ਕੈਨੇਡਾ ਦੇ ਯੂਰੇਨੀਅਮ ਭੰਡਾਰ ਕਿਵੇਂ ਇਸ ਨੂੰ 'ਪਰਮਾਣੂ ਊਰਜਾ ਦੀ ਅਗਲੀ ਮਹਾਂ ਸ਼ਕਤੀ' ਬਣਾਉਣਗੇ

    • ਲੇਖਕ, ਨਦੀਨ ਯੂਸਿਫ਼
    • ਰੋਲ, ਬੀਬੀਸੀ ਨਿਊਜ਼ ਟੋਰਾਂਟੋ

ਜਲਵਾਯੂ ਤਬਦੀਲੀ ਦੇ ਸੰਕਟ ਦੇ ਹੱਲ ਵਜੋਂ ਪਰਮਾਣੂ ਊਰਜਾ ਵੱਲ ਦੇਖਿਆ ਜਾ ਰਿਹਾ ਹੈ। ਨਤੀਜੇ ਵਜੋਂ ਯੂਰੇਨੀਅਮ ਵੀ ਵਾਪਸੀ ਕਰ ਰਿਹਾ ਹੈ।

ਕੈਨੇਡਾ ਯੂਰੇਨੀਅਮ ਦੇ ਭੰਡਾਰਾਂ ਨਾਲ ਭਰਭੂਰ ਹੈ, ਇਸੇ ਦੀ ਬਦੌਲਤ ਉਹ ਅਗਲੀ “ਪਰਮਾਣੂ ਮਹਾਂ ਸ਼ਕਤੀ” ਬਣ ਸਕਦਾ ਹੈ। ਪਰ ਕੀ ਇਹ ਉੱਤਰ ਅਮਰੀਕੀ ਦੇਸ ਆਪਣੀ ਇਸ ਸੰਭਾਵਨਾ ਨੂੰ ਸਾਕਾਰ ਕਰ ਸਕੇਗਾ?

ਲੀ ਕੁਰੀਅਰ ਪਿਛਲੇ ਲਗਭਗ ਦੋ ਦਹਾਕਿਆਂ ਤੋਂ ਯੂਰੇਨੀਅਮ ਦੇ ਖਣਨ ਦੇ ਖੇਤਰ ਨਾਲ ਜੁੜੇ ਹੋਏ ਹਨ। ਇਸ ਪਾਸੇ ਇੱਕ ਵੱਡੀ ਤਬਦੀਲੀ ਨੇ ਉਨ੍ਹਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

ਸਾਲ 2011 ਵਿੱਚ ਜਪਾਨ ਦੇ ਫੁਕੁਸ਼ੀਮਾ ਪਰਮਾਣੂ ਹਾਦਸੇ ਨੇ ਦੁਨੀਆ ਦਾ ਪਰਮਾਣੂ ਊਰਜਾ ਬਾਰੇ ਨਜ਼ਰੀਆ ਹੀ ਬਦਲ ਦਿੱਤਾ ਸੀ। ਨਤੀਜੇ ਵਜੋਂ ਯੂਰੇਨੀਅਮ ਦੀਆਂ ਕੀਮਤਾਂ ਨੂੰ ਗੋਤਾ ਦਿੱਤਾ ਸੀ। ਯੂਰੇਨੀਅਮ ਇੱਕ ਭਾਰੀ ਧਾਤੂ ਅਤੇ ਪਰਮਾਣੂ ਬਾਲਣ ਦਾ ਇੱਕ ਅਹਿਮ ਹਿੱਸਾ ਹੈ।

ਲੇਕਿਨ ਪਿਛਲੇ ਪੰਜਾਂ ਸਾਲਾਂ ਦੌਰਾਨ ਇਸ ਪਾਸੇ ਵਾਪਸੀ ਹੋਈ ਹੈ ਅਤੇ ਯੂਰੇਨੀਅਮ ਦੇ ਭਾਅ ਵਿਸ਼ਵੀ ਮੰਡੀ ਵਿੱਚ ਚੜ੍ਹਨੇ ਸ਼ੁਰੂ ਹੋਏ ਹਨ। ਇਸ ਸਾਲ ਦੌਰਾਨ ਯੂਰੇਨੀਅਮ ਦੇ ਭਾਅ 200% ਤੋਂ ਜ਼ਿਆਦਾ ਵਧੇ ਹਨ।

ਕੁਰੀਅਰ ਜੋ ਕਿ ਆਸਟ੍ਰੇਲੀਆ ਵਿੱਚ ਜਨਮੇ ਇੱਕ ਕਾਰਬਾਰੀ ਹਨ, ਇਸ ਦਾ ਸਿਹਰਾ ਮਾਈਕ੍ਰੋਸਾਫਟ ਦੇ ਮੋਢੀ ਬਿਲ ਗੇਟਸ ਵੱਲੋਂ ਸਾਲ 2018 ਵਿੱਚ ਪਰਮਾਣੂ ਊਰਜਾ ਨੂੰ ਵਾਤਾਵਰਣ ਸੰਕਟ ਨਾਲ ਨਜਿੱਠਣ ਲਈ ਆਦਰਸ਼ ਵਜੋਂ ਪ੍ਰਚਾਰੇ ਜਾਣ ਨੂੰ ਦਿੰਦੇ ਹਨ।

ਉਸ ਤੋਂ ਚਾਰ ਸਾਲ ਬਾਅਦ ਬ੍ਰਿਟੇਨ ਦੇ ਤਤਕਾਲੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਇੱਕ ਨੀਤੀ ਲਿਆਂਦੀ ਕਿ ਬ੍ਰਿਟੇਨ ਆਪਣੀਆਂ 25% ਊਰਜਾ ਲੋੜਾਂ ਪਰਮਾਣੂ ਵਸੀਲੇ ਤੋਂ ਪੂਰੀਆਂ ਕਰੇਗਾ।

ਉਸ ਤੋਂ ਕੁਝ ਸਮੇਂ ਬਾਅਦ ਹੀ ਯੂਰਪੀ ਯੂਨੀਅਨ ਨੇ ਪਰਮਾਣੂ ਊਰਜਾ ਦੇ ਵਤਾਵਰਣ-ਪੱਖੀ ਹੋਣ ਦਾ ਐਲਾਨ ਕਰ ਦਿੱਤਾ।

ਇਹ ਘਟਨਾਵਾਂ ਯੂਰੇਨੀਅਮ ਉਦਯੋਗ ਲਈ ਮੀਲ ਦੇ ਪੱਥਰ ਸਾਬਤ ਹੋਈਆਂ। ਇਨ੍ਹਾਂ ਖ਼ਬਰਾਂ ਨੇ ਕੁਰੀਅਰ ਜਿਨ੍ਹਾਂ ਦੀ ਕੰਪਨੀ ਕੈਨੇਡਾ ਵਿੱਚ ਵਿਕਾਸ ਅਧੀਨ ਯੂਰੇਨੀਅਮ ਦੀ ਸਭ ਤੋਂ ਵੱਡੀ ਖਾਣ ਦੇ ਪਿੱਛੇ ਹੈ, ਲਈ ਵੀ ਚੰਗਾ ਸ਼ਗਨ ਸਾਬਤ ਹੋਈਆਂ।

ਉਨ੍ਹਾਂ ਨੂੰ ਦੁਨੀਆਂ ਭਰ ਤੋਂ ਨਿਵੇਸ਼ਕਾਂ ਦੇ ਫੋਨ ਆਉਣ ਲੱਗੇ ਜੋ ਉਨ੍ਹਾਂ ਮੁਤਾਬਕ, “ਮੇਰੇ ਪਿਛਲੇ 17 ਸਾਲਾਂ ਦੌਰਾਨ ਕਦੇ ਨਹੀਂ ਹੋਇਆ” ਸੀ।

ਕੁਦਰਤੀ ਸੋਮਿਆਂ ਤੋਂ ਕੰਪਨੀਆਂ ਨੂੰ ਉਮੀਦ

ਨੈਕਸਜੈਨ ਫਰਮ ਦਾ ਪ੍ਰੋਜੈਕਟ ਕੈਨੇਡਾ ਦੇ ਦੂਰ-ਦਰਾਜ਼ ਵਿੱਚ ਯੂਰੇਨੀਅਮ ਨਾਲ ਜ਼ਰਖੇਜ਼ ਉੱਤਰੀ ਸਸਕੈਚਵਨ ਦੇ ਅਥਾਬੈਸਕਾ ਬੇਸਨ ਵਿੱਚ ਸਥਿਤ ਹੈ। ਇਹ ਪ੍ਰੋਜੈਕਟ ਹਾਲਾਂਕਿ ਵਪਾਰਕ ਮੰਤਵਾਂ ਲਈ 2028 ਤੋਂ ਪਹਿਲਾਂ ਖੁੱਲ੍ਹ ਨਹੀਂ ਸਕੇਗਾ ਲੇਕਿਨ ਇਸਦੀ ਮੌਜੂਦਾ ਕੀਮਤ ਚਾਰ ਬਿਲੀਅਨ ਡਾਲਰ ਹੈ।

ਜੇ ਪੂਰੀ ਪ੍ਰਵਾਨਗੀ ਮਿਲਣ ਤੋਂ ਬਾਅਦ ਸਿਰਫ਼ ਨੈਕਸ-ਜੈਨ ਦਾ ਪ੍ਰੋਜੈਕਟ ਹੀ ਆਉਣ ਵਾਲੇ ਦਸਾਂ ਸਾਲਾਂ ਦੌਰਾਨ ਕੈਨੇਡਾ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਯੂਰੇਨੀਅਮ ਉਤਪਾਦਕ ਦੇਸ ਬਣਾਉਣ ਲਈ ਵੱਡਾ ਧੱਕਾ ਲਾਵੇਗਾ।

ਫਿਲਹਾਲ ਕਜ਼ਾਕਿਸਤਾਨ ਪਹਿਲੇ ਨੰਬਰ ਉੱਤੇ ਹੈ ਪਰ ਫਿਰ ਨਹੀਂ ਰਹੇਗਾ।

ਦੂਜੀਆਂ ਕੰਪਨੀਆਂ ਨੇ ਵੀ ਇਸ ਉਛਾਲ ਦਾ ਲਾਹਾ ਲੈਣ ਲਈ ਸਸਕੈਚਵਨ ਦਾ ਰੁਖ਼ ਕੀਤਾ ਹੈ।

ਉਨ੍ਹਾਂ ਨੇ ਇਸ ਇਲਾਕੇ ਵਿੱਚ ਯੂਰੇਨੀਅਮ ਤਲਾਸ਼ਣ ਲਈ ਆਪੋ-ਆਪਣੇ ਪ੍ਰੋਜੈਕਟ ਸ਼ੁਰੂ ਕਰ ਦਿੱਤੇ ਹਨ। ਜਦਕਿ ਪੁਰਾਣੇ ਖਿਡਾਰੀਆਂ ਨੇ ਪੁਰਾਣੀਆਂ ਖਾਣਾਂ ਦੇ ਮੂੰਹ ਫਿਰ ਖੋਲ੍ਹ ਲਏ ਹਨ।

ਆਪਣੇ ਅਮੀਰ ਕੁਦਰਤੀ ਸੋਮਿਆਂ ਕਾਰਨ ਕੰਪਨੀਆਂ ਨੂੰ ਉਮੀਦ ਹੈ ਕਿ ਕੈਨੇਡਾ ਨੇੜਲੇ ਭਵਿੱਖ ਪਰਮਾਣੂ ਊਰਜਾ ਦੇ ਖੇਤਰ ਵਿੱਚ ਮੋਹਰੀ ਭੂਮਿਕਾ ਨਿਭਾਏਗਾ ਅਤੇ ਲਗਭਗ ਦੋ ਦਰਜਨ ਦੇਸਾਂ ਦੀ ਯੂਰੇਨੀਅਮ ਦੀ ਲੋੜ ਪੂਰੀ ਕਰੇਗਾ।

ਜਿਨ੍ਹਾਂ ਨੇ ਸੀਓਪੀ28 ਕਲਾਈਮੇਟ ਵਿੱਚ ਸਾਲ 2050 ਤੱਕ ਆਪਣਾ ਪਰਮਣੂ ਊਰਜਾ ਉਤਪਾਦਨ ਤਿੰਨ ਗੁਣਾਂ ਤੱਕ ਵਧਾਉਣ ਦਾ ਅਹਿਦ ਲਿਆ ਹੈ।

ਪਰਮਾਣੂ ਊਰਜਾ ਦੀ ਅਕਸਰ ਇਸ ਲਈ ਵਡਿਆਈ ਕੀਤੀ ਜਾਂਦੀ ਹੈ ਕਿ ਇਸ ਦੇ ਉਤਪਾਦਨ ਵਿੱਚ ਰਵਾਇਤੀ, ਗੈਸ ਤੇ ਤੇਲ, ਕੋਲੇ ਤੋਂ ਪੈਦਾ ਹੋਣ ਵਾਲੀ ਊਰਜਾ ਦੇ ਮੁਕਾਬਲੇ ਸੀਮਤ ਕਾਰਬਨ ਪੈਦਾ ਹੁੰਦਾ ਹੈ।

ਵਰਲਡ ਨਿਊਕਲੀਅਰ ਐਸੋਸੀਏਸ਼ਨ ਦੇ ਅੰਦਾਜ਼ੇ ਮੁਤਾਬਕ ਪੂਰੀ ਦੁਨੀਆਂ ਵਿੱਚ ਪੈਦਾ ਕੀਤੀ ਜਾਣ ਵਾਲੀ ਊਰਜਾ ਦਾ ਮਹਿਜ਼ 10% ਹੀ ਪਰਮਾਣੂ ਸਰੋਤਾਂ ਤੋਂ ਪੈਦਾ ਕੀਤਾ ਜਾਂਦਾ ਹੈ ਜਦਕਿ 50% ਤੋਂ ਜ਼ਿਆਦਾ ਊਰਜਾ ਅਜੇ ਵੀ ਗੈਸ ਜਾਂ ਤੇਲ ਤੋਂ ਹੀ ਪੈਦਾ ਕੀਤੀ ਜਾ ਰਹੀ ਹੈ।

ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਮੌਜੂਦਾ ਨੀਤੀਆਂ ਅਤੇ ਨਿਵੇਸ਼ ਦੁਨੀਆਂ ਦੇ ਤਾਪਮਾਨ ਨੂੰ ਵਧਣੋਂ ਰੋਕਣ ਲਈ ਕਾਫ਼ੀ ਨਹੀਂ ਹਨ। ਇਸਦੇ ਮੱਦੇ ਨਜ਼ਰ ਇਸ ਸਾਲ ਦੇ ਸੀਓਪੀ29 ਦੇ ਧਿਆਨ ਹੁਣ ਹੋਰ ਜ਼ਿਆਦਾ ਪਰਮਾਣੂ ਊਰਜਾ ਪਲਾਂਟ ਲਾਉਣ ਵੱਲ ਹੈ।

ਯੂਰੇਨੀਅਮ ਦੀ ਪੂਰਤੀ ਕਰਨ ਵਿੱਚ ਕੈਨੇਡਾ ਦੀ ਭੂਮਿਕਾ ਨੂੰ ਰੂਸ ਦੇ ਯੂਕਰੇਨ ਉੱਤੇ ਹਮਲੇ ਨੇ, ਖ਼ਾਸ ਕਰਕੇ ਅਮਰੀਕਾ ਲਈ ਹੋਰ ਵਧਾ ਦਿੱਤਾ ਹੈ।

ਇਸ ਤੋਂ ਪਹਿਲਾਂ ਅਮਰੀਕਾ ਆਪਣੇ ਪਰਮਾਣੂ ਬਿਜਲੀ ਘਰਾਂ ਦੇ ਬਾਲਣ ਲਈ ਰੂਸ ਤੋਂ ਆਉਣ ਵਾਲੇ ਇਨਰਿਚਡ-ਯੂਰੇਨੀਅਮ ਉੱਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਸੀ।

ਕੁਰੀਅਰ ਦਾ ਮੰਨਣਾ ਹੈ ਕਿ ਅਮਰੀਕਾ ਜ਼ੋਰਾਂ-ਸ਼ੋਰਾਂ ਨਾਲ ਰੂਸ ਦੇ ਬਦਲ ਤਲਾਸ਼ ਰਿਹਾ ਹੈ ਇਸ ਲਈ ਉਨ੍ਹਾਂ ਦੀ ਖਾਣ, ਅਮਰੀਕਾ ਦੇ ਪਰਮਾਣੂ ਊਰਜਾ ਦੇ ਭਵਿੱਖ ਲਈ ਬਹੁਤ ਮਹੱਤਵਪੂਰਨ ਸਾਬਤ ਹੋਵੇਗੀ।

ਅਮਰੀਕਾ ਨਾ ਸਿਰਫ਼ ਬਦਲ ਤਲਾਸ਼ ਰਿਹਾ ਹੈ ਸਗੋਂ ਆਪਣੀ ਮਿੱਟੀ ਵਿੱਚੋਂ ਵੀ ਯੂਰੇਨੀਅਮ ਦੀ ਭਾਲ ਕਰ ਰਿਹਾ ਹੈ।

ਯੂਰੇਨੀਅਮ ਪੂਰੀ ਦੁਨੀਆਂ ਵਿੱਚ ਕਿਤੇ ਵੀ ਮਿਲ ਸਕਦਾ ਹੈ ਲੇਕਿਨ ਕੈਨੇਡਾ, ਅਸਟ੍ਰੇਲੀਆ ਅਤੇ ਕਜ਼ਾਕਿਸਤਾਨ ਵਿੱਚ ਇਸਦੇ ਵੱਡੇ ਭੰਡਾਰ ਹਨ।

ਮੈਕਮਾਸਟਰ ਯੂਨੀਵਰਸਿਟੀ ਵਿੱਚ ਪਰਮਾਣੂ ਇੰਜੀਨੀਅਰਿੰਗ ਦੇ ਪ੍ਰੋਫੈਸਰ ਮਾਰਕੁਸ ਪੀਰੋ ਮੁਤਾਬਕ, ਅਜਿਹੇ ਵਿੱਚ ਕੈਨੇਡਾ ਦੇ ਸਸਕੈਚਵਨ ਖੇਤਰ ਦੇ ਯੂਰੇਨੀਅਮ ਦੀ ਉੱਚੀ ਗੁਣਵੱਤਾ ਇਸ ਨੂੰ ਖ਼ਾਸ ਬਣਾਉਂਦੀ ਹੈ।

ਕੈਨੇਡਾ ਦੇ ਹੋਰ ਦੇਸਾਂ ਨੂੰ ਯੂਰੇਨੀਅਨ ਦੇਣ ਦੇ ਨਿਯਮ ਕਾਫ਼ੀ ਸਖ਼ਤ ਹਨ। ਪ੍ਰੋਫੈਸਰ ਪੀਰੋ ਮੁਤਾਬਕ ਇਸ ਦੀ ਵਰਤੋਂ ਸਿਰਫ਼ ਬਿਜਲੀ ਬਣਾਉਣ ਲਈ ਹੀ ਕੀਤੀ ਜਾ ਸਕਦੀ ਹੈ।

ਕੈਨੇਡਾ ਯੂਰੇਨੀਅਮ ਨੂੰ ਜ਼ਮੀਨ ਚੋਂ ਕੱਢਣ ਤੋਂ ਲੈ ਕੇ ਪਰਮਾਣੂ ਬਾਲਣ ਬਣਾਉਣ ਤੱਕ ਦੀ ਸਮਰਥਾ ਕਾਰਨ “ਟਾਇਰ-ਵਨ-ਨਿਊਕਲੀਅਰ ਨੇਸ਼ਨ” ਵੀ ਹੈ।

ਖਣਨ ਤੋਂ ਬਾਅਦ ਯੂਰੇਨੀਅਮ ਤੋਂ ਕੈਲਕਿਨਡ ਯੈਲੋ ਕੇਕ ਤਿਆਰ ਕੀਤਾ ਜਾਂਦਾ ਹੈ ਫਿਰ ਇਸ ਨੂੰ ਪਰਮਾਣੂ ਰਿਐਕਟਰਾਂ ਵਿੱਚ ਬਾਲਣ ਦੇ ਰੂਪ ਵਿੱਚ ਵਰਤੋਂ ਯੋਗ ਬਣਾਉਣ ਲਈ ਕੈਨੇਡਾ ਜਾਂ ਵਿਦੇਸ਼ਾਂ ਵਿੱਚ ਥਾਵਾਂ ਉੱਤੇ ਸਮਰਿਧ (ਇਨਰਿਚ) ਕੀਤਾ ਜਾਂਦਾ ਹੈ।

ਪ੍ਰੋਫੈਸਰ ਪੀਰੋ ਮੁਤਾਬਕ, “ਸਾਡੇ ਕੋਲ ਕੈਨੈਡਾ ਵਿੱਚ ਇੱਕ ਮੁਕੰਮਲ ਦੁਕਾਨ ਹੈ, ਹਰ ਦੇਸ ਅਜਿਹਾ ਨਹੀਂ ਹੈ।”

ਯੂਰੇਨੀਅਮ ਦੇ ਉਤਪਾਦਨ ਵਿੱਚ ਕੈਨੇਡਾ ਦੂਜਾ ਵੱਡਾ ਦੇਸ

ਕੈਨੇਡਾ ਸਰਕਾਰ ਮੁਤਾਬਕ ਇਹ ਫ਼ਿਲਹਾਲ ਦੁਨੀਆਂ ਦੇ ਕੁੱਲ ਯੂਰੇਨੀਅਮ ਦਾ ਕਰੀਬਨ 13% ਪੈਦਾ ਕਰਕੇ ਦੂਜਾ ਸਭ ਤੋਂ ਵੱਡਾ ਯੂਰੇਨੀਅਮ ਉਤਪਾਦਕ ਦੇਸ ਹੈ। ਨੈਕਸ-ਜੈਨ ਨੂੰ ਉਮੀਦ ਹੈ ਕਿ ਇਸਦਾ ਪਲਾਂਟ ਚਾਲੂ ਹੋ ਜਾਣ ਤੋਂ ਬਾਅਦ ਇਹ ਉਤਪਾਦਨ 25% ਹੋ ਜਾਵੇਗਾ।

ਇਸ ਦੌਰਾਨ ਇੱਕ ਹੋਰ ਕੰਪਨੀ ਕੈਮਿਕੋ 1988 ਤੋਂ ਸਸਕੈਚਵਨ ਵਿੱਚੋਂ ਯੂਰੇਨੀਅਮ ਕੱਢ ਰਹੀ ਹੈ।

ਕੰਪਨੀ ਦੁਨੀਆਂ ਭਰ ਵਿੱਚ 30 ਪਰਮਾਣੂ ਰਿਐਕਟਰਾਂ ਨੂੰ ਯੂਰੇਨੀਅਮ ਦੀ ਪੂਰਤੀ ਕਰਦੀ ਹੈ। ਉਸ ਨੇ ਵੀ ਸਾਲ 2022 ਵਿੱਚ ਉਤਪਾਦਨ ਵਧਾਉਣ ਦੇ ਇਰਾਦੇ ਨਾਲ ਆਪਣੀਆਂ ਦੋ ਖਾਣਾਂ ਮੁੜ ਚਾਲੂ ਕਰ ਦਿੱਤੀਆਂ ਸਨ।

ਕੰਪਨੀ ਦੀ ਸੀਈਓ ਗਿਟਜੇਲ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦਾ ਮੰਨਣਾ ਹੈ, “ਕੈਨੇਡਾ ਪੂਰੀ ਦੁਨੀਆਂ ਵਿੱਚ ਪਰਮਾਣੂ ਮਹਾਂ ਸ਼ਕਤੀ ਬਣ ਸਕਦਾ ਹੈ।”

ਪਰ ਪਰਮਾਣੂ ਊਰਜਾ ਬਾਰੇ ਇਸ ਉਤਸ਼ਾਹ ਦੇ ਆਲੋਚਕ ਵੀ ਹਨ।

ਕੁਝ ਵਾਤਵਾਰਣ ਸਮੂਹਾਂ ਮੁਤਾਬਕ ਪਰਮਾਣੂ ਬਿਜਲੀ ਘਰ ਬਹੁਤ ਮਹਿੰਗੇ ਪੈਂਦੇ ਹਨ ਅਤੇ ਇਹ ਇੱਕ ਤੈਅ ਟਾਈਮ ਲਾਈਨ ਦੇ ਨਾਲ ਆਉਂਦੇ ਹਨ ਜੋ ਕਿ ਵਾਤਾਵਰਣਿਕ ਐਮਰਜੈਂਸੀ ਨਾਲ ਮੇਲ ਨਹੀਂ ਖਾਂਦੀ।

ਯੂਕੇ ਅਧਾਰਿਤ ਵਰਲਡ ਨਿਊਕਲੀਅਰ ਐਸੋਸੀਏਸ਼ਨ ਦੇ ਡੇਟਾ ਮੁਤਾਬਕ 16 ਦੇਸਾਂ ਵਿੱਚ 60 ਪਰਮਾਣੂ ਰਿਐਕਟਰ ਨਿਰਮਾਣ ਅਧੀਨ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਚੀਨ ਵਿੱਚ ਹਨ ਅਤੇ 110 ਹੋਰ ਦੀ ਅਜੇ ਯੋਜਨਾ ਬਣਾਈ ਜਾ ਰਹੀ ਹੈ।

ਕੁਝ ਸ਼ਾਇਦ ਇਸ ਸਾਲ ਚਾਲੂ ਹੋ ਜਾਣਗੇ, ਜਦਕਿ ਬਾਕੀ ਸ਼ਾਇਦ ਇਸ ਦਹਾਕੇ ਦੇ ਅੰਤ ਤੱਕ ਵੀ ਸਿਰੇ ਨਾ ਚੜ੍ਹ ਸਕਣ।

ਇਸੇ ਦੌਰਾਨ 100 ਤੋਂ ਜ਼ਿਆਦਾ ਪਰਮਾਣੂ ਪਲਾਂਟ ਪਿਛਲੇ ਦੋ ਦਹਾਕਿਆਂ ਦੌਰਾਨ ਪੂਰੀ ਦੁਨੀਆਂ ਵਿੱਚ ਬੰਦ ਕੀਤੇ ਜਾ ਚੁੱਕੇ ਹਨ।

ਇਨ੍ਹਾਂ ਬੰਦ ਕੀਤੇ ਗਏ ਪਲਾਂਟਾਂ ਵਿੱਚ ਨਿਊ ਯਾਰਕ ਦਾ ਇਕਲੌਤਾ ਪਰਮਾਣੂ ਊਰਜਾ ਪਲਾਂਟ ਵੀ ਸ਼ਾਮਲ ਸੀ, ਜਿਸ ਨੂੰ ਚਲਾਉਣ ਉੱਤੇ ਆ ਰਹੇ ਬਹੁਤ ਜ਼ਿਆਦਾ ਖ਼ਰਚੇ, ਵਾਤਾਵਰਣ ਅਤੇ ਸੁਰੱਖਿਆ ਖ਼ਤਰਿਆਂ ਦੇ ਮੱਦੇ ਨਜ਼ਰ 2012 ਵਿੱਚ ਸੇਵਾ ਮੁਕਤ ਕਰ ਦਿੱਤਾ ਗਿਆ ਸੀ।

ਇਸ ਤੋਂ ਇਲਾਵਾ ਅਮਰੀਕਾ ਦੇ ਮੈਸਾਚਿਊਸਿਟਸ, ਪੈਨਸਲਵੇਨੀਆ ਅਤੇ ਕਿਊਬਿਕ ਕੈਨੇਡਾ ਵਿੱਚ ਵੀ ਕੁਝ ਪਲਾਂਟ ਬੰਦ ਕੀਤੇ ਗਏ ਸਨ।

ਪੂਰਾ ਕੈਨੇਡਾ ਇੱਥੋਂ ਦੇ ਯੂਰੇਨੀਅਮ ਉਦਯੋਗ ਦੇ ਨਾਲ ਸਹਿਮਤ ਨਹੀਂ ਹੈ।

ਬ੍ਰਿਟਿਸ਼ ਕੋਲੰਬੀਆ ਆਪਣੇ ਯੂਰੇਨੀਅਮ ਦੇ ਭੰਡਾਰ ਦੱਬੀ ਬੈਠਾ ਹੈ ਅਤੇ ਉਸ ਨੇ 1980 ਤੋਂ ਬਾਅਦ ਨਾ ਹੀ ਖਣਨ ਅਤੇ ਨਾ ਪਰਮਾਣੂ ਊਰਜਾ ਪਲਾਂਟ ਰਾਹੀਂ ਇਸ ਦੇ ਦੋਹਨ ਦੀ ਆਗਿਆ ਨਹੀਂ ਦਿੱਤੀ ਹੈ।

ਆਲੋਚਕਾਂ ਨੇ ਇਨ੍ਹਾਂ ਰਿਐਕਟਰਾਂ ਤੋਂ ਪੈਦਾ ਹੋਣ ਵਾਲੇ ਰੇਡੀਓ-ਐਕਟਿਵ ਕੂੜੇ ਦੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੋਣ ਵਾਲੇ ਨੁਕਸਾਨਾਂ ਤੋਂ ਵੀ ਸਾਵਧਾਨ ਕੀਤਾ ਹੈ।

ਫੁਕੁਸ਼ੀਮਾ ਦੇ ਪੈਮਾਨੇ ਦਾ ਹੋਰ ਹਾਦਸਾ ਵਾਪਰਨ ਦੇ ਖ਼ਤਰੇ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਜਿੱਥੇ ਸੁਨਾਮੀ ਨੇ ਤਿੰਨ ਰਿਐਕਟਰਾਂ ਉੱਤੇ ਪਾਣੀ ਫੇਰ ਦਿੱਤਾ ਸੀ ਜਿਸਦੇ ਨਤੀਜੇ ਵਜੋਂ ਭਾਰੀ ਮਾਤਰਾ ਵਿੱਚ ਰੇਡੀਓ-ਐਕਟਿਵ ਕੂੜਾ ਵਾਤਾਵਰਣ ਵਿੱਚ ਫੈਲ ਗਿਆ ਸੀ ਵੱਡੇ ਪੈਮਾਨੇ ਉੱਤੇ ਲੋਕਾਂ ਨੂੰ ਉੱਥੋਂ ਕੱਢਣਾ ਪਿਆ ਸੀ।

ਪ੍ਰੋਫੈਸਰ ਪੀਰੋ ਮੁਤਾਬਕ, “ਇਹ ਗੱਲ ਤਾਂ ਪੱਕੀ ਹੈ ਕਿ ਖ਼ਤਰਾ ਸਿਫ਼ਰ ਨਹੀਂ ਹੈ”। ਹਾਲਾਂਕਿ ਇਸ ਨੂੰ ਘਟਾਇਆ ਜਾ ਸਕਦਾ ਹੈ।

“ਭਾਵੇਂ ਲੋਕਾਂ ਵਿੱਚ ਇਸ ਬਾਰੇ ਮਿਲੀਆਂ-ਜੁਲੀਆਂ ਭਾਵਨਾਵਾਂ ਹਨ। ਲੇਕਿਨ ਸੱਚਾਈ ਇਹ ਹੈ ਕਿ ਇਸਨੇ ਪੂਰੀ ਦੁਨੀਆਂ ਵਿੱਚ ਬਿਜਲੀ ਦਾ ਉਤਪਾਦਨ ਬੇਹੱਦ ਸੁਰੱਖਿਆ, ਭਰੋਸੇਯੋਗ ਅਤੇ ਕਿਫਾਇਤੀ ਢੰਗ ਨਾਲ ਕੀਤਾ ਹੈ।”

ਉਦਯੋਗ ਮਤਲਬ ਤਕਨੀਕ ਸੰਭਾਵਨਾਵਾਂ ਭਰਭੂਰ ਅਤੇ ਭਰੋਸੇਯੋਗ ਵੀ ਹੈ।

ਕੈਨੇਡਾ ਵਿੱਚ ਪਰਮਾਣੂ ਊਰਜਾ ਦੇ ਹਮਾਇਤੀ

ਕੈਮਿਕੋ ਦੇ ਗਿਟਜ਼ੇਲ ਮੁਤਾਬਕ ਉਦਯੋਗ ਨੇ ਸੁਰੱਖਿਆ ਵਿੱਚ ਪਿਛਲੀਆਂ ਕੁਤਾਹੀਆਂ ਤੋਂ ਸਬਕ ਸਿੱਖੇ ਹਨ।

“ਲੋਕ ਵੀ ਇਸ ਉੱਤੇ ਭਰੋਸਾ ਕਰ ਰਹੇ ਹਨ। ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਕੈਨੇਡਾ ਵਿੱਚ ਪਰਮਾਣੂ ਊਰਜਾ ਲਈ ਸਾਡੇ ਕੋਲ ਲੋਕਾਂ ਦੀ ਭਰਵੀਂ ਹਮਾਇਤ ਹੈ।”

ਸਾਲ 2023 ਵਿੱਚ ਇਪਸੋਸ ਦੀ ਰਾਇਸ਼ੁਮਾਰੀ ਦੱਸਦੀ ਹੈ ਕਿ 55 ਫੀਸਦੀ ਕੈਨੇਡੀਅਨ ਨਾਗਰਿਕ ਪਰਮਾਣੂ ਊਰਜਾ ਦੇ ਹਮਾਇਤੀ ਹਨ।

ਫਿਰ ਵੀ ਕੈਨੇਡਾ ਵਿੱਚ ਯੂਰੇਨੀਅਮ ਨੂੰ ਲੈ ਕੇ ਜਾਗ ਰਹੇ ਉਤਸ਼ਾਹ ਕਾਰਨ ਕੁਝ ਨਾਟਕੀ ਧੜਪਾਂ ਵੀ ਹੋਈਆਂ ਹਨ।

ਜਿਸ ਥਾਂ ਨੈਕਸ-ਜੈਨ ਨੇ ਆਪਣੀ ਖਾਣ ਦੀ ਤਜਵੀਜ਼ ਰੱਖੀ ਹੈ। ਉਸਦੇ ਉੱਤਰ ਵਿੱਚ ਕਦੇ ਯੂਰੇਨੀਅਮ ਸਿਟੀ ਵਿੱਚ 25,00 ਨਾਗਰਿਕ ਵਸਦੇ ਸਨ। ਸਾਲ 1982 ਵਿੱਚ ਕੰਪਨੀ ਨੇ ਚਲਾਉਣ ਉੱਤੇ ਆਉਣ ਵਾਲੇ ਖ਼ਰਚੇ ਅਤੇ ਯੂਰੇਨੀਅਮ ਦਾ ਬਜ਼ਾਰ ਚੰਗਾ ਨਾ ਹੋਣ ਕਾਰਨ ਖਾਣ ਬੰਦ ਕਰ ਦਿੱਤੀ।

ਹੁਣ ਯੂਰੇਨੀਅਮ ਸਿਟੀ ਵਿੱਚ ਸਿਰਫ਼ 91 ਜਣੇ ਰਹਿੰਦੇ ਹਨ।

ਲੇਕਿਨ ਨਿਵੇਸ਼ਕਾਂ ਦੀ ਦਲੀਲ ਹੈ ਕਿ ਦੁਨੀਆਂ ਵਿੱਚ ਵੱਧ ਰਹੀ ਯੂਰੇਨੀਅਮ ਦੀ ਮੰਗ ਕੈਨੇਡਾ ਲਈ ਸੁਨਹਿਰਾ ਮੌਕਾ ਹੈ।

ਨੈਕਸ-ਜੈਨ ਨੂੰ ਉਮੀਦ ਹੈ ਕਿ ਇਸਦੀ ਖਾਣ ਦੀ ਉਸਾਰੀ ਕੈਨੇਡਾ ਦੇ ਸੰਘੀ ਪਰਮਾਣੂ ਰੈਗੂਲੇਟਰ ਦੀ ਪ੍ਰਵਾਨਗੀ ਮਿਲ ਜਾਣ ਤੋਂ ਬਾਅਦ ਅਗਲੇ ਸਾਲ ਸ਼ੁਰੂ ਹੋ ਜਾਵੇਗੀ।

ਗਿਟਜ਼ੇਲ ਮੁਤਾਬਕ 100 ਹੋਰ ਕੰਪਨੀਆਂ ਵੀ ਹੁਣ ਸਸਕੈਚਵਨ ਖੇਤਰ ਵਿੱਚ ਯੂਰੇਨੀਅਮ ਦੇ ਭੰਡਾਰਾਂ ਦੀ ਸਰਗਰਮੀ ਨਾਲ ਭਾਲ ਕਰ ਰਹੀਆਂ ਹਨ।

ਇਹ ਬਜ਼ਾਰ ਵਿੱਚ ਕਦੋਂ ਆਏਗਾ, ਇਸ ਬਾਰੇ ਹਾਲਾਂਕਿ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ।

ਗਿਟਜ਼ੇਲ ਸੁਚੇਤ ਕਰਦੇ ਹਨ ਕਿ ਅਤੀਤ ਵਿੱਚ ਵੀ ਕੁਝ ਕੰਪਨੀਆਂ ਨੇ ਭਾਲ ਸ਼ੁਰੂ ਕੀਤੀ ਸੀ ਪਰ ਕਦੇ ਵੀ ਉਤਪਾਦਨ ਦੇ ਪੜਾਅ ਤੱਕ ਨਹੀਂ ਪਹੁੰਚ ਸਕੀਆਂ। ਕੈਨੇਡਾ ਵਿੱਚ ਖਣਨ ਯੋਜਨਾਵਾਂ ਨੂੰ ਮਨਜ਼ੂਰੀ ਮਿਲਣ ਵਿੱਚ ਲੱਗਣ ਵਾਲਾ ਸਮਾਂ ਕਾਫ਼ੀ ਲੰਬਾ ਹੋ ਸਕਦਾ ਹੈ।

ਉਹ ਕਹਿੰਦੇ ਹਨ,“ਖਾਣ ਬਣਾਉਣ ਵਿੱਚ ਪੰਜ ਚੋਂ 10 ਸਾਲ ਲੱਗ ਜਾਂਦੇ ਹਨ। ਹੁਣ ਤੱਕ ਸਿਰਫ਼ ਸਾਡੀ ਹੀ ਚੱਲ ਰਹੀ ਹੈ ਇਸ ਲਈ ਅਸੀਂ ਉਡੀਕ ਕਰਾਂਗੇ ਕਿ ਚੀਜ਼ਾਂ ਕਿਵੇਂ ਵਾਪਰਦੀਆਂ ਹਨ।”

ਲੀ ਕੁਰੀਅਰ ਲਈ ਇਹ ਅਹਿਮ ਹੈ ਕਿ ਉਨ੍ਹਾਂ ਦਾ ਪ੍ਰੋਜੈਕਟ ਅਗਲੇ ਚਾਰ ਸਾਲਾਂ ਵਿੱਚ ਕੈਨੇਡਾ ਅਤੇ ਪੂਰੀ ਦੁਨੀਆਂ ਲਈ ਕੰਮ ਸ਼ੁਰੂ ਕਰ ਦੇਵੇ।

“ਨਹੀਂ ਤਾਂ, ਯੂਰੇਨੀਅਮ ਦੀ ਕਮੀ ਹੋ ਜਾਵੇਗੀ ਅਤੇ ਇਸਦਾ ਅਸਰ ਬਿਜਲੀ ਦੀਆਂ ਦਰਾਂ ਉੱਤੇ ਪਵੇਗਾ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)