You’re viewing a text-only version of this website that uses less data. View the main version of the website including all images and videos.
ਸਲਮਾਨ ਖ਼ਾਨ ਦੇ ਘਰ 'ਤੇ ਗੋਲੀਆਂ ਚੱਲਣ ਉੱਤੇ ਪਰਿਵਾਰ ਦਾ ਬਿਆਨ ਆਇਆ, ਕੀਤੀ ਇਹ ਅਪੀਲ
ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮਾਮਲੇ 'ਚ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਇਸ ਮਾਮਲੇ ਵਿੱਚ ਮੁੰਬਈ ਕ੍ਰਾਈਮ ਬ੍ਰਾਂਚ ਨੇ ਗੁਜਰਾਤ ਦੇ ਭੁਜ ਤੋਂ ਦੋ ਵਿਅਕਤੀਆਂ ਵਿੱਕੀ ਗੁਪਤਾ ਅਤੇ ਸਾਗਰ ਪਾਲ ਨੂੰ ਗ੍ਰਿਫ਼ਤਾਰ ਕੀਤਾ ਹੈ।
ਮੁੰਬਈ ਪੁਲਿਸ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ ਦੀ ਟੀਮ, ਇਨ੍ਹਾਂ ਸ਼ੱਕੀਆਂ ਨੂੰ ਗੁਜਰਾਤ ਦੇ ਭੁਜ ਤੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਮੁੰਬਈ ਲੈ ਆਈ ਹੈ।
ਭੁਜ ਪੁਲਿਸ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਪੱਛਮੀ ਕੱਛ ਪੁਲਿਸ ਨੇ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਐਤਵਾਰ 14 ਅਪ੍ਰੈਲ ਨੂੰ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਮੁੰਬਈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ।
'ਪਰਿਵਾਰ ਕਾਫ਼ੀ ਚਿੰਤਤ' - ਅਰਬਾਜ਼ ਖ਼ਾਨ
ਸਲਮਾਨ ਖ਼ਾਨ ਦੇ ਭਰਾ ਅਰਬਾਜ਼ ਖਾਨ ਨੇ ਇਸ ਘਟਨਾ ਬਾਰੇ ਪਰਿਵਾਰ ਵੱਲੋਂ ਬਿਆਨ ਜਾਰੀ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਗੋਲੀਬਾਰੀ ਦੀ ਇਸ ਘਟਨਾ ਕਾਰਨ ਉਨ੍ਹਾਂ ਦਾ ਪਰਿਵਾਰ ਕਾਫੀ ਚਿੰਤਤ ਹੈ।
ਉਨ੍ਹਾਂ ਕਿਹਾ "ਇਹ ਬਹੁਤ ਦੁਖਦਾਈ ਹੈ ਕਿ ਪਰਿਵਾਰ ਦੇ ਨਜ਼ਦੀਕੀ ਹੋਣ ਦਾ ਦਾਅਵਾ ਕਰਦੇ ਕੁਝ ਲੋਕ ਮੀਡੀਆ ਅੱਗੇ ਅਜਿਹੇ ਬਿਆਨ ਦੇ ਰਹੇ ਹਨ ਕਿ ਇਹ ਸਾਰਾ ਕੁਝ ਇੱਕ ਪਬਲਿਸਿਟੀ ਸਟੰਟ ਹੈ ਅਤੇ ਪਰਿਵਾਰ ਨੂੰ ਇਸ ਤੋਂ ਕੋਈ ਫ਼ਰਕ ਨਹੀਂ ਪੈਂਦਾ, ਅਜਿਹੇ ਬਿਆਨਾਂ ਨੂੰ ਸੱਚ ਨਹੀਂ ਮੰਨਣਾ ਚਾਹੀਦਾ।"
ਉਨ੍ਹਾਂ ਆਪਣੇ ਬਿਆਨ ਵਿੱਚ ਅੱਗੇ ਲਿਖਿਆ, "ਸਲੀਮ ਖ਼ਾਨ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਇਸ ਬਾਰੇ ਮੀਡੀਆ ਅੱਗੇ ਕੋਈ ਵੀ ਬਿਆਨ ਨਹੀਂ ਦਿੱਤਾ ਹੈ, ਇਸ ਵੇਲੇ ਪਰਿਵਾਰ ਪੁਲਿਸ ਦੀ ਮਦਦ ਕਰ ਰਿਹਾ ਹੈ ਅਤੇ ਉਨ੍ਹਾਂ ਦਾ ਸਹਿਯੋਗ ਕਰ ਰਿਹਾ ਹੈ।"
ਭੁਜ ਪੁਲਿਸ ਨੇ ਕੀ ਕਿਹਾ
ਭੁਜ ਪੁਲਿਸ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ, “ਪੱਛਮੀ ਕੱਛ ਪੁਲਿਸ ਨੇ 14 ਅਪ੍ਰੈਲ ਨੂੰ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।''
ਦੋ ਮੁਲਜ਼ਮਾਂ ਦੀ ਪਛਾਣ ਬਿਹਾਰ ਨਾਲ ਸਬੰਧਤ ਵਿੱਕੀ ਗੁਪਤਾ (24) ਅਤੇ ਸਾਗਰ ਪਾਲ (21) ਵਜੋਂ ਹੋਈ ਹੈ।
ਮੁੰਬਈ ਦੇ ਬਾਂਦਰਾ 'ਚ ਸਥਿਤ ਸਲਮਾਨ ਦੇ ਗਲੈਕਸੀ ਅਪਾਰਟਮੈਂਟ ਬਾਹਰ ਐਤਵਾਰ ਤੜਕੇ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ ਸਨ।
ਜਿਸ ਸਮੇਂ ਗੋਲੀਬਾਰੀ ਦੀ ਘਟਨਾ ਵਾਪਰੀ ਉਸ ਮੌਕੇ ਸਲਮਾਨ ਅਤੇ ਉਨ੍ਹਾਂ ਦਾ ਪਰਿਵਾਰ ਘਰ ਦੇ ਅੰਦਰ ਹੀ ਸੀ।
ਮੁੰਬਈ ਪੁਲਿਸ ਮੁਤਾਬਕ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮਾਮਲੇ 'ਚ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 307 (ਕਤਲ ਦੀ ਕੋਸ਼ਿਸ਼) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਮਾਮਲੇ 'ਚ ਸਲਮਾਨ ਖਾਨ ਦੇ ਸੁਰੱਖਿਆ ਗਾਰਡ ਦੇ ਬਿਆਨ ਦੇ ਆਧਾਰ 'ਤੇ ਬਾਂਦਰਾ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਗਿਆ ਹੈ।
ਗੋਲੀਬਾਰੀ ਦੀ ਘਟਨਾ ਤੋਂ ਬਾਅਦ ਬਾਂਦਰਾ ਸਥਿਤ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਨਿਵਾਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਗੋਲੀਬਾਰੀ ਦੀ ਘਟਨਾ ਦਾ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਹੈ।
ਇਸ 'ਚ ਦੋ ਅਣਪਛਾਤੇ ਵਿਅਕਤੀ ਮੋਟਰਸਾਈਕਲ 'ਤੇ ਆਉਂਦੇ ਅਤੇ ਸਲਮਾਨ ਖਾਨ ਦੇ ਘਰ 'ਤੇ ਫਾਇਰਿੰਗ ਕਰਦੇ ਨਜ਼ਰ ਆ ਰਹੇ ਹਨ।
ਏਆਰ ਜ਼ਨਕਾਤ, ਕੱਛ ਗੁਜਰਾਤ ਵਿੱਚ ਡੀਐੱਸਪੀ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਇਸ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੁੰਬਈ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ਉੱਤੇ ਕੱਛ ਪੁਲਿਸ ਨੇ ਕਾਰਵਾਈ ਕੀਤੀ।
ਉਨ੍ਹਾਂ ਕਿਹਾ ਕਿ ਦੋਵੇਂ ਹੀ ਬਿਹਾਰ ਦੇ ਰਹਿਣ ਵਾਲੇ ਹਨ ਅਤੇ ਇਨ੍ਹਾਂ ਦੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਹੋਣ ਦਾ ਵੀ ਸ਼ੱਕ ਹੈ। ਮੁੰਬਈ ਪੁਲਿਸ ਅਗਾਉਂ ਕਾਰਵਾਈ ਲਈ ਦੋਵਾਂ ਨੂੰ ਲੈ ਗਈ ਹੈ ਅਤੇ ਜਾਂਚ ਜਾਰੀ ਹੈ।
ਮੁੱਖ ਮੰਤਰੀ ਨਾਲ ਫੋਨ 'ਤੇ ਗੱਲਬਾਤ
ਇਸ ਘਟਨਾ ਤੋਂ ਬਾਅਦ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਅਦਾਕਾਰ ਸਲਮਾਨ ਖਾਨ ਨਾਲ ਫ਼ੋਨ 'ਤੇ ਗੱਲਬਾਤ ਕੀਤੀ।
14 ਅਪ੍ਰੈਲ ਦੀ ਇਸ ਘਟਨਾ ਤੋਂ ਬਾਅਦ ਇਲਾਕੇ 'ਚ ਤਣਾਅ ਦਾ ਮਾਹੌਲ ਬਣਿਆ ਹੋਇਆ ਸੀ।
ਇਸ ਕਾਰਨ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਅਦਾਕਾਰ ਸਲਮਾਨ ਖਾਨ ਨਾਲ ਫੋਨ 'ਤੇ ਗੱਲਬਾਤ ਕੀਤੀ ਅਤੇ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਜਾਣ ਦੀ ਗੱਲ ਆਖੀ ਸੀ।
ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਇਸ ਸਬੰਧੀ ਮੁੰਬਈ ਪੁਲਿਸ ਕਮਿਸ਼ਨਰ ਨਾਲ ਵੀ ਗੱਲਬਾਤ ਕੀਤੀ ਸੀ।
ਸ਼ਿੰਦੇ ਨੇ ਕਿਹਾ ਕਿ, “ਅਸੀਂ ਉਨ੍ਹਾਂ ਦੀ ਸੁਰੱਖਿਆ ਵਧਾਉਣ ਸਬੰਧੀ ਨਿਰਦੇਸ਼ ਜਾਰੀ ਕਰ ਦਿੱਤੇ ਹਨ।”
“ਮੈਂ ਖੁਦ ਸਲਮਾਨ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਕਿਹਾ ਹੈ ਕਿ ਸਰਕਾਰ ਤੁਹਾਡੇ ਨਾਲ ਹੈ। ਤੁਹਾਨੂੰ ਕੋਈ ਵੀ ਪਰੇਸ਼ਾਨੀ ਨਹੀਂ ਹੋਵੇਗੀ ਅਤੇ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ। ”
ਸਿਆਸਤ ਸ਼ੁਰੂ
ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਹੋਣ ਤੋਂ ਬਾਅਦ ਸਿਆਸਤ ਵੀ ਸ਼ੁਰੂ ਹੋ ਗਈ ਹੈ ਅਤੇ ਵਿਰੋਧੀ ਧਿਰ ਵਲੋਂ ਏਕਨਾਥ ਸ਼ਿੰਦੇ ਨੂੰ ਘੇਰਿਆ ਜਾ ਰਿਹਾ ਹੈ।
ਸ਼ਰਦ ਪਵਾਰ ਸਮੂਹ ਦੀ ਨੇਤਾ ਸੁਪ੍ਰਿਆ ਸੁਲੇ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ, ''ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਹੈਰਾਨ ਕਰਨ ਵਾਲੀ ਹੈ। ਉਹ ਜਿੱਥੇ ਰਹਿੰਦੇ ਹਨ ਇੱਕ ਸੁਰੱਖਿਅਤ ਇਲਾਕਾ ਹੈ।”
ਸ਼ਿਵ ਸੈਨਾ ਊਧਵ ਠਾਕਰੇ ਗਰੁੱਪ ਦੇ ਨੇਤਾ ਸੰਜੇ ਰਾਉਤ ਨੇ ਕਿਹਾ, ''ਮੁੰਬਈ ਅਤੇ ਮਹਾਰਾਸ਼ਟਰ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ।”
ਸਲਮਾਨ ਦੇ ਸਬੰਧ 'ਚ ਹੋਈ ਗੋਲੀਬਾਰੀ ਨੇ ਭਾਜਪਾ ਸਰਕਾਰ ਨੂੰ ਸੁਰਖੀਆਂ 'ਚ ਲਿਆ ਦਿੱਤਾ ਹੈ।
ਗ੍ਰਹਿ ਮੰਤਰੀ ਦੇਵੇਂਦਰ ਫਡਨਵੀਸ ਨੇ ਕੀ ਕਿਹਾ?
ਨਾਗਪੁਰ ਦੀ ਦੀਕਸ਼ਾਭੂਮੀ ਵਿਖੇ 14 ਅਪ੍ਰੈਲ ਨੂੰ ਬਾਬਾ ਸਾਹਿਬ ਅੰਬੇਡਕਰ ਨੂੰ ਨਮਨ ਕਰਨ ਤੋਂ ਬਾਅਦ ਗ੍ਰਹਿ ਮੰਤਰੀ ਦੇਵੇਂਦਰ ਫਡਨਵੀਸ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ, ''ਪੁਲਿਸ ਸਲਮਾਨ ਖਾਨ ਦੇ ਘਰ ਗੋਲੀਬਾਰੀ ਦੀ ਜਾਂਚ ਕਰ ਰਹੀ ਹੈ। ਸੂਚਨਾ ਮਿਲਦੇ ਹੀ ਸਾਂਝੀ ਕੀਤੀ ਜਾਵੇਗੀ।”
ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਕਾਨੂੰਨ ਅਤੇ ਵਿਵਸਥਾ ਦੀ ਵਿਗਾੜ ਵਜੋਂ ਦੱਸਣਾ ਗ਼ਲਤ ਹੈ।
ਧਮਕੀਆਂ ਭਰੇ ਪੱਤਰ ਤੇ ਲਾਰੈਂਸ ਬਿਸ਼ਨੋਈ ਨਾਲ ਸਬੰਧ
ਮਈ 2022 ਵਿੱਚ, ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਇਸ ਤੋਂ ਬਾਅਦ ਅਦਾਕਾਰ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਭਰਿਆ ਪੱਤਰ ਮਿਲਿਆ ਹੈ।
ਚਿੱਠੀ 'ਚ ਲਿਖਿਆ ਸੀ, “ਸਲਮਾਨ ਅਤੇ ਤੁਹਾਡੇ ਨਾਲ ਜਲਦ ਹੀ ਮੂਸੇਵਾਲਾ ਵਾਲੀ ਹੋਵੇਗੀ।”
ਇਹ ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਸਲੀਮ ਖਾਨ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।
ਇਸ ਸਬੰਧੀ ਬਾਂਦਰਾ ਥਾਣੇ ਵਿੱਚ ਮਾਮਲਾ ਵੀ ਦਰਜ ਕੀਤਾ ਗਿਆ ਸੀ।
ਮੂਸੇਵਾਲਾ ਦੇ ਕਤਲ ਤੋਂ ਬਾਅਦ ਮੁੰਬਈ ਪੁਲਿਸ ਨੇ ਸਲਮਾਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਹੈ।
ਇਸ ਦਾ ਇੱਕ ਕਾਰਨ ਇਹ ਸੀ ਕਿ ਮੂਸੇਵਾਲਾ ਦੇ ਕਤਲ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਾਂ ਸਾਹਮਣੇ ਆਇਆ ਸੀ।
ਕੁਝ ਸਾਲ ਪਹਿਲਾਂ ਲਾਰੈਂਸ ਬਿਸ਼ਨੋਈ ਨੇ ਸਲਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।