ਪੀਐੱਮ ਮੋਦੀ ਦੇ ਭਾਸ਼ਣ ਵਿੱਚ ਮਨਮੋਹਨ ਸਿੰਘ ਦੇ ਕਿਹੜੇ ਭਾਸ਼ਣ ਦਾ ਜ਼ਿਕਰ, ਮੁਸਲਮਾਨਾਂ ਬਾਰੇ ਕੀ ਕਹਿਣ 'ਤੇ ਵਿਰੋਧ ਹੋ ਰਿਹਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮਨਮੋਹਨ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਰਿੰਦਰ ਮੋਦੀ ਨੇ ਆਪਣੇ ਇਸ ਭਾਸ਼ਣ ਵਿੱਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਦਿੱਤੇ ਗਏ ਭਾਸ਼ਣ ਦਾ ਵੀ ਜ਼ਿਕਰ ਕੀਤਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਬਾਂਸਵਾੜਾ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਉੱਤੇ ਤਿੱਖਾ ਹਮਲਾ ਕੀਤਾ।

ਉਨ੍ਹਾਂ ਨੇ ਕਿਹਾ ਕਿ ਕਾਂਗਰਸ ਮਾਵਾਂ-ਭੈਣਾਂ ਦਾ ਸੋਨਾ ਲੈ ਕੇ ‘ਘੁਸਪੈਠੀਆਂ ਨੂੰ ਵੰਡਣਾ ਚਾਹੁੰਦੀ ਹੈ’।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਵਿੱਚ ਮੁਸਲਮਾਨਾਂ ਬਾਰੇ ਟਿੱਪਣੀ ਵੀ ਕੀਤੀ ਹੈ ਜਿਸ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇਸ਼ ਵਿੱਚ ਨਫ਼ਰਤ ਦੇ ਬੀਜ ਬੀਅ ਰਹੇ ਹਨ।

ਪੀਐੱਮ ਮੋਦੀ ਦੇ ਭਾਸ਼ਣ ਦੇ ਖ਼ਤਮ ਹੋਣ ਤੋਂ ਕੁਝ ਦੇਰ ਬਾਅਦ ਕਾਂਗਰਸ ਦੇ ਸੀਨੀਅਰ ਆਗੂ ਪਵਨ ਖੇੜਾ ਨੇ ਇੱਕ ਵੀਡੀਓ ਬਿਆਨ ਜਾਰੀ ਕੀਤਾ ਜਿਸ ਵਿੱਚ ਉਨ੍ਹਾਂ ਨੇ ਮੋਦੀ ਨੂੰ ਚੁਣੌਤੀ ਦਿੱਤੀ ਅਤੇ ਕਿਹਾ, “ਸਾਡੇ ਘੋਸ਼ਣਾਪੱਤਰ ਵਿੱਚ ਕਿਤੇ ਵੀ ਹਿੰਦੂ ਮੁਸਲਮਾਨ ਲਿਖਿਆ ਹੋਵੇ ਤਾਂ ਦਿਖਾ ਦਵੋ।”

ਨਰਿੰਦਰ ਮੋਦੀ ਨੇ ਆਪਣੇ ਇਸ ਭਾਸ਼ਣ ਵਿੱਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਦਿੱਤੇ ਗਏ ਭਾਸ਼ਣ ਦਾ ਵੀ ਜ਼ਿਕਰ ਕੀਤਾ।

ਰੈਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹਰ ਘਰ ਵਿੱਚ ਪਾਣੀ ਅਤੇ ਗੈਸ ਪਹੁੰਚਾਉਣ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਦਾ ਉਦੇਸ਼ ‘ਹਰ ਘਰ-ਸੂਰਿਆ ਘਰ’ ਬਣਾਉਣਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਪੰਜ ਸਾਲਾਂ ਵਿੱਚ ਲੋਕਾਂ ਨੂੰ ਮੁਫਤ ਰਾਸ਼ਨ ਮਿਲਦਾ ਰਹੇਗਾ, ਆਦਿਵਾਸੀ ਪਰਿਵਾਰਾਂ, ਦਲਿਤ ਪਰਿਵਾਰਾਂ ਅਤੇ ਪਿਛੜੇ ਵਰਗ ਦੇ ਪਰਿਵਾਰਾਂ ਨੂੰ ਇਸ ਦਾ ਸਭ ਤੋਂ ਵੱਧ ਲਾਭ ਮਿਲੇਗਾ।

ਪੀਐੱਮ ਮੋਦੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਦੇਸ਼ ਵਿੱਚ ਇੱਕ ਮਜ਼ਬੂਤ ​​ਸਰਕਾਰ ਦੀ ਲੋੜ ਹੈ, ਜੋ ਸਰਹੱਦਾਂ ਦੀ ਰਾਖੀ ਕਰ ਸਕੇ ਅਤੇ ਲੋੜ ਪੈਣ 'ਤੇ ਅੰਡਰਵਰਲਡ ਵਿੱਚ ਵੀ ਖੋਜ ਕਰ ਸਕੇ ਅਤੇ ਦੁਸ਼ਮਣਾਂ ਨੂੰ ਨਸ਼ਟ ਕਰ ਸਕੇ।

ਮੋਦੀ ਨੇ ਕਿਹਾ, "ਕੀ ਇੰਨਾ ਵੱਡਾ ਦੇਸ਼ ਅਜਿਹੇ ਵਿਅਕਤੀ ਨੂੰ ਦਿੱਤਾ ਜਾ ਸਕਦਾ ਹੈ, ਜਿਸ ਦਾ ਕੋਈ ਟ੍ਰੈਕ ਰਿਕਾਰਡ ਨਹੀਂ ਹੈ? ਇੱਕ ਮੋਦੀ ਹੈ, ਜਿਸ ਨੂੰ ਤੁਸੀਂ ਜਾਣਦੇ ਹੋ, 23 ਸਾਲ ਹੋ ਗਏ ਹਨ, 13 ਸਾਲ ਹੋ ਗੁਜਰਾਤ ਵਿੱਚ ਵੀ, ਡੂੰਗਰਪੁਰ-ਬਾਂਸਵਾੜਾ ਦੇ ਲੋਕਾਂ ਨੇ ਮੈਨੂੰ ਨੇੜਿਓਂ ਦੇਖਿਆ ਹੈ।"

ਭਾਜਪਾ
ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਕਾਂਗਰਸ ਦੇ ਮੈਨੀਫੈਸਟੋ ਨੂੰ ਨਿਸ਼ਾਨਾ ਬਣਾਇਆ

‘ਜਿਨ੍ਹਾਂ ਦੇ ਵੱਧ ਬੱਚੇ ਹਨ ਉਨ੍ਹਾਂ ਨੂੰ ਵੰਡਣਗੇ’

ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਕਾਂਗਰਸ ਦੇ ਮੈਨੀਫੈਸਟੋ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਦੀਆਂ ਔਰਤਾਂ ਦੇ ਸੋਨੇ ਦਾ ਹਿਸਾਬ ਕਰਕੇ ਉਸ ਨੂੰ ਵੰਡਣਾ ਚਾਹੁੰਦੀ ਹੈ।

ਮੋਦੀ ਨੇ ਕਿਹਾ, “ਸਾਡੇ ਆਦਿਵਾਸੀ ਪਰਿਵਾਰਾਂ ਵਿੱਚ ਚਾਂਦੀ ਹੁੰਦੀ ਹੈ, ਉਸਦਾ ਹਿਸਾਬ ਲਗਾਇਆ ਜਾਵੇਗਾ, ਜਿਹੜਾ ਭੈਣਾਂ ਦਾ ਸੋਨਾ ਹੈ, ਜਿਹੜੀ ਜਾਇਦਾਦ ਹੈ, ਉਹ ਸਾਰਿਆਂ ਨੂੰ ਬਰਾਬਰ ਵੰਡ ਦਿੱਤਾ ਜਾਵੇਗਾ, ਕੀ ਤੁਹਾਨੂੰ ਇਹ ਮਨਜ਼ੂਰ ਹੈ? ਤੁਹਾਡੀ ਜਾਇਦਾਦ ਸਰਕਾਰ ਨੂੰ ਲੈਣ ਦਾ ਕੀ ਹੱਕ ਹੈ? ਕੀ ਤੁਹਾਡੀ ਮਿਹਨਤ ਕਰਕੇ ਕਮਾਈ ਗਈ ਜਾਇਦਾਦ ਨੂੰ ਕਬਜ਼ੇ ਵਿੱਚ ਲੈਣ ਦਾ ਸਰਕਾਰ ਕੋਲ ਹੱਕ ਹੈ?”

ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਉਨ੍ਹਾਂ ਅੱਗੇ ਕਿਹਾ, “ਇਹ ਕਾਂਗਰਸ ਦਾ ਮੈਨੀਫੈਸਟੋ ਕਹਿ ਰਿਹਾ ਹੈ ਕਿ ਉਹ ਮਾਵਾਂ ਭੈਣਾਂ ਦੇ ਸੋਨੇ ਦਾ ਹਿਸਾਬ ਕਰਨਗੇ, ਉਸ ਦੀ ਜਾਣਕਾਰੀ ਲੈਣਗੇ ਅਤੇ ਫਿਰ ਵੰਡ ਦੇਣਗੇ ਅਤੇ ਉਨ੍ਹਾਂ ਨੂੰ ਵੰਡਣਗੇ ਜਿਨ੍ਹਾਂ ਨੂੰ ਮਨਮੋਹਨ ਸਿੰਘ ਦੀ ਸਰਕਾਰ ਨੇ ਕਿਹਾ ਸੀ ਕਿ ਜਾਇਦਾਦ ਉੱਤੇ ਪਹਿਲਾ ਹੱਕ ਮੁਸਲਮਾਨਾਂ ਦਾ ਹੈ, ਭਰਾਓ ਅਤੇ ਭੈਣੋਂ ਇਹ ਅਰਬਨ ਨਕਸਲ ਦੀ ਸੋਚ, ਮੇਰੀ ਮਾਂ-ਭੈਣੋਂ ਇਹ ਤੁਹਾਡਾ ਮੰਗਲਸੂਤਰ ਵੀ ਬਚਣ ਨਹੀਂ ਦੇਣਗੇ, ਇਹ ਇੱਥੇ ਤੱਕ ਜਾਣਗੇ।”

ਤੱਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕੀ ਕਿਹਾ ਸੀ

ਮਨਮੋਹਨ ਸਿੰਘ

ਤਸਵੀਰ ਸਰੋਤ, GETTY IMAGES

ਤਸਵੀਰ ਕੈਪਸ਼ਨ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ

ਭਾਰਤ ਦੇ ਤੱਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸਾਲ 2006 ਵਿੱਚ ਰਾਸ਼ਟਰੀ ਵਿਕਾਸ ਪਰਿਸ਼ਦ(ਐੱਨਡੀਸੀ) ਦੀ ਬੈਠਕ ਵਿੱਚ ਭਾਸ਼ਣ ਦਿੱਤਾ ਸੀ।

ਮਨਮੋਹਨ ਸਿੰਘ ਨੇ ਕਿਹਾ ਸੀ, “ਮੇਰਾ ਮੰਨਣਾ ਹੈ ਕਿ ਸਾਡੀਆਂ ਸਮੂਹਿਕ ਤਰਜੀਹਾਂ ਸਪੱਸ਼ਟ ਹਨ, ਖੇਤੀ, ਪਾਣੀ ਦੀ ਸਿੰਚਾਈ, ਜਲ ਸਰੋਤ, ਸਿਹਤ, ਸਿੱਖਿਆ, ਪੇਂਡੂ ਬੁਨਿਆਦੀ ਢਾਂਚੇ ਵਿੱਚ ਮਹੱਤਵਪੂਰਨ ਨਿਵੇਸ਼ ਅਤੇ ਸਮਾਨ ਬੁਨਿਆਦੀ ਢਾਂਚੇ ਦੇ ਲਈ ਲੋੜੀਂਦੇ ਸਰਕਾਰੀ ਨਿਵੇਸ਼ ਦੀਆਂ ਲੋੜਾਂ, ਨਾਲ ਹੀ ਅਨੁਸੂਚਿਤ ਜਾਤ, ਅਨੁਸੂਚਿਤ ਜਨਜਾਤੀ, ਹੋਰ ਪਿਛੜੇ ਵਰਗਾਂ ਨੂੰ ਉੱਪਰ ਚੁੱਕਣ ਦੇ ਲਈ ਪ੍ਰੋਗਰਾਮ, ਘੱਟਗਿਣਤੀਆਂ, ਔਰਤਾਂ ਅਤੇ ਬੱਚਿਆਂ ਦੇ ਲਈ ਯੋਜਨਾਵਾਂ।”

ਉਨ੍ਹਾਂ ਨੇ ਕਿਹਾ ਸੀ, “ਅਨੁਸੂਚਿਤ ਜਾਤਾਂ ਅਤੇ ਜਨਜਾਤੀਆਂ ਨੂੰ ਮਜ਼ਬੂਤ ਬਣਾਉਣ ਦੀ ਲੋੜ ਹੈ ਸਾਨੂੰ ਕਈ ਨਵੀਆਂ ਯੋਜਨਾਵਾਂ ਲਿਆ ਕੇ ਇਹ ਯਕੀਨੀ ਬਣਾਉਣਾ ਪਵੇਗਾ ਕਿ ਘੱਟਗਿਣਤੀਆਂ ਦਾ ਅਤੇ ਖ਼ਾਸ ਕਰਕੇ ਮੁਸਲਮਾਨਾਂ ਨੂੰ ਵੀ ਉੱਪਰ ਚੁੱਕਿਆ ਜਾ ਸਕੇ।”

“ਉਨ੍ਹਾਂ ਨੂੰ ਵੀ ਵਿਕਾਸ ਦਾ ਫਾਇਦਾ ਮਿਲ ਸਕੇ, ਇਨ੍ਹਾਂ ਸਾਰਿਆਂ ਦਾ ਸਰੋਤਾਂ ਉੱਤੇ ਪਹਿਲਾ ਦਾਅਵਾ ਹੋਣਾ ਚਾਹੀਦਾ ਹੈ, ਕੇਂਦਰ ਦੇ ਕੋਲ ਬਹੁਤ ਜ਼ਿੰਮੇਵਾਰੀਆਂ ਹਨ ਅਤੇ ਸਾਰੇ ਸਰੋਤਾਂ ਦੀ ਉਪਲਬਧਤਾ ਵਿੱਚ ਸਾਰਿਆਂ ਦੀਆਂ ਲੋੜਾਂ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ।”

ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਮਨਮੋਹਨ ਸਿੰਘ ਨੇ ਇਹ ਭਾਸ਼ਣ ਅੰਗ੍ਰੇਜ਼ੀ ਵਿੱਚ ਦਿੱਤਾ ਸੀ ਅਤੇ ਉਨ੍ਹਾਂ ਨੇ ਅਧਿਕਾਰ ਜਾਂ ਹੱਕ ਸ਼ਬਦ ਦੀ ਵਰਤੋਂ ਨਹੀਂ ਕੀਤੀ ਸੀ, ਜਦਕਿ ਉਨ੍ਹਾਂ ਨੇ ਅੰਗੇਜ਼ੀ ਵਿੱਚ ‘ਕਲੇਮ’ ਸ਼ਬਦ ਦੀ ਵਰਤੋਂ ਕੀਤੀ ਸੀ।

ਉਨ੍ਹਾਂ ਦਾ ਇਹ ਭਾਸ਼ਣ ਪੀਐੱਮਓ ਆਰਕਾਈਵ ਉੱਤੇ ਇੱਥੇ ਦੇਖਿਆ ਜਾ ਸਕਦਾ ਹੈ।

'ਪੀਐੱਮ ਪ੍ਰਕਾਸ਼ ਸਿੰਘ ਬਾਦਲ ਕੋਲੋਂ ਸਿੱਖਣ' - ਸੁਖਬੀਰ ਬਾਦਲ

ਸੁਖਬੀਰ ਬਾਦਲ

ਤਸਵੀਰ ਸਰੋਤ, X/Sukhbir Badal

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਸ਼ਾਨ ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਦੇ ਇਸ ਬਿਆਨ ਉੱਤੇ ਪ੍ਰਤੀਕਿਰਿਆ ਦਿੰਦਿਆਂ ਆਪਣੇ ਐਕਸ ਅਕਾਊਂਟ ਉੱਤੇ ਲਿਖਿਆ, "ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਦੇ ਵੀ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਜੋ ਸਾਡੇ ਆਪਣੇ ਦੇਸ਼ ਦੇ ਲੋਕਾਂ ਵਿੱਚ ਫਿਰਕੂ ਨਫ਼ਰਤ, ਆਪਸੀ ਸ਼ੱਕ ਅਤੇ ਜ਼ਹਿਰ ਫੈਲਾਉਂਦੇ ਹਨ। ਭਾਰਤ ਹਿੰਦੂ, ਸਿੱਖ, ਮੁਸਲਮਾਨ, ਈਸਾਈ ਅਤੇ ਹੋਰ ਧਰਮਾਂ ਦਾ ਸਾਂਝਾ ਦੇਸ਼ ਹੈ।"

"ਪ੍ਰਧਾਨ ਮੰਤਰੀ ਅਤੇ ਭਾਜਪਾ ਨੂੰ ਸਰਦਾਰ. ਪ੍ਰਕਾਸ਼ ਸਿੰਘ ਜੀ ਬਾਦਲ ਤੋਂ ਸਿੱਖਣਾ ਚਾਹੀਦਾ ਹੈ ਕਿ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਕਿਵੇਂ ਯਕੀਨੀ ਬਣਾਇਆ ਜਾਂਦਾ ਹੈ। ਬਾਦਲ ਸਾਬ੍ਹ ਹਰ ਕੌਮ ਦੇ ਧਾਰਮਿਕ ਸਮਾਗਮਾਂ ਅਤੇ ਦਿਹਾੜਿਆਂ ਦਾ ਨਿੱਜੀ ਤੌਰ 'ਤੇ ਸਨਮਾਨ ਕਰਦੇ ਸਨ। ਇਹ ਦੇਸ਼ ਸਾਡੇ ਸਾਰਿਆਂ ਦਾ ਹੈ। ਸਾਰਿਆਂ ਨੂੰ ਇਸ ਬਰਾਬਰਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ।"

ਕਾਂਗਰਸ ਨੇ ਮੋਦੀ ਨੂੰ ਕੀ ਚੁਣੌਤੀ ਦਿੱਤੀ

ਪਵਨ ਖੇੜਾ

ਤਸਵੀਰ ਸਰੋਤ, X/Pawan Khera

ਤਸਵੀਰ ਕੈਪਸ਼ਨ, ਕਾਂਗਰਸ ਨੇਤਾ ਪਵਨ ਖੇੜਾ

ਵਿਰੋਧੀ ਧਿਰ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਭਾਸ਼ਣ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਫ਼ਰਤ ਦੇ ਬੀਜ ਬੀਜ ਰਹੇ ਹਨ।

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਟਵਿੱਟਰ 'ਤੇ ਲਿਖਿਆ, "ਵੋਟਿੰਗ ਦੇ ਪਹਿਲੇ ਪੜਾਅ 'ਚ ਨਿਰਾਸ਼ਾ ਤੋਂ ਬਾਅਦ ਨਰਿੰਦਰ ਮੋਦੀ ਦੇ ਝੂਠ ਦਾ ਪੱਧਰ ਇੰਨਾ ਡਿੱਗ ਗਿਆ ਹੈ ਕਿ ਡਰ ਦੇ ਮਾਰੇ ਉਹ ਹੁਣ ਜਨਤਾ ਨੂੰ ਮੁੱਦਿਆਂ ਤੋਂ ਮੋੜਨਾ ਚਾਹੁੰਦੇ ਹਨ।"

"ਕਾਂਗਰਸ ਦੇ 'ਇਨਕਲਾਬੀ ਮੈਨੀਫੈਸਟੋ' ਨੂੰ ਮਿਲ ਰਹੇ ਚੰਗੇ ਸਮਰਥਨ ਦੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਦੇਸ਼ ਹੁਣ ਆਪਣੇ ਮੁੱਦਿਆਂ 'ਤੇ ਵੋਟ ਪਾਵੇਗਾ, ਆਪਣੇ ਰੁਜ਼ਗਾਰ, ਆਪਣੇ ਪਰਿਵਾਰ ਅਤੇ ਇਸ ਦੇ ਭਵਿੱਖ ਲਈ ਵੋਟ ਦੇਵੇਗਾ। ਭਾਰਤ ਭਟਕੇਗਾ ਨਹੀਂ!"

ਕਾਂਗਰਸ ਨੇਤਾ ਪਵਨ ਖੇੜਾ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕਰਕੇ ਕਿਹਾ, "ਦੇਸ਼ ਦੇ ਪ੍ਰਧਾਨ ਮੰਤਰੀ ਨੇ ਅੱਜ ਫਿਰ ਝੂਠ ਬੋਲਿਆ। ਚੋਣ ਜਿੱਤਣ ਲਈ ਤੁਸੀਂ ਜਨਤਾ ਨੂੰ ਝੂਠ ਉੱਤੇ ਝੂਠ ਪਰੋਸਦੇ ਰਹੋਗੇ। ਤੁਹਾਡੀਆਂ ਗਰੰਟੀਆਂ ਝੂਠੀਆਂ, ਤੁਹਾਡੇ ਬਿਆਨ ਝੂਠੇ, ਤੁਹਾਡੇ ਵਾਅਦੇ ਝੂਠੇ ਹਨ।"

ਉਨ੍ਹਾਂ ਕਿਹਾ, ''ਤੁਸੀਂ ਹਿੰਦੂ-ਮੁਸਲਿਮ ਦੇ ਨਾਂ 'ਤੇ ਝੂਠ ਬੋਲ ਕੇ ਦੇਸ਼ ਨੂੰ ਵੰਡ ਰਹੇ ਹੋ। ਮੈਂ ਪ੍ਰਧਾਨ ਮੰਤਰੀ ਨੂੰ ਚੁਣੌਤੀ ਦਿੰਦਾ ਹਾਂ ਕਿ ਜੇਕਰ ਕਾਂਗਰਸ ਦੇ ਚੋਣ ਮਨੋਰਥ ਪੱਤਰ 'ਚ ਕਿਤੇ ਵੀ ਮੁਸਲਮਾਨ ਅਤੇ ਹਿੰਦੂ ਸ਼ਬਦ ਹਨ ਤਾਂ ਉਹ ਸਾਨੂੰ ਦੱਸਣ ਅਤੇ ਇਸ ਚੁਣੌਤੀ ਨੂੰ ਸਵੀਕਾਰ ਕਰਨ ਜਾਂ ਫਿਰ ਝੂਠ ਬੋਲਣਾ ਬੰਦ ਕਰਨ।"

"ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਇਨਸਾਫ਼ ਦੀ ਗੱਲ ਹੈ, ਨੌਜਵਾਨਾਂ ਨਾਲ ਇਨਸਾਫ਼, ਔਰਤਾਂ ਨਾਲ ਇਨਸਾਫ਼, ਆਦਿਵਾਸੀਆਂ ਨਾਲ ਇਨਸਾਫ਼, ਮਜ਼ਦੂਰਾਂ ਨਾਲ ਇਨਸਾਫ਼ ਦੀ ਗੱਲ ਹੈ। ਪ੍ਰਧਾਨ ਮੰਤਰੀ ਨੂੰ ਇਸ 'ਤੇ ਇਤਰਾਜ਼ ਹੈ। ਇਤਰਾਜ਼ ਕਿਉਂ ਹੋਣਾ ਚਾਹੀਦਾ ਹੈ? ਸਾਡਾ ਚੋਣ ਮਨੋਰਥ ਪੱਤਰ ਇਨਸਾਫ਼ ਦਿਖਾਉਂਦਾ ਹੈ। ਪ੍ਰਧਾਨ ਮੰਤਰੀ ਨੂੰ ਅਤੇ ਇਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਪਿਛਲੇ 10 ਸਾਲ ਹਿੰਦੂ-ਮੁਸਲਿਮ ਖੇਡ ਕੇ ਖਤਮ ਕੀਤੇ ਹਨ ਅਤੇ ਪ੍ਰਧਾਨ ਮੰਤਰੀ ਨੂੰ ਆਪਣੇ ਆਪ 'ਤੇ ਸ਼ਰਮ ਆਉਣੀ ਚਾਹੀਦੀ ਹੈ।"

ਭਾਜਪਾ

ਤਸਵੀਰ ਸਰੋਤ, X/BJP4India

ਤਸਵੀਰ ਕੈਪਸ਼ਨ, ਭਾਜਪਾ ਦੇ ਅਧਿਕਾਰਤ ਐਕਸ ਹੈਂਡਲ ਤੋਂ ਇਸ ਬਾਰੇ ਕੀਤਾ ਗਿਆ ਟਵੀਟ

ਉਨ੍ਹਾਂ ਅੱਗੇ ਕਿਹਾ, ''ਇਸ ਤਰ੍ਹਾਂ ਝੂਠ ਬੋਲਣ ਅਤੇ ਦੇਸ਼ ਨੂੰ ਵੰਡਣ 'ਤੇ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ... ਪ੍ਰਧਾਨ ਮੰਤਰੀ ਜੀ, ਤੁਹਾਡੇ ਝੂਠ ਕਾਰਨ ਲੋਕ ਸਾਡਾ ਮੈਨੀਫੈਸਟੋ ਪੜ੍ਹ ਰਹੇ ਹਨ ਅਤੇ ਇਸ 'ਚ ਤੁਹਾਡਾ ਝੂਠ ਲੱਭ ਰਹੇ ਹਨ ਕਿ 'ਹਿੰਦੂ' ਕਿੱਥੇ ਲਿਖਿਆ ਹੋਇਆ ਹੈ। ਨਹੀਂ ਤਾਂ ਇਹ ਸ਼ਬਦ ਤੁਹਾਡੇ ਦਿਮਾਗ ਵਿੱਚ ਨਹੀਂ ਹਨ ਅਤੇ ਨਾ ਹੀ ਸਾਡੇ ਮੈਨੀਫੈਸਟੋ ਵਿੱਚ ਹਨ, ਨਾ ਹੀ ਇਸ ਸਮਾਜ ਵਿੱਚ।"

ਪਵਨ ਖੇੜਾ ਨੇ ਕਿਹਾ, "ਇਹ ਤਾਂ ਤੁਹਾਡੀ ਹਲਕੀ ਮਾਨਸਿਕਤਾ ਹੈ, ਹੋਰ ਕਿਤੇ ਨਹੀਂ। ਪ੍ਰਧਾਨ ਮੰਤਰੀ ਜੀ ਝੂਠ ਬੋਲਣਾ ਬੰਦ ਕਰੋ। ਹੁਣ ਡੇਢ ਮਹੀਨਾ ਬਾਕੀ ਹੈ। ਜਾਓ, ਸੇਵਾਮੁਕਤ ਹੋਵੋ ਅਤੇ ਇੱਜ਼ਤ ਨਾਲ ਸੇਵਾਮੁਕਤ ਹੋਵੋ। ਘੱਟੋ-ਘੱਟ ਝੂਠ ਬੋਲਣਾ ਤਾਂ ਬਹੁਤ ਪੜ੍ਹਿਆ-ਲਿਖਿਆ ਹੈ।

" ਲੋਕ ਤੁਹਾਡੇ ਤੋਂ ਪਹਿਲਾਂ ਇਸ ਕੁਰਸੀ 'ਤੇ ਬੈਠੇ ਹਨ ਅਤੇ ਕਿਸੇ ਨੇ ਤੁਹਾਡੇ ਵਾਂਗ ਝੂਠ ਨਹੀਂ ਬੋਲਿਆ।"

"ਤੁਹਾਡੇ ਬਾਅਦ ਵੀ ਕਈ ਚੰਗੇ ਲੋਕ ਆਏ ਹਨ। ਤੁਸੀਂ ਪ੍ਰਧਾਨ ਮੰਤਰੀ ਵੀ ਬਣਨਗੇ ਕੋਈ ਇਸ ਤਰ੍ਹਾਂ ਝੂਠ ਨਹੀਂ ਬੋਲੇਗਾ। ਤੁਸੀਂ ਜਿਸ ਤਰ੍ਹਾਂ ਦੇ ਝੂਠ ਬੋਲੇ ​​ਹਨ, ਉਸ ਲਈ ਤੁਹਾਡਾ ਨਾਮ ਇਤਿਹਾਸ ਦੇ ਕੂੜੇਦਾਨ ਵਿੱਚ ਜਾਵੇਗਾ। ਮਾਫ਼ ਕਰਨਾ, ਅਸੀਂ ਇਹ ਭਾਸ਼ਾ ਉਨ੍ਹਾਂ ਤੋਂ ਹੀ ਸਿੱਖੀ ਹੈ।"

ਯੂਥ ਕਾਂਗਰਸ ਨੇਤਾ ਸ਼੍ਰੀਨਿਵਾਸ ਬੀਵੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦਾ ਹਿੱਸਾ ਸਾਂਝਾ ਕਰਦੇ ਹੋਏ ਲਿਖਿਆ, “ਇਹ ਦੇਸ਼ ਦੀ ਬਦਕਿਸਮਤੀ ਹੈ ਕਿ ਇਹ ਵਿਅਕਤੀ ਇਸ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਅਤੇ ਇਸ ਤੋਂ ਵੀ ਵੱਡੀ ਤ੍ਰਾਸਦੀ ਇਹ ਹੈ ਕਿ ਭਾਰਤ ਦਾ ਚੋਣ ਕਮਿਸ਼ਨ ਹੁਣ ਜ਼ਿੰਦਾ ਨਹੀਂ ਹੈ।"

ਉਨ੍ਹਾਂ ਲਿਖਿਆ, ''ਹਾਰ ਦੀ ਘਬਰਾਹਟ ਕਾਰਨ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ 18 ਸਾਲ ਪੁਰਾਣੇ ਅਧੂਰੇ ਬਿਆਨ ਦਾ ਗਲਤ ਹਵਾਲਾ ਦਿੰਦੇ ਹੋਏ (ਇਸ ਨੂੰ ਗਲਤ ਸੰਦਰਭ ਵਿੱਚ ਵਰਤਦੇ ਹੋਏ) ਖੁੱਲ੍ਹੇਆਮ ਨਫ਼ਰਤ ਦੇ ਬੀਜ ਬੀਜ ਰਹੇ ਹਨ, ਪਰ ਚੋਣ ਕਮਿਸ਼ਨ (ਮੋਦੀ ਪਰਿਵਾਰ) ਝੁਕਿਆ ਹੋਇਆ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)