You’re viewing a text-only version of this website that uses less data. View the main version of the website including all images and videos.
ਹਰਿਆਣਾ ਵਿਧਾਨ ਸਭਾ ਚੋਣਾਂ ’ਚ 61 ਫ਼ੀਸਦੀ ਵੋਟਾਂ ਪਈਆਂ
ਹਰਿਆਣਾ ਵਿਧਾਨ ਸਭਾ ਚੋਣਾਂ ਲਈ 90 ਸੀਟਾਂ ਲਈ ਵੋਟਿੰਗ ਖ਼ਤਮ ਹੋ ਗਈ ਹੈ। ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਰੀਬ 61 ਫ਼ੀਸਦੀ ਵੋਟਿੰਗ ਹੋਈ।
ਹਰਿਆਣਾ ਦੇ ਦੋ ਕਰੋੜ ਤੋਂ ਵੱਧ ਵੋਟਰ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ, ਕਾਂਗਰਸ ਤੇ ਹੋਰ ਖੇਤਰੀ ਪਾਰਟੀਆਂ ਦੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕੀਤਾ।
ਸੂਬੇ ਵਿੱਚ 4 ਅਕਤੂਬਰ ਸ਼ਾਮ ਨੂੰ ਚੋਣ ਪ੍ਰਚਾਰ ਖ਼ਤਮ ਹੋ ਗਿਆ ਸੀ। ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ।
ਇਨ੍ਹਾਂ ਚੋਣਾਂ ਲਈ ਸੂਬੇ ਵਿੱਚ 20,632 ਪੋਲਿੰਗ ਬੂਥ ਬਣਾਏ ਗਏ ਸਨ।
ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ।
ਮੁੱਖ ਮੰਤਰੀ ਬਣਨ ਦੀ ਸੰਭਾਵਨਾ ਬਾਰੇ ਕੀ ਬੋਲੇ ਅਨਿਲ
ਭਾਜਪਾ ਆਗੂ ਅਤੇ ਅੰਬਾਲਾ ਸੀਟ ਤੋਂ ਉਮੀਦਵਾਰ ਅਨਿਲ ਵਿਜ ਨੇ ਕਿਹਾ, “ਅੰਬਾਲਾ ਦੇ ਲੋਕ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਨ। ਅੰਬਾਲਾ ਦੀ ਜਨਤਾ ਦੁਬਾਰਾ ਇੱਥੇ ਗੁੰਡਾਗਰਦੀ, ਦੁਕਾਨਾਂ ’ਤੇ ਕਬਜ਼ੇ, ਮਕਾਨਾਂ ’ਤੇ ਕਬਜ਼ੇ ਨਹੀਂ ਚਾਹੁੰਦੀ।”
ਉਨ੍ਹਾਂ ਕਿਹਾ ਹੈ, ''ਅੰਬਾਲਾ ਦੇ ਲੋਕ ਸ਼ਾਂਤੀ ਚਾਹੁੰਦੇ ਹਨ ਅਤੇ ਸ਼ਾਂਤੀ ਦਾ ਮਤਲਬ ਹੈ ਕਮਲ ਦੇ ਫੁੱਲ 'ਤੇ ਮੋਹਰ ਲਗਾਉਣਾ। ਸਰਕਾਰ ਭਾਰਤੀ ਜਨਤਾ ਪਾਰਟੀ ਦੀ ਬਣੇਗੀ ਅਤੇ ਮੁੱਖ ਮੰਤਰੀ ਉਹੀ ਹੋਵੇਗਾ ਜੋ ਪਾਰਟੀ ਚਾਹੇਗੀ।”
ਅਨਿਲ ਵਿੱਜ ਨੇ ਕਿਹਾ, "ਮੈਂ ਸਭ ਤੋਂ ਸੀਨੀਅਰ ਹਾਂ, ਜੇਕਰ ਪਾਰਟੀ ਮੈਨੂੰ ਚਾਹੁੰਦੀ ਹੈ ਤਾਂ ਅਗਲੀ ਮੀਟਿੰਗ ਮੁੱਖ ਮੰਤਰੀ ਨਿਵਾਸ 'ਤੇ ਹੋਵੇਗੀ।"
ਉਨ੍ਹਾਂ ਕਿਹਾ, ''ਕੁਮਾਰੀ ਸ਼ੈਲਜਾ ਕਾਂਗਰਸ 'ਚ ਘੁਟਣ ਮਹਿਸੂਸ ਕਰ ਰਹੀ ਹੈ। ਉੱਥੇ ਉਸਦਾ ਸਨਮਾਨ ਨਹੀਂ ਕੀਤਾ ਜਾ ਰਿਹਾ ਹੈ।''
ਜਦੋਂ ਕਿ ਸਾਬਕਾ ਮੁੱਖ ਮੰਤਰੀ ਭੂਪੇਂਦਰ ਹੁੱਡਾ ਨੇ ਕਿਹਾ ਹੈ, "ਵੋਟਰਾਂ ਨੂੰ ਅਪੀਲ ਹੈ ਕਿ ਉਹ ਵੋਟ ਪਾਉਣ ਅਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ।"
ਉਨ੍ਹਾਂ ਕਿਹਾ, "ਜੋ ਜਾਣਕਾਰੀ ਮਿਲ ਰਹੀ ਹੈ ਉਸ ਮੁਤਾਬਕ ਲੋਕ ਬਹੁਤ ਉਤਸ਼ਾਹਿਤ ਹਨ ਅਤੇ ਵੋਟਿੰਗ ਵਧੀਆ ਚੱਲ ਰਹੀ ਹੈ।"
ਵੋਟਰਾਂ ਦੀ ਆਮਦ ਨੂੰ ਤਸਵੀਰਾਂ ਰਾਹੀਂ ਵੇਖੋ
ਵਿਧਾਨ ਸਭਾ ਚੋਣਾਂ ਲੜਨ ਵਾਲੀਆਂ ਮੁੱਖ ਸਿਆਸੀ ਪਾਰਟੀਆਂ ਭਾਰਤੀ ਜਨਤਾ ਪਾਰਟੀ, ਇੰਡੀਅਨ ਨੈਸ਼ਨਲ ਕਾਂਗਰਸ, ਗਠਜੋੜ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ-ਬਹੁਜਨ ਸਮਾਜ ਪਾਰਟੀ ਅਤੇ ਆਮ ਆਦਮੀ ਪਾਰਟੀ ਹਨ।
ਭਾਜਪਾ ਨੇ ਮੁੱਖ ਮੰਤਰੀ ਨਾਇਬ ਸੈਣੀ ਦੀ ਅਗਵਾਈ ਹੇਠ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ।
ਜਦਕਿ ਕਾਂਗਰਸ ਨੇ ਹਾਲੇ ਆਪਣੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ।
ਇੰਡੀਅਨ ਨੈਸ਼ਨਲ ਲੋਕ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ ਜੁਲਾਈ 2024 ਵਿੱਚ ਵਿਧਾਨ ਸਭਾ ਚੋਣਾਂ ਲਈ ਗਠਜੋੜ ਕਰਨ ਦਾ ਐਲਾਨ ਕੀਤਾ ਸੀ।
ਅਭੈ ਸਿੰਘ ਚੌਟਾਲਾ ਨੂੰ INLD-BSP ਗਠਜੋੜ ਵੱਲੋਂ ਮੁੱਖ ਮੰਤਰੀ ਚਿਹਰਾ ਐਲਾਨਿਆ ਗਿਆ ਸੀ।
ਪਿਛਲੀਆਂ ਵਿਧਾਨ ਸਭਾ ਚੋਣਾਂ ਅਕਤੂਬਰ 2019 ਵਿੱਚ ਹੋਈਆਂ ਸਨ। ਇਸ ਮਗਰੋਂ ਹਰਿਆਣਾ ਵਿੱਚ ਗਠਜੋੜ ਦੀ ਸਰਕਾਰ ਨੇ ਸਾਸ਼ਨ ਕੀਤਾ।
ਇਹ ਮੁੱਖ ਮੰਤਰੀ ਵਜੋਂ ਮਨੋਹਰ ਲਾਲ ਖੱਟਰ ਦਾ ਦੂਜਾ ਕਾਰਜਕਾਲ ਸੀ ਅਤੇ ਨਵੀਂ ਬਣੀ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਦੁਸ਼ਯੰਤ ਚੌਟਾਲਾ ਨੇ ਉਪ ਮੁੱਖ ਮੰਤਰੀ ਦੀ ਭੂਮਿਕਾ ਨਿਭਾਈ ਸੀ।
2019 ਦੀਆਂ ਚੋਣਾਂ ਵਿੱਚ ਭਾਜਪਾ ਨੇ 40 ਅਤੇ ਜੇਜੇਪੀ ਨੇ 10 ਸੀਟਾਂ ਹਾਸਲ ਕੀਤੀਆਂ ਸਨ। ਸਰਕਾਰ ਬਣਾਉਣ ਦੇ ਲਈ ਭਾਜਪਾ ਕੋਲ 46 ਦਾ ਬਹੁਮਤ ਵਾਲਾ ਅੰਕੜਾ ਨਹੀਂ ਸੀ।
ਭਾਵੇਂ ਭਾਜਪਾ ਨੇ 75 ਸੀਟਾਂ ਦਾ ਟੀਚਾ ਰੱਖਿਆ ਸੀ ਪਰ ਭਾਜਪਾ 2014 ਦੀ ਤਰ੍ਹਾਂ ਸਪੱਸ਼ਟ ਬਹੁਮਤ ਹਾਸਲ ਕਰਨ ਵਿੱਚ ਅਸਫਲ ਰਹੀ ਸੀ।
ਸਥਿਰਤਾ ਲਈ ਆਜ਼ਾਦ ਉਮੀਦਵਾਰਾਂ 'ਤੇ ਭਰੋਸਾ ਕਰਨ ਦੀ ਬਜਾਏ, ਭਾਜਪਾ ਨੇ ਜੇਜੇਪੀ ਨਾਲ ਗਠਜੋੜ ਕਰਨ ਦੀ ਚੋਣ ਕੀਤੀ।
ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਕੀ ਕਹਿੰਦੇ ਹਨ
ਦੁਸ਼ਯੰਤ ਚੌਟਾਲਾ, ਜੋ ਆਪਣੇ ਪਰਿਵਾਰ ਦੇ ਇੰਡੀਅਨ ਨੈਸ਼ਨਲ ਲੋਕ ਦਲ ਤੋਂ ਵੱਖ ਹੋ ਕੇ ਆਪਣੀ ਰਾਜਨੀਤਿਕ ਮੌਜੂਦਗੀ ਸਥਾਪਤ ਕਰਨ ਲਈ ਉਤਸੁਕ ਸਨ।
ਉਨ੍ਹਾਂ ਨੂੰ ਆਪਣੀ ਪਹਿਲੀ ਚੋਣ ਵਿੱਚ 10 ਸੀਟਾਂ ਜਿੱਤਣ ਨਾਲ ਉਪ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਿਆ।
ਹਾਲਾਂਕਿ, ਭਾਜਪਾ ਦੇ ਸਭ ਤੋਂ ਕੱਟੜ ਅਲੋਚਕਾਂ ਵਿੱਚੋਂ ਇੱਕ ਹੋਣ ਦੇ ਬਾਵਜੂਦ ਉਨ੍ਹਾਂ ਵੱਲੋਂ ਭਾਜਪਾ ਨਾਲ ਕੀਤੇ ਗਠਜੋੜ ਦੇ ਫੈਸਲੇ ਨੇ ਹਮਾਇਤੀਆਂ ਨੂੰ ਨਿਰਾਸ਼ ਕੀਤਾ।
2024 ਵਿੱਚ, ਸਾਢੇ ਚਾਰ ਸਾਲਾਂ ਦੀ ਸਾਂਝੇਦਾਰੀ ਦੇ ਬਾਅਦ ਭਾਜਪਾ ਨੇ ਦੁਸ਼ਯੰਤ ਚੌਟਾਲਾ ਦੀ ਪਾਰਟੀ ਜੇਜੇਪੀ ਨਾਲ ਗਠਜੋੜ ਤੋੜ ਦਿੱਤਾ। 2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਕਾਂਗਰਸ ਨੇ 30 ਸੀਟਾਂ ਜਿੱਤੀਆਂ ਸਨ।
ਇੱਕ ਸੀਟ ਇੰਡੀਅਨ ਨੈਸ਼ਨਲ ਲੋਕ ਦਲ ਨੇ ਜਿੱਤੀ ਸੀ, ਦੂਜੀ ਹਰਿਆਣਾ ਲੋਕ ਹਿੱਤ ਪਾਰਟੀ ਦੇ ਨੇਤਾ ਗੋਪਾਲ ਕਾਂਡਾ ਦੁਆਰਾ ਅਤੇ ਬਾਕੀ ਆਜ਼ਾਦ ਉਮੀਦਵਾਰ ਜਿੱਤੇ ਸਨ।
ਮਨੋਹਰ ਲਾਲ ਖੱਟਰ ਦੇ ਅਸਤੀਫ਼ੇ ਬਾਅਦ ਨਾਇਬ ਸੈਣੀ ਬਣੇ ਮੁੱਖ ਮੰਤਰੀ
ਭਾਜਪਾ-ਜੇਜੇਪੀ ਗੱਠਜੋੜ ਦੇ ਅੰਤ ਤੋਂ ਬਾਅਦ ਮਨੋਹਰ ਲਾਲ ਖੱਟਰ ਨੇ ਅਸਤੀਫ਼ਾ ਦਿੱਤਾ ਜਿਸ ਤੋਂ ਬਾਅਦ ਕੁਰੂਕਸ਼ੇਤਰ ਦੇ ਸੰਸਦ ਮੈਂਬਰ ਨਾਇਬ ਸੈਣੀ ਨੂੰ ਹਰਿਆਣਾ ਦਾ ਨਵਾਂ ਮੁੱਖ ਮੰਤਰੀ ਬਣਾਇਆ ਗਿਆ।
ਖੱਟਰ ਨੇ ਕਰਨਾਲ ਤੋਂ ਲੋਕ ਸਭਾ ਚੋਣ ਲੜੀ ਅਤੇ ਜਿੱਤੇ। ਜਦਕਿ ਸੈਣੀ ਨੇ ਕਰਨਾਲ ਤੋਂ ਵਿਧਾਨ ਸਭਾ ਚੋਣ ਲੜੀ ਅਤੇ ਜਿੱਤ ਪ੍ਰਾਪਤ ਕੀਤੀ।
ਮਨੋਹਰ ਲਾਲ ਖੱਟਰ ਦਿੱਲੀ ਵਿੱਚ ਕੇਂਦਰ ਸਰਕਾਰ ਵਿੱਚ ਚਲੇ ਗਏ ਅਤੇ ਨਾਇਬ ਸੈਣੀ ਨੇ ਸੂਬੇ ਦੀ ਕਮਾਨ ਸੰਭਾਲੀ।
ਕਾਂਗਰਸ ਨੇ 'ਹਰਿਆਣਾ ਮੰਗੇ ਹਿਸਾਬ' ਨਾਮ ਦੀ ਮੁਹਿੰਮ ਵਿੱਢੀ
ਜੁਲਾਈ ਵਿੱਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਨੇ ਭਾਜਪਾ ਸਰਕਾਰ ਦੇ ਖ਼ਿਲਾਫ 'ਚਾਰਜਸ਼ੀਟ' ਲਾਂਚ ਕੀਤੀ।
ਕਾਂਗਰਸ ਨੇ ਇਸ 'ਚਾਰਜਸ਼ੀਟ' ਵਿੱਚ ਭਾਜਪਾ ਉੱਤੇ ਮੁੱਖ ਮੁੱਦੇ ਜਿਵੇਂ ਕਿ ਬੇਰੁਜ਼ਗਾਰੀ ਅਤੇ ਅਮਨ-ਕਾਨੂੰਨ ਦੀ ਸਥਿਤੀ ਨਾਲ ਸਹੀ ਤਰੀਕੇ ਨਾਲ ਨਾ ਨਜਿੱਠਣ ਲਈ ਸਵਾਲ ਚੁੱਕੇ ਗਏ।
ਭਾਜਪਾ ਕਿਹੜੇ ਮੁੱਦਿਆਂ ਉੱਤੇ ਚੋਣਾਂ ਲੜ ਰਹੀ ਹੈ
ਸੱਤਾਧਾਰੀ ਭਾਜਪਾ ਚੋਣ ਪ੍ਰਚਾਰ 'ਚ ਭ੍ਰਿਸ਼ਟਾਚਾਰ ਵਿਰੋਧੀ ਹੋਣ ਅਤੇ ਅਮਨ-ਕਾਨੂੰਨ ਦੇ ਮੁੱਦੇ 'ਤੇ ਜ਼ੋਰ ਦੇ ਰਹੀ ਹੈ।
ਭਾਜਪਾ ਪਾਰਟੀ ਦਾ ਹਰ ਵੱਡਾ ਨੇਤਾ ਕਾਂਗਰਸ ਦੇ ਸ਼ਾਸਨ ਦੌਰਾਨ ਹੋਏ ਕਥਿਤ ਭ੍ਰਿਸ਼ਟਾਚਾਰ 'ਤੇ ਹਮਲਾ ਬੋਲ ਰਿਹਾ ਹੈ।
ਮਨੋਹਰ ਲਾਲ ਖੱਟਰ ਦੀ ਥਾਂ 'ਤੇ ਨਾਇਬ ਸੈਣੀ ਨੂੰ ਮੁੱਖ ਮੰਤਰੀ ਬਣਾਉਣ ਤੋਂ ਬਾਅਦ ਭਾਜਪਾ ਹੋਰ ਪੱਛੜੀਆਂ ਸ਼੍ਰੇਣੀਆਂ ਦੇ ਵੋਟ ਬੈਂਕ 'ਤੇ ਵੀ ਨਿਰਭਰ ਕਰ ਰਹੀ ਹੈ।
ਭਾਜਪਾ ਰਾਜ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਪਾਰਦਰਸ਼ੀ ਪ੍ਰਣਾਲੀ ਦਾ 'ਬਿਨਾਂ ਪਰਚੀ-ਬਿਨਾਂ ਖਰਚੀ' ਨਾਮ ਤਹਿਤ ਪ੍ਰਚਾਰ ਕਰ ਰਹੀ ਹੈ ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ