You’re viewing a text-only version of this website that uses less data. View the main version of the website including all images and videos.
ਕਿਸਾਨ ਅੰਦੋਲਨ: 'ਕਿਸਾਨ ਭੁੱਖੇ ਰਹਿਣਗੇ, ਤਾਂ ਹੱਕਾਂ ਲਈ ਕਿਵੇਂ ਲੜਨਗੇ', ਸ਼ੰਭੂ 'ਤੇ ਕਿਸਾਨਾਂ ਦਾ ਕਿਵੇਂ ਸਾਥ ਦੇ ਰਹੇ ਇਹ ਲੋਕ
- ਲੇਖਕ, ਗਗਨਦੀਪ ਸਿੰਘ ਜੱਸੋਵਾਲ
- ਰੋਲ, ਬੀਬੀਸੀ ਪੱਤਰਕਾਰ
ਕਿਸਾਨ ਜਥੇਬੰਦੀਆਂ ਦੇ 'ਦਿੱਲੀ ਕੂਚ' ਦੇ ਸੱਦੇ ਉੱਤੇ ਕਿਸਾਨ ਅੰਦੋਲਨ ਦਾ ਹਿੱਸਾ ਬਣਨ ਆਏ ਬਚਿੱਤਰ ਸਿੰਘ ਪਿਛਲੀ 13 ਫਰਵਰੀ ਤੋਂ ਸ਼ੰਭੂ ਬਾਰਡਰ ਉੱਤੇ ਰਹਿ ਰਹੇ ਹਨ।
ਉਨ੍ਹਾਂ ਦਾ ਪਿੰਡ ਤਰਨਤਾਰਨ ਜ਼ਿਲ੍ਹੇ ਵਿੱਚ ਪੈਂਦਾ ਹੈ।
ਉਹ ਦੱਸਦੇ ਹਨ ਕਿ ਉਹ ਆਪਣੇ ਨਾਲ ਲੋੜੀਂਦਾ ਰਾਸ਼ਨ ਲੈ ਕੇ ਆਏ ਸਨ, ਪਰ ਸ਼ੰਭੂ ਬਾਰਡਰ ਉੱਤੇ ਕਈ ਰਾਤਾਂ ਗੁਜ਼ਾਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਆਪਣਾ ਸਮਾਨ ਵਰਤਣ ਦੀ ਲੋੜ ਨਹੀਂ ਪਈ।
ਉਹ ਦੱਸਦੇ ਹਨ ਕਿ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਹੀ ਉਨ੍ਹਾਂ ਦੇ ਲਈ ਖਾਣ-ਪੀਣ ਦਾ ਪ੍ਰਬੰਧ ਕਰ ਰਹੇ ਹਨ, ਜਿਸ ਲਈ ਉਹ ਉਨ੍ਹਾਂ ਦੇ ਸ਼ੁਕਰਗੁਜ਼ਾਰ ਹਨ।
ਬਚਿੱਤਰ ਸਿੰਘ ਜਿਹੇ ਹੀ ਹਜ਼ਾਰਾਂ ਮੁਜ਼ਾਹਰਾਕਾਰੀਆਂ ਲਈ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਖ਼ਾਸ ਕਰਕੇ ਔਰਤਾਂ ਖਾਣੇ ਦਾ ਪ੍ਰਬੰਧ ਕਰਦੀਆਂ ਹਨ।
ਪਟਿਆਲਾ ਅਤੇ ਮੋਹਾਲੀ ਜ਼ਿਲ੍ਹਿਆਂ ਵਿੱਚ ਸ਼ੰਭੂ ਬਾਰਡਰ ਦੇ ਆਸ-ਪਾਸ ਦੇ ਸਥਾਨਕ ਪਿੰਡਾਂ ਅਤੇ ਕੁਝ ਧਾਰਮਿਕ ਜਥੇਬੰਦੀਆਂ ਵੱਲੋਂ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਵਿੱਚ ਨਾ ਸਿਰਫ਼ ਆਪਣੀ ਹਾਜ਼ਰੀ ਭਰ ਕੇ ਸਗੋਂ ਖਾਣਾ ਅਤੇ ਹੋਰ ਜ਼ਰੂਰੀ ਚੀਜ਼ਾਂ ਭੇਜ ਕੇ ਵੀ ਸਮਰਥਨ ਕੀਤਾ ਜਾ ਰਿਹਾ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੀ ਅਗਵਾਈ ਹੇਠ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਇੱਕ ਧੜੇ ਨੇ ਕੇਂਦਰ ਸਰਕਾਰ ਖ਼ਿਲਾਫ਼ ‘ਦਿੱਲੀ ਚਲੋ’ ਦਾ ਸੱਦਾ ਦਿੱਤਾ ਸੀ।
ਕਿਸਾਨਾਂ ਦੀਆਂ ਮੰਗਾਂ ਵਿੱਚ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਅਤੇ ਭਾਜਪਾ ਆਗੂ ਵੱਲੋਂ ਕਥਿਤ ਤੌਰ 'ਤੇ ਮਾਰੇ ਗਏ ਚਾਰ ਸਿੱਖ ਕਿਸਾਨਾਂ ਨੂੰ ਇਨਸਾਫ਼ ਦੇਣ ਦੀ ਮੰਗ ਸਣੇ ਹੋਰ ਮੰਗਾਂ ਵੀ ਸ਼ਾਮਲ ਹਨ।
ਦਿੱਲੀ ਕੂਚ ਦੇ ਸੱਦੇ ਦੇ ਚਲਦਿਆਂ 13 ਫਰਵਰੀ ਤੋਂ ਹੀ ਵੱਡੀ ਗਿਣਤੀ ਵਿੱਚ ਕਿਸਾਨ ਸ਼ੰਭੂ ਅਤੇ ਖਨੌਰੀ ਪਹੁੰਚੇ ਹੋਏ ਹਨ, ਜਿੱਥੋਂ ਅੱਗੇ ਜਾਣ ਤੋਂ ਹਰਿਆਣਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਰੋਕਿਆ ਜਾ ਰਿਹਾ ਹੈ।
ਸੁਰੱਖਿਆ ਬਲਾਂ ਦੀ ਭਾਰੀ ਤਾਇਨਾਤੀ ਦੇ ਨਾਲ-ਨਾਲ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ਉੱਤੇ ਰੋਕਾਂ ਲਾਈਆਂ ਗਈਆਂ ਹਨ, ਇਸ ਨਾਲ ਸੜਕੀ ਆਵਾਜਾਈ ਵੀ ਠੱਪ ਪਈ ਹੈ।
ਕਿਸਾਨਾਂ ਅਤੇ ਸੁਰੱਖਿਆ ਬਲਾਂ ਵਿੱਚ ਤਣਾਅ ਵੀ ਦੇਖਣ ਨੂੰ ਮਿਲਿਆ।
ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਸੁਰੱਖਿਆ ਬਲਾਂ ਵੱਲੋਂ ਵਰਤੇ ਗਏ ਹੰਝੂ ਗੈਸ ਦੇ ਗੋਲਿਆਂ ਨਾਲ ਕਈ ਕਿਸਾਨ ਜ਼ਖ਼ਮੀ ਹੋਏ ਹਨ।
ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਕਿਸਾਨਾਂ ਨਾਲ ਗੱਲਬਾਤ ਮਗਰੋਂ ਕਿਹਾ ਸੀ ਕਿ ਉਹ ਉਨ੍ਹਾਂ ਦੀਆਂ ਮੰਗਾਂ ਦਾ ਸੁਖਾਵਾਂ ਹੱਲ ਕੱਢਣਾ ਚਾਹੁੰਦੇ ਹਨ।
ਪੀਯੂਸ਼ ਗੋਇਲ ਦੀ ਅਗਵਾਈ ਹੇਠ ਤਿੰਨ ਕੇਂਦਰੀ ਮੰਤਰੀ ਕਿਸਾਨ ਆਗੂਆਂ ਨਾਲ ਗੱਲਬਾਤ ਕਰ ਰਹੇ ਹਨ ਅਤੇ ਅਗਲੇ ਦੌਰ ਦੀ ਮੀਟਿੰਗ ਐਤਵਾਰ ਨੂੰ ਚੰਡੀਗੜ੍ਹ ਵਿਖੇ ਹੋਵੇਗੀ।
ਬੀਬੀਸੀ ਨਿਊਜ਼ ਪੰਜਾਬੀ ਨੇ ਸ਼ਨੀਵਾਰ ਤੜਕੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਸੂਰਜਗੜ੍ਹ ਦਾ ਦੌਰਾ ਕੀਤਾ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕਿਸ ਤਰ੍ਹਾਂ ਸਥਾਨਕ ਪਿੰਡ ਵਾਸੀ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਸਮਰਥਨ ਕਰ ਰਹੇ ਹਨ।
ਪਟਿਆਲਾ ਜ਼ਿਲੇ ਦੇ ਪਿੰਡ ਸੂਰਜਗੜ੍ਹ ਦੇ ਹਰਜਿੰਦਰ ਕੌਰ ਵੀ ਕਿਸਾਨਾਂ ਲਈ ਭੋਜਨ ਦਾ ਪ੍ਰਬੰਧ ਕਰਨ ਵਾਲੀਆਂ ਔਰਤਾਂ ਵਿੱਚੋਂ ਇੱਕ ਹਨ।
ਉਹ ਦੱਸਦੇ ਹਨ, “ਅਸੀਂ ਗੁਰਦੁਆਰੇ ਲੰਗਰ (ਭੋਜਨ) ਬਣਾਉਣ ਲਈ ਆਏ ਹਾਂ ਤਾਂ ਜੋ ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨ ਭੁੱਖੇ ਨਾ ਮਰਨ। ਜਦੋਂ ਉਹ ਭੁੱਖੇ ਹੋਣ ਤਾਂ ਉਹ ਆਪਣੇ ਹੱਕਾਂ ਲਈ ਕਿਵੇਂ ਲੜ ਸਕਦੇ ਹਨ? ਉਨ੍ਹਾਂ ਨੂੰ ਆਪਣਾ ਸੰਘਰਸ਼ ਜਾਰੀ ਰੱਖਣ ਲਈ ਪੋਸ਼ਣ ਤੇ ਤਾਕਤ ਦੀ ਲੋੜ ਹੈ।”
ਧਰਨੇ ਵਾਲੀ ਥਾਂ 'ਤੇ ਸਥਾਨਕ ਪਿੰਡਾਂ ਦੇ ਵਸਨੀਕਾਂ ਵੱਲੋਂ ਬਹੁਤ ਸਾਰੇ ਲੰਗਰ ਲਗਾਏ ਗਏ ਹਨ, ਜਿੱਥੇ ਉਹ ਮੁੱਖ ਤੌਰ 'ਤੇ ਸਵੇਰੇ 11 ਵਜੇ ਕਿਸਾਨ ਪ੍ਰਦਰਸ਼ਨਕਾਰੀਆਂ ਨੂੰ ਭੋਜਨ ਛਕਾਉਣ ਲਈ ਪਹੁੰਚਦੇ ਹਨ, ਜਦਕਿ ਕੁਝ ਲੰਗਰ ਦੁਪਹਿਰ ਵੇਲੇ ਪਹੁੰਚਦੇ ਹਨ ਅਤੇ ਦੇਰ ਰਾਤ ਤੱਕ ਚੱਲਦੇ ਹਨ।
ਦੋਹਰੀ ਜ਼ਿੰਮੇਵਾਰੀ ਨਿਭਾਉਂਦੀਆਂ ਔਰਤਾਂ
ਇਨ੍ਹਾਂ ਸਾਂਝੇ ਯਤਨਾਂ ਦੇ ਵਿਚਕਾਰ, ਬਸੰਤ ਕੌਰ ਵਰਗੀਆਂ ਔਰਤਾਂ ਦੋਹਰੀਆਂ ਜ਼ਿੰਮੇਵਾਰੀਆਂ ਨਿਭਾਅ ਰਹੀਆਂ ਹਨ।
ਆਪਣੇ ਪਰਿਵਾਰਾਂ ਦੇ ਨਾਲ ਨਾਲ ਉਹ ਮੁਜ਼ਾਹਰਾ ਕਰ ਰਹੇ ਕਿਸਾਨਾਂ ਲਈ ਸਵੇਰੇ ਉੱਠ ਕੇ ਲੰਗਰ ਤਿਆਰ ਕਰ ਰਹੀਆਂ ਹਨ।
ਬਸੰਤ ਕੌਰ 13 ਫਰਵਰੀ ਤੋਂ ਰੋਜ਼ਾਨਾ ਕਿਸਾਨਾਂ ਲਈ ਖਾਣਾ ਬਣਾਉਣ ਲਈ ਸੂਰਜਗੜ੍ਹ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਆਉਂਦੇ ਹਨ।
ਬਸੰਤ ਕੌਰ ਦੇ ਦੋ ਬੱਚੇ ਭਾਰਤੀ ਫੌਜ ਵਿੱਚ ਸੇਵਾ ਕਰ ਰਹੇ ਹਨ।
ਬਸੰਤ ਕੌਰ ਦੱਸਦੇ ਹਨ, "ਮੈਂ ਸਵੇਰੇ 4:30 ਵਜੇ ਉੱਠ ਕੇੇ ਕਿਸਾਨਾਂ ਲਈ ਖਾਣਾ ਬਣਾਉਣ ਆਉਂਦੀ ਹਾਂ ਜੋ ਸ਼ੰਭੂ ਵਿਖੇ ਧਰਨੇ 'ਤੇ ਬੈਠੇ ਹਨ।"
ਪਿੰਡ ਦੀਆਂ ਔਰਤਾਂ ਘਰ ਦੇ ਫਰਜ਼ਾਂ ਦੇ ਨਾਲ-ਨਾਲ ਸਮਾਜ ਸੇਵਾ ਵੀ ਕਰ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਦੋਵੇਂ ਕੰਮ ਬਰਾਬਰ ਮਹੱਤਵਪੂਰਨ ਹਨ।
ਬਸੰਤ ਕੌਰ ਕਹਿੰਦੇ ਹਨ, “ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।"
ਉਹ ਕਹਿੰਦੇ ਹਨ ਕਿ ਸਰਕਾਰ ਉੱਤੇ ਜ਼ੋਰ ਪਾਉਣ ਲਈ ਉਹ ਵੀ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ ਤਿਆਰ ਹਨ।
ਬਸੰਤ ਕੌਰ ਵਾਂਗ, ਨਿਰਮਲ ਕੌਰ ਕਹਿੰਦੇ ਹਨ ਕਿ ਉਹ ਚਾਹੁੰਦੇ ਹਨ ਕਿ ਕਿਸਾਨਾਂ ਦੀਆਂ ਮੰਗਾਂ ਦਾ ਜਲਦੀ ਤੋਂ ਜਲਦੀ ਹੱਲ ਨਿਕਲੇ ਤਾਂ ਜੋ ਉਹ ਵਾਪਸ ਜਾ ਸਕਣ।
ਹਰਜਿੰਦਰ ਕੌਰ ਕਹਿੰਦੇ ਹਨ, "ਅਸੀਂ ਦੋਹਰੇ ਫਰਜ਼ ਨਿਭਾ ਰਹੇ ਹਾਂ, ਜਿਸ ਵਿੱਚ ਸ਼ੰਭੂ ਸਰਹੱਦ 'ਤੇ ਬੈਠੇ ਕਿਸਾਨਾਂ ਲਈ ਭੋਜਨ ਤਿਆਰ ਕਰਨਾ ਸ਼ਾਮਲ ਹੈ, ਫਿਰ ਸਾਨੂੰ ਆਪਣੇ ਘਰਾਂ ਅਤੇ ਬੱਚਿਆਂ ਦੀ ਦੇਖਭਾਲ ਕਰਨੀ ਪਵੇਗੀ। ਦੋਵਾਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਆਸਾਨ ਨਹੀਂ ਸੀ, ਪਰ ਫਿਰ ਵੀ, ਅਸੀਂ ਉਨ੍ਹਾਂ ਨੂੰ ਸਮਰਪਿਤ ਹਾਂ।"
ਗੁਰਦੁਆਰਾ ਸਾਹਿਬ ਵਿਖੇ ਲੰਗਰ ਪਕਾਉਣ ਦੀ ਪ੍ਰਕ੍ਰਿਆ ਕਿਵੇਂ ਸ਼ੁਰੂ ਹੁੰਦੀ ਹੈ?
ਪਟਿਆਲਾ ਜ਼ਿਲ੍ਹੇ ਦੇ ਪਿੰਡ ਸੂਰਜਗੜ੍ਹ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਨੀਵਾਰ ਸਵੇਰੇ ਗ੍ਰੰਥੀ ਸਿੰਘ ‘ਨਿਤਨੇਮ’ ਦਾ ਪਾਠ ਕਰ ਰਹੇ ਸੀ ਤੇ ਸ਼ਰਧਾਲੂ ਮੱਥਾ ਟੇਕ ਰਹੇ ਸਨ।
ਸਵੇਰੇ 5 ਵਜੇ ਦੇ ਕਰੀਬ 15 ਦੇ ਕਰੀਬ ਬਜ਼ੁਰਗਾਂ ਅਤੇ ਔਰਤਾਂ ਸਮੇਤ ਕੁਝ ਨੌਜਵਾਨਾਂ ਨੇ ਪੰਜਾਬ ਅਤੇ ਹਰਿਆਣਾ ਦੀ ਸ਼ੰਭੂ ਸਰਹੱਦ 'ਤੇ ਧਰਨਾ ਦੇ ਰਹੇ ਕਿਸਾਨਾਂ ਲਈ ਖਾਣਾ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ।
ਪਿੰਡ ਸੂਰਜਗੜ੍ਹ ਦੇ ਵਾਸੀ 13 ਫਰਵਰੀ ਤੋਂ ਕਿਸਾਨੀ ਧਰਨੇ ਵਿੱਚ ਖਾਣਾ ਭੇਜ ਰਹੇ ਹਨ।
ਸੂਰਜਗੜ੍ਹ ਦੇ ਜਰਨੈਲ ਸਿੰਘ ਦੱਸਦੇ ਹਨ, “ਸਾਡੇ ਪਿੰਡ ਦੀਆਂ ਔਰਤਾਂ ਦੇਰ ਸ਼ਾਮ ਨੂੰ ਗਾਜਰ, ਫੁੱਲ ਗੋਭੀ ਆਦਿ ਸਬਜ਼ੀਆਂ ਕੱਟਣੀਆਂ ਸ਼ੁਰੂ ਕਰ ਦਿੰਦੀਆਂ ਹਨ।”
ਉਹ ਅੱਗੇ ਦੱਸਦੇ ਹਨ, “ਅਸੀਂ ਸਵੇਰੇ 4 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਵਿਖੇ ਖਾਣਾ ਬਣਾਉਣਾ ਸ਼ੁਰੂ ਕਰ ਦਿੰਦੇ ਹਾਂ ਅਤੇ ਦਰਜਨ ਦੇ ਕਰੀਬ ਔਰਤਾਂ ਸਵੇਰੇ 7 ਵਜੇ ਦੇ ਕਰੀਬ ਰੋਟੀਆਂ ਬਣਾਉਣੀਆਂ ਸ਼ੁਰੂ ਕਰ ਦਿੰਦੀਆਂ ਹਨ।''
ਪਿੰਡ ਵਾਸੀ ਸਵੇਰੇ 9 ਵਜੇ ਦੇ ਕਰੀਬ ਲੰਗਰ ਬਣਾਉਣ ਦੀ ਪ੍ਰਕਿਰਿਆ ਨੂੰ ਪੂਰਾ ਕਰਦੇ ਹਨ, ਫਿਰ ਉਹ ਤਿਆਰ ਕੀਤਾ ਹੋਇਆ ਲੰਗਰ ਤੇ ਦੁੱਧ ਇੱਕ ਟਰੈਕਟਰ ਟਰਾਲੀ ਵਿੱਚ ਲੱਦ ਦਿੰਦੇ ਹਨ।
ਲਗਭਗ 5 ਪਿੰਡ ਵਾਸੀ ਅੰਦੋਲਨ ਵਿੱਚ ਲੰਗਰ ਪਹੁੰਚਾਉਂਦੇ ਹਨ ਜਿੱਥੇ ਉਹ ਲੰਗਰ ਲਾਉਣ ਲਈ ਬੈਂਚ ਸੈੱਟ ਕਰਦੇ ਹਨ, ਜਿਸ ਤੋਂ ਬਾਅਦ ਉਹ 'ਲੰਗਰ' ਵਰਤਾਉਣਾ ਸ਼ੁਰੂ ਕਰ ਦਿੰਦੇ ਹਨ।
ਜਰਨੈਲ ਸਿੰਘ ਦਾ ਕਹਿਣਾ ਹੈ ਉਨ੍ਹਾਂ ਦੇ ਪਿੰਡ ਨੇ ਪਿਛਲੇ ਕਿਸਾਨੀ ਧਰਨੇ ਦੌਰਾਨ ਵੀ ਲਗਾਤਾਰ ਦਿੱਲੀ ਲੰਗਰ ਭੇਜਿਆ ਸੀ।
ਉਨ੍ਹਾਂ ਅੱਗੇ ਦੱਸਿਆ, "ਅਸੀਂ ਪੂਰੇ ਪਿੰਡ ਵਿੱਚੋਂ ਯੋਗਦਾਨ ਇਕੱਠਾ ਕਰਦੇ ਹਾਂ ਜਦਕਿ ਕਈ ਦਾਨੀ ਸੱਜਣ ਵੀ ਗੁਰਦੁਆਰਾ ਸਾਹਿਬ ਵਿਖੇ ਆਪ ਹੀ ਰਾਸ਼ਨ ਦਾਨ ਕਰਦੇ ਹਨ। "
ਉਨ੍ਹਾਂ ਕਿਹਾ ਕਿ ਸਾਡੀ ਲੜਾਈ ਸਿਰਫ਼ ਕਿਸਾਨਾਂ ਦੀਆਂ ਮੰਗਾਂ ਲਈ ਹੈ ਅਤੇ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
'ਅਸੀਂ ਨਹੀਂ ਚਾਹੁੰਦੇ ਉਹ ਆਪਣਾ ਰਾਸ਼ਨ ਵਰਤਣ'
ਇੱਕ ਹੋਰ ਵਸਨੀਕ ਗੁਰਸੇਵਕ ਸਿੰਘ ਦਾ ਕਹਿਣਾ ਹੈ, “ਅਸੀਂ ਕਿਸੇ ਨਾਲ ਵਿਤਕਰਾ ਨਹੀਂ ਕਰਦੇ। ਪ੍ਰਦਰਸ਼ਨਕਾਰੀ ਕਿਸਾਨ ਸਾਡੇ ਭਰਾ ਹਨ, ਅਤੇ ਉਨ੍ਹਾਂ ਕੋਲ ਰਾਸ਼ਨ ਹੈ, ਪਰ ਅਸੀਂ ਨਹੀਂ ਚਾਹੁੰਦੇ ਕਿ ਉਹ ਉਸਦੀ ਵਰਤੋਂ ਕਰਨ ਕਿਉਂਕਿ ਜੇ ਅੰਦੋਲਨ ਅੱਗੇ ਵਧਦਾ ਹੈ ਤਾਂ ਉਹ ਰਾਸ਼ਨ ਓਦੋ ਕੰਮ ਆ ਸਕਦਾ ਹੈ।”
ਗੁਰਸੇਵਕ ਦਾ ਕਹਿਣਾ ਹੈ, “ਸਾਡੇ ਪਿੰਡ ਦੇ ਲੋਕ ਸਾਡੇ ਗੁਰਦੁਆਰੇ ਵਿੱਚ ਸਵੈ-ਇੱਛਾ ਨਾਲ ਸੇਵਾ ਕਰ ਰਹੇ ਹਨ।
ਇਸੇ ਤਰ੍ਹਾਂ ਹਰਵਿੰਦਰ ਸਿੰਘ ਬਿਆਨ ਕਰਦੇ ਹਨ, “ਸਾਡਾ ਨੈਤਿਕ ਫਰਜ਼ ਬਣਦਾ ਹੈ ਕਿ ਅਸੀਂ ਭੋਜਨ ਪਰੋਸੀਏ ਅਤੇ ਆਪਣੇ ਕਿਸਾਨਾਂ ਦੀ ਮਦਦ ਕਰੀਏ। ਅਸੀਂ ਮਹਿਸੂਸ ਕਰਦੇ ਹਾਂ ਕਿ ਸਰਕਾਰ ਸਾਡੀਆਂ ਮੰਗਾਂ ਨੂੰ ਨਹੀਂ ਮੰਨ ਰਹੀ ਤੇ ਪੁਲਿਸ ਕਿਸਾਨਾਂ 'ਤੇ ਅੱਥਰੂ ਗੈਸ ਜਾਂ ਗੋਲੀਆਂ ਚਲਾ ਰਹੀ ਹੈ, ਇਸ ਲਈ ਅਸੀਂ ਬਹੁਤ ਦਰਦ ਮਹਿਸੂਸ ਕਰਦੇ ਹਾਂ।"
ਸੰਸਥਾਵਾਂ ਵੱਲੋਂ ਵੀ ਧਰਨੇ ਵਾਲੀ ਥਾਂ ਉੱਤੇ ਲੰਗਰ
ਇਸੇ ਤਰ੍ਹਾਂ ਪਟਿਆਲਾ ਜ਼ਿਲ੍ਹੇ ਦੇ ਪਿੰਡ ਮਰਦਾਂਪੁਰ ਦੇ ਵਸਨੀਕਾਂ ਨੇ ਵੀ ਧਰਨੇ ਵਾਲੀ ਥਾਂ ‘ਤੇ ‘ਲੰਗਰ’ ਲਾਇਆ ਹੈ ਜਿੱਥੇ ਉਹ ਰੋਜ਼ਾਨਾ ਖਾਣਾ ਬਣਾਉਂਦੇ ਹਨ।
ਇਸ ਦੌਰਾਨ ਕਈ ਵਿਅਕਤੀ ਨਿੱਜੀ ਤੌਰ 'ਤੇ ਕਿਸਾਨਾਂ ਨੂੰ ਜ਼ਰੂਰੀ ਵਸਤਾਂ ਦਾਨ ਕਰ ਰਹੇ ਹਨ।
ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਿਸਾਨਾਂ ਲਈ ‘ਲੰਗਰ’ ਦਾ ਪ੍ਰਬੰਧ ਕੀਤਾ।