ਸੂਡਾਨ ਸੰਕਟ: ਆਫ਼ਤ ਦੌਰਾਨ ਭਾਰਤ ਲਈ ਸੰਕਟਮੋਚਨ ਬਣਨ ਵਾਲੇ ਜਹਾਜ਼ ਵਿੱਚ ਕੀ ਹੈ ਖ਼ਾਸ

ਤਸਵੀਰ ਸਰੋਤ, @DRSJAISHANKAR
- ਲੇਖਕ, ਨਿਤਿਨ ਸ਼੍ਰੀਵਾਸਤਵ
- ਰੋਲ, ਬੀਬੀਸੀ ਪੱਤਰਕਾਰ
ਸਾਲ 2023 ਦੀ ਸ਼ੁਰੂਆਤ ਹੀ ਹੋਈ ਸੀ ਅਤੇ ਦਿੱਲੀ ਦੇ ਨਾਲ ਲੱਗਦੇ ਹਿੰਡਨ ਵਿੱਚ ਭਾਰਤੀ ਹਵਾਈ ਸੈਨਾ ਦੇ ਅੱਡੇ ਉਪਰ ਹੈਂਗਰਾਂ, ਹਵਾਈ ਪੱਟੀ ਅਤੇ ਤਕਨੀਕੀ ਚੀਜ਼ਾਂ ਦਾ ਲਗਾਤਾਰ ਨਿਰੀਖਣ ਹੋ ਰਿਹਾ ਸੀ।
6 ਜਨਵਰੀ ਦਾ ਦਿਨ ਸੀ। ਤੁਰਕੀ ਵਿੱਚ ਆਏ ਭਿਆਨਕ ਭੂਚਾਲ ਦੀ ਖ਼ਬਰ ਪੂਰੀ ਦੁਨੀਆ ਵਿੱਚ ਫੈਲ ਰਹੀ ਸੀ।
ਇਹ ਦੱਸਿਆ ਜਾ ਰਿਹਾ ਸੀ ਕਿ ਅਜਿਹਾ ਭਿਆਨਕ ਭੂਚਾਲ ਦਹਾਕਿਆਂ ਬਾਅਦ ਆਇਆ ਹੈ।
ਇਸ ਤਬਾਹੀ 'ਤੇ ਅਫਸੋਸ ਪ੍ਰਗਟ ਕਰਦੇ ਹੋਏ ਭਾਰਤ ਸਰਕਾਰ ਨੇ ਕਿਹਾ ਸੀ, "ਭਾਰਤ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਤਿਆਰ ਹੈ।"
ਇਸ ਦੌਰਾਨ ਤਿਆਰੀਆਂ ਸ਼ੁਰੂ ਹੋ ਗਈਆਂ ਸਨ।
ਹਿੰਡਨ ਏਅਰਬੇਸ 'ਤੇ ਕੰਮ ਕਰ ਰਹੇ ਇਕ ਸੀਨੀਅਰ ਅਧਿਕਾਰੀ ਮੁਤਾਬਕ, "ਸਾਡੇ ਕੋਲ ਸਭ ਤੋਂ ਵੱਡਾ, ਵਧੀਆ, ਆਵਾਜਾਈ ਅਤੇ ਬਚਾਅ ਕਾਰਜ ਵਾਲਾ ਜਹਾਜ਼ C-17 ਹੈ। ਇਹ ਕਿਸੇ ਵੀ ਵੱਡੇ ਜਾਂ ਛੋਟੇ ਮਿਸ਼ਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ।"
ਇੱਕ ਪਾਸੇ ਜਹਾਜ਼ ਤਿਆਰ ਸਨ, ਦੂਜੇ ਪਾਸੇ ਇਹ ਤੈਅ ਹੋ ਗਿਆ ਸੀ ਕਿ ਪਹਿਲਾਂ ਇਹ ਐਨਡੀਆਰਐਫ ਦੀ ਟੀਮ ਨਾਲ ਲੈ ਕੇ ਜਾਣਗੇ ਅਤੇ ਫਿਰ ਮੈਡੀਕਲ ਟੀਮਾਂ ਜਾਣਗੀਆਂ।
ਅਗਲੇ ਦਿਨ, ਭਾਰਤ ਦਾ C-17 ਜਹਾਜ਼ ਕਈ ਟਨ ਮਸ਼ੀਨਰੀ, 46 ਐਨਡੀਆਰਐਫ ਦੇ ਜਵਾਨ, ਤਿੰਨ ਸੀਨੀਅਰ ਅਧਿਕਾਰੀ ਅਤੇ ਇੱਕ ਕੁੱਤਿਆਂ ਦੀ ਟੀਮ ਨੂੰ ਲੈ ਕੇ ਤੁਰਕੀ ਵਿੱਚ ਜਾ ਉਤਰਿਆ।
ਅਗਲੇ ਕਈ ਦਿਨਾਂ ਵਿੱਚ, 'ਆਪ੍ਰੇਸ਼ਨ ਦੋਸਤ' ਦੇ ਚੱਲਦਿਆਂ, ਭਾਰਤੀ ਫੌਜ ਦੇ C-17 ਜਹਾਜ਼ਾਂ ਨੇ ਹਜ਼ਾਰਾਂ ਟਨ ਰਾਹਤ ਸਮੱਗਰੀ, ਡਾਕਟਰਾਂ ਦੀ ਇੱਕ ਵੱਡੀ ਟੀਮ, ਆਪਰੇਸ਼ਨ ਥੀਏਟਰ, ਕਈ ਟਰੱਕ, ਗੱਡੀਆਂ ਅਤੇ ਹਰ ਕਿਸਮ ਦਾ ਸਮਾਨ ਤੁਰਕੀ ਪਹੁੰਚਾਇਆ।

ਤਸਵੀਰ ਸਰੋਤ, Getty Images
C-17 ਗਲੋਬਮਾਸਟਰ
ਹਾਲ ਹੀ ਵਿੱਚ ਭਾਰਤੀ ਹਵਾਈ ਸੈਨਾ ਦੇ C-17 ਗਲੋਬਮਾਸਟਰ ਜਹਾਜ਼ ਨੇ ਸੂਡਾਨ ਵਿੱਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਕੱਢ ਕੇ ਹਿੰਡਨ ਏਅਰਬੇਸ 'ਤੇ ਪਹੁੰਚਾਇਆ ਹੈ।
ਖਾਸ ਗੱਲ ਇਹ ਹੈ ਕਿ ਇਸ ਵੱਕਾਰੀ ਮਿਸ਼ਨ 'ਚ ਹਵਾਈ ਸੈਨਾ ਦੀ ਇੱਕੋ-ਇੱਕ ਮਹਿਲਾ ਪਾਇਲਟ ਹਰਰਾਜ ਕੌਰ ਬੋਪਰਾਏ ਨੇ ਵੀ ਸੈਨਾ ਦੇ ਸਭ ਤੋਂ ਵੱਡੇ ਜਹਾਜ਼ C-17 ਗਲੋਬਮਾਸਟਰ ਨੂੰ ਉਡਾਇਆ ਸੀ।
ਅਸਲ ਵਿੱਚ C-17 ਗਲੋਬਮਾਸਟਰ ਪਹਿਲੀ ਵਾਰ ਸਾਲ 2013 ਵਿੱਚ ਅਮਰੀਕਾ ਤੋਂ ਖਰੀਦਿਆ ਗਿਆ ਸੀ।
ਉਸ ਸਮੇਂ 10 ਜਹਾਜ਼ਾਂ ਦੀ ਕੀਮਤ ਪੰਜ ਅਰਬ ਅਮਰੀਕੀ ਡਾਲਰ ਸੀ।
ਇਹ ਜਹਾਜ਼ ਇੱਕ ਉਡਾਣ ਵਿੱਚ 80 ਟਨ ਭਾਰ ਚੁੱਕਣ ਦੀ ਸਮਰੱਥਾ ਰੱਖਦਾ ਹੈ ਅਤੇ 150 ਪੂਰੀ ਤਰ੍ਹਾਂ ਹਥਿਆਰਬੰਦ ਸੈਨਿਕਾਂ ਨੂੰ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਲਿਜਾਣ ਦੀ ਸਮਰੱਥਾ ਰੱਖਦਾ ਹੈ।
ਭਾਰਤੀ ਹਵਾਈ ਸੈਨਾ ਦੇ ਸੇਵਾਮੁਕਤ ਵਿੰਗ ਕਮਾਂਡਰ ਕੇਐਸ ਬਿਸ਼ਟ ਕਹਿੰਦੇ ਹਨ, "ਜਦੋਂ ਤੋਂ ਇਹਨਾਂ ਜਹਾਜ਼ਾਂ ਨੂੰ ਹਵਾਈ ਸੈਨਾ ਵਿੱਚ ਲਿਆ ਗਿਆ ਹੈ, ਉਸ ਸਮੇਂ ਤੋਂ ਇਹਨਾਂ ਦੀ ਸਮਰੱਥਾ ਸਰਹੱਦੀ ਖੇਤਰਾਂ ਵਿੱਚ ਫੌਜੀ ਟੈਂਕਾਂ ਅਤੇ ਭਾਰੀ ਤੋਪਖਾਨੇ ਪਹੁੰਚਾਉਣ ਦੀ ਹੈ।"
ਉਹ ਕਹਿੰਦੇ ਹਨ, "ਇਹਨਾਂ ਦੀ ਖਾਸ ਗੱਲ ਇਹ ਹੈ ਕਿ C-17 ਛੋਟੇ ਰਨਵੇਅ 'ਤੇ ਉਤਰ ਸਕਦੇ ਹਨ ਅਤੇ ਆਸਾਨੀ ਨਾਲ ਉਡਾਨ ਭਰ ਸਕਦੇ ਹਨ।"
2013 ਵਿੱਚ, ਹਵਾਈ ਸੈਨਾ ਦੇ ਤਤਕਾਲੀ ਮੁਖੀ, ਐੱਨਏਕੇ ਬਰਾਊਨ ਨੇ ਕਿਹਾ, "C-17 ਗਲੋਬਮਾਸਟਰ ਮਾਲਵਾਹਕ ਜਹਾਜ਼ ਦੇ ਆਉਣ ਨਾਲ, ਉੱਤਰੀ ਅਤੇ ਉੱਤਰ-ਪੂਰਬੀ ਸਰਹੱਦ 'ਤੇ ਸਾਡੀ ਮੌਜੂਦਗੀ ਹੋਰ ਮਜ਼ਬੂਤ ਹੋਵੇਗੀ।"

C-17 ਗਲੋਬਮਾਸਟਰ ਤੇ ਇਸ ਦੀ ਲੋੜ ਬਾਰੇ ਖਾਸ ਗੱਲਾਂ
- ਭਾਰਤ ਨੇ ਪਹਿਲੀ ਵਾਰ C-17 ਗਲੋਬਮਾਸਟਰ ਸਾਲ 2013 ਵਿੱਚ ਅਮਰੀਕਾ ਤੋਂ ਖਰੀਦਿਆ ਗਿਆ ਸੀ।
- ਇਸ ਦੀ 53 ਮੀਟਰ ਦੀ ਲੰਬਾਈ ਅਤੇ ਖੰਭਾਂ ਸਮੇਤ 51 ਮੀਟਰ ਦੀ ਚੌੜਾਈ ਇਸ ਨੂੰ ਦੁਨੀਆ ਦਾ ਵੱਡਾ ਜਹਾਜ਼ ਬਣਾਉਂਦੀ ਹੈ।
- ਇਸ ਨੂੰ 3,500 ਮੀਟਰ ਦੀ ਛੋਟੀ ਹਵਾਈ ਪੱਟੀ 'ਤੇ ਵੀ ਉਤਾਰਿਆ ਜਾ ਸਕਦਾ ਹੈ।
- ਬਿਪਤਾ ਸਮੇਂ ਭਾਰਤ ਨੇ ਤੁਰਕੀ ਤੇ ਸੀਰੀਆ ਦੀ ਮਦਦ ਲਈ C-17 ਗਲੋਬਮਾਸਟਰ ਜਹਾਜ਼ਾਂ ਦੀ ਵਰਤੋਂ ਕੀਤੀ।
- ਭਾਰਤੀ ਹਵਾਈ ਸੈਨਾ ਇਸ ਸਮੇਂ ਅਮਰੀਕੀ ਅਤੇ ਰੂਸੀ ਮਾਲਵਾਹਕ ਜਹਾਜ਼ਾਂ 'ਤੇ ਨਿਰਭਰ ਹੈ।
- ਕੈਗ ਦੀ ਇੱਕ ਰਿਪੋਰਟ ਮੁਤਾਬਕ ਭਾਰਤ ਵਿੱਚ ਹੋਰ ਮਾਲਵਾਹਕ ਜਹਾਜ਼ਾਂ ਦੀ ਲੋੜ ਹੈ।

C-17 ਗਲੋਬਮਾਸਟਰ ਖਾਸ ਕਿਉਂ ਹੈ?
ਅਗਸਤ 2021 ਵਿੱਚ ਵੀ ਭਾਰਤ ਨੇ ਅਫ਼ਗਾਨਿਸਤਾਨ ਵਿੱਚ ਫਸੇ ਸੈਂਕੜੇ ਭਾਰਤੀਆਂ ਅਤੇ ਅਫਗਾਨ ਨਾਗਰਿਕਾਂ ਨੂੰ ਬਚਾਇਆ ਸੀ ਜਿਸ ਵਿੱਚ C-17 ਗਲੋਬਮਾਸਟਰ ਰਾਂਹੀ ਉਹਨਾਂ ਨੂੰ ਭਾਰਤ ਲਿਆਂਦਾ ਗਿਆ।
ਅਮਰੀਕਾ ਦੇ ਬਣੇ ਇਸ ਜਹਾਜ਼ ਦੀਆਂ ਕੁਝ ਚੀਜ਼ਾਂ ਬਹੁਤ ਖਾਸ ਹਨ, ਜੋ ਇਸ ਨੂੰ ਦੁਨੀਆ ਦੇ ਹੋਰ ਮਾਲਵਾਹਕ ਜਹਾਜ਼ਾਂ ਦੇ ਮੁਕਾਬਲੇ ਜ਼ਿਆਦਾ ਸਫਲ ਬਣਾਉਂਦੀਆਂ ਹਨ।

ਤਸਵੀਰ ਸਰੋਤ, @AIRNEWSALERTS
ਇਸ ਦੀਆਂ ਖਾਸੀਅਤ ਹੈ:
- 53 ਮੀਟਰ ਦੀ ਲੰਬਾਈ ਅਤੇ ਖੰਭਾਂ ਸਮੇਤ 51 ਮੀਟਰ ਦੀ ਚੌੜਾਈ ਇਸ ਨੂੰ ਦੁਨੀਆ ਦੇ ਸਭ ਤੋਂ ਵੱਡੇ ਜਹਾਜ਼ਾਂ ਵਿੱਚੋਂ ਇੱਕ ਬਣਾਉਂਦੀ ਹੈ।
- 28,000 ਫੁੱਟ ਦੀ ਉਚਾਈ 'ਤੇ ਉੱਡਣ ਵਾਲਾ ਇਹ ਹਵਾਈ ਜਹਾਜ਼ ਬਿਨਾਂ ਈਂਧਨ ਭਰੇ ਇਕ ਉਡਾਣ ਵਿਚ 2,400 ਮੀਲ ਯਾਨੀ 3,862 ਕਿਲੋਮੀਟਰ ਤੱਕ ਉਡਾਣ ਭਰ ਸਕਦਾ ਹੈ।
- ਇਸ ਨੂੰ 3,500 ਮੀਟਰ ਦੀ ਛੋਟੀ ਹਵਾਈ ਪੱਟੀ 'ਤੇ ਵੀ ਉਤਾਰਿਆ ਜਾ ਸਕਦਾ ਹੈ ਅਤੇ ਇਸ ਦੇ ਚਾਲਕ ਦਲ ਵਿੱਚ ਤਿੰਨ ਮੈਂਬਰ ਹੁੰਦੇ ਹਨ।
ਭਾਰਤੀ ਫੌਜ ਨੇ C-17 ਗਲੋਬਮਾਸਟਰ ਦੀ ਜਿੰਨੀ ਵਧੀਆਂ ਵਰਤੋਂ ਕੀਤੀ, ਉਸ ਦੀ ਅਮਰੀਕਾ ਨੇ ਵੀ ਸ਼ਲਾਘਾ ਕੀਤੀ ਹੈ।
ਅਮਰੀਕੀ ਹਵਾਈ ਸੈਨਾ ਦੇ ਮੇਜਰ ਜਨਰਲ ਜੂਲੀਅਨ ਚੀਟਰ ਨੇ ਇਸ ਸਾਲ ਫਰਵਰੀ 'ਚ ਕਿਹਾ ਸੀ, "ਭਾਰਤ ਨੇ ਜਿਸ ਤਰ੍ਹਾਂ ਆਪਰੇਸ਼ਨ ਦੋਸਤ ਰਾਹੀਂ ਤੁਰਕੀ ਅਤੇ ਸੀਰੀਆ ਦੀ ਮਦਦ ਕੀਤੀ ਹੈ, ਉਹ ਸ਼ਲਾਘਾਯੋਗ ਹੈ। ਇਸ ਵਿੱਚ ਉਨ੍ਹਾਂ ਦੇ C-17 ਗਲੋਬਮਾਸਟਰ ਜਹਾਜ਼ਾਂ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ"।
ਕੀ C-17 ਗਲੋਬਮਾਸਟਰ ਕਾਫ਼ੀ ਹੈ?
ਭਾਰਤੀ ਹਵਾਈ ਸੈਨਾ ਇਸ ਸਮੇਂ ਅਮਰੀਕੀ ਅਤੇ ਰੂਸੀ ਮਾਲਵਾਹਕ ਜਹਾਜ਼ਾਂ 'ਤੇ ਨਿਰਭਰ ਹੈ।
ਅਮਰੀਕਾ ਦਾ C-17 ਗਲੋਬਮਾਸਟਰ, ਅਮਰੀਕਾ ਦੇ ਲਾਕਹੀਡ ਮਾਰਟਿਨ ਵਾਲੇ C-130J, ਰੂਸ ਦੇ ਇਲਯੂਸ਼ਿਨ ਆਈਐਲ-76 ਅਤੇ ਐਂਟੋਨੋਵ AN-32 ਵਰਗੇ ਜਹਾਜ਼ ਭਾਰਤੀ ਫੌਜ ਅਤੇ ਸਰਹੱਦ 'ਤੇ ਤਾਇਨਾਤ ਲੱਖਾਂ ਸੈਨਿਕਾਂ ਦੀਆਂ ਰਸਦ ਅਤੇ ਗੋਲਾ-ਬਾਰੂਦ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ।
ਪਰ ਮਾਹਿਰਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਅਤੇ ਚੀਨ ਦੀਆਂ ਸਰਹੱਦਾਂ 'ਤੇ ਲੋੜਾਂ ਵਧ ਰਹੀਆਂ ਹਨ।
ਰੱਖਿਆ ਮਾਹਿਰ ਮਾਰੂਫ ਰਜ਼ਾ ਦਾ ਮੰਨਣਾ ਹੈ, ''ਭਾਰਤੀ ਫੌਜ ਚੀਨ ਦੀ ਸਰਹੱਦ 'ਤੇ ਆਪਣੀ ਮੌਜੂਦਗੀ ਨੂੰ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਕਰਦੀ ਨਜ਼ਰ ਆ ਰਹੀ ਹੈ। ਇਸ 'ਚ ਹਵਾਈ ਫੌਜ ਦੇ ਮਾਲਵਾਹਕ ਜਹਾਜ਼ ਅਹਿਮ ਭੂਮਿਕਾ ਰਹੇਗੀ ਕਿਉਂਕਿ ਉਹ ਥੋੜ੍ਹੇ ਸਮੇਂ 'ਚ ਹੀ ਵੱਡੀ ਅਤੇ ਮੁਸ਼ਕਿਲ ਸਰਹੱਦ 'ਤੇ ਜ਼ਰੂਰਤਾਂ ਨੂੰ ਪੂਰਾ ਕਰੇਗਾ।"
ਇੱਕ ਹੋਰ ਚੁਣੌਤੀ ਇਹ ਵੀ ਹੋਵੇਗੀ ਕਿ ਹਵਾਈ ਸੈਨਾ ਵਿੱਚ ਜ਼ਿਆਦਾਤਰ ਰੂਸੀ ਮਾਲਵਾਹਕ ਜਹਾਜ਼ 1980 ਜਾਂ 90 ਦੇ ਦਹਾਕੇ ਦੇ ਸ਼ੁਰੂ ਵਿੱਚ ਖਰੀਦੇ ਗਏ ਸਨ।
ਇਹਨਾਂ ਦੇ ਰੱਖ-ਰਖਾਅ ਵਿੱਚ ਬਹੁਤ ਖਰਚ ਆਉਂਦਾ ਹੈ ਅਤੇ ਇਸ ਵਿੱਚ ਜਿਆਦਾ ਸਮਾਂ ਲੱਗਦਾ ਹੈ।
ਸਾਲ 2015 ਵਿੱਚ ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ (ਕੈਗ) ਦੀ ਇੱਕ ਰਿਪੋਰਟ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਹੋਰ ਮਾਲਵਾਹਕ ਜਹਾਜ਼ਾਂ ਦੀ ਲੋੜ ਹੈ।
ਪਰ ਇਸ ਸਮੇਂ ਇਹ ਲੱਗਦਾ ਹੈ ਕਿ ਇੱਕ ਤੋਂ ਬਾਅਦ ਇੱਕ ਰੈਸਕਿਊ ਅਪਰੇਸ਼ਨ ਵਿੱਚ ਭਾਰਤ ਦਾ ਭਰੋਸਾ C-17 ਗਲੋਬਮਾਸਟਰ ਹਵਾਈ ਜਹਾਜਾਂ ਉਪਰ ਹੀ ਹੈ।












