ਰੋਪੜ ਦੀ ਸਹਾਇਕ ਪ੍ਰੋਫੈਸਰ ਦੇ ਕਥਿਤ ਖੁਦਕੁਸ਼ੀ ਨੋਟ 'ਚ ਸਿੱਖਿਆ ਮੰਤਰੀ ਬਾਰੇ ਕੀ ਲਿਖਿਆ ਹੈ, ਪੁਲਿਸ ਨੇ ਹੁਣ ਤੱਕ ਕੀ ਕਾਰਵਾਈ ਕੀਤੀ

ਤਸਵੀਰ ਸਰੋਤ, Bimal Saini/BBC
- ਲੇਖਕ, ਬਿਮਲ ਸੈਣੀ
- ਰੋਲ, ਬੀਬੀਸੀ ਲਈ
ਰੂਪਨਗਰ 'ਚ ਅਸਿਸਟੈਂਟ ਪ੍ਰੋਫੈਸਰ ਬਲਵਿੰਦਰ ਕੌਰ ਦੀ ਕਥਿਤ ਖੁਦਕੁਸ਼ੀ ਦੇ ਮਾਮਲੇ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ।
ਜਾਣਕਾਰੀ ਮੁਤਾਬਕ ਬਲਵਿੰਦਰ ਕੌਰ ਨਿਯੁਕਤ ਹੋਣ ਦੇ ਬਾਵਜੂਦ ਸਟੇਸ਼ਨ ਅਲਾਟ ਨਾ ਕੀਤੇ ਜਾਣ 'ਤੇ ਨਾਰਾਜ਼ ਸਨ।
ਉਹ ਰੂਪਨਗਰ ਦੇ ਪਿੰਡ ਬਸੀ ਦੇ ਰਹਿਣ ਵਾਲੇ ਸਨ ਅਤੇ ਰਾਜਨੀਤੀ ਸ਼ਾਸਤਰ ਪੜ੍ਹਾਉਂਦੇ ਸਨ। ਮ੍ਰਿਤਕਾ ਦੀ ਲਾਸ਼ ਸਰਹੰਦ ਨਹਿਰ ਦੇ ਵਿੱਚੋਂ ਪਿੰਡ ਰੈਲੋਂ ਨਜਦੀਕ ਤੋਂ ਮਿਲੀ ਸੀ।
ਜਿਸ ਤੋਂ ਬਾਅਦ ਪਰਿਵਾਰ, ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਦੇ ਆਗੂ ਰੂਪਨਗਰ ਸਿਵਲ ਹਸਪਤਾਲ ਦੀ ਮੌਰਚਰੀ (ਜਿੱਥੇ ਮ੍ਰਿਤਕਾ ਦੀ ਲਾਸ਼ ਰੱਖੀ ਗਈ ਹੈ) ਦੇ ਬਾਹਰ ਇਨਸਾਫ਼ ਦੀ ਮੰਗ ਕਰਦਿਆਂ ਧਰਨਾ ਦੇ ਰਹੇ ਹਨ।
ਧਰਨੇ ’ਤੇ ਬੈਠੀਆਂ ਜਥੇਬੰਦੀਆਂ ਦੇ ਮੈਂਬਰ ਅਤੇ ਪਰਿਵਾਰਕ ਮੈਂਬਰਾਂ ਦੇ ਵਲੋਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਇਨਸਾਫ਼ ਲਈ ਮੰਗ ਕਰਦਿਆਂ ਇੱਕ ਪੱਤਰ ਰਾਜਪਾਲ ਨੂੰ ਸੋਂਪਿਆ ਗਿਆ ਹੈ।
ਬਲਵਿੰਦਰ ਆਪਣੇ ਸਾਥੀਆਂ ਸਮੇਤ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਗੰਭੀਰਪੁਰ ਨੇੜੇ ਧਰਨੇ ’ਤੇ ਬੈਠੀ ਹੋਏ ਸਨ।
ਇਸੇ ਦੌਰਾਨ ਉਨ੍ਹਾਂ ਨੇ ਸਰਹਿੰਦ ਨਹਿਰ ਵਿੱਚ ਛਾਲ ਮਾਰ ਕੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ।
ਦੱਸਿਆ ਜਾ ਰਿਹਾ ਹੈ ਕਿ ਬਲਵਿੰਦਰ ਕੌਰ ਨੇ ਮਰਨ ਤੋਂ ਪਹਿਲਾਂ ਇੱਕ ਕਥਿਤ ਸੁਸਾਈਡ ਨੋਟ ਵੀ ਲਿਖਿਆ ਸੀ, ਜੋ ਵਾਇਰਲ ਹੋ ਰਿਹਾ ਹੈ।
ਦੂਜੇ ਪਾਸੇ, ਪੁਲਿਸ ਨੇ ਸਹਾਇਕ ਪ੍ਰੋਫੈਸਰ ਦੇ ਪਤੀ ਅਤੇ ਸਹੁਰੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਰੂਪਨਗਰ ਦੇ ਐੱਸਐਸਪੀ ਵਿਵੇਕ ਸ਼ੀਲ ਸੋਨੀ ਨੇ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਬਣਦੀ ਕਾਰਵਾਈ ਹੋਵੇਗੀ।

ਤਸਵੀਰ ਸਰੋਤ, Provided by Bimal Saini
ਸੁਸਾਈਡ ਨੋਟ 'ਚ ਕੀ ਲਿਖਿਆ ਸੀ ?
ਸਹਾਇਕ ਪ੍ਰੋਫੈਸਰ ਦੇ ਕਥਿਤ ਸੁਸਾਈਡ ਨੋਟ 'ਚ ਲਿਖਿਆ ਹੈ ਕਿ ਉਹ ਬੇਹੱਦ ਮਾਨਸਿਕ ਤਣਾਅ 'ਚੋਂ ਲੰਘ ਰਹੇ ਹਨ।
“ਇਸ ਦਾ ਕਾਰਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹਨ। ਕਿਉਂਕਿ ਉਹ ਉਨ੍ਹਾਂ ਦੀਆਂ ਗਲਤ ਨੀਤੀਆਂ ਕਾਰਨ ਪ੍ਰੇਸ਼ਾਨ ਹੈ।”
ਇਸ ਵਿੱਚ ਅੱਗੇ ਲਿਖਿਆ ਹੈ ਕਿ ਉਨ੍ਹਾਂ ਦੇ ਦੋ ਵਾਰ ਡਿਲੀਵਰੀ ਕੇਸ ਵੀ ਮਾਨਸਿਕ ਪ੍ਰੇਸ਼ਾਨੀਆਂ ਕਾਰਨ ਖਰਾਬ ਹੋ ਗਏ।
ਉਨ੍ਹਾਂ ਕਿਹਾ ਕਿ “ਦੋਵਾਂ ਬੱਚਿਆਂ ਦੀ ਮੌਤ ਦਾ ਕਾਰਨ ਸਿੱਖਿਆ ਮੰਤਰੀ ਹਰਜੋਤ ਬੈਂਸ ਹਨ। ਕਿਉਂਕਿ ਉਨ੍ਹਾਂ ਵੱਲੋਂ ਨਿਯੁਕਤੀ ਪੱਤਰ ਦਿੱਤੇ ਜਾਣ ਦੇ ਬਾਵਜੂਦ ਸਟੇਸ਼ਨ ਅਲਾਟ ਨਹੀਂ ਕੀਤੇ ਗਏ।”
ਉਨ੍ਹਾਂ ਕਿਹਾ ਕਿ “ਮੇਰੀ ਮੌਤ ਲਈ ਜ਼ਿੰਮੇਵਾਰ ਹਰਜੋਤ ਸਿੰਘ ਬੈਂਸ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ।”
ਹਾਲਾਂਕਿ, ਇਸ ਮਾਮਲੇ ਵਿੱਚ ਸਿੱਖਿਆ ਮੰਤਰੀ ਦਾ ਪੱਖ ਅਜੇ ਤੱਕ ਨਹੀਂ ਆਇਆ ਹੈ। ਪਰ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਇਸ ਨੂੰ ਕਥਿਤ ਖੁਦਕਸ਼ੀ ਨੋਟ ਦੇ ਅਧਾਰ ਉੱਤੇ ਸਿਰਜਿਆ ਗਿਆ ਸਿਆਸੀ ਬਿਰਤਾਂਤ ਦੱਸਿਆ ਹੈ।

ਤਸਵੀਰ ਸਰੋਤ, BBC/ Bimal Saini
ਮ੍ਰਿਤਕ ਮਹਿਲਾ ਦੇ ਪਰਿਵਾਰ ਦਾ ਕੀ ਕਹਿਣਾ ਹੈ?
ਪੁਲਿਸ ਨੇ ਬਲਵਿੰਦਰ ਕੌਰ ਦੇ ਭਰਾ ਹਰਦੇਵ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪਤੀ ਸੁਪ੍ਰੀਤ ਸਿੰਘ ਅਤੇ ਸਹੁਰੇ ਭਾਗ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਹਰਦੇਵ ਨੇ ਦੱਸਿਆ ਕਿ ਬਲਵਿੰਦਰ ਕੌਰ ਦਾ ਵਿਆਹ 1 ਅਕਤੂਬਰ 2016 ਨੂੰ ਸੁਪ੍ਰੀਤ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਬਲਵਿੰਦਰ ਕੌਰ ਦੀ ਇੱਕ ਬੇਟੀ ਨਵਰੀਤ ਕੌਰ (5) ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਪਹਿਲੀ ਲੜਕੀ ਨੇ ਜਨਮ ਲਿਆ ਤਾਂ ਬਲਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦਾ ਉਸ ਪ੍ਰਤੀ ਰਵੱਈਆ ਚੰਗਾ ਨਹੀਂ ਸੀ ਅਤੇ ਉਹ ਉਸ ਨੂੰ ਹਰ ਛੋਟੀ-ਛੋਟੀ ਗੱਲ ’ਤੇ ਤੰਗ ਪ੍ਰੇਸ਼ਾਨ ਕਰਦਾ ਸੀ।
ਹਰਦੇਵ ਸਿੰਘ ਨੇ ਦੱਸਿਆ ਕਿ ਕਰੀਬ ਪੰਜ ਮਹੀਨੇ ਪਹਿਲਾਂ ਬਲਵਿੰਦਰ ਕੌਰ ਨੇ ਦੱਸਿਆ ਸੀ ਕਿ ਉਹ ਦੁਬਾਰਾ ਮਾਂ ਬਣਨ ਜਾ ਵਾਲੀ ਹੈ ਅਤੇ ਉਸ ਦਾ ਪਤੀ ਵਾਰ-ਵਾਰ ਕਹਿ ਰਿਹਾ ਸੀ ਕਿ ਜੇਕਰ ਮੁੰਡਾ ਨਹੀਂ ਹੋਇਆ ਤਾਂ ਉਸ ਨੂੰ ਬੱਚਾ ਨਹੀਂ ਚਾਹੀਦਾ।
“ਇਸ ਸਬੰਧੀ ਦੋ ਮਹੀਨੇ ਪਹਿਲਾਂ ਬਲਵਿੰਦਰ ਕੌਰ ਦੇ ਪਤੀ ਨੇ ਵੀ ਕੋਈ ਇਲਾਜ ਨਹੀਂ ਕਰਵਾਇਆ, ਜਿਸ ਤੋਂ ਬਾਅਦ ਭੈਣ ਮਾਨਸਿਕ ਤੌਰ 'ਤੇ ਕਾਫੀ ਪ੍ਰੇਸ਼ਾਨ ਰਹਿੰਦੀ ਸੀ।''
''ਭੈਣ ਦਾ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਸੀ ਅਤੇ ਉਸ ਨੇ ਇੱਕ ਮ੍ਰਿਤਕ ਬੱਚੀ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਪਤੀ ਉਸ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਦਾ ਰਿਹਾ।”

ਤਸਵੀਰ ਸਰੋਤ, BBC/Bimal Saini
ਬਲਵਿੰਦਰ ਕੌਰ ਦੇ ਪਤੀ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਕਥਿਤ ਖੁਦਕੁਸ਼ੀ ਨੋਟ ਆਮ ਆਦਮੀ ਪਾਰਟੀ ਦੇ ਖਿਲਾਫ਼ ਹੈ, ਇਸ ਲਈ ਉਨ੍ਹਾਂ 'ਤੇ ਕਾਰਵਾਈ ਹੋ ਰਹੀ ਹੈ।
ਉਨ੍ਹਾਂ ਕਿਹਾ, ''ਸਾਡੇ ਨਾਲ ਧੱਕਾ ਹੋ ਰਿਹਾ ਹੈ। ਜੇਕਰ ਸ਼ੱਕ ਲੱਗਦਾ ਹੈ ਕਿ ਮੁੰਡੇ ਦੀ ਗਲਤੀ ਹੈ ਤਾਂ ਉਸ ਨੂੰ ਅੰਦਰ ਰੱਖੋ ਪਰ ਉਸ ਦੇ ਪਿਤਾ ਨੂੰ ਕਿਉਂ ਅੰਦਰ ਰੱਖਿਆ ਹੈ?''

ਤਸਵੀਰ ਸਰੋਤ, BBC/Bimal Saini
ਪਤੀ ਅਤੇ ਸਹੁਰਾ ਗ੍ਰਿਫ਼ਤਾਰ
ਡਿਪਟੀ ਸੁਪਰੀਟੈਂਡੈਂਟ ਆਫ਼ ਪੁਲਿਸ, ਤਰਲੋਚਨ ਸਿੰਘ ਨੇ ਕਿਹਾ ਹੈ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਏ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਹੈ ਕਿ ਤਫਤੀਸ਼ ਜਾਰੀ ਹੈ।
ਉਨ੍ਹਾਂ ਕਿਹਾ ਕਿ ਸਹੀ ਤਫਤੀਸ਼ ਕਰਕੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਅਧਾਰ ’ਤੇ ਕਾਰਵਾਈ ਕੀਤੀ ਜਾਵੇਗੀ।
ਡੀਐਸਪੀ ਨੇ ਦੱਸਿਆ ਕਿ ਜੋ ਖੁਦਕੁਸ਼ੀ ਨੋਟ ਮਿਲਿਆ ਹੈ ਉਸ ਨੂੰ ਚੈੱਕ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ, “ਖੁਦਕਸ਼ੀ ਕਰਨ ਵਾਲੀ ਅਸਿਸਟੈਂਟ ਪ੍ਰੋਫੈਸਰ ਦਾ ਮੋਬਾਈਲ ਵੀ ਮਿਲਿਆ ਹੈ। ਇਸ ਉੱਪਰ ਉਸ ਦੇ ਪਤੀ ਵੱਲੋਂ ਇੱਕ ਮੈਸੇਜ ਡਿਲੀਟ ਕੀਤਾ ਗਿਆ ਹੈ। ਅਸੀਂ ਇਹ ਸਾਈਬਰ ਸੈਲ ਕੋਲ ਭੇਜ ਰਹੇ ਹਾਂ ਤਾਂ ਜੋ ਮੈਸਿਜ ਰਿਕਵਰ ਕੀਤਾ ਜਾਵੇ। ਜੋ ਤੱਥ ਹੋਣਗੇ, ਉਸ ਮੁਤਾਬਿਕ ਤਫਤੀਸ਼ ਕਰਕੇ ਕਰਵਾਈ ਕੀਤੀ ਜਾਵੇਗੀ।”
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਮ੍ਰਿਤਕ ਔਰਤ ਦੇ ਪਤੀ ਅਤੇ ਸੋਹਰੇ ਦੇ ਖਿਲਾਫ਼ ਆਈਪੀਸੀ ਦੀ ਧਾਰਾ 306 ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਕੇਸ ਮਹਿਲਾ ਦੇ ਭਰਾ ਹਰਦੀਪ ਸਿੰਘ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਹੈ।

ਤਸਵੀਰ ਸਰੋਤ, BBC/Bimal Saini
ਹਰਜੋਤ ਬੈਂਸ ਵਿਰੋਧੀਆਂ ਦਾ ਨਿਸ਼ਾਨੇ 'ਤੇ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਮ੍ਰਿਤਕਾ ਬਲਵਿੰਦਰ ਕੋਰ ਦੇ ਸਹੁਰੇ ਘਰ ਪੁੱਜੇ।
ਇਸ ਮੌਕੇ ਚੀਮਾ ਨੇ ਹਰਜੋਤ ਬੈਂਸ ਦੇ ਅਸਤੀਫ਼ੇ ਦੀ ਮੰਗ ਕੀਤੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ, ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਵਜ਼ਾਰਤ ਤੋਂ ਬਾਹਰ ਕਰ, ਕਨੂੰਨੀ ਕਾਰਵਾਈ ਕਰਵਾਉਣ ਦੀ ਮੰਗ ਕੀਤੀ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਿਖਿਆ ਮੰਤਰੀ ਹਰਜੋਤ ਬੈਂਸ ਖਿਲਾਫ਼ ਖੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਜੋ ਖੁਦ ਗ੍ਰਹਿ ਵਿਭਾਗ ਦੀ ਦੇਖ-ਰੇਖ ਕਰਦੇ ਹਨ, ਉਹ ਤੁਰੰਤ ਪੁਲਿਸ ਨੂੰ ਨਿਰਦੇਸ਼ ਦੇਣ ਕਿ ਬੈਂਸ ਦੇ ਰੂਪੋਸ਼ ਹੋਣ ਤੋਂ ਪਹਿਲਾਂ ਗ੍ਰਿਫਤਾਰ ਕੀਤਾ ਜਾਵੇ ਅਤੇ ਨਿਰਪੱਖ ਜਾਂਚ ਹੋਵੇ।

ਤਸਵੀਰ ਸਰੋਤ, Malwinder Kang/X
ਦੂਜੇ ਪਾਸੇ, ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਟਵੀਟ ਕਰਕੇ ਲਿਖਿਆ ਹੈ, “ਪੀੜਿਤ ਮਹਿਲਾ ਨੇ ਆਪਣੇ ਸਹੁਰੇ ਪਰਿਵਾਰ ਦੁਆਰਾ ਤੰਗ ਕੀਤੇ ਜਾਣ ਤੋਂ ਬਾਅਦ ਖੁਦਕੁਸ਼ੀ ਕੀਤੀ ਹੈ।”
ਰੂਪਨਗਰ ਪਹੁੰਚੇ ਭਾਜਪਾ ਮਹਿਲਾ ਮੋਰਚਾ ਦੇ ਸੂਬਾ ਪ੍ਰਧਾਨ ਜੈਇੰਦਰ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸਿਸਟੈਂਟ ਪ੍ਰੋਫੈਸਰ ਦੇ ਖੁਦਕੁਸ਼ੀ ਮਾਮਲੇ ਦੇ ਵਿੱਚ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੇ ਲਈ ਉਹ ਪਰਿਵਾਰ ਦੇ ਨਾਲ ਅਤੇ ਜਥੇਬੰਦੀ ਦੇ ਨਾਲ ਖੜੇ ਹਨ।












