ਮੀਂਹ ਬਾਰੇ ਫਸਲ ਬੀਜਣ ਤੋਂ ਪਹਿਲਾਂ ਮਿਲੀ ਸਟੀਕ ਜਾਣਕਾਰੀ ਕਿਸਾਨਾਂ ਨੂੰ ਕਿਵੇਂ ਨੁਕਸਾਨ ਤੋਂ ਬਚਾ ਸਕਦੀ ਹੈ

    • ਲੇਖਕ, ਆਸ਼ਇ ਯੇਡਗੇ
    • ਰੋਲ, ਬੀਬੀਸੀ ਮਰਾਠੀ ਪੱਤਰਕਾਰ

ਸਰਦੀਆਂ ਮੁੱਕਦੇ ਹੀ ਪਿੰਡਾਂ ਵਿੱਚ ਕਿਸਾਨ ਖੇਤੀਬਾੜੀ ਦੀਆਂ ਸਰਗਰਮੀਆਂ ਤੇਜ਼ ਕਰ ਦਿੰਦੇ ਹਨ। ਹਾਲਾਂਕਿ ਇਸ ਸਮੇਂ ਦੌਰਾਨ ਹਰ ਕਿਸਾਨ ਦਾ ਪਹਿਲਾ ਸਵਾਲ ਇਹੀ ਹੁੰਦਾ ਹੈ ਇਸ ਵਾਰ ਮੀਂਹ ਕਿਵੇਂ ਰਹਿਣਗੇ?

ਪੇਂਡੂ ਖੇਤਰਾਂ ਵਿੱਚ ਇੱਕ ਦੂਜੇ ਨਾਲ ਸਲਾਹ ਮਸ਼ਵਰਾ ਕਰਕੇ ਮੀਂਹ ਬਾਰੇ ਕਿਆਸ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਈ ਕਿਸਮ ਦੀ ਪੂਜਾ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਅਖ਼ਬਾਰਾਂ ਅਤੇ ਖੇਤੀਬਾੜੀ ਨਾਲ ਜੁੜੇ ਰਸਾਲਿਆਂ ਵਿੱਚ ਦਿੱਤੀਆਂ ਮੌਸਮੀ ਭਵਿੱਖਬਾਣੀਆਂ ਦੀ ਵੀ ਮਦਦ ਲਈ ਜਾਂਦੀ ਹੈ।

ਹੁਣ ਭਾਰਤ ਦੇ ਕੁਝ ਖੇਤੀਬਾੜੀ ਜ਼ਿਲ੍ਹਿਆਂ ਦਾ ਅਧਿਐਨ ਕਰਕੇ ਅਮਰੀਕਾ ਦੀ ਸ਼ਿਕਾਗੋ ਯੂਨੀਵਰਸਿਟੀ ਨੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ।

ਅਧਿਐਨ ਦੇ ਸਵਾਲ ਸਨ ਕਿ ਕਿਸਾਨ ਸਟੀਕ ਮੌਸਮੀ ਭਵਿੱਖਬਾਣੀਆਂ ਤੋਂ ਕਿਵੇਂ ਲਾਭ ਚੁੱਕਣਗੇ? ਘੱਟ ਮੀਂਹ ਕਾਰਨ ਹੋਣ ਵਾਲਾ ਨੁਕਸਾਨ ਕਿਵੇਂ ਘਟਾਇਆ ਜਾ ਸਕਦਾ ਹੈ? ਸਭ ਤੋਂ ਅਹਿਮ ਕੀ ਇਸ ਨਾਲ ਕਿਸਾਨਾਂ ਸਿਰ ਚੜ੍ਹਿਆ ਕਰਜ਼ਾ ਘਟਾਇਆ ਜਾ ਸਕਦਾ ਹੈ?

ਸ਼ਿਕਾਗੋ ਯੂਨੀਵਰਸਿਟੀ ਨੇ ਅਧਿਐਨ ਕਿਵੇਂ ਕੀਤਾ?

ਦੁਨੀਆਂ ਦੇ 65% ਗ਼ਰੀਬ ਖੇਤੀਬਾੜੀ ਉੱਪਰ ਨਿਰਭਰ ਹਨ। ਬਦਲ ਰਹੇ ਵਾਤਾਵਰਣ ਅਤੇ ਵਧ ਰਹੇ ਤਾਪਮਾਨ ਦਾ ਖੇਤੀਬਾੜੀ ਅਤੇ ਝਾੜ ਉੱਪਰ ਮਾਰੂ ਅਸਰ ਪੈ ਰਿਹਾ ਹੈ।

ਇਸ ਸਭ ਦੇ ਦੌਰਾਨ, ਇਹ ਜ਼ਰੂਰੀ ਹੈ ਕਿਸਾਨ ਅਤੇ ਖੇਤੀਬਾੜੀ ਬਦਲਦੇ ਪੌਣ-ਪਾਣੀ ਮੁਤਾਬਕ ਢਲ ਜਾਣ। ਇਸੇ ਕਾਰਨ ਸਟੀਕ ਮੌਸਮੀ ਭਵਿੱਖਬਾਣੀਆਂ ਦੀ ਅਹਿਮੀਅਤ ਹੋਰ ਵੀ ਵਧ ਜਾਂਦੀ ਹੈ।

ਮੀਂਹ ਬਾਰੇ ਸਟੀਕ ਜਾਣਕਾਰੀ ਕਿੰਨੀ ਮਦਦਗਾਰ

ਜੇ ਕਿਸਾਨਾਂ ਨੂੰ ਇਸ ਸਵਾਲ ਦਾ ਸਟੀਕ ਉੱਤਰ ਮਿਲ ਜਾਵੇ ਕਿ ਮੀਂਹ ਕਿੰਨਾ ਪਵੇਗਾ ਤਾਂ ਉਹ ਸਾਲ ਭਰ ਦੀਆਂ ਖੇਤੀਬਾੜੀ ਸਰਮਗਰਮੀਆਂ ਬਾਰੇ ਵਧੇਰੇ ਚੰਗੀ ਤਰ੍ਹਾਂ ਵਿਉਂਤਬੰਦੀ ਕਰ ਸਕਣਗੇ। ਜਿਵੇਂ- ਜੇ ਮੀਂਹ ਘੱਟ ਪਵੇਗਾ ਤਾਂ ਕਿਹੜੀ ਫਸ ਬੀਜੀ ਜਾਵੇ? ਤੁਸੀਂ ਖਾਧਾਂ ਅਤੇ ਹੋਰ ਸਾਜੋ-ਸਮਾਨ ਵਿੱਚ ਤੁਸੀਂ ਕਿੰਨੇ ਪੈਸੇ ਖਰਚ ਕਰਨਾ ਚਾਹੁੰਦੇ ਹੋ?

ਸਰਵੇਖਣ ਲਈ ਤੇਲੰਗਾਨਾ ਸੂਬੇ ਦੇ 250 ਪਿੰਡਾਂ ਦਾ ਅਧਿਐਨ ਕੀਤਾ ਗਿਆ। ਇਨ੍ਹਾਂ ਪਿੰਡਾਂ ਦੀ ਅੱਧੀ ਤੋਂ ਜ਼ਿਆਦਾ ਵਸੋਂ ਖੇਤੀਬਾੜੀ ਉੱਪਰ ਨਿਰਭਰ ਹੈ।

ਇਨ੍ਹਾਂ ਪਿੰਡਾਂ ਵਿੱਚ ਕਿਸਾਨਾਂ ਦੇ ਤਿੰਨ ਗਰੁੱਪ ਬਣਾਏ ਗਏ। ਪਹਿਲੇ ਗਰੁੱਪ ਨੂੰ ਮੀਂਹ ਬਾਰੇ ਭਵਿੱਖਬਾਣੀ ਘੱਟੋ-ਘੱਟ ਇੱਕ ਮਹੀਨਾ ਪਹਿਲਾਂ ਦੱਸ ਦਿੱਤੀ ਗਈ। ਦੂਜੇ ਗਰੁੱਪ ਨੂੰ ਮੌਸਮੀ ਭਵਿੱਖਬਾਣੀ ਬਿਲਕੁਲ ਵੀ ਦੱਸੀ ਨਹੀਂ ਗਈ। ਤੀਜੇ ਗਰੁੱਪ ਵਿੱਚ ਉਹ ਕਿਸਾਨ ਸਨ ਜਿਨ੍ਹਾਂ ਨੇ ਆਪਣੀ ਫਸਲ ਦਾ ਬੀਮਾ ਕਰਵਾਇਆ ਹੋਇਆ ਸੀ।

ਦੇਖਿਆ ਗਿਆ ਕਿ ਜੇ ਚੰਗੇ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਤਾਂ ਕਿਸਾਨਾਂ ਨੇ ਨਕਦ ਫਸਲਾਂ ਜਿਵੇਂ ਕਪਾਹ ਉਗਾਈ ਪਰ ਜੇ ਮੀਂਹ ਥੋੜ੍ਹਾ ਪੈਣ ਦੀ ਭਵਿੱਖਬਾਣੀ ਕੀਤੀ ਗਈ ਤਾਂ ਉਨ੍ਹਾਂ ਨੇ ਘੱਟ ਪਾਣੀ ਖਰਚਣ ਵਾਲੀਆਂ ਫਸਲਾਂ ਬੀਜੀਆਂ।

ਅਧਿਐਨ ਦੇ ਕੀ ਨਤੀਜੇ ਆਏ?

ਜੋ ਮੌਸਮੀ ਭਵਿੱਖਬਾਣੀ ਕਿਸਾਨ ਖ਼ੁਦ ਕਰਦੇ ਸਨ ਉਸ ਵਿੱਚ ਬਹੁਤ ਜ਼ਿਆਦਾ ਅੰਤਰ ਹੁੰਦਾ ਸੀ। ਇਨ੍ਹਾਂ ਪਿੰਡਾਂ ਦੇ ਜ਼ਿਆਦਾਤਰ ਕਿਸਾਨ ਮੌਸਮੀ ਭਵਿੱਖਬਾਣੀ ਲਈ ਇੱਕ ਦੂਜੇ ਉੱਪਰ ਨਿਰਭਰ ਕਰਦੇ ਸਨ।

ਬਹੁਤ ਥੋੜ੍ਹੇ ਕਿਸਾਨਾਂ ਨੂੰ ਮੀਂਹ ਬਾਰੇ ਸਰਕਾਰ ਜਾਂ ਹੋਰ ਸੰਸਥਾਵਾਂ ਵੱਲੋਂ ਦਿੱਤੀ ਜਾਂਦੀ ਮੌਸਮ ਸੰਬੰਧੀ ਜਾਣਕਾਰੀ ਬਾਰੇ ਪਤਾ ਹੁੰਦਾ ਸੀ।

ਅਧਿਐਨ ਦੇ ਸਾਲ ਦੌਰਾਨ ਔਸਤ ਵਰਖਾ ਦੀ ਗਣਨਾ ਕੀਤੀ ਗਈ। ਜਦੋਂ ਕਿਸਾਨਾਂ ਨੂੰ ਮੀਂਹ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਉਨ੍ਹਾਂ ਨੇ ਆਪਣੀ ਖੇਤੀਬਾੜੀ ਦੀ ਯੋਜਨਾ ਵਿੱਚ ਬਦਲਾਅ ਕੀਤੇ।

ਇੰਨਾ ਹੀ ਨਹੀਂ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਕਿਸਾਨ ਸਟੀਕ ਭਵਿੱਖਬਾਣੀ ਹਾਸਲ ਕਰਨ ਲਈ ਭੁਗਤਾਨ ਕਰਨ ਨੂੰ ਵੀ ਤਿਆਰ ਹਨ।

ਭਵਿੱਖਬਾਣੀ ਦਾ ਕਿਸਾਨਾਂ ਨੂੰ ਕੀ ਫਾਇਦਾ ਹੋਇਆ?

ਜਿਹੜੇ ਕਿਸਾਨਾਂ ਨੇ ਭਵਿੱਖਬਾਣੀ ਮੁਤਾਬਕ ਖੇਤੀ ਮੁਤਾਬਕ ਫੈਸਲੇ ਲਏ ਉਨ੍ਹਾਂ ਨੇ ਖੇਤੀ ਉੱਪਰ ਖਰਚੇ ਵਿੱਚ ਕਟੌਤੀ ਕੀਤੀ।

ਉਨ੍ਹਾਂ ਦੀ ਆਮਦਨੀ ਵਿੱਚ 20 ਫੀਸਦੀ ਦੀ ਕਮੀ ਆਈ। ਹਾਲਾਂਕਿ ਇਨ੍ਹਾਂ ਕਿਸਾਨਾਂ ਨੇ ਖੇਤੀਬਾੜੀ ਤੋਂ ਇਲਾਵਾ ਦੂਜੇ ਤਰੀਕਿਆਂ ਨਾਲ ਪੈਸੇ ਕਮਾਉਣ ਦੇ ਢੰਗ ਲੱਭ ਲਏ। ਨਤੀਜੇ ਵਜੋਂ ਉਨ੍ਹਾਂ ਵੱਲੋਂ ਚੁੱਕੇ ਗਏ ਕਰਜ਼ਿਆਂ ਵਿੱਚ ਵੀ 50 ਫੀਸਦੀ ਦੀ ਕਮੀ ਆਈ। ਇਸ ਵਿਧੀ ਨਾਲ ਹਰ ਕਿਸਾਨ ਨੇ ਸਾਲ ਵਿੱਚ ਔਸਤ 46,408 ਰੁਪਏ ਦੀ ਬਚਤ ਕੀਤੀ।

ਦੂਜੇ ਪਾਸੇ ਜਿਹੜੇ ਕਿਸਾਨਾਂ ਨੇ ਭਵਿੱਖਬਾਣੀ ਮੁਤਾਬਕ ਥੋੜ੍ਹੇ ਮੀਂਹ ਦੀ ਉਮੀਦ ਕੀਤੀ। ਉਨ੍ਹਾਂ ਨੇ ਖੇਤੀ ਵਿੱਚ ਜ਼ਿਆਦਾ ਪੂੰਜੀ ਲਾਈ। ਉਨ੍ਹਾਂ ਦੀ ਆਮਦਨੀ ਵਿੱਚ 22 ਫੀਸਦੀ ਦਾ ਵਾਧਾ ਹੋਇਆ।

ਇਸ ਤਰ੍ਹਾਂ ਭਵਿੱਖਬਾਣੀ ਤੋਂ ਦੋਵਾਂ ਗਰੁੱਪਾਂ ਨੂੰ ਬਰਾਬਰ ਲਾਭ ਹੋਇਆ।

ਫਸਲੀ ਬੀਮਾ ਲੈਣ ਵਾਲੇ ਕਿਸਾਨਾਂ ਦਾ ਕੀ ਬਣਿਆ?

ਫਸਲ ਦਾ ਬੀਮਾ ਕਰਵਾਉਣ ਵਾਲੇ ਕਿਸਾਨਾਂ ਦਾ ਜੋਖ਼ਮ ਤਾਂ ਘੱਟ ਹੋ ਗਿਆ ਪਰ ਉਨ੍ਹਾਂ ਦੀ ਚੋਣ ਵਿੱਚ ਕੋਈ ਬਦਲਾਅ ਨਹੀਂ ਆਇਆ।

ਨਤੀਜੇ ਵਜੋਂ ਇਨ੍ਹਾਂ ਕਿਸਾਨਾਂ ਨੇ ਖੇਤੀਬਾੜੀ ਵਿੱਚ ਵਧੇਰੇ ਪੈਸਾ ਤਾਂ ਲਾਇਆ ਪਰ ਫਸਲਾਂ ਦੀ ਚੋਣ ਸਹੀ ਨਹੀਂ ਕੀਤੀ।

ਇਸ ਲਈ ਜੇ ਕਿਸਾਨ ਫਸਲ ਦਾ ਬੀਮਾ ਵੀ ਕਰਵਾਉਣ ਅਤੇ ਉਨ੍ਹਾਂ ਨੂੰ ਸਟੀਕ ਮੌਸਮੀ ਭਵਿੱਖਬਾਣੀ ਵੀ ਮਿਲੇ ਤਾਂ ਇਸ ਨਾਲ ਉਨ੍ਹਾਂ ਨੂੰ ਲਾਜ਼ਮੀ ਹੀ ਫਾਇਦਾ ਪਹੁੰਚੇਗਾ।

ਮੌਸਮ ਸੰਬੰਧੀ ਸਟੀਕ ਭਵਿੱਖਬਾਣੀ ਤੋਂ ਕਿਸਾਨਾਂ ਨੂੰ ਕਿੰਨਾ ਫਾਇਦਾ ਹੁੰਦਾ ਹੈ?

ਵਾਤਾਵਰਣ ਵਿਗਿਆਨੀ ਉਦੇ ਦੇਵਲਾਂਕਰ ਮੁਤਾਬਕ, “ਭਾਰਤ ਵਿੱਚ, ਖੇਤੀ ਮੰਡੀ ਨੂੰ ਦੇਖ ਕੇ ਨਾ ਕਿ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾਂਦੀ ਹੈ। ਪਿਛਲੇ ਕੁਝ ਸਾਲਾਂ ਦੌਰਾਨ ਸੋਇਆਬੀਨ ਵੱਡੀ ਮਾਤਰਾ ਵਿੱਚ ਉਗਾਈ ਗਈ ਜਦਕਿ ਮੌਸਮ ਉਸ ਲਈ ਬਿਲਕੁਲ ਵੀ ਸਾਜ਼ਗਾਰ ਨਹੀਂ ਸੀ।”

ਭਾਰਤ ਦਾ ਮੌਸਮ ਵਿਭਾਗ ਲਗਭਗ ਹਰ ਰੋਜ਼ ਮੌਸਮ ਸੰਬੰਧੀ ਭਵਿੱਖਬਾਣੀ ਜਾਰੀ ਕਰਦਾ ਹੈ। ਇਹ ਜਾਣਕਾਰੀ ਕਿਸਾਨਾਂ ਤੱਕ ਵੀ ਪਹੁੰਚਦੀ ਹੈ।

ਹਲਾਂਕਿ ਇਸ ਖੇਤਰ ਵਿੱਚ ਬਹੁਤ ਸਾਰੀ ਗੈਰ-ਵਿਗਿਆਨਕ ਜਾਣਕਾਰੀ ਵੀ ਹੈ ਜੋ ਕਿਸਾਨਾਂ ਦਾ ਫਇਦੇ ਨਾਲੋਂ ਜ਼ਿਆਦਾ ਨੁਕਸਾਨ ਕਰ ਜਾਂਦੀ ਹੈ।

ਬਦਲ ਰਿਹਾ ਵਾਤਾਵਰਣ ਇੱਕ ਮੁੱਦਾ ਹੈ ਪਰ ਕਿਸਾਨ ਮੰਡੀ ਦੇ ਦਬਾਅ ਅਤੇ ਫਸਲਾਂ ਦੀ ਗਲਤ ਚੋਣ ਕਾਰਨ ਨੁਕਸਾਨ ਝੱਲਦੇ ਹਨ।

ਇਸ ਲਈ ਕਿਸਾਨਾਂ ਨੂੰ ਸੋਇਆਬੀਨ ਅਤੇ ਝੋਨੇ ਨੂੰ ਛੱਡ ਕੇ ਘੱਟ ਪਾਣੀ ਵਾਲੀਆਂ ਦੇਸੀ ਫਸਲਾਂ ਦੀ ਚੋਣ ਕਰਨੀ ਚਾਹੀਦੀ ਹੈ।

ਬਦਲਦੇ ਵਾਤਾਵਰਣ ਵਿੱਚ ਜਿੰਨੀ ਅਹਿਮ ਮੌਸਮੀ ਭਵਿੱਖਬਾਣੀ ਹੈ ਉਨਾਂ ਹੀ ਜ਼ਰੂਰੀ ਖੇਤੀਬਾੜੀ ਦੀਆਂ ਵਿਧੀਆਂ ਨੂੰ ਬਦਲ ਰਹੇ ਵਾਤਾਵਰਣ ਦੇ ਨਾਲ ਢਾਲਣਾ ਵੀ ਹੈ। ਕਿਸਾਨਾਂ ਨੂੰ ਇਸ ਵੱਲ ਮੂੰਹ ਕਰਨਾ ਚਾਹੀਦਾ ਹੈ।

ਸਾਨੂੰ ਘੱਟ ਪਾਣੀ ਵਾਲੀਆਂ ਫਸਲਾਂ ਦੇਖਣੀਆਂ ਪੈਣਗੀਆਂ। ਇਨ੍ਹਾਂ ਫਸਲਾਂ ਦਾ ਭਾਅ ਬਜ਼ਾਰ ਵਿੱਚੋਂ ਲੈਣ ਲਈ ਸੰਘਰਸ਼ ਕਰਨਾ ਪਵੇਗਾ। ਫਿਰ ਹੀ ਕਿਸਾਨ ਸਹੀ ਮਾਅਨਿਆਂ ਵਿੱਚ ਬਦਲਦੇ ਵਾਤਾਵਰਣ ਦੇ ਨਾਲ ਮੁਕਾਬਲਾ ਕਰ ਸਕਣਗੇ।