ਮੌਸਮੀ ਤਬਦੀਲੀ ਹਿਮਾਚਲ ਦੇ ਸੇਬ ਕਾਸ਼ਤਕਾਰਾਂ ਉੱਤੇ ਕਹਿਰ ਬਣਨ ਲੱਗੀ – ਗਰਾਊਂਡ ਰਿਪੋਰਟ

ਸੁਰੇਸ਼ ਕੁਮਾਰ
ਤਸਵੀਰ ਕੈਪਸ਼ਨ, ਸੁਰੇਸ਼ ਕੁਮਾਰ
    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

“ਸਾਡੀ ਤਾਂ ਰੋਜ਼ੀ-ਰੋਟੀ ਹੀ ਸੇਬ ਦੇ ਸਿਰ ਉਤੇ ਚੱਲਦੀ ਹੈ, ਪਿਛਲੇ ਸਾਲ ਅਸੀਂ 300 ਪੇਟੀਆਂ ਸੇਬ ਦੀਆਂ ਮੰਡੀ ਵਿੱਚ ਵੇਚੀਆਂ ਸਨ, ਪਰ ਇਸ ਵਾਰ ਤਾਂ 25 ਪੇਟੀਆਂ ਦੀ ਵੀ ਉਮੀਦ ਨਹੀਂ ਹੈ।”

ਇਹ ਸ਼ਬਦ ਸੇਬ ਦੇ ਕਾਸ਼ਤਕਾਰ ਸੁਰੇਸ਼ ਕੁਮਾਰ ਦੇ ਹਨ, ਜੋ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਕੋਟਖਾਈ ਇਲਾਕੇ ਵਿੱਚ ਪੈਂਦੇ ਪਿੰਡ ਪੁਡਗ ਦੇ ਰਹਿਣ ਵਾਲੇ ਹਨ।

ਸ਼ਿਮਲਾ ਤੋਂ ਕਰੀਬ 80 ਕਿਲੋਮੀਟਰ ਦੂਰ ਕੋਟਖਾਈ ਇਲਾਕੇ ਵਿੱਚ ਸਮੁੰਦਰੀ ਤਲ ਤੋਂ ਕਰੀਬ 5,000 ਫੁੱਟ ਦੀ ਉਚਾਈ ਉੱਤੇ ਸੁਰੇਸ਼ ਕੁਮਾਰ ਦਾ ਸੇਬ ਦਾ ਬਗੀਚਾ ਹੈ।

ਸੁਰੇਸ਼ ਕੁਮਾਰ ਦੱਸਦੇ ਹਨ ਕਿ ਕੁਝ ਸਾਲ ਪਹਿਲਾਂ ਤੱਕ ਉਨ੍ਹਾਂ ਨੂੰ ਸੇਬ ਤੋਂ ਠੀਕ-ਠਾਕ ਆਮਦਨ ਹੋ ਜਾਂਦੀ ਸੀ, ਪਰ ਹੁਣ ਫਲ ਦੀ ਪੈਦਾਵਾਰ ਵਿੱਚ ਗਿਰਾਵਟ ਆ ਰਹੀ ਹੈ, ਜਿਸ ਦਾ ਸਿੱਧਾ ਅਸਰ ਉਸ ਦੀ ਆਮਦਨ ਉਤੇ ਪੈ ਰਿਹਾ ਹੈ।

ਸੁਰੇਸ਼ ਕੁਮਾਰ ਮੁਤਾਬਕ ਬੂਟਿਆਂ ਨੂੰ ਫ਼ਲ ਹੀ ਨਹੀਂ ਲੱਗ ਰਿਹਾ ਅਤੇ ਜਿਨ੍ਹਾਂ ਬੂਟਿਆਂ ਨੂੰ ਫ਼ਲ ਲੱਗਿਆ ਹੈ, ਉਹ ਚੰਗੀ ਕਿਸਮ ਦੇ ਨਹੀਂ ਹਨ।

ਸੁਰੇਸ਼ ਕੁਮਾਰ ਦੀ ਤਿੰਨ ਧੀਆਂ ਹਨ ਅਤੇ ਘਰ ਦਾ ਗੁਜ਼ਾਰਾ ਸੇਬ ਦੀ ਫ਼ਸਲ ਉੱਤੇ ਨਿਰਭਰ ਹੈ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਸੁਰੇਸ਼ ਕੁਮਾਰ ਦੀ ਪਤਨੀ ਨਰਮਦਾ ਦੇਵੀ ਦੱਸਦੇ ਹਨ ਕਿ ਸਮਝ ਨਹੀਂ ਆ ਰਿਹਾ ਕਿ ਬੂਟਿਆਂ ਨੂੰ ਫਲ ਕਿਉਂ ਨਹੀਂ ਲੱਗ ਰਿਹਾ, ਖਾਧ, ਪਾਣੀ ਅਤੇ ਬੂਟਿਆਂ ਦੀ ਸੰਭਾਲ ਪਹਿਲਾਂ ਵਾਂਗ ਹੀ ਹੈ, ਪਰ ਉਨ੍ਹਾਂ ਦੀ ਆਮਦਨੀ ਵਿੱਚ ਲਗਾਤਾਰ ਗਿਰਾਵਟ ਦਰਜ ਹੋ ਰਹੀ ਹੈ, ਜੋ ਉਨ੍ਹਾਂ ਲਈ ਚਿੰਤਾਜਨਕ ਹੈ।

ਸੁਰੇਸ਼ ਕੁਮਾਰ ਕਹਿੰਦੇ ਹਨ ਇਸ ਵਾਰ ਬਰਸਾਤ ਨਹੀਂ ਹੋ ਰਹੀ, ਪਿਛਲੇ ਸਾਲ ਜਿਆਦਾ ਮੀਂਹ ਕਾਰਨ ਫ਼ਸਲ ਬਰਬਾਦ ਹੋ ਗਈ ਸੀ।

ਵੀਡੀਓ ਕੈਪਸ਼ਨ, ਹਿਮਾਚਲ ਵਿੱਚ ਸੇਬਾਂ ਦੀ ਖੇਤੀ ਮੌਸਮ ਦੀ ਮਾਰ ਨਾਲ ਕਿਵੇਂ ਖ਼ਤਮ ਹੋ ਰਹੀ

ਸੁਰੇਸ਼ ਕੁਮਾਰ ਦਾ ਸੇਬ ਦਾ ਬਗੀਚਾ 9 ਵਿੱਘਿਆਂ ਵਿੱਚ ਹੈ ਅਤੇ ਇਸੇ ਫ਼ਸਲ ਦੇ ਸਿਰ ਉੱਤੇ ਹੀ ਉਨ੍ਹਾਂ ਦੇ ਘਰ ਦਾ ਖਰਚਾ ਚੱਲਦਾ ਹੈ।

ਪੁਡਗ ਪਿੰਡ ਦੇ ਹੀ ਵਿਸ਼ਾਲ ਸਾਂਕਟਾ ਹਨ ਜੋ ਕਰੀਬ 33 ਵਿੱਘਿਆ ਵਿੱਚ ਸੇਬ ਦੀ ਕਾਸ਼ਤ ਕਰਦੇ ਹਨ।

ਵਿਸ਼ਾਲ ਦੱਸਦੇ ਹਨ ਕਿ ਪਹਿਲਾਂ ਉਨ੍ਹਾਂ ਦੇ ਪਿੰਡ ਵਿੱਚ ਕਾਫੀ ਬਰਫ਼ਬਾਰੀ ਹੁੰਦੀ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਇਹ ਰੁਝਾਨ ਘੱਟ ਹੋਇਆ ਹੈ।

ਉਹ ਦੱਸਦੇ ਹਨ ਕਿ ਬਰਫ਼ਬਾਰੀ ਤਾਂ ਇਕ ਪਾਸੇ ਇਸ ਵਾਰ ਤਾਂ ਮੀਂਹ ਵੀ ਨਹੀਂ ਪੈ ਰਿਹਾ, ਜਿਸ ਕਾਰਨ ਸੇਬ ਦੀ ਪੈਦਾਵਾਰ ਘੱਟ ਰਹੀ ਹੈ।

ਹਿਮਾਚਲੀ ਸੇਬ
ਤਸਵੀਰ ਕੈਪਸ਼ਨ, ਹਿਮਾਚਲ ਪ੍ਰਦੇਸ਼ ਦੀ ਆਰਥਿਕਤਾ ਵਿੱਚ ਬਾਗ਼ਬਾਨੀ ਤੋਂ ਹੋਣ ਵਾਲੀ ਆਮਦਨ ਦਾ ਬਹੁਤ ਵੱਡਾ ਯੋਗਦਾਨ ਹੈ

ਸੁਰੇਸ਼ ਕੁਮਾਰ ਨੇ ਆਪਣੇ ਬਗੀਚੇ ਨੂੰ ਹੁਣ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਹੈ ਇਕ ਹਿੱਸੇ ਵਿੱਚ ਉਨ੍ਹਾਂ ਨੇ ਆਧੁਨਿਕ ਢੰਗ ਭਾਵ ਪੌਲੀ ਹਾਊਸ ਸਥਾਪਤ ਕੀਤਾ ਹੈ, ਜਿੱਥੇ ਉਸ ਨੂੰ ਸੇਬ ਦੀ ਚੰਗੀ ਪੈਦਾਵਰ ਮਿਲ ਰਹੀ ਹੈ ਜਦੋਕਿ ਬਾਕੀ ਬਗੀਚਾ ਜੋ ਕਿ ਪੁਰਾਤਨ ਤਰੀਕੇ ਦਾ ਹੈ, ਉੱਥੇ ਪੈਦਾਵਾਰ ਘੱਟ ਰਹੀ ਹੈ।

ਵਿਸ਼ਾਲ ਸਾਂਕਟਾ ਕਹਿੰਦੇ ਹਨ ਕਿ ਉਹ ਸਰਦੀਆਂ ਵਿੱਚ ਬਰਫ਼ਬਾਰੀ ਦੀ ਘਾਟ ਅਤੇ ਗਰਮੀਆਂ ਵਿੱਚ ਮੀਂਹ ਦੀ ਘਾਟ ਦੀ ਦਿੱਕਤ ਨਾਲ ਉਹ ਜੂਝ ਰਹੇ ਹਨ। ਇਹ ਦੋਵੇ ਚੀਜ਼ਾਂ ਸੇਬ ਲਈ ਬਹੁਤ ਜ਼ਰੂਰੀ ਹਨ ਪਰ ਜਿਸ ਤਰੀਕੇ ਨਾਲ ਪਹਾੜੀ ਇਲਾਕਿਆਂ ਵਿੱਚ ਤਾਪਮਾਨ ਵਿੱਚ ਵਾਧਾ ਹੋ ਰਿਹਾ ਹੈ ਉਸ ਨਾਲ ਫਸਲ ਨੂੰ ਇਸ ਦੀ ਸਿੱਧੀ ਮਾਰ ਪੈ ਰਹੀ ਹੈ।

ਉਹ ਦੱਸਦੇ ਹਨ ਕਿ ਕਿਸੇ ਸਮੇਂ ਸੇਬ ਦੀ ਕਾਸ਼ਤ ਸਮੁੰਦਰੀ ਤਲ ਤੋਂ 3500 ਫੁੱਟ ਦੀ ਉਚਾਈ ਤੱਕ ਹੁੰਦੀ ਸੀ ਪਰ ਹੁਣ ਜਿਸ ਤਰੀਕੇ ਨਾਲ ਪਹਾੜਾਂ ਵਿੱਚ ਤਾਪਮਾਨ ਵੱਧ ਰਿਹਾ ਅਤੇ ਮੀਂਹ ਦੀ ਕਮੀ ਹੋ ਰਹੀ ਹੈ, ਉਸ ਹਿਸਾਬ ਨਾਲ 5 ਹਜਾਰ ਫੁੱਟ ਉਤੇ ਵੀ ਫ਼ਸਲ ਆਉਣ ਵਾਲੇ ਸਮੇਂ ਵਿੱਚ ਖ਼ਤਮ ਹੋ ਜਾਵੇਗੀ।

ਵਿਸ਼ਾਲ ਸਾਂਕਟਾ ਦਾ ਮੰਨਣਾ ਹੈ ਕਿ ਘੱਟ ਠੰਡੀਆਂ ਕਿਸਮਾਂ ਨੂੰ ਅਪਣਾਉਣ ਲਈ ਨਿਵੇਸ਼ ਦੀ ਲੋੜ ਹੋਵੇਗੀ ਅਤੇ ਉਤਪਾਦਨ ਵੀ ਘਟੇਗਾ।

ਬਾਗ਼ਬਾਨੀ ਨੂੰ ਜਲਵਾਯੂ ਪਰਿਵਰਤਨ ਮੁਤਾਬਕ ਢਾਲਣ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ “ਸਾਨੂੰ ਮੀਂਹ ਅਤੇ ਬਰਫ਼ ਦੀ ਲੋੜ ਹੈ। ਤੁਸੀਂ ਉਨ੍ਹਾਂ ਦੀ ਕਮੀ ਨੂੰ ਕਿਵੇਂ ਪੂਰਾ ਕਰ ਸਕਦੇ ਹੋ ਅਤੇ ਇਸ ਤੋਂ ਬਿਨਾਂ ਸੇਬਾਂ ਦਾ ਸਹੀ ਉਤਪਾਦਨ ਕਿਵੇਂ ਹੋ ਸਕਦਾ ਹੈ?”

ਹਿਮਾਚਲ ਪ੍ਰਦੇਸ਼ ਵਿੱਚ ਸੇਬ ਦੀ ਕਾਸ਼ਤ, ਸਰਕਾਰੀ ਅੰਕੜੇ

ਹਿਮਾਚਲੀ ਸੇਬ
ਤਸਵੀਰ ਕੈਪਸ਼ਨ, ਫਲਾਂ ਤੋਂ ਹਿਮਾਚਲ ਪ੍ਰਦੇਸ਼ ਨੂੰ ਕਰੀਬ ₹5,000 ਕਰੋੜ ਦੀ ਔਸਤਨ ਸਾਲਾਨਾ ਕਮਾਈ ਹੁੰਦੀ ਹੈ

ਭਾਰਤ ਵਿੱਚ ਸੇਬ ਪੈਦਾ ਕਰਨ ਵਾਲੇ ਸੂਬਿਆਂ ਵਿੱਚ ਜੰਮੂ- ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਪ੍ਰਸਿੱਧ ਹਨ। ਹਿਮਾਚਲ ਪ੍ਰਦੇਸ਼ ਦੀ ਆਰਥਿਕਤਾ ਵਿੱਚ ਬਾਗ਼ਬਾਨੀ ਤੋਂ ਹੋਣ ਵਾਲੀ ਆਮਦਨ ਦਾ ਬਹੁਤ ਵੱਡਾ ਯੋਗਦਾਨ ਹੈ।

ਖਾਸ ਤੌਰ ਉਤੇ ਸੇਬ ਦੇ ਉਤਪਾਦਨ ਨੇ ਹਿਮਾਚਲ ਪ੍ਰਦੇਸ਼ ਦੇ ਕੁਝ ਕਿਸਾਨਾਂ ਨੂੰ ਚੰਗੀ ਆਮਦਨੀ ਦਿੱਤੀ ਹੈ।

ਫਲਾਂ ਤੋਂ ਹਿਮਾਚਲ ਪ੍ਰਦੇਸ਼ ਨੂੰ ਕਰੀਬ ₹5,000 ਕਰੋੜ ਦੀ ਔਸਤਨ ਸਾਲਾਨਾ ਕਮਾਈ ਹੁੰਦੀ ਹੈ ਅਤੇ ਇਹ ਖੇਤਰ ਸਿੱਧੇ ਅਤੇ ਅਸਿੱਧੇ ਤੌਰ 'ਤੇ 9 ਲੱਖ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ।

ਪਰ ਜਲਵਾਯੂ ਤਬਦੀਲੀ ਦਾ ਅਸਰ ਬਾਗ਼ਬਾਨੀ ਖਾਸ ਤੌਰ ਉਤੇ ਸੇਬ ਦੀ ਫ਼ਸਲ ਉੱਤੇ ਕਾਫੀ ਹੱਦ ਤੱਕ ਪੈ ਰਿਹਾ ਹੈ ਜਿਸ ਦੀ ਪੁਸ਼ਟੀ ਹਿਮਾਚਲ ਸਰਕਾਰ ਦੇ ਬਾਗ਼ਬਾਨੀ ਵਿਭਾਗ ਦੇ ਅੰਕੜੇ ਕਰਦੇ ਹਨ।

ਹਿਮਾਚਲ ਬਾਗ਼ਬਾਨੀ ਵਿਭਾਗ ਦੇ ਅੰਕੜਿਆਂ ਮੁਤਾਬਕ 2010-11 ਵਿੱਚ ਇੱਥੇ ਸੇਬ ਦਾ ਕੁਲ ਉਤਪਾਦਨ 8 ਲੱਖ 92 ਹਜਾਰ 112 ਮੈਟ੍ਰਿਕ ਟਨ ਹੋਇਆ ਸੀ ਜੋ ਕਿ ਰਿਕਾਰਡ ਤੋੜ ਸੀ,ਪਰ ਉਸ ਤੋਂ ਬਾਅਦ ਸੇਬ ਦੀ ਪੈਦਵਾਰ ਵਿੱਚ ਗਿਰਾਵਟ ਦਰਜ ਹੋ ਰਹੀ ਹੈ।

ਸਾਲ 2022-23 ਵਿੱਚ 6 ਲੱਖ 72 ਹਜ਼ਾਰ 34 ਮੈਟ੍ਰਿਕ ਟਨ ਅਤੇ ਸਾਲ 2023-24 ਵਿੱਚ ਸੇਬ ਦਾ ਉਤਾਪਦਨ 5 ਲੱਖ 66 ਹਜਾਰ 87 ਮੈਟ੍ਰਿਕ ਟਨ ਹੀ ਰਹਿ ਗਿਆ।

ਮਾਹਰ ਸੇਬ ਦੇ ਘੱਟਦੇ ਉਤਾਪਦਨ ਲਈ ਜਲਵਾਯੂ ਪਰਿਵਰਤਨ ਨੂੰ ਮੁੱਖ ਕਾਰਨ ਮੰਨ ਰਹੇ ਹਨ ।

ਹਿਮਾਚਲ ਪ੍ਰਦੇਸ਼
ਤਸਵੀਰ ਕੈਪਸ਼ਨ, ਮੌਸਮੀ ਤਬਦੀਲੀ ਦੇ ਕਾਰਨ ਸੇਬ ਅਤੇ ਹੋਰ ਫਲਦਾਰ ਬੂਟਿਆਂ ਉਤੇ ਬਿਮਾਰੀਆਂ ਦਾ ਪ੍ਰਕੋਪ ਵੱਧ ਰਿਹਾ ਹੈ

ਹਿਮਾਚਲ ਪ੍ਰਦੇਸ਼ ਦੇ ਸੋਲਨ ਸਥਿਤੀ ਡਾਕਟਰ ਵਾਈ ਐਸ ਪਰਮਾਰ ਹੋਰਟੀਕਲਚਰ ਐਂਡ ਫੋਰੈਸਟਰੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋਫੇਸਰ ਰਾਜੇਸ਼ਵਰ ਸਿੰਘ ਚੰਦੇਲ ਮੁਤਾਬਕ ਮੌਸਮੀ ਤਬਦੀਲੀ ਦਾ ਸੰਕਟ ਆਉਣ ਵਾਲੇ ਦਿਨਾਂ ਵਿੱਚ ਹੋਰ ਵਧੇਗਾ ਅਤੇ ਇਸ ਦਾ ਸਾਹਮਣਾ ਕਰਨਾ ਇਕ ਵੱਡੀ ਚੁਣੌਤੀ ਹੈ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੌਸਮੀ ਤਬਦੀਲੀ ਦੇ ਕਾਰਨ ਜਾਂ ਤਾਂ ਮੀਂਹ ਪੈ ਹੀ ਨਹੀਂ ਰਿਹਾ, ਜੇਕਰ ਪੈ ਰਿਹਾ ਹੈ ਤਾਂ ਉਹ ਹੜ ਵਰਗੀ ਸਥਿਤੀ ਪੈਦਾ ਕਰ ਰਿਹਾ ਹੈ, ਇਸੀ ਸਥਿਤੀ ਦਾ ਸਾਹਮਣਾ ਕਰਨਾ ਸਭ ਤੋਂ ਵੱਡੀ ਚੁਣੌਤੀ ਹੈ।

ਉਨ੍ਹਾਂ ਦੱਸਿਆ ਕਿ ਪਹਾੜੀ ਇਲਾਕਿਆਂ ਵਿੱਚ ਤਾਪਮਾਨ ਦੇ ਵਾਧੇ ਦੇ ਕਾਰਨ ਸੇਬ ਹੁਣ ਉਚਾਈ ਵਾਲੇ ਇਲਾਕਿਆਂ ਵਿੱਚ ਪੈਦਾ ਹੋਣ ਲੱਗਾ ਹੈ।

ਉਨ੍ਹਾਂ ਮੁਤਾਬਕ ਤਾਪਮਾਨ ਵਿੱਚ ਇਕ ਦਮ ਵਾਧਾ ਹੁੰਦਾ ਹੈ ਅਤੇ ਫਿਰ ਮੌਸਮ ਠੰਢਾ ਹੋ ਜਾਂਦਾ ਹੈ, ਜਿਸ ਕਾਰਨ ਬੂਟਿਆਂ ਅਤੇ ਪੈਦਾ ਹੋਣ ਵਾਲੇ ਫਲਾਂ ਦਾ ਸੰਤੁਲਨ ਵਿਗੜ ਰਿਹਾ ਹੈ।

ਉਨ੍ਹਾਂ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੀ ਖੇਤੀਬਾੜੀ ਕੁਦਰਤ ਉਤੇ ਬਹੁਤ ਨਿਰਭਰ ਕਰਦੀ ਹੈ ਕਿਉਂਕਿ ਇਥੇ ਸਿੰਚਾਈ ਦੇ ਉਚਿਤ ਦੇ ਪ੍ਰਬੰਧ ਨਹੀਂ ਹੈ।

ਮੌਸਮੀ ਤਬਦੀਲੀ ਦੇ ਕਾਰਨ ਸੇਬ ਅਤੇ ਹੋਰ ਫਲਦਾਰ ਬੂਟਿਆਂ ਉਤੇ ਬਿਮਾਰੀਆਂ ਦਾ ਪ੍ਰਕੋਪ ਵੱਧ ਰਿਹਾ ਹੈ ਜਿਸ ਦਾ ਕਾਰਨ ਸੂਬੇ ਵਿੱਚ ਫਲਾਂ ਦੇ ਉਤਪਾਦਨ ਵਿੱਚ ਕਮੀਂ ਦਰਜ ਕੀਤੀ ਜਾ ਰਹੀ ਹੈ।

ਪ੍ਰੋਫੈਸਰ ਰਾਜੇਸ਼ਵਰ ਸਿੰਘ ਚੰਦੇਲ ਮੁਤਾਬਕ ਜਿਸ ਤਰੀਕੇ ਨਾਲ ਮੌਸਮ ਵਿੱਚ ਤਬਦੀਲੀ ਆ ਰਹੀ ਹੈ ਉਸ ਦਾ ਟਾਕਰਾ ਕਰਨ ਦੇ ਲਈ ਕਿਸਾਨਾਂ ਨੂੰ ਆਪਣੇ ਖੇਤੀ ਕਰਨ ਦੇ ਤਰੀਕੇ ਖਾਸ ਤੌਰ ਉਤੇ ਕੁਦਰਤੀ ਖੇਤੀ ਅਪਣਾਉਣੀ ਹੋਵੇਗੀ।

ਇਹ ਵੀ ਪੜ੍ਹੋ-

ਕੀ ਕਹਿੰਦਾ ਹੈ ਹਿਮਾਚਲ ਪ੍ਰਦੇਸ਼ ਦਾ ਮੌਸਮ

ਸ਼ਿਮਲਾ ਵਿਚਲੇ ਮੌਸਮ ਵਿਭਾਗ ਦੇ ਡਾਇਰੈਕਟਰ ਕੁਲਦੀਪ ਸ੍ਰੀਵਾਸਤਵ ਨੇ ਪਿਛਲੇ ਦਸ ਸਾਲ ਦੇ ਅੰਕੜੇ ਬੀਬੀਸੀ ਪੰਜਾਬੀ ਨਾਲ ਸਾਂਝੇ ਕਰਦਿਆਂ ਆਖਿਆ ਕਿ ਤਾਪਮਾਨ ਵਿੱਚ ਤੇਜੀ ਨਾਲ ਵਾਧਾ ਹੁੰਦਾ ਜਾ ਰਿਹਾ ਹੈ।

ਉਹ 1901 ਤੋਂ ਲੈ ਕੇ 2023 ਤੱਕ ਦੇ ਅੰਕੜਿਆਂ ਦਾ ਹਵਾਲੇ ਦਿੰਦਿਆਂ ਕਹਿੰਦੇ ਹਨ ਆਮ ਤਾਪਮਾਨ ਤੋਂ .7 ਸੈਂਟੀਗ੍ਰੇਡ ਦਾ ਵਾਧਾ ਦਰਜ ਕੀਤਾ ਰਿਹਾ ਹੈ।

ਉਨ੍ਹਾਂ ਨੇ ਦੱਸਿਆ ਕਿ ਮੌਸਮ ਵਿੱਚ ਆਈ ਇਸ ਤਬਦੀਲੀ ਦਾ ਕਾਰਨ ਸੂਬੇ ਵਿੱਚ ਬਰਫਬਾਰੀ ਦਾ ਘੱਟ ਹੋਣਾ ਹੈ।

ਉਨ੍ਹਾਂ ਨੇ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਬਰਫਬਾਰੀ ਵਿੱਚ ਕਮੀ ਦਰਜ ਕੀਤੀ ਜਾ ਰਹੀ ਹੈ।

ਸੇਬ ਦੇ ਬਾਗ 4,000 ਫੁੱਟ ਤੋਂ ਲੈ ਕੇ 10,000 ਫੁੱਟ ਦੀ ਉਚਾਈ 'ਤੇ ਸਥਿਤ ਹਨ। ਸੇਬ ਦਾ ਸੀਜ਼ਨ ਜੁਲਾਈ ਤੋਂ ਅਕਤੂਬਰ ਤੱਕ ਦਾ ਮੰਨਿਆ ਜਾਂਦਾ ਹੈ।

ਸੇਬ ਦੀ ਤੂੜਾਈ ਦਾ ਕੰਮ ਥੱਲੇ ਤੋਂ ਪਹਿਲਾਂ ਸ਼ੁਰੂ ਹੁੰਦਾ ਹੈ ਅਤੇ ਹੌਲੀ-ਹੌਲੀ ਉਪਰਲੇ ਖੇਤਰਾਂ ਵੱਲ ਵਧਦਾ ਹੈ।

ਵਾਤਾਵਰਣ ਤਬਦੀਲੀ ਦਾ ਸੇਬਾਂ ਉੱਤੇ ਅਸਰ

ਹਿਮਾਚਲੀ ਸੇਬ
ਤਸਵੀਰ ਕੈਪਸ਼ਨ, ਹਿਮਾਚਲ ਪ੍ਰਦੇਸ਼ ਵਿੱਚ ਸੇਬ ਦੀ ਵਪਾਰਕ ਖੇਤੀ ਦਾ ਮੁੱਢ ਸੱਤਿਆਨੰਦ ਸਟੋਕਸ ਨੇ ਹੀ ਬੰਨਿਆ

ਹਿਮਾਚਲ ਪ੍ਰਦੇਸ਼ ਵਿੱਚ ਸੇਬ ਦੀ ਖੇਤੀ ਬ੍ਰਿਟਿਸ਼ ਰਾਜ ਸਮੇਂ ਹੋਈ ਸੀ।

1870 ਵਿੱਚ ਬ੍ਰਿਟਿਸ ਸੈਨਾ ਦੇ ਕੈਪਟਨ ਏਏ ਲੀ ਨੇ ਕੁੱਲੂ ਵਾਦੀ ਵਿੱਚ ਸੇਬ ਦਾ ਪਹਿਲਾਂ ਬਗੀਚਾ ਸਥਾਪਤ ਕੀਤਾ ਸੀ। ਇਸ ਤੋਂ ਬਾਅਦ ਅਮਰੀਕੀ ਨਾਗਰਿਕ ਸੱਤਿਆਨੰਦ ਸਟੋਕਸ ਨੇ ਅਮਰੀਕਾ ਤੋਂ “ਰਾਇਲ” ਕਿਸਮ ਦੇ ਸੇਬ ਦੇ ਬੂਟੇ ਲਿਆ ਕੇ ਕੋਟਗੜ੍ਹ ਇਲਾਕੇ ਵਿੱਚ ਲਗਾਏ।

ਦੂਜੇ ਸ਼ਬਦਾਂ ਵਿੱਚ ਇਹ ਵੀ ਆਖਿਆ ਜਾ ਸਕਦਾ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਸੇਬ ਦੀ ਵਪਾਰਕ ਖੇਤੀ ਦਾ ਮੁੱਢ ਸੱਤਿਆਨੰਦ ਸਟੋਕਸ ਨੇ ਹੀ ਬੰਨਿਆ। ਸੱਤਿਆਨੰਦ ਸਟੋਕਸ ਦੀ ਤੀਜੀ ਪੀੜੀ ਹੁਣ ਵੀ ਥਾਣੇਧਾਰ ਪਿੰਡ ਵਿੱਚ ਸੇਬ ਦੀ ਖੇਤੀ ਕਰਦੀ ਹੈ।

ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਵਿਜੈ ਸਟੋਕਸ ਨੇ ਦੱਸਿਆ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੌਸਮੀ ਤਬਦੀਲੀ ਨੇ ਸੇਬ ਦੀ ਫਸਲ ਨੂੰ ਪ੍ਰਭਾਵਿਤ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਠੰਢੇ ਮੌਸਮ ਦੇ ਕਾਰਨ ਹੀ ਉਹਨਾਂ ਦੇ ਦਾਦਾ ਜੀ ਨੇ ਇੱਥੇ ਸੇਬ ਦੀ ਖੇਤੀ ਕੀਤੀ ਸੀ ਪਰ ਹੁਣ ਜਿਸ ਤਰੀਕੇ ਨਾਲ ਇਥੇ ਤਾਪਮਾਨ ਵੱਧ ਰਿਹਾ ਹੈ ਸੇਬ ਦੀਆਂ ਦੀਆਂ ਕਈ ਕਿਸਮਾਂ ਖਾਸ ਤੌਰ ਉਤੇ “ਰਾਇਲ” ਕਿਸਮ ਉੱਚ ਪਹਾੜੀ ਇਲਾਕਿਆਂ ਵਿੱਚ ਪੈਦਾ ਹੋਣ ਲੱਗੀ ਹੈ।

ਉਨ੍ਹਾਂ ਨੇ ਦੱਸਿਆ ਕਿ ਸੇਬ ਦੀ ਫਸਲ ਉਤੇ ਕੀਟ ਨਾਸ਼ਕ ਦਾ ਹਮਲਾ ਵੀ ਵੱਧ ਗਿਆ ਹੈ ਜਿਸ ਕਾਰਨ ਦਵਾਈ ਦਾ ਛਿੜਕਾਅ ਜ਼ਿਆਦਾ ਕਰਨਾ ਪੈਦਾ ਹੈ।

ਵਿਜੇ ਸਟੋਕਸ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੀ ਖੇਤੀ ਮੀਂਹ ਉਤੇ ਨਿਰਭਰ ਕਰਦੀ ਹੈ ਪਰ ਫਸਲ ਨੂੰ ਜਦੋਂ ਲੋੜ ਮੁਤਾਬਕ ਪਾਣੀ ਨਹੀਂ ਮਿਲੇਗਾ ਤਾਂ ਇਸ ਦਾ ਅਸਰ ਫਲ ਉਤੇ ਜਰੂਰ ਪਵੇਗਾ ਜਿਸ ਕਾਰਨ ਸੇਬ ਦਾ ਸੁਆਦ ਵੀ ਵਿਗੜ ਰਿਹਾ ਹੈ।

ਮਾਹਰ ਕੀ ਕਹਿ ਰਹੇ

ਸੋਲਨ ਦੀ ਬਾਗ਼ਬਾਨੀ ਯੂਨੀਵਰਸਿਟੀ ਦੇ ਸੇਵਾਮੁਕਤ ਨਿਰਦੇਸ਼ਕ ਐੱਸਪੀ ਭਾਰਦਵਾਜ
ਤਸਵੀਰ ਕੈਪਸ਼ਨ, ਸੋਲਨ ਦੀ ਬਾਗ਼ਬਾਨੀ ਯੂਨੀਵਰਸਿਟੀ ਦੇ ਸੇਵਾਮੁਕਤ ਨਿਰਦੇਸ਼ਕ ਐੱਸਪੀ ਭਾਰਦਵਾਜ

ਸੋਲਨ ਦੀ ਬਾਗ਼ਬਾਨੀ ਯੂਨੀਵਰਸਿਟੀ ਦੇ ਸੇਵਾਮੁਕਤ ਨਿਰਦੇਸ਼ਕ ਐੱਸਪੀ ਭਾਰਦਵਾਜ ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਸੇਬਾਂ ਦੇ ਬਾਗਾਂ ਨੂੰ ਖ਼ਰਾਬ ਮੌਸਮ ਦੀ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਸਰਦੀਆਂ ਦੇ ਮੌਸਮ ਵਿੱਚ ਬਹੁਤ ਘੱਟ ਜਾਂ ਫਿਰ ਨਾਮਾਤਰ ਦੀ ਬਰਫ਼ਬਾਰੀ ਹੁੰਦੀ ਹੈ।

ਇਸ ਤੋਂ ਬਾਅਦ ਜਦੋਂ ਬੂਟੇ ਨੂੰ ਫੁੱਲ ਪੈਣ ਲੱਗਦਾ ਹੈ ਤਾਂ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਅਤੇ ਜਦੋਂ ਫਲ ਪੂਰੀ ਤਰ੍ਹਾਂ ਤਿਆਰ ਜਾਂਦੇ ਹਨ ਤਾਂ ਗੜੇਮਾਰੀ ਅਤੇ ਢਿੱਗਾਂ ਡਿੱਗਣ ਕਾਰਨ ਫਸਲ ਤਬਾਹ ਹੋ ਰਹੀ ਹੈ। ਇਸ ਤਰ੍ਹਾਂ, ਖਰਾਬ ਮੌਸਮ ਨੇ ਸੇਬ ਦੇ ਉਤਪਾਦਨ ਦੀ ਮਾਤਰਾ ਤੋਂ ਲੈ ਕੇ ਇਸ ਨਾਲ ਜੁੜੀ ਹਰ ਚੀਜ਼ 'ਤੇ ਮਾੜਾ ਪ੍ਰਭਾਵ ਪਾਇਆ।

ਐਸ ਪੀ ਭਰਦਵਾਜ ਨੇ ਦੱਸਿਆ ਕਿ ਸੇਬਾਂ ਦੀਆਂ ਵੱਖ-ਵੱਖ ਕਿਸਮਾਂ ਨੂੰ ਠੰਢ ਦੇ ਵੱਖ-ਵੱਖ ਪੱਧਰਾਂ ਦੀ ਲੋੜ ਹੁੰਦੀ ਹੈ, ਉਦਾਹਰਨ ਲਈ,' ਮਿੱਠੇ ਸੇਬ' ਨੂੰ 800-1,200 ਘੰਟਿਆਂ ਦੀ ਠੰਢ ਅਤੇ ਸੱਤ ਡਿਗਰੀ ਤੋਂ ਘੱਟ ਤਾਪਮਾਨ ਦੀ ਲੋੜ ਹੁੰਦੀ ਹੈ। ਠੰਢਾ ਪਾਣੀ ਮਿੱਟੀ ਵਿੱਚ ਸਮਾ ਜਾਂਦਾ ਹੈ ਅਤੇ ਜੜ੍ਹਾਂ ਨੂੰ ਠੰਢਕ ਦਿੰਦਾ ਹੈ।

ਇਸ ਤੋਂ ਇਲਾਵਾ ਸੇਬ ਨੂੰ ਨਮੀ, ਨਿੱਘ ਅਤੇ ਸੂਰਜ ਦੀ ਰੌਸ਼ਨੀ ਦੀ ਲੋੜ ਹੁੰਦੀ ਹੈ।

ਉਨ੍ਹਾਂ ਨੇ ਦੱਸਿਆ ਕਿ ਗਰਮੀਆਂ ਵਿੱਚ ਚੰਗੀ ਬਾਰਿਸ਼ ਸੇਬ ਦੇ ਵਾਧੇ ਲਈ ਅਨੁਕੂਲ ਹਾਲਾਤ ਪ੍ਰਦਾਨ ਕਰਦੀ ਹੈ। ਇਸ ਕਾਰਨ ਪੌਦੇ ਸੁੱਕਦੇ ਨਹੀਂ ਹਨ।

ਪਰ ਜੇਕਰ ਮਾਨਸੂਨ ਦੌਰਾਨ ਜ਼ਿਆਦਾ ਬਾਰਿਸ਼ ਹੁੰਦੀ ਹੈ ਤਾਂ ਮਿੱਟੀ ਢਿੱਲੀ ਹੋ ਜਾਂਦੀ ਹੈ ਜਿਸ ਨਾਲ ਸੇਬ ਦੀ ਫ਼ਸਲ ਦਾ ਨੁਕਸਾਨ ਹੁੰਦਾ ਹੈ।

ਐਸ ਪੀ ਭਰਦਵਾਜ ਮੁਤਾਬਕ ਸੇਬਾਂ ਦੀ ਗੁਣਵੱਤਾ ਖ਼ਰਾਬ ਹੋ ਰਹੀ ਹੈ, ਜਿਸ ਕਾਰਨ ਕੁਦਰਤੀ ਖੇਤੀ ਵਿੱਚ ਮੁਨਾਫ਼ਾ ਘਟ ਗਿਆ ਹੈ ਜਿਸ ਲਈ ਮੁੱਢਲੇ ਤੌਰ ਉਤੇ ਜਲਵਾਯੂ ਤਬਦੀਲੀ ਜ਼ਿੰਮੇਵਾਰ ਹੈ।

ਉਨ੍ਹਾਂ ਨੇ ਦੱਸਿਆ ਕਿ ਜੇਕਰ ਸਥਿਤੀ ਇਹੀ ਰਹੀ ਤਾਂ ਸੇਬ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਆਰਥਿਕ ਤੌਰ ਉਤੇ ਇਸ ਦਾ ਕਾਫੀ ਨੁਕਸਾਨ ਹੋਵੇਗਾ।

ਉਹ ਦੱਸਦੇ ਹਨ ਕਿ ਹਿਮਾਚਲ ਪ੍ਰਦੇਸ਼ ਵਿੱਚ ਪੈਦਾ ਹੋਣ ਵਾਲੇ ਸੇਬ ਦਾ ਸੁਆਦ ਹੁਣ ਪਹਿਲਾਂ ਵਾਂਗ ਨਹੀਂ ਰਿਹਾ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)