ਕੰਗਨਾ ਰਣੌਤ ਦੀ 'ਐਮਰਜੈਂਸੀ' ਫ਼ਿਲਮ ਕੀ ਰਿਲੀਜ਼ ਹੋ ਸਕੇਗੀ, ਸੈਂਸਰ ਬੋਰਡ ਦੇ ਵਕੀਲ ਨੇ ਕੀ ਦੱਸਿਆ

ਤਸਵੀਰ ਸਰੋਤ, kanganaranaut/INSTA
ਵਿਵਾਦਾਂ ਵਿੱਚ ਆਈ ਕੰਗਨਾ ਰਣੌਤ ਦੀ ਫ਼ਿਲਮ 'ਐਮਰਜੈਂਸੀ' ਦੀ ਰਿਲੀਜ਼ ਨੂੰ ਲੈ ਕੇ ਅਸਪੱਸ਼ਟਤਾ ਬਣੀ ਹੋਈ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਸਣੇ ਕਈ ਪੰਥਕ ਆਗੂਆਂ ਨੇ ਇਸ ਫ਼ਿਲਮ ਵਿੱਚ ਸਿੱਖਾਂ ਦੇ ਅਕਸ ਨੂੰ ਇਤਰਾਜ਼ਯੋਗ ਢੰਗ ਨਾਲ ਪੇਸ਼ ਕੀਤੇ ਜਾਣ ਦਾ ਇਲਜ਼ਾਮ ਲਾਇਆ ਹੈ।
ਕਈ ਸਿੱਖ ਜਥੇਬੰਦੀਆਂ ਫ਼ਿਲਮ ਉੱਤੇ ਰੋਕ ਦੀ ਮੰਗ ਕਰ ਰਹੀਆਂ ਹਨ। ਇਸੇ ਤਹਿਤ ਇਸ ਫਿਲਮ ਦੇ ਰਿਲੀਜ਼ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਚੁਣੌਤੀ ਦਿੱਤੀ ਗਈ ਹੈ।
ਐਮਰਜੈਂਸੀ ਫਿਲਮ ਕਦੋਂ ਰਿਲੀਜ਼ ਹੋਵੇਗੀ ਅਤੇ ਸੈਸਰ ਬੋਰਡ ਨੇ ਇਸ ਬਾਰੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ।
ਇਸ ਬਾਰੇ ਬੀਬੀਸੀ ਨੇ ਕੇਂਦਰ ਸਰਕਾਰ ਅਤੇ ਕੇਂਦਰੀ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ (ਸੀਬੀਐੱਫਸੀ) ਵੱਲੋਂ ਹਾਈਕੋਰਟ 'ਚ ਪੇਸ਼ ਹੋਏ ਐਡਿਸ਼ਨਲ ਸੋਲਿਸਿਟਰ ਜਨਰਲ ਸਤਿਆਪਾਲ ਜੈਨ ਨਾਲ ਗੱਲ ਕੀਤੀ।
ਸਤਿਆਪਾਲ ਜੈਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸੈਂਸਰ ਬੋਰਡ ਵੱਲੋਂ ਹਾਲੇ ਤੱਕ ਕੰਗਨਾ ਰਣੌਤ ਦੀ ਫ਼ਿਲਮ ਨੂੰ ਸਰਟੀਫਿਕੇਟ ਨਹੀਂ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਉਹ ਇਸ ਗੱਲ ਬਾਰੇ ਟਿੱਪਣੀ ਨਹੀਂ ਕਰ ਸਕਦੇ ਕਿ ਫ਼ਿਲਮ ਰਿਲੀਜ਼ ਹੋਵੇਗੀ ਜਾਂ ਨਹੀਂ।
ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਾਈ ਗਈ ਐਡਵੋਕੇਟ ਇਮਾਨ ਸਿੰਘ ਖਾਰਾ ਰਾਹੀ ਪਾਈ ਗਈ ਜਨਹਿੱਤ ਪਟੀਸ਼ਨ ਦੀ ਸੁਣਵਾਈ ਦੌਰਾਨ ਕੇਂਦਰ ਸਰਕਾਰ ਅਤੇ ਕੇਂਦਰੀ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ ਵੱਲੋਂ ਸਤਿਆਪਾਲ ਜੈਨ ਪੇਸ਼ ਹੋਏ ਸਨ।
ਇਸ ਪਟੀਸ਼ਨ ਦੀ ਸੁਣਵਾਈ 31 ਅਗਸਤ ਨੂੰ ਹੋਈ ਸੀ।
ਅਦਾਲਤ ਵਿੱਚ ਸਤਿਆਪਾਲ ਜੈਨ ਨੇ ਕਿਹਾ ਸੀ ਕਿ ਫ਼ਿਲਮ ਨੂੰ ਸਟੀਫਿਕੇਟ ਦੇਣ ਲਈ ਸਿਨੇਮੈਟੋਗ੍ਰਾਫੀ ਐਕਟ 1952 ਵਿੱਚ ਦਿੱਤੀਆਂ ਗਈਆਂ ਸਾਵਧਾਨੀਆਂ ਤੇ 1983 ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਸੀ ਕਿ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਫ਼ਿਲਮ ਸਿੱਖ ਭਾਈਚਾਰੇ ਸਣੇ ਕਿਸੇ ਵੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਏ।
'ਐਮਰਜੈਂਸੀ' ਫ਼ਿਲਮ 6 ਸਤੰਬਰ ਨੂੰ ਰਿਲੀਜ਼ ਹੋਣੀ ਤੈਅ ਸੀ।
ਪੰਜਾਬ ਭਾਜਪਾ ਵੀ ਆਈ ਕੰਗਨਾ ਦੇ ਵਿਰੋਧ ਵਿੱਚ
ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਕੰਗਨਾ ਰਣੌਤ ਤੋਂ ਕਿਨਾਰਾ ਕਰਨ ਮਗਰੋਂ ਪੰਜਾਬ ਦੀ ਭਾਜਪਾ ਲੀਡਰਸ਼ਿਪ ਨੇ ਕੰਗਨਾ ਰਣੌਤ ਤੋਂ ਦੂਰੀ ਬਣਾ ਲਈ ਹੈ।
ਪੰਜਾਬ ਭਾਜਪਾ ਦੀ ਲੀਡਰਸ਼ਿਪ ਨੇ ਫ਼ਿਲਮ ‘ਐਮਰਜੈਂਸੀ’ ਨਾਲ ਜੁੜੇ ਵਿਵਾਦ ਦੇ ਮਾਮਲੇ ਵਿੱਚ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਤੋਂ ਵੱਖਰਾ ਸਟੈਂਡ ਲਿਆ ਹੈ।
ਐਤਵਾਰ ਨੂੰ ਪ੍ਰੈੱਸ ਕਾਨਫ਼ਰੰਸ ਕਰਦਿਆਂ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ, “ਐੱਮਪੀ ਬਣਨ ਨਾਲ ਕੋਈ ਲੀਡਰ ਨਹੀਂ ਬਣ ਜਾਂਦਾ, ਵਿਚਾਰਧਾਰਾ ਨਾਲ ਇੱਕ ਦਿਨ ਵਿੱਚ ਨਹੀਂ ਜੁੜਿਆ ਜਾਂਦਾ।”

ਤਸਵੀਰ ਸਰੋਤ, FB/BJP Punjab
ਉਨ੍ਹਾਂ ਕਿਹਾ, “ਕਿਸੇ ਦੀਆਂ ਫ਼ਿਲਮਾਂ ਲਈ, ਕਿਸੇ ਦੇ ਵਪਾਰ ਲਈ ਅਸੀਂ ਆਪਣੀ ਪਾਰਟੀ ਨੂੰ ਕੁਰਬਾਨ ਨਹੀਂ ਕਰਨਾ, ਉਨ੍ਹਾਂ ਦਾ ਕੰਮ ਹੈ ਉਹ ਫ਼ਿਲਮਾਂ ਬਣਾਉਣ ਜਾਂ ਨਾ ਬਣਾਉਣ, ਸੈਂਸਰ ਬੋਰਡ ਦਾ ਕੰਮ ਹੈ ਉਹ ਫ਼ਿਲਮਾਂ ਪਾਸ ਕਰੇ ਜਾਂ ਨਾ, ਉਸ ਨਾਲ ਪਾਰਟੀ ਦਾ ਕੋਈ ਤਾਅਲੁੱਕ ਨਹੀਂ ਹੈ।”
ਉਨ੍ਹਾਂ ਕਿਹਾ ਕਿ ਭਾਜਪਾ ਦਾ ਇੱਕ-ਇੱਕ ਵਰਕਰ ਸਟੈਂਡ ਲਵੇਗਾ, ਇਸ ਵਿੱਚ ਆਪਣਾ ਪਰਾਇਆ ਕੋਈ ਨਹੀਂ ਹੈ।
ਉਨ੍ਹਾਂ ਕਿਹਾ ਕਿ ਇਹ ਸਾਡੀ ਪਾਰਟੀ ਦੀ ਵਿਚਾਰਧਾਰਾ ਨਹੀਂ ਹੈ।
ਇਸ ਪ੍ਰੈੱਸ ਕਾਨਫ਼ਰੰਸ ਵਿੱਚ ਹਰਜੀਤ ਸਿੰਘ ਗਰੇਵਾਲ ਨੇ ਮੋਦੀ ਸਰਕਾਰ ਦੇ ਸਿੱਖ ਭਾਈਚਾਰੇ ਲਈ ਕੀਤੇ ਕਾਰਜ ਵੀ ਗਿਣਵਾਏ।
ਉਨ੍ਹਾਂ ਨੇ ਜਗਦੀਸ਼ ਟਾਇਟਲਰ ਉੱਤੇ 1984 ਸਿੱਖ ਕਤਲੇਆਮ ਦੇ ਮਾਮਲਿਆਂ ਵਿੱਚ ਇਲਜ਼ਾਮ ਤੈਅ ਹੋਣ ਨੂੰ ਵੀ ਮੋਦੀ ਸਰਕਾਰ ਦੀ ਇੱਕ ਪ੍ਰਾਪਤੀ ਦੱਸਿਆ।

ਕੰਗਨਾ ਰਣੌਤ ਨੇ ਫ਼ਿਲਮ ਰਿਲੀਜ਼ ਬਾਰੇ ਕੀ ਕਿਹਾ ਸੀ
ਕੰਗਨਾ ਰਣੌਤ ਨੇ 30 ਅਗਸਤ ਨੂੰ ਆਪਣੇ ‘ਐਕਸ’ ਅਕਾਊਂਟ ‘ਤੇ ਵੀਡੀਓ ਪੋਸਟ ਕਰਕੇ ਕਿਹਾ ਸੀ ਕਿ ਉਨ੍ਹਾਂ ਦੀ ਫ਼ਿਲਮ ਨੂੰ ਹਾਲੇ ਤੱਕ ਸੈਂਸਰ ਬੋਰਡ ਦਾ ਸਰਟੀਫਿਕੇਟ ਨਹੀਂ ਮਿਲਿਆ ਹੈ।
ਕੰਗਨਾ ਰਣੌਤ ਨੇ ਕਿਹਾ ਸੀ, "ਕਈ ਤਰ੍ਹਾਂ ਦੀਆਂ ਅਫ਼ਵਾਹਾਂ ਉੱਠ ਰਹੀਆਂ ਹਨ ਕਿ ਸਾਡੀ ਫ਼ਿਲਮ ‘ਐਮਰਜੈਂਸੀ’ ਨੂੰ ਸੈਂਸਰ ਦਾ ਸਰਟੀਫਿਕੇਟ ਮਿਲ ਗਿਆ ਹੈ, ਇਹ ਸੱਚ ਨਹੀਂ ਹੈ।"
"ਸਾਡੀ ਫ਼ਿਲਮ ਕਲੀਅਰ ਹੋ ਗਈ ਸੀ ਉਸਦੀ ਸਰਟੀਫਿਕੇਸ਼ਨ ਰੋਕ ਲਈ ਗਈ ਹੈ ਕਿਉਂਕਿ ਬਹੁਤ ਜ਼ਿਆਦਾ ਧਮਕੀਆਂ ਆ ਰਹੀਆਂ ਹਨ।"
"ਸਾਡੇ ਉੱਤੇ ਇਹ ਦਬਾਅ ਹੈ ਕਿ ਅਸੀਂ ਸ਼੍ਰੀਮਤੀ ਗਾਂਧੀ ਦਾ ਕਤਲ ਨਾ ਦਿਖਾਈਏ, ਭਿੰਡਰਾਵਾਲਾ ਨੂੰ ਨਾ ਦਿਖਾਈਏ, ਪੰਜਾਬ ਦੰਗੇ ਨਾ ਦਿਖਾਈਏ। ਮੈਨੂੰ ਨਹੀਂ ਪਤਾ ਕਿ ਅਸੀਂ ਕੀ ਦਿਖਾਈਏ ਕੀ ਹੋਇਆ, ਮੇਰੇ ਲਈ ਇਹ ਨਾ ਮੰਨਣਯੋਗ ਸਮਾਂ ਹੈ, ਮੈਨੂੰ ਮੁਲਕ ਦੇ ਹਾਲਾਤ ਲਈ ਅਫ਼ਸੋਸ ਹੈ।"

ਤਸਵੀਰ ਸਰੋਤ, X/Kangana Ranaut

ਸ਼੍ਰੋਮਣੀ ਕਮੇਟੀ ਦਾ ਵਿਰੋਧ
'ਐਮਰਜੈਂਸੀ' ਫ਼ਿਲਮ ਦਾ ਟਰੇਲਰ 14 ਅਗਸਤ ਨੂੰ ਰਿਲੀਜ਼ ਹੋਇਆ ਸੀ। ਰਿਲੀਜ਼ ਹੁੰਦਿਆਂ ਹੀ ਇਹ ਟ੍ਰੇਲਰ ਚਰਚਾ ਦਾ ਵਿਸ਼ਾ ਬਣ ਗਿਆ ਸੀ।
ਫ਼ਰੀਦਕੋਟ ਤੋਂ ਐੱਮਪੀ ਸਰਬਜੀਤ ਸਿੰਘ ਖ਼ਾਲਸਾ ਨੇ ਵੀ ਫ਼ਿਲਮ ਉੱਤੇ ਰੋਕ ਲਗਾਏ ਜਾਣ ਦੀ ਮੰਗ ਕੀਤੀ ਸੀ।
ਇਸ ਦੇ ਨਾਲ ਹੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਸਖ਼ਤ ਸ਼ਬਦਾਂ ਵਿੱਚ ਫ਼ਿਲਮ ਦਾ ਵਿਰੋਧ ਕੀਤਾ ਸੀ ਤੇ ਇਤਰਾਜ਼ਯੋਗ ਦ੍ਰਿਸ਼ ਹਟਾਏ ਜਾਣ ਦੀ ਮੰਗ ਕੀਤੀ ਸੀ।

ਤਸਵੀਰ ਸਰੋਤ, Gurcharn Singh Grewal/FB
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਸੀ ਕਿ ਸੈਂਸਰ ਬੋਰਡ ਤੇ ਸੂਚਨਾ ਪ੍ਰਸਾਰਣ ਮੰਤਰਾਲੇ ਨੂੰ ਐੱਸਜੀਪੀਸੀ ਵੱਲੋਂ ਚਿੱਠੀ ਲਿਖੀ ਗਈ ਸੀ।
ਉਨ੍ਹਾਂ ਨੇ ਕਿਹਾ ਸੀ, "ਸਾਡਾ ਵਿਰੋਧ ਕਰਨ ਦਾ ਮਕਸਦ ਇਹ ਹੈ ਕਿ ਇਸ ਵਿੱਚ ਇਤਿਹਾਸ ਨੂੰ ਵਿਗਾੜਿਆ ਗਿਆ ਹੈ ਅਤੇ ਸਿੱਖ ਕਿਰਦਾਰ ਨੂੰ ਮਾੜੇ ਤਰੀਕੇ ਵਿਖਾਇਆ ਗਿਆ।"
ਕੰਗਨਾ ਦਾ ਕਿਸਾਨਾਂ ਬਾਰੇ ਵਿਵਾਦਿਤ ਬਿਆਨ

ਤਸਵੀਰ ਸਰੋਤ, X/ANI
ਐਮਰਜੈਂਸੀ ਫਿਲਮ ਬਾਰੇ ਵਿਵਾਦ ਅਜੇ ਸ਼ੁਰੂ ਹੀ ਹੋਇਆ ਸੀ ਕਿ ਕੰਗਨਾ ਰਨੌਤ ਨੇ ਕਿਸਾਨ ਅੰਦੋਲਨ ਬਾਰੇ ਇੱਕ ਹੋਰ ਵਿਵਾਦਤ ਬਿਆਨ ਦੇ ਦਿੱਤਾ।
ਭਾਰਤੀ ਜਨਤਾ ਪਾਰਟੀ ਨੇ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਕੰਗਨਾ ਰਣੌਤ ਦੇ ਕਿਸਾਨ ਅੰਦੋਲਨ ਬਾਰੇ ਦਿੱਤੇ ਬਿਆਨ ਨਾਲੋਂ ਪਾਰਟੀ ਨੂੰ ਵੱਖਰਾ ਕਰ ਲਿਆ ਸੀ।
ਇਸ ਦੇ ਨਾਲ ਹੀ ਪਾਰਟੀ ਨੇ ਕੰਗਨਾ ਨੂੰ ਚੇਤਾਵਨੀ ਵੀ ਦਿੱਤੀ ਸੀ ਅਤੇ ਕਿਹਾ ਸੀ ਕਿ ਕੰਗਨਾ ਰਣੌਤ ਨੀਤੀਗਤ ਮਾਮਲਿਆਂ 'ਤੇ ਬਿਆਨ ਦੇਣ ਲਈ ਅਧਿਕਾਰਤ ਨਹੀਂ ਹੈ।
ਕੰਗਨਾ ਰਣੌਤ ਨੇ ਇੱਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ 'ਚ ਕਿਸਾਨ ਅੰਦੋਲਨ 'ਤੇ ਬਿਆਨ ਦਿੱਤਾ ਅਤੇ ਇਸ ਨੂੰ ਬੰਗਲਾਦੇਸ਼ ਦੀ ਘਟਨਾ ਨਾਲ ਜੋੜਿਆ ਸੀ।
ਕੰਗਨਾ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਭਾਰਤ ਵਿੱਚ ਚੀਨ ਅਤੇ ਅਮਰੀਕਾ ਵਰਗੀਆਂ ਵਿਦੇਸ਼ੀ ਸ਼ਕਤੀਆਂ ਕੰਮ ਕਰਦੀਆਂ ਹਨ।
ਭਾਜਪਾ ਨੇ ਕੰਗਨਾ ਰਣੌਤ ਨੂੰ ਸਖ਼ਤ ਹਦਾਇਤ ਦਿੰਦੇ ਹੋਏ ਕਿਹਾ ਕਿ ਉਹ ਭਵਿੱਖ ਵਿੱਚ ਅਜਿਹਾ ਕੋਈ ਬਿਆਨ ਨਾ ਦੇਣ।
ਭਾਜਪਾ ਦੇ ਕੇਂਦਰੀ ਮੀਡੀਆ ਵਿਭਾਗ ਵੱਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਜਪਾ ਸੰਸਦ ਕੰਗਨਾ ਰਣੌਤ ਵੱਲੋਂ ਕਿਸਾਨ ਅੰਦੋਲਨ 'ਤੇ ਦਿੱਤਾ ਗਿਆ ਬਿਆਨ ਪਾਰਟੀ ਦੀ ਰਾਇ ਨਹੀਂ ਹੈ।
ਇਸ ਤੋਂ ਬਾਅਦ ਪਾਰਟੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਕੰਗਨਾ ਰਨੌਤ ਨੂੰ ਤਲਬ ਕਰਕੇ ਦਿਸ਼ਾ ਨਿਰਦੇਸ਼ ਵੀ ਦਿੱਤੇ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ












