ਸੂਡਾਨ ’ਚ ਭਾਰਤੀ ਲੋਕ ਕੀ ਕਰਦੇ ਹਨ ਅਤੇ ਦੋਵਾਂ ਦੇਸ਼ਾਂ ਵਿਚਕਾਰ ਕਿਹੋ ਜਿਹੇ ਰਿਸ਼ਤੇ ਹਨ

ਤਸਵੀਰ ਸਰੋਤ, PRABHU S
- ਲੇਖਕ, ਸੁਸ਼ੀਲਾ ਸਿੰਘ
- ਰੋਲ, ਬੀਬੀਸੀ ਪੱਤਰਕਾਰ
"ਸਾਨੂੰ ਭਾਰਤ ਸਰਕਾਰ ਦਾ ਸੁਨੇਹਾ ਮਿਲਿਆ ਹੈ ਕਿ ਸਾਡੀ ਵਾਪਸੀ ਲਈ ਪ੍ਰਬੰਧ ਹੋ ਗਏ ਹਨ, ਪਰ ਹਾਲੇ ਤੱਕ ਸਾਡੇ ਕੋਲ ਨਹੀਂ ਪਹੁੰਚs।"
ਇਹ ਕਹਿਣਾ ਹੈ ਪ੍ਰਭੂ ਐੱਸ ਕੇ ਦਾ ਜੋ ਸੂਡਾਨ ਦੇ ਅਲਫਸ਼ਰ ਵਿੱਚ ਫਸੇ ਹੋਏ ਹਨ।
ਬੀਬੀਸੀ ਨਾਲ ਵਟਸਐਪ ਕਾਲ 'ਤੇ ਗੱਲਬਾਤ ਕਰਦੇ ਹੋਏ ਪ੍ਰਭੂ ਕਹਿੰਦੇ ਹਨ, ''ਮੈਂ ਆਪਣੇ ਪਿੰਡ 'ਚ ਗਰਮ ਮਸਾਲਾ, ਪਲਾਸਟਿਕ ਦੇ ਬਣੇ ਫੁੱਲ ਅਤੇ ਕੱਪੜੇ ਵੇਚਦਾ ਸੀ। ਪਰ ਇਹ ਕੰਮ ਚੱਲਿਆ ਨਹੀਂ । ਮੇਰੇ ਪਿੰਡ ਤੋਂ ਲੋਕ ਸੂਡਾਨ ਗਏ ਸਨ ਅਤੇ ਉਨ੍ਹਾਂ ਦੱਸਿਆ ਕਿ ਉਹ ਉੱਥੇ ਆਯੁਰਵੈਦਿਕ ਦਵਾਈ ਵੇਚਣ ਦਾ ਕੰਮ ਕਰਦੇ ਹਨ। ਇਸ ਤੋਂ ਬਾਅਦ ਮੈਂ ਆਪਣੀ ਪਤਨੀ ਨਾਲ ਇੱਥੇ ਆ ਗਿਆ।”
ਪ੍ਰਭੂ ਕਰਨਾਟਕ ਦੇ ਚੰਨਾਗਿਰੀ ਦੇ ਰਹਿਣ ਵਾਲੇ ਹਨ। ਉਹ 10 ਮਹੀਨੇ ਪਹਿਲਾਂ ਹੀ ਸੁਡਾਨ ਆਏ ਸਨ।
ਉਹ ਕਹਿੰਦੇ ਹਨ, “ਮੈਂ ਆਯੁਰਵੈਦ ਦੀ ਦਵਾਈ ਵੇਚਦਾ ਹਾਂ। ਮੈਨੂੰ ਦਵਾਈਆਂ ਬਾਰੇ ਪਤਾ ਹੈ। ਅਸੀਂ ਸ਼ੂਗਰ, ਗੈਸ, ਸਰੀਰ ਅਤੇ ਸਿਰ ਦਰਦ ਲਈ ਦਵਾਈ ਬਣਾਉਂਦੇ ਹਾਂ ਅਤੇ ਵਾਲਾਂ ਲਈ ਤੇਲ ਵੀ ਬਣਾਉਂਦੇ ਹਾਂ।
ਕਾਲ ਨੂੰ ਰੋਕਦੇ ਹੋਏ ਪ੍ਰਭੂ ਕਹਿੰਦੇ ਹਨ ਕਿ ਮਕਾਨ ਮਾਲਕ ਆ ਗਿਆ ਹੈ ਅਤੇ ਉਹ ਉਹਨਾਂ ਨੂੰ ਜਾਣ ਲਈ ਕਹਿ ਰਿਹਾ ਹੈ।
ਚਿੰਤਾ ਪ੍ਰਗਟ ਕਰਦੇ ਹੋਏ ਉਹ ਕਹਿੰਦੇ ਹਨ, “ਜਿਵੇਂ ਹੀ ਬੱਸ ਆਵੇਗੀ, ਅਸੀਂ ਚਲੇ ਜਾਵਾਂਗੇ। ਇੱਥੇ ਸਾਡੇ ਪਿੰਡ ਦੇ 50 ਤੋਂ ਵੱਧ ਲੋਕ ਹਨ। ਬੱਸ ਵਿੱਚ ਦੋ ਗਾਰਡ ਹੋਣ ਤਾਂ ਚੰਗਾ ਹੋਵੇਗਾ। ਕਿਉਂਕਿ ਲੁੱਟ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ।”
ਉੱਤਰੀ ਪੂਰਬੀ ਅਫਰੀਕਾ ਵਿੱਚ ਸਥਿਤ ਸੂਡਾਨ ਵਿੱਚ ਅਰਧ ਸੈਨਿਕ ਰੈਪਿਡ ਸਪੋਰਟ ਫੋਰਸ (ਆਰਐਸਐਫ) ਅਤੇ ਫੌਜ ਵਿਚਕਾਰ ਲੜਾਈ ਜਾਰੀ ਹੈ।

ਤਸਵੀਰ ਸਰੋਤ, Twitter
ਭਾਰਤੀਆਂ ਨੂੰ ਕੱਢਣ ਲਈ ਯਤਨ
ਇਸ ਦੌਰਾਨ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ ਹੈ ਕਿ ਉਥੇ ਫਸੇ ਭਾਰਤੀਆਂ ਨੂੰ ਲੈ ਕੇ ਪਹਿਲਾ ਜੱਥਾ ਰਵਾਨਾ ਹੋ ਗਿਆ ਹੈ।
ਉਨ੍ਹਾਂ ਨੇ ਟਵੀਟ ਕਰਕੇ ਲਿਖਿਆ, "ਆਈਐੱਨਐੱਸ ਸੁਮੇਧਾ 278 ਲੋਕਾਂ ਨਾਲ ਸੁਡਾਨ ਬੰਦਰਗਾਹ ਤੋਂ ਜੇਦਾਹ ਲਈ ਰਵਾਨਾ ਹੋ ਗਏ ਹਨ।"
ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ ਸੀ ਕਿ ਸੂਡਾਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਆਪਰੇਸ਼ਨ ਕਾਵੇਰੀ ਚੱਲ ਰਿਹਾ ਹੈ। 500 ਭਾਰਤੀ ਸੂਡਾਨ ਦੀ ਬੰਦਰਗਾਹ 'ਤੇ ਪਹੁੰਚ ਚੁੱਕੇ ਹਨ ਅਤੇ ਲੋਕ ਰਸਤੇ 'ਚ ਹਨ। ਸਾਡਾ ਜਹਾਜ਼ ਅਤੇ ਏਅਰਕਰਾਫਟ ਉਨ੍ਹਾਂ ਨੂੰ ਲਿਆਉਣ ਲਈ ਤਿਆਰ ਹਨ।
ਜਾਣਕਾਰੀ ਮੁਤਾਬਕ ਸੂਡਾਨ ਦੇ ਵੱਖ-ਵੱਖ ਇਲਾਕਿਆਂ 'ਚ 3000 ਭਾਰਤੀ ਫਸੇ ਹੋਏ ਹਨ।
ਇਨ੍ਹਾਂ ਲੋਕਾਂ ਵਿੱਚੋਂ 180 ਤੋਂ ਵੱਧ ਕਰਨਾਟਕ ਦੇ ਹਕੀ-ਪਿੱਕੀ ਕਬੀਲੇ ਦੇ ਦੱਸੇ ਜਾ ਰਹੇ ਹਨ।
ਪ੍ਰਭ ਐੱਸ ਵੀ ਇਸੇ ਕਬੀਲੇ ਵਿਚੋਂ ਆਉਂਦੇ ਹਨ।
ਇਹ ਕਬੀਲਾ ਭਾਰਤ ਦੇ ਪੱਛਮੀ ਅਤੇ ਦੱਖਣੀ ਹਿੱਸਿਆਂ ਵਿੱਚ, ਖਾਸ ਕਰਕੇ ਜੰਗਲੀ ਖੇਤਰਾਂ ਵਿੱਚ ਰਹਿੰਦਾ ਹੈ।
ਇਹ ਕਬੀਲਾ ਪੰਛੀਆਂ ਨੂੰ ਫੜਨ ਅਤੇ ਸ਼ਿਕਾਰ ਕਰਨ ਦਾ ਕੰਮ ਕਰਦਾ ਹੈ।
ਬੈਂਗਲੁਰੂ 'ਚ ਸਥਾਨਕ ਪੱਤਰਕਾਰ ਇਮਰਾਨ ਕੁਰੈਸ਼ੀ ਦਾ ਕਹਿਣਾ ਹੈ ਕਿ ਇਸ ਕਬੀਲੇ ਦੇ ਲੋਕ ਪਹਿਲਾਂ ਪੰਛੀਆਂ ਨੂੰ ਫੜਦੇ ਸਨ ਪਰ ਇਸ 'ਤੇ ਪਾਬੰਦੀ ਲੱਗਣ ਤੋਂ ਬਾਅਦ ਉਨ੍ਹਾਂ ਨੇ ਲੱਤਾਂ 'ਚ ਦਰਦ ਅਤੇ ਗੈਸ ਆਦਿ ਵਰਗੀਆਂ ਸਮੱਸਿਆਵਾਂ ਲਈ ਜੜੀ ਬੂਟੀਆਂ ਅਤੇ ਦਰਖਤਾਂ ਤੋਂ ਦਵਾਈ, ਤੇਲ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ|
ਉਹਨਾਂ ਮੁਤਾਬਕ, "ਇਸ ਕਬੀਲੇ ਦੇ ਲੋਕ ਅਫ਼ਰੀਕੀ ਦੇਸ਼ਾਂ, ਸਿੰਗਾਪੁਰ ਅਤੇ ਮਲੇਸ਼ੀਆ ਵਿੱਚ ਆਪਣਾ ਮਾਲ ਵੇਚਦੇ ਹਨ"।

ਤਸਵੀਰ ਸਰੋਤ, Getty Images
ਭਾਰਤ ਅਤੇ ਸੂਡਾਨ ਦੇ ਸਬੰਧ
ਸੂਡਾਨ ਵਿੱਚ ਭਾਰਤ ਦੇ ਰਾਜਦੂਤ ਰਹੇ ਦੀਪਕ ਵੋਹਰਾ ਦਾ ਕਹਿਣਾ ਹੈ ਕਿ ਸੂਡਾਨ ਵਿੱਚ ਭਾਰਤੀਆਂ ਦੀ ਭਰੋਸੇਯੋਗਤਾ ਹੈ ਅਤੇ ਇਸ ਦੇਸ਼ ਦੇ ਲੋਕ ਭਾਰਤੀਆਂ 'ਤੇ ਬਹੁਤ ਭਰੋਸਾ ਕਰਦੇ ਹਨ।
ਵੋਹਰਾ ਸਾਲ 2005 ਤੋਂ 2010 ਤੱਕ ਉੱਥੇ ਰਾਜਦੂਤ ਰਹੇ ਹਨ।
ਉਹ ਕਹਿੰਦੇ ਹਨ, “ਮੈਂ ਦੋ ਅਹਿਮ ਘਟਨਾਵਾਂ ਦਾ ਗਵਾਹ ਬਣਿਆ ਹਾਂ। ਸਾਲ 2005 'ਚ ਜਦੋਂ ਸੁਡਾਨ 'ਚ ਸਰਕਾਰ ਅਤੇ ਬਾਗੀਆਂ ਵਿਚਾਲੇ ਸ਼ਾਂਤੀ ਸਮਝੌਤਾ ਹੋਇਆ ਸੀ। ਉਸ ਸਮੇਂ ਭਾਰਤ ਤੋਂ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ ਦੀ ਟੀਮ ਅਧੀਨ ਭਾਰਤੀ ਫੌਜ ਵੀ ਉੱਥੇ ਗਈ ਸੀ। ਇਸੇ ਤਰ੍ਹਾਂ ਸਾਲ 2011 ਵਿੱਚ ਦੱਖਣੀ ਸੂਡਾਨ ਨੂੰ ਵੱਖ ਕਰ ਦਿੱਤਾ ਗਿਆ ਸੀ।”
ਸੂਡਾਨ ਦੇ ਕੋਨੇ-ਕੋਨੇ ਵਿੱਚੋਂ ਹਜ਼ਾਰਾਂ ਲੋਕ ਇਲਾਜ ਲਈ ਭਾਰਤ ਆਉਂਦੇ ਹਨ।
ਅਜਿਹੇ 'ਚ ਸੂਡਾਨ ਦੇ ਲੋਕਾਂ 'ਚ ਇਹ ਵਿਸ਼ਵਾਸ ਹੈ ਕਿ ਭਾਰਤੀ ਮੈਡੀਕਲ ਸਾਇੰਸ 'ਚ ਕਾਫੀ ਤਜਰਬੇਕਾਰ ਹਨ।

ਤਸਵੀਰ ਸਰੋਤ, Getty Images
ਸੁਡਾਨ ਵਿੱਚ ਭਾਰਤੀਆਂ ਵੱਲੋਂ ਆਯੁਰਵੈਦ ਦੀਆਂ ਦਵਾਈਆਂ ਵੇਚਣ ਦੇ ਸਵਾਲ 'ਤੇ, ਉਹ ਕਹਿੰਦੇ ਹਨ, "ਉੱਥੇ ਆਯੁਰਵੇਦ ਬਹੁਤ ਮਸ਼ਹੂਰ ਹੈ ਅਤੇ ਉੱਥੇ ਦੇ ਲੋਕਾਂ ਦਾ ਭਾਰਤੀਆਂ ਵਿੱਚ ਵਿਸ਼ਵਾਸ ਹੈ। ਅਜਿਹੇ 'ਚ ਇਹ ਲੋਕ ਭਾਰਤੀ ਆਯੁਰਵੈਦਿਕ ਉਤਪਾਦਾਂ ਅਤੇ ਜੜੀ ਬੂਟੀਆਂ ਲੈ ਕੇ ਉੱਥੇ ਜ਼ਰੂਰ ਗਏ ਹੋਣਗੇ।
ਦੀਪਕ ਵੋਹਰਾ ਦਾ ਕਹਿਣਾ ਹੈ, “ਦਾਰਫੁਰ ਦੀ ਸਥਿਤੀ ਬਹੁਤ ਖਰਾਬ ਹੈ ਕਿਉਂਕਿ ਉੱਥੇ ਜੰਗ ਚੱਲਦੀ ਰਹਿੰਦੀ ਹੈ। ਪਤਾ ਨਹੀਂ ਅਜਿਹੇ ਹਾਲਾਤ ਵਿੱਚ ਭਾਰਤੀ ਉੱਥੇ ਕਿਉਂ ਜਾਂਦੇ ਹਨ। ਪਰ ਕਿਹਾ ਜਾਂਦਾ ਹੈ ਕਿ ਉਹ ਆਯੁਰਵੇਦ ਦੇ ਉਤਪਾਦ ਵੇਚਣ ਜਾਂਦੇ ਹਨ, ਇਸ ਲਈ ਅਜਿਹਾ ਸੰਭਵ ਹੈ ਕਿਉਂਕਿ ਸੂਡਾਨ ਵਿੱਚ ਸਿਹਤ ਸੰਭਾਲ ਪ੍ਰਣਾਲੀ ਵੀ ਢਹਿ-ਢੇਰੀ ਹੋ ਗਈ ਹੈ । ਉੱਥੇ ਆਯੁਰਵੇਦ ਨੂੰ ਮੰਨਿਆ ਜਾਂਦਾ ਹੈ।”
ਆਪਣੀ ਗੱਲ ਨੂੰ ਅੱਗੇ ਤੋਰਦਿਆਂ ਉਹ ਕਹਿੰਦੇ ਹਨ ਕਿ ਤੁਹਾਨੂੰ ਆਯੁਰਵੈਦਿਕ ਦਵਾਈਆਂ ਲਈ ਹਸਪਤਾਲ ਜਾਣ ਦੀ ਲੋੜ ਨਹੀਂ ਅਤੇ ਤੁਸੀਂ ਘਰ ਬੈਠੇ ਹੀ ਦਵਾਈਆਂ ਪ੍ਰਾਪਤ ਕਰ ਸਕਦੇ ਹੋ। ਸ਼ਾਇਦ ਇਸ ਲਈ ਭਾਰਤੀ ਸੂਡਾਨ ਜਾਂਦੇ ਹਨ।

ਸੂਡਾਨ ’ਚ ਕੀ ਚੱਲ ਰਿਹਾ ਹੈ?
- ਸੂਡਾਨ 'ਚ ਨੀਮ ਫੌਜੀ ਬਲ 'ਰੈਪਿਡ ਸਪੋਰਟ ਫੋਰਸ' (ਆਰਐੱਸਐੱਫ) ਅਤੇ ਉੱਥੋਂ ਦੀ ਫੌਜ ਆਹਮੋ-ਸਾਹਮਣੇ ਹਨ।
- ਇਸ ਸੰਘਰਸ਼ ਵਿੱਚ ਹੁਣ ਤੱਕ 400 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।
- ਇਸ ਲੜਾਈ ਨੂੰ 11 ਦਿਨ ਬੀਤ ਚੁੱਕੇ ਹਨ।
- ਇਹ ਲੜਾਈ 15 ਅਪ੍ਰੈਲ ਨੂੰ ਸ਼ੁਰੂ ਹੋਈ ਸੀ।
- ਸੰਘਰਸ਼ ਦੇ ਕੇਂਦਰ ਵਿੱਚ ਦੋ ਜਨਰਲ ਹਨ, ਸੂਡਾਨੀ ਆਰਮਡ ਫੋਰਸਿਜ਼ ਦੇ ਅਬਦੇਲ ਫਤਾਹ ਅਲ-ਬੁਰਹਾਨ ਅਤੇ ਅਰਧ ਸੈਨਿਕ ਰੈਪਿਡ ਸਪੋਰਟ ਫੋਰਸਿਜ਼ ਦੇ ਮੁਹੰਮਦ ਹਮਦਾਨ ਦਗਾਲੋ ਆਹਮੋ -ਸਾਹਮਣੇ ਹਨ।
- ਇੱਕ ਸਮੇਂ ਦੋਵਾਂ ਨੇ ਇਕੱਠੇ ਕੰਮ ਕੀਤਾ ਸੀ ਅਤੇ ਦੇਸ਼ ਵਿੱਚ ਤਖ਼ਤਾ ਪਲਟ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
- ਹੁਣ ਸੂਡਾਨ ਵਿੱਚ ਦਬਦਬੇ ਲਈ ਦੋਵਾਂ ਵਿਚਾਲੇ ਲੜਾਈ ਜਾਰੀ ਹੈ।

ਭਾਰਤ ਅਤੇ ਸੂਡਾਨ ਵਿਚਕਾਰ ਵਪਾਰ
ਸਾਬਕਾ ਰਾਜਦੂਤ ਦੀਪਕ ਵੋਹਰਾ ਦਾ ਕਹਿਣਾ ਹੈ ਕਿ ਉੱਥੇ ਵਸੇ ਭਾਰਤੀ ਜ਼ਿਆਦਾ ਨਿਰਯਾਤ ਦਾ ਕੰਮ ਕਰਦੇ ਹਨ।
ਦੀਪਕ ਵੋਹਰਾ ਦੱਸਦੇ ਹਨ, “ਉੱਥੇ ਵਸੇ ਭਾਰਤੀ ਆਪਣੀਆਂ ਦੁਕਾਨਾਂ ਲਈ ਆਪਣੇ ਦੇਸ਼ ਅਤੇ ਚੀਨ ਤੋਂ ਖਪਤਕਾਰੀ ਵਸਤਾਂ ਅਤੇ ਕੱਪੜੇ ਖਰੀਦਦੇ-ਵੇਚਦੇ ਹਨ। ਪਰ ਉਹ ਕਿਸੇ ਵੀ ਤਰ੍ਹਾਂ ਦੀ ਇੰਡਸਟਰੀ 'ਚ ਨਹੀਂ ਹਨ ਅਤੇ ਉਹਨਾਂ ਦੀ ਬਹੁਤ ਇੱਜ਼ਤ ਹੈ।
ਸੂਡਾਨ ਗਣਰਾਜ ਵਿੱਚ ਜ਼ਿਆਦਾਤਰ ਗੁਜਰਾਤੀ ਰਹਿੰਦੇ ਹਨ। ਰਾਜਦੂਤ ਅਨੁਸਾਰ ਇੱਥੇ 70 ਫੀਸਦੀ ਗੁਜਰਾਤੀ ਹਨ।
ਦੂਜੇ ਪਾਸੇ, ਭਾਰਤ ਦੇ ਵੱਖ-ਵੱਖ ਰਾਜਾਂ ਦੇ ਲੋਕ ਦੱਖਣੀ ਸੂਡਾਨ ਗਣਰਾਜ ਵਿੱਚ ਵਸੇ ਹੋਏ ਹਨ।

ਤਸਵੀਰ ਸਰੋਤ, Getty Images
ਤੇਲ ਅਤੇ ਸੋਨੇ ਦੇ ਭੰਡਾਰ
ਮਾਹਿਰਾਂ ਮੁਤਾਬਕ ਲੋਕ ਉਨ੍ਹਾਂ ਦੇਸ਼ਾਂ ਵਿੱਚ ਵਧੇਰੇ ਆਰਥਿਕ ਸੰਭਾਵਨਾਵਾਂ ਦੇਖਦੇ ਹਨ ਜਿੱਥੇ ਤੇਲ ਦੇ ਭੰਡਾਰ ਹਨ।
ਹਾਲਾਂਕਿ ਸੂਡਾਨ ਦੀ ਆਰਥਿਕ ਸਥਿਤੀ ਦੀ ਗੱਲ ਕਰੀਏ ਤਾਂ ਪ੍ਰਤੀ ਵਿਅਕਤੀ ਸਾਲਾਨਾ ਆਮਦਨ 700 ਡਾਲਰ ਹੈ।
ਸਾਬਕਾ ਰਾਜਦੂਤ ਦੀਪਕ ਵੋਹਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੱਖਣ, ਪੱਛਮ ਅਤੇ ਉੱਤਰ ਵਿਚ ਕਾਫੀ ਯਾਤਰਾ ਕੀਤੀ ਹੈ।
ਉਹ ਦੱਸਦੇ ਹਨ, “ਭਾਰਤੀ ਲੋਕ ਵੀ ਸੂਡਾਨ ਜਾਂਦੇ ਹਨ ਕਿਉਂਕਿ 1970 ਦੇ ਦਹਾਕੇ ਦੇ ਅੱਧ ਵਿੱਚ ਉੱਥੇ ਤੇਲ ਮਿਲਿਆ ਸੀ। ਜਿਸ ਤੋਂ ਬਾਅਦ ਦੇਸ਼ ਦੀ ਅਰਥਵਿਵਸਥਾ 'ਚ ਕਾਫੀ ਵਿਕਾਸ ਹੋਇਆ। 1990 'ਚ ਭਾਰਤ ਤੋਂ ਓਐੱਨਜੀਸੀ ਦੇ ਕਈ ਪੇਸ਼ੇਵਰ ਉੱਥੇ ਗਏ। ਦੱਖਣੀ ਸੂਡਾਨ ਦੇ ਆਜ਼ਾਦ ਹੋਣ ਤੋਂ ਬਾਅਦ ਵੀ ਬਹੁਤ ਸਾਰੇ ਭਾਰਤੀ ਇੱਥੇ ਆਏ।"
ਸਾਲ 2011 ਵਿੱਚ ਦੱਖਣੀ ਸੂਡਾਨ ਆਜ਼ਾਦ ਹੋ ਗਿਆ ਅਤੇ 80% ਤੇਲ ਇੱਥੋਂ ਚਲਾ ਗਿਆ। ਸਰਕਾਰੀ ਅੰਕੜਿਆਂ ਦੇ ਅਨੁਸਾਰ, ਸਿਰਫ 2022 ਵਿੱਚ, ਸੂਡਾਨ ਨੇ 41.8 ਟਨ ਸੋਨੇ ਦੀ ਬਰਾਮਦ ਤੋਂ ਲਗਭਗ 2.5 ਬਿਲੀਅਨ ਡਾਲਰ ਦੀ ਕਮਾਈ ਕੀਤੀ ਸੀ।
ਸੂਡਾਨ ਸੰਕਟ ਦੀ ਨੇੜਿਓਂ ਜਾਣਕਾਰੀ ਰੱਖਣ ਵਾਲੇ ਮਾਹਿਰ ਸ਼ੇਵਿਟ ਵੋਲਡਮਾਈਕਲ ਨੇ ਬੀਬੀਸੀ ਨੂੰ ਦੱਸਿਆ, "ਆਰਥਿਕ ਸੰਕਟ ਨਾਲ ਜੂਝ ਰਹੇ ਦੇਸ਼ ਲਈ ਸੋਨੇ ਦੀਆਂ ਖਾਣਾਂ ਆਮਦਨ ਦਾ ਮੁੱਖ ਸਰੋਤ ਹਨ ਅਤੇ ਇਸ ਸੰਘਰਸ਼ ਦੌਰਾਨ ਉਹ ਰਣਨੀਤਕ ਤੌਰ 'ਤੇ ਮਹੱਤਵਪੂਰਨ ਬਣ ਗਈਆਂ ਹਨ।"












