ਡੌਨਲਡ ਟਰੰਪ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਲਈ ਲਗਾਇਆ ਥੌਮਸ ਹੋਮੈਨ ਕੌਣ ਹੈ, “ਬਾਰਡਰ ਜ਼ਾਰ” ਵੱਜੋਂ ਕਿਉਂ ਜਾਣਿਆ ਜਾਂਦਾ ਹੈ

ਡੌਨਲਡ ਟਰੰਪ ਨੇ ਆਪਣੇ ਚੋਣ ਵਾਅਦੇ ਮੁਤਾਬਕ ਗੈਰ ਕਾਨੂੰਨੀ ਪਰਵਾਸੀਆਂ ਦੇ ਅਮਰੀਕੀ ਇਤਿਹਾਸ ਦੇ ਸਭ ਤੋਂ ਵੱਡੇ ਦੇਸ ਨਿਕਾਲੇ ਦਾ ਜ਼ਿੰਮਾ ਥੌਮਸ ਹੋਮੈਨ ਨੂੰ ਦਿੱਤਾ ਹੈ।

ਥੌਮਸ ਹੋਮੈਨ ਨਿਊਯਾਰਕ ਤੋਂ ਇੱਕ ਸਾਬਕਾ ਪੁਲਿਸ ਅਫ਼ਸਰ ਅਤੇ ਯੂਐੱਸ ਇਮੀਗ੍ਰੇਸ਼ਨ ਅਤੇ ਕਸਟਮ ਦੇ ਸਾਬਕਾ ਕਾਰਜਕਾਰੀ ਡਾਇਰੈਕਟਰ ਹਨ।

ਟਰੰਪ 20 ਜਨਵਰੀ, 2025 ਨੂੰ ਰਾਸ਼ਟਰਪਤੀ ਦਾ ਅਹੁਦਾ ਸੰਭਾਲਣਗੇ, ਉਨ੍ਹਾਂ ਨੇ ਬੀਤੇ ਐਤਵਾਰ ਨੂੰ ਥੌਮਸ ਦੀ ਨਿਯੁਕਤੀ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਤੋਂ ਬਾਅਦ ਥੌਮਸ ਹੀ ਉਨ੍ਹਾਂ ਦੇ “ਬਾਰਡਰ ਜ਼ਾਰ” ਹੋਣਗੇ।

ਡੌਨਲਡ ਟਰੰਪ ਨੇ ਐਲਾਨ ਕੀਤਾ ਹੋਇਆ ਹੈ ਕਿ ਉਨ੍ਹਾਂ ਦਾ ਪ੍ਰਸਾਸ਼ਨ ਅਮਰੀਕਾ ਵਿੱਚ ਰਹਿ ਰਹੇ ਗੈਰ ਕਾਨੂੰਨੀ ਪਰਵਾਸੀਆਂ ਨੂੰ ਮੁਲਕ ਤੋਂ ਬਾਹਰ ਭੇਜਣ ਲਈ ਅਮਰੀਕੀ ਇਤਿਹਾਸ ਦੀ ਸਭ ਤੋਂ ਵੱਡੀ ਮੁਹਿੰਮ ਚਲਾਏਗਾ।

ਕੌਣ ਹਨ ਥੌਮਸ ਹੋਮੈਨ

ਹੋਮੈਨ (62) ਨੇ ਆਪਣੇ ਪੇਸ਼ੇਵਰ ਜੀਵਨ ਦੀ ਸ਼ਰੁਆਤ ਨਿਊਯਾਰਕ ਸੂਬੇ ਵਿੱਚ ਇੱਕ ਪੁਲਿਸ ਕਰਮੀ ਵਜੋਂ ਕੀਤੀ ਸੀ, ਉਸ ਤੋਂ ਬਾਅਦ ਉਹ ਸਰਹੱਦ ਉੱਤੇ ਗਸ਼ਤ ਕਰਨ ਵਾਲੇ ਇੱਕ ਏਜੰਟ ਬਣ ਗਏ। ਆਪਣੀ ਇਸ ਭੂਮਿਕਾ ਦਾ ਉਹ ਅਕਸਰ ਜ਼ਿਕਰ ਕਰਦੇ ਹਨ।

ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਉਨ੍ਹਾਂ ਨੂੰ ਸਾਲ 2013 ਵਿੱਚ ਆਈਸ ਦੀ ਡਿਪੋਰਟੇਸ਼ਨ ਸ਼ਾਖਾ ਦਾ ਮੁਖੀ ਨਿਯੁਕਤ ਕੀਤਾ ਸੀ। ਇਸ ਅਰਸੇ ਦੌਰਾਨ ਏਜੰਸੀ ਨੇ ਰਿਕਾਰਡ ਸੰਖਿਆ ਵਿੱਚ ਪਰਵਾਸੀਆਂ ਨੂੰ ਉਨ੍ਹਾਂ ਦੇ ਮੂਲ ਦੇਸਾਂ ਨੂੰ ਰਵਾਨਾ ਕੀਤਾ ਸੀ।

ਆਪਣੇ ਕੰਮ ਦੇ ਬਦਲੇ ਉਨ੍ਹਾਂ ਨੂੰ ਨਾਗਰਿਕ ਸੇਵਾ ਦੇ ਸਰਬ-ਉੱਚ ਸਨਮਾਨ ਪਰੈਜ਼ੀਡੈਂਸ਼ੀਅਲ ਰੈਂਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਟਰੰਪ ਨੇ ਉਨ੍ਹਾਂ ਨੂੰ 2017 ਵਿੱਚ ਆਈਸ ਦਾ ਨਿਰਦੇਸ਼ਕ ਨਿਯੁਕਤ ਕੀਤਾ ਜਿਸ ਅਹੁਦੇ ਉੱਤੇ ਉਹ 2018 ਤੱਕ ਬਣੇ ਰਹੇ।

ਬਾਅਦ ਵਿੱਚ ਟਰੰਪ ਨੇ ਉਨ੍ਹਾਂ ਨੂੰ ਏਜੰਸੀ ਦਾ ਸਥਾਈ ਨਿਰਦੇਸ਼ਕ ਬਣਾਉਣ ਦੀ ਤਜਵੀਜ਼ ਸੰਸਦ ਅੱਗੇ ਰੱਖੀ ਜੋ ਕਿ ਕਦੇ ਪ੍ਰਵਾਨ ਨਹੀਂ ਕੀਤੀ ਗਈ।

ਹੋਮੈਨ ਫਿਲਹਾਲ ਫੌਕਸ ਨਿਊਜ਼ ਲਈ ਸਹਿਯੋਗੀ ਵਜੋਂ ਕੰਮ ਕਰਦੇ ਹਨ। ਉਹ ਕੰਜ਼ਰਵੇਟਿਵ ਹੈਰੀਟੇਜ ਫਾਊਂਡੇਸ਼ਨ ਵਿੱਚ ਵਿਜ਼ਟਿੰਗ ਫੈਲੋ ਵਜੋਂ ਸ਼ਾਮਿਲ ਹੋਏ ਅਤੇ ਪ੍ਰੋਜੈਕਟ 2025 ਵਿੱਚ ਸਹਿਯੋਗੀ ਹਨ। ਇਹ ਨੀਤੀ ਸੁਧਾਰ ਸੰਬੰਧੀ ਇੱਕ ਅਤਿ-ਰੂੜੀਵਾਦੀ ਪ੍ਰਸਤਾਵ ਹੈ।

ਹੋਮੈਨ ਦੀ ਆਪਣੇ ਕੰਮ ਬਾਰੇ ਕੀ ਯੋਜਨਾ ਹੈ

ਥੌਮਸ ਹੌਮੈਨ ਨੂੰ ਸਰਹੱਦ ਉੱਤੇ ਕਨੂੰਨ ਲਾਗੂ ਕਰਨ ਦਾ ਕਈ ਦਹਾਕਿਆਂ ਦਾ ਤਜਰਬਾ ਹੈ। ਹੁਣ ਸਾਰੀਆਂ ਨਜ਼ਰਾਂ ਇਸ ਉੱਤੇ ਟਿਕੀਆਂ ਹਨ ਕਿ ਉਹ ਅਮਰੀਕਾ ਵਿੱਚ ਹੋਣ ਵਾਲੇ ਗ਼ੈਰ-ਕਨੂੰਨੀ ਪਰਵਾਸ ਨੂੰ ਕਿਵੇਂ ਠੱਲ੍ਹ ਪਾਉਣਗੇ।

ਥੌਮਸ ਪਰਵਾਸ ਨੂੰ 9/11 ਦੇ ਹਮਲੇ ਤੋਂ ਬਾਅਦ ਅਮਰੀਕੀ ਸੁਰੱਖਿਆ ਦੀ ਸਭ ਤੋਂ ਵੱਡੀ ਊਣਤਾਈ ਵਜੋਂ ਦੇਖਦੇ ਹਨ, ਜਿਸ ਨੂੰ ਠੀਕ ਕਰਨ ਦੀ ਲੋੜ ਹੈ।

ਗਰਮੀਆਂ ਵਿੱਚ ਰਿਪਬਲੀਕਨ ਨੈਸ਼ਨਲ ਕਨਵੈਨਸ਼ਨ ਵਿੱਚ ਅਮਰੀਕਾ ਦੇ ਗ਼ੈਰ-ਕਨੂੰਨੀ ਪਰਵਾਸੀਆਂ ਨੂੰ ਸੰਬੋਧਨ ਹੁੰਦਿਆਂ ਉਨ੍ਹਾਂ ਨੇ ਕਿਹਾ ਸੀ, “ਚੰਗਾ ਹੈ ਤੁਸੀਂ ਹੁਣ ਸਮਾਨ ਬੰਨ੍ਹਣਾ ਸ਼ੁਰੂ ਕਰ ਦਿਓਂ।”

ਲੇਕਿਨ ਬਾਰਡਰ ਜ਼ਾਰ ਵਜੋਂ ਉਨ੍ਹਾਂ ਦੀ ਭੂਮਿਕਾ ਕਿਸ ਤਰ੍ਹਾਂ ਦੀ ਹੋਵੇਗੀ, ਇਹ ਅਜੇ ਤੱਕ ਸਪਸ਼ਟ ਨਹੀਂ ਹੈ। ਪਰਵਾਸ ਦੇ ਪ੍ਰਬੰਧਨ ਲਈ ਅਮਰੀਕਾ ਦੀਆਂ ਕਈ ਸਰਕਾਰੀ ਏਜੰਸੀਆਂ ਵਿੱਚ ਤਾਲਮੇਲ ਕਾਇਮ ਕਰਨ ਦੀ ਲੋੜ ਹੁੰਦੀ ਹੈ।

ਇਹ ਪਹਿਲੀ ਵਾਰ ਨਹੀਂ ਹੈ ਕਿ ਅਮਰੀਕਾ ਵੱਡੀ ਸੰਖਿਆ ਵਿੱਚ ਪਰਵਾਸੀਆਂ ਨੂੰ ਕੱਢਣ ਦੀ ਵਿਉਂਤ ਬਣਾ ਰਿਹਾ ਹੈ।

ਇਸ ਤੋਂ ਪਹਿਲਾਂ ਵੀ 1954 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡਵਾਈਟ ਡੀ ਆਈਸ਼ਨਹਾਵਰ ਦੇ ਕਾਰਜਕਾਲ ਦੌਰਾਨ ਅਜਿਹੀ ਮੁਹਿੰਮ ਚਲਾਈ ਗਈ ਸੀ।

ਦਾਅਵਾ ਹੈ ਕਿ ਉਸ ਆਪਰੇਸ਼ਨ ਦੌਰਾਨ ਬਿਨਾਂ ਦਸਤਾਵੇਜ਼ਾਂ ਵਾਲੇ ਤਕਰੀਬਨ 13,00,000 ਪਰਵਾਸੀਆਂ ਨੂੰ ਅਮਰੀਕਾ ਤੋਂ ਬਾਹਰ ਭੇਜਿਆ ਗਿਆ। ਇਨ੍ਹਾਂ ਵਿੱਚੋਂ ਜ਼ਿਆਦਾਤਰ ਪਰਵਾਸੀ ਮੈਕਸੀਕਨ ਸਨ। ਇਸ ਨੂੰ ਅਮਰੀਕੀ ਇਤਿਹਾਸ ਦੀ ਸਭ ਤੋਂ ਵੱਡੀ ਡੀਪੋਰਟੇਸ਼ਨ ਕਿਹਾ ਜਾਂਦਾ ਹੈ।

ਆਲੋਚਕ ਇਸ ਨੂੰ ਦਹਿਸ਼ਤ ਦੀ ਮੁਹਿੰਮ ਕਹਿ ਕੇ ਇਸਦੀ ਆਲੋਚਨਾ ਕਰਦੇ ਹਨ। ਇਸ ਨੇ ਸਿਰਫ਼ ਬਿਨਾਂ ਦਸਤਾਵੇਜ਼ਾਂ ਦੇ ਅਮਰੀਕਾ ਵਿੱਚ ਰਹਿਣ ਵਾਲਿਆਂ ਨੂੰ ਹੀ ਨਹੀਂ ਸਗੋਂ ਅਮਰੀਕਾ ਵਿੱਚ ਵਸਦੇ ਮੈਕਸੀਕਨ ਮੂਲ ਦੇ ਨਾਗਰਿਕਾਂ ਦੀ ਜ਼ਿੰਦਗੀ ਨੂੰ ਵੀ ਪ੍ਰਭਾਵਿਤ ਕੀਤਾ।

ਇਸ ਆਪਰੇਸ਼ਨ ਨੇ ਪਰਵਾਸ ਨਾਲ ਨਜਿੱਠਣ ਲਈ ਫੌਜੀ ਢੰਗਾਂ ਦੀ ਵਰਤੋਂ ਦਾ ਮੁੱਢ ਬੰਨ੍ਹਿਆ।

ਆਪਰੇਸ਼ਨ ਵੈੱਟਬੈਕ ਕੀ ਸੀ?

ਮਈ 1954 ਵਿੱਚ ਅਮਰੀਕਾ ਦੇ ਤਤਕਾਲੀ ਅਟਾਰਨੀ ਜਨਰਲ ਹਰਬਰਟ ਬਰੋਵੈੱਲ ਨੇ ਨਿਊਟਰਲਾਈਜ਼ੇਸ਼ਨ ਐਂਡ ਇਮੀਗ੍ਰੇਸ਼ਨ ਸਰਿਵਿਸ (ਆਈਐੱਨਐੱਸ) ਜਨਰਲ ਜੋਸੇਫ਼ ਸਵਿੰਗ ਅਤੇ ਬਾਰਡਰ ਪੈਟਰੋਲ ਦੇ ਮੁਖੀ ਹਾਰਲੋਨ ਬੀ ਕਾਰਟਰ ਦੇ ਨਾਲ ਇੱਕ ਪ੍ਰੈੱਸ ਬਿਆਨ ਜਾਰੀ ਕਰਕੇ ਆਪਰੇਸ਼ਨ ਵੈੱਟਬੈਕ ਦਾ ਐਲਾਨ ਕੀਤਾ।

ਬਿਆਨ ਵਿੱਚ ਕਿਹਾ ਗਿਆ ਕਿ ਦੱਖਣ-ਪੱਛਮੀ ਅਮਰੀਕਾ ਵਿੱਚੋਂ ਬਿਨਾਂ ਦਸਤਾਵੇਜ਼ਾਂ ਵਾਲੇ ਪਰਵਾਸੀਆਂ ਦਾ ਸਫ਼ਾਇਆ ਕਰਨ ਲਈ ਉਨ੍ਹਾਂ ਨੂੰ ਲੱਭ ਕੇ, ਹਿਰਾਸਤ ਵਿੱਚ ਲਿਆ ਜਾਵੇਗਾ ਅਤੇ ਮੈਕਸੀਕੋ ਵਾਪਸ ਭੇਜ ਦਿੱਤਾ ਜਾਵੇਗਾ।

ਕਾਰਟਰ ਨੇ ਕਿਹਾ ਸੀ ਕਿ ਬਾਰਡਰ ਪੈਟਰੋਲ ਏਜੰਟਾਂ ਦੀ ਇੱਕ ਪੂਰੀ ਫ਼ੌਜ ਇਨ੍ਹਾਂ ਲੋਕਾਂ ਨੂੰ ਮੈਕਸੀਕੋ ਭੇਜਣ ਲਈ ਜੀਪਾਂ, ਟਰੱਕਾਂ ਅਤੇ ਸੱਤ ਜਹਾਜ਼ਾਂ ਰਾਹੀਂ ਇਸ ਮੁਹਿੰਮ ਵਿੱਚ ਸ਼ਾਮਿਲ ਹੋਵੇਗੀ।

ਨੌਂ ਜੂਨ ਨੂੰ ਆਪਰੇਸ਼ਨ ਦੀ ਕੈਲੀਫੋਰਨੀਆ ਅਤੇ ਐਰੀਜ਼ੋਨਾ ਵਿੱਚ ਸ਼ੁਰੂਆਤ ਦੀ ਪੁਸ਼ਟੀ ਕਰ ਦਿੱਤੀ ਗਈ। ਅਗਲੇ ਦਿਨ ਪਹੁ ਫੁੱਟਦੇ ਹੀ ਬਾਰਡਰ ਪੈਟਰੋਲ ਦੇ 800 ਏਜੰਟਾਂ ਨੇ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਵਿੱਚ ਬਿਨਾਂ ਦਸਤਾਵੇਜ਼ਾਂ ਵਾਲੇ ਪਰਵਾਸੀਆਂ ਨੂੰ ਫੜਨ ਲਈ ਨਾਕੇ ਲਾ ਦਿੱਤੇ ਅਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ।

ਪਹਿਲੇ ਹਫ਼ਤੇ ਦੌਰਾਨ ਹੀ ਏਜੰਟਾਂ ਨੇ 12,300 ਤੋਂ ਜ਼ਿਆਦਾ ਮੈਕਸੀਕਨ ਲੋਕਾਂ ਨੂੰ ਫੜਿਆ ਅਤੇ ਲਗਭਗ 7000 ਨੂੰ ਬੱਸਾਂ ਵਿੱਚ ਭਰ ਕੇ ਡਿਪੋਰਟ ਕਰਨ ਲਈ ਨੋਗਾਲੇਸ ਰਵਾਨਾ ਕਰ ਦਿੱਤਾ ਗਿਆ। ਮਹੀਨਾ ਮੁੱਕਣ ਤੋਂ ਪਹਿਲਾਂ ਹੀ 20,000 ਹੋਰ ਗ੍ਰਿਫ਼ਤਾਰ ਕਰ ਲਏ ਗਏ।

ਬਾਰਡਰ ਪੈਟਰੋਲ ਏਜੰਟਾਂ ਦੀਆਂ 12-12 ਦੀਆਂ ਟੋਲੀਆਂ ਬਣਾਈਆਂ ਗਈਆਂ ਸਨ, ਜੋ ਗਸ਼ਤ ਲਈ ਗਸ਼ਤੀ ਕਾਰਾਂ, ਵਾਹਨ, ਪਿਕਅਪ ਟਰੱਕਾਂ ਦੀ ਵਰਤੋਂ ਤੋਂ ਇਲਾਵਾ ਹਵਾਈ ਨਿਗਰਾਨੀ ਲਈ ਜਹਾਜ਼ਾਂ ਦੀ ਵਰਤੋਂ ਵੀ ਕਰ ਰਹੇ ਸਨ। ਇਹ ਜਹਾਜ਼ ਜ਼ਮੀਨੀ ਟੋਲੀਆਂ ਨੂੰ ਹਵਾ ਵਿੱਚੋਂ ਮਾਰਗ ਦਰਸ਼ਨ ਦਿੰਦੇ ਸਨ।

ਇਨ੍ਹਾਂ ਟੋਲੀਆਂ ਨੇ ਖੇਤਾਂ, ਸਨਅਤੀ ਇਕਾਈਆਂ ਉੱਤੇ ਹੀ ਨਹੀਂ ਸਗੋਂ ਰੈਸਟੋਰੈਂਟਾਂ, ਘਰਾਂ ਅਤੇ ਮੈਕਸੀਕਨ ਲੋਕਾਂ ਦੀ ਬਹੁਤਾਤ ਵਾਲੀਆਂ ਹੋਰ ਜਨਤਕ ਥਾਵਾਂ ਦੀ ਛਾਪੇਮਾਰੀ ਕੀਤੀ। ਲਾਸ ਏਂਜਲਸ ਵਿੱਚ ਆਈਐੱਨਐੱਸ ਨੇ ਇੱਕ ਜਨਤਕ ਪਾਰਕ ਨੂੰ ਆਰਜ਼ੀ ਕੈਂਪ ਵਿੱਚ ਬਦਲ ਦਿੱਤਾ ਜਿੱਥੇ ਡਿਪੋਰਟ ਕੀਤੇ ਜਾਣ ਵਾਲੇ ਲੋਕਾਂ ਨੂੰ ਖੁੱਲ੍ਹੇ ਅਸਮਾਨ ਦੇ ਥੱਲੇ ਰੱਖਿਆ ਗਿਆ।

ਤਿੰਨ ਮਹੀਨਿਆਂ ਦੀ ਛਾਪੇਮਾਰੀ ਦੇ ਦੌਰਾਨ ਕੈਲੀਫੋਰਨੀਆ, ਐਰੀਜ਼ੋਨਾ, ਟੈਕਸਾਸ, ਇਲਨੌਇਸ ਅਤੇ ਮਿਸੀਸਿਪੀ ਦੇ ਡੈਲਟਾ ਵਿੱਚੋਂ ਹਜ਼ਾਰਾਂ ਲੋਕ ਗ੍ਰਿਫ਼ਤਾਰ ਕੀਤੇ ਗ।

ਹਿਰਾਸਤੀਆਂ ਨੂੰ ਬੱਸਾਂ, ਕਿਸ਼ਤੀਆਂ ਜਾਂ ਜਹਾਜ਼ਾਂ ਵਿੱਚ ਭਰ ਕੇ ਸਰਹੱਦ ਉੱਤੇ ਭੇਜਿਆ ਜਾਂਦਾ ਅਤੇ ਮੈਕਸੀਕੋ ਪ੍ਰਸ਼ਾਸਨ ਦੇ ਸਪੁਰਦ ਕਰ ਦਿੱਤਾ ਗਿਆ।

ਮੈਕਸੀਕੋ ਪ੍ਰਸ਼ਾਸਨ ਅੱਗੋਂ ਇਨ੍ਹਾਂ ਲੋਕਾਂ ਨੂੰ ਦੇਸ ਦੇ ਹੋਰ ਅੰਦੂਰਨ ਇਲਾਕਿਆਂ ਵਿੱਚ ਪਰਿਵਾਰਾਂ ਜਾਂ ਦੋਸਤ-ਰਿਸ਼ਤੇਦਾਰ ਕੋਲ ਭੇਜ ਦਿੰਦਾ।

ਅਕਤੂਬਰ ਜੋਸੇਫ਼ ਸਵਿੰਗ ਨੇ ਘੋਸ਼ਣਾ ਕੀਤੀ ਕਿ ਮੁਹਿੰਮ ਦੇ ਤਹਿਤ 10 ਲੱਖ ਤੋਂ ਜ਼ਿਆਦਾ ਪਰਵਾਸੀਆਂ ਨੂੰ ਗ੍ਰਿਫ਼ਤਾਰ ਕਰ ਕੇ ਮੈਕਸੀਕੋ ਭੇਜਣ ਵਿੱਚ ਸਫ਼ਲਤਾ ਹਾਸਲ ਕੀਤੀ ਗਈ ਸੀ।

ਉਨ੍ਹਾਂ ਨੇ ਆਈਐੱਨਐੱਸ ਦੀ ਸਲਾਨਾ ਰਿਪੋਰਟ ਵਿੱਚ ਕਿਹਾ ਕਿ ਕਥਿਤ ਸਮੱਸਿਆ ਹੁਣ ਨਹੀਂ ਹੈ ਅਤੇ ਸਰਹੱਦ ਸੁਰੱਖਿਅਤ ਕਰ ਦਿੱਤੀ ਗਈ ਹੈ।

ਆਪਣੇ-ਆਪ ਵਾਪਸ ਜਾਣ ਵਾਲੇ

ਲੇਕਿਨ ਇਹ ਵੀ ਇੱਕ ਤੱਥ ਹੈ ਕਿ ਮੈਕਸੀਕੋ ਪਹੁੰਚਣ ਵਾਲੇ ਜ਼ਿਆਦਾਤਰ ਪਰਵਾਸੀ ਖ਼ੁਦ ਹੀ ਆਪਣੀ ਮਰਜ਼ੀ ਨਾਲ ਵਾਪਸ ਗਏ ਸਨ।

ਐਡਮ ਗੁੱਡਮੈਨ ਆਪਣੀ ਕਿਤਾਬ “ਡਿਪੋਰਟੇਸ਼ਨ ਮਸ਼ੀਨ” ਵਿੱਚ ਲਿਖਦੇ ਹਨ ਕਿ 1954 ਦੇ ਵਿੱਤੀ ਸਾਲ ਦੌਰਾਨ ਦਸ ਲੱਖ ਤੋਂ ਜ਼ਿਆਦਾ ਲੋਕ ਸਵੈ-ਇੱਛਾ ਨਾਲ ਅਮਰੀਕਾ ਛੱਡ ਕੇ ਚਲੇ ਗਏ ਸੀ।

ਕਿਤਾਬ ਮੁਤਾਬਕ ਆਈਐੱਨਐੱਸ ਦੇ ਪ੍ਰੈੱਸ ਬਿਆਨ ਮੁਤਾਬਕ ਸਵੈ-ਇੱਛਾ ਨਾਲ ਹੋਣ ਵਾਲੀਆਂ ਵਤਨ ਵਾਪਸੀਆਂ ਵੀ ਅਪਰੇਸ਼ਨ ਵੈਟ-ਬੈਕ ਦੇ ਮੰਤਵਾਂ ਵਿੱਚੋਂ ਇੱਕ ਸੀ।

ਪ੍ਰਸ਼ਾਸਨ ਅਸਲ ਵਿੱਚ ਖੁਸ਼ ਸੀ ਕਿ ਪਰਵਾਸੀ ਆਪਣੇ ਖ਼ਰਚੇ ਉੱਤੇ ਹੀ ਅਮਰੀਕਾ ਛੱਡ ਕੇ ਜਾ ਰਹੇ ਸਨ ਕਿਉਂਕਿ ਇਸ ਨਾਲ ਪਰਵਾਸੀਆਂ ਨੂੰ ਡਿਪੋਰਟ ਕਰਨ ਉੱਤੇ ਖ਼ਰਚੇ ਜਾਣ ਵਾਲੇ ਪੈਸੇ ਦੀ ਬਚਤ ਹੋ ਰਹੀ ਸੀ।

ਇਹ ਭਾਵੇਂ ਸੋਚਿਆ-ਸਮਝਿਆ ਸੀ ਜਾਂ ਸੰਜੋਗ ਮਾਤਰ ਸੀ ਪਰ ਇਸ ਵਿੱਚ ਮੀਡੀਆ ਦੇ ਸਹਿਯੋਗ ਦਾ ਵੀ ਯੋਗਦਾਨ ਸੀ।

ਪ੍ਰੈੱਸ, ਬਾਰਡਰ ਪੈਟਰੋਲ ਦੇ ਨਾਲ, ਜਿੱਥੇ ਲੋਕਾਂ ਨੂੰ ਫੜਿਆ ਜਾਂਦਾ ਸੀ ਲਗਾਤਾਰ ਘੁੰਮ ਰਹੀ ਸੀ। ਇਸ ਤਰ੍ਹਾਂ ਦਿਖਾਇਆ ਗਿਆ ਕਿ ਇਹ ਆਪਰੇਸ਼ਨ ਅਸਲ ਵਿੱਚ ਜਿੰਨਾ ਦੱਸਿਆ ਜਾ ਰਿਹਾ ਹੈ, ਉਸ ਨਾਲੋਂ ਕਿਤੇ ਵਿਆਪਕ ਹੈ।

ਹਾਲਾਂਕਿ ਕੁਝ ਮਾਹਰ ਇਸ ਆਪਰੇਸ਼ਨ ਦੀ ਸਫ਼ਲਤਾ ਦੇ ਦਾਅਵਿਆਂ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਇਸ ਨਾਲ ਬਿਨਾਂ ਦਸਤਾਵੇਜ਼ਾਂ ਦੇ ਹੋਣ ਵਾਲੇ ਪਰਵਾਸੀ ਦੀ ਸਮੱਸਿਆ ਕਦੇ ਵੀ ਹੱਲ ਨਹੀਂ ਹੋਈ।

ਸਗੋਂ ਡਿਪੋਰਟ ਕੀਤੇ ਲੋਕ ਤਾਂ ਮੁੜ-ਮੁੜ ਕੇ ਅਮਰੀਕਾ ਵਾਪਸ ਆਉਂਦੇ ਰਹੇ।

ਇਸ ਤੋਂ ਇਲਾਵਾ ਲਿਟਲ-ਹਰਨਾਂਡੇਜ਼ ਨੇ ਵੈਸਟਰਨ ਹਿਸਟਾਰੀਕਲ ਕੁਆਰਟਰਲੀ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਇੱਕ ਲੇਖ ਵਿੱਚ ਲਿਖਿਆ ਕਿ 1954 ਦਾ ਵਿੱਤੀ ਸਾਲ ਤਾਂ ਅਪਰੇਸ਼ਨ ਲਾਂਚ ਹੋਣ ਤੋਂ ਦੋ ਮਹੀਨਿਆਂ ਵਿੱਚ ਹੀ ਜੂਨ 30 ਨੂੰ ਖ਼ਤਮ ਹੋ ਗਿਆ ਸੀ।

ਇੰਨੇ ਘੱਟ ਅਰਸੇ ਦੌਰਾਨ ਇੰਨੇ ਜ਼ਿਆਦਾ ਲੋਕ ਜਿੰਨਿਆਂ ਦਾ ਕਿ ਦਾਅਵਾ ਕੀਤਾ ਗਿਆ ਵਾਪਸ ਨਹੀਂ ਭੇਜੇ ਜਾ ਸਕਦੇ ਸਨ।

ਮਾਹਰ ਮੁਤਾਬਕ ਬਿਨਾਂ ਦਸਤਾਵੇਜ਼ਾਂ ਵਾਲੇ ਮੈਕਸੀਕਨ ਲੋਕਾਂ ਦੀ ਧਰ-ਪਕੜ ਤਾਂ 1950 ਤੋਂ ਹੀ ਲਗਾਤਾਰ ਵੱਧ ਰਹੀ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)