ਸੂਡਾਨ ਤੋਂ ਜਾਨ ਬਚਾ ਕੇ ਪਰਤਿਆ ਪਰਿਵਾਰ: ‘ਅਸੀਂ ਸੁੱਤੇ ਪਏ ਸੀ ਅਚਾਨਕ ਧਮਾਕੇ ਦੀ ਅਵਾਜ਼ ਆਈ ਤੇ ਫਿਰ...’

ਤਸਵੀਰ ਸਰੋਤ, Aman gupta
- ਲੇਖਕ, ਸਤ ਸਿੰਘ
- ਰੋਲ, ਬੀਬੀਸੀ ਲਈ
"ਸਭ ਕੁਝ ਠੀਕ ਚੱਲ ਰਿਹਾ ਸੀ ਸੂਡਾਨ ਦੇ ਲੋਕ ਬਹੁਤ ਚੰਗੇ ਸਨ। ਮੁਸਲਮਾਨ ਸੱਭਿਆਚਾਰ ਸੀ ਅਤੇ ਸਾਨੂੰ ਸਾਰੇ ਹੀ ਬਹੁਤ ਪਿਆਰ ਕਰਦੇ ਸਨ। ਬਿਲਕੁਲ ਸੁਰੱਖਿਅਤ ਮਾਹੌਲ ਸੀ। ਫਿਰ ਅਚਾਨਕ 15 ਅਪ੍ਰੈਲ ਨੂੰ ਉੱਥੇ ਵਿਵਾਦ ਪੈਦਾ ਹੋ ਗਿਆ ਅਤੇ ਸ਼ਹਿਰ ਵਿੱਚ ਹਿੰਸਾ ਹੋਣ ਲੱਗੀ।"
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੁਝ ਦਿਨ ਪਹਿਲਾਂ ਸੂਡਾਨ ਤੋਂ ਭਾਰਤ ਪਰਤੇ ਹਰਿਆਣਾ ਦੇ ਅਮਨ ਗੁਪਤਾ ਨੇ ਕੀਤਾ।
ਜੀਂਦ ਨਾਲ ਸਬੰਧ ਰੱਖਣ ਵਾਲੇ ਅਮਨ ਗੁਪਤਾ, ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੀ ਦੋ ਸਾਲਾ ਬੇਟੀ ਭਾਰਤ ਵਿੱਚ ਆਪਣੇ ਘਰ ਪਰਤ ਆਏ ਹਨ। ਪਰ ਸੂਡਾਨ ਵਿੱਚ ਜੋ ਅੱਖੀਂ ਦੇਖਿਆ ਉਸ ਨੂੰ ਯਾਦ ਕਰ ਕੇ ਉਹ ਅਜੇ ਵੀ ਸਹਿਮ ਜਾਂਦੇ ਹਨ।
ਸੂਡਾਨ ਦੀ ਰਾਜਧਾਨੀ ਖਾਰਤੂਮ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਚੱਲ ਰਹੀ ਲੜਾਈ, ਇੱਥੋਂ ਦੀ ਮਿਲਟਰੀ ਲੀਡਰਸ਼ਿਪ ਵਿੱਚ ਸੱਤਾ ਨੂੰ ਲੈ ਕੇ ਚੱਲ ਰਹੀ ਅੰਦਰੂਨੀ ਖਿੱਚੋਤਾਣ ਦਾ ਨਤੀਜਾ ਹੈ।
ਇਹ ਝੜਪਾਂ ਇੱਥੋਂ ਦੀ ਸੈਨਾ ਅਤੇ ਰੈਪਿਡ ਸਪੋਰਟ ਫੋਰਸ ਵਜੋਂ ਜਾਣੇ ਜਾਂਦੇ ਅਰਧ-ਸੈਨਿਕ ਬਲਾਂ ਵਿਚਕਾਰ ਹੋ ਰਹੀਆਂ ਹੈ।

ਕੀ ਹੋ ਰਿਹਾ ਸੂਡਾਨ ਵਿੱਚ
- ਸੂਡਾਨ 'ਚ ਨੀਮ ਫੌਜੀ ਬਲ 'ਰੈਪਿਡ ਸਪੋਰਟ ਫੋਰਸ' (ਆਰਐੱਸਐੱਫ) ਅਤੇ ਉੱਥੋਂ ਦੀ ਫੌਜ ਆਹਮੋ-ਸਾਹਮਣੇ ਹਨ।
- ਇਸ ਸੰਘਰਸ਼ ਵਿੱਚ ਹੁਣ ਤੱਕ 400 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।
- ਇਹ ਲੜਾਈ 15 ਅਪ੍ਰੈਲ ਨੂੰ ਸ਼ੁਰੂ ਹੋਈ ਸੀ।
- ਸੰਘਰਸ਼ ਦੇ ਕੇਂਦਰ ਵਿੱਚ ਦੋ ਜਨਰਲ ਹਨ, ਸੂਡਾਨੀ ਆਰਮਡ ਫੋਰਸਿਜ਼ ਦੇ ਅਬਦੇਲ ਫਤਾਹ ਅਲ-ਬੁਰਹਾਨ ਅਤੇ ਅਰਧ ਸੈਨਿਕ ਰੈਪਿਡ ਸਪੋਰਟ ਫੋਰਸਿਜ਼ ਦੇ ਮੁਹੰਮਦ ਹਮਦਾਨ ਦਗਾਲੋ ਆਹਮੋ -ਸਾਹਮਣੇ ਹਨ।
- ਇੱਕ ਸਮੇਂ ਦੋਵਾਂ ਨੇ ਇਕੱਠੇ ਕੰਮ ਕੀਤਾ ਸੀ ਅਤੇ ਦੇਸ਼ ਵਿੱਚ ਤਖ਼ਤਾ ਪਲਟ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
- ਹੁਣ ਸੂਡਾਨ ਵਿੱਚ ਦਬਦਬੇ ਲਈ ਦੋਵਾਂ ਵਿਚਾਲੇ ਲੜਾਈ ਜਾਰੀ ਹੈ। ਭਾਰਤ ਅਤੇ ਹੋਰ ਦੇਸਾਂ ਵੱਲੋਂ ਆਪਣੇ ਲੋਕਾਂ ਨੂੰ ਸੂਡਾਨ ਵਿੱਚੋਂ ਕੱਢਣ ਦੀ ਕਵਾਇਦ ਜਾਰੀ ਹੈ।

2014 ਵਿੱਚ ਅਮਨ ਸੂਡਾਨ ਗਏ ਸਨ

ਤਸਵੀਰ ਸਰੋਤ, Aman gupta
ਪੇਸ਼ੇ ਤੋਂ ਇੰਜੀਨੀਅਰ ਅਮਨ ਗੁਪਤਾ ਦੱਸਦੇ ਹਨ ਕਿ ਉਹ 2014 ਵਿੱਚ ਇੱਕ ਕੰਪਨੀ ਵਿੱਚ ਕੰਮ ਕਰਨ ਲਈ ਪਹਿਲੀ ਵਾਰ ਸੂਡਾਨ ਦੇ ਖਾਰਤੂਮ ਸ਼ਹਿਮ ਗਏ ਸਨ ਅਤੇ 2019 ਵਿੱਚ ਉਨ੍ਹਾਂ ਦਾ ਵਿਆਹ ਹੋਇਆ ਸੀ।
ਇਸ ਤੋਂ ਬਾਅਦ ਉਹ ਆਪਣੀ ਪਤਨੀ ਦੀਕਸ਼ਿਤਾ ਨੂੰ ਆਪਣੇ ਨਾਲ ਸੂਡਾਨ ਲੈ ਗਏ ਸਨ।
ਅਮਨ ਪਿਤਾ ਦਾ ਭਾਰਤ ਵਿੱਚ ਦਵਾਈਆਂ ਦਾ ਥੋਕ ਦਾ ਕੰਮ ਹੈ ਜਦਕਿ ਅਮਨ ਦੀ ਮਾਂ ਇੱਕ ਸਕੂਲ ਚਲਾਉਂਦੇ ਹਨ।
ਅਮਨ ਦੱਸਦੇ ਹਨ ਕਿ ਜਿਸ ਵੇਲੇ ਉਨ੍ਹਾਂ ਨੂੰ ਇਹ ਪਤਾ ਲੱਗਾ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੇ ਇਹ ਜਾਣਕਾਰੀ ਆਪਣੀ ਪਤਨੀ ਦੀਕਸ਼ਿਤਾ ਨੂੰ ਦਿੱਤੀ, ਜੋ ਉਸ ਵੇਲੇ ਆਪਣੀ ਦੋ ਸਾਲ ਦੀ ਬੇਟੀ ਨਾਲ ਘਰ ਵਿੱਚ ਸੀ।
ਅਮਨ ਦੱਸਦੇ ਹਨ, "ਮੈਂ ਦਫ਼ਤਰ ਗਿਆ ਹੋਇਆ ਸੀ ਅਤੇ ਦੀਕਸ਼ਿਤਾ ਨੂੰ ਮੈਂ ਫੋਨ ਕਰ ਕੇ ਦੱਸਿਆ ਕਿ ਘਰ ਦੇ ਅੰਦਰ ਹੀ ਰਹਿਣਾ ਅਤੇ ਕਿਸੇ ਨੂੰ ਵੀ ਅੰਦਰ ਨਾ ਆਉਣ ਦੇਣਾ ਕਿਉਂਕਿ ਮਾਹੌਲ ਖ਼ਰਾਬ ਸੀ।"
"ਮੈਂ ਘਰ ਜਲਦੀ ਆਉਣ ਦਾ ਵਾਅਦਾ ਕੀਤਾ ਪਰ ਹਾਲਾਤ ਕਾਰਨ ਨਿਕਲ ਨਹੀਂ ਸਕਿਆ ਸੀ।"
ਅਮਨ ਦੱਸਦੇ ਹਨ ਕਿ ਉਸੇ ਸ਼ਾਮ ਨੂੰ ਉਨ੍ਹਾਂ ਨੇ ਆਫਿਸ ਤੋਂ ਨਿਕਲਣ ਦੀ ਕੋਸ਼ਿਸ਼ ਵੀ ਕੀ ਪਰ ਰਸਤੇ ਵਿੱਚ ਬਣੇ ਚੈੱਕ ਪੁਆਇੰਟ 'ਤੇ ਉਨ੍ਹਾਂ ਰੋਕ ਲਿਆ ਗਿਆ ਅਤੇ ਉਨ੍ਹਾਂ ਨੂੰ ਗੰਨਪੁਆਇੰਟ 'ਤੇ ਲੈ ਲਿਆ ਗਿਆ।
ਇਸ ਤੋਂ ਇਲਾਵਾ ਗੱਡੀ ਵਿੱਚ ਰੱਖੇ ਬੈਗ ਵਿੱਚੋਂ ਸਾਰਾ ਕੈਸ਼ ਕੱਢ ਲਿਆ ਅਤੇ ਫਿਰ ਵਾਪਿਸ ਭੇਜ ਦਿੱਤਾ ਗਿਆ।
ਅਮਨ ਨੇ ਦਸਿਆ, "ਮੈਨੂੰ ਘਰ ਵਿੱਚ ਦੀਕਸ਼ਿਤਾ ਅਤੇ ਬੇਟੀ ਦੀ ਚਿੰਤਾ ਸਤਾ ਰਹੀ ਸੀ ਕਿਉਂਕਿ ਦੋਵੇਂ ਘਰ ਵਿੱਚ ਇਕੱਲੀਆਂ ਸਨ।"

ਤਸਵੀਰ ਸਰੋਤ, Aman gupta
'ਜਾਨ ਵਿੱਚ ਜਾਨ ਆਈ'
ਉੱਥੇ ਹੀ ਦੀਕਸ਼ਿਤਾ ਬੀਬੀਸੀ ਨਾਲ ਗੱਲ ਕਰਦਿਆਂ ਹੋਇਆ ਦੱਸਿਆ ਕਿ ਅਮਨ ਦਾ ਫੋਨ ਆਇਆ ਤਾਂ ਕਾਫੀ ਘਬਰਾ ਗਈ।
ਉਨ੍ਹਾਂ ਨੇ ਕਿਹਾ, "ਮੈਂ ਬੇਟੀ ਨੂੰ ਲੈ ਅੰਦਰ ਹੀ ਰਹੀ ਅਤੇ ਬਾਹਰੋਂ ਜ਼ੋਰ-ਜ਼ੋਰ ਨਾਲ ਆਵਾਜ਼ਾਂ ਆਉਂਦੀਆਂ ਤਾਂ ਮੈਂ ਡਰ ਜਾਂਦੀ। ਉਧਰ ਦੂਜੇ ਪਾਸੇ ਅਮਨ ਘਰ ਨਹੀਂ ਸਨ ਉਸ ਨਾਲ ਹੋਰ ਚਿੰਤਾ ਵਧ ਗਈ। ਅਗਲੇ ਦਿਨ ਚਾਰ ਵਜੇ ਅਮਨ ਘਰ ਪਹੁੰਚੇ ਅਤੇ ਮੇਰੀ ਜਾਨ ਵਿੱਚ ਜਾਨ ਆਈ।"
ਦੀਕਸ਼ਿਤਾ ਦੱਸਦੇ ਹਨ ਕਿ ਉਨ੍ਹਾਂ ਦੇ ਉੱਥੇ ਬਹੁਤ ਸਾਰੇ ਦੋਸਤ ਹਨ ਅਤੇ ਉਨ੍ਹਾਂ ਸੂਡਾਨ ਵਿੱਚ ਹੀ ਘਰ ਵਸਾ ਲਿਆ ਸੀ। ਹਾਲਾਂਕਿ, ਸ਼ੁਰੂ ਵਿੱਚ ਉਨ੍ਹਾਂ ਨੂੰ ਉੱਥੇ ਸੱਭਿਆਚਾਰ ਅਤੇ ਭਾਸ਼ਾ ਨਾਲ ਘੁਲਣ-ਮਿਲਣ ਵਿੱਚ ਦਿੱਕਤ ਤਾਂ ਆਈ ਪਰ ਹਿੰਸਾ ਹੋਣ ਤੋਂ ਪਹਿਲਾਂ ਸਭ ਵਧੀਆ ਚੱਲ ਰਿਹਾ ਸੀ।
ਉਨ੍ਹਾਂ ਨੇ ਅੱਗੇ ਕਿਹਾ, "ਇੱਕ ਪਾਸੇ ਭਾਰਤ ਤੋਂ ਪਰਿਵਾਰ ਵਾਲਿਆਂ ਦੇ ਫੋਨ ਆ ਰਹੇ ਸਨ ਉੱਥੇ ਹੀ ਦੂਜੇ ਪਾਸੇ ਮੈਨੂੰ ਸਭ ਤੋਂ ਜ਼ਿਆਦਾ ਆਪਣੀ ਧੀ ਦੀ ਫਿਕਰ ਸੀ।"

ਤਸਵੀਰ ਸਰੋਤ, Aman gupta
800 ਕਿਲੋਮੀਟਰ ਬੱਸ ਦਾ ਸਫ਼ਰ
ਅਮਨ ਦਾ ਕਹਿਣਾ ਹੈ ਕਿ 20 ਅਪ੍ਰੈਲ ਨੂੰ ਉਨ੍ਹਾਂ ਦੀ ਬਿਲਡਿੰਗ ਦੇ ਨਾਲ ਲੱਗਦੇ ਘਰ 'ਚ ਜ਼ਬਰਦਸਤ ਧਮਾਕਾ ਹੋਇਆ ਅਤੇ ਆਲੇ-ਦੁਆਲੇ ਦੇ ਸਾਰੇ ਲੋਕ ਡਰ ਗਏ।
ਅਮਨ ਨੇ ਅੱਗੇ ਦੱਸਿਆ, "ਅਸੀਂ ਸਾਰੇ ਆਪਣੀ ਇਮਾਰਤ ਦੇ ਬੇਸਮੈਂਟ 'ਚ ਬਣੇ ਬੰਕਰ ਵਿਚ ਛੁੱਪ ਗਏ ਅਤੇ ਕਈ ਘੰਟੇ ਉਥੇ ਹੀ ਰਹੇ। ਹਾਲਾਤ ਕੁਝ ਆਮ ਹੋਣ ਤੋਂ ਬਾਅਦ ਅਸੀਂ ਪੋਰਟ ਸੂਡਾਨ ਜਾਣ ਦਾ ਫ਼ੈਸਲਾ ਕੀਤਾ ਕਿਉਂਕਿ ਉੱਥੇ ਕੋਈ ਹਿੰਸਾ ਨਹੀਂ ਹੈ ਅਤੇ ਦੂਜੇ ਪਾਸੇ ਭਾਰਤੀ ਸਮੁੰਦਰੀ ਫੌਜ ਉੱਥੇ ਬਚਾਅ ਕਾਰਜ ਚਲਾ ਰਹੀ ਹੈ।"
ਤਿੰਨ ਭਾਰਤੀ ਪਰਿਵਾਰਾਂ ਨੇ ਖਾਰਤੂਮ ਤੋਂ ਬੱਸ ਕਿਰਾਏ 'ਤੇ ਲਈ ਅਤੇ ਕਰੀਬ 15 ਘੰਟਿਆਂ 'ਚ 800 ਕਿਲੋਮੀਟਰ ਦਾ ਸਫ਼ਰ ਕੀਤਾ।
ਅਮਨ ਦੱਸਦੇ ਹਨ, "ਬਜ਼ੁਰਗ ਲੋਕਾਂ ਨੂੰ ਬੱਸ ਵਿੱਚ ਅੱਗੇ ਬਠਾਇਆ ਗਿਆ ਅਤੇ ਔਰਤਾਂ ਤੇ ਬੱਚਿਆਂ ਨੂੰ ਬੱਸ ਦੇ ਪਿਛਲੇ ਪਾਸੇ। ਰਸਤੇ ਵਿੱਚ 20 ਚੈਕ ਪੁਆਇੰਟ ਆਏ ਸਭ ਨੇ ਬੱਸ ਦੀ ਚੈਕਿੰਗ ਕੀਤੀ ਅਤੇ ਕੁਝ ਪੁੱਛਗਿੱਛ ਕਰਨ ਮਗਰੋਂ ਸਾਨੂੰ ਜਾਣ ਦਿੱਤਾ ਗਿਆ।"

ਤਸਵੀਰ ਸਰੋਤ, Aman gupta
"ਆਸੀਂ ਸਾਰਿਆਂ ਨੇ ਆਪਣੇ ਮੋਬਾਇਲ ਸਵਿੱਚ ਆਫ ਕਰ ਕੇ ਸੀਟਾਂ ਅੰਦਰ ਲੁਕਾ ਦਿੱਤੇ ਸਨ। ਔਰਤਾਂ ਅਤੇ ਬੱਚੇ ਸਾਰੇ ਡਰੇ ਹੋਏ ਸਨ ਪਰ ਸਾਰੇ ਠੀਕ ਢੰਗ ਨਾਲ ਪਹੁੰਚ ਗਏ।"
ਅਮਨ ਦੱਸਦੇ ਬਨ ਕਿ ਇੱਕ ਭਾਰਤ ਗੁਜਰਾਤੀ ਪਰਿਵਾਰ ਪੋਰਟ ਸੂਡਾਨ ਵਿੱਚ ਰਹਿੰਦਾ ਹੈ। ਉਸ ਪਰਿਵਾਰ ਦਾ ਮਿਲਨ ਭਾਈ ਨਾਮ ਦੇ ਵਿਅਕਤੀ ਅਮਨ ਦਾ ਦੋਸਤ ਹੈ। ਮਿਲਣ ਭਾਈ ਨੇ ਉਨ੍ਹਾਂ ਦੀ ਬਹੁਤ ਮਦਦ ਕੀਤੀ।
ਅਮਨ ਦੱਸਦੇ ਹਨ ਕਿ ਉਹ ਸਾਰੇ ਭਾਰਤੀਆਂ ਦੀ ਮਦਦ ਕਰ ਰਹੇ ਹਨ।
ਅਮਨ ਮੁਤਾਬਕ, "ਬੱਸ ਦਾ ਪ੍ਰਬੰਧ ਕਰਨ ਤੋਂ ਲੈ ਕੇ ਪੋਰਟ ਸੂਡਾਨ ਪਹੁੰਚਣ ਦੇ ਬਾਅਦ ਸਾਰਿਆਂ ਨੂੰ ਆਪਣੇ ਘਰ ਵਿੱਚ ਥਾਂ ਦਿੱਤੀ ਅਤੇ ਜਿਨ੍ਹਾਂ ਨੂੰ ਜੋ ਵੀ ਲੋੜ ਸੀ ਸਾਰਿਆਂ ਨੂੰ ਜ਼ਰੂਰਤ ਦਾ ਸਾਮਾਨ ਦਿੱਤਾ।"
ਅਮਨ ਦੱਸਦੇ ਹਨ ਕਿ ਪੋਰਟ ਸੂਡਾਨ ਤੋਂ ਇੰਡੀਅਨ ਨੇਵੀ ਦਾ ਜਹਾਜ਼ ਉਨ੍ਹਾਂ ਨੂੰ ਸਾਊਦੀ ਅਰਬ ਲੈ ਕੇ ਆਇਆ ਅਤੇ ਨੇਵੀ ਅਫ਼ਸਰਾਂ ਨੇ ਉਨ੍ਹਾਂ ਦੀ ਬਹੁਤ ਮਦਦ ਕੀਤੀ। ਉੱਥੋਂ ਫਿਰ ਉਹ ਹਵਾਈ ਜਹਾਜ਼ ਰਾਹੀਂ ਦਿੱਲੀ ਪਹੁੰਚੇ।

ਤਸਵੀਰ ਸਰੋਤ, Aman gupta
ਜਦੋਂ ਅਮਨ ਨੂੰ ਇਹ ਪੁੱਛਿਆ ਗਿਆ ਹਾਲਾਤ ਸੁਧਰਨ ਤੋਂ ਬਾਅਦ ਕੀ ਉਹ ਵਾਪਸ ਸੂਡਾਨ ਜਾਣਗੇ, ਇਸ ਬਾਰੇ ਉਨ੍ਹਾਂ ਨੇ ਕਿਹਾ ਕਿ ਅਜੇ ਉਹ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ ਪਰ ਸੂਡਾਨ ਵਿੱਚ ਛੇਤੀ ਸਾਰਾ ਕੁਝ ਠੀਕ ਹੋ ਜਾਏ ਇਸ ਦੀ ਉਹ ਅਰਦਾਸ ਕਰਦੇ ਹਨ।
ਅਮਨ ਕਹਿੰਦੇ ਹਨ, "ਅਜੇ ਤਾਂ ਅਸੀਂ ਆਪਣੇ ਘਰ ਦਾ ਸਾਰਾ ਸਾਮਾਨ ਉੱਥੇ ਛੱਡ ਆਏ ਸਿਰਫ਼ ਇੱਕ ਬੈਗ਼ ਲੈ ਕੇ ਵਾਪਸ ਆਏ ਹਾਂ। ਸੂਡਾਨ ਗਏ ਵੀ ਇਸ ਲਈ ਸੀ ਕਿ ਉੱਥੇ ਮੇਰੀ ਨੌਕਰੀ ਚੰਗੀ ਸੀ ਅਤੇ ਲੋਕ ਵੀ ਚੰਗੇ ਸਨ। ਅਜੇ ਵਾਪਸੀ ਬਾਰੇ ਕੁਝ ਨਹੀਂ ਕਹਿ ਸਕੇ।"
ਸੂਡਾਨ ਸਥਿਤ ਭਾਰਤੀ ਦੂਤਾਵਾਸ ਬਾਰੇ ਪੁੱਛਣ 'ਤੇ ਅਮਨ ਕਹਿੰਦੇ ਹਨ ਕਿ ਉਨ੍ਹਾਂ ਨੂੰ ਪੋਰਟ ਸੂਡਾਨ ਪਹੁੰਚਣ 'ਤੇ ਜਹਾਜ਼ ਤੋਂ ਵਾਪਸ ਲਿਆਂਦਾ ਗਿਆ, ਇਹੀ ਉਨ੍ਹਾਂ ਲਈ ਵੱਡੀ ਗੱਲ ਹੈ।
"ਅਜਿਹੇ ਹਾਲਾਤ ਵਿੱਚ ਜੋ ਜੋ ਵੀ ਸੰਭਵ ਸੀ ਸਭ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।"













