ਮਹੂਆ ਮੋਇਤਰਾ ਦੀ ਲੋਕ ਸਭਾ ਮੈਂਬਰਸ਼ਿਪ ਰੱਦ, ਜਾਣੋ ਕੌਣ ਹਨ ਮਹੂਆ ਅਤੇ ਉਨ੍ਹਾਂ ਦੇ ਅਡਾਨੀ ਬਾਰੇ ਸਵਾਲ ਪੁੱਛਣ ਨੂੰ ਲੈ ਕੇ ਕੀ ਵਿਵਾਦ ਛਿੜਿਆ ਸੀ

ਮਹੂਆ ਮੋਇਤਰਾ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਮਹੂਆ ਮੋਇਤਰਾ

ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਦੀ ਲੋਕ ਸਭਾ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ। ਉਨ੍ਹਾਂ ਖ਼ਿਲਾਫ਼ 'ਪੈਸੇ ਲੈ ਕੇ ਸੁਆਲ ਪੁੱਛਣ' ਦੇ ਇਲਜ਼ਾਮ ਸਨ।

ਸ਼ੁੱਕਰਵਾਰ ਨੂੰ ਸੰਸਦ ਦੀ ਐਥਿਕਸ ਕਮੇਟੀ ਦੀ ਰਿਪੋਰਟ ਲੋਕ ਸਭਾ ਵਿੱਚ ਪਾਸ ਹੋ ਗਈ ਹੈ।

ਇਸ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਮੋਹੂਆ ਮੋਇਤਰਾ ਨੂੰ ਲੋਕ ਸਭਾ ਤੋਂ ਬਰਖ਼ਾਸਤ ਕਰਨ ਦੀ ਸਿਫ਼ਾਰਿਸ਼ ਕੀਤੀ ਸੀ।

ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਉਹ ਕਮੇਟੀ ਦੀ ਸਿਫ਼ਾਰਿਸ਼ ਨਾਲ ਸਹਿਮਤ ਹਨ।

ਮਹੂਆ ਮੋਇਤਰਾ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਮਹੂਆ ਮੋਇਤਰਾ

ਮਹੂਆ ਨੇ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਕੀ ਕਿਹਾ

ਮਹੂਆ ਮੋਇਤਰਾ ਨੇ ਕਿਹਾ, "ਮੈਂ 49 ਸਾਲ ਦੀ ਹਾਂ ਅਤੇ ਅਗਲੇ 30 ਸਾਲਾਂ ਤੱਕ ਸੰਸਦ ਦੇ ਅੰਦਰ ਅਤੇ ਬਾਹਰ ਤੁਹਾਡੇ ਖਿਲਾਫ਼ ਸੰਘਰਸ਼ ਕਰਾਂਗੀ।"

ਮੋਇਤਰਾ ਨੇ ਕਿਹਾ, “ਜੇਕਰ ਇਸ ਮੋਦੀ ਸਰਕਾਰ ਨੇ ਸੋਚਿਆ ਹੈ ਕਿ ਮੇਰੀ ਜੁਬਾਨ ਬੰਦ ਕਰਵਾਕੇ ਉਹ ਅਡਾਨੀ ਮੁੱਦੇ ਤੋਂ ਛੁਟਕਾਰਾ ਪਾ ਲਵੇਗੀ, ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਸ ਕੰਗਾਰੂ ਕੋਰਟ ਨੇ ਪੂਰੇ ਭਾਰਤ ਨੂੰ ਸਿਰਫ ਇਹ ਦਿਖਾਇਆ ਹੈ ਕਿ ਮਾਪਦੰਡ ਪ੍ਰਕਿਰਿਆ ਵਿੱਚ ਜਲਦਬਾਜ਼ੀ ਦਿਖਾਈ ਗਈ, ਇਹ ਸਭ ਦਰਸਾਉਂਦਾ ਹੈ ਕਿ ਅਡਾਨੀ ਤੁਹਾਡੇ ਲਈ ਕਿੰਨਾ ਅਹਿਮ ਹੈ।

“ਅਤੇ ਤੁਸੀਂ ਇੱਕ ਮਹਿਲਾ ਸੰਸਦ ਮੈਂਬਰ ਨੂੰ ਪਰੇਸ਼ਾਨ ਕਰਨ ਅਤੇ ਚੁੱਪ ਕਰਵਾਉਣ ਲਈ ਕਿੰਨਾ ਦੂਰ ਤੱਕ ਜਾਵੋਗੇ।''

ਚੋਣ ਲੜਨ ਬਾਰੇ ਪੁੱਛੇ ਗਏ ਸਵਾਲ 'ਤੇ ਮੋਇਤਰਾ ਨੇ ਕਿਹਾ ਕਿ, “ਇਹ ਸੁਭਾਵਿਕ ਹੈ ਕਿ ਮੈਂ ਚੋਣ ਲੜਾਂਗਾ।”

ਮਹੂਆ ਮੋਇਤਰਾ

ਕੀ ਹੈ ਮਾਮਲਾ

ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਮਹੂਆ ਮੋਇਤਰਾ ਦੇ ਖ਼ਿਲਾਫ਼ ਗੰਭੀਰ ਸ਼ਿਕਾਇਤ ਕਰਦੇ ਹੋਏ ਇੱਕ ਕਾਰੋਬਾਰੀ ਨੇ ਸੰਸਦੀ ਕਮੇਟੀ ਨੂੰ 'ਹਲਫ਼ਨਾਮਾ' ਭੇਜਿਆ ਸੀ।

ਇਹ ਸਭ ਉਦੋਂ ਸ਼ੁਰੂ ਹੋਇਆ ਜਦੋਂ ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਮਹੂਆ ਮੋਇਤਰਾ 'ਤੇ ਇਲਜ਼ਾਮ ਲਗਾਇਆ ਕਿ ਉਹ ਹੀਰਾਨੰਦਾਨੀ ਗਰੁੱਪ ਦੇ ਸੀਈਓ ਦਰਸ਼ਨ ਹੀਰਾਨੰਦਾਨੀ ਤੋਂ 'ਨਗਦੀ ਅਤੇ ਮਹਿੰਗੇ ਤੋਹਫ਼ੇ ਲੈ ਕੇ' ਸੰਸਦ 'ਚ ਸਵਾਲ ਪੁੱਛਦੇ ਹਨ।

ਇਸ ਦੇ ਨਾਲ ਹੀ ਦੂਬੇ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਤੋਂ ਇਹ ਵੀ ਮੰਗ ਕੀਤੀ ਕਿ ਮਹੂਆ ਮੋਇਤਰਾ ਨੂੰ ਮੁਅੱਤਲ ਕੀਤਾ ਜਾਵੇ।

ਇਹ ਮਾਮਲਾ ਉਦੋਂ ਹੋਰ ਗਰਮਾ ਗਿਆ ਸੀ ਜਦੋਂ ਸੰਸਦ ਦੀ ਐਥਿਕਸ ਕਮੇਟੀ ਦੇ ਪ੍ਰਧਾਨ ਵਿਨੋਦ ਸੋਨਕਰ ਨੇ ਟੀਵੀ ਚੈਨਲ ਐਨਡੀਟੀਵੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਪੁਸ਼ਟੀ ਕੀਤੀ ਸੀ ਕਿ ਉਨ੍ਹਾਂ ਨੂੰ ''ਦਰਸ਼ਨ ਹੀਰਾਨੰਦਾਨੀ ਦਾ ਇੱਕ ਹਲਫ਼ਨਾਮਾ ਮਿਲਿਆ ਹੈ ਅਤੇ ਜ਼ਰੂਰਤ ਪੈਣ 'ਤੇ ਮਹੂਆ ਮੋਇਤਰਾ ਨੂੰ ਤਲਬ ਕੀਤਾ ਜਾ ਸਕਦਾ ਹੈ।"

ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਅਜੇ ਕੁਝ ਮਹੀਨੇ ਪਹਿਲਾਂ ਹੀ ਅਡਾਨੀ ਗਰੁੱਪ ਨੇ ਐਨਡੀਟੀਵੀ ਨੂੰ ਟੇਕਓਵਰ ਕੀਤਾ ਹੈ।

ਮਹੂਆ ਮੋਇਤਰਾ ਨੇ ਇਨ੍ਹਾਂ ਇਲਜ਼ਾਮਾਂ ਨੂੰ ਝੂਠਾ ਦੱਸਿਆ ਸੀ ਅਤੇ ਕਿਹਾ ਸੀ ਕਿ ਉਹ ਇਸ ਦਾ ਜਵਾਬ ਜਾਂਚ ਕਮੇਟੀ ਨੂੰ ਦੇਣਗੇ।

ਬੀਬੀਸੀ ਨੇ ਇਸ ਮਾਮਲੇ 'ਤੇ ਮਹੂਆ ਮੋਇਤਰਾ ਦਾ ਪੱਖ ਜਾਣਨ ਲਈ ਬੀਤੇ ਮਹੀਨੇ ਸੰਪਰਕ ਕੀਤਾ ਪਰ ਉਨ੍ਹਾਂ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਹਾਲਾਂਕਿ, ਮੋਇਤਰਾ ਨੇ ਬੀਬੀਸੀ ਨੂੰ ਇੱਕ ਸੰਦੇਸ਼ ਵਿੱਚ ਪੁਸ਼ਟੀ ਕੀਤੀ ਸੀ ਕਿ ਉਨ੍ਹਾਂ ਨੇ 'ਝੂਠੀ, ਮਾੜੀ ਭਾਵਨਾ ਤੋਂ ਪ੍ਰੇਰਿਤ ਰਿਪੋਰਟਿੰਗ' ਦਾ ਇਲਜ਼ਾਮ ਲਗਾਉਂਦੇ ਹੋਏ 15 ਮੀਡੀਆ ਕੰਪਨੀਆਂ ਨੂੰ ਕਾਨੂੰਨੀ ਨੋਟਿਸ ਭੇਜਿਆ ਸੀ।

ਉੱਧਰ, ਨਿਸ਼ੀਕਾਂਤ ਦੂਬੇ ਨੇ ਸਪੀਕਰ ਨੂੰ ਲਿਖੀ ਚਿੱਠੀ ਵਿੱਚ ਇਲਜ਼ਾਮ ਲਗਾਇਆ ਸੀ ਕਿ "ਮਹੂਆ ਮੋਇਤਰਾ ਨੂੰ ਹੀਰਾਨੰਦਾਨੀ ਗਰੁੱਪ ਦੇ ਸੀਈਓ ਦਰਸ਼ਨ ਹੀਰਾਨੰਦਾਨੀ ਨੇ ਪੈਸੇ ਅਤੇ ਮਹਿੰਗੇ ਤੋਹਫ਼ੇ ਦਿੱਤੇ ਅਤੇ ਬਦਲੇ ਵਿੱਚ ਮਹੂਆ ਨੇ ਸੰਸਦ ਵਿੱਚ ਉਨ੍ਹਾਂ ਦੇ ਸਵਾਲ ਪੁੱਛੇ ਸਨ।"

ਮਹੂਆ ਮੋਇਤਰਾ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਮਹੂਆ ਮੋਇਤਰਾ

ਚਾਰ ਪੰਨੇ ਜਿਨ੍ਹਾਂ ਨੂੰ 'ਹਲਫ਼ਨਾਮਾ' ਦੱਸਿਆ ਗਿਆ ਸੀ

ਅੰਗਰੇਜ਼ੀ ਵਿੱਚ ਲਿਖੇ ਇਹ ਚਾਰ ਪੰਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਗਏ ਸਨ, ਜਿਨ੍ਹਾਂ ਬਾਰੇ ਕਿਹਾ ਜਾ ਰਿਹਾ ਸੀ ਕਿ ਇਹ ਦਰਸ਼ਨ ਹੀਰਾਨੰਦਾਨੀ ਦਾ 'ਹਲਫ਼ਨਾਮਾ' ਹਨ, ਉਨ੍ਹਾਂ ਵਿੱਚ ਮੋਇਤਰਾ 'ਤੇ ਕਈ ਗੰਭੀਰ ਇਲਜ਼ਾਮ ਲਗਾਏ ਗਏ ਸਨ।

ਸੋਸ਼ਲ ਮੀਡੀਆ 'ਤੇ ਪੜ੍ਹੇ ਜਾ ਸਕਣ ਵਾਲੇ ਇਸ ਦਸਤਾਵੇਜ਼ 'ਚ ਲਿਖਿਆ ਸੀ ਕਿ ਮਹੂਆ ਮੋਇਤਰਾ ਨੇ ਸੰਸਦ ਦੀ ਵੈੱਬਸਾਈਟ ਦਾ ਲੌਗਇਨ ਅਤੇ ਪਾਸਵਰਡ ਦਰਸ਼ਨ ਹੀਰਾਨੰਦਾਨੀ ਨੂੰ ਦਿੱਤਾ ਸੀ, ਜਿਸ ਰਾਹੀਂ ਉਹ ਮਹੂਆ ਦੀ ਤਰਫੋਂ ਸਵਾਲ ਲਿਖਦੇ ਸਨ, ਜਿਨ੍ਹਾਂ ਦੇ ਜਵਾਬ ਸਬੰਧਤ ਮੰਤਰਾਲਿਆਂ ਤੋਂ ਮੰਗੇ ਜਾਂਦੇ ਸਨ।

ਐਨਡੀਟੀਵੀ ਨਾਲ ਵਿਸ਼ੇਸ਼ ਗੱਲਬਾਤ ਵਿੱਚ ਐਥਿਕਸ ਕਮੇਟੀ ਦੇ ਪ੍ਰਧਾਨ ਨੇ ਕਿਹਾ ਹੈ ਕਿ ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਦੀ ਸ਼ਿਕਾਇਤ 'ਤੇ 26 ਅਕਤੂਬਰ ਨੂੰ ਸੁਣਵਾਈ ਕੀਤੀ ਜਾਵੇਗੀ। ਵਿਨੋਦ ਸੋਨਕਰ ਨੇ ਇਹ ਵੀ ਕਿਹਾ ਸੀ ਕਿ ਦੂਬੇ ਨੂੰ ਸਬੂਤ ਪੇਸ਼ ਕਰਨ ਲਈ ਕਿਹਾ ਗਿਆ ਸੀ।

ਨਿਸ਼ੀਕਾਂਤ ਦੂਬੇ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਨਿਸ਼ੀਕਾਂਤ ਦੂਬੇ

ਮਾਮਲੇ ਦੀ ਸ਼ੁਰੂਆਤ

ਨਿਸ਼ੀਕਾਂਤ ਦੂਬੇ ਨੇ ਮਹੂਆ ਮੋਇਤਰਾ 'ਤੇ ਪੈਸੇ ਲੈਣ ਅਤੇ ਸੰਸਦ 'ਚ ਸਵਾਲ ਪੁੱਛਣ ਦਾ ਇਲਜ਼ਾਮ ਲਗਾਇਆ ਅਤੇ ਸੰਸਦ ਦੇ ਸਪੀਕਰ ਨੂੰ ਉਨ੍ਹਾਂ ਖ਼ਿਲਾਫ਼ ਜਾਂਚ ਕਰਨ ਅਤੇ ਉਨ੍ਹਾਂ ਨੂੰ ਮੁਅੱਤਲ ਕਰਨ ਦੀ ਅਪੀਲ ਕੀਤੀ।

ਨਿਸ਼ੀਕਾਂਤ ਦੂਬੇ ਨੇ ਇਹ ਇਲਜ਼ਾਮ ਸੁਪਰੀਮ ਕੋਰਟ ਦੇ ਵਕੀਲ ਜੈ ਅਨੰਤ ਦੇਹਾਦਰਈ ਦੀ ਸ਼ਿਕਾਇਤ 'ਤੇ ਲਾਏ ਸਨ।

ਜੈ ਅਨੰਤ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਸਵੀਕਾਰ ਕੀਤਾ ਸੀ ਕਿ ਨਿਸ਼ੀਕਾਂਤ ਦੂਬੇ ਨੇ ਉਨ੍ਹਾਂ ਦੀ ਸ਼ਿਕਾਇਤ 'ਤੇ ਇਹ ਇਲਜ਼ਾਮ ਲਗਾਇਆ ਸੀ।

ਇਨ੍ਹਾਂ ਇਲਜ਼ਾਮਾਂ ਦਾ ਜਵਾਬ ਦਿੰਦੇ ਹੋਏ ਮਹੂਆ ਨੇ ਐਕਸ 'ਤੇ ਕਈ ਪੋਸਟਾਂ ਕੀਤੀਆਂ ਸਨ।

ਮਹੂਆ ਨੇ ਐਕਸ 'ਤੇ ਲਿਖਿਆ ਸੀ, ''ਫਰਜ਼ੀ ਡਿਗਰੀ ਵਾਲੇ ਅਤੇ ਭਾਜਪਾ ਦੇ ਕਈ ਲੋਕਾਂ ਖ਼ਿਲਾਫ਼ ਕਈ ਵਿਸ਼ੇਸ਼ ਅਧਿਕਾਰਾਂ ਦੇ ਉਲੰਘਣ ਦਾ ਮਾਮਲਾ ਲਟਕਿਆ ਹੋਇਆ ਹੈ। ਸਪੀਕਰ ਮਾਮਲਿਆਂ 'ਤੇ ਕਾਰਵਾਈ ਖ਼ਤਮ ਕਰਨ ਤੋਂ ਤੁਰੰਤ ਬਾਅਦ ਮੇਰੇ ਖ਼ਿਲਾਫ਼ ਜਾਂਚ ਸ਼ੁਰੂ ਕਰਨ। ਮੈਂ ਵੀ ਉਸ ਜਾਂਚ ਦਾ ਸਵਾਗਤ ਕਰਾਂਗੀ।''

''ਨਾਲ ਹੀ ਇੰਤਜ਼ਾਰ ਹੈ ਕਿ ਈਡੀ ਵੀ ਮੇਰੇ ਦਰਵਾਜ਼ੇ 'ਤੇ ਆਉਣ ਤੋਂ ਪਹਿਲਾਂ ਅਡਾਨੀ ਕੋਲਾ ਘੁਟਾਲੇ ਵਿੱਚ ਐਫਆਈਆਰ ਦਰਜ ਕਰੇਗੀ।

ਮਹੂਆ ਮੋਇਤਰਾ

ਤਸਵੀਰ ਸਰੋਤ, Mahua Moitra Fb

ਤਸਵੀਰ ਕੈਪਸ਼ਨ, ਮਹੂਆ ਮੋਇਤਰਾ

ਕੌਣ ਹਨ ਮਹੂਆ ਮੋਇਤਰਾ

ਮਹੂਆ ਮੋਇਤਰਾ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸਨ।

ਇਸ ਤੋਂ ਪਹਿਲਾਂ ਉਹ ਪੱਛਮੀ ਬੰਗਾਲ ਵਿੱਚ ਵਿਧਾਇਕ ਰਹਿ ਚੁੱਕੇ ਹਨ

ਉਨ੍ਹਾਂ ਨੇ ਵਿਦੇਸ਼ ਵਿੱਚ ਪੜ੍ਹਾਈ ਕੀਤੀ, ਇੱਕ ਨਿਵੇਸ਼ ਬੈਂਕਰ ਵਜੋਂ ਨੌਕਰੀ ਕੀਤੀ ਅਤੇ ਫਿਰ ਸਭ ਕੁਝ ਛੱਡ ਕੇ 2009 ਵਿੱਚ ਸਿਆਸਤ 'ਚ ਪੈਰ ਧਰਿਆ

ਪਹਿਲਾਂ ਉਹ ਕਾਂਗਰਸ ਵਿੱਚ ਸ਼ਾਮਲ ਹੋਏ ਅਤੇ ਫਿਰ 2010 ਵਿੱਚ ਟੀਐਮਸੀ ਵਿੱਚ ਸ਼ਾਮਲ ਹੋ ਗਏ

ਉਹ 2016 ਵਿੱਚ ਕਰੀਮਪੁਰ ਸੀਟ ਤੋਂ ਵਿਧਾਇਕ ਬਣੇ

ਫਿਰ 2019 ਵਿੱਚ ਕ੍ਰਿਸ਼ਨਾਨਗਰ ਸੀਟ ਤੋਂ ਸੰਸਦ ਮੈਂਬਰ ਬਣੇ

2021 ਵਿੱਚ ਜਦੋਂ ਜਦੋਂ ਮਮਤਾ ਬੈਨਰਜੀ ਨੇ ਗੋਆ ਵਿੱਚ ਚੋਣ ਲੜਨ ਦਾ ਫੈਸਲਾ ਕੀਤਾ ਤਾਂ ਪਾਰਟੀ ਨੇ ਉੱਥੇ ਤਿਆਰੀਆਂ ਦੀ ਜ਼ਿੰਮੇਵਾਰੀ ਮਹੂਆ ਨੂੰ ਹੀ ਦਿੱਤੀ ਸੀ

ਅਨੰਤ ਦੇਹਾਦਰਾਈ

ਤਸਵੀਰ ਸਰੋਤ, X@JAI_A_DEHADRA

ਤਸਵੀਰ ਕੈਪਸ਼ਨ, ਅਨੰਤ ਦੇਹਾਦਰਾਈ

ਕੌਣ ਹਨ ਅਨੰਤ ਦੇਹਾਦਰਾਈ?

ਸਭ ਤੋਂ ਪਹਿਲਾਂ, ਆਓ ਜਾਣਦੇ ਹਾਂ ਕਿ ਉਹ ਵਿਅਕਤੀ ਕੌਣ ਹੈ ਜਿਨ੍ਹਾਂ ਦੀ ਸ਼ਿਕਾਇਤ ਨਿਸ਼ੀਕਾਂਤ ਦੂਬੇ ਦੀ ਚਿੱਠੀ ਦਾ ਆਧਾਰ ਹੈ, ਮਤਲਬ ਕਿਸ ਦੇ ਇਨਪੁਟ 'ਤੇ ਇਹ ਸਾਰਾ ਮਾਮਲਾ ਸ਼ੁਰੂ ਹੋਇਆ।

ਮਹੂਆ ਮੋਇਤਰਾ ਨੇ ਜੈ ਅਨੰਤ ਦੇਹਾਦਰਾਈ ਨੂੰ 'ਜਿਲਟੇਡ ਐਕਸ' ਭਾਵ ਇੱਕ ਨਿਰਾਸ਼ ਸਾਬਕਾ ਪ੍ਰੇਮੀ ਕਿਹਾ ਹੈ।

ਜੈ ਅਨੰਤ ਦੀ ਉਮਰ 35 ਸਾਲ ਹੈ। ਜੈ ਅਨੰਤ ਦੇ ਲਿੰਕਡਇਨ ਪ੍ਰੋਫਾਈਲ ਦੇ ਅਨੁਸਾਰ, ਉਹ ਸੁਪਰੀਮ ਕੋਰਟ ਵਿੱਚ ਇੱਕ ਵਕੀਲ ਹਨ ਅਤੇ ਉਨ੍ਹਾਂ ਨੇ ਸਾਬਕਾ ਐਡੀਸ਼ਨਲ ਸਾਲਿਸਟਰ ਜਨਰਲ ਏਐਨਐਸ ਨਾਡਕਰਣੀ ਦੇ ਚੈਂਬਰ ਵਿੱਚ ਕੰਮ ਕਰ ਚੁੱਕੇ ਹਨ।

ਉਹ ਹੁਣ ਆਪਣੀ ਪ੍ਰੈਕਟਿਸ ਚਲਾਉਂਦੇ ਹਨ, ਜਿਸ ਦਾ ਹੈ - ਲਾਅ ਚੈਂਬਰਜ਼ ਆਫ਼ ਜੈ ਅਨੰਤ ਦੇਹਾਦਰਾਈ। ਉਨ੍ਹਾਂ ਨੇ ਅਮਰੀਕਾ ਦੀ ਪੈਨਸਿਲਵੇਨੀਆ ਯੂਨੀਵਰਸਿਟੀ ਤੋਂ ਐਲਐਲਐਮ ਦੀ ਪੜ੍ਹਾਈ ਕੀਤੀ ਹੈ।

ਉਹ ਟਾਈਮਜ਼ ਆਫ਼ ਇੰਡੀਆ ਵਿੱਚ ‘ਦਿ ਇਰਰੇਵਰੈਂਟ ਲਾਯਰ’ ਦੇ ਨਾਂ ਹੇਠ ਆਪਣੇ ਲੇਖ ਵੀ ਲਿਖਦੇ ਰਹੇ ਹਨ।

ਜਦੋਂ ਅਸੀਂ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਦੀ ਖੋਜ ਕੀਤੀ ਤਾਂ ਸਾਨੂੰ ਮਹੂਆ ਮੋਇਤਰਾ ਦੇ ਪਾਲਤੂ ਕੁੱਤੇ ਹੈਨਰੀ ਨਾਲ ਜੈ ਅਨੰਤ ਦੀਆਂ ਕਈ ਤਸਵੀਰਾਂ ਮਿਲੀਆਂ।

ਕੁਝ ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਹੈਨਰੀ ਨੂੰ ਆਪਣੇ ਨਾਲ ਰੱਖਣ ਨੂੰ ਲੈ ਕੇ ਮਹੂਆ ਮੋਇਤਰਾ ਅਤੇ ਜੈ ਅਨੰਤ ਵਿਚਾਲੇ ਵਿਵਾਦ ਚੱਲ ਰਿਹਾ ਹੈ।

ਜੈ ਅਨੰਤ ਦੀ ਐਕਸ-ਫੀਡ ਦੱਸਦੀ ਹੈ ਕਿ ਉਹ ਸਿਆਸੀ ਮੁੱਦਿਆਂ 'ਤੇ ਆਪਣੀ ਰਾਇ ਜ਼ਾਹਰ ਕਰਨ ਵਿੱਚ ਬਿਲਕੁਲ ਵੀ ਸੰਕੋਚ ਨਹੀਂ ਕਰਦੇ।

ਆਪਣੇ ਟਵੀਟ 'ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੂਰਦਰਸ਼ੀ ਆਗੂ ਦੱਸਿਆ ਹੈ ਅਤੇ ਇੱਕ ਹੋਰ ਟਵੀਟ 'ਚ ਉਨ੍ਹਾਂ ਨੇ ਫਰਜ਼ੀ ਦਸਤਖਤ ਵਿਵਾਦ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ 'ਬੇਸ਼ਰਮ' ਕਿਹਾ ਹੈ।

ਦਰਸ਼ਨ ਹੀਰਾਨੰਦਾਨੀ

ਤਸਵੀਰ ਸਰੋਤ, KUNAL PATIL/HINDUSTAN TIMES VIA GETTY IMAGES

ਤਸਵੀਰ ਕੈਪਸ਼ਨ, ਦਰਸ਼ਨ ਹੀਰਾਨੰਦਾਨੀ

ਹੀਰਾਨੰਦਾਨੀ ਦਾ 'ਹਲਫ਼ਨਾਮਾ' ਕੀ ਹੈ

ਐਤਵਾਰ ਨੂੰ ਜਦੋਂ ਇਹ ਇਲਜ਼ਾਮ ਸਾਹਮਣੇ ਆਏ ਤਾਂ ਉਸ ਤੋਂ ਇਕ ਦਿਨ ਬਾਅਦ ਹੀਰਾਨੰਦਾਨੀ ਗਰੁੱਪ ਨੇ ਇੱਕ ਬਿਆਨ ਜਾਰੀ ਕਰ ਕੇ 'ਭਾਜਪਾ ਸੰਸਦ ਮੈਂਬਰ ਦੇ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਖਾਰਿਜ ਕਰਦੇ ਹੋਏ ਉਨ੍ਹਾਂ ਨੂੰ ਬੇਬੁਨਿਆਦ ਦੱਸਿਆ'।

ਪਰ ਵੀਰਵਾਰ ਨੂੰ ਦੁਬਈ ਵਿੱਚ ਰਹਿਣ ਵਾਲੇ ਦਰਸ਼ਨ ਹੀਰਾਨੰਦਾਨੀ ਦੇ ਇੱਕ 'ਹਲਫ਼ਨਾਮੇ' ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ, ਜਿਸ ਦੀ ਪੁਸ਼ਟੀ ਸ਼ੁੱਕਰਵਾਰ ਨੂੰ ਐਥਿਕਸ ਕਮੇਟੀ ਦੇ ਪ੍ਰਧਾਨ ਨੇ ਕੀਤੀ।

ਇਨ੍ਹਾਂ ਇਲਜ਼ਾਮਾਂ ਦਾ ਜਵਾਬ ਦਿੰਦੇ ਹੋਏ ਮਹੂਆ ਮੋਇਤਰਾ ਨੇ ਕਿਹਾ ਹੈ ਕਿ ਇਹ ਪੂਰਾ 'ਹਲਫ਼ਨਾਮਾ' ਇੱਕ 'ਮਜ਼ਾਕ' ਹੈ ਅਤੇ ਇਸ ਦਾ ਖਰੜਾ 'ਪੀਐਮਓ ਵਿੱਚ ਤਿਆਰ ਕੀਤਾ ਗਿਆ ਹੈ'।

ਇੰਡੀਅਨ ਐਕਸਪ੍ਰੈਸ ਮੁਤਾਬਕ, ਹੀਰਾਨੰਦਾਨੀ ਗਰੁੱਪ ਦੇ ਕਾਰਪੋਰੇਟ ਸੰਚਾਰ ਵਿਭਾਗ ਨੇ ਮੀਡੀਆ 'ਚ ਇਹ ਦਸਤਾਵੇਜ਼ ਜਾਰੀ ਕੀਤਾ ਹੈ।

ਪਰ ਬੀਬੀਸੀ ਇਸ ਦਸਤਾਵੇਜ਼ ਦੇ ਪ੍ਰਮਾਣਿਕ 'ਹਲਫ਼ਨਾਮਾ' ਹੋਣ ਦੀ ਪੁਸ਼ਟੀ ਨਹੀਂ ਕਰ ਸਕਿਆ ਹੈ।

ਅਡਾਨੀ ਕੁਨੈਕਸ਼ਨ ਕੀ ਹੈ

ਜਿਨ੍ਹਾਂ ਪੰਨਿਆਂ ਨੂੰ 'ਹਲਫ਼ਨਾਮਾ' ਦੱਸਿਆ ਜਾ ਰਿਹਾ ਹੈ, ਉਨ੍ਹਾਂ ਵਿੱਚ ਦਰਸ਼ਨ ਹੀਰਾਨੰਦਾਨੀ ਨੇ ਕਿਹਾ ਹੈ ਕਿ ''ਜਦੋਂ ਮੈਂ ਮੋਇਤਰਾ ਨੂੰ ਅਡਾਨੀ ਸਮੂਹ 'ਤੇ ਸੰਸਦ 'ਚ ਪੁੱਛੇ ਜਾਣ ਵਾਲੇ ਸਵਾਲਾਂ ਦਾ ਪਹਿਲਾ ਸੈੱਟ ਦਿੱਤਾ ਤਾਂ ਉਨ੍ਹਾਂ ਸਵਾਲਾਂ 'ਤੇ ਉਨ੍ਹਾਂ ਨੂੰ ਵਿਰੋਧੀ ਧਿਰ ਅਤੇ ਇੱਕ ਵਰਗ ਦਾ ਕਾਫੀ ਸਮਰਥਨ ਮਿਲਿਆ।''

''ਇਸ ਤੋਂ ਬਾਅਦ ਉਨ੍ਹਾਂ ਨੇ (ਮਹੂਆ ਮੋਇਤਰਾ) ਨੇ ਮੈਨੂੰ ਕਿਹਾ ਕਿ ਮੈਂ ਉਨ੍ਹਾਂ ਨੂੰ ਅਡਾਨੀ ਗਰੁੱਪ ਦੇ ਖ਼ਿਲਾਫ਼ ਸਵਾਲ ਪੁੱਛਣ ਵਿੱਚ ਮਦਦ ਕਰਦਾ ਰਹਾਂ। ਇਸ ਦੇ ਲਈ ਉਨ੍ਹਾਂ ਨੇ ਮੈਨੂੰ ਆਪਣਾ ਪਾਰਲੀਮੈਂਟ ਲੌਗ-ਇਨ ਅਤੇ ਪਾਸਵਰਡ ਵੀ ਦੇ ਦਿੱਤਾ ਤਾਂ ਜੋ ਮੈਂ ਮਹੂਆ ਮੋਇਤਰਾ ਦੀ ਤਰਫੋਂ ਸਿੱਧੇ ਸਵਾਲ ਪੋਸਟ ਕਰ ਸਕਾਂ।"

ਇਨ੍ਹਾਂ ਪੰਨਿਆਂ 'ਚ ਦਰਸ਼ਨ ਹੀਰਾਨੰਦਾਨੀ ਨੇ ਕੁਝ ਪੱਤਰਕਾਰਾਂ ਅਤੇ ਮੀਡੀਆ ਸੰਗਠਨਾਂ 'ਤੇ ਇਹ ਇਲਜ਼ਾਮ ਵੀ ਲਗਾਇਆ ਹੈ ਕਿ ਉਹ ਮਹੂਆ ਮੋਇਤਰਾ ਦੇ ਸੰਪਰਕ 'ਚ ਸਨ ਅਤੇ ਮਹੂਆ ਇਨ੍ਹਾਂ ਪੱਤਰਕਾਰਾਂ ਨਾਲ ਲਗਾਤਾਰ ਗੱਲਬਾਤ ਕਰਦੇ ਰਹਿੰਦੇ ਸਨ।

ਇਨ੍ਹਾਂ ਪੰਨਿਆਂ 'ਚ ਲਿਖਿਆ ਹੈ, "ਅਡਾਨੀ ਗਰੁੱਪ 'ਤੇ ਸੰਸਦ 'ਚ ਸਵਾਲ ਪੁੱਛਣ ਲਈ ਉਹ ਕਈ ਲੋਕਾਂ ਨਾਲ ਜਿਵੇਂ ਸੁਚੇਤਾ ਦਲਾਲ, ਸ਼ਾਰਦੂਲ ਸ਼ਰਾਫ ਅਤੇ ਪੱਲਵੀ ਸ਼ਰਾਫ ਤੋਂ ਮਦਦ ਲੈਂਦੇ ਸਨ। ਇਹ ਲੋਕ ਮਹੂਆ ਨੂੰ ਗੈਰ-ਪ੍ਰਮਾਣਿਕ ਜਾਣਕਾਰੀਆਂ ਦਿੰਦੇ ਸਨ।''

''ਰਾਹੁਲ ਗਾਂਧੀ ਵੀ ਉਨ੍ਹਾਂ ਨੂੰ ਅਡਾਨੀ ਗਰੁੱਪ ਬਾਰੇ ਸੰਸਦ ਵਿੱਚ ਸਵਾਲ ਪੁੱਛਣ 'ਚ ਮਦਦ ਕਰਦੇ ਸਨ। ਮਹੂਆ, ਅੰਤਰਰਾਸ਼ਟਰੀ ਮੀਡੀਆ ਸੰਸਥਾਨਾਂ ਫਾਈਨੈਂਸ਼ੀਅਲ ਟਾਈਮਜ਼, ਦਿ ਨਿਊਯਾਰਕ ਟਾਈਮਜ਼ ਅਤੇ ਬੀਬੀਸੀ ਦੇ ਪੱਤਰਕਾਰਾਂ ਨਾਲ ਵੀ ਅਕਸਰ ਗੱਲਬਾਤ ਕਰਦੇ ਰਹਿੰਦੇ ਸਨ।''

ਅਡਾਨੀ

ਤਸਵੀਰ ਸਰੋਤ, ANI

ਅੰਤਰਰਾਸ਼ਟਰੀ ਮੀਡੀਆ ਅਦਾਰਿਆਂ ਦਾ ਮਹਿਜ਼ ਜ਼ਿਕਰ ਮਾਤਰ ਹੈ, ਪਰ ਕਿਤੇ ਵੀ ਕੋਈ ਤੱਥ, ਨਾਮ, ਪ੍ਰਮਾਣ, ਵੇਰਵੇ ਜਾਂ ਸਬੂਤ ਨਹੀਂ ਦਿੱਤੇ ਗਏ ਹਨ। ਸੰਸਦ ਮੈਂਬਰ ਨਾਲ ਪੱਤਰਕਾਰਾਂ ਦੀ ਗੱਲਬਾਤ ਨੂੰ ਇੱਕ ਵਿਲੱਖਣ ਘਟਨਾ ਵਾਂਗ ਦੱਸਿਆ ਗਿਆ ਹੈ।

ਸੁਚੇਤਾ ਦਲਾਲ ਇੱਕ ਸੀਨੀਅਰ ਕਾਰੋਬਾਰੀ ਪੱਤਰਕਾਰ ਹਨ ਅਤੇ ਹਰਸ਼ਦ ਮਹਿਤਾ ਘੁਟਾਲੇ ਸਮੇਤ ਕਈ ਵੱਡੇ ਘੁਟਾਲਿਆਂ ਦਾ ਪਰਦਾਫਾਸ਼ ਕਰ ਚੁੱਕੇ ਹਨ, ਉਨ੍ਹਾਂ ਨੇ ਇਸ ਮਾਮਲੇ ਵਿੱਚ ਆਪਣਾ ਨਾਮ ਸ਼ਾਮਲ ਹੋਣ 'ਤੇ ਪ੍ਰਤੀਕਿਰਿਆ ਦਿੱਤੀ ਹੈ।

ਸੁਚੇਤਾ ਨੇ ਐਕਸ ਅਕਾਊਂਟ 'ਤੇ ਲਿਖਿਆ, "ਮੈਂ ਮਹੂਆ ਮੋਇਤਰਾ ਨੂੰ ਨਿੱਜੀ ਤੌਰ 'ਤੇ ਨਹੀਂ ਜਾਣਦੀ। ਮੈਂ ਉਨ੍ਹਾਂ ਦੇ ਟਵੀਟਸ ਨੂੰ ਕਦੇ ਰੀਟਵੀਟ ਕੀਤਾ ਹੋਵੇਗਾ। ਮੈਂ ਪੱਲਵੀ ਸ਼ਰਾਫ ਨੂੰ ਵੀ ਨਹੀਂ ਜਾਣਦੀ, ਮੈਂ ਸ਼ਾਰਦੁਲ ਸ਼ਰਾਫ ਨੂੰ ਬਹੁਤ ਪਹਿਲਾਂ ਤੋਂ ਜਾਣਦੀ ਸੀ। ਮੈਂ ਚੁਣੌਤੀ ਦਿੰਦੀ ਹਾਂ ਕਿ ਕੋਈ ਵੀ ਮੇਰੇ ਅਤੇ ਉਨ੍ਹਾਂ ਵਿਚਕਾਰ ਕੋਈ ਲਿੰਕ ਸਾਬਿਤ ਕਰੇ।''

ਇੱਕ ਹੋਰ ਪੋਸਟ ਵਿੱਚ ਸੁਚੇਤਾ ਦਲਾਲ ਨੇ 27 ਫਰਵਰੀ 2023 ਨੂੰ ਲਿਖੀ ਆਪਣੀ ਰਿਪੋਰਟ ਦਾ ਹਵਾਲਾ ਦਿੱਤਾ ਹੈ। ਇਹ ਰਿਪੋਰਟ ਐਸਾਰ ਗਰੁੱਪ ਦੀ ਕਰਜ਼ਾ ਮੁਆਫੀ ਬਾਰੇ ਹੈ।

ਸੁਚੇਤਾ ਦਲਾਲ ਨੇ ਜਦੋਂ ਇਹ ਰਿਪੋਰਟ ਸਾਂਝੀ ਕੀਤੀ ਤਾਂ ਮਹੂਆ ਮੋਇਤਰਾ ਨੇ ਇਸ 'ਤੇ ਟਿੱਪਣੀ ਕਰਦਿਆਂ ਲਿਖਿਆ, "ਸੁਚੇਤਾ ਰਿਪੋਰਟ ਦੀ ਜਾਣਕਾਰੀ ਮੇਰੇ ਨਾਲ ਸਾਂਝੀ ਕਰੋ।"

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੁਚੇਤਾ ਨੇ ਸ਼ੁੱਕਰਵਾਰ ਨੂੰ ਲਿਖਿਆ, "ਮਹੂਆ ਮੋਇਤਰਾ ਵੱਲੋਂ ਜਾਣਕਾਰੀ ਮੰਗਣ ਦੇ ਬਾਵਜੂਦ, ਮੈਂ ਇਸ ਨਾਲ ਜੁੜੀ ਜਾਣਕਾਰੀ ਉਨ੍ਹਾਂ ਨਾਲ ਸਾਂਝੀ ਨਹੀਂ ਕੀਤੀ।"

ਮਹੂਆ ਮੋਇਤਰਾ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਮਹੂਆ ਮੋਇਤਰਾ

ਮਹੂਆ ਮੋਇਤਰਾ ਦੇ ਤਿੱਖੇ ਪ੍ਰਤੀਕਰਮ

ਮਹੂਆ ਨੇ ਇਸ ਮਾਮਲੇ ਵਿੱਚ ਪਹਿਲਾਂ ਵੀ ਕਈ ਬਿਆਨ ਦਿੱਤੇ ਸਨ।

ਇਸ ਪੂਰੇ ਵਿਵਾਦ 'ਤੇ ਮਹੂਆ ਮੋਇਤਰਾ ਨੇ ਦਾਅਵਾ ਕੀਤਾ ਸੀ ਕਿ "ਭਾਜਪਾ ਚਾਹੁੰਦੀ ਹੈ ਕਿਸੇ ਵੀ ਤਰ੍ਹਾਂ ਮੈਨੂੰ ਲੋਕ ਸਭਾ ਤੋਂ ਮੁਅੱਤਲ ਕਰ ਦੇਵੇ ਅਤੇ ਅਡਾਨੀ 'ਤੇ ਮੇਰੇ ਸਵਾਲਾਂ ਨੂੰ ਲੈ ਕੇ ਮੇਰਾ ਮੂੰਹ ਬੰਦ ਕਰ ਦੇਵੇ।"

ਹੀਰਾਨੰਦਾਨੀ ਗਰੁੱਪ ਦੇ ਜਵਾਬ ਤੋਂ ਬਾਅਦ, ਮਹੂਆ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਵਿਸਤ੍ਰਿਤ ਬਿਆਨ ਜਾਰੀ ਕੀਤਾ ਸੀ।

ਉਨ੍ਹਾਂ ਲਿਖਿਆ, "ਤਿੰਨ ਦਿਨ ਪਹਿਲਾਂ ਹੀਰਾਨੰਦਾਨੀ ਗਰੁੱਪ ਨੇ ਇੱਕ ਪ੍ਰੈੱਸ ਰਿਲੀਜ਼ ਜਾਰੀ ਕਰਕੇ ਕਿਹਾ ਸੀ ਕਿ ਉਨ੍ਹਾਂ 'ਤੇ ਲੱਗੇ ਇਲਜ਼ਾਮ ਬੇਬੁਨਿਆਦ ਹਨ। ਉਨ੍ਹਾਂ ਨੇ ਇਲਜ਼ਾਮਾਂ 'ਤੇ ਸਹਿਮਤ ਦਿੰਦਿਆਂ ਹਲਫ਼ਨਾਮਾ ਦਾਇਰ ਕਰ ਦਿੱਤਾ।''

''ਇਹ ਹਲਫ਼ਨਾਮਾ ਇੱਕ ਸਾਦੇ ਸਫ਼ੈਦ ਕਾਗਜ਼ 'ਤੇ ਲਿਖਿਆ ਗਿਆ ਹੈ, ਜਿਸ 'ਤੇ ਸਮੂਹ ਦਾ ਲੈਟਰਹੈੱਡ ਵੀ ਨਹੀਂ ਹੈ। ਬਿਆਨ ਦੇ ਅੰਤ ਵਿੱਚ ਇੱਕ ਦਸਤਖ਼ਤ ਹਨ ਅਤੇ ਇਹ ਵੀ ਦਰਜ ਨਹੀਂ ਹੈ ਕਿ ਹਲਫ਼ਨਾਮਾ ਕਿੱਥੇ ਅਤੇ ਕਿਸ ਸਮੇਂ ਲਿਖਿਆ ਗਿਆ ਹੈ।''

ਆਮ ਤੌਰ 'ਤੇ, ਅਜਿਹੇ ਕਾਨੂੰਨੀ ਅਤੇ ਅਧਿਕਾਰਤ ਦਸਤਾਵੇਜ਼ ਕੰਪਨੀ ਦੇ ਲੈਟਰਹੈੱਡ 'ਤੇ ਲਿਖੇ ਜਾਂਦੇ ਹਨ ਅਤੇ ਉਨ੍ਹਾਂ ਦੇ ਅਖੀਰ 'ਚ ਲਿਖਣ ਵਾਲੇ ਦਾ ਨਾਮ, ਹਸਤਾਖਰ, ਲਿਖਣ ਵਾਲੇ ਦਾ ਪਤਾ ਜਾਂ ਈਮੇਲ ਅਤੇ ਕੰਪਨੀ ਦੀ ਅਧਿਕਾਰਤ ਮੋਹਰ ਹੁੰਦੀ ਹੈ।

ਅਡਾਨੀ ਗਰੁੱਪ ਨੇ ਵੀ ਇਸ ਮਾਮਲੇ 'ਤੇ ਬਿਆਨ ਜਾਰੀ ਕੀਤਾ ਸੀ।

ਬਿਆਨ ਵਿੱਚ ਕਿਹਾ ਗਿਆ ਹੈ, "ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਜੈ ਅਨੰਤ ਨੇ ਸੀਬੀਆਈ ਨੂੰ ਭੇਜੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਕਿਵੇਂ ਸੰਸਦ ਮੈਂਬਰ ਮਹੂਆ ਮੋਇਤਰਾ ਅਤੇ ਹੀਰਾਨੰਦਾਨੀ ਗਰੁੱਪ ਦੇ ਸੀਈਓ ਦਰਸ਼ਨ ਹੀਰਾਨੰਦਾਨੀ ਨੇ ਮਿਲ ਕੇ ਇੱਕ ਅਪਰਾਧਿਕ ਸਾਜ਼ਿਸ਼ ਦੇ ਤਹਿਤ ਅਡਾਨੀ ਸਮੂਹ ਅਤੇ ਗੌਤਮ ਅਡਾਨੀ ਨੂੰ ਨਿਸ਼ਾਨਾ ਬਣਾਇਆ।"

''ਇਹ ਸ਼ਿਕਾਇਤ ਸਾਡੇ ਉਸ ਬਿਆਨ ਦੀ ਪੁਸ਼ਟੀ ਕਰਦੀ ਹੈ ਜੋ 9 ਅਕਤੂਬਰ ਨੂੰ ਜਾਰੀ ਕੀਤਾ ਗਿਆ ਸੀ ਕਿ ਕੁਝ ਸਮੂਹ ਅਤੇ ਲੋਕ ਸਾਡੇ ਨਾਮ ਅਤੇ ਸਾਖ ਨੂੰ ਨੁਕਸਾਨ ਪਹੁੰਚਾਉਣ ਲਈ ਓਵਰਟਾਈਮ ਕੰਮ ਕਰ ਰਹੇ ਹਨ।"

ਮਹੂਆ ਮੋਇਤਰਾ ਨੇ ਸੀਬੀਆਈ ਜਾਂਚ ਦੀ ਮੰਗ 'ਤੇ ਕਿਹਾ ਸੀ, ''ਮੇਰੇ ਖ਼ਿਲਾਫ਼ ਕਥਿਤ ਮਨੀ ਲਾਂਡਰਿੰਗ ਕੇਸ 'ਚ ਸੀਬੀਆਈ ਜਾਂਚ ਦਾ ਸਵਾਗਤ ਹੈ, ਪਰ ਇਸ ਤੋਂ ਪਹਿਲਾਂ ਸੀਬੀਆਈ ਨੂੰ ਅਡਾਨੀ ਦੇ ਆਫਸ਼ੋਰ ਮਨੀ ਟ੍ਰੇਲ, ਬਿਲਿੰਗ, ਬੇਨਾਮੀ ਖਾਤਿਆਂ ਦੀ ਜਾਂਚ ਪੂਰੀ ਕਰਨੀ ਚਾਹੀਦੀ ਹੈ ਅਤੇ ਉਸ ਤੋਂ ਤੁਰੰਤ ਬਾਅਦ ਮੇਰੀ ਜਾਂਚ ਕਰਨੀ ਚਾਹੀਦੀ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)