You’re viewing a text-only version of this website that uses less data. View the main version of the website including all images and videos.
ਕਿਸਾਨ ਅੰਦੋਲਨ: ਡਰੋਨ, ਪਤੰਗਾਂ, ਮੰਗਾਂ - ਇਸ ਵਾਰ ਕਿਸਾਨ ਇਸ ਵੱਖਰੀ ਤਿਆਰੀ ਨਾਲ ਸ਼ੰਭੂ ਬਾਰਡਰ ਆਏ
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਹਰਿਆਣਾ-ਪੰਜਾਬ ਦੀਆਂ ਸਰਹੱਦਾਂ 'ਤੇ ਸ਼ੰਭੂ ਅਤੇ ਖਨੌਰੀ ਸਮੇਤ ਵੱਖ-ਵੱਖ ਥਾਵਾਂ 'ਤੇ ਕਿਸਾਨ ਆਪਣੇ ਟਰੈਕਟਰ-ਟਰਾਲੀਆਂ ਲੈ ਕੇ ਭਾਰੀ ਗਿਣਤੀ 'ਚ ਇਕੱਠੇ ਹੋਏ ਹਨ।
ਫਰਵਰੀ 15 ਨੂੰ ਕਿਸਾਨਾਂ ਤੇ ਸਰਕਾਰ ਵਿਚਾਲੇ ਲੰਬੀ ਮੀਟਿੰਗ ਚੱਲੀ ਪਰ ਉਸ ਮਗਰੋਂ ਵੀ ਅੱਗੇ ਮੀਟਿੰਗਾਂ ਕਰਨ ਦੀ ਹੀ ਗੱਲ ਕੀਤੀ ਗਈ।
ਇਸ ਕਿਸਾਨ ਅੰਦੋਲਨ ਨੇ ਇੱਕ ਵਾਰ ਫਿਰ 2020 'ਚ ਹੋਣ ਵਾਲੇ ਕਿਸਾਨਾਂ ਦੇ ਧਰਨੇ ਦੀ ਯਾਦ ਦਿਵਾ ਦਿੱਤੀ ਹੈ। ਇਹ ਪ੍ਰਦਰਸ਼ਨ ਕਈ ਮਾਮਲਿਆਂ ਵਿਚ ਪਿਛਲੇ ਅੰਦੋਲਨ ਨਾਲ ਮਿਲਦਾ ਜੁਲਦਾ ਹੈ ਪਰ ਕਈ ਤਰੀਕਿਆਂ ਨਾਲ ਇਹ ਵੱਖਰਾ ਵੀ ਹੈ।
ਆਓ ਕੁਝ ਮੁੱਦਿਆਂ 'ਤੇ ਇੱਕ ਨਜ਼ਰ ਮਾਰੀਏ ਜਿੱਥੇ ਦੋਵੇਂ ਵਿਰੋਧ ਸਮਾਨ ਅਤੇ ਭਿੰਨ ਹਨ।
ਲੋਕ ਅਤੇ ਤਿਆਰੀ
ਬੇਸ਼ੱਕ ਪਹਿਲੇ ਦਿਨ ਦੇ ਮੁਕਾਬਲੇ ਧਰਨੇ ਦੇ ਦੂਜੇ ਦਿਨ ਜਿੱਥੇ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਵੱਧ ਗਈ, ਉੱਥੇ ਪਿਛਲੀ ਵਾਰ ਇਹ ਗਿਣਤੀ ਕਿਤੇ ਵੱਧ ਸੀ। ਪਰ ਫਿਰ ਇਹ ਸਿਰਫ ਵਿਰੋਧ ਦੇ ਸ਼ੁਰੂਆਤੀ ਦਿਨ ਹਨ।
ਫਿਰ ਵੀ ਪੰਜਾਬ-ਹਰਿਆਣਾ ਦੀਆਂ ਸਰਹੱਦਾਂ 'ਤੇ ਕਈ ਲੋਕ ਅਜਿਹੇ ਹਨ ਜੋ ਪਹਿਲਾਂ ਦੇ ਪ੍ਰਦਰਸ਼ਨ 'ਚ ਦਿਖਾਈ ਦਿੰਦੇ ਸਨ ਅਤੇ ਇਸ ਵਾਰ ਵੀ ਹਨ।
ਕੁਝ ਨੌਜਵਾਨ ਸੁਰੱਖਿਆ ਬਲਾਂ ਨਾਲ ਮੁਕਾਬਲਾ ਕਰਨ ਲਈ ਬਿਲਕੁਲ ਸਾਹਮਣੇ ਖੜ੍ਹੇ ਹਨ।
ਇਨ੍ਹਾਂ ਵਿੱਚ ਲੁਧਿਆਣਾ ਜ਼ਿਲ੍ਹੇ ਦਾ ਰਹਿਣ ਵਾਲਾ 24 ਸਾਲਾ ਪ੍ਰਿੰਸ ਦੀਪ ਸਿੰਘ ਵੀ ਸ਼ਾਮਲ ਹੈ, ਜੋ ਕਿ 2020 ਵੇਲੇ ਟਿੱਕਰੀ ਸਰਹੱਦ ’ਤੇ ਸੀ।
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਦੂਜੇ ਪਾਸਿਓਂ ਪੁਲਿਸ ਵੱਲੋਂ ਲਗਾਤਾਰ ਦਾਗ਼ੇ ਜਾ ਰਹੇ ਅੱਥਰੂ ਗੈਸ ਦੇ ਗੋਲਿਆਂ ਨੂੰ ਝੱਲਣ ਲਈ ਤਿਆਰ ਹੋ ਕੇ ਆਇਆ ਹੈ।
ਉਹ ਇੱਕ ਸੁਰੱਖਿਆਤਮਕ ਗੀਅਰ ਨਾਲ ਲੈਸ ਹੈ ਤੇ ਹੱਥ ਵਿਚ ਲਾਠੀ ਹੈ। ਉਸ ਦੇ ਨਾਲ ਕੁਝ ਹੋਰ ਨੌਜਵਾਨ ਵੀ ਆਏ ਹਨ। ਉਨ੍ਹਾਂ ਸਾਰਿਆਂ ਨੇ ਆਪਣੀਆਂ ਅੱਖਾਂ ਨੂੰ ਅੱਥਰੂ ਗੈਸ ਤੋਂ ਬਚਾਉਣ ਲਈ ਐਨਕਾਂ ਪਹਿਨੀਆਂ ਹੋਈਆਂ ਹਨ।
ਅਚਾਨਕ, ਸਾਨੂੰ ਅੱਥਰੂ ਗੈਸ ਦੇ ਗੋਲਿਆਂ ਦੀ ਉੱਚੀ ਆਵਾਜ਼ ਸੁਣਾਈ ਦਿੰਦੀ ਹੈ।
ਪ੍ਰਿੰਸ ਦੀਪ ਕਹਿੰਦਾ ਹੈ, “ਅਸੀਂ ਪਿਛਲੀ ਵਾਰ ਇਸ ਤਰ੍ਹਾਂ ਦੀ ਗੋਲੀਬਾਰੀ ਨਹੀਂ ਦੇਖੀ ਸੀ। ਇਸ ਲਈ ਅਸੀਂ ਇਸ ਵਾਰ ਵਾਧੂ ਤਿਆਰੀ ਕਰਕੇ ਆਏ ਹਾਂ।”
ਸਿਰਫ਼ ਨੌਜਵਾਨ ਹੀ ਨਹੀਂ ਹਨ ਜੋ ਵਿਰੋਧ ਕਰ ਰਹੇ ਹਨ। ਕਰਤਾਰ ਸਿੰਘ ਦੀ ਉਮਰ 80 ਸਾਲ ਹੈ।
ਪਰ ਉਨ੍ਹਾਂ ਦੀ ਉਮਰ ਨੇ ਉਨ੍ਹਾਂ ਨੂੰ 2020 ਵਿੱਚ ਦਿੱਲੀ ਬਾਰਡਰ 'ਤੇ ਦੋ ਮਹੀਨੇ ਬਿਤਾਉਣ ਤੋਂ ਨਹੀਂ ਰੋਕਿਆ ਅਤੇ ਇਸ ਵਾਰ ਫਿਰ, ਉਹ ਸਰਗਰਮੀ ਨਾਲ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਉਹ ਪਿੱਛੇ ਨਹੀਂ ਹਟਣਗੇ। “ਪਰ ਅਸੀਂ ਸੂਬਿਆਂ ਦੀਆਂ ਤਾਕਤਾਂ ਨਾਲ ਲੜਨਾ ਨਹੀਂ ਚਾਹੁੰਦੇ। ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਮੰਗਾਂ ਲਾਗੂ ਕੀਤੀਆਂ ਜਾਣ। ਜੇਕਰ ਉਹ ਸਾਡੀਆਂ ਮੰਗਾਂ ਮੰਨਦੇ ਹਨ ਤਾਂ ਅਸੀਂ ਵਾਪਸ ਚਲੇ ਜਾਵਾਂਗੇ।"
ਡਰੋਨ ਅਤੇ ਪਤੰਗਾਂ
ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਰਕਾਰੀ ਤੰਤਰ ਨੇ ਸਰਹੱਦਾਂ 'ਤੇ ਆਪਣੀ ਫੋਰਸ ਤਾਇਨਾਤ ਕਰ ਦਿੱਤੀ ਹੈ।
ਹਰਿਆਣਾ-ਪੰਜਾਬ ਸਰਹੱਦਾਂ 'ਤੇ ਪਿਛਲੀ ਵਾਰ ਦੇ ਮੁਕਾਬਲੇ ਪੇਸ਼ੇਵਰਾਨਾ ਢੰਗ ਨਾਲ ਭਾਰੀ ਬੈਰੀਕੇਡ ਲਾਏ ਗਏ ਹਨ। ਪਿਛਲੀ ਵਾਰ ਦੀ ਤਰ੍ਹਾਂ ਇੰਟਰਨੈਟ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਧਾਰਾ 144 ਲਗਾਈ ਹੈ।
ਹਾਲਾਂਕਿ ਇਸ ਵਾਰ ਫ਼ੌਜਾਂ ਨਵੀਨਤਮ ਤਕਨੀਕ ਦੀ ਵਰਤੋਂ ਵੀ ਕਰ ਰਹੀਆਂ ਹਨ।
ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਮੰਗਲਵਾਰ ਨੂੰ ਸ਼ੰਭੂ ਸਰਹੱਦ 'ਤੇ ਘੱਟੋ-ਘੱਟ ਛੇ ਘੰਟੇ ਤੱਕ ਹਰਿਆਣਾ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੁਆਰਾ ਅੱਥਰੂ ਗੈਸ ਦੇ ਗੋਲਿਆਂ ਦਾ ਸਾਹਮਣਾ ਕਰਨਾ ਪਿਆ।
ਕਿਸਾਨਾਂ ਨੂੰ ਰਾਸ਼ਟਰੀ ਰਾਜਧਾਨੀ ਵੱਲ ਜਾਣ ਤੋਂ ਰੋਕਣ ਲਈ ਡਰੋਨ ਦੀ ਵਰਤੋਂ ਕਰਕੇ ਵੀ ਗੋਲੇ ਸੁੱਟੇ ਗਏ ਸਨ।
ਇਹ ਨਵੀਨਤਮ ਤਕਨੀਕ, ਜੋ ਪਿਛਲੇ ਕੁਝ ਦਿਨਾਂ ਵਿੱਚ ਮੌਕ ਡਰਿੱਲਾਂ ਦੌਰਾਨ ਅਧਿਕਾਰੀਆਂ ਦੁਆਰਾ ਵਰਤੀ ਗਈ, ਨੇ ਇਥੇ ਪਹੁੰਚੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਜਦੋਂ ਇਹਨਾਂ ਦੀ ਵਰਤੋਂ ਖ਼ਾਸ ਤੌਰ ਤੇ ਪੱਥਰਬਾਜ਼ੀ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਦੇ ਸਮੂਹਾਂ ਨੂੰ ਖਿੰਡਾਉਣ ਲਈ ਕੀਤੀ ਗਈ ਸੀ।
ਇੱਕ ਅਧਿਕਾਰੀ ਨੇ ਦੱਸਿਆ ਕਿ ਡਰੋਨਾਂ ਨੇ ਪੁਲਾਂ ਦੇ ਖੱਬੇ ਅਤੇ ਸੱਜੇ ਪਾਸੇ ਦੀ ਲੋਕਾਂ ਦੀ ਗਿਣਤੀ ਤੇ ਮਿਜਾਜ ਦੀ ਜਾਂਚ ਕਰਨ ਅਤੇ ਉਸ ਅਨੁਸਾਰ ਸ਼ੈੱਲ ਸੁੱਟਣ ਵਿੱਚ ਸਾਡੀ ਮਦਦ ਕੀਤੀ।
ਅਗਲੇ ਦਿਨ ਕਿਸਾਨ ਆਪਣੇ ਤਰੀਕੇ ਨਾਲ ਤਿਆਰ ਹੋ ਕੇ ਆਏ। ਉਨ੍ਹਾਂ ਦੇ ਹੱਥਾਂ ਵਿਚ ਪਤੰਗਾਂ ਸੀ ਜਿਸ ਨਾਲ ਉਨ੍ਹਾਂ ਨੇ ਡਰੋਨ ਨਾਲ ਲੜਾਈ ਲੜੀ।
2020 'ਚ ਇਸ ਤਰ੍ਹਾਂ ਅੱਗੇ ਵਧਿਆ ਕਾਫ਼ਲਾ
2020 ਦਾ ਜਦੋਂ ਅੰਦੋਲਨ ਸ਼ੁਰੂ ਹੋਇਆ ਤਾਂ ਉਸ ਵੇਲੇ ਮੈਂ ਖਨੌਰੀ ਬਾਰਡਰ 'ਤੇ ਸੀ। ਉੱਥੇ ਬੀਕੇਯੂ (ਉਗਰਾਹਾਂ) ਦੇ ਹਜ਼ਾਰਾਂ ਲੋਕ ਉੱਥੇ ਬੈਠੇ ਹੋਏ ਸਨ।
ਉੱਥੇ ਉਨ੍ਹਾਂ ਨੇ ਅਚਾਨਕ ਅੱਗੇ ਵਧਣ ਦਾ ਫ਼ੈਸਲਾ ਲਿਆ ਅਤੇ ਟਰੈਕਟਰ-ਟਰਾਲੀਆਂ ਨਾਲ ਉੱਥੇ ਲੱਗੀ ਬੈਰੀਕੇਡਿੰਗ ਨੂੰ ਹਟਾ ਦਿੱਤਾ ਗਿਆ।
ਫਿਰ ਇਸ ਤੋਂ ਬਾਅਦ ਜਿਵੇਂ ਇਨ੍ਹਾਂ ਦਾ ਕਾਫ਼ਲਾ ਹਰਿਆਣਾ ਰਾਹੀਂ ਅੱਗੇ ਵਧਦਾ ਗਿਆ ਤਾਂ ਮੈਂ ਇਨ੍ਹਾਂ ਦੇ ਨਾਲ ਸਫ਼ਰ ਕਰਦਾ ਗਿਆ।
ਫਿਰ ਦਿੱਲੀ ਵਿੱਚ ਉਗਰਾਹਾਂ ਵਾਲਾ ਸਾਰਾ ਕਾਫ਼ਲਾ ਟਿਕਰੀ ਬਾਰਡਰ 'ਤੇ ਬੈਠ ਗਿਆ। ਉੱਥੇ ਅਸੀਂ ਪਹੁੰਚੇ ਅਤੇ ਸਿੰਘੂ 'ਤੇ ਵੀ ਗਏ।
ਕਈ ਮਹੀਨੇ ਲਗਾਤਾਰ ਅਸੀਂ ਦਿੱਲੀ ਦੀਆਂ ਦੋਵੇਂ ਸਰਹੱਦਾਂ 'ਤੇ ਚੱਲੇ ਅੰਦੋਲਨ ਨੂੰ ਅਸੀਂ ਕਵਰ ਕੀਤਾ।
ਮੰਗਾਂ ਕੀ ਹਨ
ਜਿੱਥੋਂ ਤੱਕ ਮੰਗਾਂ ਦਾ ਸਬੰਧ ਹੈ, ਪਿਛਲੀ ਵਾਰ ਕਿਸਾਨਾਂ ਦਾ ਵਿਆਪਕ ਵਿਰੋਧ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਸੀ।
ਵੱਖ-ਵੱਖ ਮੰਚਾਂ 'ਤੇ ਇਨ੍ਹਾਂ ਕਾਨੂੰਨਾਂ ਦੇ ਹੱਕ ਅਤੇ ਵਿਰੁੱਧ ਬਹਿਸ ਕਰਵਾਈ ਗਈ।
ਸਰਕਾਰ ਵੱਲੋਂ ਵਿਵਾਦਤ ਕਾਨੂੰਨ ਵਾਪਸ ਲੈਣ ਅਤੇ ਕਿਸਾਨਾਂ ਦੀਆਂ ਹੋਰ ਮੰਗਾਂ ਬਾਰੇ ਵੀ ਕੁਝ ਭਰੋਸਾ ਦੇਣ ਤੋਂ ਬਾਅਦ ਧਰਨਾ ਸਮਾਪਤ ਹੋਇਆ ਸੀ।
ਇਸ ਵਾਰ ਮੁੱਖ ਮੰਗਾਂ ਵਿੱਚ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸ਼ਾਮਲ ਹੈ।
ਕਿਸਾਨ ਵੀ 60 ਸਾਲ ਦੀ ਉਮਰ ਤੋਂ ਬਾਅਦ ਕਿਸਾਨਾਂ ਲਈ ਪੈਨਸ਼ਨ, ਲਖੀਮਪੁਰ ਹਿੰਸਾ ਦੇ ਪੀੜਤਾਂ ਨੂੰ ਇਨਸਾਫ਼ ਅਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨਾ ਵੀ ਮੁੱਖ ਮੰਗਾਂ ਹਨ।
ਕੌਣ ਹਨ ਮੁੱਖ ਆਗੂ
ਚੱਲ ਰਹੇ ਧਰਨੇ ਦੀ ਅਗਵਾਈ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ ਸਾਂਝੇ ਕਿਸਾਨ ਮੋਰਚੇ ਵੱਲੋਂ ਕੀਤੀ ਜਾ ਰਹੀ ਹੈ।
ਪਿਛਲੇ ਅੰਦੋਲਨ ਦੌਰਾਨ ਵੀ ਦੋਵੇਂ ਹਾਜ਼ਰ ਸਨ ਪਰ ਕੁਝ ਹੋਰ ਕਿਸਾਨ ਆਗੂ ਸਭ ਤੋਂ ਅੱਗੇ ਸਨ।
ਇਨ੍ਹਾਂ ਵਿੱਚ ਦਰਸ਼ਨ ਪਾਲ ਅਤੇ ਬਲਬੀਰ ਸਿੰਘ ਰਾਜੇਵਾਲ ਸ਼ਾਮਲ ਸਨ, ਜਿਨ੍ਹਾਂ ਨੇ 16 ਫਰਵਰੀ ਨੂੰ ਭਾਰਤ ਬੰਦ ਦਾ ਵੱਖਰਾ ਸੱਦਾ ਦਿੱਤਾ ਹੈ।
ਬੀਕੇਯੂ (ਉਗਰਾਹਾਂ) ਨੇ 2020 ਵਿੱਚ ਖਨੌਰੀ ਸਰਹੱਦ 'ਤੇ ਬੈਰੀਕੇਡਾਂ ਨੂੰ ਪਾਰ ਕਰਨ ਤੋਂ ਬਾਅਦ ਟਿੱਕਰੀ ਸਰਹੱਦ 'ਤੇ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ ਸੀ।
ਉਹ ਇਸ ਵਾਰ ਵਿਰੋਧ ਪ੍ਰਦਰਸ਼ਨ ਦਾ ਹਿੱਸਾ ਨਹੀਂ ਹੈ, ਹਾਲਾਂਕਿ ਉਸਨੇ 15 ਫਰਵਰੀ ਨੂੰ ਰਾਜ ਸ਼ਕਤੀ ਦੀ ਬਹੁਤ ਜ਼ਿਆਦਾ ਵਰਤੋਂ ਵਿਰੁੱਧ ਰੇਲ ਰੋਕੋ ਦਾ ਇੱਕ ਵੱਖਰਾ ਸੱਦਾ ਦਿੱਤਾ ਸੀ।
2020 ਵਿੱਚ ਸ਼ੁਰੂ ਕੀਤੇ ਗਏ ਕਿਸਾਨ ਅੰਦੋਲਨ ਦੀ ਅਗਵਾਈ 32 ਸੰਗਠਨਾਂ ਦੇ ਇੱਕ ਸਮੂਹ ਦੁਆਰਾ ਕੀਤੀ ਗਈ ਸੀ।
ਪੰਜਾਬ ਅਤੇ ਹਰਿਆਣਾ ਦੀ ਭੂਮਿਕਾ
ਇਸ ਵਾਰ ਦਾ ਵਿਰੋਧ ਇਸ ਸਮੇਂ ਬਹੁਤ ਹੀ ਪੰਜਾਬ ਕੇਂਦਰਿਤ ਨਜ਼ਰ ਆ ਰਿਹਾ ਹੈ। ਹਰਿਆਣਾ ਖਾਪਾਂ ਨੇ ਵਿਰੋਧ ਪ੍ਰਦਰਸ਼ਨ ਵਿੱਚ ਫਿਲਹਾਲ ਹਿੱਸਾ ਲੈਣ ਦਾ ਫੈਸਲਾ ਨਹੀਂ ਕੀਤਾ ਹੈ।
ਸੂਬੇ ਦੇ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ, ਜਿਨ੍ਹਾਂ ਨੇ ਪਿਛਲੀ ਵਾਰ ਮੁੱਖ ਭੂਮਿਕਾ ਨਿਭਾਈ ਸੀ, ਧਰਨੇ ਦਾ ਹਿੱਸਾ ਨਹੀਂ ਹਨ।
ਪਿਛਲੇ ਅੰਦੋਲਨ ਵਿੱਚ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦੀ ਵੱਡੀ ਸ਼ਮੂਲੀਅਤ ਸੀ। ਉੱਤਰ ਪ੍ਰਦੇਸ਼ ਦੇ ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਪ੍ਰਦਰਸ਼ਨ ਦਾ ਹਿੱਸਾ ਨਹੀਂ ਹਨ।
ਪਿਛਲੀ ਰੋਸ ਲਹਿਰ ਨੂੰ ਵੀ ਸਿਵਲ ਸੋਸਾਇਟੀ ਕਾਰਕੁਨਾਂ, ਕਲਾਕਾਰਾਂ ਆਦਿ ਦਾ ਵਿਆਪਕ ਸਮਰਥਨ ਪ੍ਰਾਪਤ ਸੀ।
ਪੰਜਾਬ ਸਰਕਾਰ ਨੇ ਪਿਛਲੀ ਵਾਰ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਸੀ ਤੇ ਇਸ ਵਾਰ ਵੀ ਕੁਝ ਅਜਿਹਾ ਹੀ ਵੇਖਣ ਨੂੰ ਮਿਲਿਆ ਹੈ ਭਾਵੇਂ ਪਹਿਲਾਂ ਕਾਂਗਰਸ ਸਰਕਾਰੀ ਸੱਤਾ ਵਿਚ ਸੀ ਤੇ ਇਸ ਵਾਰ ਆਮ ਆਦਮੀ ਪਾਰਟੀ।