ਭਲਵਾਨਾਂ ਦਾ ਧਰਨਾ : ਫੋਗਾਟ ਭੈਣਾਂ ਦੀਆਂ ਤਸਵੀਰਾਂ ਨਾਲ ਛੇੜਛਾੜ,ਕੀ ਭਵਿੱਖ ਦੀ ਫੇਕ ਨਿਊਜ਼ ਦਾ ਆਗਾਜ਼

    • ਲੇਖਕ, ਵਿਨੀਤ ਖਰੇ ਅਤੇ ਸ਼ੁਰੂਤੀ ਮੇਨਨ
    • ਰੋਲ, ਬੀਬੀਸੀ ਪੱਤਰਕਾਰ

28 ਮਈ ਨੂੰ ਜਦੋਂ ਦਿੱਲੀ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਭਲਵਾਨਾਂ ਨੂੰ ਹਿਰਾਸਤ ’ਚ ਲਿਆ ਤਾਂ ਵਿਨੇਸ਼ ਫੋਗਾਟ ਵੱਲੋਂ ਲਈ ਗਈ ਸੈਲਫੀ ਦੇ ਦੋ ਰੂਪ ਵੀ ਸੋਸ਼ਲ ਮੀਡੀਆ ’ਤੇ ਵਾਇਲਰ ਹੋਏ।

ਇਸ ਸੈਲਫੀ ’ਚ ਵਿਨੇਸ਼ ਅਤੇ ਸੰਗੀਤਾ ਫੋਗਾਟ ਦੋਵੇਂ ਪੁਲਿਸ ਦੀ ਬੱਸ ’ਚ ਬੈਠੇ ਨਜ਼ਰ ਆ ਰਹੇ ਹਨ।

ਉਨ੍ਹਾਂ ਦੇ ਨਾਲ ਬੱਸ ’ਚ ਤਿੰਨ ਪੁਲਿਸ ਮੁਲਾਜ਼ਮ ਅਤੇ ਚਾਰ ਹੋਰ ਲੋਕ ਵੀ ਬੈਠੈ ਨਜ਼ਰ ਆ ਰਹੇ ਹਨ।

ਪੱਤਰਕਾਰ ਮਨਦੀਪ ਪੂਨੀਆ ਨੇ ਉਸ ਦਿਨ ਦੁਪਹਿਰ 12:30 ਵਜੇ, ਜੋ ਫੋਟੋ ਟਵੀਟ ਕੀਤੀ ਸੀ ਉਸ ’ਚ ਵਿਨੇਸ਼ ਅਤੇ ਸੰਗੀਤਾ ਗੰਭੀਰ ਪੋਜ਼ ’ਚ ਬੈਠੀਆਂ ਨਜ਼ਰ ਆਉਂਦੀਆ ਹਨ।

ਸਾਨੂੰ ਤਕਰੀਬਨ ਡੇਢ ਘੰਟੇ ਬਾਅਦ ਦੁਪਹਿਰ 2 ਵਜੇ ਰਿਅਲ ਬਾਬਾ ਬਨਾਰਸ ਨਾਮ ਦੇ ਇੱਕ ਟਵਿੱਟਰ ਯੂਜ਼ਰ ਵੱਲੋਂ ਟਵੀਟ ਕੀਤੀ ਇੱਕ ਫੋਟੋ ਮਿਲੀ।

ਸੈਲਫੀ ਦੇ ਇਸ ਦੂਜੇ ਵਰਜ਼ਨ ’ਚ ਵਿਨੇਸ਼ ਅਤੇ ਸੰਗੀਤਾ ਮੁਸਕਰਾਉਂਦੇ ਹੋਏ ਵਿਖਾਈ ਦਿੰਦੇ ਹਨ ਅਤੇ ਉਨ੍ਹਾਂ ਦੇ ਚੇਹਰਿਆਂ ’ਤੇ ਡਿੰਪਲ ਵੀ ਹਨ।

ਇਹ ਸੰਭਵ ਹੈ ਕਿ ਇਸ ਤੋਂ ਪਹਿਲਾਂ ਵੀ ਇਹੀ ਤਸਵੀਰ ਟਵੀਟ ਕੀਤੀ ਗਈ ਹੋਵੇ, ਜਿਸ ਨੂੰ ਅਸੀਂ ਵੇਖ ਨਹੀਂ ਸਕੇ।

ਕਈ ਟਵਿੱਟਰ ਵਰਤੋਂਕਾਰਾਂ ਨੇ ਇਸ ਮੁਸਕਰਾਉਂਦੀ ਹੋਈ ਤਸਵੀਰ ਨੂੰ ਸ਼ੇਅਰ ਕੀਤਾ ਅਤੇ ਇਸ ਦਾ ਇਹ ਮਤਲਬ ਕੱਢਿਆ ਕਿ ਭਾਰਤੀ ਕੁਸ਼ਤੀ ਮਹਾਸੰਘ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਭਲਵਾਨ ਆਪਣੇ ਵਿਰੋਧ ਨੂੰ ਲੈ ਕੇ ਗੰਭੀਰ ਨਹੀਂ ਹਨ।

ਇੱਕ ਟਵਿੱਟਰ ਯੂਜ਼ਰ ਨੇ ਲਿਖਿਆ , “ ਇਹ ਇੱਕ ਟੂਲ ਕਿੱਟ ਦਾ ਹਿੱਸਾ ਬਣ ਚੁੱਕੇ ਹਨ, ਜੋ ਆਪਣੇ ਦੇਸ਼ ਨੂੰ ਤੋੜਨ ਦਾ ਕੰਮ ਕਰਦੇ ਹਨ।”

ਬਾਅਦ ’ਚ ਮੁਜ਼ਾਹਰਾ ਕਰ ਰਹੇ ਭਲਵਾਨ ਬਜਰੰਗ ਪੂਨੀਆ ਨੇ ਇਸ ਮੁਸਕਰਾਉਂਦੀ ਹੋਈ ਵਾਇਰਲ ਫੋਟੋ ਨੂੰ ਜਾਅਲੀ ਦੱਸਦੇ ਹੋਏ ਟਵੀਟ ਕੀਤਾ ਅਤੇ ਲਿਖਿਆ , “ਆਈਟੀ ਸੈੱਲ ਵਾਲੇ ਇਹ ਫਰਜ਼ੀ ਫੋਟੋਜ਼ ਫੈਲਾ ਰਹੇ ਹਨ।”

ਕਿਸ ਨੇ ਕੀਤੀ ਫੋਟੋ ਨਾਲ ਛੇੜਛਾੜ

ਇਹ ਅਜੇ ਤੱਕ ਸੱਪਸ਼ਟ ਨਹੀਂ ਹੈ ਕਿ ਅਸਲ ਫੋਟੋ ਨਾਲ ਕਿਸ ਨੇ ਛੇੜਖਾਨੀ ਕੀਤੀ ਹੈ।

ਤੱਥਾਂ ਦੀ ਜਾਂਚ ਕਰਨ ਵਾਲੀ ਵੈੱਬਸਾਈਟ ਬੂਮ ਲਾਈਵ ਨੇ ਕਿਹਾ ਕਿ ਵਿਨੇਸ਼ ਅਤੇ ਸੰਗੀਤਾ ਫੋਗਾਟ ਦੀ ਅਸਲ ਤਸਵੀਰ ’ਚ ਮੁਸਕਰਾਹਟ ਨੂੰ ਜੋੜ ਦਿੱਤਾ ਗਿਆ ਹੈ।

ਬੂਮ ਲਾਈਵ ਤੋਂ ਇਲਾਵਾ ਅਸੀਂ ਵੀ ਫੇਸਐਪ ਨਾਮ ਦੀ ਇੱਕ ਐਪ ਦੀ ਵਰਤੋਂ ਕੀਤੀ। ਇਸ ਐਪ ਦੀ ਮਦਦ ਨਾਲ ਤੁਸੀਂ ਤਸਵੀਰਾਂ ’ਚ ਲੋਕਾਂ ਦੇ ਹਾਵ-ਭਾਵ ਬਦਲ ਸਕਦੇ ਹੋ। ਅਸੀਂ ਹੋਰਨਾਂ ਫੇਸ ਐਡੀਟਿੰਗ ਐਪ ਦੀ ਵੀ ਵਰਤੋਂ ਕੀਤੀ ਪਰ ਫੇਸਐਪ ਦੀ ਮਦਦ ਨਾਲ ਬਦਲੀ ਫੋਟੋ ਦਾ ਨਤੀਜਾ ਵਾਇਰਲ ਹੋਈ ਫੋਟੋ ਵਰਗਾ ਹੀ ਸੀ।

ਕਈ ਕੋਸ਼ਿਸ਼ਾਂ ਦੇ ਬਾਵਜੂਦ ਸਾਡੀ ਵਿਨੇਸ਼, ਸੰਗੀਤਾ ਫੋਗਾਟ ਅਤੇ ਬਜਰੰਗ ਪੂਨੀਆ ਨਾਲ ਇਸ ਫੋਟੋ ਸਬੰਧੀ ਸਿੱਧੀ ਗੱਲਬਾਤ ਸੰਭਵ ਨਹੀਂ ਹੋ ਸਕੀ।

ਪਰ ਸੰਗੀਤਾ ਫੋਗਾਟ ਵੱਲੋਂ ਬੀਬੀਸੀ ਨੂੰ ਭੇਜੇ ਗਏ ਇੱਕ ਸੁਨੇਹੇ ’ਚ ਕਿਹਾ ਗਿਆ ਹੈ ਕਿ ਸੈਲਫੀ ਇਸ ਲਈ ਖਿੱਚੀ ਗਈ ਸੀ ਕਿਉਂਕਿ ‘ਭਲਵਾਨਾਂ ’ਚ ਅਨਿਸ਼ਚਿਤਤਾ ਅਤੇ ਡਰ ਸੀ ਕਿ ਉਨ੍ਹਾਂ ਨੂੰ ਕਿੱਥੇ ਲਿਜਾਇਆ ਜਾ ਰਿਹਾ ਹੈ।

ਉਨ੍ਹਾਂ ਸਮੇਤ ਹੋਰ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੁਲਿਸ ਵਾਲਿਆਂ ਨੂੰ ਕੀ ਆਦੇਸ਼ ਦਿੱਤੇ ਗਏ ਸਨ’।

ਫੈਕਟ ਚੈਕਰ ਪੰਕਜ ਜੈਨ ਅਨੁਸਾਰ ਜੇਕਰ ਵਿਨੇਸ਼ ਅਤੇ ਸੰਗੀਤਾ ਫੋਗਾਟ ਦੀ ਅਸਲ ਫੋਟੋ ਸਾਹਮਣੇ ਨਹੀਂ ਆਉਂਦੀ ਤਾਂ ਲੋਕ ਉਸ ਜਾਅਲੀ ਤਸਵੀਰ ’ਤੇ ਹੀ ਵਿਸ਼ਵਾਸ ਕਰ ਲੈਂਦੇ।

ਉਨ੍ਹਾਂ ਦਾ ਕਹਿਣਾ ਹੈ, “ ਇਹ ਭਵਿੱਖ ਦੀਆਂ ਫਰਜ਼ੀ ਖ਼ਬਰਾਂ ਦਾ ਆਗਾਜ਼ ਹੈ। ਹੁਣ ਤੱਕ ਤਾਂ ਫਰਜ਼ੀ, ਜਾਅਲੀ ਤਸਵੀਰਾਂ ਨੂੰ ਆਮ ਆਦਮੀ ਵੀ ਪਛਾਣ ਲੈਂਦਾ ਸੀ ਪਰ ਹੁਣ ਅੱਗੇ ਇਹ ਬਹੁਤ ਮੁਸ਼ਕਲ ਹੋ ਜਾਵੇਗਾ।”

ਫੋਗਾਟ ਭੈਣਾਂ ਦੀਆਂ ਤਸਵੀਰਾਂ ਬਾਰੇ ਖਾਸ ਗੱਲਾਂ

  • ਮਹਿਲਾਂ ਭਲਵਾਨਾਂ ਵੱਲੋਂ ਭਾਰਤੀ ਕੁਸ਼ਤੀ ਮਹਾਸੰਘ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਸੰਘਰਸ਼ ਕੀਤਾ ਜਾ ਰਿਹਾ
  • ਭਲਵਾਨਾਂ ਨੇ 28 ਮਈ ਨੂੰ ਪ੍ਰਦਰਸ਼ਨ ਕੀਤਾ, ਜਿਸ ਦੌਰਾਨ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ
  • ਕਈ ਟਵਿੱਟਰ ਵਰਤੋਂਕਾਰਾਂ ਨੇ ਉਹਨਾਂ ਦੇ ਮੁਸਕਰਾਉਂਦੇ ਹੋਏ ਦੀ ਇੱਕ ਤਸਵੀਰ ਨੂੰ ਸ਼ੇਅਰ ਕੀਤਾ
  • ਭਲਵਾਨ ਬਜਰੰਗ ਪੂਨੀਆ ਨੇ ਇਸ ਮੁਸਕਰਾਉਂਦੀ ਹੋਈ ਵਾਇਰਲ ਫੋਟੋ ਨੂੰ ਜਾਅਲੀ ਦੱਸਿਆ ਸੀ
  • ਇਹ ਅਜੇ ਤੱਕ ਸੱਪਸ਼ਟ ਨਹੀਂ ਹੈ ਕਿ ਅਸਲ ਫੋਟੋ ਨਾਲ ਕਿਸ ਨੇ ਛੇੜਖਾਨੀ ਕੀਤੀ ਹੈ

ਓਪਨ ਸੋਰਸ ਇਨਵੇਸਟੀਗੇਟਰ ਅਤੇ ਸੈਂਟਰ ਫਾਰ ਇਨਫਰਮੇਸ਼ਨ ਰੈਜ਼ੀਲੀਐਂਸ ਦੇ ਬੈਜਾਮਿਨ ਸਟ੍ਰਿਕ ਪਿਛਲੇ ਲੰਮੇ ਸਮੇਂ ਤੋਂ ਭਾਰਤ ’ਚ ਜਾਅਲੀ ਖ਼ਬਰਾਂ ’ਤੇ ਨਜ਼ਰ ਰੱਖ ਰਹੇ ਹਨ।

ਭਲਵਾਨਾਂ ਵੱਲੋਂ ਇੱਕ ਮਹੀਨੇ ਤੋਂ ਜਾਰੀ ਧਰਨਾ ਪ੍ਰਦਰਸ਼ਨ ’ਤੇ ਵੀ ਉਨ੍ਹਾਂ ਦੀ ਨਜ਼ਰ ਸੀ। ਉਨ੍ਹਾਂ ਨੇ ਵਿਨੇਸ਼ ਦੀ ਸੈਲਫੀ ਦੇ ਦੋਵੇਂ ਵਰਜ਼ਨ ਵੇਖੇ ਹਨ।

ਉਹ ਜਾਅਲੀ ਕੰਮ ਤੋਂ ‘ਬਹੁਤ ਪ੍ਰਭਾਵਿਤ’ ਤਾਂ ਹਨ ਪਰ ਇਸ ਦੇ ਨਾਲ ਹੀ ਉਨ੍ਹਾਂ ’ਚ ‘ਡਰ’ ਵੀ ਹੈ, ਖਾਸ ਕਰਕੇ ਜਿਸ ਤਰ੍ਹਾਂ ਨਾਲ ਅਸਲੀ ਤਸਵੀਰ ’ਚ ਬਦਲਾਵ ਲਿਆਂਦਾ ਗਿਆ ਹੈ।

ਉਨ੍ਹਾਂ ਦੇ ਅਨੁਸਾਰ ਜਿਸ ਤਰ੍ਹਾਂ ਨਾਲ ਵਾਇਰਲ ਫੋਟੋ ’ਚ ਵਿਨੇਸ਼ ਅਤੇ ਸੰਗੀਤਾ ਫੋਗਾਟ ਦੇ ਚੇਹਰਿਆਂ ’ਤੇ ਇਕੋ ਜਿਹੀ ਮੁਸਕਰਾਹਟ ਸੀ, ਉਨ੍ਹਾਂ ਦੇ ਪੂਰੇ ਦੰਦ ਵਿਖਾਈ ਦੇ ਰਹੇ ਸਨ, ਉਸ ਤੋਂ ਹੀ ਸੰਕੇਤ ਮਿਲਿਆ ਕਿ ਇਹ ਫੋਟੋ ਜਾਅਲੀ ਸੀ।

ਅਸੀਂ ਵਿਨੇਸ਼ ਅਤੇ ਸੰਗੀਤਾ ਫੋਗਾਟ ਦੀਆਂ ਪੁਰਾਣੀਆਂ ਤਸਵੀਰਾਂ ਨੂੰ ਲੱਭਿਆ ਪਰ ਕਿਸੇ ਵੀ ਫੋਟੋ ’ਚ ਉਨ੍ਹਾਂ ਦੇ ਚੇਹਰੇ ’ਤੇ ਡਿੰਪਲ ਨਹੀਂ ਸਨ।

ਹਾਲਾਂਕਿ ਅਜਿਹੀਆਂ ਛੋਟੀਆਂ-ਛੋਟੀਆਂ ਗੱਲਾਂ ਸੰਕੇਤ ਕਰਦੀਆਂ ਹਨ ਕਿ ਕਿਹੜੀ ਫੋਟੋ ਅਸਲੀ ਹੈ ਅਤੇ ਕਿਹੜੀ ਜਾਅਲੀ।

ਸਮੇਂ ਦੇ ਨਾਲ-ਨਾਲ ਨਵੀਆਂ-ਨਵੀਆਂ ਤਕਨੀਕਾਂ ਮਾਰਕੀਟ ’ਚ ਆ ਰਹੀਆਂ ਹਨ, ਜਿੰਨ੍ਹਾਂ ’ਚ ਅਸਲੀ ਅਤੇ ਜਾਅਲੀ ਫੋਟੋਆਂ, ਵੀਡੀਓ ਦੇ ਵਿਚਾਲੇ ਦਾ ਫਰਕ ਦੱਸਣਾ ਔਖਾ ਹੁੰਦਾ ਜਾ ਰਿਹਾ ਹੈ।

ਬ੍ਰਿਟੇਨ ਦੀ ਲੈਸਟਰ ਯੂਨੀਵਰਸਿਟੀ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ ’ਤੇ ਖੋਜ ਕਰ ਰਹੀ ਸਹਾਇਕ ਪ੍ਰੋਫੈਸਰ ਡਾ. ਸੋਫ਼ੀ ਨਾਈਟਿੰਗੇਲ ਦਾ ਕਹਿਣਾ ਹੈ ਕਿ ਜੇਕਰ ਬਦਲਾਵ ਬਹੁਤ ਹੀ ਗੁੰਝਲਦਾਰ ਢੰਗ ਨਾਲ ਕੀਤੇ ਗਏ ਹੋਣ ਤਾਂ ਇਹ ਯਕੀਨੀ ਤੌਰ ’ਤੇ ਨਹੀਂ ਕਿਹਾ ਜਾ ਸਕਦਾ ਕਿ ਕਿਹੜੀ ਤਸਵੀਰ ਅਸਲੀ ਅਤੇ ਕਿਹੜੀ ਜਾਅਲੀ ਹੈ।

ਇਸ ਸਥਿਤੀ ਤੋਂ ਪੈਦਾ ਹੋਣ ਵਾਲੀਆਂ ਚਿੰਤਾਵਾਂ

ਭਾਰਤ ਹੁਣ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ, ਜਿੱਥੇ ਡਾਟਾ ਬੇਹੱਦ ਸਸਤਾ ਹੈ ਅਤੇ ਹੋਰ ਕਈ ਦੇਸ਼ਾਂ ਵਾਂਗ ਜਾਅਲੀ ਖ਼ਬਰਾਂ ਦੀ ਸਮੱਸਿਆ ਚੁਣੌਤੀਪੂਰਨ ਹੈ।

ਅਜਿਹੇ ’ਚ ਅਸਲੀ ਵਰਗੇ ਵਿਖਾਈ ਦੇਣ ਵਾਲੇ ਜਾਅਲੀ ਵੀਡੀਓ, ਡੀਪਫ਼ੇਕ ਵੀਡੀਓ ਸਥਿਤੀ ਨੂੰ ਹੋਰ ਗੰਭੀਰ ਬਣਾ ਰਹੇ ਹਨ।

ਡੀਪਫ਼ੇਕ ਇੱਕ ਤਰ੍ਹਾਂ ਦੀ ਤਕਨੀਕ ਹੈ, ਜਿਸ ਦੀ ਵਰਤੋਂ ਆਡੀਓ ਅਤੇ ਵੀਡੀਓ ’ਚ ਛੇੜਛਾੜ ਕਰਨ ਲਈ ਕੀਤੀ ਜਾਂਦੀ ਹੈ।

ਇਸ ਤਕਨੀਕ ਦੀ ਵਰਤੋਂ ਕਰਕੇ ਲੋਕਾਂ ਨੂੰ ਉਹ ਗੱਲਾਂ ਕਰਨ ਜਾਂ ਕਹਿੰਦੇ ਵਿਖਾਇਆ ਜਾਂਦਾ ਹੈ, ਜੋ ਉਨ੍ਹਾਂ ਨੇ ਕਹੀਆਂ ਜਾਂ ਕੀਤੀਆਂ ਹੀ ਨਾ ਹੋਣ।

ਇਸ ਦੇ ਨਾਲ ਹੀ ਡਰ ਇਹ ਵੀ ਹੈ ਕਿ ਅਸਲੀ ਵਿਖਾਈ ਦੇਣ ਵਾਲੀ ਜਾਅਲੀ ਵੀਡੀਓ ਨੂੰ ਬਣਾਉਣ ਵਾਲੇ ਸਾਫਟਵੇਅਰ ਜਾਂ ਤਾਂ ਮੁਫ਼ਤ ਜਾਂ ਫਿਰ ਬਹੁਤ ਹੀ ਸਸਤੇ ਭਾਅ ’ਤੇ ਉਪਲੱਬਧ ਹਨ।

ਸਟ੍ਰਿਕ ਦਾ ਕਹਿਣਾ ਹੈ, “ ਬਹੁਤ ਸਾਰੀਆਂ ਐਪਲੀਕੇਸ਼ਨਾਂ ਜਾਂ ਤਾਂ ਮੁਫ਼ਤ ਹਨ ਜਾਂ ਫਿਰ ਉਨ੍ਹਾਂ ਦਾ ਪ੍ਰਤੀ ਮਹੀਨਾ ਖਰਚ 5 ਤੋਂ 8 ਡਾਲਰ ਹੈ। ਕਈਆਂ ਦੀ ਲਾਗਤ ਸਾਲਾਨਾ 50 ਡਾਲਰ ਆਉਂਦੀ ਹੈ ਅਤੇ ਇੰਨ੍ਹਾਂ ਸਾਫਟਵੇਅਰਜ਼ ਦੀ ਵਰਤੋਂ ਕਰਕੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਡੀਪਫ਼ੇਕ ਵੀਡੀਓ ਬਣਾ ਸਕਦੇ ਹੋ ਜਾਂ ਫਿਰ ਤਸਵੀਰਾਂ ਨਾਲ ਛੇੜਛਾੜ ਕਰ ਸਕਦੇ ਹੋ।”

ਵ੍ਹਟਸਐਪ ਅਤੇ ਫੇਸਬੁੱਕ ਵਰਗੇ ਸੋਸ਼ਲ ਮੀਡੀਆ ਐਪਾਂ ਦੀ ਵਰਤੋਂ ਨਾਲ ਇੰਨ੍ਹਾਂ ਜਾਅਲੀ ਵੀਡੀਓਜ਼ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਹੋਰ ਸੌਖਾ ਹੋ ਜਾਂਦਾ ਹੈ। ਗੱਲ ਹੋ ਰਹੀ ਹੈ ਕਿ ਜਾਅਲੀ ਖ਼ਬਰਾਂ ਫੈਲਾਉਣ ਵਾਲਿਆਂ ਤੋਂ ਇਲਾਵਾ ਸੋਸ਼ਲ ਮੀਡੀਆ ਕੰਪਨੀਆਂ ਦੀ ਵੀ ਜਵਾਬਦੇਹੀ ਬਣਦੀ ਹੈ।

ਸੋਫ਼ੀ ਨਾਇਟਿੰਗੇਲ ਦਾ ਕਹਿਣਾ ਹੈ, “ ਜਾਅਲੀ ਸਮੱਗਰੀ ਦੇ ਪ੍ਰਸਾਰ ਲਈ ਸੋਸ਼ਲ ਮੀਡੀਆ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਸਾਧਨ ਹੈ। ਅਜਿਹੀ ਸਮੱਗਰੀ ਇੰਨ੍ਹਾਂ ਪਲੇਟਫਾਰਮਾਂ ਤੋਂ ਦੂਰ ਰਹੇ, ਉਸ ਦੇ ਲਈ ਇੰਨ੍ਹਾਂ ਕੰਪਨੀਆਂ ’ਤੇ ਦਬਾਅ ਪਾਉਣ ਲਈ ਅਜੇ ਫਿਲਹਾਲ ਬਹੁਤ ਹੀ ਘੱਟ ਕਾਨੂੰਨੀ ਕੰਟਰੋਲ ਹੈ।”

ਰਿਪੋਰਟਾਂ ਅਨੁਸਾਰ ਭਾਰਤ ’ਚ ਆਰਟੀਫੀਸ਼ੀਅਲ ਇੰਟੀਲੀਜੈਂਸੀ ਦੀ ਮਦਦ ਨਾਲ ਫੈਲਣ ਵਾਲੀਆ ਜਾਅਲੀ ਖ਼ਬਰਾਂ ਨੂੰ ਰੋਕਣ ਲਈ ਸਰਕਾਰ ਕਾਨੂੰਨ ਲਿਆ ਰਹੀ ਹੈ ਅਤੇ ਬਿੱਲ ਦਾ ਪਹਿਲਾ ਖਰੜਾ ਜੂਨ ਦੇ ਪਹਿਲੇ ਹਫ਼ਤੇ ‘ਚ ਆ ਜਾਵੇਗਾ।

ਇਹ ਪਹਿਲੀ ਘਟਨਾ ਨਹੀਂ ਹੈ

ਆਰਟੀਫੀਸ਼ੀਅਲ ਇੰਟੀਲੀਜੈਂਸ ਨੂੰ ਜਿੱਥੇ ਦੁਨੀਆ ਭਰ ’ਚ ਮੈਡੀਕਲ ਖੇਤਰ ਆਦਿ ਦੇ ਵਿਕਾਸ ’ਚ ਅਹਿਮ ਮੰਨਿਆ ਜਾ ਰਿਹਾ ਹੈ, ਉੱਥੇ ਹੀ ਇਸ ਤੋਂ ਪੈਦਾ ਹੋਣ ਵਾਲੇ ਸੰਭਾਵੀ ਖ਼ਤਰਿਆਂ ਦੀ ਚਰਚਾ ਵੀ ਜ਼ੋਰਾਂ-ਸ਼ੋਰਾਂ ’ਤੇ ਹੈ।

ਗੱਲ ਹੋ ਰਹੀ ਹੈ ਕਿ ਕੀ ਕਦੇ ਅਜਿਹਾ ਸਮਾਂ ਵੀ ਆਵੇਗਾ ਜਦੋਂ ਮਸ਼ੀਨ ਇਨਸਾਨ ਤੋਂ ਵਧੇਰੇ ਸਮਝਦਾਰ ਹੋ ਜਾਵੇਗੀ।

ਆਰਟੀਫੀਸ਼ੀਅਲ ਇੰਟੀਲੀਜੈਂਸ ਦੇ ਖੋਜਕਰਤਾ ਪ੍ਰੋਫੈਸਰ ਸ਼ੰਕਰ ਪਾਲ ਦਾ ਕਹਿਣਾ ਹੈ, “ ਅਸੀਂ ਨਹੀਂ ਚਾਹੁੰਦੇ ਕਿ ਮਸ਼ੀਨ ਮਨੁੱਖ ਨੂੰ ਕੰਟਰੋਲ ਕਰੇ। ਇਸ ਨਾਲ ਸਭ ਕੁਝ ਗਲਤ ਹੋ ਜਾਵੇਗਾ।”

ਅਰਬਪਤੀ ਐਲਨ ਮਸਕ ਨੇ ਤਾਂ ਆਰਟੀਫੀਸ਼ੀਅਲ ਇੰਟੀਲੀਜੈਂਸ ਨੂੰ ਮਨੁੱਖੀ ਹੋਂਦ ਲਈ ਸਭ ਤੋਂ ਵੱਡਾ ਖ਼ਤਰਾ ਦੱਸਿਆ ਹੈ।

ਹਾਲ ਹੀ ’ਚ ਮਸਕ ਸਮੇਤ ਤਕਨਾਲੋਜੀ ਦੀ ਦੁਨੀਆ ਦੀਆਂ ਇੱਕ ਹਜ਼ਾਰ ਤੋਂ ਵੱਧ ਹਸਤੀਆਂ ਨੇ ਇੱਕ ਖੁੱਲੇ ਪੱਤਰ ’ਚ ਸਭ ਤੋਂ ਵੱਧ ਸ਼ਕਤੀਸ਼ਾਲੀ ਆਰਟੀਫੀਸ਼ੀਅਲ ਇੰਟੀਲੀਜੈਂਸ ਸਿਸਟਮ ਦੇ ਵਿਕਾਸ ’ਤੇ 6 ਮਹੀਨਿਆਂ ਦੇ ਲਈ ਰੋਕ ਲਗਾਉਣ ਦੀ ਗੱਲ ਕਹੀ ਸੀ।

ਇਸ ਤੋਂ ਇਲਾਵਾ ਚੈਟ ਜੀਪੀਟੀ ਦੇ ਮੁਖੀ ਨੇ ਹਾਲ ਹੀ ’ਚ ਕਿਹਾ ਸੀ ਕਿ ਆਰਟੀਫੀਸ਼ੀਅਲ ਇੰਟੀਲੀਜੈਂਸ ਨੂੰ ਕੋਈ ਆਲਮੀ ਏਜੰਸੀ ਜਾਂ ਅਮਰੀਕਾ ਕੰਟਰੋਲ ਕਰੇ।

ਆਰਟੀਫੀਸ਼ੀਅਲ ਇੰਟੀਲੀਜੈਂਸ ਨੂੰ ਦੁਨੀਆ ਭਰ ’ਚ ਗਲਤ ਜਾਣਕਾਰੀ ਫੈਲਾਉਣ ਦੇ ਸੰਭਾਵੀ ਗੰਭੀਰ ਖ਼ਤਰਿਆਂ ਵਜੋਂ ਵੇਖਿਆ ਜਾ ਰਿਹਾ ਹੈ।

ਸਾਲ 2020 ’ਚ ਦਿੱਲੀ ਵਿਖੇ ਭਾਰਤੀ ਜਨਤਾ ਪਾਰਟੀ ਵੱਲੋਂ ਆਰਟੀਫੀਸ਼ੀਅਲ ਤਕਨੀਕ ਦੀ ਕਥਿਤ ਵਰਤੋਂ ਨੂੰ ਲੈ ਕੇ ਕਾਫੀ ਬਹਿਸ ਹੋਈ ਸੀ।

ਗੁਜਰਾਤ ’ਚ ਸਿਆਸਤਦਾਨਾਂ ਖਿਲਾਫ ਡੀਪਫੇਕ ਤਕਨੀਕ ਦੀ ਕਥਿਤ ਵਰਤੋਂ ‘ਤੇ ਚਿੰਤਾ ਦੀ ਗੱਲ ਵੀ ਖ਼ਬਰਾਂ ਦਾ ਵਿਸ਼ਾ ਰਹੀ ਹੈ।

ਇਸ ਤੋਂ ਇਲਾਵਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਦੀ ਗ੍ਰਿਫਤਾਰੀ ਦੀਆਂ ਜਾਅਲੀ ਤਸਵੀਰਾਂ ਵੀ ਸਾਹਮਣੇ ਆਈਆਂ ਸਨ।

ਆਰਟੀਫੀਸ਼ੀਅਲ ਇੰਟੀਲੀਜੈਂਸ ਦੇ ਲਾਭ ਅਤੇ ਨੁਕਸਾਨ ਸਬੰਧੀ ਜਿੱਥੇ ਪੱਛਮੀ ਦੇਸ਼ਾਂ ’ਚ ਚਰਚਾ ਹੋ ਰਹੀ ਹੈ, ਕੀ ਅਜਿਹੀ ਜਾਗਰੂਕਤਾ ਭਾਰਤ ’ਚ ਵੀ ਹੈ?

ਬੈਂਜਾਮਿਨ ਸਟ੍ਰਿਕ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਰਟੀਫੀਸ਼ੀਅਲ ਇੰਟੀਲੀਜੈਂਸ ਦੀਆਂ ਨੀਤੀਆਂ ਸਬੰਧੀ ਜਿੰਨੀ ਜਾਗਰੂਕਤਾ ਦੂਜੇ ਦੇਸ਼ਾਂ ਖਾਸ ਕਰਕੇ ਪੱਛਮੀ ਦੇਸ਼ਾਂ ’ਚ ਨਜ਼ਰ ਆਉਂਦੀ ਹੈ, ਉਨੀਂ ਜਾਗਰੂਕਤਾ ਭਾਰਤ ’ਚ ਨਹੀਂ ਹੈ।

ਦੂਜੇ ਪਾਸੇ ਸੋਫ਼ੀ ਨਾਈਟਿੰਗੇਲ ਦਾ ਕਹਿਣਾ ਹੈ ਕਿ “ ਸਮਾਜ ਨੂੰ ਲਾਭ ਅਤੇ ਨੁਕਸਾਨ ਬਾਰੇ ਸਮਝਾਉਣ ’ਚ ਮਦਦ ਕਰਨਾ ਲੋਕਾਂ ਨੂੰ ਸਮਰੱਥ ਬਣਾਉਣ ਦੀ ਇੱਕ ਅਹਿਮ ਪਹਿਲ ਹੈ ਤਾਂ ਜੋ ਲੋਕ ਬਿਹਤਰ ਫੈਸਲੇ ਲੈ ਸਕਣ ਕਿ ਕਿਹੜੀ ਸਮੱਗਰੀ ‘ਤੇ ਭਰੋਸਾ ਕੀਤਾ ਜਾਵੇ ਅਤੇ ਕਿਸ ‘ਤੇ ਨਹੀਂ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)