ਕੈਨੇਡਾ : ਟਰੂਡੋ ਨੇ ਦੱਸਿਆ ਕਿ ਪਰਵਾਸ ਨੀਤੀ ਵਿੱਚ ਕਿਹੜੀ ਗਲਤੀ ਹੋਈ, ਸੋਧ ਲਈ ਕੀ ਕਦਮ ਚੁੱਕੇ ਜਾ ਰਹੇ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਨਿਆ ਹੈ ਕਿ ਉਹਨਾਂ ਦੀ ਸਰਕਾਰ ਪਰਵਾਸ ਨੀਤੀ ਵਿੱਚ ਬਦਲਾਅ ਲਿਆਉਣ ਵਿੱਚ ਤੇਜ਼ੀ ਨਾਲ ਕੰਮ ਕਰ ਸਕਦੀ ਸੀ।

ਆਪਣੇ ਯੂਟਿਊਬ ਚੈਨਲ ਉੱਤੇ ਜਾਰੀ ਤਾਜ਼ਾ ਵੀਡੀਓ ਵਿੱਚ ਉਨ੍ਹਾਂ ਨੇ ਇਸ ਬਾਰੇ ਵਿਸਥਾਰ ਵਿੱਚ ਚਰਚਾ ਵੀ ਕੀਤੀ ਹੈ।

ਟਰੂਡੋ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਦੀ ਵਸੋਂ ਬਹੁਤ ਜ਼ਿਆਦਾ ਵਧ ਰਹੀ ਸੀ, ਜਿਸ ਕਾਰਨ ਉਹਨਾਂ ਦੀਆਂ ਰਿਹਾਇਸ਼ਾਂ ਅਤੇ ਬੁਨਿਆਦੀ ਢਾਂਚੇ ਉੱਤੇ ਦਬਾਅ ਪੈ ਰਿਹਾ ਸੀ।

''ਆਪਣੀ ਵਸੋਂ ਨੂੰ ਮੁੜ ਲੀਹ ਉੱਤੇ ਲਿਆਉਣ ਲਈ ਅਸੀਂ ਕੁਝ ਵੱਡਾ ਕੀਤਾ ਹੈ।''

ਜਸਟਿਨ ਟਰੂਡੋ ਸਰਕਾਰ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਮੁਲਕ ਦੀ ਪਰਵਾਸ ਨੀਤੀ ਵਿੱਚ ਕਈ ਬਦਲਾਅ ਕੀਤੇ ਹਨ, ਖਾਸ ਕਰਕੇ ਕੌਮਾਂਤਰੀ ਵਿਦਿਆਰਥੀਆਂ ਦੇ ਵਰਕ ਪਰਮਿਟ, ਸਪਾਊਂਸ ਦੇ ਕੈਨੇਡਾ ਆਉਣ ਅਤੇ ਕੰਮ ਕਰਨ ਵਾਲੇ ਘੰਟਿਆਂ ਦੇ ਹਫ਼ਤਾਵਾਰੀ ਸਮੇਂ ਵਿੱਚ ਬਦਲਾਅ ਕੀਤਾ ਹੈ।

ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਕੈਨੇਡਾ ਦੀ ਅਬਾਦੀ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ।

ਉਨ੍ਹਾਂ ਨੇ ਕਿਹਾ ਕਿ ਕੁਝ ਮਾੜੇ ਅਨਸਰ ਜਿਵੇਂ "ਜਾਅਲੀ ਕਾਲਜਾਂ ਅਤੇ ਵੱਡੀਆਂ ਕੰਪਨੀਆਂ ਆਪਣੇ ਹਿੱਤਾਂ ਲਈ" ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦਾ ਸ਼ੋਸ਼ਣ ਕਰਦੇ ਆਏ ਹਨ।

ਟਰੂਡੋ ਮੁਤਾਬਕ ਇਸੇ ਦੇ ਮੱਦੇਨਜ਼ਰ "ਆਉਣ ਵਾਲੇ ਤਿੰਨ ਸਾਲਾਂ ਦੌਰਾਨ ਕੈਨੇਡਾ ਨੇ ਆਉਣ ਵਾਲੇ ਪਰਵਾਸੀਆਂ ਦੀ ਗਿਣਤੀ ਨੂੰ ਘਟਾਉਣ" ਦਾ ਫ਼ੈਸਲਾ ਲਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਕੈਨੇਡਾ ਵਿੱਚ ਦੋ ਤਰ੍ਹਾਂ ਨਾਲ ਲੋਕ ਆਉਂਦੇ ਹਨ, ਲੇਕਿਨ ਪਰਵਾਸ ਬਾਰੇ ਪੁਰਾਣੀ ਯੋਜਨਾ ਸਿਰਫ਼ ਇੱਕ ਰਸਤੇ ਨੂੰ ਹੀ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਜਾਂਦੀ ਸੀ

ਦੋ ਤਰ੍ਹਾਂ ਦਾ ਪਰਵਾਸ

ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ, ਕੈਨੇਡਾ ਵਿੱਚ ਦੋ ਤਰ੍ਹਾਂ ਦਾ ਪਰਵਾਸ ਹੁੰਦਾ ਹੈ। ਇੱਕ ਰਸਤਾ ਸਥਾਈ ਪਰਵਾਸ ਦਾ ਹੈ।

ਉਹਨਾਂ ਕਿਹਾ, "ਜਦੋਂ ਪਰਿਵਾਰ ਕੈਨੇਡਾ ਆਉਂਦੇ ਹਨ, ਇੱਥੇ ਵਸਦੇ ਹਨ ਅਤੇ ਇਸ ਨੂੰ ਆਪਣਾ ਘਰ ਕਹਿੰਦੇ ਹਨ।"

ਟਰੂਡੋ ਨੇ ਦੱਸਿਆ ਕਿ ਕੈਨੇਡਾ ਸਰਕਾਰ ਪਿਛਲੇ ਕਈ ਦਹਾਕਿਆਂ ਤੋਂ ਸਿਰਫ਼ "ਸਥਾਈ ਨਾਗਰਿਕਾਂ ਦੀ ਸਹੀ ਗਿਣਤੀ ਤੈਅ ਕਰਦੀ ਰਹੀ ਹੈ।"

ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਇਸ ਵਾਰ ਉਨ੍ਹਾਂ ਦੀ ਸਰਕਾਰ ਨੇ ਆਰਜ਼ੀ ਤੌਰ ਉੱਤੇ ਕੈਨੇਡਾ ਆਉਣ ਵਾਲੇ ਲੋਕਾਂ, "ਕੌਮਾਂਤਰੀ ਵਿਦਿਆਰਥੀ, ਆਰਜ਼ੀ ਕਾਮੇ ਅਤੇ ਹੋਰਾਂ" ਨੂੰ ਵੀ ਧਿਆਨ ਵਿੱਚ ਰੱਖਿਆ ਹੈ।

ਇਹ ਲੋਕ ਸੀਮਤ ਸਮੇਂ ਲਈਕੋਈ ਕੰਮ ਕਰਨ ਜਾਂ ਪੜ੍ਹਨ ਲਈ ਕੈਨੇਡਾ ਆਉਂਦੇ ਹਨ ਅਤੇ "ਜਦੋਂ ਕੰਮ ਹੋ ਜਾਂਦਾ ਹੈ ਜਾਂ ਉਹ ਆਪਣੀ ਡਿਗਰੀ ਪੂਰੀ ਕਰ ਲੈਂਦੇ ਹਨ, ਜ਼ਿਆਦਾਤਰ ਵਾਪਸ ਘਰ ਪਰਤ ਜਾਂਦੇ ਹਨ।"

ਹਾਲਾਂਰਿ ਕੁਝ ਪਰਮਾਨੈਂਟ ਰੈਜ਼ੀਡੈਂਸ ਹਾਸਲ ਕਰਨ ਲਈ ਅਰਜ਼ੀ ਵੀ ਦਿੰਦੇ ਹਨ ਪਰ, "ਜ਼ਿਆਦਾਤਰ ਵਾਪਸ ਮੁੜ ਜਾਂਦੇ ਹਨ।"

ਟਰੂਡੋ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕੈਨੇਡਾ ਆਉਣ ਵਾਲੇ ਆਰਜ਼ੀ ਵਿਦਿਆਰਥੀਆਂ ਅਤੇ ਕਾਮਿਆਂ ਨੂੰ ਆਰਥਿਕਤਾ ਦੀ ਮੰਗ ਦੇ ਆਸਰੇ ਛੱਡ ਦਿੱਤਾ ਜਾਂਦਾ ਸੀ।

ਉਨ੍ਹਾਂ ਨੇ ਕਿਹਾ, "ਇਹ ਆਮ ਤੌਰ ਉੱਤੇ ਸਾਡੀ ਅਬਾਦੀ ਦਾ ਇੱਕ ਛੋਟਾ ਹਿੱਸਾ ਹੀ ਹੁੰਦਾ ਸੀ। ਇਸ ਲਈ ਕਦੇ ਵੀ ਦੂਰ ਦਰਸੀ ਪਰਵਾਸ ਯੋਜਨਾ ਦਾ ਹਿੱਸਾ ਨਹੀਂ ਬਣਾਇਆ ਗਿਆ।"

ਕਰੋਨਾ ਤੋਂ ਬਾਅਦ ਪਰਵਾਸ

ਜਸਟਿਨ ਟਰੂਡੋ ਨੇ ਕਿਹਾ ਕਿ ਜਦੋਂ ਕਰੋਨਾ ਤੋਂ ਬਾਅਦ ਲਾਕਡਾਊਨ ਖੁੱਲ੍ਹਿਆ ਤਾਂ," ਸਾਨੂੰ ਬਹੁਤ ਜਲਦੀ ਬਹੁਤ ਸਾਰੇ ਕਾਮਿਆਂ ਦੀ ਲੋੜ ਸੀ।"

''ਇਹ ਆਰਜ਼ੀ ਕਾਮੇ ਬਹੁਤ ਜਲਦੀ ਸਾਡੀ ਕਾਰਜ ਸ਼ਕਤੀ ਦਾ ਇੱਕ ਅਹਿਮ ਹਿੱਸਾ ਬਣ ਗਏ। ਇਸ ਲਈ ਉਨ੍ਹਾਂ ਨੂੰ ਆਪਣੇ ਪਰਵਾਸ ਦੇ ਪੱਧਰਾਂ ਦੀ ਯੋਜਨਾ ਵਿੱਚ ਸ਼ਾਮਲ ਨਾ ਕਰਨਾ ਇੱਕ ਭੁੱਲ ਸੀ।''

ਇਸ ਭੁੱਲ਼ ਨੂੰ ਸੁਧਾਰਨ ਲਈ ਟਰੂਡੋ ਨੇ ਦੱਸਿਆ ਕਿ ਨਵੀਂ ਯੋਜਨਾ ਵਿੱਚ "ਸਥਾਈ ਅਤੇ ਅਸਥਾਈ ਦੋਵਾਂ ਪਰਵਾਸੀਆਂ ਲਈ ਟੀਚੇ ਤੈਅ" ਕਰਨ ਵਾਲੀ ਪਰਵਾਸ ਯੋਜਨਾ ਬਣਾਈ ਗਈ।

ਉਨ੍ਹਾਂ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਪਤਾ ਲਗਦਾ ਹੈ ਕਿ ਉਹ ਕਿੰਨੇ ਹੋਰ ਲੋਕਾਂ ਲਈ ਘਰ ਅਤੇ ਬੁਨਿਆਦੀ ਢਾਂਚਾ ਤਿਆਰ ਕਰਨ।

ਟਰੂਡੋ ਨੇ ਦੱਸਿਆ ਕਿ ਪਰਵਾਸ ਮੰਗ ਉੱਤੇ ਅਧਾਰਿਤ ਹੈ ਅਤੇ ਇਹ ਟੀਚੇ ਤੈਅ ਕਰਨ ਲਈ ਕੈਨੇਡਾ ਦੇ ਹਰ ਸੂਬੇ ਅਤੇ ਵੱਖ ਵੱਖ-ਖੇਤਰਾਂ ਦੇ ਮਾਹਰਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾਂਦਾ ਹੈ।

ਨੀਤੀਆਂ ਕਿਵੇਂ ਬਣਦੀਆਂ ਹਨ?

ਟਰੂਡੋ ਨੇ ਕਿਹਾ ਕਿ ਇਸ ਲਈ ਸੂਬਿਆਂ ਦੇ ਪ੍ਰੀਮੀਅਰਾਂ ਨੂੰ ਪੁੱਛਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਦੀ ਕਿਰਤ ਚਾਹੀਦੀ ਹੈ।

ਕੀ ਉਨ੍ਹਾਂ ਦੀ ਅਬਾਦੀ ਅਜੇ ਜਵਾਨ ਹੋ ਰਹੀ ਹੈ ਜਾਂ ਬਜ਼ੁਰਗੀ ਵੱਲ ਵੱਧ ਰਹੀ ਹੈ?

ਟਰੂਡੋ ਦਾ ਕਹਿਣਾ ਹੈ ਕਿ ਪਰਵਾਸ ਨੂੰ ਲੈ ਕੇ "ਹਰ ਖੇਤਰ ਦੀਆਂ ਆਪਣੀਆਂ ਲੋੜਾਂ ਅਤੇ ਮੰਗਾਂ ਹਨ।"

ਟਰੂਡੋ ਮੁਤਾਬਕ ਮਹਾਮਾਰੀ ਤੋਂ ਬਾਅਦ ਜਦੋਂ ਲਾਕ ਡਾਊਨ ਖੁੱਲ੍ਹੇ ਦੁਕਾਨਾਂ ਅਤੇ ਹੋਰ ਕਾਰੋਬਾਰ ਚੱਲਣੇ ਸ਼ੁਰੂ ਹੋਏ ਤਾਂ, ਸਾਰੇ ਖੇਤਰ ਸਾਡੇ ਕੋਲ ਇਹੀ ਮੰਗ ਲੈ ਕੇ ਆਏ "ਦੋ ਸਾਲ ਸਰਹੱਦਾਂ ਬੰਦ ਰਹਿਣ ਤੋਂ ਬਾਅਦ ਸਾਨੂੰ ਵਧੇਰੇ ਲੋਕਾਂ, ਕਾਮਿਆਂ ਦੀ ਲੋੜ ਹੈ, ਜਲਦੀ।"

ਉਨ੍ਹਾਂ ਨੇ ਕਿਹਾ ਕਿ ਇਸੇ ਹਿਸਾਬ ਨਾਲ ਜ਼ਿਆਦਾ ਕਾਮੇ ਲਿਆਂਦੇ ਗਏ ਅਤੇ ਇਸ ਨੇ ਸਾਡੀ ਆਰਥਿਕਤਾ ਨੂੰ ਵਧਣ ਵਿੱਚ ਮਦਦ ਵੀ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸੇ ਦੀ ਬਦੌਲਤ, ''ਅਸੀਂ ਅਰਥ ਸ਼ਾਸਤਰੀਆਂ ਦੀਆਂ ਪੇਸ਼ੀਨਗੋਈਆਂ ਦੇ ਬਾਵਜੂਦ ਮੰਦੀ ਨੂੰ ਟਾਲਣ ਵਿੱਚ ਸਫ਼ਲ ਰਹੇ।"

'ਸ਼ੋਸ਼ਣ ਕਰਨ ਵਾਲੇ ਬੁਰੇ ਲੋਕ'

ਟਰੂਡੋ ਨੇ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਕੁਝ ਲੋਕਾਂ ਨੇ "ਇਸ ਨੂੰ ਮੁਨਾਫ਼ਾ ਕਮਾਉਣ ਸਿਸਟਮ ਨਾਲ ਖੇਡਣ ਦੇ ਮੌਕੇ ਵਜੋਂ ਦੇਖਿਆ।"

ਉਨ੍ਹਾਂ ਦਾ ਕਹਿਣਾ ਸੀ, "ਬਹੁਤ ਵੱਡੀਆਂ ਕੰਪਨੀਆਂ ਅਤੇ ਬਹੁਤ ਸਾਰੇ ਕਾਲਜ ਅਤੇ ਯੂਨੀਵਰਸਿਟੀਆਂ ਨੇ ਕੌਮਾਂਤਰੀ ਵਿਦਿਆਰਥੀਆਂ ਦੀ ਵਰਤੋਂ ਆਪਣੇ ਨਤੀਜੇ ਸੁਧਾਰਨ ਲਈ ਕੀਤੀ।"

ਇਸ ਦੀ ਵਜ੍ਹਾ ਸੀ ਕਿ ਉਹ ਇਨ੍ਹਾਂ ਵਿਦਿਆਰਥੀਆਂ ਤੋਂ ਉਸੇ ਡਿਗਰੀ ਲਈ ਹਜ਼ਾਰਾਂ ਡਾਲਰ ਜ਼ਿਆਦਾ ਵਸੂਲ ਕਰ ਸਕਦੇ ਸਨ।

ਕੈਨੇਡਾ ਦੀ ਪਰਵਾਸ ਯੋਜਨਾ

ਕੈਨੇਡਾ ਵਿੱਚ ਪਰਵਾਸ ਬੁਨਿਆਦੀ ਰੂਪ ਵਿੱਚ ਸੰਘੀ ਸਰਕਾਰ ਦੀ ਜ਼ਿੰਮੇਵਾਰੀ ਹੈ। ਟਰੂਡੋ ਨੇ ਕਿਹਾ ਕਿ ਇਸੇ ਤਹਿਤ ਇਸ ਉੱਤੇ ਕੰਟਰੋਲ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਕੈਨੇਡਾ ਦੀ ਨਵੀਂ ਪਰਵਾਸ ਯੋਜਨਾ ਸਪਸ਼ਟ ਹੈ ਕਿ "ਦੋਵਾਂ ਸਥਾਈ ਅਤੇ ਅਸਥਾਈ ਪਰਵਾਸੀਆਂ ਦੀ ਗਿਣਤੀ ਨੂੰ ਘਟਾਉਣ" ਉੱਤੇ ਕੇਂਦਰਿਤ ਹੈ।

ਉਨ੍ਹਾਂ ਨੇ ਕਿਹਾ ਕਿ ਸਥਾਈ ਨਾਗਰਿਕਤਾ ਦੇਣ ਸਮੇਂ ਉਨ੍ਹਾਂ ਕੌਸ਼ਲਾਂ ਵਾਲੇ ਲੋਕਾਂ ਨੂੰ ਪਹਿਲ ਦਿੱਤਾ ਜਾ ਰਹੀ ਹੈ, ਜਿਨ੍ਹਾਂ ਦੀ ਸਾਨੂੰ ਲੋੜ ਹੈ।

ਇਸ ਵਿੱਚ "ਹਸਪਤਾਲਾਂ ਲਈ ਹੈਲਥ ਕੇਅਰ ਵਰਕਰ ਅਤੇ ਉਸਾਰੀ ਕਾਮੇ ਜੋ ਹੋਰ ਘਰ ਬਣਾਉਣਗੇ" ਸ਼ਾਮਲ ਹਨ।

ਉਹ ਅਸਥਾਈ ਵਾਸੀ ਜੋ ਪਹਿਲਾਂ ਹੀ ਕੈਨੇਡਾ ਵਿੱਚ ਰਹਿ ਰਹੇ ਹਨ? ਉਨ੍ਹਾਂ ਦਾ ਕੀ ਬਣੇਗਾ।

ਟਰੂਡੋ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਕੁਝ ਲੋਕ ਸਥਾਈ ਨਾਗਰਿਕਤਾ ਲਈ ਅਰਜ਼ੀ ਦੇਣਗੇ ਕਿਉਂਕਿ ਉਹ ਇੱਥੇ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਤੋਂ ਸਿਸਟ ਉੱਤੇ ਪੈਣ ਵਾਲਾ ਵਾਧੂ ਬੋਝ ਬਹੁਤ ਘੱਟ ਹੈ।

ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਹੀ ਕੁਝ ਲੋਕ ਕੈਨੇਡਾ ਵਿੱਚ ਰਹਿਣ ਦੇ ਸੌਖੇ ਤਰੀਕੇ ਵਜੋਂ ਸ਼ਰਣ ਦੇਣ ਲਈ ਅਰਜ਼ੀ ਵੀ ਲਾ ਸਕਦੇ ਹਨ।

ਟਰੂਡੋ ਨੇ ਇਸ ਬਾਰੇ ਕਿਹਾ, "ਉਨ੍ਹਾਂ ਦੇ ਦਾਅਵਿਆਂ ਨੂੰ ਵਿਚਾਰਿਆ ਜਾਵੇਗਾ ਅਤੇ ਜੇ ਉਹ ਅਸਫ਼ਲ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਵਾਪਸ ਘਰ ਭੇਜ ਦਿੱਤਾ ਜਾਵੇਗਾ।"

ਟਰੂਡੋ ਨੇ ਕਿਹਾ ਕਿ ਕੈਨੇਡਾ ਆਉਣ ਅਤੇ ਜਾਣ ਵਾਲੇ ਲੋਕਾਂ ਦੀ ਸੰਖਿਆ ਦੇ ਫਰਕ ਦਾ ਪ੍ਰਬੰਧਨ ਕਰਕੇ ਆਉਣ ਵਾਲੇ "ਦੋ ਸਾਲਾਂ ਲਈ ਕਾਰਗਰ ਰੂਪ ਵਿੱਚ ਵੱਧ ਰਹੀ ਜਨਸੰਖਿਆ ਨੂੰ ਰੋਕ ਸਕਾਂਗੇ।"

ਉਨ੍ਹਾਂ ਨੇ ਕਿਹਾ ਕਿ 2027 ਤੋਂ ਬਾਅਦ ਕੈਨੇਡਾ ਦੀ ਜਨ ਸੰਖਿਆ ਉਸੇ ਦਰ ਨਾਲ ਮੁੜ ਵਧਣੀ ਸ਼ੁਰੂ ਹੋ ਜਾਵੇਗੀ ਜਿਸ ਤਰ੍ਹਾਂ ਇਹ ਮਹਾਮਾਰੀ ਤੋਂ ਪਹਿਲਾਂ ਵੱਧ ਰਹੀ ਸੀ।

ਹਾਲਾਂਕਿ ਇਹ ਠਹਿਰਾਅ ਕੈਨੇਡਾ ਦੀ ਆਰਥਿਕਤਾ ਅਤੇ ਸਮੁਦਾਇਆਂ ਨੂੰ ਕਈ ਪੱਖਾਂ ਤੋਂ ਤਿਆਰ ਹੋਣ ਦਾ ਮੌਕਾ ਦੇਵੇਗਾ।

ਮਿਸਾਲ ਵਜੋਂ ਘਰਾਂ ਦਾ ਨਿਰਮਾਣ।

ਉਨ੍ਹਾਂ ਨੇ ਕਿਹਾ ਕਿ ਉਸਾਰੀ ਦਾ ਕੰਮ "ਰੁਕ ਨਹੀਂ ਰਿਹਾ ਪਰ ਹੁਣ ਸਾਡੇ ਕੋਲ ਉਸਾਰੀ ਦੌਰਾਨ ਸਾਹ ਲੈਣ ਲਈ ਹੋਰ ਥਾਂ ਹੈ।"

ਟਰੂਡੋ ਨੇ ਕਿਹਾ, "ਅਸੀਂ ਦੇਖਾਂਗੇ ਕਿ ਵਧੇਰੇ ਕੰਪਨੀਆਂ ਸਸਤੀ ਵਿਦੇਸ਼ੀ ਮਜ਼ਦੂਰੀ ਉੱਤੇ ਨਿਰਭਰ ਕਰਨ ਦੀ ਥਾਂ ਕੈਨੇਡਾ ਦੀ ਜਵਾਨੀ ਵਿੱਚ ਨਿਵੇਸ਼ ਕਰਨ।"

ਕੌਮਾਂਤਰੀ ਵਿਦਿਆਰਥੀਆਂ ਉੱਤੇ ਲਾਈ ਰੋਕ ਕਾਰਨ ਵੱਡੇ ਸ਼ਹਿਰਾਂ ਵਿੱਚ ਕਿਰਾਏ ਘਟਣੇ ਸ਼ੁਰੂ ਹੋ ਗਏ ਹਨ, ਇਹ ਹੋਰ ਘਟਣਗੇ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)