You’re viewing a text-only version of this website that uses less data. View the main version of the website including all images and videos.
ਕੈਨੇਡਾ ਦੀਆਂ ਪਰਵਾਸ ਨੀਤੀਆਂ: 'ਉੱਥੇ ਸਾਡੇ ਬੱਚੇ ਭਵਿੱਖ ਲਈ ਸੜਕਾਂ 'ਤੇ ਉਤਰੇ ਹਨ ਅਤੇ ਇੱਥੇ ਸਾਨੂੰ ਕਰਜ਼ੇ ਦਾ ਫਿਕਰ ਦਿਨ-ਰਾਤ ਸਤਾ ਰਿਹਾ'
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
“ਮੈਂ ਪੁੱਤਰ ਨੂੰ ਇਸ ਉਮੀਦ ਨਾਲ ਕੈਨੇਡਾ ਭੇਜਿਆ ਸੀ ਕਿ ਉੱਥੇ ਉਸ ਦਾ ਭਵਿੱਖ ਸੁਰੱਖਿਅਤ ਹੋਵੇਗਾ ਅਤੇ ਅਸੀਂ ਬੁਢਾਪੇ ਵਿੱਚ ਆਰਾਮ ਨਾਲ ਜ਼ਿੰਦਗੀ ਬਤੀਤ ਕਰਾਂਗੇ, ਇਸ ਲਈ ਕਰਜ਼ਾਈ ਵੀ ਹਾਂ ਪਰ ਸਾਡਾ ਸੁਪਨਾ ਕੈਨੇਡਾ ਸਰਕਾਰ ਦੀਆਂ ਪਰਵਾਸ ਨੀਤੀਆਂ ਵਿੱਚ ਆਏ ਬਦਲਾਅ ਕਾਰਨ ਅਜੇ ਵੀ ਅੱਧ ਵਿਚਾਲੇ ਲਟਕਿਆਂ ਪਿਆ ਹੈ।”
ਇਹ ਸ਼ਬਦ ਜੋਗਿੰਦਰ ਸਿੰਘ ਦੇ ਹਨ।
ਜੋਗਿੰਦਰ ਸਿੰਘ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਕੁਲੇਵਾਲ ਦੇ ਵਾਸੀ ਹਨ ਅਤੇ ਇੱਕ ਏਕੜ ਜ਼ਮੀਨ ਵਿੱਚ ਖੇਤੀ ਕਰਦੇ ਹਨ। ਇਸ ਜ਼ਮੀਨ ਉੱਤੇ ਕਰਜ਼ਾ ਲੈ ਕੇ ਉਨ੍ਹਾਂ ਆਪਣੇ ਪੁੱਤਰ ਨੂੰ 2019 ਵਿੱਚ ਕੈਨੇਡਾ ਭੇਜਿਆ ਸੀ।
ਜੋਗਿੰਦਰ ਸਿੰਘ ਨੇ ਦੱਸਿਆ ਕਿ ਇੱਕ ਪਾਸੇ ਪੁੱਤਰ ਕੈਨੇਡਾ ਦੀ ਠੰਢ ਵਿੱਚ ਆਪਣੇ ਭਵਿੱਖ ਲਈ ਸੜਕਾਂ ਉੱਤੇ ਉਤਰ ਕੇ ਧਰਨਾ ਦੇ ਰਿਹਾ ਹੈ ਅਤੇ ਦੂਜੇ ਪਾਸੇ ਉਸ ਦੇ ਭਵਿੱਖ ਲਈ ਲਿਆ ਕਰਜ਼ੇ ਦਾ ਫ਼ਿਕਰ ਦਿਨ ਰਾਤ ਉਸ ਨੂੰ ਸਤਾ ਰਿਹਾ ਹੈ।
ਜੋਗਿੰਦਰ ਸਿੰਘ ਦੇ ਪੁੱਤਰ ਬਿਕਰਮਜੀਤ ਸਿੰਘ ਨੂੰ ਵਰਕ ਪਰਮਿਟ ਦੀ ਮਿਆਦ ਖ਼ਤਮ ਹੋਣ ਤੋਂ ਪਹਿਲਾਂ ਪੀਆਰ ਦੀ ਉਮੀਦ ਸੀ ਪਰ ਕੈਨੇਡਾ ਸਰਕਾਰ ਦੀਆਂ ਬਦਲੀਆਂ ਪਰਵਾਸ ਨੀਤੀਆਂ ਕਾਰਨ ਅਜਿਹਾ ਨਹੀਂ ਹੋਇਆ।
ਦਰਅਸਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਿਛਲੇ ਕੁਝ ਮਹੀਨਿਆਂ ਵਿੱਚ ਮੁਲਕ ਦੀ ਪਰਵਾਸ ਨੀਤੀ ਵਿੱਚ ਕਈ ਬਦਲਾਅ ਕੀਤੇ ਗਏ ਹਨ। ਖਾਸ ਕਰਕੇ ਕੌਮਾਂਤਰੀ ਵਿਦਿਆਰਥੀਆਂ ਦੇ ਵਰਕ ਪਰਮਿਟ, ਸਪਾਊਸ ਦੇ ਕੈਨੇਡਾ ਆਉਣ ਅਤੇ ਕੰਮ ਕਰਨ ਵਾਲੇ ਘੰਟਿਆਂ ਦੇ ਹਫ਼ਤਾਵਾਰੀ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ।
ਆਪਣੇ ਬੱਚਿਆਂ ਦੇ ਭਵਿੱਖ ਲਈ ਚਿੰਤਤ ਮਾਪੇ
ਕੈਨੇਡਾ ਵਿੱਚ ਵੀਜ਼ਾ ਨਿਯਮਾਂ ਵਿੱਚ ਹੋਏ ਬਦਲਾਅ ਕਾਰਨ ਉੱਥੇ ਪੱਕੇ ਤੌਰ ਉੱਤੇ ਰਹਿਣ ਦੀਆਂ ਉਮੀਦਾਂ ਨਾਲ ਗਏ ਹਜ਼ਾਰਾਂ ਭਾਰਤੀ ਵਿਦਿਆਰਥੀਆਂ ’ਤੇ ਖ਼ਤਰਾ ਮੰਡਰਾ ਰਿਹਾ ਹੈ, ਜਿਸ ਕਰ ਕੇ ਇਹ ਭਾਰਤੀ ਨੌਜਵਾਨ ਅਤੇ ਉਨ੍ਹਾਂ ਦੇ ਮਾਪੇ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ।
ਜਿੰਨਾ ਵਿਦਿਆਰਥੀਆਂ ਦੇ ਵਰਕ ਪਰਮਿਟ ਕੈਨੇਡਾ ਵਿੱਚ ਖ਼ਤਮ ਹੋ ਗਏ ਹਨ, ਉਨ੍ਹਾਂ ਵਿੱਚੋਂ ਇੱਕ ਬਿਰਕਰਮਜੀਤ ਸਿੰਘ ਵੀ ਹਨ। ਬਿਕਰਮਜੀਤ ਸਿੰਘ ਦੇ ਪਿਤਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਨੂੰ ਜਦੋਂ ਭਾਰਤ ਵਿੱਚ ਮੈਕਨੀਕਲ ਇੰਜਨੀਅਰਿੰਗ ਦੀ ਡਿਗਰੀ ਹੋਣ ਦੇ ਬਾਵਜੂਦ ਚੰਗੀ ਨੌਕਰੀ ਨਹੀਂ ਮਿਲੀ ਤਾਂ ਕਰੀਬ 20 ਲੱਖ ਰੁਪਏ ਦਾ ਕਰਜ਼ਾ ਲੈ ਕੇ ਉਨ੍ਹਾਂ ਨੇ ਪੁੱਤਰ ਨੂੰ ਕੈਨੇਡਾ ਭੇਜ ਦਿੱਤਾ।
ਬੀਬੀਸੀ ਨਾਲ ਗੱਲਬਾਤ ਦੇ ਦੌਰਾਨ ਹੀ ਜੋਗਿੰਦਰ ਸਿੰਘ ਦੇ ਫ਼ੋਨ ਦੀ ਅਚਾਨਕ ਘੰਟੀ ਵੱਜਦੀ ਹੈ। ਇਹ ਫ਼ੋਨ ਕੈਨੇਡਾ ਤੋਂ ਜੋਗਿੰਦਰ ਸਿੰਘ ਦੇ ਪੁੱਤਰ ਬਿਕਰਮਜੀਤ ਸਿੰਘ ਦਾ ਹੀ ਸੀ।
ਹਾਲ ਚਾਲ ਜਾਣਨ ਤੋਂ ਬਾਅਦ ਜੋਗਿੰਦਰ ਸਿੰਘ ਆਖਦੇ ਹਨ ਕਿ ਪੀਆਰ (ਕੈਨੇਡਾ ਦੀ ਪੱਕੀ ਰਿਹਾਇਸ਼) ਦਾ ਕੁਝ ਹੋਇਆ ਤਾਂ ਬਿਕਰਮਜੀਤ ਸਿੰਘ ਦੱਸਦੇ ਹਨ ਕਿ ਇਸ ਨੂੰ ਅਜੇ ਟਾਈਮ ਲੱਗੇਗਾ, ਇਸ ਤੋਂ ਬਾਅਦ ਫ਼ੋਨ ਬੰਦ ਹੋ ਜਾਂਦਾ ਹੈ।
ਥੋੜ੍ਹੀ ਦੇਰ ਚੁੱਪ ਰਹਿਣ ਤੋਂ ਬਾਅਦ ਜੋਗਿੰਦਰ ਸਿੰਘ ਕਹਿੰਦੇ ਹਨ, “ਸਾਡੇ ਕੋਲ ਇਸ ਸਮੇਂ ਕੈਨੇਡਾ ਦੀ ਪੀਆਰ ਤੋਂ ਇਲਾਵਾ ਗੱਲਬਾਤ ਕਰਨ ਲਈ ਹੁਣ ਹੋਰ ਕੋਈ ਵਿਸ਼ਾ ਨਹੀਂ ਹੈ, ਕਿਉਂਕਿ ਜੇਕਰ ਪੁੱਤਰ ਵਾਪਸ ਆ ਗਿਆ ਤਾਂ ਫਿਰ ਕੀ ਹੋਵੇਗਾ। ਜੋ ਜ਼ਮੀਨ ਗਹਿਣੇ ਪਈ ਹੈ, ਉਸ ਦੀਆਂ ਕਿਸ਼ਤਾਂ ਅਜੇ ਵੀ ਅਧੂਰੀਆਂ ਹਨ, ਸਮਝ ਨਹੀਂ ਆ ਰਿਹਾ ਅੱਗੇ ਕੀ ਹੋਵੇਗਾ।
ਜੋਗਿੰਦਰ ਸਿੰਘ ਨੇ ਦੱਸਿਆ ਕਿ ਛੋਟੀ ਕਿਸਾਨੀ ਅਤੇ ਬੇਰੁਜ਼ਗਾਰੀ ਦੇ ਕਾਰਨ ਉਨ੍ਹਾਂ ਆਪਣੇ ਪੁੱਤਰ ਨੂੰ ਕੈਨੇਡਾ ਭੇਜਿਆ ਸੀ ਪਰ ਕੈਨੇਡਾ ਦੇ ਮੌਜੂਦਾ ਹਾਲਤਾਂ ਕਾਰਨ ਉਹ ਆਰਥਿਕ ਅਤੇ ਮਾਨਸਿਕ ਤੌਰ ਉੱਤੇ ਇਸ ਸਮੇਂ ਪ੍ਰੇਸ਼ਾਨ ਹੈ।
ਇਹ ਕਹਾਣੀ ਇਕੱਲੇ ਬਿਕਰਮਜੀਤ ਸਿੰਘ ਦੀ ਨਹੀਂ ਹੈ ਬਲਕਿ ਉਸ ਵਰਗੇ ਪੰਜਾਬ ਦੇ ਉਨ੍ਹਾਂ ਹਜ਼ਾਰਾਂ ਪਰਿਵਾਰਾਂ ਦੀ ਹੈ, ਜਿਨ੍ਹਾਂ ਦੇ ਬੱਚੇ ਸਟੱਡੀ ਵੀਜ਼ੇ ਉੱਤੇ ਕੈਨੇਡਾ ਗਏ ਹਨ ਅਤੇ ਉਨ੍ਹਾਂ ਦੀ ਪੀਆਰ (ਪੱਕੀ ਰਿਹਾਇਸ਼) ਦੀ ਫਾਈਲ ਅਜੇ ਤੱਕ ਪੈਂਡਿੰਗ ਹੈ।
ਲੁਧਿਆਣਾ ਜ਼ਿਲ੍ਹਾ ਦੇ ਪਿੰਡ ਝਾਂਡੇ ਵਿੱਚ ਰਹਿਣ ਵਾਲੇ ਸ਼ੇਰ ਸਿੰਘ ਦਾ ਸੁਪਨਾ ਵੀ ਫ਼ਿਲਹਾਲ ਕੈਨੇਡਾ ਦੀਆਂ ਪਰਵਾਸ ਨੀਤੀਆਂ ਕਾਰਨ ਅੱਧ ਵਿਚਾਲੇ ਲਟਕਿਆ ਹੋਇਆ ਹੈ। ਸ਼ੇਰ ਸਿੰਘ ਦੀ ਬੇਟੀ ਹਰਸਿਮਰਨ ਕੌਰ ਇਸ ਸਮੇਂ ਕੈਨੇਡਾ ਵਿੱਚ ਹੈ ਅਤੇ ਉਸ ਦਾ ਵਰਕ ਪਰਮਿਟ ਦਸੰਬਰ 2024 ਵਿੱਚ ਖ਼ਤਮ ਹੋਣ ਵਾਲਾ ਹੈ।
ਸ਼ੇਰ ਸਿੰਘ ਮੁਤਾਬਕ ਕੈਨੇਡਾ ਦੇ ਸੁਪਨੇ ਨੇ ਉਸ ਨੂੰ ਕਰਜ਼ਈ ਕਰ ਦਿੱਤਾ ਹੈ ਅਤੇ ਉਸ ਦਾ ਸਾਰਾ ਧਿਆਨ ਬੇਟੀ ਦੇ ਭਵਿੱਖ ਉੱਤੇ ਹੈ। ਹਾਲਾਂਕਿ ਸ਼ੇਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਕੋਲ ਕੈਨੇਡਾ ਦਾ ਵੀਜ਼ਾ ਹੈ ਅਤੇ ਉਨ੍ਹਾਂ ਨੇ ਬੇਟੀ ਨੂੰ ਮਿਲਣ ਵੀ ਜਾਣਾ ਸੀ ਪਰ ਫ਼ਿਲਹਾਲ ਉਨ੍ਹਾਂ ਇਹ ਪ੍ਰੋਗਰਾਮ ਟਾਲ ਦਿੱਤਾ ਹੈ।
ਮਾਪਿਆਂ ਨੂੰ ਬੁਢਾਪਾ ਰੁਲਣ ਦਾ ਡਰ
ਅਜਿਹਾ ਕਿਉਂ, ਇਸ ਬਾਰੇ ਸ਼ੇਰ ਸਿੰਘ ਆਖਦੇ ਹਨ ਕਿ ਜਦੋਂ ਹਰਸਿਮਰਨ ਆਪ ਹੀ ਉੱਥੇ ਖ਼ੁਸ਼ ਨਹੀਂ ਹੈ ਤਾਂ ਅਸੀਂ ਉੱਥੇ ਜਾ ਕੇ ਕੀ ਕਰਨਾ ਹੈ, ਇਹ ਗੱਲ ਆਖ ਕੇ ਉਨ੍ਹਾਂ ਦੀਆਂ ਅੱਖਾਂ ਭਰ ਆਈਆਂ।
ਸ਼ੇਰ ਸਿੰਘ ਦੀ ਪਤਨੀ ਸੁਖਵਿੰਦਰ ਕੌਰ ਕਹਿੰਦੇ ਹਨ ਕਿ ਜਿਸ ਤਰੀਕੇ ਦੀ ਜ਼ਿੰਦਗੀ ਉਸ ਦੀ ਧੀ ਕੈਨੇਡਾ ਵਿੱਚ ਇਸ ਸਮੇਂ ਬਤੀਤ ਕਰ ਰਹੀ ਹੈ, ਉਸ ਦੀ ਕਲਪਨਾ ਉਨ੍ਹਾਂ ਕਦੇ ਵੀ ਨਹੀਂ ਕੀਤੀ ਸੀ।
ਉਨ੍ਹਾਂ ਕਿਹਾ ਕਿ ਮੈਨੂੰ ਆਪਣੀ ਧੀ ਦਾ ਬਹੁਤ ਫ਼ਿਕਰ ਹੈ, ਸਮਝ ਨਹੀਂ ਆ ਰਿਹਾ ਕਿ ਕੀ ਕਰੀਏ ਕਿਉਂਕਿ ਉਸ ਦੇ ਭਵਿੱਖ ਉੱਤੇ ਲੱਖਾਂ ਰੁਪਏ ਉਹ ਹੁਣ ਤੱਕ ਖ਼ਰਚ ਕਰ ਚੁੱਕੇ ਹਨ।
ਸੁਖਵਿੰਦਰ ਕੌਰ ਕਹਿੰਦੇ ਹਨ ਕਿ ਹਰਸਿਮਰਨ ਕੌਰ ਨੇ ਪੜ੍ਹਾਈ ਪੂਰੀ ਕੀਤੀ ਅਤੇ ਫਿਰ ਵਰਕ ਪਰਮਿਟ ਹਾਸਲ ਕੀਤਾ। ਸਰਕਾਰ ਵੱਲੋਂ ਤੈਅ ਕੀਤੀਆਂ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਪਰ ਉੱਥੋਂ ਦੀ ਸਰਕਾਰ ਦੀਆਂ ਰੋਜ਼ਾਨਾ ਬਦਲਦੀਆਂ ਇਮੀਗ੍ਰੇਸ਼ਨ ਨੀਤੀਆਂ ਕਾਰਨ ਫ਼ਿਲਹਾਲ ਬੇਟੀ ਦਾ ਭਵਿੱਖ ਉੱਥੇ ਅਸੁਰੱਖਿਅਤ ਹੋਇਆ ਪਿਆ ਹੈ।
ਉਨ੍ਹਾਂ ਆਖਿਆ ਕਿ ਜੇਕਰ ਕੈਨੇਡਾ ਸਰਕਾਰ ਪੜ੍ਹਾਈ ਪੂਰੀ ਕਰ ਚੁੱਕੇ ਕੌਮਾਂਤਰੀ ਵਿਦਿਆਰਥੀਆਂ ਨੂੰ ਵਾਪਸ ਭੇਜਦੀ ਹੈ ਤਾਂ ਬੱਚਿਆਂ ਦੇ ਨਾਲ ਨਾਲ ਉਨ੍ਹਾਂ ਦਾ ਬੁਢਾਪਾ ਵੀ ਰੁਲ ਜਾਵੇਗਾ।
ਪਰਵਾਸੀ ਵਿਦਿਆਰਥੀ ਕੈਨੇਡਾ ਦੀ ਸਰਕਾਰ ਤੋਂ ਖਫ਼ਾ
ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਰਹਿਣ ਵਾਲੀ ਹਰਸਿਮਰਨ ਕੌਰ ਨਾਲ ਵੀ ਬੀਬੀਸੀ ਦੀ ਟੀਮ ਨੇ ਗੱਲ ਕੀਤੀ। ਹਰਸਿਮਰਨ ਕੌਰ ਕਹਿੰਦੇ ਹਨ ਕਿ ਉਨ੍ਹਾਂ ਵਰਗੇ ਹਜ਼ਾਰਾਂ ਕੌਮਾਂਤਰੀ ਵਿਦਿਆਰਥੀਆਂ ਨੇ ਕੈਨੇਡੀਅਨ ਵਿਦਿਆਰਥੀਆਂ ਤੋਂ ਤਿੰਨ ਗੁਣ ਜ਼ਿਆਦਾ ਫ਼ੀਸਾਂ ਇੱਥੋਂ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਦਿੱਤੀਆਂ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਪੀਆਰ ਲਈ ਸਰਕਾਰ ਦੇ ਤਰਲੇ ਕਰਨੇ ਪੈ ਰਹੇ ਹਨ।
ਹਰਸਿਮਰਨ ਕੌਰ ਕਹਿੰਦੇ ਹਨ ਕਿ ਬਿਹਤਰ ਭਵਿੱਖ ਲਈ ਉਹ ਕੈਨੇਡਾ ਆਏ ਸੀ, ਨਾ ਕਿ ਸੜਕਾਂ ਉੱਤੇ ਰੋਸ ਪ੍ਰਦਰਸ਼ਨ ਕਰਨ ਲਈ। ਉਨ੍ਹਾਂ ਆਖਿਆ ਮੈਨੂੰ ਇਸ ਵਕਤ ਸਮਝ ਨਹੀਂ ਆ ਰਿਹਾ ਕਿ ਅੱਗੇ ਕੀ ਹੋਵੇਗਾ।
ਬੱਚਿਆਂ ਨੂੰ ਕੈਨੇਡਾ ਭੇਜਣ ਦਾ ਪਛਤਾਵਾ
ਜ਼ਿਲ੍ਹਾ ਨਵਾਂ ਸ਼ਹਿਰ ਦੇ ਸਹਿਬਾਜ਼ਪੁਰ ਪਿੰਡ ਦੇ ਬਲਜਿੰਦਰ ਸਿੰਘ ਦੀ ਬੇਟੀ ਸਿਮਰਨਜੀਤ ਕੌਰ 2024 ਦੇ ਮਈ ਮਹੀਨੇ ਵਿੱਚ ਕੈਨੇਡਾ ਗਈ ਸੀ। ਖੇਤੀਬਾੜੀ ਨਾਲ ਸਬੰਧਤ ਬਲਜਿੰਦਰ ਸਿੰਘ ਨੇ ਦੱਸਿਆ ਕਿ ਕੈਨੇਡਾ ਦੇ ਹਾਲਾਤ ਬਾਰੇ ਉਸ ਨੂੰ ਛੇ ਮਹੀਨੇ ਵਿੱਚ ਹੀ ਪਤਾ ਲੱਗਾ ਗਿਆ ਕਿ ਉਹ ਹੁਣ ਸਹੀ ਨਹੀਂ ਰਹੇ।
ਉਨ੍ਹਾਂ ਦੱਸਿਆ ਕਿ ਜਿਸ ਦਿਨ ਦੀ ਬੇਟੀ ਕੈਨੇਡਾ ਗਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਉਸ ਨੂੰ ਕੰਮ ਨਹੀਂ ਮਿਲਿਆ ਅਤੇ ਉਹ ਮਹੀਨੇ ਦਾ ਖਰਚਾ ਇਥੋਂ ਭੇਜ ਰਹੇ ਹਨ।
ਉਨ੍ਹਾਂ ਦੱਸਿਆ ਕਿ ਬੇਟੀ ਨੂੰ ਕੈਨੇਡਾ ਭੇਜਣ ਉੱਤੇ 25 ਲੱਖ ਰੁਪਏ ਦੇ ਕਰੀਬ ਖਰਚਾ ਆ ਗਿਆ ਹੈ ਅਤੇ ਅਗਲੀ ਚਿੰਤਾ ਉਸ ਦੀ ਆਉਣ ਵਾਲੀ ਫ਼ੀਸ ਅਤੇ ਹੋਰਨਾਂ ਖਰਚਿਆਂ ਨੂੰ ਲੈ ਕੇ ਹੈ।
ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਦੁਵਿਧਾ ਵਿੱਚ ਫਸੇ ਹੋਏ ਹਨ ਕਿ ਬੇਟੀ ਨੂੰ ਵਾਪਸ ਬੁਲਾਇਆ ਜਾਵੇ ਜਾਂ ਫਿਰ ਉਥੇ ਰੱਖਿਆ ਜਾਵੇ, ਕੁਝ ਸਮਝ ਨਹੀਂ ਆ ਰਿਹਾ।
ਉਨ੍ਹਾਂ ਕਿਹਾ ਕਿ ਏਜੰਟ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਵਰਕ ਪਰਮਿਟ ਮਿਲੇਗਾ ਅਤੇ ਫਿਰ ਪੀਆਰ। ਪਰ ਹੁਣ ਲੱਗ ਰਿਹਾ ਕਿ ਉਨ੍ਹਾਂ ਦਾ ਬੇਟੀ ਨੂੰ ਕੈਨੇਡਾ ਭੇਜਣ ਦਾ ਸੁਪਨਾ ਗਲਤ ਸੀ।
ਕੈਨੇਡਾ ਵਿੱਚ ਵਿਦਿਆਰਥੀ ਸੜਕਾਂ ’ਤੇ ਕਿਉਂ ਉੱਤਰੇ?
ਕੈਨੇਡਾ ਵਿੱਚ 2023 ’ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ 4.27 ਲੱਖ ਸੀ, ਜਿਨ੍ਹਾਂ ਵਿੱਚੋਂ 1.47 ਲੱਖ (41 ਫ਼ੀਸਦੀ) ਪੰਜਾਬ ਦੇ ਸਨ।
ਇਸ ਤੋਂ ਇਲਾਵਾ ਵੱਡੀ ਗਿਣਤੀ ਨੌਜਵਾਨ ਪੰਜਾਬੀਆਂ ਦੀ ਹੈ, ਜਿਨ੍ਹਾਂ ਕੋਲ ਅਸਥਾਈ ਰਿਹਾਇਸ਼ੀ ਪਰਮਿਟ ਹਨ, ਜੋ ਕਿ ਮਿਆਦ ਪੁੱਗਣ ਦੇ ਕੰਢੇ ਹਨ। ਇਨ੍ਹਾਂ ਵਿੱਚੋਂ 1.5 ਲੱਖ ਤੋਂ ਵੱਧ ਨੂੰ ਦੇਸ਼ ਨਿਕਾਲੇ ਦੇ ਖ਼ਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਵਿੱਚੋਂ ਬਹੁਤ ਸਾਰੇ ਕੈਨੇਡਾ ਭਰ ਵਿੱਚ ਆਪਣੀਆਂ ਸਮੱਸਿਆਵਾਂ ਨੂੰ ਉਜਾਗਰ ਕਰਨ ਲਈ ਪ੍ਰਦਰਸ਼ਨ ਕਰ ਰਹੇ ਹਨ।
ਜੋ ਕਾਮੇ ਇਸ ਸਮੇਂ ਧਰਨੇ ਉੱਤੇ ਬੈਠੇ ਹਨ, ਉਨ੍ਹਾਂ ਵਿੱਚ ਜ਼ਿਆਦਾਤਰ ਉਹ ਹਨ ਜਿਨ੍ਹਾਂ ਦਾ ਤਿੰਨ ਸਾਲ ਦਾ ਵਰਕ ਪਰਮਿਟ ਖ਼ਤਮ ਹੋ ਗਿਆ ਹੈ ਜਾਂ ਹੋਣ ਵਾਲਾ ਹੈ ਅਤੇ ਉਨ੍ਹਾਂ ਦੀ ਨਾਗਰਿਕਤਾ ਦੇ ਬਾਰੇ ਅਜੇ ਤੱਕ ਕੋਈ ਫ਼ੈਸਲਾ ਨਹੀਂ ਹੋਇਆ।
ਅਜਿਹੇ ਵਿੱਚ ਇਨ੍ਹਾਂ ਭਾਰਤੀ ਕਾਮਿਆਂ ਨੂੰ ਜਾਂ ਤਾਂ ਦੇਸ਼ ਵਾਪਸੀ ਕਰਨੀ ਹੋਵੇਗੀ ਜਾਂ ਫਿਰ ਐੱਲਐੱਮਆਈ ਲੈਣੀ ਹੋਵੇਗੀ। ਐੱਲਐੱਮਆਈ ਕੈਨੇਡਾ ਦੇ ਰੁਜ਼ਗਾਰ ਅਤੇ ਸਮਾਜ ਵਿਕਾਸ ਵਿਭਾਗ ਦਾ ਇੱਕ ਦਸਤਾਵੇਜ ਹੁੰਦਾ ਹੈ, ਜੋ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇੱਥੇ ਵਿਦੇਸ਼ੀ ਕਾਮੇ ਲਈ ਰੁਜ਼ਗਾਰ ਹੈ।
ਵਰਕ ਪਰਮਿਟ ਖ਼ਤਮ ਹੋਣ ਵਾਲੇ ਕਾਮਿਆਂ ਦੀ ਗਿਣਤੀ ਲੱਖਾਂ ਵਿੱਚ ਹੈ। ਦੂਜੇ ਪਾਸੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਸਟੱਡੀ ਵੀਜ਼ੇ ਉਤੇ ਕੈਨੇਡਾ ਆਉਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਨੂੰ ਇਥੋਂ ਦੀ ਪੀਆਰ ਦੇਣ ਦਾ ਵਾਅਦਾ ਕਦੇ ਵੀ ਨਹੀਂ ਕੀਤਾ ਗਿਆ ਸੀ।
ਮਾਹਿਰ ਮੰਨਦੇ ਹਨ ਕਿ ਕੈਨੇਡਾ ਵਿੱਚ ਭਾਰਤੀ ਵਿਦਿਆਰਥੀ ਜੋ ਪੱਕੇ ਤੌਰ ’ਤੇ ਵੱਸਣ ਦੀ ਇੱਛਾ ਨਾਲ ਉੱਥੇ ਗਏ ਹਨ, ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦੀ ਫ਼ੌਰੀ ਲੋੜ ਹੈ ਕਿਉਂਕਿ ਜੇਕਰ ਇਨ੍ਹਾਂ 'ਚੋਂ ਵੱਡੀ ਗਿਣਤੀ ਨੌਜਵਾਨ ਇੰਡੀਆ ਵਾਪਸ ਜਾਣ ਲਈ ਮਜਬੂਰ ਹੋਏ ਤਾਂ ਇਹ ਵੱਡੀ ਸਮੱਸਿਆ ਹੋਵੇਗੀ।
ਪਿਛਲੇ ਲੰਮੇ ਸਮੇਂ ਤੋਂ ਚੰਡੀਗੜ੍ਹ ਵਿੱਚ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਰੁਪਿੰਦਰ ਸਿੰਘ ਕੈਨੇਡਾ ਦੀ ਮੌਜੂਦਾ ਉਪਜੀ ਸਥਿਤੀ ਨੂੰ ਪਰਵਾਸ, ਆਰਥਿਕਤਾ ਅਤੇ ਮਨੋਵਿਗਿਆਨਕ ਸੰਕਟ ਦੇ ਤੌਰ ਉੱਤੇ ਦੇਖਦੇ ਹਨ।
ਉਨ੍ਹਾਂ ਆਖਿਆ ਕਿ ਪੰਜਾਬ ਵਿਚੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਜ਼ਿਆਦਾਤਰ ਗਿਣਤੀ ਖੇਤੀਬਾੜੀ ਪਿਛੋਕੜ ਵਾਲੀ ਹੈ ਅਤੇ ਜ਼ਿਆਦਾਤਰ ਮਾਪਿਆਂ ਨੇ ਕਰਜ਼ਾ ਚੁੱਕ ਕੇ ਬੱਚਿਆਂ ਨੂੰ ਕੈਨੇਡਾ ਭੇਜਿਆ ਹੈ। ਇਸ ਲਈ ਉਨ੍ਹਾਂ ਲਈ ਮੌਜੂਦਾ ਸਥਿਤੀ ਆਰਥਿਕ ਅਤੇ ਮਾਨਸਿਕ ਪੀੜਾ ਦੇਣ ਵਾਲੀ ਹੈ।
ਕੈਨੇਡਾ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ
ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਵਿਦਿਆਰਥੀਆਂ ਅਤੇ ਕਾਮਿਆਂ ਲਈ ਕੈਨੇਡਾ ਇੱਕ ਪਸੰਦੀਦਾ ਦੇਸ਼ ਰਿਹਾ ਹੈ। ਪਿਛਲੇ ਕਈ ਸਾਲਾਂ ਤੋਂ ਕੈਨੇਡਾ ਵਿੱਚ ਸਟੱਡੀ ਵੀਜ਼ੇ ਉੱਤੇ ਭਾਰਤੀ ਵਿਦਿਆਰਥੀ, ਜਿਨ੍ਹਾਂ ਵਿੱਚ ਜ਼ਿਆਦਾਤਰ ਗਿਣਤੀ ਪੰਜਾਬ ਅਤੇ ਹਰਿਆਣਾ ਦੀ ਹੈ, ਨੇ ਲੱਖਾਂ ਦੀ ਤਦਾਦ ਵਿੱਚ ਕੈਨੇਡਾ ਦਾ ਰੁਖ ਕੀਤਾ ਹੈ।
ਭਾਰਤੀ ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਮੁਤਾਬਕ 2022 ਵਿੱਚ ਤਿੰਨ ਲੱਖ 18 ਹਜ਼ਾਰ 80, ਸਾਲ 2023 ਵਿੱਚ ਚਾਰ ਲੱਖ 27 ਹਜ਼ਾਰ 85 ਅਤੇ 2024 ਦੇ ਅਗਸਤ ਮਹੀਨੇ ਤੱਕ 4 ਲੱਖ 27 ਹਜ਼ਾਰ ਭਾਰਤੀ ਵਿਦਿਆਰਥੀ ਸਟੱਡੀ ਵੀਜ਼ੇ ਉੱਤੇ ਕੈਨੇਡਾ ਗਏ।
ਇਨ੍ਹਾਂ ਵਿਚੋਂ ਵੱਡੀ ਗਿਣਤੀ ਪੰਜਾਬ ਦੇ ਵਿਦਿਆਰਥੀਆਂ ਦੀ ਹੈ।
ਕੈਨੇਡਾ ਵਿੱਚ ਪੜ੍ਹਾਈ ਤੋਂ ਬਾਅਦ ਕੌਮਾਂਤਰੀ ਵਿਦਿਆਰਥੀਆਂ ਨੂੰ ਤਿੰਨ ਸਾਲ ਦਾ ਵਰਕ ਪਰਮਿਟ ਮਿਲਦਾ ਹੈ, ਇਸ ਦੌਰਾਨ ਵਿਦਿਆਰਥੀ ਪੀਐੱਨਪੀ ਜਾਂ ਫ਼ਿਰ ਫੈਡਰਲ ਸਕੀਮ ਤਹਿਤ ਪੀਆਰ (ਸਥਾਈ ਨਾਗਰਿਕਤਾ) ਲਈ ਅਪਲਾਈ ਕਰ ਦਿੰਦੇ ਸਨ।
ਪਰ ਹੁਣ ਕੈਨੇਡਾ ਨੇ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਦੀ ਮਿਆਦ ਵਿੱਚ ਇਜ਼ਾਫਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸੇ ਕਾਰਨ ਉੱਥੇ ਬਹੁਤ ਸਾਰੇ ਕੌਮਾਂਤਰੀ ਵਿਦਿਆਰਥੀਆਂ ਉੱਤੇ ਨੂੰ ਉਨ੍ਹਾਂ ਦੇ ਮੁਲਕਾਂ ਵਿੱਚ ਵਾਪਸ ਭੇਜੇ ਜਾਣ ਦੀ ਤਲਵਾਰ ਲਟਕ ਰਹੀ ਹੈ।