ਪੰਜਾਬ ਦੀ ਨਰਮਾ ਪੱਟੀ ਦੇ ਕਿਸਾਨ ਝੋਨਾ ਲਾਉਣ ਨੂੰ ਕਿਉਂ ਮਜਬੂਰ ਹੋ ਰਹੇ, ਮਾਹਰਾਂ ਤੇ ਸਿਆਸਤਦਾਨਾਂ ਨੂੰ ਕੀ ਚਿੰਤਾ

ਤਸਵੀਰ ਸਰੋਤ, BBC/Sukhwinder Singh
- ਲੇਖਕ, ਸੁਖਵਿੰਦਰ ਸਿੰਘ
- ਰੋਲ, ਬੀਬੀਸੀ ਸਹਿਯੋਗੀ
ਫ਼ਾਜ਼ਿਲਕਾ ਜ਼ਿਲ੍ਹਾ ਪੰਜਾਬ ਦੀ ਨਰਮਾ ਪੱਟੀ ਵਜੋਂ ਜਾਣੇ ਜਾਂਦੇ ‘ਦੱਖਣੀ ਮਾਲਵਾ’ ਇਲਾਕੇ ਵਿੱਚ ਪੈਂਦਾ ਹੈ।
ਇਸ ਦਾ ਪਾਣੀ ਡੂੰਘਾ ਤੇ ਖ਼ਾਰਾ ਹੈ।
ਇੱਥੋਂ ਦੇ ਕਿਸਾਨ ਰਵਾਇਤੀ ਤੌਰ ਉੱਤੇ ਨਰਮੇ ਦੀ ਫ਼ਸਲ ਬੀਜਦੇ ਰਹੇ ਹਨ।
ਨਰਮੇ ਦੀ ਫ਼ਸਲ ਜਿੱਥੇ ਇੱਥੋਂ ਜ਼ਮੀਨ ਲਈ ਠੀਕ ਰਹਿੰਦੀ ਸੀ ਉੱਥੇ ਹੀ ਇਹ ‘ਬੇਜ਼ਮੀਨੇ ਮਜ਼ਦੂਰਾਂ’ ਲਈ ਵੀ ਰੁਜ਼ਗਾਰ ਦਾ ਸਾਧਨ ਸੀ।
ਪਰ ਪੰਜਾਬ ਦੀ ਨਰਮਾ ਪੱਟੀ ਦੇ ਹਾਲਾਤ ਬਦਲ ਰਹੇ ਹਨ ਜਿਸ ਬਾਰੇ ਮਾਹਰ ਤੇ ਸਿਆਸਤਦਾਨ ਵੀ ਚਿੰਤਤ ਹਨ।
ਦਰਅਸਲ ਇੱਥੋਂ ਦੇ ਕਿਸਾਨ ਨਰਮਾ ਵਾਹ ਕੇ ਝੋਨਾ ਬੀਜਣ ਲੱਗੇ ਹਨ।
ਫ਼ਾਜ਼ਿਲਕਾ ਦੀ ਅਬੋਹਰ ਤਹਿਸੀਲ ਦੇ ਪਿੰਡ ਝੁਰੜ ਖੇੜਾ ਦੇ ਕਿਸਾਨ ਲਾਲ ਚੰਦ ‘ਬੇਜ਼ਮੀਨੇ’ ਹਨ, ਭਾਵ ਉਨ੍ਹਾਂ ਕੋਲ ਆਪਣੀ ਕੋਈ ਜ਼ਮੀਨ ਨਹੀਂ ਹੈ ਤੇ ਉਹ ਠੇਕੇ ਉੱਤੇ ਜ਼ਮੀਨ ਲੈ ਕੇ ਖੇਤੀ ਕਰਦੇ ਹਨ।
ਉਨ੍ਹਾਂ ਨੇ ਤਿੰਨ ਏਕੜ ਜ਼ਮੀਨ ਠੇਕੇ ਤੇ ਲੈ ਕੇ ਨਰਮਾ ਲਗਾਇਆ ਸੀ ਪਰ ਉਨ੍ਹਾਂ ਨੂੰ ਖੜ੍ਹੀ ਫ਼ਸਲ ਹੀ ਵਾਹੁਣੀ ਪਈ।
ਗੁਲਾਬੀ ਸੁੰਡੀ ਤੇ ਚਿੱਟੇ ਮੱਛਰ ਨੇ ਉਸ ਦੀ ਫ਼ਸਲ ਬਰਬਾਦ ਕਰ ਦਿੱਤੀ।
ਇਸੇ ਪਿੰਡ ਦੇ ਕਿਸਾਨ ਗੁਰਭੇਜ ਸਿੰਘ ਦੀ ਵੀ ਹਾਲਤ ਮਾੜੀ ਹੈ।
ਉਨ੍ਹਾਂ ਦੀ ਦਸ ਏਕੜ ਜ਼ਮੀਨ ਵਿੱਚ ਕਿਸੇ ਵੇਲੇ ਕਿੰਨੂਆਂ ਦੇ ਬਾਗ਼ ਸਨ ਪਰ ਘਾਟਾ ਪੈਣ ਕਾਰਨ ਉਹ ਬਾਗ਼ ਪੁੱਟ ਕੇ ਦੋ ਤਿੰਨ ਸਾਲਾਂ ਤੋਂ ਨਰਮੇ ਦੀ ਖੇਤੀ ਕਰ ਰਹੇ ਸਨ।
ਪਰ ਇਸ ਫ਼ਸਲ ਵਿੱਚ ਵੀ ਉਹ ਬਿਮਾਰੀ ਤੇ ਘੱਟ ਭਾਅ ਦੀ ਮਾਰ ਚੱਲ ਰਿਹਾ ਸੀ। ਇਸ ਵਾਰ ਗੁਲਾਬੀ ਸੁੰਡੀ ਦੀ ਮਾਰ ਕਾਰਨ ਨਰਮਾ ਪੁੱਟ ਕੇ ਝੋਨਾ ਲਾਇਆ।
ਕੋਈ ਬਿਜਲੀ ਦਾ ਕੁਨੈਕਸ਼ਨ ਨਾ ਹੋਣ ਕਾਰਨ ਉਹ ਹਜ਼ਾਰਾਂ ਰੁਪਿਆਂ ਦਾ ਡੀਜ਼ਲ ਫ਼ੂਕ ਕੇ ਝੋਨਾ ਪਾਲ ਰਿਹਾ ਹੈ। ਇਨ੍ਹਾਂ ਮਾੜੇ ਹਾਲਤਾਂ ਕਾਰਨ ਉਸ ਉੱਤੇ ਅੱਜ 25 ਲੱਖ ਦਾ ਕਰਜ਼ਾ ਚੜ੍ਹ ਚੁੱਕਿਆ ਹੈ।

ਤਸਵੀਰ ਸਰੋਤ, BBC/Sukhwinder Singh
ਇਸ ਤਰ੍ਹਾਂ ਹੀ ਪਿੰਡ ਖੂਹੀ ਖੇੜਾ ਦੇ ਨੌਜਵਾਨ ਕਿਸਾਨ ਅਰਜੁਨ ਕੁਮਾਰ ਨੇ ਪਿਛਲੇ ਸਾਲ ਠੇਕੇ ਉੱਤੇ ਲਈ 10 ਏਕੜ ਜ਼ਮੀਨ ਉੱਤੇ ਨਰਮਾ ਲਾਇਆ ਸੀ।
ਪਰ ਭਾਰੀ ਘਾਟਾ ਪੈਣ ਕਾਰਨ ਉਸ ਨੇ ਇਸ ਵਾਰ ਇਸ ਜ਼ਮੀਨ ਉੱਤੇ ਝੋਨਾ ਲਾ ਦਿੱਤਾ। ਝੋਨੇ ਲਈ ਪਾਣੀ ਦਾ ਪ੍ਰਬੰਧ ਕਰਨ ਲਈ ਉਸ ਨੇ ਕਰਜ਼ਾ ਚੁੱਕ ਕੇ 3 ਲੱਖ 90 ਹਜ਼ਾਰ ਰੁਪਏ ਦੇ ਤਿੰਨ ਸੋਲਰ ਲਾਏ।
ਖੇਤੀਬਾੜੀ ਵਿਭਾਗ ਦੇ ਸੰਯੁਕਤ ਡਾਇਰੈਕਟਰ ਖੇਤੀਬਾੜੀ ਡਾ. ਗੁਰਜੀਤ ਸਿੰਘ ਬਰਾੜ ਦਾ ਕਹਿਣਾ ਹੈ, “ਫ਼ਸਲੀ ਵਿਭਿੰਨਤਾ ਪ੍ਰੋਗਰਾਮ ਵਿੱਚ ਜ਼ਮੀਨੀ ਪਾਣੀ ਬਚਾਉਣ ਲਈ ਨਰਮਾ ਹਮੇਸ਼ਾ ਇੱਕ ਬਦਲਵੀਂ ਫ਼ਸਲ ਵਜੋਂ ਮੰਨਿਆ ਜਾਂਦਾ ਸੀ।”
“ਪਰ ਹੁਣ ਹਾਲਤ ਇਹ ਹੈ ਕਿ ਕਿਸਾਨ ਨਰਮੇ ਦੀ ਥਾਂ ਝੋਨਾ ਨੂੰ ਤਰਜ਼ੀਹ ਦੇਣ ਲੱਗੇ ਹਨ। ਨਰਮੇ ਦੀ ਫ਼ਸਲ ਨੂੰ ਛੱਡ ਕੇ ਜ਼ਿਆਦਾਤਰ ਕਿਸਾਨ ਬਦਲਵੀਂ ਫ਼ਸਲ ਵਜੋਂ ਝੋਨੇ ਵੱਲ ਹੀ ਰੁਖ਼ ਕਰ ਰਹੇ ਹਨ।”

ਤਸਵੀਰ ਸਰੋਤ, BBC/Sukhwinder Singh
ਪੰਜਾਬ ਵਿੱਚ ਨਰਮੇ ਦੀ ਥਾਂ ਲੈ ਰਿਹਾ ਝੋਨਾ
ਪੰਜਾਬ ਵਿੱਚ ਨਰਮੇ ਦੀ ਬਿਜਾਈ ਇਸ ਵਾਰ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ।
ਪੰਜਾਬ ਖੇਤੀਬਾੜੀ ਵਿਭਾਗ ਦੇ ਅੰਕੜਿਆਂ ਮੁਤਾਬਕ ਪਿਛਲੇ ਸਾਲ 2.16 ਲੱਖ ਹੈਕਟੇਅਰ ਦੇ ਮੁਕਾਬਲੇ ਇਸ ਸਾਲ ਸਿਰਫ਼ 99,718 ਹੈਕਟੇਅਰ ਰਕਬਾ ਹੀ ਰਹਿ ਗਿਆ ਹੈ।
ਇਹ ਉਦੋਂ ਹੋਇਆ ਜਦੋਂ ਖੇਤੀਬਾੜੀ ਵਿਭਾਗ ਨੇ ਪਿਛਲੇ ਸਾਲ 3 ਲੱਖ ਹੈਕਟੇਅਰ ਟੀਚੇ ਦੇ ਮੁਕਾਬਲੇ ਇਸ ਸਾਲ ਨਰਮੇ ਹੇਠ 2 ਲੱਖ ਹੈਕਟੇਅਰ ਰਕਬਾ ਕਰਨ ਦਾ ਟੀਚਾ ਮਿਥਿਆ ਸੀ।
ਅਹਿਮ ਇਹ ਹੈ ਕਿ ਨਰਮੇ ਹੇਠੋਂ ਘਟਿਆ ਰਕਬਾ ਝੋਨੇ ਵਿੱਚ ਤਬਦੀਲ ਹੋ ਰਿਹਾ ਹੈ। ਝੋਨੇ ਦੀ ਫ਼ਸਲ ਲਈ ਕਿਸਾਨ ਧਰਤੀ ਹੇਠਲੇ ਪਾਣੀ ਦੀ ਵਰਤੋਂ ਕਰ ਰਹੇ ਹਨ।

ਤਸਵੀਰ ਸਰੋਤ, BBC/Sukhwinder Singh
ਖੇਤੀਬਾੜੀ ਵਿਭਾਗ ਦੇ ਅੰਕੜੇ ਕੀ ਕਹਿੰਦੇ ਹਨ
ਪਿਛਲੇ ਸਾਲ 92,000 ਹੈਕਟੇਅਰ ਦੇ ਮੁਕਾਬਲੇ ਇਸ ਵਾਰ ਫਾਜ਼ਿਲਕਾ ਜ਼ਿਲ੍ਹੇ ਵਿੱਚ ਸਿਰਫ਼ 51,600 ਹੈਕਟੇਅਰ ਰਕਬਾ ਹੀ ਨਰਮੇ ਹੇਠ ਹੈ।
ਮੁਕਤਸਰ ਵਿੱਚ ਪਿਛਲੇ ਸਾਲ 19,000 ਹੈਕਟੇਅਰ ਦੇ ਮੁਕਾਬਲੇ ਸਿਰਫ਼ 10,019 ਹੈਕਟੇਅਰ ਰਕਬਾ ਨਰਮੇ ਹੇਠ ਹੈ।
ਅਜਿਹਾ ਹੀ ਰੁਝਾਨ ਬਠਿੰਡਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਪਿਛਲੇ ਸਾਲ 28,000 ਹੈਕਟੇਅਰ ਦੇ ਮੁਕਾਬਲੇ ਸਿਰਫ਼ 14,498 ਹੈਕਟੇਅਰ ਰਕਬਾ ਹੀ ਨਰਮੇ ਦੀ ਫ਼ਸਲ ਹੇਠ ਆਇਆ, ਜਦੋਂ ਕਿ ਮਾਨਸਾ ਵਿੱਚ ਪਿਛਲੇ ਸਾਲ ਇਹ ਅੰਕੜਾ 40,250 ਹੈਕਟੇਅਰ ਤੋਂ ਘਟ ਕੇ ਇਸ ਸਾਲ 22,516 ਹੈਕਟੇਅਰ ਰਹਿ ਗਿਆ।
ਵਿਭਾਗ ਮੁਤਾਬਕ 2022 ਵਿੱਚ ਪੰਜਾਬ ਵਿੱਚ 2.48 ਲੱਖ ਹੈਕਟੇਅਰ ਰਕਬੇ ਵਿੱਚ ਕਪਾਹ ਦੀ ਬਿਜਾਈ ਹੋਈ ਸੀ ਜਦੋਂ ਕਿ 2021 ਵਿੱਚ ਇਹ 2.52 ਲੱਖ ਹੈਕਟੇਅਰ ਅਤੇ 2020 ਵਿੱਚ 2.50 ਲੱਖ ਹੈਕਟੇਅਰ ਸੀ। 2019 ਵਿੱਚ ਕਪਾਹ ਹੇਠ ਰਕਬਾ 2.48 ਲੱਖ ਹੈਕਟੇਅਰ ਸੀ।

ਖਾਰੇ ਪਾਣੀ ਵਾਲੇ ਇਲਾਕੇ ‘ਚ ਝੋਨਾ ਲਾਉਣਾ ਲਾਹੇਵੰਦ ਕਿਉਂ ਨਹੀਂ
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਪ੍ਰਿੰਸੀਪਲ ਐਂਟੋਮੋਲੋਜਿਸਟ ਡਾ. ਵਿਜੈ ਕੁਮਾਰ ਦੱਸਦੇ ਹਨ, “ਨਰਮਾ ਪੱਟੀ ਵਿੱਚ ਬੇਸ਼ੱਕ ਝੋਨਾ ਖਾਰੇ ਪਾਣੀ ਵਿੱਚ ਵੀ ਹੋ ਜਾਂਦਾ ਹੈ, ਪਰ ਲੰਬੇ ਸਮੇਂ ਦੌਰਾਨ ਜੇਕਰ ਨਹਿਰੀ ਪਾਣੀ ਦਾ ਪ੍ਰਬੰਧ ਨਹੀਂ ਹੈ ਤਾਂ ਇਹ ਲਾਹੇਵੰਦ ਨਹੀਂ ਹੈ।”
“ਕਿਉਂਕਿ ਇੱਥੇ ਟਿਊਬਵੈੱਲ ਦੇ ਤਿੰਨ ਤੇ ਚਾਰ ਨੰਬਰ ਪਾਣੀ ਵਿੱਚ ਰਸਾਇਣਾਂ ਦੀ ਮਾਤਰਾ ਬਹੁਤ ਜ਼ਿਆਦਾ ਹੈ। ਜਦੋਂ ਹਜ਼ਾਰਾਂ ਲੀਟਰ ਇਹ ਪਾਣੀ ਝੋਨੇ ਨੂੰ ਦੋ ਚਾਰ ਸਾਲ ਲੱਗੇਗਾ ਤਾਂ ਇਸ ਵਿੱਚ ਖਾਰੇਪਣ ਦੀ ਮਾਤਰਾ ਹੋਰ ਵੱਧ ਜਾਵੇਗੀ।”
ਉਹ ਕਹਿੰਦੇ ਹਨ ਕਿ ਇਸ ਨਾਲ ਮਿੱਟੀ ਉਪਜਾਊ ਸ਼ਕਤੀ ਨੂੰ ਨੁਕਸਾਨ ਹੋਵੇਗਾ ਅਤੇ ਕਿਸੇ ਵੀ ਫ਼ਸਲ ਦਾ ਹੋਣਾ ਮੁਸ਼ਕਲ ਹੋ ਜਾਵੇਗਾ। ਇਹ ਵਜ੍ਹਾ ਹੈ ਕਿ ਲੰਬੇ ਸਮੇਂ ਦੀ ਖੇਤੀ ਲਈ ਨਰਮੇ ਦੀ ਫ਼ਸਲ ਹੀ ਢੁਕਵੀਂ ਹੈ।

ਤਸਵੀਰ ਸਰੋਤ, BBC/Sukhwinder Singh
ਖੇਤ ਮਜ਼ਦੂਰਾਂ ਦੀ ਆਰਥਿਕਤਾ ਨੂੰ ਵੀ ਲੱਗੀ ਢਾਹ

ਤਸਵੀਰ ਸਰੋਤ, BBC/Sukhwinder Singh
ਨਰਮਾ ਪੱਟੀ ਵਿੱਚ ਝੋਨਾ ਲੱਗਣ ਕਾਰਨ ਖੇਤ ਮਜ਼ਦੂਰਾਂ ਲਈ ਰੋਜ਼ੀ ਰੋਟੀ ਦਾ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ।
ਪਿੰਡ ਝੁਰੜ ਖੇੜਾ ਵਿਖੇ ਨਰਮੇ ਦੀ ਖੇਤਾਂ ਵਿੱਚ ਦਿਹਾੜੀ ਕਰਨ ਵਾਲੀ ਜੋਤੀ ਦੱਸਦੇ ਹਨ, “ਨਰਮੇ ਦੀ ਫ਼ਸਲ ਵਿੱਚ ਤਿੰਨ ਚਾਰ ਮਹੀਨੇ ਦਾ ਰੁਜ਼ਗਾਰ ਸੀ। ਝੋਨੇ ਵਿੱਚ ਬੱਸ 15 ਦਿਨ ਲਵਾਈ ਦਾ ਕੰਮ ਹੈ, ਉਸ ਵੀ ਕਿਸਾਨ ਪ੍ਰਵਾਸੀ ਮਜ਼ਦੂਰਾਂ ਤੋਂ ਲਵਾਉਂਦੇ ਹਨ।”
"ਜਦੋਂ ਤੋਂ ਪਿੰਡ ਵਿੱਚ ਝੋਨਾ ਲੱਗਣ ਲੱਗਾ, ਕਿਸ਼ਤਾਂ ਵੀ ਮੁੜਨੀਆਂ ਔਖੀਆਂ ਹੋ ਗਈਆਂ ਹਨ। ਇੰਨਾ ਹੀ ਨਹੀਂ ਰਸੋਈ ਦਾ ਗੈਸ ਸਿਲੰਡਰ ਭਰਾਉਣਾ ਦੀ ਪਹਿਲਾਂ ਹੀ ਗੁੰਜਾਇਸ਼ ਨਹੀਂ ਸੀ। ਨਰਮੇ ਦੀ ਛਟੀਆਂ ਨਾਲ ਬਾਲ਼ਨ ਦਾ ਸਰ ਜਾਂਦਾ ਸੀ ਪਰ ਹੁਣ ਝੋਨਾ ਲੱਗਣ ਨਾਲ ਬਾਲ਼ਨ ਦੀ ਸਮੱਸਿਆ ਖੜੀ ਹੋ ਜਾਵੇਗੀ।”
60 ਸਾਲਾ ਜਸਬੀਰ ਕੌਰ ਦਾ ਕਹਿਣਾ ਹੈ, “ਨਰਮੇ ਦੀ ਖੇਤੀ ਵਿੱਚ ਉਹ ਚੁਗਾਈ ਦਾ ਕੰਮ ਕਰਕੇ ਚਾਰ ਪੈਸੇ ਵੱਟ ਲੈਂਦੀ ਸੀ। ਹੁਣ ਝੋਨੇ ਕਾਰਨ ਉਸ ਨੂੰ ਘਰ ਦਾ ਖਰਚਾ ਚਲਾਉਣਾ ਔਖਾ ਹੋ ਰਿਹਾ ਹੈ।”
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਕਿਹਾ, “ਰਿਵਾਇਤੀ ਫ਼ਸਲਾਂ ਮੱਕੀ, ਮੂੰਗਫਲੀ, ਦਾਲਾਂ, ਨਰਮਾ ਤੇ ਕਪਾਹਾਂ ਵਿੱਚ ਲੇਬਰ ਦੀ ਲੋੜ ਪੈਂਦੀ ਸੀ। ਪਰ ਖੇਤੀ ਦੇ ਨਵੇਂ ਮਾਡਲ ਵਿੱਚ ਦੋ ਫ਼ਸਲਾਂ ਕਣਕ ਤੇ ਝੋਨਾ ਨੂੰ ਤਰਜ਼ੀਹ ਦੇਣ ਕਾਰਨ ਖੇਤ ਵਿੱਚੋਂ ਮਜ਼ਦੂਰ ਵਿਹਲੇ ਹੋ ਗਏ ਹਨ।”
“ਪਿੰਡਾਂ ਵਿੱਚ ਮਜ਼ਦੂਰਾਂ ਨੂੰ ਰੋਜ਼ਗਾਰ ਦੇਣ ਦਾ ਖੇਤੀ ਵੱਡਾ ਸੋਮਾ ਹੈ। ਇਸ ਲਈ ਸਰਕਾਰ ਨੂੰ ਰਿਵਾਇਤੀ ਫ਼ਸਲਾਂ ਨੂੰ ਐੱਮਐੱਸਪੀ ਦੇ ਭਾਅ ’ਤੇ ਖ਼ਰੀਦਣਾ ਚਾਹੀਦਾ ਹੈ। ਜਿਸ ਨਾਲ ਖੇਤੀ ਵਿੱਚ ਮਜ਼ਦੂਰਾਂ ਦਾ ਰੁਜ਼ਗਾਰ ਬਣਿਆ ਰਹੇਗਾ।”

ਤਸਵੀਰ ਸਰੋਤ, BBC/ Sukhwinder Singh
ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲੇ
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਕਹਿਣਾ ਹੈ, “ਨਰਮੇ ’ਤੇ ਬਹੁਤ ਵੱਡਾ ਕਾਰੋਬਾਰ ਨਿਰਭਰ ਕਰਦਾ ਸੀ। ਇਕੱਲੇ ਕਿਸਾਨ ਦੀ ਨਹੀਂ ਬਲਕਿ ਮਜ਼ਦੂਰਾਂ ਨੂੰ ਇਸ ਤੋਂ ਰੋਜ਼ੀ ਰੋਟੀ ਮਿਲ ਜਾਂਦੀ ਸੀ। ਇਸ ਦੇ ਨਾਲ ਟੈਕਸਟਾਈਲ ਮਿੱਲਾਂ ਵਿੱਚ ਰੁਜ਼ਗਾਰ ਹੈ। ਉਤਪਾਦਨ ਦੀ ਪੂਰਤੀ ਨਾ ਹੋਣ ਦੀ ਸੂਰਤ ਵਿੱਚ ਵਿਦੇਸ਼ਾਂ ਤੋਂ ਦਰਾਮਦ ਕਰਨੀ ਪਵੇਗੀ।
ਉਨ੍ਹਾਂ ਨੇ ਕਿਹਾ, “ਪਿਛਲੇ ਦਿਨੀਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਨਾਲ ਮੁਲਾਕਾਤ ਦੌਰਾਨ ਨਰਮੇ ਹੇਠੋਂ ਰਕਬਾ ਘੱਟ ਕੇ ਇੱਕ ਲੱਖ ਹੈਕਟੇਅਰ ਆਉਣ ਸਬੰਧੀ ਚਿੰਤਾ ਜ਼ਾਹਿਰ ਕੀਤੀ।
ਉਨ੍ਹਾਂ ਨੇ ਕੇਂਦਰੀ ਮੰਤਰੀ ਤੋਂ ਨਰਮੇ ਦੀ ਬੀਜੀ ਤਿੰਨ ਕਿਸਮ ਦੇ ਖੋਜ ਕਾਰਜ ਜਲਦ ਤੋਂ ਜਲਦ ਨੇਪਰੇ ਚਾੜ੍ਹਨ ਦੀ ਮੰਗ ਕੀਤੀ। ਇਹ ਬੀਜ ਆਉਣ ਨਾਲ ਕਿਸਾਨਾਂ ਨੂੰ ਗੁਲਾਬੀ ਸੁੰਡੀ ਤੋਂ ਰਾਹਤ ਮਿਲੇਗੀ।”
ਇਸ ਦੇ ਨਾਲ ਖੇਤੀਬਾੜੀ ਮੰਤਰੀ ਨੇ ਕਿਹਾ, “ਸਰਕਾਰ ਦੀ ਮਿਲਾਵਟ ਖੋਰੀ ਉੱਤੇ ਪੂਰੀ ਨਿਗ੍ਹਾ ਹੈ। ਇਸ ਸੰਬੰਧੀ ਕੋਈ ਵੀ ਕਿਸਾਨ ਸੂਚਿਤ ਕਰ ਸਕਦਾ ਹੈ। ਇਸ ਨੂੰ ਨੱਥ ਪਾਉਣ ਲਈ ਖੇਤੀਬਾੜੀ ਅਫ਼ਸਰਾਂ ਤੋਂ ਇਲਾਵਾ 128 ਟੀਮਾਂ ਵੀ ਬਣਾਈਆਂ ਹਨ।”

ਤਸਵੀਰ ਸਰੋਤ, BBC/Sukhwinder Singh
ਮੰਤਰੀ ਨੇ ਕਿਹਾ, “ਜਿੱਥੇ ਜ਼ਿਮੀਂਦਾਰਾਂ ਨੇ ਰਲ ਮਿਲ ਕੇ ਹਿੰਮਤ ਮਾਰੀ ਹੈ, ਉੱਥੇ ਨਰਮੇ ਦੀ ਫ਼ਸਲ ਵਿੱਚ ਬਿਮਾਰੀ ਉੱਤੇ ਜ਼ਰੂਰ ਕੰਟਰੋਲ ਹੋ ਰਿਹਾ ਹੈ। ਪਰ ਮੌਸਮ ਦੇ ਖ਼ੁਸ਼ਕ ਹੋਣ ’ਤੇ ਚਿੱਟੀ ਮੱਖੀ ਅਤੇ ਸਿੱਲ੍ਹਾ ਹੋਣ ’ਤੇ ਗੁਲਾਬੀ ਸੁੰਡੀ ਦਾ ਖ਼ਤਰਾ ਹੋਣ ਲੱਗ ਜਾਂਦਾ ਹੈ।”
“ਇੰਨਾ ਹੀ ਨਹੀਂ ਨਰਮਾ ਪੱਟੀ ਵਿੱਚ ਜ਼ਮੀਨੀ ਪਾਣੀ ਕੌੜਾ ਜਾਂ ਖਾਰਾ ਹੈ। ਇਸ ਨਾਲ ਫ਼ਸਲਾਂ ਬਹੁਤ ਔਖੀਆਂ ਹੁੰਦੀਆਂ ਹਨ ਤੇ ਝੋਨੇ ਦੀ ਪੈਦਾਵਾਰ ਲੈਣੀ ਤਾਂ ਹੋਰ ਵੀ ਔਖਾ ਹੈ। ਇਸ ਸਮੱਸਿਆ ਦੇ ਹੱਲ ਲਈ ਮਾਲਵਾ ਨਹਿਰ ਦਾ ਸਰਵੇ ਸ਼ੁਰੂ ਹੋ ਚੁੱਕਾ ਹੈ। ਇਸ ਨਾਲ ਨਰਮਾ ਪੱਟੀ ਦੀ ਇਲਾਕੇ ਨੂੰ ਰਾਹਤ ਮਿਲੇਗੀ।”
ਪਿੰਡ ਸਯੱਦਵਾਲ ਦੇ ਕਿਸਾਨ ਕ੍ਰਿਸ਼ਨ ਕੁਮਾਰ ਦੀ ਨਰਮੇ ਦੀ ਫ਼ਸਲ ਦਾ ਜਾਇਜ਼ਾ ਲੈਣ ਪਹੁੰਚੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਬੀਬੀਸੀ ਨੂੰ ਦੱਸਿਆ, “ਨਰਮਾ ਕਾਸ਼ਤਕਾਰਾਂ ਨੂੰ ਗੁਲਾਬੀ ਸੁੰਡੀ ਕਾਰਨ ਨੁਕਸਾਨੀ ਫ਼ਸਲ ਦਾ ਮੁਆਵਜ਼ੇ ਲਈ ਜਲਦ ਹੀ 52 ਕਰੋੜ 76 ਲੱਖ ਰੁਪਿਆ ਦਿੱਤਾ ਜਾਵੇਗਾ।”
ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਸੁਝਾਅ

ਤਸਵੀਰ ਸਰੋਤ, BBC/Sukhwinder Singh
ਡਾ. ਵਿਜੈ ਕੁਮਾਰ ਨੇ ਕਿਹਾ, “ਪੰਜਾਬ ਤੇ ਕੇਂਦਰ ਸਰਕਾਰ ਨੇ ਨਰਮੇ ਦੀ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਖੋਜ ਕਰਨ ਲਈ ਮਨਜ਼ੂਰੀ ਮਿਲ ਗਈ ਹੈ। ਜਿਸ ਤਹਿਤ ਇਸ ਸੀਜ਼ਨ ਤੋਂ ਟਰਾਇਲ ਸ਼ੁਰੂ ਕਰ ਦਿੱਤਾ ਹੈ। ਉਮੀਦ ਕਰਦੇ ਹਾਂ ਅਗਲੇ ਦੋ ਤਿੰਨ ਸਾਲਾਂ ਦੌਰਾਨ ਗੁਲਾਬੀ ਸੁੰਡੀ ਤੋਂ ਰਹਿਤ ਨਰਮੇ ਦੀ ਨਵੀਂ ਕਿਸਮ ਲੈ ਆਵਾਂਗੇ।”
“ਪਰ ਓਦੋਂ ਤੱਕ ਸਭ ਤੋਂ ਕਾਰਗਰ ਉਪਾਅ ਸਮੇਂ ਰਹਿੰਦਿਆਂ ਕੀੜੇ ਦਾ ਪਤਾ ਲਗਾ ਕੇ ਨਾਲ ਦੀ ਨਾਲ ਹੀ ਸਪਰੇਅ ਕਰਨਾ ਹੈ। ਇਸ ਤਰੀਕੇ ਨਾਲ ਬਹੁਤ ਕਾਮਯਾਬੀ ਨਾਲ ਰੋਕਥਾਮ ਕੀਤਾ ਜਾ ਸਕਦਾ ਹੈ।”
“ਇਸ ਤੋਂ ਇਲਾਵਾ ਸਪਲੇਟ ਤਕਨਾਲੋਜੀ ਦੀ ਵਰਤੋਂ ਕਰਨ, ਬੂਟੇ ਨਾਲੋਂ ਬੂਟੇ ਦਾ ਫ਼ਾਸਲਾ ਵਿਰਲਾ ਰੱਖੀਏ ਤਾਂ ਕਿ ਕੀੜਾ ਮਕੌੜਾ ਤੇ ਮੱਛਰ ਘੱਟ ਹੋਵੇ ਤੇ ਸਪਰੇਅ ਵੀ ਚੰਗੀ ਤਰ੍ਹਾਂ ਹੋ ਸਕਦੀ ਹੈ। ਬਿਮਾਰੀਆਂ ਨਾਲ ਲੜਨ ਲਈ ਬੂਟੇ ਦੀ ਸਿਹਤ ਚੰਗੀ ਕਰਨ ਵੱਲ ਧਿਆਨ ਦੇਣ ਦੀ ਲੋੜ ਹੈ।”
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ, “ਪੀਏਯੂ ਨੇ ਕਿਸਾਨਾਂ ਨੂੰ ਬੀਟੀ ਨਰਮੇ ਦੇ ਨਾਲ ਕੁਝ ਖੇਤਰ ਦੇਸੀ ਕਪਾਹ ਹੇਠ ਰੱਖਣ ਦੀ ਸਿਫਾਰਸ਼ ਕੀਤੀ ਹੈ। ਬੇਸ਼ੱਕ ਦੇਸੀ ਕਪਾਹ ਦਾ ਝਾੜ ਘੱਟ ਹੈ ਪਰ ਇਸ ਵਿੱਚ ਗੁਲਾਬੀ ਸੁੰਡੀ ਤੇ ਚਿੱਟੇ ਮੱਛਰ ਪ੍ਰਤੀ ਲੜਨ ਦੀ ਕੁਦਰਤੀ ਪ੍ਰਤੀਰੋਧਕ ਸ਼ਕਤੀ ਮੌਜੂਦ ਹੈ।”
ਨਰਮੇ ਹੇਠੋਂ ਰਕਬਾ ਕਿਉਂ ਘਟਿਆ?

ਤਸਵੀਰ ਸਰੋਤ, BBC/Sukhwinder Singh
ਪੰਜਾਬ ਖੇਤੀਬਾੜੀ ਵਿਭਾਗ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਪੰਜਾਬ ਵਿੱਚ ਨਰਮੇ ਹੇਠੋਂ ਰਕਬਾ ਘਟਣ ਲਈ ਇੱਕ ਰਿਪੋਰਟ ਤਿਆਰ ਕਰਕੇ ਰਾਜ ਸਭਾ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਭੇਜੀ ਹੈ। ਰਿਪੋਰਟ ਵਿੱਚ ਨਰਮੇ ਹੇਠੋਂ ਰਕਬਾ ਘਟਣ ਦੇ ਮੁੱਖ ਕਾਰਨ ਲਿਖੇ ਹਨ।
1. ਬੀਟੀ ਨਰਮੇ ਦੀ ਗੁਲਾਬੀ ਸੁੰਡੀ ਖ਼ਿਲਾਫ਼ ਪ੍ਰਤੀਰੋਧਕ ਸ਼ਕਤੀ ਦਾ ਟੁੱਟਣਾ: ਪੰਜਾਬ ਦਾ 99 ਫ਼ੀਸਦੀ ਤੋਂ ਵੱਧ ਰਕਬਾ ਬੀਟੀ ਨਰਮੇ ਹੇਠ ਹੈ। ਪਹਿਲਾਂ ਬੀਟੀ ਨਰਮੇ ਵਿੱਚ ਗੁਲਾਬੀ ਸੁੰਡੀ ਵਿਰੁੱਧ ਪ੍ਰਤੀਰੋਧਕ ਸ਼ਕਤੀ ਸੀ ਪਰ ਹੁਣ ਹਾਲਤ ਬਿਲਕੁਲ ਉਲਟ ਹੋ ਗਏ ਹਨ। ਗੁਲਾਬੀ ਸੁੰਡੀ ਨੇ ਹੀ ਬੀਟੀ ਨਰਮੇ ਪ੍ਰਤੀ ਆਪਣੀ ਪ੍ਰਤੀਰੋਧਕ ਸਮਰੱਥਾ ਵਿਕਸਿਤ ਕਰ ਲਈ ਹੈ।
2. ਮਾਰਕੀਟ ਕੀਮਤ ਅਤੇ ਘੱਟੋ-ਘੱਟ ਸਮਰਥਨ ਮੁੱਲ : 2021 ਅਤੇ 2022 ਦੌਰਾਨ ਨਰਮੇ ਦੀ ਪੈਦਾਵਾਰ 10,000 ਰੁਪਏ ਪ੍ਰਤੀ ਕੁਇੰਟਲ ਅਤੇ 13,000 ਰੁਪਏ ਪ੍ਰਤੀ ਕੁਇੰਟਲ ਤੱਕ ਵਿਕਦੀ ਸੀ ਪਰ ਪਿਛਲੇ ਸਾਲਾਂ ਦੇ ਮੁਕਾਬਲੇ 2023-24 ਦੌਰਾਨ ਨਰਮੇ ਦਾ ਵੱਧ ਤੋਂ ਵੱਧ ਵਿੱਕਰੀ ਮੁੱਲ 8200/- ਪ੍ਰਤੀ ਕੁਇੰਟਲ ਸੀ ਅਤੇ ਇਸ ਤੋਂ ਇਲਾਵਾ, ਮੰਡੀ ਵਿੱਚ ਸਾਰੇ ਨਰਮੇ ਦੀ ਘੱਟੋ ਘੱਟ ਸਮਰਥਨ ਮੁੱਲ 'ਤੇ ਖ਼ਰੀਦ ਨਹੀਂ ਕੀਤੀ ਜਾਂਦੀ। ਕਿਉਂਕਿ ਭਾਰਤੀ ਕਪਾਹ ਨਿਗਮ (ਸੀਸੀਆਈ) ਫ਼ਸਲ ਦੇ ਸੀਜ਼ਨ ਦੇ ਅੰਤ ਵਿੱਚ ਖ਼ਰੀਦ ਸ਼ੁਰੂ ਕਰਦਾ ਹੈ। ਨਰਮਾ ਮੁੱਖ ਤੌਰ 'ਤੇ ਸਥਾਨਕ ਵਪਾਰੀਆਂ ਦੁਆਰਾ ਖ਼ਰੀਦਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਰੇਟ ਐਮਐਸਪੀ ਤੋਂ ਘੱਟ-ਵੱਧ ਰਹਿੰਦਾ ਹੈ। ਜਿਸ ਕਾਰਨ ਕਿਸਾਨਾਂ ਨੂੰ ਝੋਨੇ ਦੇ ਮੁਕਾਬਲੇ ਚੰਗਾ ਭਾਅ ਨਹੀਂ ਮਿਲ ਰਿਹਾ।
3. ਵਾਤਾਵਰਣ : ਪਿਛਲੇ ਸਾਲ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦੇ ਵਧਣ ਫੁੱਲਣ ਲਈ ਵਾਤਾਵਰਨ ਬੜਾ ਸਾਜ਼ਗਾਰ ਰਿਹਾ ਸੀ। ਲਗਾਤਾਰ ਬਾਰਸ਼ਾਂ ਕਾਰਨ ਕਿਸਾਨ ਖੇਤਾਂ ਵਿੱਚ ਸਪਰੇਅ ਨਹੀਂ ਕਰ ਸਕੇ। ਜਿਸ ਕਾਰਨ ਨਰਮੇ ਦਾ ਨੁਕਸਾਨ ਹੋਣ ਕਾਰਨ ਪੈਦਾਵਾਰ ਵਿੱਚ ਕਮੀ ਦਰਜ ਕੀਤੀ ਗਈ।
4. ਨਰਮੇ ਦੇ ਖੇਤਰ ਝੋਨੇ ਵਿੱਚ ਤਬਦੀਲ ਹੋਣਾ : ਝੋਨੇ ਦੀ ਫ਼ਸਲ 125 ਤੋਂ 140 ਦਿਨ ਦੀ ਹੈ, ਜਦਕਿ ਨਰਮੇ ਦੀ ਫ਼ਸਲ ਦੀ ਲੰਮੀ ਮਿਆਦ 170-180 ਦਿਨਾਂ ਦੀ ਹੈ। ਨਰਮੇ ਦੀ ਫ਼ਸਲ ਲੇਬਰ ਆਧਾਰਤ ਤੇ ਝੋਨਾ ਮਸ਼ੀਨੀ ਫ਼ਸਲ ਹੈ। ਇੰਨਾ ਹੀ ਨਹੀਂ ਝੋਨੇ ਦੀ ਫ਼ਸਲ ਐਮਐਸਪੀ ਉੱਤੇ ਯਕੀਨੀ ਖ਼ਰੀਦ ਹੁੰਦੀ ਹੈ। ਇਸ ਲਈ ਜਿੱਥੇ ਨਹਿਰੀ ਜਾਂ ਟਿਊਬਵੈੱਲ ਦਾ ਪਾਣੀ ਉਪਲਬਧ ਸੀ, ਉੱਥੇ ਦੇ ਕਿਸਾਨ ਝੋਨੇ ਤੇ ਬਾਗ਼ਬਾਨੀ ਵੱਲ ਤਬਦੀਲ ਹੋਣੇ ਸ਼ੁਰੂ ਹੋ ਗਏ ਹਨ।
5. ਨਰਮੇ ਦੀ ਵਧੀ ਲਾਗਤ : ਸਮੇਂ ਦੇ ਨਾਲ, ਨਰਮੇ ਦੀ ਫ਼ਸਲ ਵਿੱਚ ਵਧੇਰੇ ਕੀੜਿਆਂ ਦੇ ਹਮਲੇ ਕਾਰਨ ਕੀਟਨਾਸ਼ਕਾਂ ਦੇ ਛਿੜਕਾਅ ਵਿੱਚ ਵਾਧਾ ਹੋਇਆ ਹੈ। ਇਸ ਨਾਲ ਲਾਗਤ ਖ਼ਰਚੇ ਵਿੱਚ ਵਾਧਾ ਹੋਇਆ ਹੈ, ਨਤੀਜੇ ਵਜੋਂ ਨਰਮੇ ਦੀ ਫ਼ਸਲ ਵਿੱਚ ਮੁਨਾਫ਼ਾ ਘਟਿਆ ਹੈ।













