ਕਾਮਾਗਾਟਾਮਾਰੂ ਤੋਂ ਹਰਦੀਪ ਨਿੱਝਰ ਕਤਲ ਕੇਸ ਤੱਕ, ਕੈਨੇਡਾ 'ਚ ਪੰਜਾਬੀਆਂ ਦੇ ਇਤਿਹਾਸ ਦੀਆਂ ਪ੍ਰਮੁੱਖ ਘਟਨਾਵਾਂ

    • ਲੇਖਕ, ਗੁਰਜੋਤ ਸਿੰਘ
    • ਰੋਲ, ਬੀਬੀਸੀ ਪੱਤਰਕਾਰ

“ਮੈਂ ਅੱਜ ਇਸ ਹਾਊਸ ਦੇ ਵਿੱਚ ਖੜ੍ਹਾ ਹੋ ਕੇ ਸਰਕਾਰ ਵੱਲੋਂ ਕਾਮਾਗਾਟਾਮਾਰੂ ਦੀ ਘਟਨਾ ਵਿੱਚ ਆਪਣੇ (ਸਰਕਾਰ) ਰੋਲ ਦੇ ਲਈ ਮੁਆਫ਼ੀ ਮੰਗਦਾ ਹਾਂ।”

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮਈ 2016 ’ਚ ਭਰੇ ਹਾਊਸ ਵਿੱਚ ਮੰਗੀ ਗਈ ਇਸ ਮੁਆਫ਼ੀ ਤੋਂ ਬਾਅਦ ਅਗਲੇ ਕੁਝ ਸਕਿੰਟ ਤਾੜੀਆਂ ਦੀ ਗੜਗੜਾਹਟ ਦੀ ਗੂੰਜ ਰਹੀ।

ਸਾਲ 1914 ਵਿੱਚ ਵਾਪਰੀ ਕਾਮਾਗਾਟਾਮਾਰੂ ਦੀ ਘਟਨਾ ਪੰਜਾਬੀਆਂ ਅਤੇ ਕੈਨੇਡਾ ਦੇ ਸਾਂਝੇ ਇਤਿਹਾਸ ਦੀ ਸ਼ਾਇਦ ਪਹਿਲੀ ਵੱਡੀ ਘਟਨਾ ਸੀ ਪਰ ਆਖ਼ਰੀ ਤਾਂ ਬਿਲਕੁਲ ਨਹੀਂ।

ਕਾਮਾਗਾਟਾਮਾਰੂ ਦੀ ਘਟਨਾ ਨੂੰ ਕੈਨੇਡਾ ਦੀ ਵੈਨਕੂਵਰ ਬੰਦਰਗਾਹ ਵਿੱਚ ਜਹਾਜ਼ ਰਾਹੀਂ ਪਹੁੰਚੇ 376 (ਬਹੁਤੇ ਪੰਜਾਬੀ) ਯਾਤਰੀਆਂ ਨੂੰ ਉਤਰਨ ਦੀ ਇਜਾਜ਼ਤ ਨਾ ਦੇ ਕੇ ਉਨ੍ਹਾਂ ਨਾਲ ਹੋਏ ਧੱਕੇ ਵਜੋਂ ਯਾਦ ਕੀਤਾ ਜਾਂਦਾ ਹੈ।

ਇਹ ਜਹਾਜ਼ ਜਦੋਂ ਕਲਕੱਤਾ ਦੇ ਬਜਬਜ ਘਾਟ ਵਾਪਸ ਪਹੁੰਚਿਆ ਤਾਂ ਇਸ ਨੂੰ ਬ੍ਰਿਟਿਸ਼ ਸਰਕਾਰ ਦੇ ਕਹਿਰ ਦਾ ਸਾਹਮਣਾ ਕਰਨਾ ਪਿਆ ਸੀ।

ਕੈਨੇਡਾ ਦੇ ਇਸੇ ਹਾਊਸ ਵਿੱਚ ਹੀ ਸਤੰਬਰ 2023 ’ਚ ਜਸਟਿਨ ਟਰੂਡੋ ਨੇ ਪੰਜਾਬ ਤੋਂ ਪਰਵਾਸੀ ਵਜੋਂ ਗਏ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੀ ਕਥਿਤ ਸ਼ਮੂਲੀਅਤ ਦੇ ਇਲਜ਼ਾਮ ਲਾਏ।

ਭਾਰਤ ਵੱਲੋਂ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਗਿਆ ਹੈ।

ਇਸ ਘਟਨਾ ਨੇ ਕੈਨੇਡਾ ’ਚ ਰਹਿੰਦੇ ਪੰਜਾਬੀਆਂ ਉੱਤੇ ਅਸਰ ਪਾਇਆ ਤੇ ਭਾਰਤ-ਕੈਨੇਡਾ ਦੇ ਕੂਟਨੀਤਕ ਸਬੰਧਾਂ ਨੂੰ ਨਵਾਂ ਮੋੜ ਦਿੱਤਾ। ਇੱਕ ਸਾਲ ਤੋਂ ਵੱਧ ਸਮਾਂ ਬੀਤੇ ਜਾਣ ਬਾਅਦ ਵੀ ਇਹ ਤਲਖ਼ੀ ਕਾਇਮ ਹੈ ਅਤੇ ਕਈ ਨਵੇਂ ਰੂਪਾਂ ’ਚ ਸਾਹਮਣੇ ਆ ਰਹੀ ਹੈ।

ਪੰਜਾਬੀਆਂ ਦੇ ਕੈਨੇਡਾ ਦੀ ਧਰਤੀ ਉੱਤੇ ਪਹਿਲੀ ਵਾਰੀ ਪਹੁੰਚਣ ਤੋਂ ਲੈ ਕੇ ਹੁਣ ਤੱਕ ਪੰਜਾਬ, ਕੈਨੇਡਾ ਅਤੇ ਭਾਰਤ ਦੇ ਸਾਂਝੇ ਇਤਿਹਾਸ ਵਿੱਚ ਕਈ ਮੋੜ ਆਏ ਹਨ।

ਇੱਕ ਸਦੀ ਪਹਿਲਾਂ ਬ੍ਰਿਟਿਸ਼ ਰਾਜ ਦੌਰਾਨ ਕੈਨੇਡਾ ਵਿੱਚ ਭਾਰਤ ਦੀ ਆਜ਼ਾਦੀ ਲਈ ਕੰਮ ਕਰਨ ਵਾਲੇ ਪੰਜਾਬੀ ਕਾਰਕੁਨ ਅੰਗਰੇਜ਼ੀ ਸਰਕਾਰ ਦੀ ਸਿਰਦਰਦੀ ਰਹੇ। ਉੱਥੇ ਹੀ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਵਿੱਚ ਰਹਿੰਦੇ ਪੰਜਾਬੀ ਮੂਲ ਦੇ ਸਿੱਖ ਵੱਖਵਾਦੀਆਂ ਦੀਆਂ ਸਰਗਰਮੀਆਂ ਚਰਚਾ ਵਿੱਚ ਹਨ।

ਇਸ ਰਿਪੋਰਟ ’ਚ ਅਸੀਂ ਪੰਜਾਬ ਦੇ ਸੰਦਰਭ ਵਿੱਚ ਕੈਨੇਡਾ ਤੇ ਭਾਰਤ ਦੇ ਇਤਿਹਾਸਕ ਸਬੰਧਾਂ ਵਿਚਲੇ ਕੁਝ ਅਹਿਮ ਮੌਕਿਆਂ ਬਾਰੇ ਗੱਲ ਕਰਾਂਗੇ।

‘ਪੰਜਾਬ ਟੂ ਕੈਨੇਡਾ ਵਾਇਆ ਹੌਂਗਕੌਂਗ’

ਕੈਨੇਡਾ ਦੀ ਸਾਈਮਨ ਫ੍ਰੇਜ਼ਰ ਯੂਨੀਵਰਸਿਟੀ ਵਿੱਚ ਇਤਿਹਾਸ ਦੇ ਪ੍ਰੋਫ਼ੈਸਰ ਰਹੇ ਹਿਊਗ ਜੋਹਨਸਟਨ ਨੇ ‘ਦਿ ਵੋਯੇਜ ਆਫ ਕਾਮਾਗਾਟਾ ਮਾਰੂ- ਦਿ ਸਿੱਖ ਚੈਲੰਜ ਟੂ ਕੈਨੇਡਾਜ਼ ਕਲਰ ਬਾਰ’ ਨਾਮ ਦੀ ਕਿਤਾਬ ਲਿਖੀ ਹੈ।

ਉਹ ਲਿਖਦੇ ਹਨ, “ਕੈਨੇਡਾ ਵਿੱਚ ਆਉਣ ਵਾਲੇ ਪਹਿਲੇ ਸਿੱਖਾਂ ਵਿੱਚੋਂ ਕੁਝ ਸਾਲ 1904 ਵਿੱਚ ਆਏ ਸਨ।”

“ਉਨ੍ਹਾਂ ਨੂੰ ਕੈਨੇਡਾ ਦੇ ਪੈਸਿਫਿਕ ਰੇਲਵੇ ਦੇ ਹੌਂਗਕੌਂਗ ਏਜੰਟਾਂ ਨੇ ਉਤਸ਼ਾਹਿਤ ਕੀਤਾ ਕਿਉਂਕਿ ਕੈਨੇਡਾ ਦੀ ਸਰਕਾਰ ਨੇ ਚੀਨੀ ਪਰਵਾਸੀਆਂ ਉੱਤੇ ਟੈਕਸ ਵਧਾ ਦਿੱਤਾ ਸੀ, ਇਸ ਲਈ ਉਨ੍ਹਾਂ ਨੇ ਆਪਣਾ ਕੰਮ ਤੋਰੀ ਰੱਖਣ ਲਈ ਇਨ੍ਹਾਂ (ਸਿੱਖਾਂ) ਨੂੰ ਉਤਸ਼ਾਹਿਤ ਕੀਤਾ।”

ਜੋਹਨਸਟਨ ਲਿਖਦੇ ਹਨ ਕਿ ਹਾਲਾਂਕਿ ਲੰਬਰ ਕੰਪਨੀਆਂ ਅਤੇ ਠੇਕੇਦਾਰਾਂ ਨੂੰ ਪਰਵਾਸੀਆਂ ਦੀ ਲੋੜ ਸੀ ਪਰ ਸਥਾਨਕ ਪ੍ਰਸ਼ਾਸਨ ਵਿੱਚ ਇਨ੍ਹਾਂ ਪਰਵਾਸੀਆਂ ਪ੍ਰਤੀ ਤਲਖ਼ੀ ਸੀ।

ਉਹ ਲਿਖਦੇ ਹਨ ਕਿ ਇਨ੍ਹਾਂ ਪਰਵਾਸੀਆਂ ਨੇ ਬਹੁਤ ਤੰਗੀ ਭਰੇ ਹਾਲਾਤ ਦੇਖੇ। ਸਾਲ 1906 ਦੇ ਅਖ਼ੀਰ ਤੱਕ 2000 ਜਣੇ ਹੋਰ ਆ ਗਏ ਸਨ। ਇਸ ਮਗਰੋਂ ਸਰਕਾਰ ਵੱਲੋਂ ਦੋ ਹੁਕਮ ਜਾਰੀ ਕੀਤੇ ਗਏ ਜੋ ਸਿੱਧਾ-ਸਿੱਧਾ ਭਾਰਤੀਆਂ ਲਈ ਘੜੇ ਗਏ ਸਨ।

ਇਨ੍ਹਾਂ ਹੁਕਮਾਂ ਤਹਿਤ ਕੈਨੇਡਾ ਆਉਣ ਵਾਲੇ ਏਸ਼ੀਆਈ ਪਰਵਾਸੀਆਂ ਕੋਲ 200 ਡਾਲਰ ਹੋਣੇ ਅਤੇ ਰਾਹ ਵਿੱਚ ਬਿਨਾਂ ਕਿਤੇ ਰੁਕੇ ਪਹੁੰਚਣਾ ਲਾਜ਼ਮੀ ਕਰ ਦਿੱਤਾ ਗਿਆ।

ਇਸ ਮਗਰੋਂ ਕੈਨੇਡਾ ਵਿੱਚ ਭਾਰਤੀਆਂ ਦਾ ਪਰਵਾਸ ਇੱਕ ਤਰੀਕੇ ਨਾਲ ਰੁਕ ਗਿਆ ਸੀ। ਸਾਲ 1908 ਵਿੱਚ ਹੀ ਕੈਨੇਡਾ ਦੇ ਵੈਨਕੂਵਰ ਵਿੱਚ ਪਹਿਲਾ ਗੁਰਦੁਆਰਾ ਬਣਿਆ।

ਪਹਿਲੇ ਸਮਿਆਂ ਵਿੱਚ ਕੈਨੇਡਾ ਪਹੁੰਚਣ ਵਾਲੇ ਪਰਵਾਸੀਆਂ ਵਿੱਚੋਂ ਬਹੁਤੇ ਕਾਰਖ਼ਾਨਿਆਂ ਜਾਂ ਲੱਕੜ ਦੇ ਆਰਿਆਂ ’ਤੇ ਕੰਮ ਕਰਦੇ ਸਨ।

ਸਾਲ 2019 ਵਿੱਚ ਨਿਊਯਾਰਕ ਟਾਈਮਜ਼ ਨਾਲ ਗੱਲ ਕਰਦਿਆਂ ਕੈਨੇਡਾ ਦੇ ਮੌਜੂਦਾ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਕਿਹਾ ਸੀ ਕਿ ਜਦੋਂ ਉਹ ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਰੈਜੀਮੈਂਟ ਦੇ ਕਮਾਂਡਿੰਗ ਅਫ਼ਸਰ ਬਣੇ ਤਾਂ ਇਹ ਉਨ੍ਹਾਂ ਲਈ ਭਾਵੁਕ ਕਰ ਦੇਣ ਵਾਲੇ ਪਲ ਸੀ ਕਿਉਂਕਿ ਉਨ੍ਹਾਂ ਦੇ ਪਿਤਾ ਕਿਸੇ ਸਮੇਂ ਕੈਨੇਡਾ ਵਿੱਚ ਇੱਕ ਲੱਕੜ ਦੇ ਆਰੇ ਉੱਤੇ ਕੰਮ ਕਰਦੇ ਸਨ।

ਕੈਨੇਡਾ ’ਚ ਪਹਿਲੇ ਪੰਜਾਬੀ ਨਾਇਕ ਵਜੋਂ ਜਾਣੇ ਗਏ ਮੇਵਾ ਸਿੰਘ ਲੋਪੋਕੇ

1900ਵਿਆਂ ਦੀ ਸ਼ੁਰੂਆਤ ਤੋਂ ਹੀ ਕੈਨੇਡਾ ਵਿਚਲੇ ਪਰਵਾਸੀ ਨੌਰਥ ਅਮਰੀਕਾ ਵਿਚਲੀ ਗ਼ਦਰ ਲਹਿਰ ਨਾਲ ਜੁੜ ਗਏ ਸਨ।

ਉਨ੍ਹਾਂ ਦੀਆਂ ਕਾਰਵਾਈਆਂ ਉੱਤੇ ਬ੍ਰਿਟਿਸ਼ ਸਰਕਾਰ ਦੀ ਵੀ ਤਿੱਖੀ ਨਜ਼ਰ ਸੀ।

ਇਸੇ ਦੌਰਾਨ ਮਈ 1914 ਨੂੰ ਕਾਮਾਗਾਟਾ ਮਾਰੂ ਜਹਾਜ਼ ਕੈਨੇਡਾ ਪਹੁੰਚਿਆ। ਅੰਮ੍ਰਿਤਸਰ ਦੇ ਸਰਹਾਲੀ ਪਿੰਡ ਦੇ ਗੁਰਦਿੱਤ ਸਿੰਘ ਵੱਲੋਂ ਠੇਕੇ ’ਤੇ ਲਏ ਗਏ ‘ਜਹਾਜ਼’ ਵਿੱਚ ਹੌਂਗਕੌਂਗ ਤੋਂ 376 ਯਾਤਰੀ ਵੈਨਕੂਵਰ ਪਹੁੰਚੇ ਸਨ।

ਇਸ ਜਹਾਜ਼ ਦੇ ਯਾਤਰੀਆਂ ਨੂੰ ਦੋ ਮਹੀਨੇ ਤੱਕ ਉਤਰਨ ਨਹੀਂ ਦਿੱਤਾ ਗਿਆ, ਇਹ ਜਹਾਜ਼ ਜੁਲਾਈ 1914 ਨੂੰ ਕਲਕੱਤੇ ਵਾਪਸ ਪਹੁੰਚਿਆ, ਜਿੱਥੇ ਉਨ੍ਹਾਂ ਨੂੰ ਬਰਤਾਨਵੀ ਸਰਕਾਰ ਦੀਆਂ ਗੋਲੀਆਂ ਦਾ ਸਾਹਮਣਾ ਕਰਨਾ ਪਿਆ।

ਦਰਸ਼ਨ ਸਿੰਘ ਤਤਲਾ ਆਪਣੀ ਕਿਤਾਬ ਵਿੱਚ ਲਿਖਦੇ ਹਨ ਕਿ ਜਦੋਂ ਸਾਲ 1912 ਵਿੱਚ ਇਨਕਲਾਬੀ ਲਹਿਰ ਸ਼ੁਰੂ ਹੋਈ ਤਾਂ ਬ੍ਰਿਟਿਸ਼ ਸਰਕਾਰ ਨੇ ਹੌਪਕਿਨਸਨ ਨਾਮ ਦੇ ਅਫ਼ਸਰ ਦੀਆਂ ਜਾਸੂਸ ਵਜੋਂ ਸੇਵਾਵਾਂ ਲੈਣੀਆਂ ਸ਼ੁਰੂ ਕੀਤੀਆਂ।

ਜੋਹਨਸਟਨ ਮੁਤਾਬਕ ਮੇਵਾ ਸਿੰਘ ਲੋਪੋਕੇ ਗ਼ਦਰੀਆਂ ਵਿੱਚੋਂ ਇੱਕ ਸਨ, ਉਹ ਸਾਲ 1906 ਵਿੱਚ ਪੰਜਾਬ ਤੋਂ ਕੈਨੇਡਾ ਗਏ ਸਨ।

ਉਨ੍ਹਾਂ ਨੇ 21 ਅਕਤੂਬਰ 1914 ਨੂੰ ਹੌਪਕਿਨਸਨ ਦਾ ਕਤਲ ਕਰ ਦਿੱਤਾ ਕਿਉਂਕਿ ਉਹ ਹੌਪਕਿਨਸਨ ਨੂੰ ਆਪਣੇ ਦੋ ਸਾਥੀਆਂ ਦੇ ਕਤਲ ਲਈ ਜ਼ਿੰਮੇਵਾਰ ਮੰਨਦੇ ਸਨ।

ਇਸ ਮਗਰੋਂ ਮੇਵਾ ਸਿੰਘ ਨੇ ਖੁਦ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ। ਉਨ੍ਹਾਂ ਨੂੰ 11 ਜਨਵਰੀ 1915 ਨੂੰ ਫ਼ਾਂਸੀ ਦੀ ਸਜ਼ਾ ਦਿੱਤੀ ਗਈ ਸੀ।

ਕੈਨੇਡਾ ’ਚ ਵੱਖਵਾਦੀ ਸਰਗਰਮੀਆਂ ਦੀ ਸ਼ੁਰੂਆਤ ਕਿਵੇਂ ਹੋਈ?

ਜੂਨ 1984 ਦੌਰਾਨ ਭਾਰਤ ਸਰਕਾਰ ਵੱਲੋਂ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਸਮਰਥਕਾਂ ਖ਼ਿਲਾਫ਼ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿੱਚ ਫੌਜੀ ਕਾਰਵਾਈ ਕੀਤੀ ਗਈ।

ਇਸ ਮਗਰੋਂ ਜਿੱਥੇ ਪੰਜਾਬ ਵਿੱਚ ਹਿੰਸਾ ਦਾ ਦੌਰ ਸ਼ੁਰੂ ਹੋਇਆ, ਉੱਥੇ ਹੀ ਕੈਨੇਡਾ ਵਿੱਚ ਵੀ ਸਰਗਰਮੀਆਂ ਵਿੱਚ ਵਾਧਾ ਹੋਇਆ।

1984 ਤੋਂ ਬਾਅਦ ਕੈਨੇਡਾ ’ਚ ਖਾਲਿਸਤਾਨ ਸਮਰਥਕਾਂ ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ਬਾਰੇ ਦਰਸ਼ਨ ਸਿੰਘ ਤਤਲਾ ਆਪਣੀ ਕਿਤਾਬ 'ਸਿੱਖ ਡਾਇਸਪੋਰਾ ਸਰਚ ਫਾਰ ਸਟੇਟਹੁੱਡ’ ਵਿੱਚ ਲਿਖਦੇ ਹਨ।

ਇਹ ਕਿਤਾਬ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਵੱਲੋਂ ਛਾਪੀ ਗਈ ਸੀ।

ਉਹ ਲਿਖਦੇ ਹਨ ‘ਵਰਲਡ ਸਿੱਖ ਆਰਗੇਨਾਈਜ਼ੇਸ਼ਨ’ (ਡਬਲਿਊਐੱਸਓ) ਜੁਲਾਈ 1984 ਵਿੱਚ ਕੈਨੇਡਾ-ਅਮਰੀਕਾ ਤੋਂ ਆਏ ਕਈ ਹਜ਼ਾਰ ਸਿੱਖਾਂ ਵੱਲੋਂ ਨਿਊਯਾਰਕ ਦੇ ਮੈਡੀਸਨ ਸਕੁਅਰ ਗਾਰਡਨਜ਼ ਵਿੱਚ ਮੀਟਿੰਗ ਕਰ ਕੇ ਬਣਾਈ ਗਈ ਸੀ।

ਉਹ ਲਿਖਦੇ ਹਨ, “ਇਸ ਦੇ ਦੋ ਵੱਖ-ਵੱਖ ਵਿੰਗ ਸਨ, ਡਬਲਿਊਐੱਸਓ ਕੈਨੇਡਾ(1984) ਅਤੇ ਡਬਲਿਊਐੱਸਓ ਅਮਰੀਕਾ (1984), ਉਸ ਵੇਲੇ ਇਸ ਸੰਸਥਾ ਦੇ ਸੰਵਿਧਾਨ ਵਿੱਚ ਲਿਖਿਆ ਗਿਆ ਸੀ ਕਿ ਇਹ ਵੱਖਰੇ ਸਿੱਖ ਰਾਜ ਲਈ ਸੰਘਰਸ਼ ਕਰੇਗੀ।”

ਇਸ ਮਗਰੋਂ ਕੈਨੇਡਾ ਵਿੱਚ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ, ਵਰਲਡ ਸਿੱਖ ਆਰਗਨਾਈਜ਼ੇਸ਼ਨ, ਨੈਸ਼ਨਲ ਕੌਂਸਲ ਆਫ ਖਾਲਿਸਤਾਨ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀਆਂ ਵੀ ਬਣੀਆਂ।

ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਭਾਰਤ ਵਿੱਚ ਪਾਬੰਦੀਸ਼ੁਦਾ ਜਥੇਬੰਦੀ ਹੈ।

ਅਗਸਤ 2017 ਵਿੱਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਉੱਤੇ ਖਾਲਿਸਤਾਨੀ ਸਮਰਥਕ ਹੋਣ ਅਤੇ ਉਨ੍ਹਾਂ ਦੇ ਪਿਤਾ ਕੁੰਦਨ ਸਿੰਘ ਸੱਜਣ ਦੇ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਮੈਂਬਰ ਹੋਣ ਦੀ ਗੱਲ ਕਹੀ ਸੀ।

ਇੰਡੀਅਨ ਸੋਸ਼ਿਓਲੋਜਿਕਲ ਸੁਸਾਇਟੀ ਦੇ ਪ੍ਰਧਾਨ ਰਹਿ ਚੁੱਕੇ ਪਰਮਜੀਤ ਸਿੰਘ ਜੱਜ ਦੱਸਦੇ ਹਨ ਕਿ ਕੈਨੇਡਾ ਵਿੱਚ ਖਾਲਿਸਤਾਨੀ ਤੱਤਾਂ ਦੀ ਗਿਣਤੀ ਕਾਫੀ ਨਿਗੂਣੀ ਹੈ।

ਉਹ ਦੱਸਦੇ ਹਨ ਕਿ ਜਿਵੇਂ-ਜਿਵੇਂ ਕੈਨੇਡਾ ਵਿੱਚ ਪਰਵਾਸ ਵਧਿਆ, ਉਸ ਦੇ ਅਸਰ ਵਜੋਂ ਹਿੰਦੂ ਭਾਈਚਾਰੇ ਦੇ ਵਿੱਚ ਵੀ ਅਜਿਹੇ ਤੱਤ ਵਧੇ ਹਨ, ਜੋ ਤਣਾਅ ਵਿੱਚ ਯੋਗਦਾਨ ਪਾਉਂਦੇ ਹਨ।

ਏਅਰ ਇੰਡੀਆ ਬਲਾਸਟ (ਕਨਿਸ਼ਕਾ ਕਾਂਡ)

2015 ਵਿੱਚ ਕੈਨੇਡਾ ’ਚ ਆਪਣੇ ਪਹਿਲੇ ਦੌਰੇ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਕੈਨੇਡੀਆਈ ਹਮਰੁਤਬਾ ਸਟੀਫਨ ਹਾਰਪਰ ਨਾਲ 1985 ਦੇ ਏਅਰ ਇੰਡੀਆ ਬੰਬ ਧਮਾਕੇ ਵਿੱਚ ਮਾਰੇ ਗਏ ਲੋਕਾਂ ਨੂੰ ਟੋਰਾਂਟੋ ਵਿੱਚ ਸ਼ਰਧਾਂਜਲੀ ਦਿੱਤੀ ਸੀ।

ਜੂਨ 1985 ’ਚ ਲੰਡਨ ਰਾਹੀਂ ਕੈਨੇਡਾ ਤੋਂ ਭਾਰਤ ਜਾ ਰਹੀ ਏਅਰ ਇੰਡੀਆ ਫਲਾਈਟ ਵਿੱਚ ਬੰਬ ਧਮਾਕਾ ਹੋਇਆ, ਜਿਸ ਵਿੱਚ 329 ਜਣੇ ਮਾਰੇ ਗਏ ਸਨ।

ਮਰਨ ਵਾਲਿਆਂ ਵਿੱਚ 268 ਕੈਨੇਡੀਆਈ ਨਾਗਰਿਕ ਸਨ, ਜਿਨ੍ਹਾਂ ਵਿੱਚੋਂ ਬਹੁਤੇ ਭਾਰਤੀ ਮੂਲ ਦੇ ਸਨ ਅਤੇ 24 ਭਾਰਤੀ ਸਨ।

ਸਿਰਫ਼ 131 ਦੇਹਾਂ ਹੀ ਸਮੁੰਦਰ ਵਿੱਚ ਮਿਲੀਆਂ। ਜਿਸ ਵੇਲੇ ਇਹ ਫਲਾਈਟ ਹਵਾ ਵਿੱਚ ਸੀ, ਉਦੋਂ ਹੀ ਟੋਕੀਓ ਦੇ ਨਾਰੀਤਾ ਏਅਰਪੋਰਟ ਵਿੱਚ ਇੱਕ ਧਮਾਕਾ ਹੋਇਆ ਅਤੇ ਜਿਸ ਵਿੱਚ ਏਅਰਪੋਰਟ ‘ਤੇ ਬੈਗੇਜ ਹੈਂਡਲਰ ਵਜੋਂ ਕੰਮ ਕਰਦੇ ਦੋ ਜਾਪਾਨੀਆਂ ਦੀ ਮੌਤ ਹੋ ਗਈ ਸੀ।

ਕੈਨੇਡੀਆਈ ਜਾਂਚਕਰਤਾਵਾਂ ਨੇ ਇਹ ਇਲਜ਼ਾਮ ਲਗਾਏ ਕਿ ਇਹ ਬੰਬ ਧਮਾਕੇ ਸਿੱਖ ਵੱਖਵਾਦੀਆਂ ਨੇ ਪਲਾਨ ਕੀਤੇ ਸਨ, ਜਿਹੜੇ 1984 ਵਿੱਚ ਦਰਬਾਰ ਸਾਹਿਬ ਉੱਤੇ ਹੋਈ ਫੌਜੀ ਕਾਰਵਾਈ ਦਾ ਬਦਲਾ ਲੈਣਾ ਚਾਹੁੰਦੇ ਸਨ।

ਇਸ ਹਮਲੇ ਤੋਂ ਕੁਝ ਮਹੀਨਿਆਂ ਬਾਅਦ ਰੋਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਬੱਬਰ ਖਾਲਸਾ ਦੇ ਆਗੂ ਤਲਵਿੰਦਰ ਸਿੰਘ ਪਰਮਾਰ ਅਤੇ ਇੰਦਰਜੀਤ ਸਿੰਘ ਰਿਆਤ ਨਾਂਅ ਦੇ ਸ਼ਖ਼ਸ ਨੂੰ ਹਥਿਆਰਾਂ, ਧਮਾਕਾਖ਼ੇਜ਼ ਸਮੱਗਰੀ ਅਤੇ ਸਾਜ਼ਿਸ਼ ਦੇ ਇਲਜ਼ਾਮਾਂ ਵਿੱਚ ਗ੍ਰਿਫ਼ਤਾਰ ਕੀਤਾ ਸੀ।

ਪਰ ਪਰਮਾਰ ਦੇ ਖ਼ਿਲਾਫ਼ ਮੁਕੱਦਮਾ ਕਮਜ਼ੋਰ ਹੋਣ ਕਰਕੇ ਉਸ ਨੂੰ ਛੱਡ ਦਿੱਤਾ ਗਿਆ ਸੀ। ਭਾਰਤ ਨੇ ਪਰਮਾਰ ਦੀ ਹਵਾਲਗੀ ਦੀ ਵੀ ਕੋਸ਼ਿਸ਼ ਕੀਤੀ ਸੀ, ਜੋ ਅਸਫ਼ਲ ਰਹੀ।

ਪਰਮਾਰ ਸਾਲ 1992 ਵਿੱਚ ਪੰਜਾਬ ਪੁਲਿਸ ਹੱਥੋਂ ਮਾਰਿਆ ਗਿਆ ਸੀ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਪਰਮਾਰ ਇਸ ਵਿੱਚ ਮਾਸਟਰਮਾਈਂਡ ਸੀ।

ਸਾਲ 2000 ਵਿੱਚ ਕੈਨੇਡਾ ਪੁਲਿਸ ਨੇ ਵੈਨਕੂਵਰ ਦੇ ਅਮੀਰ ਵਪਾਰੀ ਰਿਪੁਦਮਨ ਸਿੰਘ ਮਲਿਕ ਅਤੇ ਬ੍ਰਿਟਿਸ਼ ਕੋਲੰਬੀਆ ਦੇ ਮਿੱਲ ਵਰਕਰ ਅਜਾਇਬ ਸਿੰਘ ਬਾਗੜੀ ਨੂੰ ‘ਮਾਸ ਮਰਡਰ ਤੇ ਸਾਜਿਸ਼ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਸੀ।

ਦੁਨੀਆਂ ਦੇ ਸਭ ਤੋਂ ਭਿਆਨਕ ਹਵਾਈ ਬੰਬ ਧਮਾਕੇ ਵਿੱਚ ਸਿਰਫ਼ ਇੰਦਰਜੀਤ ਸਿੰਘ ਰਿਆਤ ਉੱਤੇ ਹੀ ਦੋਸ਼ ਤੈਅ ਹੋਏ ਸਨ।

ਕੈਨੇਡਾ ਦੀ ਸਿਆਸਤ ਵਿੱਚ ਉਭਰਨ ਵਾਲੇ ਪੰਜਾਬੀ ਚਿਹਰੇ

ਗੁਰਬਖਸ਼ ਸਿੰਘ ਮੱਲ੍ਹੀ ਕੈਨੇਡਾ ਦੀ ਪਾਰਲੀਮੈਂਟ ਵਿੱਚ ਚੁਣੇ ਜਾਣ ਵਾਲੇ ਪਹਿਲੇ ਦਸਤਾਰਧਾਰੀ ਐੱਮਪੀ ਸਨ। ਉਹ 1993 ਤੋਂ 2011 ਤੱਕ ‘ਬਰਾਮਾਲਿਆ-ਗੋਰ-ਮਾਲਟਨ’ ਤੋਂ ਲਿਬਰਲ ਪਾਰਟੀ ਦੇ ਐੱਮਪੀ ਰਹੇ।

ਉਨ੍ਹਾਂ ਤੋਂ ਬਾਅਦ ਕਈ ਪੰਜਾਬੀ ਮੂਲ ਦੇ ਦਸਤਾਰਧਾਰੀ ਐੱਮਪੀ ਕੈਨੇਡਾ ਦੀ ਪਾਰਲੀਮੈਂਟ ਵਿੱਚ ਪਹੁੰਚੇ ਅਤੇ ਵੱਖ-ਵੱਖ ਪਾਰਟੀਆਂ ਵਿੱਚ ਮਹੱਤਵਪੂਰਨ ਅਹੁਦਿਆਂ ਉੱਤੇ ਰਹੇ।

ਅਕਤੂਬਰ 2017 ਵਿੱਚ ਜਗਮੀਤ ਸਿੰਘ ਕੈਨੇਡਾ ਦੀ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਮੁਖੀ ਬਣੇ।

ਉਹ ਘੱਟ ਗਿਣਤੀ ਭਾਈਚਾਰੇ ਨਾਲ ਸਬੰਧ ਰੱਖਦੇ ਪਹਿਲੇ ਆਗੂ ਹਨ, ਜੋ ਕੈਨੇਡਾ ਦੀ ਕਿਸੇ ਕੌਮੀ ਪਾਰਟੀ ਦੀ ਪ੍ਰਧਾਨਗੀ ਦੇ ਅਹੁਦੇ ਤੱਕ ਪਹੁੰਚਿਆ।

ਐਡਮੰਟਨ ਤੋਂ ਐੱਮਪੀ ਟਿਮ ਉੱਪਲ ਕੰਜ਼ਰਵੇਟਿਵ ਪਾਰਟੀ ਦੇ ਡਿਪਟੀ ਲੀਡਰ ਹਨ।

ਇਸ ਤੋਂ ਇਲਾਵਾ ਪੰਜਾਬੀ ਮੂਲ ਦੇ ਉੱਜਲ ਦੋਸਾਂਝ ਦੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਬਣਨ ਤੋਂ ਇਲਾਵਾ ਹੋਰ ਕਈ ਪੰਜਾਬੀ ਸਿਆਸੀ ਮੁਕਾਮ ਹਾਸਲ ਕਰ ਚੁੱਕੇ ਹਨ।

ਕੈਨੇਡਾ ਦੀ ਪਰਵਾਸ ਨੀਤੀ ’ਚ ਬਦਲਾਅ

ਕੈਨੇਡਾ ਵਿੱਚ ਸਾਲ 1962 ਦੌਰਾਨ ‘ਦਿ ਇਮੀਗ੍ਰੇਸ਼ਨ ਐਕਟ’ ਤਹਿਤ ਲਿਆਂਦੀਆਂ ਗਈਆਂ ਪਰਵਾਸ ਨੀਤੀਆਂ ਦਾ ਮੰਤਵ ਪਰਵਾਸ ਵਿੱਚ ਨਸਲੀ ਭੇਦਭਾਵ ਨੂੰ ਹਟਾਉਣਾ ਸੀ।

ਇਸ ਮਗਰੋਂ ਕੈਨੇਡਾ ਵਿੱਚ ਦਾਖ਼ਲੇ ਦਾ ਮੁੱਖ ਪੈਮਾਨਾ ਹੁਨਰ ਬਣ ਗਿਆ ਨਾ ਕਿ ਨਸਲੀ ਜਾਂ ਕੌਮੀ ਪਿਛੋਕੜ।

ਇਸ ਬਦਲਾਅ ਨੇ ਕੈਨੇਡਾ ਵਿੱਚ ਪੰਜਾਬੀਆਂ ਦੇ ਦਾਖ਼ਲੇ ਨੂੰ ਸੁਖਾਲਾ ਬਣਾਇਆ।

ਬੀਤੇ ਸਾਲਾਂ ਦੌਰਾਨ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਅਤੇ ਹੋਰ ਮਾਧਿਅਮਾਂ ਰਾਹੀਂ ਵੱਡੀ ਗਿਣਤੀ ਵਿੱਚ ਪੰਜਾਬ ਅਤੇ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਪਰਵਾਸ ਹੋਇਆ ਹੈ।

ਬੀਤੇ ਕੁਝ ਦਹਾਕਿਆਂ ਤੋਂ ਕੈਨੇਡਾ ਆਪਣੇ ਆਪ ਨੂੰ ਇੱਕ ਬਹੁ-ਸੱਭਿਆਚਾਰਕ ਮੁਲਕ ਵਜੋਂ ਪੇਸ਼ ਕਰਦਾ ਆਇਆ ਹੈ, ਜੋ ਪਰਵਾਸ ਨੂੰ ਸਾਕਾਰਾਤਮਕ ਰੂਪ ਵਿੱਚ ਦੇਖਦਾ ਸੀ।

ਪਰ ਕੈਨੇਡਾ ਦੇ ਅੰਦਰੂਨੀ ਆਰਥਿਕ ਸੰਕਟਾਂ ਦੇ ਚੱਲਦਿਆਂ ਕੈਨੇਡਾ ਨੇ ਵਿਦਿਆਰਥੀ ਵੀਜ਼ਾ ਅਤੇ ਪੀਆਰ ਸਬੰਧੀ ਨਿਯਮਾਂ ਵਿੱਚ ਸਖ਼ਤੀ ਕੀਤੀ ਹੈ।

‘ਪੰਜਾਬੀਜ਼ ਇੰਨ ਕੈਨੇਡਾ’ ਨਾਂ ਦੀ ਕਿਤਾਬ ਦੇ ਲੇਖਕ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸਮਾਜ ਸ਼ਾਸਤਰ ਦੇ ਪ੍ਰੋਫ਼ੈਸਰ ਰਹੇ ਪਰਮਜੀਤ ਸਿੰਘ ਜੱਜ ਦੱਸਦੇ ਹਨ ਕਿ ਭਾਰਤ-ਕੈਨੈਡਾ ਕੂਟਨੀਤਕ ਸਬੰਧਾਂ ’ਚ ਨਿਘਾਰ ਅਤੇ ਪਰਵਾਸ ਦੇ ਪੰਜਾਬ ਲਈ ਗੰਭੀਰ ਆਰਥਿਕ ਸਿੱਟੇ ਹੋ ਸਕਦੇ ਹਨ ਪਰ ਉਨ੍ਹਾਂ ਨੂੰ ਉਮੀਦ ਹੈ ਕਿ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿੱਚ ਸੁਧਾਰ ਜ਼ਰੂਰ ਹੋਵੇਗਾ।

ਜਸਟਿਨ ਟਰੂਡੋ ਦਾ ਕਾਰਜਕਾਲ ਅਤੇ ਭਾਰਤ-ਕੈਨੇਡਾ ਤਣਾਅ

ਜਸਟਿਨ ਟਰੂਡੋ ਤੋਂ ਪਹਿਲਾਂ ਸਾਲ 2008 ਵਿੱਚ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ 8,000 ਸਿੱਖਾਂ ਦੇ ਇਕੱਠ ਨੂੰ ਸੰਬੋਧਨ ਹੁੰਦਿਆਂ ਕਾਮਾਗਾਟਾ ਮਾਰੂ ਲਈ ਮੁਆਫ਼ੀ ਮੰਗੀ ਸੀ।

ਇਸ ਮਗਰੋਂ ਕੈਨੇਡਾ ਵਿਚਲੇ ਕੁਝ ਸਿੱਖ ਆਗੂਆਂ ਵੱਲੋਂ ਇਹ ਮੰਗ ਕੀਤੀ ਗਈ ਸੀ ਕਿ ਇਹ ਮੁਆਫ਼ੀ ਹਾਊਸ ਵਿੱਚ ਮੰਗੀ ਜਾਣੀ ਚਾਹੀਦੀ ਹੈ। ਇਹ ਮੰਗ ਜਸਟਿਨ ਟਰੂਡੋ ਦੇ ਕਾਰਜਕਾਲ ਵਿੱਚ ਪੂਰੀ ਹੋਈ।

2016 ਵਿੱਚ, ਟਰੂਡੋ ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਉਨ੍ਹਾਂ ਦੇ ਮੰਤਰੀ ਮੰਡਲ ਵਿੱਚ ਚਾਰ ਸਿੱਖ ਹਨ, ਜੋ ਭਾਰਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਤੋਂ ਵੱਧ ਹਨ।

ਸਾਲ 2018 ਵਿੱਚ ਭਾਰਤ ਸਰਕਾਰ ਦੀ ਨਾਰਾਜ਼ਗੀ ਉਦੋਂ ਹੋਰ ਵਧ ਗਈ ਸੀ, ਜਦੋਂ 1986 ਵਿੱਚ ਇੱਕ ਭਾਰਤੀ ਕੈਬਨਿਟ ਮੰਤਰੀ ਦੀ ਕਤਲ ਦੀ ਕੋਸ਼ਿਸ਼ ਦੇ ਦੋਸ਼ੀ ਜਸਪਾਲ ਅਟਵਾਲ ਨੂੰ ਟਰੂਡੋ ਨਾਲ ਰਾਤ ਦੇ ਖਾਣੇ ਲਈ ਦਿੱਲੀ ਬੁਲਾਇਆ ਗਿਆ ਸੀ, ਭਾਵੇਂ ਕਿ ਬਾਅਦ ਵਿੱਚ ਇਹ ਸੱਦਾ ਰੱਦ ਕਰ ਦਿੱਤਾ ਗਿਆ ਸੀ।

ਕੈਨੇਡਾ ਸਰਕਾਰ ਨੇ ਦਸੰਬਰ 2018 ਵਿੱਚ ਦੇਸ਼ ’ਚ ਅੱਤਵਾਦ ਦੇ ਖ਼ਤਰੇ ਬਾਰੇ ਇੱਕ ਰਿਪੋਰਟ ਜਾਰੀ ਕੀਤੀ। ਇਸ ਰਿਪੋਰਟ ਵਿੱਚ ਪਹਿਲੀ ਵਾਰ ਸਿੱਖ ਅੱਤਵਾਦ ਅਤੇ ਖਾਲਿਸਤਾਨ ਸ਼ਬਦਾਂ ਦਾ ਜ਼ਿਕਰ ਕੀਤਾ ਗਿਆ।

ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਕੈਨੇਡਾ ਨੂੰ ਸਿੱਖ ਕੱਟੜਪੰਥੀਆਂ ਸਮੇਤ ਵੱਖ-ਵੱਖ ਤਰ੍ਹਾਂ ਦੇ ਕੱਟੜਵਾਦ ਤੋਂ ਪ੍ਰੇਰਿਤ ਲੋਕਾਂ ਤੋਂ ਖ਼ਤਰੇ ਦਾ ਸਾਹਮਣਾ ਕਰਨਾ ਪੈਂਦਾ ਹੈ, ਹਾਲਾਂਕਿ ਕੈਨੇਡਾ ਵਿੱਚ ਖਾਲਿਸਤਾਨੀਆਂ ਦੇ ਹਮਲੇ ਸੀਮਤ ਹਨ।

ਹਾਲਾਂਕਿ ਇੱਕ ਸਾਲ ਬਾਅਦ ਕੈਨੇਡਾ ਨੇ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਰਿਪੋਰਟ ’ਚ ਸੋਧ ਕੀਤੀ ਅਤੇ ਖਾਲਿਸਤਾਨ ਅਤੇ ਸਿੱਖ ਕੱਟੜਪੰਥੀ ਦੇ ਜ਼ਿਕਰ ਨੂੰ ਹਟਾ ਦਿੱਤਾ।

ਇਸ ਗੱਲ ਦੀ ਪੰਜਾਬ ਦੇ ਉਸ ਵੇਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਲੋਚਨਾ ਵੀ ਕੀਤੀ ਸੀ।

ਅਮਰਿੰਦਰ ਸਿੰਘ ਇਸ ਤੋਂ ਪਹਿਲਾਂ ਟਰੂਡੋ ਨੂੰ ਕੈਨੇਡਾ ਵਿਚ ਮੌਜੂਦ ਕੱਟੜਪੰਥੀਆਂ ਦੀ ਇੱਕ ਲਿਸਟ ਦੇ ਚੁੱਕੇ ਸਨ ਅਤੇ ਇਸ ਲਿਸਟ ਵਿਚ ਹਰਦੀਪ ਸਿੰਘ ਨਿੱਝਰ ਦਾ ਵੀ ਨਾਮ ਸੀ।

ਫਿਰ ਸਾਲ 2020 ’ਚ ਟਰੂਡੋ ਨੇ ਭਾਰਤ ਵਿੱਚ ਹੋ ਰਹੇ ਕਿਸਾਨ ਅੰਦੋਲਨ ’ਤੇ ਚਿੰਤਾ ਜ਼ਾਹਿਰ ਕੀਤੀ ਸੀ।

ਨਿੱਝਰ ਮਾਮਲੇ ਵਿੱਚ ਜਸਟਿਨ ਟਰੂਡੋ ਵੱਲੋਂ ਲਾਏ ਗਏ ਇਲਜ਼ਾਮਾਂ ਤੋਂ ਬਾਅਦ ਦੋਵਾਂ ਮੁਲਕਾਂ ਦੇ ਨੁਮਾਇੰਦੇ ਹਾਲ ਹੀ ਵਿੱਚ ਬ੍ਰਾਜ਼ੀਲ ਵਿੱਚ ਜੀ-20 ਸੰਮੇਲਨ ਦੇ ਨਾਲ-ਨਾਲ ਦੋ ਹੋਰ ਕੌਮਾਂਤਰੀ ਸਮਾਗਮਾਂ ਉੱਤੇ ਇਕੱਠੇ ਹੋਏ, ਪਰ ਦੋਵਾਂ ਮੁਲਕਾਂ ਵਿੱਚ ਤਣਾਅ ਹਾਲੇ ਜਾਰੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)