You’re viewing a text-only version of this website that uses less data. View the main version of the website including all images and videos.
ਵਿਧਾਨ ਸਭਾ ਚੋਣ ਨਤੀਜੇ : ‘ਨੋਟਾ’ ਨਾਲੋਂ ਵੀ ਘੱਟ ਵੋਟਾਂ ਪੈਣ ਉੱਤੇ ਆਮ ਆਦਮੀ ਪਾਰਟੀ ਨੇ ਕੀ ਦਲੀਲ ਦਿੱਤੀ
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਤੇਲੰਗਾਨਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਭਾਜਪਾ ਨੂੰ ਤਿੰਨ ਸੂਬਿਆਂ ਵਿੱਚ ਸਫਲਤਾ ਮਿਲੀ ਹੈ ਜਦਕਿ ਕਾਂਗਰਸ ਨੂੰ ਸਿਰਫ਼ ਤੇਲੰਗਾਨਾ ਉੱਤੇ ਹੀ ਸਬਰ ਕਰਨਾ ਪਿਆ।
ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਇਹਨਾਂ ਚੋਣਾਂ ਵਿੱਚ ਪਾਰਟੀ ਦੇ ਹੱਥ ਮਾਯੂਸੀ ਹੀ ਲੱਗੀ ਹੈ। ਪਾਰਟੀ ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ।
ਚੋਣ ਅੰਕੜਿਆਂ ਮੁਤਾਬਰ ਪਾਰਟੀ ਨੋਟਾ ਦੇ ਬਰਾਬਰ ਵੀ ਵੋਟਾਂ ਨਹੀਂ ਹਾਸਲ ਕਰ ਸੀ।
ਇਹਨਾਂ ਚੋਣਾਂ ਨੂੰ 2024 ਵਿੱਚ ਹੋਣ ਵਾਲੀਆਂ ਆਮ ਚੋਣਾਂ ਦੇ ਮੱਦੇਨਜ਼ਰ ਸੈਮੀਫਾਈਨਲ ਦੇ ਤੌਰ ਉੱਤੇ ਦੇਖਿਆ ਜਾ ਰਿਹਾ ਸੀ।
ਚੋਣ ਸਰਵੇ ਤੇ ਕਈ ਸਿਆਸੀ ਪੰਡਿਤ ਕਾਂਗਰਸ ਨੂੰ ਕਾਫ਼ੀ ਮਜ਼ਬੂਤ ਕਰਾਰ- ਦੇ ਰਹੇ ਸਨ, ਖਾਸਕਰ ਤੇਲੰਗਾਨਾ ਦੇ ਨਾਲ ਨਾਲ ਛੱਤੀਸਗੜ੍ਹ ਵਿੱਚ ਪਾਰਟੀ ਦੀ ਸੱਤਾ ਵਾਪਸੀ ਦੇ ਦਾਅਵੇ ਕਰ ਰਹੇ ਸਨ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਵਿੱਚ ਵੀ ਕਾਂਟੇ ਦੀ ਟੱਕਰ ਕਰਾਰ ਦੇ ਰਹੇ ਸਨ।
ਪਰ ਛੱਤੀਸਗੜ੍ਹ ਅਤੇ ਰਾਜਸਥਾਨ ਵਿੱਚ ਬੀਜੇਪੀ ਨੂੰ ਜਿਸ ਤਰੀਕੇ ਨਾਲ ਸਫਲਤਾ ਮਿਲੀ ਹੈ, ਉਸ ਨਾਲ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਿੱਚ ਉਤਸ਼ਾਹ ਭਰ ਗਿਆ ਹੈ।
ਮੱਧ ਪ੍ਰਦੇਸ਼ ਵਿੱਚ ਬੀਜੇਪੀ ਇੱਕ ਵਾਰ ਫਿਰ ਤੋਂ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ। ਦੂਜੇ ਪਾਸੇ ਕਾਂਗਰਸ ਦੇ ਖ਼ੇਮੇ ਵਿੱਚ ਨਿਰਾਸ਼ਾ ਦੇਖੀ ਜਾ ਰਹੀ ਹੈ।
ਚੋਣ ਨਤੀਜਿਆ ਦਾ ਕੀ ਹੋਵੇਗਾ ਅਸਰ
ਸੀਨੀਅਰ ਪੱਤਰਕਾਰ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਇਹਨਾਂ ਚੋਣਾਂ ਦੇ ਆਏ ਨਤੀਜਿਆਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਤਿੰਨ ਸੂਬਿਆਂ ਵਿੱਚ ਬੀਜੇਪੀ ਖ਼ਾਸ ਤੌਰ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਾਦੂ ਚੱਲਿਆ ਹੈ ਅਤੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਨੂੰ ਵੋਟਾਂ ਪਾਈਆਂ ਹਨ।
ਉਹ ਕਹਿੰਦੇ ਹਨ ਕਿ ਬੀਜੇਪੀ ਦੀ ਜ਼ਮੀਨੀ ਪੱਧਰ ਉੱਤੇ ਬੂਥ ਪੱਧਰ ਦੀ ਨੀਤੀ ਕਾਮਯਾਬ ਰਹੀ ਹੈ ਜਦਕਿ ਕਾਂਗਰਸ ਅਜਿਹਾ ਕਰਨ ਵਿੱਚ ਨਾਕਾਮਯਾਬ ਰਹੀ ਹੈ।
ਰਾਜਸਥਾਨ ਦੀ ਗੱਲ ਕਰਦਿਆਂ ਜਸਪਾਲ ਸਿੰਘ ਨੇ ਆਖਿਆ ਕਿ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਚਿਨ ਪਾਈਲਟ ਦੀ ਖਿੱਚੋ ਤਾਣ ਨੇ ਕਾਂਗਰਸ ਦਾ ਨੁਕਸਾਨ ਕੀਤਾ ਹੈ।
ਛੱਤੀਸਗੜ੍ਹ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਮੋਦੀ ਫੈਕਟਰ ਭਾਰੂ
ਹਿੰਦੁਸਤਾਨ ਅਖ਼ਬਾਰ ਦੀ ਰਾਜਨੀਤਿਕ ਐਡੀਟਰ ਸੁਨਿੱਤਰਾ ਚੌਧਰੀ ਨੇ ਮੱਧ ਪ੍ਰਦੇਸ਼ ਦੇ ਚੋਣ ਨਤੀਜਿਆਂ ਉੱਤੇ ਟਿੱਪਣੀ ਕਰਦਿਆਂ ਆਖਿਆ ਕਿ ਬੀਜੇਪੀ ਨੇ ਇੱਕ ਖ਼ਾਸ ਨੀਤੀ ਤਹਿਤ ਜਿਸ ਤਰੀਕੇ ਨਾਲ ਇੱਕ ਜੁੱਟ ਹੋ ਕੇ ਚੋਣ ਪ੍ਰਚਾਰ ਕੀਤਾ ਉਸ ਨਾਲ ਪਾਰਟੀ ਨੂੰ ਇੱਕ ਵਾਰ ਫਿਰ ਤੋਂ ਸਫਲਤਾ ਮਿਲੀ ਹੈ।
ਬੀਜੇਪੀ ਦੇ ਚੋਣ ਪ੍ਰਚਾਰ ਵਿੱਚ ਪਾਰਟੀ ਦੇ ਕੇਂਦਰ ਦੇ ਆਗੂਆਂ ਦੀ ਭੂਮਿਕਾ ਅਹਿਮ ਰਹੀ। ਦੂਜੇ ਪਾਸੇ ਕਾਂਗਰਸ ਦੇ ਚੋਣ ਪ੍ਰਚਾਰ ਦੀ ਕਮਾਨ ਸਿਰਫ਼ ਕਮਲ ਨਾਥ ਦੇ ਹੱਥ ਹੀ ਰਹੀ, ਇਸ ਕਰ ਕੇ ਪਾਰਟੀ ਨੂੰ ਨਿਰਾਸ਼ਾ ਦੇਖਣ ਨੂੰ ਮਿਲੀ।
ਸੁਨਿੱਤਰਾ ਚੌਧਰੀ ਮੁਤਾਬਕ ਜੇ ਕਾਂਗਰਸ ਇੱਥੋਂ ਜਿੱਤਦੀ ਤਾਂ ਇਹ ਜਿੱਤ ਕਮਲ ਨਾਥ ਦੀ ਹੋਣੀ ਸੀ ਕਿਉਂਕਿ ਕਾਂਗਰਸ ਦਾ ਕੋਈ ਵੀ ਕੇਂਦਰੀ ਆਗੂ ਉੱਭਰ ਕੇ ਇਹਨਾਂ ਚੋਣਾਂ ਵਿੱਚ ਦਿਖਾਈ ਨਹੀਂ ਦਿੱਤਾ।
‘ਛੱਤੀਸਗੜ੍ਹ ਦੇ ਨਤੀਜੇ ਹੈਰਾਨ ਕਰਨ ਵਾਲੇ’
ਸਵਰਾਜ ਇੰਡੀਆ ਦੇ ਮੁਖੀ ਯੋਗਿੰਦਰ ਯਾਦਵ ਦਾ ਕਹਿਣਾ ਹੈ ਕਿ ਛੱਤੀਸਗੜ੍ਹ ਦੇ ਚੋਣ ਨਤੀਜੇ ਹੈਰਾਨੀਜਨਕ ਹਨ।
ਯਾਦਵ ਮੁਤਾਬਕ ਕਾਂਗਰਸ ਦੀ ਸੂਬੇ ਵਿੱਚ ਸਰਕਾਰ ਹੋਣ ਕਰ ਕੇ ਪਾਰਟੀ ਮਜ਼ਬੂਤ ਸਥਿਤੀ ਵਿੱਚ ਸੀ।
‘‘ਇਸ ਤੋਂ ਇਲਾਵਾ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਜਿਸ ਤਰੀਕੇ ਨਾਲ ਲੋਕਾਂ ਲਈ ਕੰਮ ਕੀਤਾ ਉਸ ਤੋਂ ਦਿਖਾਈ ਦੇ ਰਿਹਾ ਸੀ ਕਿ ਕਾਂਗਰਸ ਮੁੜ ਤੋਂ ਸੱਤਾ ਵਿੱਚ ਆਵੇਗੀ ਪਰ ਚੋਣ ਪ੍ਰਚਾਰ ਦੇ ਅੰਤਿਮ ਦਿਨਾਂ ਵਿੱਚ ਪਾਰਟੀ ਬੀਜੇਪੀ ਦੇ ਮੁਕਾਬਲੇ ਚੋਣ ਪ੍ਰਚਾਰ ਵਿੱਚ ਪੱਛੜ ਗਈ।’’
‘‘ਅਤੇ ਜਿੱਤ ਬੀਜੇਪੀ ਦੀ ਝੋਲੀ ਜਾ ਪਈ।’’
ਯਾਦਵ ਮੁਤਾਬਕ ਕਾਂਗਰਸ ਦੀ ਹਾਰ ਲਈ ਉਸ ਦਾ ਅਵੇਸਲਾਪਣ ਵੀ ਇੱਕ ਕਾਰਨ ਹੈ।
ਰਾਜਸਥਾਨ ਵਿੱਚ ਕਾਂਗਰਸ ਦੀ ਹਾਰ ਤੇ ਬੀਜੇਪੀ ਦੀ ਜਿੱਤ ਦੇ ਮਾਅਨੇ
ਹਿੰਦੁਸਤਾਨ ਅਖ਼ਬਾਰ ਦੀ ਰਾਜਨੀਤਿਕ ਐਡੀਟਰ ਸੁਨਿੱਤਰਾ ਚੌਧਰੀ ਦਾ ਕਹਿਣਾ ਹੈ ਕਿ ਕਾਂਗਰਸ ਇੱਥੇ ਜਿੱਤ ਸਕਦੀ ਸੀ ਕਿਉਂਕਿ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਈ ਲੋਕ ਭਲਾਈ ਸਕੀਮਾਂ ਲੋਕਾਂ ਨੂੰ ਦਿੱਤੀਆਂ। ਦੂਜਾ ਕਾਂਗਰਸ ਵਿੱਚ ਗੁੱਟਬਾਜ਼ੀ ਸੀ ਤਾਂ ਇਸ ਦੀ ਸ਼ਿਕਾਰ ਬੀਜੇਪੀ ਵੀ ਸੀ।
ਪਰ ਕਾਂਗਰਸ ਨੂੰ ਜਿਸ ਤਰੀਕੇ ਨਾਲ ਲੋਕਾਂ ਵਿੱਚ ਜਾ ਕੇ ਪ੍ਰਚਾਰ ਕਰਨਾ ਚਾਹੀਦਾ ਸੀ, ਉਹ ਨਹੀਂ ਕੀਤਾ ਗਿਆ।
ਪ੍ਰਚਾਰ ਦੀ ਸਾਰੀ ਜ਼ਿੰਮੇਵਾਰੀ ਮੁੱਖ ਮੰਤਰੀ ਅਸ਼ੋਕ ਗਹਿਲੋਤ ਉੱਤੇ ਸੁੱਟ ਦਿੱਤੀ ਗਈ ਸੀ ਜਦਕਿ ਬੀਜੇਪੀ ਇਸ ਮਾਮਲੇ ਵਿੱਚ ਇੱਕ ਜੁੱਟ ਸੀ।
2024 ਦੀਆਂ ਚੋਣਾਂ ਉੱਤੇ ਕੀ ਪੈ ਸਕਦਾ ਹੈ ਅਸਰ
ਸੁਨਿੱਤਰਾ ਚੌਧਰੀ ਦਾ ਕਹਿਣਾ ਹੈ ਕਿ ਤਿੰਨ ਸੂਬਿਆਂ ਵਿੱਚ ਬੀਜੇਪੀ ਨੂੰ ਮਿਲੀ ਸਫਲਤਾ ਦਾ ਫ਼ਾਇਦਾ ਜ਼ਰੂਰ ਬੀਜੇਪੀ ਨੂੰ ਆਉਣ ਵਾਲੀਆਂ ਆਮ ਚੋਣਾਂ ਵਿੱਚ ਮਿਲੇਗਾ।
ਇਸੇ ਮੁੱਦੇ ਉੱਤੇ ਸਵਰਾਜ ਇੰਡੀਆ ਦੇ ਮੁਖੀ ਯੋਗਿੰਦਰ ਯਾਦਵ ਦਾ ਕਹਿਣਾ ਹੈ ਕਿ ਬੀਜੇਪੀ ਨੂੰ ਹਰਾਉਣ ਦੀਆਂ ਜੋ ਕੋਸ਼ਿਸ਼ਾਂ ਹੋ ਰਹੀਆਂ ਸਨ ਉਸ ਨੂੰ ਹਾਸਲ ਕਰਨ ਲਈ ਹੋਰ ਮਜ਼ਬੂਤੀ ਨਾਲ ਹੁਣ ਯਤਨ ਕਰਨੇ ਹੋਣਗੇ।
ਯੋਗਿੰਦਰ ਯਾਦਵ ਮੁਤਾਬਕ ਬਹੁਤ ਸਾਰੇ ਲੋਕ ਦੇਸ਼ ਵਿੱਚ 2024 ਦੀਆਂ ਚੋਣਾਂ ਵਿੱਚ ਬਦਲਾਅ ਦੇਖਣਾ ਚਾਹੁੰਦੇ ਸੀ। ਉਹ ਇਹਨਾਂ ਚੋਣਾਂ ਦੇ ਨਤੀਜਿਆਂ ਕਾਰਨ ਮਾਯੂਸ ਹਨ।
ਸੀਨੀਅਰ ਪੱਤਰਕਾਰ ਜਸਪਾਲ ਸਿੰਘ ਮੁਤਾਬਕ ਚੋਣਾਂ ਵਿੱਚ ਬੀਜੇਪੀ ਨੂੰ ਜਿਸ ਤਰੀਕੇ ਨਾਲ ਸਫਲਤਾ ਮਿਲੀ ਹੈ, ਉਸ ਨਾਲ 2024 ਦੀਆਂ ਚੋਣਾਂ ਸਮੇਂ ਤੋਂ ਪਹਿਲਾਂ ਵੀ ਦੇਖੀਆਂ ਜਾ ਸਕਦੀਆਂ ਹਨ।
‘ਇੰਡੀਆ’ ਅਲਾਇੰਸ ਉੱਤੇ ਕੀ ਹੋਵੇਗਾ ਅਸਰ
ਯੋਗਿੰਦਰ ਯਾਦਵ ਦਾ ਕਹਿਣਾ ਹੈ ਕਿ ‘ਇੰਡੀਆ’ ਅਲਾਇੰਸ ਵਿੱਚ ਬਾਕੀ ਪਾਰਟੀਆਂ ਦੇ ਮੁਕਾਬਲੇ ਕਾਂਗਰਸ ਥੋੜ੍ਹੀ ਕਮਜ਼ੋਰ ਹੋਵੇਗੀ। ਪਰ ਇਸ ਦੇ ਨਾਲ ਹੀ ਗੱਠਜੋੜ ਦੀ ਲੋੜ ਹੁਣ ਜ਼ਿਆਦਾ ਮਹਿਸੂਸ ਹੋਵੇਗੀ।
ਦੂਜਾ ਇੰਡੀਆ ਅਲਾਇੰਸ ਦਾ ਅਸਰ ਛੱਤੀਸਗੜ੍ਹ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਜ਼ਿਆਦਾ ਨਹੀਂ ਸੀ।
ਸੀਨੀਅਰ ਪੱਤਰਕਾਰ ਜਸਪਾਲ ਸਿੰਘ ਮੁਤਾਬਕ ਚੋਣ ਨਤੀਜਿਆਂ ਦਾ ਅਸਰ ‘ਇੰਡੀਆ’ ਗੱਠਜੋੜ ਉੱਤੇ ਪੈ ਸਕਦਾ ਹੈ। ਜਸਪਾਲ ਸਿੰਘ ਮੁਤਾਬਕ ਕਾਂਗਰਸ ਨੇ ਆਪਣੀ ਸਹਿਯੋਗੀ ਪਾਰਟੀਆਂ ਦੀ ਮਦਦ ਇਹਨਾਂ ਚੋਣਾਂ ਵਿੱਚ ਨਹੀਂ ਲਈ ਹੈ।
ਆਮ ਆਦਮੀ ਪਾਰਟੀ ਦੀ ਗੱਲ ਕਰਦਿਆਂ ਜਸਪਾਲ ਸਿੰਘ ਨੇ ਆਖਿਆ ਕਿ ਚੋਣਾਂ ਦੇ ਨਤੀਜਿਆਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਹਨਾਂ ਰਾਜਾਂ ਦੇ ਲੋਕ ਕੇਜਰੀਵਾਲ ਦੀਆਂ ਨੀਤੀਆਂ ਨੂੰ ਪਸੰਦ ਨਹੀਂ ਕਰਦੇ।
ਦੇਸ਼ ਵਿੱਚ ਕਾਂਗਰਸ ਅਤੇ ਬੀਜੇਪੀ ਦੀ ਮੌਜੂਦਾ ਸਥਿਤੀ
ਚਾਰ ਰਾਜਾਂ ਦੇ ਚੋਣ ਨਤੀਜਿਆਂ ਤੋਂ ਬਾਅਦ ਬੀਜੇਪੀ ਹੁਣ 12 ਸੂਬਿਆਂ ਵਿੱਚ ਸੱਤਾ ਦੀ ਵਾਗਡੋਰ ਸੰਭਾਲੇਗੀ।
ਕਾਂਗਰਸ ਦੇ ਕੋਲ ਰਾਜਸਥਾਨ ਅਤੇ ਛੱਤੀਸਗੜ੍ਹ ਦੀ ਹਾਰ ਤੋਂ ਬਾਅਦ ਹੁਣ ਸਿਰਫ਼ ਤਿੰਨ ਸੂਬਿਆਂ ਵਿੱਚ ਸਰਕਾਰ ਦੀ ਕਮਾਨ ਰਹੇਗੀ।
ਇਸੇ ਤਰਾਂ ਦਿੱਲੀ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ।
ਆਮ ਆਦਮੀ ਪਾਰਟੀ ਨੇ ਦਿੱਲੀ ਤੋਂ ਬਾਅਦ ਪੰਜਾਬ ਵਿੱਚ ਸਰਕਾਰ ਬਣਾਈ ਅਤੇ ਫੇਰ ਗੋਆ ਤੇ ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ ਖਾਤਾ ਖੋਲ੍ਹਿਆ।
ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਾਫ਼ੀ ਸਰਗਰਮੀ ਨਾਲ ਚੋਣ ਪ੍ਰਚਾਰ ਕੀਤਾ ਸੀ , ਪਰ ਪਾਰਟੀ ਇੱਕ ਵੀ ਸੀਟ ਉੱਤੇ ਖਾਤਾ ਨਹੀਂ ਖੋਲ੍ਹ ਸਕੀ।
ਆਮ ਆਦਮੀ ਪਾਰਟੀ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਵਿਧਾਨ ਸਭਾ ਚੋਣ ਨਤੀਜੇ ਕੌਮੀ ਮੂਡ ਨੂੰ ਪੇਸ਼ ਨਹੀਂ ਕਰਦੇ।
ਬਿਆਨ ਵਿੱਚ ਕਿਹਾ ਗਿਆ ਕਿ ਕਰਨਾਟਕ ਵਿੱਚ 31 ਸੀਟਾਂ ਉੱਤੇ ਜਮਾਨਤ ਜ਼ਬਤ ਹੋ ਗਈ ਸੀ। ਆਂਧਰਾ ਵਿੱਚ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪ ਚੋਣ ਪ੍ਰਚਾਰ ਕੀਤਾ ਸੀ, ਉੱਥੇ ਭਾਜਪਾ ਦੀ 173 ਸੀਟਾਂ ਉੱਤੇ ਹਾਰ ਹੋਈ ਸੀ, ਉੱਥੇ ਭਾਜਪਾ ਨੂੰ ਨੋਟਾ ਤੋਂ ਘੱਟ ਵੋਟਾਂ ਮਿਲੀਆਂ ਸਨ , ਕੀ ਇਸ ਭਾਜਪਾ ਦੀਆਂ ਗੁਜਰਾਤ ਦੀਆਂ ਵੋਟਾਂ ਨੂੰ ਅਸਰ ਪਿਆ ਸੀ?
ਪਾਰਟੀ ਨੇ ਕਿਹਾ ਉਹ ਸਭ ਤੋਂ ਘੱਟ ਸਮੇਂ ਵਿੱਚ ਕੌਮੀ ਪਾਰਟੀ ਬਣੀ ਹੈ ਅਤੇ ਲੋਕ ਸਭਾ ਚੋਣਾਂ ਦੌਰਾਨ ਬਿਹਤਰ ਪ੍ਰਦਰਸ਼ਨ ਕਰੇਗੀ।