ਪਾਕਿਸਤਾਨ: ‘13 ਸਾਲਾ ਹਿੰਦੂ ਕੁੜੀ ਨੂੰ ਅਗਵਾ ਕਰਨ ਤੇ ਜਬਰੀ ਧਰਮ ਪਰਿਵਰਤਨ’ ਦਾ ਇਲਜ਼ਾਮ, ਅਦਾਲਤ ਨੇ ਕੀ ਹੁਕਮ ਦਿੱਤਾ

    • ਲੇਖਕ, ਸ਼ੁਮਾਇਲਾ ਖ਼ਾਨ
    • ਰੋਲ, ਬੀਬੀਸੀ ਪੱਤਰਕਾਰ

ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਇੱਕ 13 ਸਾਲਾਂ ਹਿੰਦੂ ਕੁੜੀ ਨੂੰ ਕਥਿਤ ਤੌਰ ਉੱਤੇ ਅਗਵਾ ਕਰਕੇ ਉਸ ਦਾ ਜਬਰੀ ਧਰਮ ਪਰਿਵਰਤਨ ਕਰਵਾਉਣ ਦੀ ਖ਼ਬਰ ਹੈ।

ਕੁੜੀ ਦੇ ਵੱਡੇ ਭਰਾ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਕੂੜਾ ਇਕੱਠਾ ਕਰਨ ਦਾ ਕੰਮ ਕਰਦਾ ਹੈ।

ਉਸ ਦੇ ਮੁਤਾਬਕ 19 ਦਸੰਬਰ ਨੂੰ ਸਵੇਰ ਤੋਂ ਉਹ ਕੰਮ ਉੱਤੇ ਗਿਆ ਹੋਇਆ ਸੀ, ਉਸ ਸਮੇਂ ਉਸ ਦੀ ਭੈਣ ਨੂੰ ਦੁਪਹਿਰ 12 ਵਜੇ ਘਰੋਂ ਅਗਵਾ ਕਰ ਲਿਆ ਸੀ।

ਉਸ ਵੇਲੇ ਉਸ ਦੀ ਪਤਨੀ ਅਤੇ ਭੈਣ ਘਰ ਵਿੱਚ ਇਕੱਲੀਆਂ ਸਨ।

ਭਰਾ ਜਦੋਂ ਘਰ ਆਇਆ ਤਾਂ ਉਸ ਦੀ ਪਤਨੀ ਨੇ ਦੱਸਿਆ, “ਤਿੰਨ ਲੋਕ ਘਰ ਵਿੱਚ ਦਾਖਲ ਹੋਏ ਤੇ ਕੁੜੀ ਨੂੰ ਨਾਲ ਲੈ ਗਏ।” ਪਤਨੀ ਮੁਤਾਬਕ ਉਨ੍ਹਾਂ ਵਿੱਚੋਂ ਇੱਕ ਉਨ੍ਹਾਂ ਦਾ ਗੁਆਂਢੀ ਸੀ ਜਿਸ ਨੂੰ ਉਸ ਨੇ ਪਛਾਣ ਲਿਆ ਸੀ।

ਭਰਾ ਨੇ ਅੱਗੇ ਦੱਸਿਆ, “ਮੈਂ ਇਲਾਕੇ ਦੇ ਵੱਡੇ-ਵਡੇਰਿਆਂ ਨੂੰ ਮਿਲਿਆ ਤੇ ਉਨ੍ਹਾਂ ਤੋਂ ਮਦਦ ਮੰਗੀ। ਉਹ ਕਹਿੰਦੇ ਕਿ ਮੈਂ ਉਨ੍ਹਾਂ ਨੂੰ ਆਪਣੀ ਭੈਣ ਸੌਂਪ ਦਿਆਂ। ਅਸੀਂ ਇੱਕ ਅਗਵਾਕਾਰ ਦੇ ਪਿਤਾ ਨੂੰ ਕਿਹਾ ਕਿ ਉਹ ਆਪਣੇ ਪੁੱਤਰ ਨੂੰ ਕੁੜੀ ਨੂੰ ਛੱਡਣ ਲਈ ਕਹਿਣ। ਉਨ੍ਹਾਂ ਨੇ ਮਸਲੇ ਨੂੰ ਚਾਰ ਦਿਨਾਂ ਤੱਕ ਖਿੱਚਿਆ।”

ਮੁਲਜ਼ਮਾਂ ਖ਼ਿਲਾਫ਼ ਐੱਫਆਈਆਰ

ਕੁੜੀ ਤੇ ਉਸ ਦਾ ਪਰਿਵਾਰ ਕਰਾਚੀ ਦੇ ਸ਼ੇੜ ਸ਼ਾਹ ਸਿੰਧੀ ਮੁਹੱਲੇ ਵਿੱਚ ਰਹਿੰਦੇ ਹੈ।

ਜਦੋਂ ਭਰਾ ਨੂੰ ਆਪਣੀ ਭੈਣ ਨੂੰ ਛੁਡਵਾਉਣ ਵਿੱਚ ਕੋਈ ਮਦਦ ਨਹੀਂ ਮਿਲੀ ਤਾਂ ਉਸ ਨੇ ਤਿੰਨ ਵਿਅਕਤੀਆਂ ਖਿਲਾਫ 23 ਦਸੰਬਰ ਨੂੰ ਐੱਫਆਈਆਰ ਦਰਜ ਕਰਵਾ ਦਿੱਤੀ।

ਉਹਨਾਂ ਦੀ ਮਾਂ ਦਾ ਅੱਠ ਮਹੀਨੇ ਪਹਿਲਾਂ ਦੇਹਾਂਤ ਹੋ ਗਿਆ ਹੈ ਤੇ ਪਿਤਾ ਵੱਲੋਂ ਲਗਾਤਾਰ ਜ਼ੋਰ ਲਗਾਇਆ ਜਾ ਰਿਹਾ ਹੈ ਕਿ ਕੁੜੀ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ ਜਾਵੇ।

ਪੁਲਿਸ ਨੇ ਕੁੜੀ ਨੂੰ ਬਰਾਮਦ ਕਰ ਲਿਆ ਹੈ ਤੇ ਅਦਾਲਤ ਵਿੱਚ ਪੇਸ਼ ਕਰ ਦਿੱਤਾ ਹੈ।

ਕੁੜੀ ਨੇ ਬਿਆਨ ਦਿੱਤਾ ਹੈ ਕਿ ਉਸ ਨੇ ਵਿਆਹ ਲਈ ਇਸਲਾਮ ਕਬੂਲ ਕਰ ਲਿਆ ਸੀ।

ਮੁਲਜ਼ਮ ਵੱਲੋਂ ਅਦਾਲਤ ਵਿੱਚ ਕੁੜੀ ਦੇ ਇਸਲਾਮ ਕਬੂਲ ਕਰਨ ਤੇ ਵਿਆਹ ਨਾਲ ਜੁੜੇ ਦਸਤਾਵੇਜ਼ ਜਮਾ ਕਰਵਾਏ ਹਨ।

ਕੁੜੀ ਨੂੰ ਸ਼ੈਲਟਰ ਹੋਮ ਵਿੱਚ ਭੇਜਣ ਦੇ ਹੁਕਮ

ਕੁੜੀ ਦੇ ਪਿਤਾ ਤੇ ਭਰਾ ਦਾ ਕਹਿਣਾ ਹੈ ਕਿ ਉਹ ਨਾਬਾਲਿਗ ਹੈ ਤੇ ਉਸ ਦੀ ਉਮਰ ਕੇਵਲ 13 ਸਾਲ ਹੈ।

ਕੁੜੀ ਦੇ ਪਿਤਾ ਦੇ ਵਕੀਲ ਰਾਜੇਸ਼ ਨੇ ਅਦਾਲਤ ਵਿੱਚ ਕੁੜੀ ਦਾ ਜਨਮ ਪ੍ਰਮਾਣ ਪੱਤਰ ਪੇਸ਼ ਕੀਤਾ ਹੈ।

ਉਨ੍ਹਾਂ ਵੱਲੋਂ ਦਲੀਲ ਦਿੱਤੀ ਗਈ ਹੈ ਕਿ ਮਾਮਲੇ ਨੂੰ ਬਾਲ ਵਿਆਹ ਐਕਟ ਤਹਿਤ ਵੇਖਿਆ ਜਾਵੇ।

ਇਸ ਮਗਰੋਂ ਅਦਾਲਤ ਨੇ ਕੁੜੀ ਨੂੰ ਸ਼ੈਲਟਰ ਹੋਮ ਵਿੱਚ ਭੇਜਣ ਦੇ ਹੁਕਮ ਜਾਰੀ ਕੀਤੇ ਹਨ।

ਅਦਾਲਤ ਨੇ ਮਾਮਲੇ ਦੀ ਜਾਂਚ ਕਰਨ ਤੇ ਕੁੜੀ ਦੀ ਸਹੀ ਉਮਰ ਪਤਾ ਕਰਨ ਦੇ ਵੀ ਹੁਕਮ ਦਿੱਤੇ ਹਨ।

ਕਰਾਚੀ ਵਿੱਚ ਐਕਟਿਵ ਮਹੇਸ਼ਵਰੀ ਕਮਿਊਨਿਟੀ ਵੱਲੋਂ ਇਸ ਕਥਿਤ ਧਰਮ ਪਰਿਵਰਤਨ ਖਿਲਾਫ਼ ਮੁਜ਼ਾਹਰੇ ਵੀ ਕੀਤੇ ਹਨ।

ਇਹ ਮੁਜ਼ਹਾਰੇ ਮੌਲਾ ਮਦਾਦ ਰੋਡ ਤੇ ਕਰਾਚੀ ਪ੍ਰੈੱਸ ਕਲੱਬ ਨੇੜੇ ਕੀਤੇ ਗਏ ਹਨ।

ਮਹੇਸ਼ਵਰੀ ਐਕਸ਼ਨ ਕਮੇਟੀ ਨੇ ਜੁੜੀ ਸਮਾਜਿਕ ਕਾਰਕੁਨ ਨਜ਼ਮਾ ਮਹੇਸ਼ਵਰੀ ਨੇ ਕਿਹਾ, “ਇਹ ਹੁਰਦੰਗਬਾਜ਼ ਲੋਕ ਹਨ ਤੇ ਇਨ੍ਹਾਂ ਦਾ ਧਰਮ ਨਾਲ ਕੋਈ ਨਾਤਾ ਨਹੀਂ ਹੈ। ਇੱਕ 13 ਸਾਲਾਂ ਕੁੜੀ ਆਪਣਾ ਧਰਮ ਨਹੀਂ ਬਦਲ ਸਕਦੀ ਹੈ।”

“ਜਦੋਂ ਇੱਕ 18 ਸਾਲਾਂ ਕੁੜੀ ਦਾ ਤੁਸੀਂ ਧਰਮ ਜਬਰੀ ਨਹੀਂ ਬਦਲ ਸਕਦੇ ਤਾਂ ਇੱਕ 13 ਸਾਲਾ ਕੁੜੀ ਕਿਵੇਂ ਆਪਣਾ ਧਰਮ ਬਦਲ ਸਕਦੀ ਹੈ। ਅਸੀਂ ਇਸ ਦੇ ਖਿਲਾਫ਼ ਹਾਂ ਤੇ ਸਾਨੂੰ ਇਨਸਾਫ਼ ਚਾਹੀਦਾ ਹੈ।”

ਵਕੀਲ ਰਾਜੇਸ਼ ਦਾ ਕਹਿਣਾ ਹੈ ਕਿ ਉਹ ਕੁੜੀ ਨੂੰ ਸ਼ੈਲਟਰ ਹੋਮ ਵਿੱਚ ਮਿਲੇ ਹਨ।

ਉਹ ਆਪਣੀ ਆਪਬੀਤੀ ਬਾਰੇ ਤਾਂ ਕੁਝ ਨਹੀਂ ਦੱਸ ਰਹੀ ਪਰ ਉਹ ਲਗਾਤਾਰ ਰੋ ਰਹੀ ਹੈ ਤੇ ਆਪਣੇ ਭਰਾ ਨੂੰ ਕਹਿ ਰਹੀ ਹੈ ਕਿ ਉਸ ਨੂੰ ਘਰ ਲੈ ਕੇ ਜਾਵੇ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)