਅਜਾਇਬ ਘਰ ਵੀ ਹੈ।
ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਦੀ ਮੁਲਾਕਾਤ ਹੋਈ ਸੀ। ਇਸ ਦਰਬਾਰ ਹਾਲ ਦਾ ਆਕਾਰ 5,000 ਵਰਗ ਫੁੱਟ ਹੈ ਅਤੇ ਇਸ ਵਿੱਚ ਇੱਕ ਵੀ ਥੰਮ ਨਹੀਂ ਹੈ।
ਦਰਬਾਰ ਹਾਲ ਵਿੱਚ 1000 ਲੋਕ ਬੈਠ ਸਕਦੇ ਹਨ
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰਾਧਿਕਾ ਰਾਜੇ ਗਾਇਕਵਾੜ ਕਹਿੰਦੇ ਹਨ, “ਦਰਬਾਰ ਹਾਲ ਮਹਿਲ ਦਾ ਸਭ ਤੋਂ ਵੱਡਾ ਹਾਲ ਹੈ। ਇੱਥੇ ਵੱਡੇ-ਵੱਡੇ ਸ਼ਾਹੀ ਸਮਾਗਮ ਕਰਵਾਏ ਜਾਂਦੇ ਸਨ ਜਿਸ ਵਿੱਚ ਦੇਸ਼-ਵਿਦੇਸ਼ ਤੋਂ ਮਹਿਮਾਨ ਆਉਂਦੇ ਹਨ। ਇੱਥੇ ਸੰਗੀਤ ਸਮਾਰੋਹ ਵੀ ਕਰਵਾਇਆ ਜਾਂਦੇ ਰਹੇ ਹਨ। ਮਸ਼ਹੂਰ ਸੰਗੀਤਕਾਰ ਫੈਯਾਜ਼ ਖਾਨ ਇੱਥੇ ਗਾਉਂਦੇ ਰਹੇ ਹਨ। ਮੌਲਾ ਬਖਸ਼, ਇਨਾਇਤ ਖਾਨ ਅਤੇ ਅਬਦੁਲ ਕਰੀਮ ਵਰਗੇ ਸੰਗੀਤਕਾਰਾਂ ਨੇ ਵੀ ਇਥੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਹੈ।
ਇਹ ਦਰਬਾਰ ਹਾਲ ਸ਼ਾਨਦਾਰ ਅਮੀਰੀ ਨਾਲ ਭਰਿਆ ਹੋਇਆ ਹੈ। ਇਸ ਦੀ ਅੰਦਰੂਨੀ ਸਜਾਵਟ ਦੇਖਣ ਯੋਗ ਹੈ। ਹਾਲ ਨੂੰ ਵੇਨਿਸ ਤੋਂ ਆਯਾਤ ਕੀਤੇ ਮੋਜ਼ੇਕ ਫਰਸ਼ਾਂ, ਸੁੰਦਰ ਚਮਕਦਾਰ ਖਿੜਕੀਆਂ, ਸ਼ਟਰਾਂ, ਵਿਦੇਸ਼ਾਂ ਤੋਂ ਖਰੀਦੇ ਗਏ ਝੰਡੇ ਅਤੇ ਕਲਾ ਦੇ ਹੋਰ ਬਹੁਤ ਸਾਰੇ ਚੀਜ਼ਾਂ ਨਾਲ ਸਜਾਇਆ ਗਿਆ ਹੈ।
ਮਹਿਲ ਵਿੱਚ ਸ਼ਾਨਦਾਰ ਪ੍ਰਵੇਸ਼ ਦੁਆਰ ਵੀ ਹਨ ਜੋ ਗਾਇਕਵਾੜ ਦੇ ਵਿਸ਼ਾਲ ਸਾਮਰਾਜ ਦੇ ਪ੍ਰਭਾਵ ਨੂੰ ਦਰਸਾਉਂਦੇ ਹਨ। ਹੈਰਾਨੀ ਦੀ ਗੱਲ ਹੈ ਕਿ ਵਿਹੜੇ ਦੇ ਚਾਰੇ ਪਾਸੇ ਦਰਵਾਜ਼ੇ ਹਨ ਪਰ ਮਹਿਲ ਦੇ ਅੰਦਰ ਕੋਈ ਦਰਵਾਜ਼ਾ ਨਹੀਂ ਹੈ।
ਚੰਦਰਸ਼ੇਖਰ ਪਾਟਿਲ ਦਾ ਕਹਿਣਾ ਹੈ, “ਪੈਲੇਸ ਵਿੱਚ ਲੱਗੇ ਰੰਗੀਨ ਸ਼ੀਸ਼ੇ ਨੂੰ ਚੁਣ ਕੇ ਜਰਮਨੀ ਭੇਜਿਆ ਗਿਆ ਸੀ। ਗਲਾਸ ਉਥੋਂ ਤਿਆਰ ਹੋ ਕੇ ਆਉਂਦਾ ਸੀ ਅਤੇ ਫਿਰ ਇੱਥੇ ਖਿੜਕੀ ਵਿਚ ਫਿੱਟ ਕੀਤਾ ਜਾਂਦਾ ਸੀ। ਇਸ ਤਰ੍ਹਾਂ ਲਗਭਗ 350 ਰੰਗੀਨ ਸ਼ੀਸ਼ੇ ਲਗਾਏ ਗਏ ਸਨ।
ਉਹ ਦੱਸਦੇ ਹਨ ਕਿ ਮਹਿਲ ਦੀ ਉਸਾਰੀ ਅਤੇ ਇਸ ਦੇ ਅੰਦਰੂਨੀ ਹਿੱਸੇ ਦੀ ਤਿਆਰੀ ਸਮੇਂ ਵੱਖ-ਵੱਖ ਦੇਸ਼ਾਂ ਤੋਂ ਵਿਦੇਸ਼ੀ ਕਾਰੀਗਰਾਂ ਨੂੰ ਬੁਲਾਇਆ ਗਿਆ ਸੀ।
ਸੂਤਰਾਂ ਦਾ ਕਹਿਣਾ ਹੈ ਕਿ ਇਸ ਮਹਿਲ ਦੀ ਕੀਮਤ ਬੇਅੰਤ ਹੈ। ਜਿਤੇਂਦਰ ਸਿੰਘ ਗਾਇਕਵਾੜ ਦਾ ਕਹਿਣਾ ਹੈ, “ਮਹਿਲ ਦੀ ਕੀਮਤ ਆਰਕੀਟੈਕਚਰ ਅਤੇ ਇਸ ਵਿੱਚ ਮੌਜੂਦ ਅਨਮੋਲ ਵਸਤੂਆਂ ਨੂੰ ਦੇਖਦਿਆਂ ਤੈਅ ਨਹੀਂ ਕੀਤੀ ਜਾ ਸਕਦੀ। ਇਹ ਅਨਮੋਲ ਹੈ।”
ਮਹਿਲ ਅਜੇ ਵੀ ਹਰ ਸਾਲ ਦੁਸਹਿਰਾ, ਨਵਰਾਤਰੀ ਅਤੇ ਗਣੇਸ਼ ਉਤਸਵ ਨੂੰ ਸ਼ਾਨਦਾਰ ਢੰਗ ਨਾਲ ਮਨਾਉਂਦਾ ਹੈ, ਜਿਸ ਵਿੱਚ ਵਡੋਦਰਾ ਦੇ ਵਸਨੀਕ ਹਿੱਸਾ ਲੈਂਦੇ ਹਨ।
ਰਾਧਿਕਾ ਰਾਜੇ ਗਾਇਕਵਾੜ ਕਹਿੰਦੀ ਹੈ, “ਇਹ ਮਹਿਲ ਕੁਦਰਤ, ਆਰਕੀਟੈਕਚਰ ਅਤੇ ਇਤਿਹਾਸ ਦਾ ਸੁਮੇਲ ਹੈ। 130 ਸਾਲ ਪੁਰਾਣਾ ਹੋਣ ਦੇ ਬਾਵਜੂਦ ਵੀ ਇਸਦੀ ਨੱਕਾਸ਼ੀ, ਬਾਰੀਕੀ ਅਤੇ ਉਸਾਰੀ ਮੈਨੂੰ ਇਹ ਅਹਿਸਾਸ ਕਰਵਾਉਂਦੀ ਹੈ ਕਿ ਸਾਡੇ ਪੁਰਖਿਆਂ ਦੇ ਵਿਚਾਰ ਕਿੰਨੇ ਸ਼ਾਨਦਾਰ ਸਨ।"
ਮਹਿਲ, ਦੌਲਤ, ਪਰਿਵਾਰ ਅਤੇ ਵਿਵਾਦ
ਆਜ਼ਾਦੀ ਤੋਂ ਪਹਿਲਾਂ ਭਾਰਤ ਦੇ ਸਭ ਤੋਂ ਅਮੀਰ ਅਤੇ ਸਭ ਤੋਂ ਵੱਡੇ ਰਿਆਸਤਾਂ ਵਿੱਚੋਂ ਇੱਕ ਗਾਇਕਵਾੜ ਰਾਜਵੰਸ਼ ਦੀ ਅਜਿਹੀ ਕੀਮਤੀ ਇਮਾਰਤ ਵੀ ਵਿਵਾਦਾਂ ਤੋਂ ਬੱਚ ਨਹੀਂ ਸਕੀ।
ਇਹ ਸ਼ਾਨਦਾਰ ਮਹਿਲ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਅਤੇ ਰਾਜਨੀਤਿਕ ਸਹਿਯੋਗ ਦੇ ਇਤਿਹਾਸਕ ਸਮਝੌਤੇ ਦੇ ਨਾਲ-ਨਾਲ ਗਾਇਕਵਾੜ ਸ਼ਾਹੀ ਪਰਿਵਾਰ ਦੇ ਉੱਤਰਾਧਿਕਾਰੀ ਸੰਬੰਧੀ ਵਿਵਾਦਾਂ ਅਤੇ ਜਾਇਦਾਦ ਦੇ ਅਧਿਕਾਰਾਂ ਨੂੰ ਲੈ ਕੇ ਸੰਘਰਸ਼ਾਂ ਦਾ ਵੀ ਗਵਾਹ ਰਿਹਾ ਹੈ।
ਗੱਦੀ ਦੇ ਵਾਰਸ ਸਯਾਜੀਰਾਓ ਗਾਇਕਵਾੜ ਤੀਜੇ ਦੇ ਪਟਵੀ ਪੁੱਤਰ ਫਤਿਹ ਸਿੰਘ ਦੀ ਸਮੇਂ ਤੋਂ ਪਹਿਲਾਂ ਮੌਤ ਹੋ ਗਈ ਅਤੇ ਉਸਦੇ ਪੁੱਤਰ ਪ੍ਰਤਾਪ ਸਿੰਘ ਰਾਓ ਗਾਇਕਵਾੜ ਨੂੰ ਰਾਜਾ ਬਣਾਇਆ ਗਿਆ ਸੀ। ਉਨ੍ਹਾਂ ਦੇ ਤਿੰਨ ਪੁੱਤਰ ਅਤੇ ਪੰਜ ਧੀਆਂ ਸਨ।
ਪ੍ਰਤਾਪ ਸਿੰਘ ਰਾਓ ਗਾਇਕਵਾੜ ਦਾ ਭਾਰਤ ਸਰਕਾਰ ਨਾਲ ਕੁਝ ਮੁੱਦਿਆਂ 'ਤੇ ਵਿਵਾਦ ਸੀ ਅਤੇ ਉਸ ਦੇ ਵੱਡੇ ਪੁੱਤਰ ਫਤਿਹ ਸਿੰਘ ਗਾਇਕਵਾੜ ਦੂਜੇ ਨੂੰ ਗੱਦੀ ਮਿਲੀ। ਪਰ ਉਸ ਦੀ ਕੋਈ ਔਲਾਦ ਨਾ ਹੋਣ ਕਾਰਨ ਉਸ ਦਾ ਭਰਾ ਰਣਜੀਤ ਸਿੰਘ ਗਾਇਕਵਾੜ ਗੱਦੀ ਤੇ ਕਾਬਜ਼ ਹੋਇਆ । ਪ੍ਰਤਾਪ ਸਿੰਘ ਰਾਓ ਦਾ ਤੀਜਾ ਪੁੱਤਰ ਸੰਗਰਾਮ ਸਿੰਘ ਸੀ।
ਹੁਣ ਸੰਗਰਾਮ ਸਿੰਘ ਅਤੇ ਰਣਜੀਤ ਸਿੰਘ ਵਿਚਕਾਰ ਦੌਲਤ ਦੀ ਵੰਡ ਨੂੰ ਲੈ ਕੇ ਝਗੜਾ ਹੋ ਗਿਆ। ਇਸ ਤਰ੍ਹਾਂ ਇਹ ਝਗੜਾ ਦੋ ਭਰਾਵਾਂ ਦਾ ਸੀ ਪਰ ਗਾਇਕਵਾੜ ਸ਼ਾਹੀ ਪਰਿਵਾਰ ਦੇ 23 ਮੈਂਬਰ ਸ਼ਾਮਲ ਸਨ।
ਰਣਜੀਤ ਸਿੰਘ ਅਤੇ ਸੰਗਰਾਮ ਸਿੰਘ ਵਿਚਕਾਰ 23 ਸਾਲਾਂ ਤੋਂ ਝਗੜੇ ਅਤੇ ਕਾਨੂੰਨੀ ਕਾਰਵਾਈਆਂ ਚੱਲ ਰਹੀਆਂ ਹਨ।
ਰਣਜੀਤ ਸਿੰਘ ਗਾਇਕਵਾੜ ਦਾ 2012 ਵਿੱਚ ਦਿਹਾਂਤ ਹੋ ਗਿਆ ਸੀ। ਫਿਰ ਉਸ ਦੇ ਪੁੱਤਰ ਸਮਰਜੀਤ ਸਿੰਘ ਨੇ ਗੱਦੀ ਸੰਭਾਲੀ।
ਇਹ ਝਗੜਾ ਆਖਰਕਾਰ ਉਸ ਸਮੇਂ ਖਤਮ ਹੋਇਆ ਜਦੋਂ ਦੋਵੇਂ ਪਰਿਵਾਰ ਵਡੋਦਰਾ ਦੀ ਸਥਾਨਕ ਅਦਾਲਤ ਵਿੱਚ ਸਮਝੋਤਾ ਕਰਨ ਪੁੱਜੇ। ਇਹ ਉਹੀ ਇਮਾਰਤ ਸੀ ਜੋ ਉਨ੍ਹਾਂ ਦੇ ਪੂਰਵਜਾਂ ਦੁਆਰਾ ਬਣਾਈ ਗਈ ਸੀ ਅਤੇ ਹੁਣ ਵਡੋਦਰਾ ਵਿੱਚ ਇੱਕ ਅਦਾਲਤ ਵਜੋਂ ਵਰਤੀ ਜਾਂਦੀ ਹੈ।
ਸਮਰਜੀਤ ਸਿੰਘ ਗਾਇਕਵਾੜ ਨੇ ਆਪਣੇ ਚਾਚੇ ਨਾਲ ਸਮਝੌਤਾ ਕਰ ਲਿਆ ਜਿਸ ਨਾਲ 1991 'ਚ ਸ਼ੁਰੂ ਹੋਇਆ ਵਿਵਾਦ ਖਤਮ ਹੋ ਗਿਆ।
ਗਾਇਕਵਾੜ ਸ਼ਾਹੀ ਪਰਿਵਾਰ ਇਸ ਸਮਝੌਤੇ ਬਾਰੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ। ਪਰ ਜਦੋਂ ਇਹ ਝਗੜਾ ਸੁਲਝ ਗਿਆ ਤਾਂ ਸਮਰਜੀਤ ਸਿੰਘ ਗਾਇਕਵਾੜ ਨੇ ਮੀਡੀਆ ਵਿੱਚ ਬਿਆਨ ਦਿੱਤਾ, “ਇਹ ਫੈਸਲਾ ਸਾਡੇ ਪਰਿਵਾਰ ਦੇ ਭਲੇ ਲਈ ਲਿਆ ਗਿਆ ਹੈ। ਤਾਂ ਜੋ ਪਿਛਲੀਆਂ ਕੁੜੱਤਣਾਂ ਨੂੰ ਭੁਲਾਇਆ ਜਾ ਸਕੇ ਅਤੇ ਰਿਸ਼ਤਿਆਂ ਨੂੰ ਨਵੀਂ ਉਮੀਦ ਨਾਲ ਮੁੜ ਸਥਾਪਿਤ ਕੀਤਾ ਜਾ ਸਕੇ।''
ਹਾਲਾਂਕਿ ਜਿਤੇਂਦਰ ਸਿੰਘ ਗਾਇਕਵਾੜ ਦਾ ਕਹਿਣਾ ਹੈ ਕਿ ਦੋਵਾਂ ਪਰਿਵਾਰਾਂ ਨੂੰ ਬਿਨਾਂ ਕਿਸੇ ਚੀਜ਼ ਤੋਂ ਸਮਝੌਤਾ ਕਰਨਾ ਪਿਆ ਕਿਉਂਕਿ ਕਾਨੂੰਨੀ ਲੜਾਈ ਵਿੱਚ ਬਹੁਤ ਸਾਰਾ ਸਮਾਂ, ਪੈਸਾ ਅਤੇ ਤਾਕਤ ਬਰਬਾਦ ਹੋ ਰਹੀ ਸੀ। ਇਹ ਵਿਵਾਦ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਸੀ।
ਸਮਰਜੀਤ ਸਿੰਘ ਨੂੰ ਲਕਸ਼ਮੀ ਵਿਲਾਸ ਪੈਲੇਸ ਮਿਲਿਆ। ਜਦੋਂ ਕਿ ਉਸ ਦੀਆਂ ਭੈਣਾਂ ਅਤੇ ਭਤੀਜਿਆਂ ਨੂੰ ਇੱਕ ਹੋਰ ਮਹਿਲ ਦਾ ਹਿੱਸਾ ਦਿੱਤਾ ਗਿਆ ਸੀ। ਸੰਗਰਾਮ ਸਿੰਘ ਜੁਹੂ ਵਿੱਚ ਇੰਦੂਮਤੀ ਪੈਲੇਸ, ਅਸ਼ੋਕ ਬੰਗਲਾ, ਨਜ਼ਰਬਾਗ ਪੈਲੇਸ, ਅਤੁਲ ਬੰਗਲਾ ਅਤੇ ਇੱਕ ਵੱਡੀ ਜਾਇਦਾਦ ਦਾ ਮਾਲਕ ਬਣਿਆ।
ਸਮਰਜੀਤ ਸਿੰਘ ਨੂੰ ਮੁਗਲਾਂ ਦੁਆਰਾ ਪਹਿਨਿਆ ਗਿਆ ਅਕਬਰ ਸ਼ਾਹ ਹੀਰਾ ਅਤੇ ਐਪਰੀਸ ਇਗੁਨੀ ਹੀਰਾ 'ਦੱਖਣ ਦਾ ਸਿਤਾਰਾ' ਮਿਲਿਆ।
ਗਾਇਕਵਾੜ ਸ਼ਾਹੀ ਪਰਿਵਾਰ ਦੀ ਦੌਲਤ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ। ਪਰ ਸਥਾਨਕ ਮੀਡੀਆ ਦੇ ਅੰਦਾਜ਼ੇ ਮੁਤਾਬਕ ਦੌਲਤ 50 ਹਜ਼ਾਰ ਕਰੋੜ ਰੁਪਏ ਦੀ ਸੀ ਜੋ ਕਿ ਵੰਡੀ ਗਈ ਸੀ।
ਹਾਲਾਂਕਿ ਸ਼ਾਹੀ ਪਰਿਵਾਰ ਦੇ ਸੂਤਰਾਂ ਮੁਤਾਬਕ ਗਾਇਕਵਾੜੀ ਖਜ਼ਾਨੇ ਅਤੇ ਦੌਲਤ ਦੀ ਵੰਡ ਦੌਰਾਨ ਸਿਰਫ ਸ਼ਾਹੀ ਪਰਿਵਾਰ ਦੇ ਮੈਂਬਰ ਹੀ ਮੌਜੂਦ ਸਨ। ਇਸ ਸਮੇਂ ਕਿਸੇ ਹੋਰ ਪਰਿਵਾਰਕ ਮੈਂਬਰ ਜਾਂ ਚਸ਼ਮਦੀਂਦ ਨੂੰ ਸੂਚਨਾ ਨਹੀਂ ਸੀ। ਇਸ ਨੂੰ ਅੱਜ ਵੀ ਗੁਪਤ ਰੱਖਿਆ ਗਿਆ ਹੈ।
ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਇਨ੍ਹਾਂ ਕੀਮਤੀ ਅਤੇ ਕੀਮਤੀ ਵਸਤੂਆਂ ਦੀ ਵੰਡ ਦਾ ਖੁਲਾਸਾ ਕਰਨ ਨਾਲ ਹੋਰ ਸਵਾਲ ਅਤੇ ਵਿਵਾਦ ਪੈਦਾ ਹੋ ਜਾਣਗੇ। ਇਸ ਸਥਿਤੀ ਵਿੱਚ ਸ਼ਾਹੀ ਪਰਿਵਾਰ ਨੇ ਆਪਣੇ ਆਪ ਹੀ ਗਹਿਣਿਆਂ ਸਮੇਤ ਗਾਇਕਵਾੜੀ ਖਜ਼ਾਨੇ ਵੰਡ ਲਏ ਸਨ।
ਦੋ ਰਾਸ਼ਟਰੀ ਨੇਤਾਵਾਂ ਦੇ ਨਾਲ ਲਕਸ਼ਮੀ ਵਿਲਾਸ ਪੈਲੇਸ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਏ ਜੁੜ ਗਿਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ