ਇਮਰਾਨ ਖਾਨ : ਤੋਸ਼ਾਖਾਨਾ ਮਾਮਲਾ ਕੀ ਹੈ, ਜਿਸ ਨੇ ਸਾਬਕਾ ਪ੍ਰਧਾਨ ਮੰਤਰੀ ਲਈ ਸੰਕਟ ਖੜ੍ਹਾ ਕੀਤਾ

ਤਸਵੀਰ ਸਰੋਤ, Getty Images
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ 'ਤੇ ਗ੍ਰਿਫ਼ਤਾਰੀ ਦਾ ਖ਼ਤਰਾ ਮੰਡਰਾ ਰਿਹਾ ਹੈ।
ਬੀਬੀਸੀ ਉਰਦੂ ਸਰਵਿਸ ਦੀ ਰਿਪੋਰਟ ਮੁਤਾਬਕ ਇਮਰਾਨ ਖ਼ਾਨ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।
ਇਹ ਗ੍ਰਿਫ਼ਤਾਰੀ ਤੋਸ਼ਾਖਾਨਾ ਮਾਮਲੇ ਵਿੱਚ ਹੋ ਸਕਦੀ ਹੈ। ਪਾਕਿਸਤਾਨ ਦੇ ਲਾਹੌਰ ਵਿੱਚ ਸਥਿਤ ਇਮਰਾਨ ਖ਼ਾਨ ਦੇ ਘਰ ਪੁਲਿਸ ਪਹੁੰਚ ਗਈ ਹੈ।
ਪੁਲਿਸ ਨੇ ਕਿਹਾ, "ਅਸੀਂ ਇਮਰਾਨ ਖ਼ਾਨ ਦੇ ਘਰ ਪਹੁੰਚ ਗਏ ਹਾਂ ਪਰ ਉਹ ਘਰ ਨਹੀਂ ਹਨ।"
ਪਾਕਿਸਤਾਨ ਵਿੱਚ ਇਮਰਾਨ ਖ਼ਾਨ ਦੀ ਪਾਰਟੀ ਦੇ ਸਮਰਥਕ ਸੜਕਾਂ 'ਤੇ ਇਕੱਠੇ ਹੋ ਰਹੇ ਹਨ ਅਤੇ ਉਹ ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰ ਰਹੇ ਹਨ।
ਸਰਕਾਰ ਤੇ ਪੀਟੀਆਈ ਆਹਮੋ-ਸਾਹਮਣੇ
ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਰਾਣਾ ਸਨਾਉੱਲਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੁਲਿਸ ਅਦਾਲਤ ਦੇ ਹੁਕਮਾਂ ਤੋਂ ਬਾਅਦ ਜ਼ਮਾਨ ਪਾਰਕ ਪਹੁੰਚੀ ਹੈ, ਇਹ ਸਰਕਾਰੀ ਹੁਕਮ ਨਹੀਂ ਹਨ।
ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਇਮਰਾਨ ਖਾਨ ਨੂੰ ਗ੍ਰਿਫ਼ਤਾਰ ਕਰਨ ਵਿੱਚ ਅਸਫ਼ਲ ਰਹਿੰਦੀ ਹੈ ਤਾਂ ਅਦਾਲਤ ਨੂੰ ਜ਼ਮਾਨ ਪਾਰਕ ਦੇ ਹਾਲਾਤ ਤੋਂ ਜਾਣੂ ਕਰਵਾਇਆ ਜਾਵੇਗਾ ਅਤੇ ਉਹ ਦੇਖਣਗੇ ਕਿ ਅਦਾਲਤ ਕੀ ਹੁਕਮ ਦਿੰਦੀ ਹੈ।
ਇਸੇ ਦੌਰਾਨ ਇਮਰਾਨ ਖਾਨ ਦੀ ਗ੍ਰਿਫ਼ਤਾਰੀ ਲਈ ਪੁਲਿਸ ਵਲੋਂ ਨੋਟਿਸ ਦਿੱਤੇ ਜਾਣ ਬਾਰੇ ਚਰਚਾ ਕਰਨ ਲਈ ਪੀਟੀਆਈ ਦੀ ਐਮਰਜੈਂਸੀ ਬੈਠਕ ਚੱਲ ਰਹੀ ਹੈ। ਪਾਰਟੀ ਆਗੂ ਸ਼ਾਹ ਮਹਿਮੂਦ ਦੇ ਪਾਰਟੀ ਵਰਕਰਾਂ ਨੂੰ ਅਮਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਹੈ ਕਿ ਅਸੀਂ ਆਪਣੇ ਵਕੀਲਾਂ ਨਾਲ ਸਲਾਹ ਮਸ਼ਵਰਾ ਕਰ ਰਹੇ ਹਾਂ ਅਤੇ ਆਸ ਹੈ ਕੋਈ ਕਾਨੂੰਨੀ ਰਾਹ ਮਿਲ ਜਾਵੇਗਾ। ਉਨ੍ਹਾਂ ਇਲਜ਼ਾਮ ਲਾਇਆ ਕਿ ਸਰਕਾਰ ਅਮਨ ਕਾਨੂੰਨ ਦੇ ਹਾਲਾਤ ਵਿਗਾੜਨਾ ਚਾਹੁੰਦੀ ਹੈ।

ਤਸਵੀਰ ਸਰੋਤ, PTI Islamabad
ਇਮਰਾਨ ਖ਼ਾਨ ਨੇ ਕੀ ਕਿਹਾ ?
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੇ ਸਮੱਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਸਿਰਫ਼ ਅੱਲ੍ਹਾ ਅੱਗੇ ਝੁਕਦੇ ਹਨ, ਹੋਰ ਕਿਸੇ ਅੱਗੇ ਝੁਕੇ ਨਹੀਂ ਅਤੇ ਪਾਰਟੀ ਵਰਕਰਾਂ ਨੂੰ ਵੀ ਕਿਸੇ ਅੱਗੇ ਝੁਕਣ ਨਹੀਂ ਦੇਣਗੇ।
ਉਹਨਾਂ ਕਿਹਾ ਕਿ ਜੋ ਲੋਕ ਸੱਤਾ ਵਿੱਚ ਬੈਠੇ ਹਨ, ਉਹਨਾਂ ਉਪਰ ਕੇਸ ਚੱਲ ਰਹੇ ਹਨ ਪਰ "ਇਹ ਕੇਸ ਮੈਂ ਨਹੀਂ ਬਣਾਏ, ਇਹਨਾਂ ਦੇ ਕੇਸ ਆਪਣੀ ਹਕੂਮਤ ਦੇ 10 ਸਾਲਾਂ ਦੌਰਾਨ ਬਣੇ ਸਨ।"
ਕੀ ਹੈ ਤੋਸ਼ਾਖ਼ਾਨਾ ਮਾਮਲਾ
ਤੋਸ਼ਾਖਾਨਾ ਇੱਕ ਸਰਕਾਰੀ ਵਿਭਾਗ ਹੁੰਦਾ ਹੈ। ਇੱਥੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਜਾਂ ਦੂਜੇ ਵੱਡੇ ਅਧਿਕਾਰੀਆਂ ਵੱਲੋਂ ਕਿਸੇ ਦੌਰੇ ਦੌਰਾਨ ਮਿਲੇ ਕੀਮਤੀ ਤੋਹਫ਼ੇ ਰੱਖੇ ਜਾਂਦੇ ਹਨ।

ਤਸਵੀਰ ਸਰੋਤ, Getty Images
ਕਿਸੇ ਵੀ ਵਿਦੇਸ਼ ਯਾਤਰਾ ਵੇਲੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਇਨ੍ਹਾਂ ਤੋਹਫ਼ਿਆਂ ਦਾ ਰਿਕਾਰਡ ਰੱਖਦੇ ਹਨ ਅਤੇ ਵਤਨ ਵਾਪਸੀ 'ਤੇ ਤੋਸ਼ਾਖਾਨੇ ਵਿੱਚ ਜਮ੍ਹਾਂ ਕਰਵਾ ਦਿੱਤੇ ਜਾਂਦੇ ਹਨ।
ਤੋਸ਼ਾਖਾਨੇ ਵਿੱਚ ਰੱਖੀਆਂ ਚੀਜ਼ਾਂ ਨੂੰ ਯਾਦਗਾਰ ਵਜੋਂ ਦੇਖਿਆ ਜਾਂਦਾ ਹੈ। ਇੱਥੇ ਰੱਖੀਆਂ ਚੀਜ਼ਾਂ ਨੂੰ ਮੰਤਰੀ ਮੰਡਲ ਦੀ ਮਨਜ਼ੂਰੀ ਤੋਂ ਬਾਅਦ ਹੀ ਵੇਚਿਆ ਜਾ ਸਕਦਾ ਹੈ।

ਇਮਰਾਨ ਖਾਨ ਦੇ ਕੇਸ ਬਾਰੇ ਖਾਸ ਗੱਲਾਂ
- ਇਮਰਾਨ ਖਾਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਹਨ, ਜੋ ਕੁਝ ਮਹੀਨੇ ਪਹਿਲਾਂ ਹੀ ਸੱਤਾ ਤੋਂ ਬਾਹਰ ਹੋਏ ਹਨ
- ਉਨ੍ਹਾਂ ਉੱਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਤੋਸ਼ੇਖਾਨਾ ਦੀਆਂ ਚੀਜ਼ਾਂ ਸਸਤੀਆਂ ਦਰਾਂ ਉੱਤੇ ਖਰੀਦੀਆਂ ਹਨ
- ਤੋਸ਼ਾਖਾਨਾ ਸਰਕਾਰੀ ਵਿਭਾਗ ਹੁੰਦਾ ਹੈ, ਜਿਸ ਵਿੱਚ ਸਰਕਾਰ ਨੂੰ ਮਿਲਣ ਵਾਲੇ ਤੋਹਫ਼ੇ ਜਮ੍ਹਾਂ ਹੁੰਦੇ ਹਨ
- ਇਸੇ ਮਾਮਲੇ ਵਿੱਚ ਪੁਲਿਸ ਵਾਰੰਟ ਲੈ ਕੇ ਇਮਰਾਨ ਨੂੰ ਗ੍ਰਿਫ਼ਤਾਰ ਕਰਨ ਉਸ ਦੇ ਘਰ ਪਹੁੰਚੀ ਹੈ
- ਇਮਰਾਨ ਦੀ ਪਾਰਟੀ ਪੀਟੀਆਈ ਦੇ ਵਰਕਰ ਗ੍ਰਿਫ਼ਤਾਰੀ ਦਾ ਵਿਰੋਧ ਕਰਨ ਲਈ ਸੜ੍ਹਕਾਂ ਉੱਤੇ ਆ ਰਹੇ ਹਨ

ਪਾਕਿਸਤਾਨ 'ਚ ਜੇਕਰ ਮਿਲੇ ਤੋਹਫ਼ੇ ਦੀ ਕੀਮਤ 30 ਹਜ਼ਾਰ ਰੁਪਏ ਤੋਂ ਘੱਟ ਹੈ ਤਾਂ ਵਿਅਕਤੀ ਇਸ ਨੂੰ ਮੁਫ਼ਤ 'ਚ ਆਪਣੇ ਕੋਲ ਰੱਖ ਸਕਦਾ ਹੈ।
ਉੱਥੇ ਹੀ ਜੇਕਰ ਤੋਹਫ਼ੇ ਦੀ ਕੀਮਤ 30 ਹਜ਼ਾਰ ਰੁਪਏ ਤੋਂ ਵੱਧ ਹੈ, ਤਾਂ ਉਸ ਦੀ ਕੀਮਤ ਦਾ 50 ਫੀਸਦ ਜਮ੍ਹਾਂ ਕਰਵਾ ਕੇ ਖਰੀਦਿਆ ਜਾ ਸਕਦਾ ਹੈ।
ਸਾਲ 2020 ਤੋਂ ਪਹਿਲਾਂ ਸਮਾਨ ਦੀ ਅਸਲ ਕੀਮਤ ਦਾ ਸਿਰਫ਼ 20 ਫੀਸਦੀ ਹੀ ਜਮ੍ਹਾ ਕਰਨਾ ਪੈਂਦਾ ਸੀ।
ਇਹਨਾਂ ਤੋਹਫ਼ਿਆਂ ਵਿੱਚ ਆਮ ਤੌਰ 'ਤੇ ਮਹਿੰਗੀਆਂ ਘੜੀਆਂ, ਸੋਨੇ ਅਤੇ ਹੀਰੇ ਦੇ ਗਹਿਣੇ, ਮਹਿੰਗਾ ਸਜਾਵਟੀ ਸਾਮਾਨ, ਯਾਦਗਾਰੀ ਚਿੰਨ੍ਹ, ਹੀਰਾ ਜੜੀ ਕਲਮ, ਕਰੌਕਰੀ ਅਤੇ ਕਾਲੀਨ ਸ਼ਾਮਲ ਹੁੰਦੇ ਹਨ।
ਦਰਅਸਲ, ਇਮਰਾਨ ਖ਼ਾਨ ਉੱਤੇ ਇਲਜ਼ਾਮ ਸਨ ਕਿ ਉਨ੍ਹਾਂ ਨੇ ਸੱਤਾ ਵਿੱਚ ਰਹਿੰਦਿਆਂ ਜੋ ਤੋਹਫ਼ੇ ਖਰੀਦੇ ਸਨ, ਉਨ੍ਹਾਂ ਬਾਰੇ ਚੋਣ ਕਮਿਸ਼ਨ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਸੀ।
ਇਮਰਾਨ ਖ਼ਾਨ ਨੇ ਕਿਹੜੇ ਤੋਹਫ਼ੇ ਖਰੀਦੇ ਹਨ?
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਦੇ ਦੋ ਮਹੀਨਿਆਂ ਦੇ ਅੰਦਰ ਹੀ ਇਮਰਾਨ ਖ਼ਾਨ ਨੇ ਤੋਸ਼ਾਖਾਨਾ ਵਿੱਚ ਦੋ ਕਰੋੜ ਰੁਪਏ ਤੋਂ ਵੱਧ ਜਮ੍ਹਾਂ ਕਰਵਾ ਕੇ ਕਈ ਤੋਹਫ਼ੇ ਖਰੀਦੇ ਸਨ।
ਇਨ੍ਹਾਂ ਵਿੱਚ ਕਰੀਬ 85 ਲੱਖ ਰੁਪਏ ਦੀ ਇੱਕ ਗ੍ਰਾਫ ਘੜੀ, ਕਰੀਬ 60 ਲੱਖ ਰੁਪਏ ਦੀ ਇੱਕ ਕਫ਼ਿੰਗ, 87 ਲੱਖ ਰੁਪਏ ਦੀ ਇੱਕ ਪੈੱਨ ਅਤੇ ਅੰਗੂਠੀ ਸ਼ਾਮਲ ਹੈ।

ਤਸਵੀਰ ਸਰੋਤ, GOVERNMENT OF PAKISTAN
ਇਸੇ ਤਰ੍ਹਾਂ ਇਮਰਾਨ ਖ਼ਾਨ ਨੇ ਤੋਸ਼ਾਖਾਨੇ ਤੋਂ 38 ਲੱਖ ਰੁਪਏ ਦੀ 7.5 ਲੱਖ ਰੁਪਏ ਦੀ ਰੋਲੇਕਸ ਘੜੀ ਅਤੇ 15 ਲੱਖ ਰੁਪਏ ਦੀ ਰੋਲੇਕਸ ਘੜੀ ਸਿਰਫ਼ 2.5 ਲੱਖ ਰੁਪਏ ਵਿੱਚ ਖਰੀਦੀ ਸੀ।
ਇਕ ਹੋਰ ਮੌਕੇ 'ਤੇ, ਇਮਰਾਨ ਖ਼ਾਨ ਨੇ 49 ਲੱਖ ਰੁਪਏ ਦੇ ਕਫਲਿੰਗ ਅਤੇ ਘੜੀਆਂ ਨਾਲ ਭਰਿਆ ਇੱਕ ਡੱਬਾ ਅੱਧੇ ਮੁੱਲ 'ਤੇ ਖਰੀਦਿਆ ਸੀ।
ਇਸ ਤੋਂ ਇਲਾਵਾ ਤੋਹਫ਼ੇ ਦੀ ਖਰੀਦੋ-ਫਰੋਖ਼ਤ ਲਈ 2 ਅਰਬ ਰੁਪਏ ਦੀ ਥਾਂ ਤੋਸ਼ਾਖਾਨੇ ਨੂੰ 80 ਲੱਖ ਰੁਪਏ ਦਿੱਤੇ।
ਦਸਤਾਵੇਜ਼ਾਂ ਮੁਤਾਬਕ ਕਥਿਤ ਤੌਰ 'ਤੇ ਵੇਚੀ ਗਈ ਘੜੀ ਵੀ ਚੋਣ ਕਮਿਸ਼ਨ ਦੀ ਸੂਚੀ ਵਿੱਚ ਦਰਜ ਨਹੀਂ ਸੀ।
ਇਹ ਘੜੀ ਇਮਰਾਨ ਖ਼ਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ ਆਪਣੀ ਪਹਿਲੀ ਸਾਊਦੀ ਅਰਬ ਫੇਰੀ ਦੌਰਾਨ ਤੋਹਫ਼ੇ ਵਜੋਂ ਮਿਲੀ ਸੀ।
ਇਸ ਦੀ ਲਾਗਤ 85 ਕਰੋੜ ਰੁਪਏ ਦੱਸੀ ਜਾਂਦੀ ਹੈ। ਇਮਰਾਨ ਖ਼ਾਨ ਨੇ ਇਹ ਘੜੀ 20 ਫੀਸਦੀ ਦੇ ਕੇ ਖਰੀਦ ਲਈ ਸੀ।
ਇਹ ਵੀ ਪੜ੍ਹੋ-












