ਵਿਆਹ ਤੋਂ ਬਿਨਾਂ ਮੁੰਡੇ-ਕੁੜੀ ਦੇ ਇਕੱਠੇ ਰਹਿਣ ਲਈ ਰਜਿਸਟ੍ਰੇਸ਼ਨ ਲਾਜ਼ਮੀ - ਉੱਤਰਾਖੰਡ ਦੇ ਯੂਨੀਫਾਰਮ ਸਿਵਿਲ ਕੋਡ ਦੀਆਂ ਮੁੱਖ ਗੱਲਾਂ

ਉੱਤਰਾਖੰਡ ਵਿਧਾਨ ਸਭਾ ਵਿੱਚ ਅਖੀਰ ਮੰਗਲਵਾਰ ਨੂੰ ਯੂਨੀਫਾਰਮ ਸਿਵਲ ਕੋਡ, ਉੱਤਰਾਖੰਡ, 2024 ਬਿੱਲ ਪੇਸ਼ ਕਰ ਦਿੱਤਾ ਗਿਆ।

ਯੂਨੀਫਾਰਮ ਸਿਵਲ ਕੋਡ ਬਾਰੇ ਬਿੱਲ ਦੀ ਉਡੀਕ ਕਾਫੀ ਸਮੇਂ ਤੋਂ ਹੋ ਰਹੀ ਸੀ ਕਿਉਂਕਿ ਉੱਤਰਾਖੰਡ ਦੀ ਵਿਧਾਨ ਸਭਾ ਦੇਸ ਦੀ ਅਜਿਹੀ ਪਹਿਲੀ ਵਿਧਾਨ ਸਭਾ ਹੈ ਜਿਸ ਵਿੱਚ ਯੂਸੀਸੀ ਨਾਲ ਜੁੜਿਆ ਕੋਈ ਬਿੱਲ ਪੇਸ਼ ਕੀਤਾ ਗਿਆ ਹੋਵੇ।

ਗੋਆ ਵਿੱਚ ਪੁਰਤਗਾਲ ਦੇ ਰਾਜ ਦੇ ਸਮੇਂ ਤੋਂ ਹੀ ਯੂਸੀਸੀ ਲਾਗੂ ਹੈ।

ਸੂਬੇ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਮੰਗਲਵਾਰ ਨੂੰ ਵਿਧਾਨ ਸਭਾ ਦੇ ਚਾਰ ਦਿਨੀ ਵਿਸ਼ੇਸ਼ ਸੈਸ਼ਨ ਦੇ ਦੌਰਾਨ ਯੂਸੀਸੀ ਬਿੱਲ ਪੇਸ਼ ਕੀਤਾ।

ਸੁਪਰੀਮ ਕੋਰਟ ਦੀ ਰਿਟਾਇਰਡ ਜੱਜ ਜਸਟਿਸ ਰੰਜਨਾ ਪ੍ਰਕਾਸ਼ ਦੇਸਾਈ ਦੀ ਪ੍ਰਧਾਨਗੀ ਵਿੱਚ ਸਰਕਾਰ ਨੇ ਇੱਕ ਪੈਨਲ ਦਾ ਗਠਨ ਕੀਤਾ ਸੀ ਜਿਸ ਨੇ ਇਸ ਬਿੱਲ ਬਾਰੇ ਇੱਕ ਰਿਪੋਰਟ ਬਣਾਈ ਸੀ।

ਚਾਰ ਭਾਗਾਂ ਦੀ ਇਸ ਰਿਪੋਰਟ ਵਿੱਚ 749 ਪੰਨੇ ਹਨ।

ਇਸ ਪੈਨਲ ਨੂੰ 70 ਪਬਲਿਕ ਫੋਰਮਜ਼ ਤੋਂ ਤਕਰੀਬਨ 2 ਲੱਖ 33 ਹਜ਼ਾਰ ਲਿਖਤ ਪ੍ਰਤੀਕਿਰਿਆਵਾਂ ਜਾਂ ਸੁਝਾਅ ਮਿਲੇ ਸਨ।

ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਬੈਠਕਾਂ ਦੇ ਦੌਰਾਨ ਪੈਨਲ ਦੇ ਮੈਂਬਰਾਂ ਨਾਲ ਹਜ਼ਾਰਾਂ ਲੋਕਾਂ ਨੇ ਸੰਵਾਦ ਕੀਤਾ ਸੀ।

ਇਸ ਬਿੱਲ ਬਾਰੇ ਕਾਫੀ ਸਮੇਂ ਤੋਂ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਇਸ ਵਿੱਚ ਔਰਤਾਂ ਅਤੇ ਵਿਆਹ ਨਾਲ ਜੁੜੇ ਕਾਨੂੰਨਾਂ ਨੂੰ ਪਹਿਲ ਦਿੱਤੀ ਗਈ ਹੈ।

ਉੱਥੇ ਹੀ ਇਹ ਵੀ ਕਿਹਾ ਗਿਆ ਸੀ ਕਿ ਇਸ ਪੈਨਲ ਨੇ ਲਿੰਗਕ ਬਰਾਬਰੀ ਅਤੇ ਸਮਾਜਿਕ ਏਕਤਾ ਦੀ ਵੀ ਸਿਫ਼ਾਰਿਸ਼ ਕੀਤੀ ਹੈ।

ਉੱਤਰਾਖੰਡ ਦਾ ਯੂਸੀਸੀ ਕੀ ਹੈ?

ਉੱਤਰਾਖੰਡ ਵਿਧਾਨ ਸਭਾ ਵਿੱਚ ਪੇਸ਼ ਹੋਇਆ ਯੂਨੀਫਾਰਮ ਸਿਵਲ ਕੋਡ, ਉੱਤਰਾਖੰਡ, 2024 ਬਿੱਲ ਸਿਰਫ਼ ਵਿਆਹ, ਤਲਾਕ, ਉੱਤਰਅਧਿਕਾਰ, ਲਿਵ-ਇਨ ਰਿਲੇਸ਼ਨਸ਼ਿਪ ਨਾਲ ਜੁੜਿਆ ਹੋਇਆ ਹੈ।

ਇਸ ਬਿਲ ਵਿੱਚ ਸਾਫ਼-ਸਾਫ਼ ਲਿਖਿਆ ਗਿਆ ਹੈ ਕਿ ਇਹ ਪੂਰੇ ਉੱਤਰਾਖੰਡ ਵਿੱਚ ਰਹਿਣ ਵਾਲੇ ਅਤੇ ਉਸਦੇ ਬਾਹਰ ਦੇ ਨਿਵਾਸੀਆਂ ਉੱਤੇ ਲਾਗੂ ਹੋਵੇਗਾ ਚਾਹੇ ਉਸ ਦੀ ਜਾਤ ਜਾਂ ਧਰਮ ਕੋਈ ਵੀ ਹੋਵੇ।

ਇਸ ਦੇ ਨਾਲ ਹੀ ਜਿਹੜੇ ਲੋਕ ਰਾਜ ਵਿੱਚ ਕੇਂਦਰ ਜਾਂ ਸੂਬਾ ਸਰਕਾਰ ਦੇ ਮੁਲਾਜ਼ਮ ਹਨ ਉਨ੍ਹਾਂ ਉੱਤੇ ਵੀ ਇਹ ਲਾਗੂ ਹੋਵੇਗਾ ਚਾਹੇ ਉਸ ਦੀ ਜਾਤ ਜਾਂ ਧਰਮ ਕੋਈ ਵੀ ਹੋਵੇ।

ਇਸ ਦੇ ਨਾਲ ਹੀ ਜਿਹੜੇ ਲੋਕ ਸੂਬੇ ਵਿੱਚ ਜਾਂ ਕੇਂਦਰ ਸਰਕਾਰ ਦੇ ਮੁਲਾਜ਼ਮ ਹਨ ਉਨ੍ਹਾਂ ਉੱਤੇ ਵੀ ਇਹ ਲਾਗੂ ਹੋਵੇਗਾ।

ਸੂਬੇ ਵਿੱਚ ਸੂਬਾ ਜਾਂ ਕੇਂਦਰ ਸਰਕਾਰ ਦੀ ਯੋਜਨਾ ਦਾ ਲਾਭ ਲੈਣ ਵਾਲਿਆਂ ਉੱਤੇ ਵੀ ਇਹ ਕਾਨੂੰਨ ਲਾਗੂ ਹੋਵੇਗਾ।

ਇਸ ਦੇ ਨਾਲ ਹੀ ਇਹ ਵੀ ਸਾਫ਼ ਕਰ ਦਿੱਤਾ ਗਿਆ ਹੈ ਕਿ ਇਸ ਬਿੱਲ ਵਿੱਚ ਅਨੁਸੂਚਿਤ ਜਨਜਾਤੀਆਂ ਨਾਲ ਜੁੜੇ ਲੋਕਾਂ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ।

ਵਿਆਹ ਬਾਰੇ ਕੀ ਨਵਾਂ ਹੈ?

ਉੱਤਰਾਖੰਡ ਦੇ ਯੂਨੀਫਾਰਮ ਸਿਵਲ ਕੋਡ ਦੇ ਮੁਤਾਬਕ ਵਿਆਹ ਮਰਦ ਅਤੇ ਔਰਤ ਦੇ ਵਿੱਚ ਹੀ ਹੋ ਸਕਦਾ ਹੈ। ਵਿਆਹ ਅਤੇ ਤਲਾਕ ਦੇ ਬਾਰੇ ਇਸ ਬਿਲ ਵਿੱਚ ਵਿਸਥਾਰ ਨਾਲ ਗੱਲ ਕੀਤੀ ਗਈ ਹੈ।

  • ਵਿਆਹ ਦੇ ਸਮੇਂ ਮਰਦ ਦੀ ਕੋਈ ਜ਼ਿੰਦਾ ਪਤਨੀ ਨਾ ਹੋਵੇ ਅਤੇ ਨਾ ਹੀ ਔਰਤ ਦਾ ਕੋਈ ਜ਼ਿੰਦਾ ਪਤੀ ਹੋਵੇ
  • ਵਿਆਹ ਦੇ ਸਮੇਂ ਮਰਦ ਦੀ ਉਮਰ 21 ਸਾਲ ਅਤੇ ਔਰਤ ਦੀ ਉਮਰ 18 ਸਾਲ ਹੋਵੇ
  • ਵੱਖ-ਵੱਖ ਧਰਮਾਂ ਦੇ ਲੋਕ ਆਪਣੀ ਧਾਰਮਿਕ ਪ੍ਰਕਿਰਿਆ ਨਾਲ ਵਿਆਹ ਕਰ ਸਕਦੇ ਹਨ
  • ਕਿਸੇ ਵੀ ਧਾਰਮਿਕ ਵਿਧੀ ਨਾਲ ਵਿਆਹ ਦੇ ਬਾਵਜੂਦ ਵਿਆਹ ਨੂੰ ਰਜਿਸਟਰ ਕਰਵਾਉਣਾ ਲਾਜ਼ਮੀ ਹੋਵੇਗਾ
  • ਵਿਆਹ ਦੀ ਰਜਿਸਟ੍ਰੇਸ਼ਨ ਨਾ ਕਰਵਾਏ ਜਾਣ ਉੱਤੇ ਵਿਆਹ ਅਵੈਧ ਘੋਸ਼ਿਤ ਨਹੀਂ ਹੋਵੇਗਾ।

ਤਲਾਕ ਦੇ ਮਾਮਲੇ ਵਿੱਚ ਬਿੱਲ ਕੀ ਕਹਿੰਦਾ ਹੈ?

ਇਸ ਬਿੱਲ ਦੇ ਮੁਤਾਬਕ ਜੇਕਰ ਪਤੀ ਅਤੇ ਪਤਨੀ ਦੇ ਵਿੱਚ ਕਿਸੇ ਕਿਸਮ ਦੀ ਕੋਈ ਅਣਬਣ ਹੁੰਦੀ ਹੈ ਤਾਂ ਉਸ ਦੇ ਨਿਪਟਾਰੇ ਲਈ ਅਦਾਲਤ ਵਿੱਚ ਜਾ ਸਕਦੇ ਹਨ, ਜਿਸ ਦਾ ਹੱਲ ਕਾਨੂੰਨ ਦੇ ਅਧਾਰ ਉੱਤੇ ਹੋਵੇਗਾ।

ਇਸ ਦੇ ਇਲਾਵਾ ਆਪਸੀ ਸਹਿਮਤੀ ਨਾਲ ਤਲਾਕ ਦੇ ਮਾਮਲੇ ਵਿੱਚ ਵੀ ਅਦਾਲਤ ਵਿੱਚ ਜਾਣਾ ਪਵੇਗਾ।

  • ਇਸ ਕਾਨੂੰਨ ਦੇ ਤਹਿਤ ਤਲਾਕ ਦੇ ਲਈ ਵੀ ਕਈ ਅਧਾਰ ਦਿੱਤੇ ਗਏ ਹਨ ਜਦੋਂ ਕਈ ਸ਼ਖ਼ਸ ਤਲਾਕ ਦੇ ਲਈ ਪਟੀਸ਼ਨ ਦਾਇਰ ਕਰ ਸਕਦਾ ਹੈ.. ਜਿਵੇਂ
  • ਜਦੋਂ ਪਤੀ ਪਤਨੀ ਵਿੱਚੋਂ ਕਿਸੇ ਨੇ ਵੀ ਕਿਸੇ ਹੋਰ ਦੇ ਨਾਲ ਮਰਜ਼ੀ ਨਾਲ ਸਰੀਰਕ ਸਬੰਧ ਹੋਣ
  • ਜਦੋਂ ਕਿਸੇ ਨੇ ਵੀ ਕਰੂਰਤਾ ਨਾਲ ਵਿਵਹਾਰ ਕੀਤਾ ਹੋਵੇ
  • ਵਿਆਹ ਤੋਂ ਬਾਅਦ ਦੋਵਾਂ ਧਿਰਾਂ ਘੱਟੋ-ਘੱਟ ਦੋ ਸਾਲ ਤੋਂ ਵੱਖ-ਵੱਖ ਰਹਿ ਰਹੀਆਂ ਹੋਣ
  • ਕਿਸੇ ਇੱਕ ਪੱਖ ਨੇ ਧਰਮ ਬਦਲ ਲਿਆ ਹੋਵੇ ਜਾਂ ਕਿਸੇ ਹੋਰ ਮਾਨਸਿਕ ਵਿਕਾਰ ਨਾਲ ਪੀੜਤ ਹੋਵੇ
  • ਕੋਈ ਇੱਕ ਪੱਖ ਜਿਨਸੀ ਬੀਮਾਰੀ ਨਾਲ ਪੀੜਤ ਹੋਵੇ ਜਾਂ ਸੱਤ ਸਾਲਾਂ ਤੋਂ ਕਿਸੇ ਇੱਕ ਧਿਰ ਦਾ ਕੋਈ ਅਤਾ-ਪਤਾ ਨਾ ਹੋਵੇ
  • ਵਿਆਹ ਦੇ ਇੱਕ ਸਾਲ ਦੇ ਅੰਦਰ-ਅੰਦਰ ਤਲਾਕ ਦੇ ਲਈ ਅਰਜ਼ੀ ਉੱਤੇ ਪਾਬੰਦੀ ਹੋਵੇਗੀ ਪਰ ਅਸਾਧਰਣ ਮਾਮਲਿਆਂ ਵਿੱਚ ਇਹ ਦਾਇਰ ਕੀਤੀ ਜਾ ਸਕਦੀ ਹੈ।
  • ਕਿਸੇ ਵਿਅਕਤੀ ਦੀ ਰਵਾਇਤ, ਰੂੜ੍ਹੀ ਜਾਂ ਪਰੰਪਰਾ ਮੁਤਾਬਕ ਤਲਾਕ ਨਹੀਂ ਹੋ ਸਕੇਗਾ।
  • ਲਿਵ-ਇਨ ਰਿਲੇਸ਼ਨਸ਼ਿਪ ਨੂੰ ਲੈ ਕੇ ਵੀ ਨਿਯਮ

ਲਿਵ-ਇਨ ਰਿਲੇਸ਼ਨਸ਼ਿਪ ਨੂੰ ਲੈ ਕੇ ਵੀ ਨਿਯਮ

ਯੂਸੀਸੀ ਦੇ ਨਾਲ-ਨਾਲ ਪਹਿਲੀ ਵਾਰ ਵੀ ਹੋ ਰਿਹਾ ਹੈ ਜਦੋਂ ਲਿਵ-ਇਨ ਰਿਲੇਸ਼ਨਸ਼ਿਪ ਨੂੰ ਲੈ ਕੇ ਵੀ ਕਾਨੂੰਨ ਬਣਾਏ ਜਾਣ ਦੀ ਤਿਆਰੀ ਹੋ ਰਹੀ ਹੈ।

ਉੱਤਰਾਖੰਡ ਦੇ ਯੂਸੀਸੀ ਵਿੱਚ ਲਿਨ ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਵਾਲੇ ਜਾਂ ਇਸ ਦੀ ਤਿਆਰੀ ਕਰਨ ਵਾਲਿਆਂ ਲਈ ਵੀ ਨਿਯਮ ਬਣਾਏ ਗਏ ਹਨ।

ਜਿਹੜੇ ਜੋੜੇ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਹਨ ਉਨ੍ਹਾਂ ਨੂੰ ਇਸ ਦੇ ਬਾਰੇ ਵਿੱਚ ਜ਼ਿਲ੍ਹੇ ਦੇ ਰਜਿਸਟਰਾਰ ਦੇ ਸਾਹਮਣੇ ਐਲਾਨ ਕਰਨਾ ਪਵੇਗਾ।

ਇਸ ਦੇ ਨਾਲ ਹੀ ਉੱਤਰਾਖੰਡ ਦਾ ਜਿਹੜਾ ਨਿਵਾਸੀ ਸੂਬੇ ਤੋਂ ਬਾਹਰ ਰਹਿੰਦਾ ਹੈ ਉਹ ਆਪਣੇ ਜ਼ਿਲ੍ਹੇ ਵਿੱਚ ਲਿਵ-ਇਨ ਰਿਲੇਸ਼ਨਸ਼ਿਪ ਦੇ ਬਾਰੇ ਦੱਸ ਸਕਦਾ ਹੈ।

ਲਿਵ-ਇਨ ਰਿਲੇਸ਼ਨਸ਼ਿਪ ਤੋਂ ਪੈਦਾ ਹੋਏ ਬੱਚਿਆਂ ਨੂੰ ਵੀ ਜਾਇਜ਼ ਬੱਚਾ ਐਲਾਨਿਆ ਗਿਆ ਹੈ।

ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਦਾ ਲਿਨ-ਇਨ-ਰਿਲੇਸ਼ਨਸ਼ਿਪ ਜਾਇਜ਼ ਨਹੀਂ ਹੋ ਸਕਦਾ ਜੋ ਨਾਬਾਲਗ਼ ਹਨ, ਪਹਿਲਾਂ ਹੀ ਵਿਆਹੇ ਹਨ ਜਾਂ ਧੱਕੇ ਨਾਲ ਜਾਂ ਧੋਖ਼ੇ ਨਾਲ ਇਹ ਕਰ ਰਹੇ ਹੋਣ।

21 ਸਾਲ ਤੋਂ ਘਟ ਉਮਰ ਦੇ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਵਾਲੇ ਮੁੰਡੇ ਜਾਂ ਕੁੜੀ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੇ ਬਾਰੇ ਪਹਿਲਾਂ ਦੱਸਣਾ ਜ਼ਰੂਰੀ ਹੋਵੇਗਾ।

ਜਿਹੜਾ ਵੀ ਮੁੰਡਾ ਜਾਂ ਕੁੜੀ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਹੋਣ ਅਤੇ ਇਸ ਬਾਰੇ ਸੂਚਿਤ ਨਾ ਕੀਤਾ ਹੋਵੇ ਤਾਂ ਉਨ੍ਹਾਂ ਨੂੰ ਤਿੰਨ ਮਹੀਨਿਆਂ ਤੱਕ ਦੀ ਸਜ਼ਾ ਜਾਂ 10 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ।

ਲਿਵ-ਇਨ ਰਿਲੇਸ਼ਨਸ਼ਿਪ ਨੂੰ ਖ਼ਤਮ ਕਰਨ ਦੀ ਸਥਿਤੀ ਵਿੱਚ ਇਸ ਬਾਰੇ ਐਲਾਨ ਕਰਨਾ ਪਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)