ਸੈਕਸ ਗੁਲਾਮ ਬਣਾਈ ਗਈ ਔਰਤ ਸਾਉਦੀ ਅਰਬ ਤੋਂ ਬਚ ਕੇ ਆਸਟ੍ਰੇਲੀਆ ਪਹੁੰਚੀ, ਪਰ ਇੱਥੋਂ ਕਿਵੇਂ ਲਾਪਤਾ ਹੋਈ

ਲੋਲਿਤਾ

ਤਸਵੀਰ ਸਰੋਤ, SUPPLIED

ਤਸਵੀਰ ਕੈਪਸ਼ਨ, ਲੋਲਿਤਾ ਦੇ ਵਕੀਲ ਦਾ ਮੰਨਣਾ ਹੈ ਕਿ ਉਸ ਨੂੰ ਹਿਰਾਸਤ ਵਿਚ ਲੈ ਕੇ ਵਾਪਸ ਭੇਜ ਦਿੱਤਾ ਗਿਆ ਸੀ
    • ਲੇਖਕ, ਹੈਨਾ ਰਿਚੀ
    • ਰੋਲ, ਬੀਬੀਸੀ ਨਿਊਜ਼, ਸਿਡਨੀ

ਸਾਊਦੀ ਅਰਬ ਨਾਲ ਸਬੰਧ ਰੱਖਣ ਵਾਲੀ ਲੋਲਿਤਾ ਜਦੋਂ 2022 ਵਿੱਚ ਆਸਟ੍ਰੇਲੀਆ ਆਈ ਸੀ, ਤਾਂ ਉਹ ਇੱਕ ਉਮਰਦਰਾਜ਼ ਆਦਮੀ ਤੋਂ ਭੱਜ ਰਹੀ ਸੀ, ਜਿਸ ਨਾਲ ਉਨ੍ਹਾਂ ਨੂੰ ਬਚਪਨ ਵਿੱਚ ਵਿਆਹ ਕਰਵਾਉਣ ਲਈ ਮਜਬੂਰ ਕੀਤਾ ਗਿਆ ਸੀ।

ਉਨ੍ਹਾਂ ਨੇ ਆਪਣੇ ਸਾਥੀਆਂ ਨੂੰ ਦੱਸਿਆ ਸੀ ਕਿ ਉਹ ਲਗਾਤਾਰ ਹਿੰਸਾ ਅਤੇ ਸੈਕਸ ( ਜਿਨਸੀ) ਗ਼ੁਲਾਮੀ ਤੋਂ ਭੱਜ ਕੇ ਆਈ ਸੀ, ਜਿਸ ਕਾਰਨ ਉਸ ਨੂੰ ਵਾਰ-ਵਾਰ ਹਸਪਤਾਲ 'ਚ ਦਾਖ਼ਲ ਹੋਣਾ ਪੈਂਦਾ ਸੀ।

ਪਰ ਫਿਰ, ਆਸਟ੍ਰੇਲੀਆ ਆਉਣ ਤੋਂ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਉਹ ਅਚਾਨਕ ਗਾਇਬ ਹੋ ਗਈ।

ਉਨ੍ਹਾਂ ਨੂੰ ਆਖ਼ਰੀ ਵਾਰ ਦੇਖਣ ਵਾਲੇ ਉਨ੍ਹਾਂ ਦੇ ਇੱਕ ਦੋਸਤ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਸਾਊਦੀ ਮਰਦਾਂ ਦੇ ਇੱਕ ਸਮੂਹ ਨੂੰ ਲੋਲਿਤਾ ਨੂੰ ਉਨ੍ਹਾਂ ਦੇ ਫਲੈਟ ਵਿੱਚੋਂ ਕਾਲੇ ਰੰਗ ਦੀ ਵੈਨ ਵਿੱਚ ਲੈ ਕੇ ਜਾਂਦੇ ਹੋਏ ਦੇਖਿਆ ਹੈ।

ਰਿਕਾਰਡ ਤੋਂ ਪਤਾ ਲੱਗਦਾ ਹੈ ਕਿ ਲੋਲਿਤਾ, ਜਿਨ੍ਹਾਂ ਦੀ ਉਮਰ ਲਗਭਗ 30 ਸਾਲ ਹੈ, ਮਈ 2023 ਵਿੱਚ ਮੈਲਬੌਰਨ ਤੋਂ ਕੁਆਲਾਲੰਪੁਰ ਜਾਣ ਵਾਲੀ ਇੱਕ ਫਲਾਈਟ ਵਿੱਚ ਬਿਠਾਇਆ ਗਿਆ ਸੀ।

ਉਨ੍ਹਾਂ ਦੀ ਵਕੀਲ ਦਾ ਮੰਨਣਾ ਹੈ ਕਿ ਉਥੋਂ ਉਸ ਨੂੰ ਵਾਪਸ ਸਾਊਦੀ ਅਰਬ ਭੇਜ ਦਿੱਤਾ ਗਿਆ ਅਤੇ ਹਿਰਾਸਤ ਵਿਚ ਲੈ ਲਿਆ ਗਿਆ।

ਪਰ ਕੋਈ ਵੀ ਲੋਲਿਤਾ ਦੇ ਸਹੀ ਠਿਕਾਣੇ ਅਤੇ ਸੁਰੱਖਿਆ ਬਾਰੇ ਕੁਝ ਨਹੀਂ ਜਾਣਦਾ ਹੈ।

ਅਜਿਹਾ ਪਹਿਲਾ ਮੌਕਾ ਹੈ, ਜਦੋਂ ਆਪਣੇ ਦੇਸ ਤੋਂ ਫਰਾਰ ਹੋਈ ਸਾਊਦੀ ਔਰਤ ਦੀ ਰਹੱਸਮਈ ਹਾਲਤ ਦੀ ਖ਼ਬਰ ਸਾਹਮਣੇ ਆਈ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਗਾਇਬ ਹੋਣ ’ਤੇ ਸਵਾਲ

ਵਕੀਲ ਐਲੀਸਨ ਬੈਟਸਨ ਦਾ ਕਹਿਣਾ ਹੈ, "ਲਾਪਤਾ ਹੋਣ ਵਾਲੀਆਂ ਸਾਊਦੀ ਔਰਤਾਂ ਦੇ ਹੋਰ ਮਾਮਲਿਆਂ ਤੋਂ ਵੱਖ, ਜਿਨ੍ਹਾਂ ਨੂੰ ਜਾਂ ਤਾਂ ਗਾਇਬ ਕਰ ਦਿੱਤਾ ਜਾਂਦਾ ਹੈ ਜਾਂ ਮਾਰ ਦਿੱਤਾ ਜਾਂਦਾ ਹੈ, ਇਸ ਮਾਮਲੇ ਵਿੱਚ ਖ਼ਾਸ ਗੱਲ ਇਹ ਹੈ ਕਿ ਇਸ ਦਾ ਸਾਡੇ ਕੋਲ ਇੱਕ ਗਵਾਹ ਹੈ।”

ਕੈਨਬਰਾ ਵਿੱਚ ਸਾਊਦੀ ਅਰਬ ਦੇ ਦੂਤਾਵਾਸ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਪਰ ਬੀਬੀਸੀ ਨੂੰ ਦਿੱਤੇ ਇੱਕ ਬਿਆਨ ਵਿੱਚ, ਆਸਟ੍ਰੇਲੀਆਈ ਕੇਂਦਰੀ ਪੁਲਿਸ ਨੇ ਕਿਹਾ ਕਿ ਉਸ ਨੂੰ ਜੂਨ ਦੇ ਇਸ ਕਥਿਤ ਅਗਵਾ ਕਰਨ ਦੇ ਮਾਮਲੇ ਦੀ ‘ਜਾਣਕਾਰੀ’ ਹੈ ਅਤੇ ਉਦੋਂ ਤੋਂ ਦੇਸ ਦੇ ਅੰਦਰ ਅਤੇ ਬਾਹਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਵਕੀਲਾਂ ਨੂੰ ਡਰ ਹੈ ਕਿ ਲੋਲਿਤਾ ਦਾ ਕੇਸ ਆਸਟ੍ਰੇਲੀਆ ਵਿੱਚ ਵਧ ਰਹੇ ਰੁਝਾਨ ਦਾ ਹਿੱਸਾ ਹੈ, ਜਿਸ ਵਿੱਚ ਦੂਜੇ ਦੇਸਾਂ ਦੇ ਏਜੰਟ ਵਿਦੇਸ਼ੀ ਲੋਕਾਂ ਦੀ ਨਿਗਰਾਨੀ ਕਰ ਰਹੇ ਹਨ, ਪਰੇਸ਼ਾਨ ਕਰ ਰਹੇ ਹਨ ਜਾਂ ਹਮਲਾ ਕਰ ਰਹੇ ਹਨ।

ਆਸਟ੍ਰੇਲੀਆਈ ਸਰਕਾਰ ਨੇ ਹਰ ਤਰ੍ਹਾਂ ਦੀ ਵਿਦੇਸ਼ੀ ਦਖਲਅੰਦਾਜ਼ੀ ਨੂੰ ਰਾਸ਼ਟਰੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਦੱਸਿਆ ਹੈ ਅਤੇ ਸਖ਼ਤ ਕਾਰਵਾਈ ਦਾ ਵਾਅਦਾ ਕੀਤਾ ਹੈ।

ਪਰ ਬੈਟਸਨ ਅਤੇ ਹੋਰ ਮਨੁੱਖੀ ਅਧਿਕਾਰ ਕਾਰਕੁੰਨ ਇਸ ਬਾਰੇ ਸਵਾਲ ਚੁੱਕ ਰਹੇ ਹਨ ਕਿ ਕਿਵੇਂ ਇੱਕ ਔਰਤ ਜਿਨ੍ਹਾਂ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਹਿੰਸਾ ਤੋਂ ਭੱਜ ਰਹੀ ਸੀ, ਨੂੰ ਕਥਿਤ ਤੌਰ 'ਤੇ ਦਿਨ-ਦਿਹਾੜੇ ਉਸ ਦੇ ਘਰ ਤੋਂ ਚੁੱਕਿਆ ਜਾ ਸਕਦਾ ਹੈ?

ਆਸਟ੍ਰੇਲੀਆਈ ਪੁਲਿਸ (ਫਾਈਲ ਫੋਟੋ)

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਸਟ੍ਰੇਲੀਆਈ ਪੁਲਿਸ (ਫਾਈਲ ਫੋਟੋ)
ਇਹ ਵੀ ਪੜ੍ਹੋ-

ਲੋਲਿਤਾ ਦੇ ਵਕੀਲ ਨੂੰ ਕਦੋਂ ਪਤਾ ਲੱਗਾ

ਫਲਾਈਟ ਰਿਕਾਰਡ ਦੇ ਅਨੁਸਾਰ, ਲੋਲਿਤਾ ਮਈ 2022 ਵਿੱਚ ਪਹਿਲੀ ਵਾਰ ਮੈਲਬੌਰਨ ਆਈ ਸੀ। ਹਾਲਾਂਕਿ ਉਹ ਜ਼ਿਆਦਾਤਰ ਸਮਾਂ ਇਕੱਲੀ ਰਹੀ ਪਰ ਫਿਰ ਉਨ੍ਹਾਂ ਨੇ ਇੱਕ ਸੂਡਾਨੀ ਸ਼ਰਨਾਰਥੀ ਨਾਲ ਦੋਸਤੀ ਕਰ ਲਈ ਜੋ ਸਾਊਦੀ ਅਰਬ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਜਲਾਵਤਨੀ ਵਿੱਚ ਸੀ।

ਇਹ ਅਲੀ (ਅਸਲੀ ਨਾਮ ਨਹੀਂ) ਸੀ, ਜਿਨ੍ਹਾਂ ਨੇ ਲੋਲਿਤਾ ਦਾ ਸੰਪਰਕ ਵਕੀਲ ਬੈਟਸਨ ਦੇ ਨਾਲ ਕਰਵਾਇਆ ਕਿਉਂਕਿ ਉਨ੍ਹਾਂ ਨੇ ਉਸ ਔਰਤ ਦੇ ਸ਼ਰਨ ਦੀ ਬੇਨਤੀ ਲਈ ਉਨ੍ਹਾਂ ਦੀ ਮਦਦ ਕੀਤੀ ਸੀ।

ਉਦੋਂ ਤੋਂ, ਮਨੁੱਖੀ ਅਧਿਕਾਰਾਂ ਦੇ ਵਕੀਲ ਲੋਲਿਤਾ ਨਾਲ ਅਕਸਰ ਗੱਲ ਕਰਦੇ ਰਹੇ ਹਨ ਅਤੇ ਉਨ੍ਹਾਂ ਦੇ ਅਨੁਸਾਰ, ਉਹ ਇੱਕ ਨਰਮ ਦਿਲ ਦੀ ਔਰਤ ਹੈ, ਜੋ ਆਪਣੀ ਜ਼ਿੰਦਗੀ ਵਾਪਸ ਹਾਸਲ ਕਰਨਾ ਚਾਹੁੰਦੀ ਸੀ।

ਪਰ ਉਨ੍ਹਾਂ ਦਾ ਸੰਪਰਕ ਪਿਛਲੇ ਸਾਲ ਮਈ ਵਿੱਚ ਅਚਾਨਕ ਖ਼ਤਮ ਹੋ ਗਿਆ ਜਦੋਂ ਵਕੀਲ ਬੈਟਸਨ ਨੂੰ ਲੋਲਿਤਾ ਦਾ ਇੱਕ ਅਜੀਬ ਟੈਕਸਟ ਸੁਨੇਹਾ ਮਿਲਿਆ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਇਹ ਬਹੁਤ ਜ਼ਿਆਦਾ ਰਸਮੀ ਭਾਸ਼ਾ ਵਿੱਚ ਸੀ। ਉਨ੍ਹਾਂ ਦੀ ਆਮ ਗੱਲਬਾਤ ਤੋਂ ਵੱਖਰਾ ਹੈ ਅਤੇ ਉਸ ਵਿੱਚ ਲਿਖਿਆ ਸੀ, "ਮੇਰੀ ਵੀਜ਼ਾ ਸਥਿਤੀ ਕੀ ਹੈ?"

ਲੋਲਿਤਾ ਵੱਲੋਂ ਆਪਣੇ ਪੁਸ਼ਤੈਨੀ ਮੁਲਕ ਵਿੱਚ ਅੱਤਿਆਚਾਰ ਦੇ ਖ਼ਤਰੇ ਤੋਂ ਦੋ-ਚਾਰ ਲੋਕਾਂ ਲਈ ਪ੍ਰੋਟੈਸ਼ਨ ਵੀਜ਼ਾ ਦੇ ਦਾਅਵੇ ਨੂੰ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਸੀ ਪਰ ਬੈਟਸਨ ਇਸ ਫ਼ੈਸਲੇ ਦੇ ਖ਼ਿਲਾਫ਼ ਉਨ੍ਹਾਂ ਦੀ ਅਪੀਲ ਵਿੱਚ ਮਦਦ ਕਰ ਰਹੀ ਸੀ।

ਉਹ ਕਹਿੰਦੀ ਹੈ ਕਿ ਇਹ ਇੱਕ ਅਜਿਹੀ ਗੱਲ ਹੈ, ਜਿਸ ਬਾਰੇ ਉਨ੍ਹਾਂ ਦੀ ਮੁਵੱਕਿਲ ਨੂੰ ਪੂਰੀ ਤਰ੍ਹਾਂ ਪਤਾ ਸੀ ਕਿਉਂਕਿ ਦੋਵੇਂ ਅਕਸਰ ਇਸ ਬਾਰੇ ਗੱਲ ਕਰਦੀਆਂ ਸਨ।

ਔਰਤ

ਤਸਵੀਰ ਸਰੋਤ, BBC/getty

ਵਕੀਲ ਬੈਟਸਨ ਕਹਿੰਦੀ ਹੈ, “ਮੈਨੂੰ ਹੁਣ ਵਿਸ਼ਵਾਸ਼ ਹੈ ਕਿ ਇਹ ਸੰਦੇਸ਼ ਦਰਅਸਲ ਉਨ੍ਹਾਂ ਲੋਕਾਂ ਵੱਲੋਂ ਸੀ, ਜਿਨ੍ਹਾਂ ਨੇ ਲੋਲਿਤਾ ਨੂੰ ਫੜ੍ਹਿਆ ਸੀ।”

ਉਹ ਸੋਚਦੇ ਹਨ ਕਿ ਉਹ ਸ਼ਾਇਦ ਇਹ ਜਾਣਨਾ ਚਾਹੁੰਦੇ ਸੀ ਕਿ ਕੀ ਲੋਲਿਤਾ ਕੋਲ ਇੱਕ ਸਥਾਈ ਵੀਜ਼ਾ ਹੈ, ਜਿਸ ਨਾਲ ਉਨ੍ਹਾਂ ਨੂੰ ਸਾਊਦੀ ਅਰਬ ਵਿੱਚ ਆਸਟ੍ਰੇਲੀਆਈ ਕੌਂਸਲਰ ਦੀ ਮਦਦ ਦਾ ਅਧਿਕਾਰ ਮਿਲ ਜਾਂਦਾ ਹੈ।

ਇਸ ਤੋਂ ਬਾਅਦ ਖ਼ਾਮੋਸ਼ੀ ਛਾ ਗਈ। ਜਿਵੇਂ ਕਿ ਹਫ਼ਤੇ ਮਹੀਨਿਆਂ ਵਿੱਚ ਬਦਲਦੇ ਗਏ, ਵਕੀਲ ਬੈਟਸਨ ਨੂੰ ਸ਼ੱਕ ਹੋ ਗਿਆ ਕਿ ਕੁਝ ਬਹੁਤ ਗ਼ਲਤ ਹੋ ਰਿਹਾ ਹੈ।

ਉਨ੍ਹਾਂ ਦਾ ਅਲੀ ਨਾਲ ਕੋਈ ਸੰਪਰਕ ਵੀ ਨਹੀਂ ਸੀ, ਜੋ ਕਿ ਬਹੁਤ ਅਸਾਧਾਰਨ ਸੀ ਕਿਉਂਕਿ ਦੋਵੇਂ ਨਿਯਮਤ ਸੰਪਰਕ ਵਿੱਚ ਸਨ। ਜਦੋਂ ਅਲੀ ਨੇ ਆਖ਼ਰਕਾਰ ਬੈਟਸਨ ਦੀਆਂ ਕਾਲਾਂ ਦਾ ਜਵਾਬ ਦਿੱਤਾ, ਤਾਂ ਉਸ ਦੇ ਸਭ ਤੋਂ ਭੈੜੇ ਡਰ ਦੀ ਪੁਸ਼ਟੀ ਹੋ ਗਈ।

ਅਲੀ ਨੇ ਦੱਸਿਆ ਕਿ ਉਨ੍ਹਾਂ ਨੇ ਲੋਲਿਤਾ ਨੂੰ ਚੁੱਕ ਕੇ ਲੈ ਕੇ ਜਾਂਦੇ ਦੇਖਿਆ ਸੀ ਪਰ ਇਸ ਘਟਨਾ ਨੇ ਉਸ ਨੂੰ ਇੰਨਾ ਡਰਾ ਦਿੱਤਾ ਕਿ ਉਹ ਆਪਣੇ ਪਰਿਵਾਰ ਦੀ ਸੁਰੱਖਿਆ ਦੇ ਡਰ ਕਾਰਨ ਰੂਪੋਸ਼ ਹੋ ਗਿਆ।

ਉਨ੍ਹਾਂ ਨੇ ਲੋਲਿਤਾ ਦੇ ਨਾਲ ਆਪਣੀ ਆਖ਼ਰੀ ਗੱਲਬਾਤ ਦਾ ਵਰਣਨ ਕੀਤਾ ਕਿ ਉਹ ਬਹੁਤ ਪ੍ਰੇਸ਼ਾਨ ਸੀ ਅਤੇ ਉਸ ਨੇ ਅਲੀ ਨੂੰ ਉਨ੍ਹਾਂ ਲੋਕਾਂ ਤੋਂ ਬਚਾਉਣ ਵਿੱਚ ਮਦਦ ਕਰਨ ਲਈ ਵੀ ਬੇਨਤੀ ਕੀਤੀ ਸੀ , ਜੋ ਉਸ ਨੂੰ ਸਾਊਦੀ ਅਰਬ ਲੈ ਕੇ ਜਾਣ ਦੀ ਯੋਜਨਾ ਬਣਾ ਰਹੇ ਸਨ।

ਲੋਲਿਤਾ ਨੇ ਜਿਹੜੇ ਬੈਗਾਂ ਦੀ ਤਸਵੀਰ ਭੇਜੀ ਸੀ

ਤਸਵੀਰ ਸਰੋਤ, SUPPLIED

ਤਸਵੀਰ ਕੈਪਸ਼ਨ, ਲੋਲਿਤਾ ਨੇ ਜਿਹੜੇ ਬੈਗਾਂ ਦੀ ਤਸਵੀਰ ਭੇਜੀ ਸੀ

ਕੀ ਲੋਲਿਤਾ ਸਾਊਦੀ ਜੇਲ੍ਹ ਵਿੱਚ ਹੈ

ਲੋਲਿਤਾ ਨੇ ਅਲੀ ਨੂੰ ਆਪਣੇ ਬੈਗ਼ ਅਤੇ ਸਮਾਨ ਦੀ ਇੱਕ ਤਸਵੀਰ ਵੀ ਭੇਜੀ ਸੀ, ਜਿਸ ਬਾਰੇ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਹ ਉਨ੍ਹਾਂ ਨੂੰ ਪੈਕ ਕਰਨ ਲਈ ਮਜਬੂਰ ਕਰ ਰਹੇ ਸਨ।

ਅਲੀ ਨੇ ਬੈਟਸਨ ਨੂੰ ਦੱਸਿਆ ਕਿ ਉਹ ਉਨ੍ਹਾਂ ਦੇ ਫਲੈਟ 'ਤੇ ਪਹੁੰਚੇ ਪਰ ਇੱਕ ਅਰਬੀ ਬੋਲਣ ਵਾਲੇ ਵਿਅਕਤੀ ਨੇ ਉਨ੍ਹਾਂ ਦੀ ਨਿੱਜੀ ਜਣਕਾਰੀ ਦਿੰਦੇ ਹੋਏ ਧਮਕੀ ਦਿੱਤੀ ਕਿ ਜੋ ਅਲੀ ਦੇ ਖ਼ਿਆਲ ਵਿੱਚ ਕੇਵਲ ਕੈਨਬਰਾ ਵਿੱਚ ਸਾਊਦੀ ਦੂਤਾਵਾਸ ਤੋਂ ਹੀ ਮਿਲ ਸਕਦੀ ਸੀ।

ਉਨ੍ਹਾਂ ਨੇ ਆਪਣੇ ਇਕ ਦੋਸਤ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਹਵਾਈ ਅੱਡੇ 'ਤੇ ਜਾਣ ਲਈ ਕਿਹਾ ਤਾਂ ਜੋ ਉਹ ਦੋਵੇਂ ਹੰਗਾਮਾ ਕਰ ਕੇ ਸੁਰੱਖਿਆ ਅਧਿਕਾਰੀਆਂ ਦਾ ਧਿਆਨ ਖਿੱਚ ਸਕਣ। ਪਰ ਉਨ੍ਹਾਂ ਨੂੰ ਲੋਲਿਤਾ ਟਰਮੀਨਲ 'ਤੇ ਨਜ਼ਰ ਹੀ ਨਹੀਂ ਆਈ।

ਬੈਟਸਨ ਕਹਿੰਦੀ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਪੁਸ਼ਟੀ ਕਰਨ ਵਿੱਚ ਕੁੱਲ ਮਿਲਾ ਕੇ ਇੱਕ ਸਾਲ ਲੱਗ ਗਿਆ ਕਿ ਲੋਲਿਤਾ ਨੂੰ ਹਿਰਸਾਤ ਵਿੱਚ ਲੈ ਲਿਆ ਗਿਆ ਹੈ।

ਬਿਨਾਂ ਫੀਸ ਲਏ ਕੰਮ ਕਰਨ ਵਾਲੀ ਵਕੀਲ ਇਸ ਤੋਂ ਬਾਅਦ ਤੋਂ ਇੱਕ ਕਾਗ਼ਜ਼ੀ ਟ੍ਰੇਲ ਬਣਾ ਰਹੀ ਹੈ ਤਾਂ ਜੋ ਕੁਝ ਹੋਇਆ ਉਨ੍ਹਾਂ ਨੂੰ ਇੱਕ ਥਾਂ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕੀ।

ਉਹ ਕਹਿੰਦੀ ਹੈ, “ਸਾਡੇ ਕੋਲ ਉਸ ਦੇ ਫ਼ੋਨ ਰਿਕਾਰਡ ਅਤੇ ਮੈਸੇਜ ਰਿਕਾਰਡ ਹਨ ਜਿਨ੍ਹਾਂ ਵਿੱਚ ਉਹ ਡਰੇ ਹੋਣ ਦੀ ਗੱਲ ਕਰਦੀ ਹੈ। ਇਸ ਡਰ ਕਾਰਨ ਉਸ ਨੇ ਵਾਰ-ਵਾਰ ਘਰ ਬਦਲੇ ਸਨ।”

ਬੈਟਸਨ ਕਹਿੰਦੀ ਹੈ, “ਫਿਰ ਇੱਕ ਰਿਸ਼ਤੇਦਾਰ ਦੀ ਤਾਜ਼ਾ ਗਵਾਹੀ ਹੈ। ਜਿੱਥੋਂ ਤੱਕ ਉਹ ਜਾਣਦੇ ਹਨ, ਲੋਲਿਤਾ ਹੁਣ ਸਾਊਦੀ ਜੇਲ੍ਹ ਜਾਂ ਹਿਰਾਸਤ ਕੇਂਦਰ ਵਿੱਚ ਹੈ।"

ਪਰ ਇਸ ਸਾਰੀ ਕਹਾਣੀ ਵਿੱਚ ਇੱਕ ਝੋਲ ਨਜ਼ਰ ਆਉਂਦਾ ਹੈ। ਇੱਕ ਗੱਲ ਜਿਸ ਬਾਰੇ ਬੈਟਸਨ ਸਪਸ਼ਟ ਤੌਰ 'ਤੇ ਕਹਿੰਦੀ ਹੈ ਕਿ ਲੋਲਿਤਾ ਲਈ ਉਨ੍ਹਾਂ ਦੇ ਜੱਦੀ ਦੇਸ਼ ਵਿੱਚ ਕੋਈ ਸੁਰੱਖਿਅਤ ਬਦਲ ਨਹੀਂ ਸੀ।

ਮੁਹੰਮਦ ਬਿਨ ਸਲਮਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੁਹੰਮਦ ਬਿਨ ਸਲਮਾਨ ਨੇ ਔਰਤਾਂ ਨੂੰ ਕਈ ਤਰ੍ਹਾਂ ਦੀ ਆਜ਼ਾਦੀ ਦਿੱਤੀ ਹੈ

ਸਾਊਦੀ 'ਚ ਔਰਤਾਂ ਨੂੰ ਕਿਸ ਤਰ੍ਹਾਂ ਦੀ ਆਜ਼ਾਦੀ ਹੈ?

2017 ਤੋਂ, ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਔਰਤਾਂ 'ਤੇ ਲੰਬੇ ਸਮੇਂ ਤੋਂ ਲੱਗੀਆਂ ਪਾਬੰਦੀਆਂ ਨੂੰ ਕੁਝ ਹੱਦ ਤੱਕ ਨਰਮ ਕਰਕੇ ਸਾਊਦੀ ਅਰਬ ਨੂੰ ਆਧੁਨਿਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।

ਪਰ ਮਹੱਤਵਪੂਰਨ ਗੱਲ ਇਹ ਹੈ ਕਿ, ਸਾਰੀਆਂ ਔਰਤਾਂ ਨੂੰ ਜੇਲ੍ਹ ਤੋਂ ਬਾਹਰ ਕੱਢਣ ਲਈ ਅਜੇ ਵੀ ਇੱਕ ਮਰਦ ਸਰਪ੍ਰਸਤ ਦੀ ਲੋੜ ਹੈ ਅਤੇ ਲੋਲਿਤਾ ਦੇ ਮਾਮਲੇ ਵਿੱਚ, ਇਹ ਜ਼ਿੰਮੇਵਾਰੀ ਉਨ੍ਹਾਂ ਪਤੀ 'ਤੇ ਆ ਗਈ ਜਿਸ ਤੋਂ ਉਹ ਕਥਿਤ ਤੌਰ 'ਤੇ ਫਰਾਰ ਹੋ ਗਈ ਸੀ।

ਬੈਟਸਨ ਦਾ ਕਹਿਣਾ ਹੈ ਕਿ ਸਿਰਫ਼ ਇਹ ਤੱਥ ਆਸਟ੍ਰੇਲੀਆਈ ਅਧਿਕਾਰੀਆਂ ਨੂੰ ਯਕੀਨ ਦਿਵਾਉਣ ਲਈ ਕਾਫੀ ਹੈ ਕਿ ਉਹ ਆਪਣੀ ਮਰਜ਼ੀ ਨਾਲ ਸਾਊਦੀ ਅਰਬ ਨਹੀਂ ਪਰਤ ਸਕਦੀ ਸੀ।

ਜਦੋਂ ਲੋਲਿਤਾ ਆਸਟ੍ਰੇਲੀਆ ਆਈ ਸੀ ਤਾਂ ਉੱਥੇ ਦੋ ਹੋਰ ਸਾਊਦੀ ਔਰਤਾਂ ਦੀ ਰਹੱਸਮਈ ਮੌਤ ਦਾ ਮਾਮਲਾ ਚੱਲ ਰਿਹਾ ਸੀ।

ਜੂਨ 2022 ਵਿੱਚ, ਦੋ ਭੈਣਾਂ, ਇਸਰਾ ਅਤੇ ਅਮਾਲ ਅਲਸਹਲਾ ਦੀਆਂ ਬੁਰੀ ਤਰ੍ਹਾਂ ਸੜੀਆਂ ਹੋਈਆਂ ਲਾਸ਼ਾਂ ਪੱਛਮੀ ਸਿਡਨੀ ਖੇਤਰ ਵਿੱਚ ਉਨ੍ਹਾਂ ਦੇ ਅਪਾਰਟਮੈਂਟ ਵਿੱਚ ਮਿਲੀਆਂ ਸਨ।

ਉਨ੍ਹਾਂ ਦੀ ਮੌਤ ਬਾਰੇ ਬਹੁਤ ਘੱਟ ਜਾਣਕਾਰੀ ਹੈ ਪਰ ਪੁਲਿਸ ਨੇ ਮਾਮਲੇ ਨੂੰ 'ਸ਼ੱਕੀ' ਅਤੇ 'ਅਸਾਧਾਰਨ' ਦੱਸਿਆ ਹੈ।

ਇਸਰਾ ਅਤੇ ਅਮਾਲ 2017 ਵਿੱਚ ਸ਼ਰਨ ਲੈਣ ਲਈ ਸਾਊਦੀ ਅਰਬ ਤੋਂ ਆਸਟ੍ਰੇਲੀਆ ਆਈਆਂ ਸਨ। ਉਨ੍ਹਾਂ ਨੂੰ ਦੇਖਣ ਵਾਲਿਆਂ ਮੁਤਾਬਕ ਉਹ ਡਰ ਦੇ ਸਾਏ ਹੇਠ ਜ਼ਿੰਦਗੀ ਬਤੀਤ ਕਰ ਰਹੀਆਂ ਸੀ।

ਸਾਊਦੀ ਔਰਤਾਂ ਦੇ ਵਿਦੇਸ਼ ਯਾਤਰਾ ਦੌਰਾਨ ਮ੍ਰਿਤਕ ਪਾਏ ਜਾਣ ਜਾਂ ਸ਼ਰਨ ਲੈਣ ਦੀ ਕੋਸ਼ਿਸ਼ ਦੌਰਾਨ ਸਾਊਦੀ ਅਰਬ ਵਾਪਸ ਲੈ ਕੇ ਜਾਣ ਦੀਆਂ ਖ਼ਬਰਾਂ ਕੋਈ ਨਵੀਂ ਗੱਲ ਨਹੀਂ ਹੈ।

ਉੱਚ-ਪ੍ਰੋਫਾਈਲ ਉਦਾਹਰਨਾਂ ਵਿੱਚ ਦੋ ਭੈਣਾਂ, ਤਾਲਾ ਫਰੀਆ ਅਤੇ ਰੁਤਾਨਾ ਫਰੀਆ ਦਾ ਮਾਮਲਾ ਸ਼ਾਮਲ ਹੈ, ਜੋ 2018 ਵਿੱਚ ਅਮਰੀਕਾ ਵਿੱਚ ਸਿਆਸੀ ਸ਼ਰਨ ਲਈ ਅਰਜ਼ੀ ਦੇਣ ਤੋਂ ਬਾਅਦ ਹਡਸਨ ਨਦੀ ਵਿੱਚ ਇਕੱਠੀਆਂ ਮਿਲੀਆਂ ਸਨ।

ਜਾਂ ਦੀਨਾ ਅਲੀ ਲਸਲੌਮ ਦਾ ਕੇਸ, ਜਿਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਚਾਚੇ ਨੇ ਉਨ੍ਹਾਂ ਨੂੰ 2017 ਵਿੱਚ ਮਨੀਲਾ ਹਵਾਈ ਅੱਡੇ 'ਤੇ ਆਵਾਜਾਈ ਦੌਰਾਨ ਰੋਕਿਆ ਜਦੋਂ ਉਨ੍ਹਾਂ ਨੇ ਆਸਟ੍ਰੇਲੀਆ ਭੱਜਣ ਦੀ ਕੋਸ਼ਿਸ਼ ਕੀਤੀ।

ਗ੍ਰਹਿ ਮਾਮਲਿਆਂ ਬਾਰੇ ਮੰਤਰੀ ਕਲੇਅਰ ਓਨੀਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਸਟ੍ਰੇਲੀਆ ਦੇ ਗ੍ਰਹਿ ਮਾਮਲਿਆਂ ਬਾਰੇ ਮੰਤਰੀ ਕਲੇਅਰ ਓਨੀਲ ਨੇ ਕਿਹਾ ਕਿ ਇਹ ਗੁੰਝਲਦਾਰ ਮੁੱਦੇ ਹਨ ਅਤੇ ਅਸੀਂ ਆਪਣੀਆਂ ਏਜੰਸੀਆਂ ਨਾਲ ਕੰਮ ਕਰਨਾ ਜਾਰੀ ਰੱਖ ਰਹੇ ਹਾਂ

‘ਖ਼ਤਰਾ ਅਸਲ ਹੈ’

ਹਾਲ ਹੀ ਦੇ ਸਾਲਾਂ ਵਿੱਚ, ਚੀਨ, ਇਰਾਨ, ਭਾਰਤ, ਕੰਬੋਡੀਆ ਅਤੇ ਰਵਾਂਡਾ ਨਾਲ ਸਬੰਧ ਰੱਖਣ ਵਾਲੇ ਬਹੁਤ ਸਾਰੇ ਆਸਟ੍ਰੇਲੀਆਈ ਨਾਗਰਿਕਾਂ ਨੇ ਵੀ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ 'ਤੇ ਏਜੰਟਾਂ ਦੁਆਰਾ ਨਿਗਰਾਨੀ ਕੀਤੀ ਗਈ ਹੈ, ਉਨ੍ਹਾਂ ਨੂੰ ਪਰੇਸ਼ਾਨ ਕੀਤਾ ਗਿਆ ਹੈ ਜਾਂ ਹਮਲਾ ਕੀਤਾ ਗਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਦੀਆਂ ਸਰਕਾਰਾਂ ਨੇ ਅਜਿਹਾ ਕਰਨ ਲਈ ਕਿਹਾ ਸੀ।

ਆਸਟ੍ਰੇਲੀਆ ਦੇ ਖ਼ੁਫ਼ੀਆ ਮੁਖੀ ਨੇ ਕਿਹਾ ਹੈ ਕਿ ਦੇਸ਼ ਦੇ ਅੰਦਰ ਜਾਸੂਸੀ ਅਤੇ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਇਲਜ਼ਾਮਾਂ 'ਚ ਪਹਿਲਾਂ ਨਾਲੋਂ ਜ਼ਿਆਦਾ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਮਾਈਕ ਬ੍ਰਗਸ ਨੇ ਫਰਵਰੀ ਵਿੱਚ ਕਿਹਾ ਸੀ ਕਿ ਖ਼ਤਰਾ "ਤੁਹਾਡੀ ਸੋਚ ਨਾਲੋਂ ਕਿਤੇ ਵੱਧ ਡੂੰਘਾ ਅਤੇ ਵਿਆਪਕ ਹੈ। ਆਸਟ੍ਰੇਲੀਆਈ ਲੋਕਾਂ ਨੂੰ ਇਹ ਜਾਣਨ ਦੀ ਲੋੜ ਹੈ ਕਿ ਖ਼ਤਰਾ ਅਸਲ ਹੈ।”

ਇਸ ਸਾਲ ਦੇ ਸ਼ੁਰੂ ਵਿੱਚ, ਵਿਦੇਸ਼ੀ ਦਖ਼ਲ ਨਾਲ ਸਬੰਧਤ ਕਾਨੂੰਨ ਦੀ ਇੱਕ ਸੰਸਦੀ ਸਮੀਖਿਆ ਵਿੱਚ ਇਸ ਦੇ ਰੂਪ ਅਤੇ ਇਸ ਨੂੰ ਲਾਗੂ ਕਰਨ ਵਿੱਚ ਕਈ ਕਮੀਆਂ ਪਾਈਆਂ। ਇਹ ਵੀ ਕਿਹਾ ਗਿਆ ਸੀ ਕਿ ਇਹ ਆਪਣੇ ਉਦੇਸ਼ ਨੂੰ ਪ੍ਰਾਪਤ ਕਰਨ ਵਿੱਚ ਅਸਫ਼ਲ ਰਿਹਾ ਹੈ।

ਇਸ ਦੇ ਜਵਾਬ ਵਿੱਚ ਸਰਕਾਰ ਨੇ ਸੁਧਾਰਾਂ ਦਾ ਐਲਾਨ ਕੀਤਾ, ਜਿਸ ਵਿੱਚ ਦੇਸ਼ ਛੱਡ ਕੇ ਆਸਟ੍ਰੇਲੀਆ ਵਿੱਚ ਵਸਣ ਵਾਲਿਆਂ ਦੇ ਸ਼ੱਕੀ ਰਵੱਈਏ ਦੀ ਪਛਾਣ ਅਤੇ ਰਿਪੋਰਟ ਕਰਨ ਵਿੱਚ ਮਦਦ ਨੈੱਟਵਰਕ ਦੀ ਸਥਾਪਨਾ ਦੀ ਗੱਲ ਕੀਤੀ। ਇਸ ਵਿੱਚ ਇੱਕ ਸਥਾਈ ਵਿਦੇਸ਼ੀ ਦਖ਼ਲ ਵਿਰੋਧੀ ਟਾਸਕ ਫੋਰਸ ਵੀ ਸ਼ਾਮਲ ਹੈ।

ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਕਲੇਰ ਓਨੀਲ ਨੇ ਉਨ੍ਹਾਂ ਉਪਾਵਾਂ ਬਾਰੇ ਇੱਕ ਬਿਆਨ ਵਿੱਚ ਕਿਹਾ, “ਇਹ ਪੇਚੀਦਾ ਸਮੱਸਿਆਵਾਂ ਹਨ ਅਤੇ ਅਸੀਂ ਲਗਾਤਾਰ ਆਪਣੀਆਂ ਏਜੰਸੀਆਂ ਦੇ ਨਾਲ ਕੰਮ ਕਰ ਰਹੇ ਹਨ. ਪਰ ਅਜੇ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੋਵੇਗਾ ਕਿ ਇਹ ਬਦਲਾਅ ਕਿੰਨੇ ਪ੍ਰਭਾਵੀ ਸਾਬਿਤ ਹੋਣਗੇ।”

ਪਰ ਵਕੀਲ ਬੈਟਸਨ ਦਾ ਕਹਿਣਾ ਹੈ ਕਿ ਸਰਕਾਰ ਨੂੰ ਲੋਲਿਤਾ ਦੀ ਮਦਦ ਕਰਨ ਵਿੱਚ ਅਜੇ ਬਹੁਤ ਦੇਰ ਨਹੀਂ ਹੋਈ।

“ਉਹ ਉਨ੍ਹਾਂ ਨੂੰ ਵੀਜ਼ਾ ਜਾਰੀ ਕਰ ਸਕਦੀ ਹੈ ਅਤੇ ਉਨ੍ਹਾਂ ਨੂੰ ਆਸਟ੍ਰੇਲੀਆ ਵਾਪਸ ਲਿਆਉਣ ਵਿੱਚ ਮਦਦ ਕਰ ਸਕਦੀ ਹੈ। ਇਹ ਫੈਸਲਾ ਇਮੀਗ੍ਰੇਸ਼ਨ ਮੰਤਰੀ ਟੋਨੀ ਬਰਕ 'ਤੇ ਨਿਰਭਰ ਕਰੇਗਾ।"

ਉਹ ਕਹਿੰਦੀ ਹੈ, “ਹੁਣ ਇੱਕ ਦੇਸ਼ ਵਜੋਂ ਸਾਡੇ ਕੋਲ ਇਹ ਯਕੀਨੀ ਬਣਾਉਣ ਦਾ ਮੌਕਾ ਹੈ ਕਿ ਲਿੰਗ-ਅਧਾਰਤ ਹਿੰਸਾ ਦਾ ਸ਼ਿਕਾਰ ਹੋਣ ਵਾਲੇ ਲੋਕ ਸੁਰੱਖਿਅਤ ਰਹਿਣ। ਸਾਰੀਆਂ ਔਰਤਾਂ ਇੱਕ ਸੁਰੱਖਿਅਤ ਮਾਹੌਲ ਦੀਆਂ ਹੱਕਦਾਰ ਹਨ ਜਿਸ ਵਿੱਚ ਉਹ ਵਧ-ਫੁੱਲ ਸਕਦੀਆਂ ਹਨ।"

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)