ਪੁਤਿਨ ਕਿਵੇਂ ਚਲਾਉਂਦੇ ਹਨ ਆਪਣੀ ‘ਨਿੱਜੀ ਫੌਜ’ ਅਤੇ ਇਹ ਕਿਵੇਂ ਕਾਰਵਾਈਆਂ ਕਰਦੀ ਹੈ

ਤਸਵੀਰ ਸਰੋਤ, Reuters
ਯੂਕਰੇਨ ਦੀ ਫ਼ੌਜ ਨੇ ਰੂਸ ਦੇ ਵਾਗਨਰ ਸਮੂਹ ਦੇ ਇੱਕ ਮੁੱਖ ਦਫ਼ਤਰ ’ਤੇ ਹਮਲਾ ਕੀਤਾ ਹੈ। ਪੂਰਵੀ ਯੂਕਰੇਨ ਦੇ ਸੂਬੇ ਲੁਹਾਨਸਕ ਦੇ ਜਲਾਵਤਨ ਗਵਰਨਰ ਨੇ ਇਹ ਜਾਣਕਾਰੀ ਦਿੱਤੀ ਹੈ।
ਗਵਰਨਰ ਸਰਹੇ ਹੈਦੈ ਨੇ ਕਿਹਾ ਹੈ ਕਿ ਲੁਹਾਨਸਕ ਸੂਬੇ ਦੇ ਕਾਡਿਵਕਾ 'ਚ ਸਥਿਤ ਉਸ ਹੋਟਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਿੱਥੇ ਇਸ ਸਮੂਹ ਦੇ ਲੜਾਕੇ ਕਥਿਤ ਤੌਰ 'ਤੇ ਇਕੱਠੇ ਹੁੰਦੇ ਸਨ।
ਹੈਦੈ ਨੇ ਦਾਅਵਾ ਕੀਤਾ ਹੈ ਕਿ ਇਸ ਹਮਲੇ ਵਿੱਚ ਰੂਸ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਬਚੇ ਹੋਏ ਸੈਨਿਕਾਂ ਵਿੱਚੋਂ ਪੰਜਾਹ ਫ਼ੀਸਦੀ ਦੇ ਡਾਕਟਰੀ ਇਲਾਜ ਦੀ ਘਾਟ ਕਾਰਨ ਮਰਨ ਦਾ ਖਦਸ਼ਾ ਹੈ।
ਬੀਬੀਸੀ ਹੋਟਲ ਵਿੱਚ ਵਾਗਨਰ ਸਮੂਹ ਦੀ ਮੌਜੂਦਗੀ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀ ਕਰ ਸਕਿਆ।
ਬੀਤੇ ਸ਼ਨੀਵਾਰ ਅਤੇ ਐਤਵਾਰ ਨੂੰ ਰੂਸ ਨੇ ਓਡੇਸਾ ਨੂੰ ਆਪਣੇ ਨਿਸ਼ਾਨੇ 'ਤੇ ਰੱਖਿਆ। ਇਸ ਦੇ ਨਾਲ ਹੀ ਯੂਕਰੇਨ ਨੇ ਰੂਸ ਦੇ ਪ੍ਰਸ਼ਾਸਤ ਸ਼ਹਿਰ ਮੇਲੀਤੋਪੋਲ 'ਤੇ ਬੰਬਾਰੀ ਜਾਰੀ ਰੱਖੀ।
ਪੱਛਮੀ ਮਾਹਰਾਂ ਮੁਤਬਾਕ, ਵਾਗਨਰ ਰੂਸੀ ਸਰਕਾਰ ਦਾ ਸਮਰਥਤ ਹਾਸਿਲ ਲੜਾਕਿਆਂ ਦਾ ਇੱਕ ਸਮੂਹ ਹੈ ਜੋ ਰੂਸੀ ਹਿੱਤਾਂ ਲਈ ਕੰਮ ਕਰਦੇ ਹਨ।
ਇਸ ਨਿੱਜੀ ਫ਼ੌਜ ਨੂੰ ਇੱਕ ਕੰਪਨੀ ਦੇ ਰੂਪ ਵਿੱਚ ਯੇਵਗੇਨੀ ਪ੍ਰਿਗੋਜਿਨ ਫੰਡ ਮੁਹੱਈਆ ਕਰਵਾਉਂਦੇ ਹਨ। ਪ੍ਰਿਗੋਜਿਨ ਪੁਤਿਨ ਦੇ ਕਰੀਬੀ ਹਨ।
ਇੱਕ ਰੈਸਟੋਰੈਂਟ ਚਲਾਉਂਣ ਵਾਲੇ ਪ੍ਰਿਗੋਜਿਨ ਉੱਤੇ ਜੰਗੀ ਅਪਰਾਧਾਂ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਇਲਜ਼ਾਮ ਹਨ।
ਇਸ ਤੋਂ ਪਹਿਲਾਂ ਵਾਗਨਰ ਕ੍ਰਾਈਮਿਆ, ਸੀਰੀਆ, ਲੀਬੀਆ, ਮਾਲੀ ਅਤੇ ਮੱਧ ਅਫ਼ਰੀਕੀ ਰਿਪਬਲਿਕ 'ਚ ਤੈਨਾਤ ਰਹਿ ਚੁੱਕੇ ਹਨ।

ਤਸਵੀਰ ਸਰੋਤ, SERHIY HAIDAI
ਵਾਗਨਰ ਸਮੂਹ ਕੀ ਹੈ?
ਯੂਕਰੇਨ ਉੱਤੇ ਹਮਲੇ ਤੋਂ ਠੀਕ ਪਹਿਲਾਂ, ਇਸ ਸਮੂਹ ਦੇ ਲੜਾਕੇ ਪੂਰਬੀ ਯੂਕਰੇਨ ਵਿੱਚ ‘ਫਾਲਸ ਫਲੈਗ’ ਅਪਰੇਸ਼ਨ ਕਰ ਰਹੇ ਸਨ ਤਾਂ ਜੋ ਰੂਸ ਨੂੰ ਹਮਲੇ ਦਾ ਬਹਾਨਾ ਮਿਲ ਸਕੇ।
ਕਿੰਗਜ਼ ਕਾਲਜ ਲੰਡਨ ਦੇ ਯੁੱਧ ਅਤੇ ਸੁਰੱਖਿਆ ਵਿਭਾਗ ਦੀ ਪ੍ਰੋਫੈਸਰ ਟਰੇਸੀ ਜਰਮਨ ਦਾ ਕਹਿਣਾ ਹੈ ਕਿ ਇਸ ਇਲਾਕੇ ਵਿੱਚ ਵਾਗਨਰ ਸਮੂਹ ਦੀ ਪਹਿਲਲੀ ਵਾਰ 2014 ਵਿੱਚ ਦਾਖਲ ਹੋਇਆ।
ਉਹ ਕਹਿੰਦੀ ਹੈ, "ਇਸ ਸਮੂਹ ਦੇ ਕਰੀਬ 1000 ਲੜਾਕਿਆਂ ਨੇ ਲੁਹਾਂਸਕ ਅਤੇ ਡੋਨੇਤਸਕ ਇਲਾਕੇ ਵਿੱਚ ਰੂਸੀ ਸਮਰਥਿਤ ਕੱਟੜਪੰਥੀਆਂ ਦਾ ਸਮਰਥਨ ਕੀਤਾ ਸੀ।"
ਯੂਕਰੇਨ ਦੇ ਵਕੀਲਾਂ ਨੇ ਵਾਗਨਰ ਗਰੁੱਪ ਦੇ ਤਿੰਨ ਲੜਾਕਿਆਂ 'ਤੇ ਰੂਸੀ ਫ਼ੌਜੀਆਂ ਨਾਲ ਮਿਲ ਕੇ ਕੀਵ ਨੇੜੇ ਪੈਂਦੇ ਪਿੰਡ ਮੋਤੀਜ਼ਿਨ ਵਿੱਚ ਵੀ ਜੰਗੀ ਅਪਰਾਧ ਕਰਨ ਦੇ ਇਲਜ਼ਾਮ ਲੱਗੇ ਸਨ।
ਸਰਕਾਰੀ ਵਕੀਲਾਂ ਦਾ ਕਹਿਣਾ ਹੈ ਕਿ ਇਨ੍ਹਾਂ ਅਪਰਾਧਾਂ ਵਿੱਚ ਕਤਲ ਅਤੇ ਤਸ਼ੱਦਦ ਦੇ ਮਾਮਲੇ ਸ਼ਾਮਲ ਹਨ। ਇਨ੍ਹਾਂ ਤਿੰਨ ਲੜਾਕਿਆਂ ਵਿੱਚੋਂ ਇੱਕ ਬੇਲਾਰੂਸ ਅਤੇ ਇੱਕ ਰੂਸ ਨਾਲ ਸਬੰਧ ਰੱਖਦਾ ਹੈ।
ਜਰਮਨ ਖੁਫੀਆ ਵਿਭਾਗ ਨੂੰ ਸ਼ੱਕ ਹੈ ਕਿ ਵੈਗਨਰ ਲੜਾਕੂ ਯੂਕਰੇਨੀ ਸ਼ਹਿਰ ਬੁਕਾ ਵਿੱਚ ਨਾਗਰਿਕਾਂ ਦੀ ਹੱਤਿਆ ਵਿੱਚ ਸ਼ਾਮਲ ਹੋ ਸਕਦੇ ਹਨ।
ਰਾਇਲ ਯੂਨਾਈਟਿਡ ਸਰਵਿਸ ਇੰਸਟੀਚਿਊਟ ਨਾਲ ਜੁੜੇ ਡਾਕਟਰ ਸੈਮੂਅਲ ਰਮਾਨੀ ਕਹਿੰਦੇ ਹਨ ਕਿ ਹੁਣ ਵਾਗਨਰ ਸਮੂਹ ਦੇ ਲੜਾਕੇ ਡੋਨਬਾਸ ਇਲਾਕੇ ਵਿੱਚ ਰੂਸੀ ਫੌਜੀਆਂ ਨਾਲ ਮਿਲ ਕੇ ਜੰਗ ਵਿੱਚ ਹਿੱਸਾ ਲੈ ਰਹੇ ਹਨ।
ਉਹ ਕਹਿੰਦੇ ਹਨ, "ਵਾਗਨਰ ਗਰੁੱਪ ਨੇ ਲੁਹਾਂਸਕ ਵਿੱਚ ਸੇਵੇਰੋਡੋਨੇਤਸਕ ਤੇ ਪੋਪੋਸਨਾ ਵਰਗੇ ਸ਼ਹਿਰਾਂ 'ਤੇ ਕਬਜ਼ਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਅੱਜਕੱਲ੍ਹ ਇਹ ਰੂਸੀ ਫੌਜ ਦੀ ਇੱਕ ਗ਼ੈਰ-ਰਸਮੀ ਯੂਨਿਟ ਹੈ ਜਿਸ ਦੇ ਲੜਾਕਿਆਂ ਦੀ ਮੌਤ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਹੈ।"
ਯੂਕਰੇਨ ਦੀ ਫ਼ੌਜ ਨੇ ਇਸ ਤੋਂ ਪਹਿਲਾਂ ਜੂਨ ਵਿੱਚ ਸਟਾਖ਼ਨੋਵ ਤੇ ਲੁਹਾਨਸਕ ਦੇ ਪੋਪੋਸਨਾ ਵਿੱਚ ਸਥਿਤ ਵਾਗਨਰ ਸਮੂਹ ਦੇ ਹੋਰ ਟਿਕਾਣਿਆਂ ਤੇ ਹਮਲੇ ਕਰਨ ਦਾ ਦਾਅਵਾ ਕੀਤਾ ਗਿਆ ਸੀ।

ਤਸਵੀਰ ਸਰੋਤ, @RSOTM TELEGRAM GROUP
ਵਾਗਨਰ ਸਮੂਹ ਨੂੰ ਕਿਸ ਨੇ ਬਣਾਇਆ
ਦਿ ਜੇਮਸਟਾਈਨ ਫਾਉਂਡੇਸ਼ਨ ਥਿੰਕ ਟੈਕ ਦੇ ਸੀਨੀਅਰ ਫ਼ੈਲੋ ਡਾ ਸਰਗੇਈ ਸੁਖਾਨਕਿਨ ਦੱਸਦੇ ਹਨ ਕਿ ਵਾਗਨਰ ਗਰੁੱਪ ਨੂੰ ਦਿਮਿਤ੍ਰੀ ਓਕਕਿਨ ਨਾਮ ਦੇ ਇੱਕ ਵਿਅਕਤੀ ਵਲੋਂ ਬਣਾਇਆ ਗਿਆ ਸੀ। ਉਹ 2013 ਤੱਕ ਖ਼ਾਸ ਰੂਸੀ ਦਲਾਂ ਦਾ ਹਿੱਸਾ ਸੀ।
ਸੁਖਾਨਕਿਨ ਕਹਿੰਦੇ ਹਨ, "ਵਾਗਨਰ ਗਰੁੱਪ ਵਿੱਚ, ਉਨ੍ਹਾਂ ਨੇ 35 ਤੋਂ 50 ਸਾਲ ਦੀ ਉਮਰ ਦੇ ਲੋਕਾਂ ਨੂੰ ਭਰਤੀ ਕੀਤਾ ਜੋ ਪਰਿਵਾਰ ਜਾਂ ਕਰਜ਼ੇ ਦੇ ਬੋਝ ਹੇਠ ਦੱਬੇ ਹੋਏ ਸਨ।”
“ਉਹ ਜ਼ਿਆਦਾਤਰ ਛੋਟੇ ਕਸਬਿਆਂ ਤੋਂ ਸਨ ਜਿਨ੍ਹਾਂ ਕੋਲ ਨੌਕਰੀ ਨਹੀਂ ਸੀ ਤੇ ਕੰਮ ਦੇ ਮੌਕੇ ਬਹੁਤ ਘੱਟ ਸਨ। ਉਨ੍ਹਾਂ ਵਿੱਚੋਂ ਕੁਝ ਚੇਚਨੀਆ ਦੇ ਸੰਘਰਸ਼ਾਂ ਵਿੱਚ ਅਤੇ ਕੁਝ ਰੂਸ-ਜਾਰਜੀਅਨ ਜੰਗ ਵਿੱਚ ਸ਼ਾਮਲ ਸਨ।”
“ਉਨ੍ਹਾਂ ਕੋਲ ਜੰਗ ਦਾ ਤਜਰਬਾ ਸੀ, ਪਰ ਆਮ ਜ਼ਿੰਦਗੀ ਵਿੱਚ ਆਪਣੀ ਥਾਂ ਨਹੀਂ ਬਣਾ ਸਕੇ ਸਨ।"

ਤਸਵੀਰ ਸਰੋਤ, OLEG BELYAKOV/AIRTEAMIMAGES
ਸਰਗੇਈ ਦੱਸਦੇ ਹਨ ਕਿ ਰੂਸ ਦੇ ਮਿਲਟਰੀ ਇੰਟੈਲੀਜੈਂਸ ਵਿਭਾਗ ਨੇੜੇ ਇੱਕ ਜਗ੍ਹਾ 'ਤੇ ਤਕਰੀਬਨ ਤਿੰਨ ਮਹੀਨੇ ਸਿਖਲਾਈ ਦਿੱਤੀ ਗਈ ਸੀ।
ਇਸ ਤੋਂ ਇਹ ਅੰਦਾਜਾ ਤਾਂ ਲਾਇਆ ਹੀ ਜਾ ਸਕਦਾ ਹੈ ਕਿ ਇਸ ਸਮੂਹ ਦੀਆਂ ਤਾਰਾਂ ਰੂਸੀ ਫੌਜ ਨਾਲ ਜੁੜੀਆਂ ਹੋਈਆਂ ਸਨ।
ਕਿਹਾ ਜਾਂਦਾ ਹੈ ਕਿ ਇਸ ਸਮੂਹ ਦੇ ਲੜਾਕਿਆਂ ਨੂੰ ਦੁਨੀਆ ਦੇ ਕਈ ਵਿਵਾਦਿਤ ਇਲਾਕਿਆਂ ਵਿੱਚ ਭੇਜਿਆ ਗਿਆ ਸੀ।
ਉਨ੍ਹਾਂ ਕਿਹਾ, "ਮੈਨੂੰ ਲੱਗਦਾ ਹੈ ਕਿ ਰੂਸ ਇਸ ਨੂੰ ਲੈ ਕੇ ਇਲ ਲਈ ਉਤਸੁਕ ਸੀ ਕ ਕਿਉਂਕਿ ਉਹ ਚੇਚਨੀਆ ਤੇ ਅਫ਼ਗਾਨਿਸਤਾਨ ਵਿੱਚ ਹੋਈ ਗ਼ਲਤੀ ਨੂੰ ਦੁਹਰਾਉਣਾ ਨਹੀਂ ਸੀ ਚਾਹੁੰਦਾ।
ਪੁਤਿਨ ਨੂੰ ਡਰ ਸੀ ਕਿ ਉਹ ਵਿਦੇਸ਼ੀ ਜਮੀਨ ਤੇ ਚੱਲਦੇ ਸੈਨਿਕ ਅਭਿਆਨਾਂ ਵਿੱਚ ਵਧੇਰੇ ਰੂਸੀ ਸੈਨਿਕਾਂ ਦੀ ਮੌਤ ਹੋਈ ਜਿਸ ਤੋਂ ਦੇਸ਼ ਦੀ ਨਰਾਜ਼ਹਗੀ ਵਧੇਗੀ।
ਚੇਚਨੀਆ ਅਤੇ ਅਫ਼ਗਾਨਿਸਤਾਨ ਵਿਚ ਫੌਜੀ ਕਾਰਵਾਈਆਂ ਵਿੱਚ ਹਜ਼ਾਰਾਂ ਰੂਸੀ ਫ਼ੌਜੀਆਂ ਦੀ ਜਾਨ ਗਈ ਸੀ।
ਵਾਗਨਰ ਗਰੁੱਪ ਅਧਿਕਾਰਤ ਤੌਰ 'ਤੇ ਫੌਜ ਦਾ ਹਿੱਸਾ ਨਹੀਂ ਸੀ, ਇਸ ਲਈ ਇਸ ਨੂੰ ਮੁਹਿੰਮ ਵਿੱਚ ਸ਼ਾਮਲ ਕਰਨ ਨਾਲ ਮੌਤਾਂ ਦੀ ਗਿਣਤੀ ਨੂੰ ਘੱਟ ਰੱਖਣ ਵਿੱਚ ਮਦਦ ਮਿਲਦੀ ਸੀ।
ਸਰਗੇਈ ਕਹਿੰਦੇ ਹਨ, "ਇੱਕ ਵੱਡਾ ਕਾਰਨ ਇਹ ਸੀ ਕਿ ਰੂਸ ਵਾਗਨਰ ਸਮੂਹ ਦੇ ਮੈਂਬਰਾਂ ਦੀ ਮੌਤ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਸਕਦਾ ਸੀ।”
“ਯਾਨੀ ਕਿ ਇਹ ਕਹਿ ਸਕਦਾ ਹੈ ਕਿ ਉਸ ਨੂੰ ਇਨ੍ਹਾਂ ਲੜਾਕਿਆਂ ਬਾਰੇ ਕੋਈ ਜਾਣਕਾਰੀ ਨਹੀਂ। ਇੱਕ ਹੋਰ ਕਾਰਨ ਇਹ ਹੈ ਕਿ ਕਿਸੇ ਹੋਰ ਦੇਸ਼ ਵਿੱਚ ਸੰਵੇਦਨਸ਼ੀਲ ਮਿਸ਼ਨ 'ਤੇ ਫੌਜ ਜਾਂ ਅਰਧ ਸੈਨਿਕ ਬਲ ਭੇਜਣਾ ਮੁਸ਼ਕਲ ਹੁੰਦਾ ਹੈ।”

ਰੂਸ ਦੀ ਖ਼ੁਫ਼ੀਆ ਫ਼ੌਜ ‘ਵਾਗਨਰ’
- ਵਾਗਨਰ ਨਾਮ ਦਾ ਸਮੂਹ ਰੂਸ ਦੀ ਖ਼ੁਫ਼ੀਆ ਫੌਜ ਹੈ
- ਸਮੂਹ ਵਿੱਚ 35 ਤੋਂ 50 ਸਾਲ ਦੀ ਉਮਰ ਦੇ ਕਰਜ਼ੇ ਦੇ ਬੋਝ ਹੇਠ ਦੱਬੇ ਲੋਕਾਂ ਨੂੰ ਭਰਤੀ ਕੀਤਾ ਗਿਆ
- ਰੂਸ ਵਲੋਂ ਜੰਗਾਂ ਦੌਰਾਨ ਇਸ ਸਮੂਹ ਦੇ ਫੌਜੀਆਂ ਨੂੰ ਭੇਜਿਆ ਗਿਆ ਤਾਂ ਜੋ ਅਧਿਕਾਰਿਤ ਤੌਰ ਤੇ ਮਰਨ ਵਾਲਿਆਂ ਦੀ ਗਿਣਤੀ ਘੱਟ ਰਹੇ
- ਵਾਗਨਰ ਗਰੁੱਪ 2014 ਵਿੱਚ ਪੂਰਵੀ ਯੁਕਰੇਨ ਵਿੱਚ ਸਰਗਰਮ ਸੀ।
- ਫਰਵਰੀ 2018 ਵਿੱਚ, ਸੀਰੀਆ ਦੇ ਕੋਨੋਕੋ ਗੈਸ ਪਲਾਂਟ ਨੇੜੇ ਕੁਰਦਿਸ਼ ਬਲਾਂ ਦੇ ਨਾਲ ਤਾਇਨਾਤ ਅਮਰੀਕੀ ਕਮਾਂਡਰਾਂ ਨੇ ਇੱਕ ਵੱਡੀ ਫ਼ੌਜ ਨੂੰ ਨੇੜੇ ਆਉਂਦੇ ਦੇਖਿਆ।

ਵਾਗਨਰ ਗਰੁੱਪ ’ਤੇ ਕੰਟਰੋਲ ਕਿਸਦਾ ਹੈ
ਕਿਰਿਲ ਮਿਖ਼ਾਏਲੋਵ ਕੀਵ ਵਿੱਚ ਕੰਨਫ਼ਲਿਕਟ ਇੰਟੈਲੀਜੈਂਸ ਟੀਮ ਵਿੱਚ ਖੋਜੀ ਪੱਤਰਕਾਰ ਹਨ।
ਉਤਨਿਕ ਦੀ ਅਗਵਾਈ ਵਿੱਚ ਵਾਗਨਰ ਗਰੁੱਪ 2014 ਵਿੱਚ ਪੂਰਵੀ ਯੂਕਰੇਨ ਵਿੱਚ ਸਰਗਰਮ ਸੀ।
ਉਹ ਰੂਸ ਸਰਮਥਕ ਵੱਖਵਾਦੀਆਂ ਦੀ ਮਦਦ ਕਰ ਰਿਹਾ ਸੀ।
ਜਦੋਂ ਜੂਨ 2014 ਵਿੱਚ ਯੂਕਰੇਨ ਦਾ ਇੱਕ ਸੈਨਿਕ ਜਹਾਜ਼ ਹਾਦਸਾਗ੍ਰਸਤ ਹੋਇਆ, ਤਾਂ ਇਲਜ਼ਾਮ ਵਾਗਨਰ ਗਰੁੱਪ ’ਤੇ ਲੱਗੇ ਸਨ।
ਮਿਖ਼ਾਏਲੋਵ ਕਹਿੰਦੇ ਹਨ,“ਯੂਕਰੇਨ ਦੀ ਸੁਰੱਖਿਆ ਏਜੰਸੀ ਨੇ ਪੂਰਵੀ ਯੂਕਰੇਨ ਵਿੱਚ ਵਿਦਰੋਹੀ ਕਮਾਂਡਰਾਂ ਤੇ ਰੂਸੀ ਅਧਿਕਾਰੀਆਂ ਦੀਆਂ ਫ਼ੋਨ ਉੱਤੇ ਹੋਈਆਂ ਗੱਲਾਂ ਸੁਣੀਆਂ। ਉਨ੍ਹਾਂ ਮੁਤਾਬਕ ਇਹ ਕੰਮ ਵਾਗਨਰ ਗਰੁੱਪ ਦਾ ਹੀ ਸੀ।”
“ਦਿਮਿਤ੍ਰੀ ਉਤਕਿਨ ਨੂੰ ਫ਼ੋਨ ’ਤੇ ਜਹਾਜ ਸੁੱਟੇ ਜਾਣ ਦੀ ਪੁਸ਼ਟੀ ਕੀਤੀ ਗਈ ਸੀ।”


ਉਸ ਵੇਲੇ ਇਸ ਗੱਲ ਦੀ ਪੁਖ਼ਤਾ ਜਾਣਕਾਰੀ ਨਹੀਂ ਸੀ ਕਿ ਵਾਗਨਰ ਗਰੁੱਪ ਦਾ ਨਿਯੰਤਰਣ ਕਿਸ ਦੇ ਹੱਥਾਂ ਵਿੱਚ ਹੈ। ਹਾਲਾਂਕਿ ਇਸ ਤੋਂ ਬਾਅਦ ਸਮੂਹ ਡੇਲਾਲਟਸਵਾ ਦੀ ਮੁਹਿੰਮ ਵਿੱਚ ਸ਼ਾਮਿਲ ਹੋਇਆ ਸੀ।
ਡੇਬਾਲਟਸਵਾ ਪੂਰਵੀ ਯੂਕਰੇਨ ਦੇ ਦੋ ਮਹੱਤਵਪੂਰਨ ਇਲਾਕਿਆਂ ਡੋਨੇਤਸਕ ਅਤੇ ਲੁਹਾਨਸਕ ਨੂੰ ਜੋੜਨ ਵਾਲਾ ਇੱਕ ਰੇਲਵੇ ਹੱਬ ਹੈ। ਇਸ ਨੂੰ ਸਿਆਸੀ ਤੌਰ 'ਤੇ ਅਹਿਮ ਮੰਨਿਆ ਜਾਂਦਾ ਹੈ।
ਕਿਰਿਲ ਕਹਿੰਦੇ ਹਨ, "ਇਹ ਸ਼ਹਿਰ ਯੂਕਰੇਨ ਦੇ ਕਬਜ਼ੇ ਹੇਠ ਸੀ। ਬਾਗ਼ੀ ਰੂਸੀ ਫੌਜ ਦੇ ਸਹਿਯੋਗ ਨਾਲ ਇਸ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉਸ ਸਮੇਂ ਉੱਥੇ ਰੂਸੀ ਟੈਂਕਾਂ ਦੀ ਵਰਤੋਂ ਕੀਤੀ ਗਈ ਸੀ। ਹਾਲ ਹੀ ਵਿੱਚ ਪਤਾ ਲੱਗਿਆ ਹੈ ਕਿ ਉਹ ਵਾਗਨਰ ਗਰੁੱਪ ਨਾਲ ਸਬੰਧਤ ਸਨ। "
ਮਿਖਾਏਲੋਵ ਦਾ ਕਹਿਣਾ ਹੈ ਕਿ ਖੋਜੀ ਪੱਤਰਕਾਰਾਂ ਨੂੰ ਪਤਾ ਲੱਗਿਆ ਕਿ ਦਿਮਿਤਰੀ ਉਤਕਿਨ ਰੂਸੀ ਫ਼ੌਜੀ ਖੁਫ਼ੀਆ ਏਜੰਸੀ, ਜੀਆਰਯੂ ਦੇ ਸੀਨੀਅਰ ਅਧਿਕਾਰੀ ਨੂੰ ਡੇਬਾਲਤਸਾਵਾ ਅਤੇ ਪੂਰਬੀ ਯੂਕਰੇਨ ਦੇ ਹੋਰ ਹਿੱਸਿਆਂ ਬਾਰੇ ਜਾਣਕਾਰੀ ਦੇ ਰਹੇ ਸਨ।
ਤਾਂ ਕੀ ਇਸਦਾ ਮਤਲਬ ਇਹ ਹੈ ਕਿ ਵਾਗਨਰ ਸਮੂਹ ਦਾ ਨਿਯੰਤਰਣ ਅਸਲ ਵਿੱਚ ਜੀਆਰਯੂ ਦੇ ਹੱਥਾਂ ਵਿੱਚ ਸੀ?
ਉਹ ਕਹਿੰਦੇ ਹੈ, "ਉਹ ਸਿੱਧੇ ਤੌਰ 'ਤੇ ਜੀਆਰਯੂ ਦੁਆਰਾ ਨਿਯੰਤਰਿਤ ਕੀਤਾ ਗਿਆ ਸਮੂਹ ਸੀ, ਉਹ ਉਨ੍ਹਾਂ ਨੂੰ ਰਿਪੋਰਟ ਕਰਦਾ ਸੀ। ਘੱਟੋ ਘੱਟ ਉਸ ਸਮੇਂ ਅਜਿਹਾ ਹੀ ਸੀ।"
ਹਾਲਾਂਕਿ ਡੇਬਾਲਟਸਵਾ ਦੀ ਲੜਾਈ ਹੋਣ ਤੱਕ ਵਾਗਨਰ ਗਰੁੱਪ ਬਹੁਤਾ ਵੱਡਾ ਨਹੀਂ ਸੀ। ਪਰ ਸੀਰੀਆ ਵਿੱਚ ਇਹ ਸਥਿਤੀ ਬਦਲ ਚੁੱਕੀ ਸੀ।

ਤਸਵੀਰ ਸਰੋਤ, EPA/SERGEY KOZLOV
ਕੌਣ ਵਾਗਨਰ ਸਮੂਹ ਦੇ ਮੈਂਬਰਾਂ ਨੂੰ ਕਿੱਥੇ ਤੈਨਾਤ ਕਰ ਰਿਹਾ ਹੈ
ਕਿਰਿਲ ਕਹਿੰਦੇ ਹਨ, "ਅਸੀਂ ਕਦੇ ਇਸ ਗੱਲ ਦੇ ਸਬੂਤ ਨਹੀਂ ਦੇਖੇ ਕਿ ਯੂਕਰੇਨ ਵਾਂਗ ਪੇਸ਼ੇਵਰ ਰੂਸੀ ਫ਼ੌਜੀਆਂ ਨੂੰ ਜੰਗ ਦੇ ਮੈਦਾਨ ਵਿੱਚ ਪਹਿਲੀ ਲਾਈਨ ਵਿੱਚ ਰੱਖਿਆ ਗਿਆ ਹੋਵੇ। ਸੀਰੀਆ ਵਿੱਚ ਇਹ ਭੂਮਿਕਾ ਵਾਗਨਰ ਗਰੁੱਪ ਨੇ ਨਿਭਾਈ।"
"ਯੂਕਰੇਨ ਵਿੱਚ ਇੱਕ ਛੋਟੇ ਪੱਧਰ ਦੀ ਮੁਹਿੰਮ ਤੋਂ ਬਾਅਦ, ਵਾਗਨਰ ਗਰੁੱਪ ਵਿੱਚ ਕਈ ਬਟਾਲੀਅਨ ਸ਼ਾਮਲ ਸਨ। ਉਨ੍ਹਾਂ ਕੋਲ ਆਧੁਨਿਕ ਹਥਿਆਰ ਅਤੇ ਹਰ ਇੱਕ ਬਟਾਲੀਅਨ ਵਿੱਚ ਤਕਰੀਬਨ 400 ਲੜਾਕੂ ਸ਼ਾਮਿਲ ਸਨ। ਉਹ ਜ਼ਮੀਨ 'ਤੇ ਰੂਸੀ ਫੌਜਾਂ ਦੀ ਥਾਂ ਲੈ ਰਹੇ ਸਨ।"
ਵਾਗਨਰ ਗਰੁੱਪ ਸੀਰੀਆ ਦੀ ਫੌਜ ਨਾਲ ਲੜ ਰਿਹਾ ਸੀ। ਸਮੂਹ ਦੇ ਕੁਝ ਲੋਕਾਂ ਮੁਤਾਬਕ, ਇਸ ਸਮੂਹ ਦੇ ਮੈਂਬਰ ਅਖੌਤੀ ਕੱਟੜਪੰਥੀ ਸਮੂਹ ਇਸਲਾਮਿਕ ਸਟੇਟ ਦੇ ਨਿਯੰਤਰਣ ਤੋਂ ਮੁਕਤ ਹੋਏ ਇਲਾਕਿਆਂ ਵਿੱਚ ਸਭ ਤੋਂ ਪਹਿਲਾਂ ਦਾਖਲ ਹੁੰਦੇ ਸਨ।
ਪਰ ਉਦੋਂ ਇਸ ਦਾ ਨੁਕਸਾਨ ਵੀ ਸੀ, ਤੇ ਇਹ ਸਮੂਹ ਵੱਧ ਵੀ ਰਿਹਾ ਸੀ।
ਉਹ ਦੱਸਦੇ ਹਨ, "ਖੋਜੀ ਪੱਤਰਕਾਰਾਂ ਦੀਆਂ ਰਿਪੋਰਟਾਂ ਮੁਤਾਬਕ, ਰੂਸੀ ਰੱਖਿਆ ਮੰਤਰੀ ਉਸ ਸਮੇਂ ਵਾਗਨਰ ਸਮੂਹ ਤੋਂ ਬਹੁਤ ਨਾਰਾਜ਼ ਸਨ ਕਿਉਂਕਿ ਮਰਨ ਵਾਲਿਆਂ ਦੇ ਰਿਸ਼ਤੇਦਾਰ ਸੋਸ਼ਲ ਮੀਡੀਆ 'ਤੇ ਉਨ੍ਹਾਂ ਬਾਰੇ ਜਾਣਕਾਰੀ ਸਾਂਝਾ ਕਰ ਰਹੇ ਸਨ।"
"ਇਹ ਗੱਲ ਜਨਤਕ ਹੋਣ ਲੱਗੀ ਕਿ ਰੂਸੀ ਫ਼ੌਜੀ ਸੀਰੀਆ ਵਿੱਚ ਲੜ ਰਹੇ ਸਨ। ਹਥਿਆਰਾਂ ਲਈ ਵਾਗਨਰ ਗਰੁੱਪ ਨੂੰ ਮਿਲਣ ਵਾਲੀ ਮਦਦ ਬੰਦ ਹੋ ਗਈ।"
ਵਾਸ਼ਿੰਗਟਨ ਪੋਸਟ ਅਤੇ ਐਸੋਸੀਏਟਿਡ ਪ੍ਰੈਸ ਦੀਆਂ ਰਿਪੋਰਟਾਂ ਮੁਤਾਬਕ, ਵਾਗਨਰ ਸਮੂਹ ਨੇ ਆਪਣੀ ਰਣਨੀਤੀ ਬਦਲੀ ਅਤੇ ਸੀਰੀਆ ਦੀ ਸਰਕਾਰ ਨਾਲ ਸਮਝੌਤਾ ਕਰ ਲਿਆ। ਉਨ੍ਹਾਂ ਨੇ ਪੂਰਬ ਵਿੱਚ ਮੌਜੂਦ ਤੇਲ ਅਤੇ ਗੈਸ ਦੇ ਖੂਹਾਂ ਨੂੰ ਅਮਰੀਕਾ ਦੀ ਹਮਾਇਤ ਪ੍ਰਾਪਤ ਕੁਰਦਿਸ਼ ਤਾਕਤਾਂ ਦੇ ਕਬਜ਼ੇ ਤੋਂ ਮੁਕਤ ਕਰਵਾਉਣ ਸੀ।

ਤਸਵੀਰ ਸਰੋਤ, @RSOTM TELEGRAM GROUP
ਅਤੇ ਫਿਰ ਇੱਕ ਨਵਾਂ ਮੋੜ ਆਇਆ।
ਫਰਵਰੀ 2018 ਵਿੱਚ, ਸੀਰੀਆ ਦੇ ਕੋਨੋਕੋ ਗੈਸ ਪਲਾਂਟ ਨੇੜੇ ਕੁਰਦਿਸ਼ ਬਲਾਂ ਦੇ ਨਾਲ ਤਾਇਨਾਤ ਅਮਰੀਕੀ ਕਮਾਂਡਰਾਂ ਨੇ ਇੱਕ ਵੱਡੀ ਫ਼ੌਜ ਨੂੰ ਨੇੜੇ ਆਉਂਦੇ ਦੇਖਿਆ।
ਰੇਡੀਓ 'ਤੇ, ਉਨ੍ਹਾਂ ਨੇ ਲੋਕਾਂ ਨੂੰ ਰੂਸੀ ਭਾਸ਼ਾ ਵਿੱਚ ਗੱਲ ਕਰਦਿਆਂ ਸੁਣਿਆ। ਇਹ ਵਾਗਨਰ ਗਰੁੱਪ ਦੇ ਲੜਾਕੇ ਅਤੇ ਸੀਰੀਆਈ ਸੈਨਿਕ ਸਨ।
ਕਿਰਿਲ ਕਹਿੰਦੇ ਹਨ, "ਉਥੇ ਖੂਨੀ ਜੰਗ ਛਿੜ ਗਈ। ਅਮਰੀਕੀ ਸੈਨਿਕ ਰੂਸੀ ਲੜਾਕਿਆਂ 'ਤੇ ਹਮਲਾ ਕਰ ਰਹੇ ਸਨ। ਇਸ ਨਾਲ ਰੂਸ ਅਤੇ ਅਮਰੀਕਾ ਦਰਮਿਆਣ ਤਣਾਅ ਵਧਣ ਦਾ ਖ਼ਤਰਾ ਪੈਦਾ ਹੋ ਗਿਆ।"
ਪੈਂਟਾਗਨ ਨੇ ਦੱਸਿਆ ਕਿ ਰੂਸੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਸ ਇਲਾਕੇ ਵਿੱਚ ਉਨ੍ਹਾਂ ਦੀ ਕੋਈ ਫੌਜ ਨਹੀਂ ਹੈ।
ਉਹ ਕਹਿੰਦੇ ਹਨ, ''ਫ਼ਰਾਤ ਨਦੀ ਦੇ ਪੱਛਮ ਦੇ ਇਲਾਕਿਆਂ ਅਤੇ ਤੇਲ ਦੇ ਖੂਹ ਸੀਰੀਆ ਦੀ ਸਰਕਾਰ ਅਤੇ ਵਾਗਨਰ ਗਰੁੱਪ ਅਧੀਨ ਆ ਗਏ, ਜਦੋਂ ਕਿ ਪੂਰਬੀ ਖੇਤਰ ਅਮਰੀਕੀ ਫ਼ੌਜੀ ਸਮਰਥਿਤ ਸਮੂਹਾਂ ਦੇ ਕੰਟਰੋਲ 'ਚ ਆ ਗਿਆ। ਹੁਣ ਤੱਕ ਵੀ ਤੇਲ ਦੇ ਕਈ ਖੂਹਾਂ ਨੂੰ ਕਬਜ਼ੇ ਤੋਂ ਛੁਡਾਇਆ ਨਹੀਂ ਜਾ ਸਕਿਆ।”
ਇਥੋਂ ਹੀ ਸਥਿਤੀ ਥੋੜੀ ਗੁੰਝਲਦਾਰ ਹੋ ਗਈ। ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਮੁਹਿੰਮ ਦੀ ਇਜਾਜ਼ਤ ਕਿਸ ਨੇ ਦਿੱਤੀ ਸੀ ਜਾਂ ਵਾਗਨਰ ਗਰੁੱਪ ਆਪਣੇ ਤੌਰ 'ਤੇ ਫੈਸਲੇ ਲੈ ਰਿਹਾ ਸੀ।
ਪਰ ਇਸ ਤੋਂ ਬਾਅਦ ਇਕ ਵਾਰ ਫ਼ਿਰ ਗਰੁੱਪ ਦੀ ਰਣਨੀਤੀ ਬਦਲ ਗਈ।
ਹੁਣ ਇਸ ਨੇ ਫੌਜੀ ਕਾਰਵਾਈਆਂ ਦੀ ਬਜਾਏ ਆਰਥਿਕ ਖੇਤਰ ਵਿੱਚ ਆਪਣੇ ਪੰਜੇ ਵਿਛਾਉਣੇ ਸ਼ੁਰੂ ਕਰ ਦਿੱਤੇ ਹਨ।












