You’re viewing a text-only version of this website that uses less data. View the main version of the website including all images and videos.
ਕਿਸਾਨ ਅੰਦੋਲਨ: ਕੀ ਕਿਸਾਨਾਂ ’ਤੇ ਡਰੋਨਾਂ ਰਾਹੀਂ ਹੰਝੂ ਗੈਸ ਦੇ ਗੋਲੇ ਛੱਡਣਾ ਜਾਇਜ਼ ਹੈ, ਪੁਲਿਸ ਦੀ ਦਲੀਲ ਤੇ ਮਾਹਿਰਾਂ ਦਾ ਇਹ ਰਾਇ ਹੈ
- ਲੇਖਕ, ਵਿਨੀਤ ਖਰੇ
- ਰੋਲ, ਬੀਬੀਸੀ ਪੱਤਰਕਾਰ, ਦਿੱਲੀ
ਹਾਲ ਹੀ ’ਚ ਪੰਜਾਬ-ਹਰਿਆਣਾ ਦੇ ਸ਼ੰਭੂ ਬਾਰਡਰ ’ਤੇ ‘ਦਿੱਲੀ ਚੱਲੋ’ ਮਾਰਚ ’ਚ ਮੁਜ਼ਾਹਰਾ ਕਰ ਰਹੇ ਸੈਂਕੜੇ ਕਿਸਾਨ ਅੰਦੋਲਨਕਾਰੀਆਂ ’ਤੇ ਹਰਿਆਣਾ ਪੁਲਿਸ ਨੇ ਡਰੋਨ ਦੀ ਮਦਦ ਨਾਲ ਅੱਥਰੂ ਗੈਸ ਦੇ ਗੋਲੇ ਦਾਗੇ ਹਨ।
ਇਹ ਤਸਵੀਰਾਂ ਸਾਰੇ ਪਾਸੇ ਸਾਂਝੀਆਂ ਹੋ ਰਹੀਆਂ ਹਨ।
ਮੀਡੀਆ ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ’ਚ ਹਰਿਆਣਾ ਪੁਲਿਸ ਪਹਿਲੀ ਅਜਿਹੀ ਪੁਲਿਸ ਫੋਰਸ ਹੈ ਜਿਸ ਨੇ ਕਿ ਡਰੋਨ ਜ਼ਰੀਏ ਅੱਥਰੂ ਗੈਸ ਦੇ ਗੋਲੇ ਦਾਗੇ ਹਨ।
ਹਰਿਆਣਾ ਪੁਲਿਸ ਦੇ ਡੀਜੀਪੀ ਸ਼ਤਰੂਜੀਤ ਕਪੂਰ ਮੁਤਾਬਕ ਅਜਿਹਾ ਪਹਿਲੀ ਵਾਰ ਹੈ ਕਿ ਹਰਿਆਣਾ ਪੁਲਿਸ ਨੇ ਡਰੋਨ ਦੀ ਵਰਤੋਂ ਕਰਕੇ ਹੰਝੂ ਗੈਸ ਦੇ ਗੋਲੇ ਛੱਡੇ ਹਨ।
ਮੁਜ਼ਾਹਰਾ ਕਰ ਰਹੇ ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਭਾਵ ਐਮਐਸਪੀ ਦੇ ਲਈ ਕਾਨੂੰਨ ਬਣਾਉਣ ਅਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਾਰੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਦੀ ਮੰਗ ਕਰ ਰਹੇ ਹਨ, ਜਦਕਿ ਸਰਕਾਰ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਜਲਦਬਾਜ਼ੀ ’ਚ ਕੋਈ ਫੈਸਲਾ ਨਹੀਂ ਲੈਣਾ ਚਾਹੁੰਦੀ ਹੈ।
ਜਿਸ ਸਮੇਂ ਡਰੋਨ ਗੋਲੇ ਸੁੱਟ ਰਹੇ ਸਨ, ਉਸ ਵੇਲੇ ਬੀਬੀਸੀ ਦੇ ਪੱਤਰਕਾਰ ਅਭਿਨਵ ਗੋਇਲ ਵੀ ਮੌਕੇ ਵਾਲੀ ਥਾਂ ’ਤੇ ਹੀ ਮੌਜੂਦ ਸਨ।
ਉਨ੍ਹਾਂ ਨੇ ਦੱਸਿਆ ਕਿ “ਤੇਜ਼ੀ ਨਾਲ ਹਰਿਆਣਾ ਵੱਲੋਂ ਇੱਕ ਡਰੋਨ ਆਉਂਦਾ ਹੈ ਅਤੇ ਅੱਥਰੂ ਗੈਸ ਦੇ ਗੋਲੇ ਸੁੱਟ ਕੇ ਵਾਪਸ ਚਲਾ ਜਾਂਦਾ ਸੀ। ਗੋਲਾ ਹੇਠਾਂ ਡਿੱਗਦਾ ਸੀ ਅਤੇ ਕਿਸਾਨ ਪਿੱਛੇ ਹੱਟ ਜਾਂਦੇ ਸਨ, ਪਰ ਉਹ ਫਿਰ ਤੁਰੰਤ ਹੀ ਅੱਗੇ ਆ ਜਾਂਦੇ ਸਨ।”
ਅਭਿਨਵ ਦੇ ਮੁਤਾਬਕ ਅੱਥਰੂ ਗੈਸ ਦੇ ਗੋਲਿਆਂ ’ਚੋਂ ਨਿਕਲਣ ਵਾਲੇ ਧੂੰਏਂ ਨੂੰ ਦਬਾਉਣ ਲਈ ਜਿੱਥੇ ਕਿਸਾਨ ਗਿੱਲੀਆਂ ਬੋਰੀਆਂ ਜਾਂ ਤਸਲੇ ਉਸ ’ਤੇ ਰੱਖ ਦਿੰਦੇ, ਉੱਥੇ ਹੀ ਡਰੋਨ ਨੂੰ ਹੇਠਾਂ ਸੁੱਟਣ ਲਈ ਪਤੰਗਾਂ ਅਤੇ ਕੋਸਕੋ ਦੀਆਂ ਗੇਂਦਾਂ ਦੀ ਵੀ ਵਰਤੋਂ ਕਰ ਰਹੇ ਸਨ।
ਆਹਮੋ-ਸਾਹਮਣੇ ਦੀ ਇਸ ਸਥਿਤੀ ’ਚ ਕਿਸਾਨ ਅਤੇ ਪੁਲਿਸ ਮੁਲਾਜ਼ਮ ਦੋਵੇਂ ਹੀ ਧਿਰਾਂ ਜ਼ਖਮੀ ਹੋਈਆਂ ਹਨ।
ਡਰੋਨ ਦੀ ਵਰਤੋਂ ’ਤੇ ਬਹਿਸ
ਜਿੱਥੇ ਕਈ ਹਲਕਿਆਂ ’ਚ ਅੱਥਰੂ ਗੈਸ ਦੇ ਗੋਲੇ ਸੁੱਟਣ ਦੇ ਲਈ ਡਰੋਨ ਦੀ ਵਰਤੋਂ ਦਾ ਵਿਰੋਧ ਹੋ ਰਹੀ ਹੈ, ਉੱਥੇ ਹੀ ਡਰੋਨ ਇੰਡਸਟਰੀ ਦੇ ਅੰਦਰ ਵੀ ਇਸ ਘਟਨਾ ਬਹੁਤ ਧਿਆਨ ਨਾਲ ਇਸ ਸਥਿਤੀ ਨੂੰ ਵੇਖਿਆ ਜਾ ਰਿਹਾ ਹੈ।
ਸਮਿਤ ਸ਼ਾਹ 250 ਤੋਂ ਵੀ ਜ਼ਿਆਦਾ ਡਰੋਨ ਕੰਪਨੀਆਂ ਅਤੇ ਇੰਡਸਟਰੀ ਨਾਲ ਜੁੜੇ ਲਗਭਗ 2500 ਲੋਕਾਂ ਦੀ ਨੁਮਾਇੰਦਗੀ ਕਰਨ ਵਲੀ ਡਰੋਨ ਫੈਡਰੇਸ਼ਨ ਆਫ਼ ਇੰਡੀਆ ਦੇ ਮੁਖੀ ਹਨ।
ਉਹ ਕਹਿੰਦੇ ਹਨ, “ਇਹ ਪਹਿਲੀ ਵਾਰ ਹੈ ਕਿ ਡਰੋਨ ਦੀ ਜਾਇਜ਼ ਵਰਤੋਂ ’ਤੇ ਵੀ ਬਹਿਸ ਸ਼ੁਰੂ ਹੋਈ ਹੈ। ਮੈਨੂੰ ਨਹੀਂ ਲੱਗਦਾ ਕਿ ਇਸ ਨਾਲ ਕੋਈ ਬਹੁਤ ਵੱਡੀ ਚਿੰਤਾ ਦਾ ਮੁੱਦਾ ਪੈਦਾ ਹੋ ਸਕਦਾ ਹੈ, ਪਰ ਇਸ ਨਾਲ ਲੋਕ ਸੁਚੇਤ ਜ਼ਰੂਰ ਹੋਏ ਹਨ ਕਿ ਇਸ ਵਿਸ਼ੇ ’ਤੇ ਇਸ ਨਵੀਂ ਇੰਡਸਟਰੀ ਨੂੰ ਸੋਚਣਾ ਚਾਹੀਦਾ ਹੈ।”
ਡੀਜੀਪੀ ਡਾਕਟਰ ਮਹੇਂਦਰ ਸਿੰਘ ਮਲਿਕ ਹਰਿਆਣਾ ਦੇ ਸਾਬਕਾ ਡੀਜੀਪੀ ਰਹਿ ਚੁੱਕੇ ਹਨ।
ਉਹ ਦੱਸਦੇ ਹਨ, “ਮੇਰੇ ਖਿਆਲ ’ਚ ਇਹ ਤਰੀਕਾ ਸੂਬੇ ਦੀ ਪੁਲਿਸ ਨੂੰ ਨਹੀਂ ਵਰਤਣਾ ਚਾਹੀਦਾ ਸੀ। ਲੋਕਾਂ ਨੂੰ ਪਹਿਲਾਂ ਚੇਤਾਵਨੀ ਦੇਣੀ ਚਾਹੀਦੀ ਸੀ- ਕਿ ਜਾਂ ਤਾਂ ਪਿੱਛੇ ਹੱਟ ਜਾਓ ਨਹੀਂ ਤਾਂ ਅਸੀਂ ਡਰੋਨ ਦੀ ਮਦਦ ਨਾਲ ਅੱਥਰੂ ਗੈਸ ਦੇ ਗੋਲੇ ਸੁੱਟਾਂਗੇ। ਮੈਨੂੰ ਨਹੀਂ ਪਤਾ ਕਿ ਅਜਿਹਾ ਕੀਤਾ ਕਿ ਨਹੀਂ, ਪਰ ਉਨ੍ਹਾਂ ਨੂੰ ਕਰਨਾ ਚਾਹੀਦਾ ਸੀ।”
ਟੀਐਮਸੀ ਸੰਸਦ ਮੈਂਬਰ ਸਾਕੇਤ ਗੋਖਲੇ ਨੇ ਇੱਕ ਪੋਸਟ ’ਚ ਲਿਖਿਆ, “ਹਰਿਆਣਾ ਪੁਲਿਸ ਨੇ ਡਰੋਨ ਦੀ ਵਰਤੋਂ ਕਰਕੇ ਅਸਮਾਨ ਤੋਂ ਅੱਥਰੂ ਗੈਸ ਦੇ ਗੋਲੇ ਸੁੱਟ ਕੇ ਇਸ ਨੂੰ ਟੈਸਟ ਕੀਤਾ ਹੈ…ਉਹ ਇਸ ਨੂੰ ਆਪਣੇ ਹੱਕਾਂ ਦੇ ਲਈ ਮਾਰਚ ਕਰ ਰਹੇ ਨਿਹੱਥੇ ਕਿਸਾਨਾਂ ਦੇ ਲਈ ਵੀ ਵਰਤ ਰਹੇ ਹਨ।”
ਹਰਿਆਣਾ ਪੁਲਿਸ ਦਾ ਕੀ ਕਹਿਣਾ ਹੈ?
ਬੀਬੀਸੀ ਨਾਲ ਗੱਲਬਾਤ ਕਰਦਿਆਂ ਹਰਿਆਣਾ ਪੁਲਿਸ ਦੇ ਡੀਜੀਪੀ ਸ਼ਤਰੂਜੀਤ ਕਪੂਰ ਨੇ ਡਰੋਨ ਦੀ ਜਾਇਜ਼ ਵਰਤੋਂ ’ਤੇ ਛਿੜੀ ਬਹਿਸ ਨੂੰ “ਨੌਨ ਇਸ਼ੂ” ਭਾਵ ਕੋਈ ਮੁੱਦਾ ਨਹੀਂ ਦੱਸਿਆ ਹੈ।
ਉਨ੍ਹਾਂ ਦਾ ਕਹਿਣਾ ਹੈ, “ਇਹ ਸਿਰਫ ਇੱਕ ਕਾਰਵਾਈ ਸਬੰਧਤ ਮਾਮਲਾ ਹੈ। ਜੇਕਰ ਅੱਥਰੂ ਗੈਸ ਦੀ ਵਰਤੋਂ ਗਨ ਰਾਹੀਂ ਹੋ ਸਕਦੀ ਹੈ ਤਾਂ ਫਿਰ ਡਰੋਨ ਰਾਹੀਂ ਉਹੀ ਗੋਲੇ ਸੁੱਟਣ ਦੀ ਕਾਰਵਾਈ ਵੀ ਸਹੀ ਹੋਣੀ ਚਾਹੀਦੀ ਹੈ, ਕਿਉਂਕਿ ਡਰੋਨ ਤਾਂ ਸਿਰਫ਼ ਇੱਕ ਪਲੇਟਫਾਰਮ ਹੈ।
ਇਹ ਕੁਝ ਇਸ ਤਰ੍ਹਾਂ ਹੈ ਕਿ ਕਾਰ ਰਾਹੀਂ ਭੋਜਨ ਪਹੁੰਚਾਉਣਾ ਤਾਂ ਠੀਕ ਹੈ ਪਰ ਸਕੂਟੀ ਰਾਹੀਂ ਨਹੀਂ। ਜੇਕਰ ਉਸ ’ਚ ਕੋਈ ਸਮੱਸਿਆ ਹੈ ਤਾਂ ਦੱਸੋ।”
ਡੀਜੀਪੀ ਸ਼ਤਰੂਜੀਤ ਕਪੂਰ ਦੇ ਮੁਤਾਬਕ, “ਸਥਿਤੀ ਨੂੰ ਕਾਬੂ ’ਚ ਕਰਨ ਦੇ ਲਈ ਸਾਡੀ ਤਰਜੀਹ ਘੱਟ ਤੋਂ ਘੱਟ ਤਾਕਤ ਦੀ ਵਰਤੋਂ ਕਰਨਾ ਹੈ। ਜੇਕਰ ਡਰੋਨ ਦੀ ਵਰਤੋਂ ਰੋਕੀ ਗਈ ਤਾਂ ਮੁਜ਼ਾਹਰਾਕਾਰੀ ਹੋਰ ਨੇੜੇ ਆ ਜਾਣਗੇ ਅਤੇ ਸਾਨੂੰ ਜ਼ਿਆਦਾ ਤਾਕਤ ਦੀ ਵਰਤੋਂ ਕਰਨ ਲਈ ਮਜਬੂਰ ਹੋਣਾ ਪਵੇਗਾ।”
ਦੂਜੇ ਪਾਸੇ ਮਨੁੱਖੀ ਅਧਿਕਾਰ ਸੰਗਠਨ ਐਮਨੇਸਟੀ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ, “ਅੱਥਰੂ ਗੈਸ ਦੇ ਗੋਲਿਆਂ ਨੂੰ ਡਰੋਨ ਰਾਹੀਂ ਨਹੀਂ ਸੁੱਟਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਮੁਜ਼ਾਹਰਾਕਾਰੀਆਂ ’ਤੇ ਜ਼ਿਆਦਾ ਰਸਾਇਣਕ ਪ੍ਰਭਾਵ ਪੈ ਸਕਦਾ ਹੈ ਅਤੇ ਇਸ ਨਾਲ ਭੱਗਦੜ ਵੀ ਮੱਚ ਸਕਦੀ ਹੈ।
ਬਿਆਨ ਵਿੱਚ ਅੱਗੇ ਲਿਖਿਆ ਹੈ, "ਅਜਿਹੀ ਸਥਿਤੀ ’ਚ ਇਹ ਸੰਭਵ ਹੈ ਕਿ ਮੁਜ਼ਾਹਰਾਕਾਰੀ ਇੱਧਰ-ਉੱਧਰ ਭੱਜਣ ਲੱਗਿਆ ਸਭ ਤੋਂ ਸਹੀ ਰਸਤੇ ਦੀ ਚੋਣ ਹੀ ਨਾ ਕਰ ਸਕਣ।”
ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਸਥਿਤੀ ਨਾਲ ਨਜਿੱਠਣ ਲਈ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਗੱਲ ਕਹੀ ਹੈ।
ਡਰੋਨ ਦੀ ਵਰਤੋਂ ਕਿਉਂ?
ਤਾਜ਼ਾ ਸਥਿਤੀ ਮੁਤਾਬਕ ਪੰਜਾਬ ਤੋਂ ਦਿੱਲੀ ਵੱਲ ਨੂੰ ਵਧ ਰਹੇ ਹਜ਼ਾਰਾਂ ਕਿਸਾਨਾਂ ਨੂੰ ਹਰਿਆਣਾ ਪੁਲਿਸ ਨੇ ਸ਼ੰਭੂ ਬਾਰਡਰ ’ਤੇ ਰੋਕ ਲਿਆ ਹੈ। ਇਸ ਸਥਿਤੀ ਨੇ ਇੰਟਰਨੈਟ ਸੇਵਾਵਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ।
ਪੁਲਿਸ ਨੇ ਜਿੱਥੇ ਮਾਰਚ ਨੂੰ ਅੱਗੇ ਵਧਣ ਤੋਂ ਰੋਕਣ ਲਈ ਸਖ਼ਤ ਬੰਦੋਬਸਤ ਕੀਤੇ ਹਨ, ਉੱਥੇ ਹੀ ਦਿੱਲੀ ਪੁਲਿਸ ਨੇ ਵੀ ਸਰਹੱਦ ’ਤੇ ਸਖ਼ਤ ਬੈਰੀਗੇਟਿੰਗ, ਮੋਰਚਾਬੰਦੀ ਕੀਤੀ ਹੋਈ ਹੈ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਥਿਤੀ ਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਹੱਲ ਕਰਨ ਦੀ ਹਦਾਇਤ ਕੀਤੀ ਹੈ ਅਤੇ ਇਸ ਦੇ ਨਾਲ ਹੀ ਮਾਣਯੋਗ ਅਦਾਲਤ ਦਾ ਕਹਿਣਾ ਸੀ ਕਿ ਤਾਕਤ ਦੀ ਵਰਤੋਂ ਆਖ਼ਰੀ ਬਦਲ ਹੋਣਾ ਚਾਹੀਦਾ ਹੈ।
ਮੁਜ਼ਾਹਰਾਕਾਰੀਆਂ ਨੂੰ ਖਿੰਡਾਉਣ ਦੇ ਲਈ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਤਾਂ ਲੰਬੇ ਸਮੇਂ ਤੋਂ ਹੁੰਦੀ ਆ ਰਹੀ ਹੈ। ਪਰ ਇਸ ਮਕਸਦ ਦੇ ਲਈ ਡਰੋਨ ਦੀ ਵਰਤੋਂ ਕਿਉਂ ਕੀਤੀ ਗਈ ਹੈ?
ਹਰਿਆਣਾ ਪੁਲਿਸ ਦੇ ਡੀਜੀਪੀ ਸ਼ਤਰੂਜੀਤ ਕਪੂਰ ਦੇ ਮੁਤਾਬਕ “ਅੱਥਰੂ ਗੈਸ ਦੀ ਵਰਤੋਂ ਹਵਾ ਦੀ ਦਿਸ਼ਾ ’ਤੇ ਨਿਰਭਰ ਕਰਦੀ ਹੈ।
ਅੱਥਰੂ ਗੈਸ ਦੀ ਵਰਤੋਂ ਉਦੋਂ ਤੱਕ ਅਸਰਦਾਰ ਨਹੀਂ ਹੈ ਜਦੋਂ ਤੱਕ ਹਵਾ ਦੀ ਦਿਸ਼ਾ ਭੀੜ ਵੱਲ ਨਾ ਹੋਵੇ। ਡਰੋਨ ਸਾਨੂੰ ਰੇਂਜ ਅਤੇ ਜਿਸ ਥਾਂ ’ਤੇ ਅੱਥਰੂ ਗੈਸ ਦੇ ਗੋਲੇ ਸੁੱਟਣੇ ਹਨ, ਉਸ ਦੀ ਆਜ਼ਾਦੀ ਦਿੰਦਾ ਹੈ।”
ਸ਼ਤਰੂਜੀਤ ਕਪੂਰ ਦੇ ਮੁਤਾਬਕ ਅੱਥਰੂ ਗੈਸ ਦੇ ਗੋਲਿਆਂ ਨੂੰ ਬੰਦੂਕ ਰਾਹੀਂ ਸੁੱਟਣਾ ਅਤੇ ਡਰੋਨ ਨਾਲ ਸੁੱਟਣਾ ਇੱਕੋ ਜਿਹੀ ਗੱਲ ਹੈ।
ਉਨ੍ਹਾਂ ਦਾ ਕਹਿਣਾ ਹੈ, “ਭੀੜ ਤੁਹਾਡੇ ’ਤੇ ਪੱਥਰ ਸੁੱਟ ਰਹੀ ਹੈ। ਭੀੜ ਲਾਠੀਆਂ, ਸੈਕੜੇ ਟਰੈਕਟਰ, ਜਿਨ੍ਹਾਂ ’ਤੇ ਇਸ ਵਾਰ ਸਪਾਈਕਸ ਵੀ ਲੱਗੇ ਹੋਏ ਹਨ, ਉਨ੍ਹਾਂ ਨਾਲ ਪੂਰੀ ਤਰ੍ਹਾਂ ਨਾਲ ਲੈਸ ਹੈ। ਉਨ੍ਹਾਂ ਨਾਲ ਨਜਿੱਠਣਾ ਸੌਖਾ ਨਹੀਂ ਹੈ, ਇਸ ਲਈ ਅਸੀਂ ਅੱਥਰੂ ਗੈਸ ਦੀ ਵਰਤੋਂ ਕੀਤੀ।”
ਸ਼ਤਰੂਜੀਤ ਕਪੂਰ ਦੇ ਮੁਤਾਬਕ ਹਰਿਆਣਾ ਪੁਲਿਸ ਪਿਛਲੇ ਲੰਮੇ ਸਮੇਂ ਤੋਂ ਨਿਗਰਾਨੀ, ਟ੍ਰੈਫਿਕ ਪ੍ਰਬੰਧਨ ਆਦਿ ਦੇ ਲਈ ਡਰੋਨ ਦੀ ਵਰਤੋਂ ਕਰ ਰਹੀ ਹੈ।
ਕੁਝ ਮਹੀਨੇ ਪਹਿਲਾਂ ਤੱਕ ਡਰੋਨ ਦੀ ਵਰਤੋਂ ਦਿੱਲੀ-ਗੁਰੂਗ੍ਰਾਮ ਐਕਸਪ੍ਰੈਸਵੇਅ ’ਤੇ ਲੇਨ ਡਰਾਈਵਿੰਗ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ’ਤੇ ਜੁਰਮਾਨਾ ਲਗਾਉਣ ਦੇ ਲਈ ਕੀਤਾ ਗਿਆ ਸੀ।
ਹਰਿਆਣਾ ਪੁਲਿਸ ਦੇ ਡੀਜੀਪੀ ਸ਼ਤਰੂਜੀਤ ਕਪੂਰ ਦੇ ਮੁਤਾਬਕ, “ਅਸੀਂ ਡਰੋਨ ਦੀ ਵਰਤੋਂ ਉਦੋਂ ਕਰਦੇ ਹਾਂ, ਜਦੋਂ ਹਵਾ ਦੀ ਦਿਸ਼ਾ ਸਾਡੇ ਅਨੁਕੂਲ ਹੋਵੇ। ਇਸ ਨਾਲ ਅੱਥਰੂ ਗੈਸ ਦੇ ਗੋਲੇ ਕਿੰਨੀ ਦੂਰ ਤੱਕ ਸੁੱਟਣੇ ਹਨ, ਉਸ ’ਤੇ ਕੰਟਰੋਲ ਰੱਖਿਆ ਜਾ ਸਕਦਾ ਹੈ।"
ਉਨ੍ਹਾਂ ਅੱਗੇ ਕਿਹਾ, "ਦੂਰੀ ਦੇ ਕਾਰਨ ਅਸੀਂ ਗੋਲਿਆਂ ਨੂੰ ਦਾਗ ਨਹੀਂ ਸਕਦੇ ਹਾਂ। ਸਭ ਤੋਂ ਵੱਧ ਤਾਕਤਵਰ ਸੁਰੱਖਿਆ ਮੁਲਾਜ਼ਮ ਵੀ ਉਸ ਨੂੰ 30 ਤੋ 40 ਮੀਟਰ ਤੱਕ ਹੀ ਸੁੱਟ ਸਕਦਾ ਹੈ ਅਤੇ ਫਿਰ ਉਸੇ ਗੋਲੇ ਨੂੰ ਸਾਡੇ ਵੱਲ ਵੀ ਸੁੱਟਿਆ ਜਾ ਸਕਦਾ ਹੈ ਕਿਉਂਕਿ ਅਸੀਂ ਬੈਰੀਕੇਡਿੰਗ ਤੋਂ ਮਹਿਜ 15 ਮੀਟਰ ਹੀ ਪਿੱਛੇ ਰਹਿੰਦੇ ਹਾਂ।”
ਉਹ ਅੱਗੇ ਦੱਸਦੇ ਹਨ, “ਇਸ ਲਈ ਸਾਡੇ ਕੋਲ ਡਰੋਨ ਦੀ ਵਰਤੋਂ ਹੀ ਇੱਕੋ ਇੱਕ ਬਦਲ ਹੈ। ਇਹੀ ਕਾਰਨ ਹੈ ਕਿ ਸਾਨੂੰ ਅੱਥਰੂ ਗੈਸ ਦੇ ਗੋਲੇ ਭੀੜ ਦੇ ਪਿੱਛੇ ਸੁੱਟਣੇ ਪੈ ਰਹੇ ਹਨ, ਕਿਉਂਕਿ ਜੇਕਰ ਹਵਾ ਦੀ ਦਿਸ਼ਾ ਸਾਡੇ ਵੱਲ ਹੋਵੇਗੀ ਤਾਂ ਪਹਿਲਾਂ ਭੀੜ ’ਤੇ ਉਸ ਦਾ ਅਸਰ ਪਵੇਗਾ ਅਤੇ ਫਿਰ ਕਿਤੇ ਸਾਡੇ ਤੱਕ ਥੋੜੀ ਬਹੁਤ ਗੈਸ ਪਹੁੰਚ ਸਕੇਗੀ। ਹੋ ਵੀ ਅਜਿਹਾ ਹੀ ਰਿਹਾ ਹੈ। ਇਹ ਪ੍ਰਕਿਰਿਆ ਸਬੰਧੀ ਵਿਸ਼ਾ ਹੈ ਅਤੇ ਕਿਸੇ ਨੂੰ ਵੀ ਇਸ ’ਤੇ ਇਤਰਾਜ਼ ਨਹੀਂ ਹੋਣਾ ਚਾਹੀਦਾ ਹੈ।”
ਡਰੋਨ ਦੀ ਵਰਤੋਂ ’ਤੇ ਇੰਡਸਟਰੀ ਦਾ ਨਜ਼ਰੀਆ
ਦੂਜੇ ਪਾਸੇ ਡਰੋਨ ਜ਼ਰੀਏ ਅੱਥਰੂ ਗੈਸ ਦੇ ਗੋਲੇ ਸੁੱਟੇ ਜਾਣ ਦੀਆਂ ਤਸਵੀਰਾਂ ਡਰੋਨ ਇੰਡਸਟਰੀ ਨਾਲ ਜੁੜੇ ਲੋਕਾਂ ਨੇ ਵੀ ਵੇਖੀਆਂ ਹਨ।
ਡਰੋਨ ਫੈਡਰੇਸ਼ਨ ਆਫ਼ ਇੰਡੀਆ ਦੇ ਮੁਤਾਬਕ ਦੇਸ਼ ’ਚ ਲਗਭਗ 300 ਤੋਂ ਵੀ ਵੱਧ ਡਰੋਨ ਸਟਾਰਟਅੱਪ ਮੌਜੂਦ ਹਨ।
ਇਨ੍ਹਾਂ ’ਚੋਂ ਤਕਰੀਬਨ ਇਕ ਤਿਹਾਈ ਜਾਂ 40% ਡਰੋਨ ਦੇ ਉਤਪਾਦਨ ਨਾਲ ਜੁੜੇ ਹੋਏ ਹਨ, 40-50% ਡਰੋਨ ਸੇਵਾਵਾਂ ਨਾਲ ਜੁੜੇ ਹੋਏ ਹਨ, ਜਦੋਂ ਕਿ ਕਰੀਬ 10% ਡਰੋਨ ਨਾਲ ਸਬੰਧਤ ਸਿਖਲਾਈ ਅਤੇ ਸੌਫਟਵੇਅਰ ਸਲਿਊਸ਼ਨਜ਼ ਦੇ ਨਾਲ ਜੁੜੇ ਹੋਏ ਹਨ।
ਡਰੋਨ ਫੈਡਰੇਸ਼ਨ ਆਫ਼ ਇੰਡੀਆ ਦੇ ਮੁਖੀ ਸਮਿਤ ਸ਼ਾਹ ਦੇ ਅਨੁਸਾਰ, “ਵਾਇਰਲ ਤਸਵੀਰਾਂ ਨੂੰ ਵੇਖਣ ਤੋਂ ਬਾਅਦ ਇੰਡਸਟਰੀ ’ਚ ਚਰਚਾ ਹੋ ਰਹੀ ਹੈ ਕਿ ਡਰੋਨ ਦੀ ਵਰਤੋਂ ਬਹੁਤ ਹੀ ਨਵੀਂ, ਰਚਨਾਤਮਕ ਅਤੇ ਸਾਹਸੀ ਹੈ, ਇਸ ਲਈ ਡਰੋਨ ਦੀ ਜਾਇਜ਼ ਵਰਤੋਂ ਸਬੰਧੀ ਵੀ ਵਿਚਾਰ ਚਰਚਾ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ, “ਕੀ ਡਰੋਨ ਦੀ ਮਦਦ ਨਾਲ ਅੱਥਰੂ ਗੈਸ ਦੇ ਗੋਲੇ ਸੁੱਟੇ ਜਾਣਾ ਜਾਇਜ਼ ਹੈ ਜਾਂ ਨਹੀਂ, ਇਸ ਬਾਰੇ ’ਚ ਸਮਾਜ ਅੰਦਰ ਬਹਿਸ ਛਿੜਨੀ ਚਾਹੀਦੀ ਹੈ ਅਤੇ ਜਲਦੀ ਹੀ ਕਿਸੇ ਨਤੀਜੇ ’ਤੇ ਪਹੁੰਚਣਾ ਚਾਹੀਦਾ ਹੈ।”
ਸਮਿਤ ਸ਼ਾਹ ਦੇ ਮੁਤਾਬਕ ਹਰਿਆਣਾ ਪੁਲਿਸ ਨੇ ਜਿਸ ਡਰੋਨ ਦੀ ਵਰਤੋਂ ਕੀਤੀ ਹੈ, ਉਸ ਦੀਆਂ ਤਸਵੀਰਾਂ ਵੇਖਣ ਤੋਂ ਲੱਗਦਾ ਹੈ ਕਿ ਇਹ ਡਰੋਨ 10-20 ਮਿੰਟ ਤੱਕ ਹਵਾ ’ਚ ਹੀ ਰਹਿ ਸਕਦਾ ਹੈ।
ਮੀਡੀਆ ਰਿਪੋਰਟਾਂ ਦੇ ਅਨੁਸਾਰ ਵਰਤੋਂ ’ਚ ਲਿਆਂਦੇ ਗਏ ਡਰੋਨ ਦਾ ਉਤਪਾਦਨ ਹਰਿਆਣਾ ਦੀ ਇੱਕ ਪਬਲਿਕ ਲਿਮਟਿਡ ਕੰਪਨੀ ਵੱਲੋਂ ਕੀਤਾ ਗਿਆ ਸੀ।
ਸ਼ਤਰੂਜੀਤ ਕਪੂਰ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਨਜਿੱਠਣ ਦੇ ਲਈ ਕਿੰਨੇ ਡਰੋਨਾਂ ਦੀ ਵਰਤੋਂ ਕੀਤੀ ਗਈ ਹੈ।
ਭਾਰਤ ’ਚ ਵਧਦੀ ਡਰੋਨ ਇੰਡਸਟਰੀ
ਡਰੋਨ ਦੀ ਵਰਤੋਂ ਖੇਤੀ, ਰੱਖਿਆ, ਨਿਗਰਾਨੀ ਆਦਿ ਕਾਰਜਾਂ ਲਈ ਕੀਤੀ ਜਾਂਦੀ ਹੈ।
ਸਾਲ 2014 ’ਚ ਮੁੰਬਈ ਵਿਖੇ ਡਰੋਨ ਦੀ ਵਰਤੋਂ ਪੀਜ਼ਾ ਡਿਲੀਵਰੀ ਲਈ ਕੀਤੀ ਗਈ ਸੀ, ਜਿਸ ਤੋਂ ਬਾਅਦ ਡਰੋਨ ਦੀ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ।
ਸਮਾਂ ਬਦਲਿਆ ਅਤੇ ਡਰੋਨ ਦੀ ਵਰਤੋਂ ਬਾਰੇ ਚਰਚਾ ਚਾਰੇ ਪਾਸੇ ਹੋਣ ਲੱਗੀ ਹੈ।
ਸਾਲ 2021 ’ਚ ਸਰਕਾਰ ਨੇ ਡਰੋਨ ਦੀ ਵਰਤੋਂ ਦੇ ਲਈ ਨਵੇਂ ਨੇਮਾਂ ਦੀ ਸ਼ੁਰੂਆਤ ਕੀਤੀ, ਜਿਸ ਨਾਲ ਕਿ ਭਾਰਤ ’ਚ ਇਸ ਇੰਡਸਟਰੀ ਨੂੰ ਇੱਕ ਨਵੀ ਦਿਸ਼ਾ ਮਿਲੀ। ਭਾਰਤ ਦਾ ਕਹਿਣਾ ਹੈ ਕਿ ਭਾਰਤ ਕੋਲ ਦੁਨੀਆ ਭਰ ਲਈ ਡਰੋਨ ਬਣਾਉਣ ਦੀ ਸਮਰੱਥਾ ਹੈ।
ਨਵੀਂ ਡਰੋਨ ਸੁਧਾਰ ਨੀਤੀ ਦੇ ਤਹਿਤ ਵਿਦੇਸ਼ੀ ਡਰੋਨ ਦੀ ਦਰਾਮਦ ’ਤੇ ਪਾਬੰਦੀ ਲਗਾ ਦਿੱਤੀ ਗਈ ਅਤੇ ਡਰੋਨ ਦੇ ਹਿੱਸਿਆਂ ਦੀ ਦਰਾਮਦ ਦੀ ਆਜ਼ਾਦੀ ਦਿੱਤੀ ਗਈ।
ਸਮਿਤ ਸ਼ਾਹ ਦੇ ਅਨੁਸਾਰ ਇਸ ਨਾਲ ਦੇਸ਼ ’ਚ ਡਰੋਨ ਦੇ ਉਤਪਾਦਨ ਅਤੇ ਬੌਧਿਕ ਸੰਪਤੀ ਅਧਿਕਾਰਾਂ ਨੂੰ ਉਤਸ਼ਾਹਿਤ ਕੀਤਾ ਗਿਆ।
ਰੂਸ-ਯੂਕਰੇਨ ਯੁੱਧ ਨੇ ਡਰੋਨ ਦੇ ਮੱਹਤਵ ਨੂੰ ਦੁਨੀਆ ਦੇ ਸਾਹਮਣੇ ਉਜਾਗਰ ਕੀਤਾ ਹੈ।
ਡਰੋਨ ਦੀ ਤਾਜ਼ਾ ਵਰਤੋਂ ’ਤੇ ਸ਼ੁਰੂ ਹੋਈ ਇਹ ਬਹਿਸ ਕਿਸ ਦਿਸ਼ਾ ਵੱਲ ਜਾਂਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।