ਇਮਰਾਨ ਖ਼ਾਨ ਨੂੰ ਤੋਸ਼ਾਖਾਨਾ ਮਾਮਲੇ ਵਿੱਚ ਅਦਾਲਤ ਤੋਂ ਮਿਲੀ ਰਾਹਤ, ਜਾਣੋ ਕੀ ਹੈ ਪੂਰਾ ਮਾਮਲਾ

ਤਸਵੀਰ ਸਰੋਤ, Reuters
ਇਸਲਾਮਾਬਾਦ ਹਾਈਕੋਰਟ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਜ਼ਾ 'ਤੇ ਮੰਗਲਵਾਰ ਨੂੰ ਰੋਕ ਲਗਾ ਦਿੱਤੀ ਹੈ।
ਇਹ ਰੋਕ ਤੋਸ਼ਾਖ਼ਾਨਾ ਮਾਮਲੇ 'ਤੇ ਲਗਾਈ ਗਈ ਹੈ।
ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ ਮੁਤਾਬਕ ਇਸਲਾਮਾਬਾਦ ਹਾਈ ਕੋਰਟ ਨੇ ਇਮਰਾਨ ਨੂੰ ਜ਼ਮਾਨਤ 'ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ।
ਇਸਲਾਮਾਬਾਦ ਹਾਈ ਕੋਰਟ ਨੇ ਸੋਮਵਾਰ ਨੂੰ ਇਸ ਮਾਮਲੇ 'ਚ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ।
ਹੇਠਲੀ ਅਦਾਲਤ ਨੇ 5 ਅਗਸਤ ਨੂੰ ਤੋਸ਼ਾਖਾਨਾ ਮਾਮਲੇ 'ਚ ਇਮਰਾਨ ਖ਼ਾਨ ਨੂੰ ਦੋਸ਼ੀ ਠਹਿਰਾਉਂਦੇ ਹੋਏ ਤਿੰਨ ਸਾਲ ਦੀ ਸਜ਼ਾ ਸੁਣਾਈ ਸੀ।
ਅਦਾਲਤ ਦੇ ਹੁਕਮ ਤੋਂ ਤੁਰੰਤ ਬਾਅਦ ਇਮਰਾਨ ਖ਼ਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।

ਤਸਵੀਰ ਸਰੋਤ, FB/Imran Khan
ਇਮਰਾਨ ਖਾਨ 'ਤੇ ਇਲਜ਼ਾਮ ਹੈ ਕਿ ਪ੍ਰਧਾਨ ਮੰਤਰੀ ਰਹਿੰਦਿਆਂ ਹੋਇਆਂ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਨੇ ਵਿਦੇਸ਼ੀ ਨੇਤਾਵਾਂ ਤੋਂ ਮਿਲੇ ਤੋਹਫ਼ਿਆਂ ਨੂੰ ਵੇਚ ਕੇ ਹੋਣ ਵਾਲੀ ਕਮਾਈ ਦੀ ਜਾਣਕਾਰੀ ਨਹੀਂ ਦਿੱਤੀ ਸੀ।
ਫਿਲਹਾਲ ਉਹ ਅਟਕ ਜੇਲ੍ਹ ਵਿੱਚ ਬੰਦ ਹੈ। ਹਾਲਾਂਕਿ ਇਹ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਮਰਾਨ ਖ਼ਾਨ ਨੂੰ ਰਿਹਾਅ ਨਹੀਂ ਕੀਤਾ ਜਾਵੇਗਾ ਕਿਉਂਕਿ ਉਨ੍ਹਾਂ ਖ਼ਿਲਾਫ਼ ਹੋਰ ਵੀ ਕਈ ਮਾਮਲੇ ਹਨ।
ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਨੇ ਇਸਲਾਮਾਬਾਦ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਸਾਬਕਾ ਪ੍ਰਧਾਨ ਮੰਤਰੀ ਨੂੰ ਸਾਰੇ ਮਾਮਲਿਆਂ ਵਿੱਚ ਜ਼ਮਾਨਤ ਦੀ ਮੰਗ ਕੀਤੀ ਹੈ। ਤਾਂ ਜੋ ਉਨ੍ਹਾਂ ਨੂੰ ਕਿਸੇ ਹੋਰ ਮਾਮਲੇ ਵਿੱਚ ਗ੍ਰਿਫ਼ਤਾਰ ਨਾ ਕੀਤਾ ਜਾ ਸਕੇ। ਹਾਲਾਂਕਿ, ਇਸ ਪਟੀਸ਼ਨ 'ਤੇ ਅਜੇ ਸੁਣਵਾਈ ਨਹੀਂ ਹੋਈ ਹੈ।

ਇਮਰਾਨ ਖਾਨ ਦੇ ਕੇਸ ਬਾਰੇ ਖਾਸ ਗੱਲਾਂ
- ਇਮਰਾਨ ਖਾਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਹਨ, ਜੋ ਕੁਝ ਮਹੀਨੇ ਪਹਿਲਾਂ ਹੀ ਸੱਤਾ ਤੋਂ ਬਾਹਰ ਹੋਏ ਹਨ
- ਉਨ੍ਹਾਂ ਉੱਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਤੋਸ਼ੇਖਾਨਾ ਦੀਆਂ ਚੀਜ਼ਾਂ ਸਸਤੀਆਂ ਦਰਾਂ ਉੱਤੇ ਖਰੀਦੀਆਂ ਹਨ
- ਤੋਸ਼ਾਖਾਨਾ ਸਰਕਾਰੀ ਵਿਭਾਗ ਹੁੰਦਾ ਹੈ, ਜਿਸ ਵਿੱਚ ਸਰਕਾਰ ਨੂੰ ਮਿਲਣ ਵਾਲੇ ਤੋਹਫ਼ੇ ਜਮ੍ਹਾਂ ਹੁੰਦੇ ਹਨ
- ਇਸੇ ਮਾਮਲੇ ਵਿੱਚ ਪੁਲਿਸ ਨੇ ਇਮਰਾਨ ਖ਼ਾਨ ਨੂੰ 5 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਸੀ
- ਇਮਰਾਨ ਦੀ ਪਾਰਟੀ ਪੀਟੀਆਈ ਦੇ ਵਰਕਰ ਗ੍ਰਿਫ਼ਤਾਰੀ ਨੂੰ ਲੈ ਕੇ ਕਾਫੀ ਵਿਰੋਧ ਵੀ ਕੀਤਾ ਸੀ


5 ਅਗਸਤ ਨੂੰ ਹੋਈ ਸੀ ਗ੍ਰਿਫ਼ਤਾਰੀ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 5 ਅਗਸਤ ਨੂੰ ਉਨ੍ਹਾਂ ਦੇ ਲਾਹੌਰ ਵਿਚਲੇ ਜ਼ਮਾਨ ਪਾਰਕ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਸਲਾਮਾਬਾਦ ਦੀ ਅਦਾਲਤ ਨੇ ਉਨ੍ਹਾਂ ਨੂੰ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਅਤੇ 1 ਲੱਖ ਰੁਪਏ ਜੁਰਮਾਨਾ ਲਗਾਇਆ ਸੀ।
ਸ਼ਨੀਵਾਰ ਦੀ ਦੁਪਹਿਰ 12 ਵਜੇ ਬ੍ਰੇਕ ਤੋਂ ਬਾਅਦ ਜਦੋਂ ਤੋਸ਼ਾਖਾਨਾ ਮਾਮਲੇ ਦੀ ਸੁਣਵਾਈ ਤੀਜੀ ਵਾਰ ਸ਼ੁਰੂ ਹੋਈ ਸੀ ਤਾਂ ਇਮਰਾਨ ਖ਼ਾਨ ਦੇ ਵਕੀਲ ਪੇਸ਼ ਨਹੀਂ ਹੋਏ ਸਨ। ਇਸ ਤੋਂ ਬਾਅਦ ਕੋਰਟ ਨੇ ਇਹ ਫ਼ੈਸਲਾ ਸੁਣਾਇਆ ਸੀ।
ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਨੇ ਜੱਜ ਹਿਮਾਯੂ ਦਿਲਾਵਰ ਦੇ ਫੈਸਲੇ ਨੂੰ ਪੱਖਪਾਤੀ ਕਹਿੰਦਿਆਂ ਰੱਦ ਕੀਤਾ ਸੀ। ਪਾਰਟੀ ਨੇ ਇਸ ਫੈਸਲੇ ਨੂੰ ਉੱਚ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ।

ਤਸਵੀਰ ਸਰੋਤ, Getty Images
ਕੀ ਹੈ ਤੋਸ਼ਾਖ਼ਾਨਾ ਮਾਮਲਾ
ਤੋਸ਼ਾਖਾਨਾ ਇੱਕ ਸਰਕਾਰੀ ਵਿਭਾਗ ਹੁੰਦਾ ਹੈ। ਇੱਥੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਜਾਂ ਦੂਜੇ ਵੱਡੇ ਅਧਿਕਾਰੀਆਂ ਵੱਲੋਂ ਕਿਸੇ ਦੌਰੇ ਦੌਰਾਨ ਮਿਲੇ ਕੀਮਤੀ ਤੋਹਫ਼ੇ ਰੱਖੇ ਜਾਂਦੇ ਹਨ।
ਕਿਸੇ ਵੀ ਵਿਦੇਸ਼ ਯਾਤਰਾ ਵੇਲੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਇਨ੍ਹਾਂ ਤੋਹਫ਼ਿਆਂ ਦਾ ਰਿਕਾਰਡ ਰੱਖਦੇ ਹਨ ਅਤੇ ਵਤਨ ਵਾਪਸੀ 'ਤੇ ਤੋਸ਼ਾਖਾਨੇ ਵਿੱਚ ਜਮ੍ਹਾਂ ਕਰਵਾ ਦਿੱਤੇ ਜਾਂਦੇ ਹਨ।
ਤੋਸ਼ਾਖਾਨੇ ਵਿੱਚ ਰੱਖੀਆਂ ਚੀਜ਼ਾਂ ਨੂੰ ਯਾਦਗਾਰ ਵਜੋਂ ਦੇਖਿਆ ਜਾਂਦਾ ਹੈ। ਇੱਥੇ ਰੱਖੀਆਂ ਚੀਜ਼ਾਂ ਨੂੰ ਮੰਤਰੀ ਮੰਡਲ ਦੀ ਮਨਜ਼ੂਰੀ ਤੋਂ ਬਾਅਦ ਹੀ ਵੇਚਿਆ ਜਾ ਸਕਦਾ ਹੈ।
ਪਾਕਿਸਤਾਨ 'ਚ ਜੇਕਰ ਮਿਲੇ ਤੋਹਫ਼ੇ ਦੀ ਕੀਮਤ 30 ਹਜ਼ਾਰ ਰੁਪਏ ਤੋਂ ਘੱਟ ਹੈ ਤਾਂ ਵਿਅਕਤੀ ਇਸ ਨੂੰ ਮੁਫ਼ਤ 'ਚ ਆਪਣੇ ਕੋਲ ਰੱਖ ਸਕਦਾ ਹੈ।
ਉੱਥੇ ਹੀ ਜੇਕਰ ਤੋਹਫ਼ੇ ਦੀ ਕੀਮਤ 30 ਹਜ਼ਾਰ ਰੁਪਏ ਤੋਂ ਵੱਧ ਹੈ, ਤਾਂ ਉਸ ਦੀ ਕੀਮਤ ਦਾ 50 ਫੀਸਦ ਜਮ੍ਹਾਂ ਕਰਵਾ ਕੇ ਖਰੀਦਿਆ ਜਾ ਸਕਦਾ ਹੈ।
ਸਾਲ 2020 ਤੋਂ ਪਹਿਲਾਂ ਸਮਾਨ ਦੀ ਅਸਲ ਕੀਮਤ ਦਾ ਸਿਰਫ਼ 20 ਫੀਸਦੀ ਹੀ ਜਮ੍ਹਾ ਕਰਨਾ ਪੈਂਦਾ ਸੀ।
ਇਹਨਾਂ ਤੋਹਫ਼ਿਆਂ ਵਿੱਚ ਆਮ ਤੌਰ 'ਤੇ ਮਹਿੰਗੀਆਂ ਘੜੀਆਂ, ਸੋਨੇ ਅਤੇ ਹੀਰੇ ਦੇ ਗਹਿਣੇ, ਮਹਿੰਗਾ ਸਜਾਵਟੀ ਸਾਮਾਨ, ਯਾਦਗਾਰੀ ਚਿੰਨ੍ਹ, ਹੀਰਾ ਜੜੀ ਕਲਮ, ਕਰੌਕਰੀ ਅਤੇ ਕਾਲੀਨ ਸ਼ਾਮਲ ਹੁੰਦੇ ਹਨ।
ਦਰਅਸਲ, ਇਮਰਾਨ ਖ਼ਾਨ ਉੱਤੇ ਇਲਜ਼ਾਮ ਸਨ ਕਿ ਉਨ੍ਹਾਂ ਨੇ ਸੱਤਾ ਵਿੱਚ ਰਹਿੰਦਿਆਂ ਜੋ ਤੋਹਫ਼ੇ ਖਰੀਦੇ ਸਨ, ਉਨ੍ਹਾਂ ਬਾਰੇ ਚੋਣ ਕਮਿਸ਼ਨ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਸੀ।

ਤਸਵੀਰ ਸਰੋਤ, GOVERNMENT OF PAKISTAN
ਇਮਰਾਨ ਖ਼ਾਨ ਨੇ ਕਿਹੜੇ ਤੋਹਫ਼ੇ ਖਰੀਦੇ ਹਨ?
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਦੇ ਦੋ ਮਹੀਨਿਆਂ ਦੇ ਅੰਦਰ ਹੀ ਇਮਰਾਨ ਖ਼ਾਨ ਨੇ ਤੋਸ਼ਾਖਾਨਾ ਵਿੱਚ ਦੋ ਕਰੋੜ ਰੁਪਏ ਤੋਂ ਵੱਧ ਜਮ੍ਹਾਂ ਕਰਵਾ ਕੇ ਕਈ ਤੋਹਫ਼ੇ ਖਰੀਦੇ ਸਨ।
ਇਨ੍ਹਾਂ ਵਿੱਚ ਕਰੀਬ 85 ਲੱਖ ਰੁਪਏ ਦੀ ਇੱਕ ਗ੍ਰਾਫ ਘੜੀ, ਕਰੀਬ 60 ਲੱਖ ਰੁਪਏ ਦੀ ਇੱਕ ਕਫ਼ਿੰਗ, 87 ਲੱਖ ਰੁਪਏ ਦੀ ਇੱਕ ਪੈੱਨ ਅਤੇ ਅੰਗੂਠੀ ਸ਼ਾਮਲ ਹੈ।
ਇਸੇ ਤਰ੍ਹਾਂ ਇਮਰਾਨ ਖ਼ਾਨ ਨੇ ਤੋਸ਼ਾਖਾਨੇ ਤੋਂ 38 ਲੱਖ ਰੁਪਏ ਦੀ 7.5 ਲੱਖ ਰੁਪਏ ਦੀ ਰੋਲੇਕਸ ਘੜੀ ਅਤੇ 15 ਲੱਖ ਰੁਪਏ ਦੀ ਰੋਲੇਕਸ ਘੜੀ ਸਿਰਫ਼ 2.5 ਲੱਖ ਰੁਪਏ ਵਿੱਚ ਖਰੀਦੀ ਸੀ।
ਇਕ ਹੋਰ ਮੌਕੇ 'ਤੇ, ਇਮਰਾਨ ਖ਼ਾਨ ਨੇ 49 ਲੱਖ ਰੁਪਏ ਦੇ ਕਫਲਿੰਗ ਅਤੇ ਘੜੀਆਂ ਨਾਲ ਭਰਿਆ ਇੱਕ ਡੱਬਾ ਅੱਧੇ ਮੁੱਲ 'ਤੇ ਖਰੀਦਿਆ ਸੀ।
ਇਸ ਤੋਂ ਇਲਾਵਾ ਤੋਹਫ਼ੇ ਦੀ ਖਰੀਦੋ-ਫਰੋਖ਼ਤ ਲਈ 2 ਅਰਬ ਰੁਪਏ ਦੀ ਥਾਂ ਤੋਸ਼ਾਖਾਨੇ ਨੂੰ 80 ਲੱਖ ਰੁਪਏ ਦਿੱਤੇ।
ਦਸਤਾਵੇਜ਼ਾਂ ਮੁਤਾਬਕ ਕਥਿਤ ਤੌਰ 'ਤੇ ਵੇਚੀ ਗਈ ਘੜੀ ਵੀ ਚੋਣ ਕਮਿਸ਼ਨ ਦੀ ਸੂਚੀ ਵਿੱਚ ਦਰਜ ਨਹੀਂ ਸੀ।
ਇਹ ਘੜੀ ਇਮਰਾਨ ਖ਼ਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ ਆਪਣੀ ਪਹਿਲੀ ਸਾਊਦੀ ਅਰਬ ਫੇਰੀ ਦੌਰਾਨ ਤੋਹਫ਼ੇ ਵਜੋਂ ਮਿਲੀ ਸੀ।
ਇਸ ਦੀ ਲਾਗਤ 85 ਕਰੋੜ ਰੁਪਏ ਦੱਸੀ ਜਾਂਦੀ ਹੈ। ਇਮਰਾਨ ਖ਼ਾਨ ਨੇ ਇਹ ਘੜੀ 20 ਫੀਸਦੀ ਦੇ ਕੇ ਖਰੀਦ ਲਈ ਸੀ।













