ਵਿਸ਼ਵ ਕੱਪ:ਸ਼ਮੀ ਨੇ ਨਿਊਜ਼ੀਲੈਂਡ ਦੇ ਖ਼ਿਲਾਫ਼ ਸੈਮੀ-ਫ਼ਾਈਨਲ ਦੌਰਾਨ ਕਿਵੇਂ ਪਲਟਿਆ ਪਾਸਾ

ਰੋਹਿਤ ਸ਼ਰਮਾ

ਤਸਵੀਰ ਸਰੋਤ, Getty Images

    • ਲੇਖਕ, ਅਭੀਜੀਤ ਸ਼੍ਰੀਵਾਸਤਵ
    • ਰੋਲ, ਬੀਬੀਸੀ ਪੱਤਰਕਾਰ

ਬੁੱਧਵਾਰ, 15 ਨਵੰਬਰ, 2023 ਨੂੰ ਵਿਸ਼ਵ ਕੱਪ ਸੈਮੀਫਾਈਨਲ 'ਚ ਜਦੋਂ ਮੁਹੰਮਦ ਸ਼ਮੀ ਨੇ ਕੇਨ ਵਿਲੀਅਮਸਨ (29ਵੇਂ ਓਵਰ 'ਚ) ਦਾ ਕੈਚ ਛੱਡਿਆ ਤਾਂ ਸਟੇਡੀਅਮ 'ਚ ਮੌਜੂਦ ਦਰਸ਼ਕ ਹੀ ਨਹੀਂ ਸਗੋਂ ਓ.ਟੀ.ਟੀ. 'ਤੇ ਦੇਖਣ ਵਾਲੇ 5.3 ਕਰੋੜ ਲੋਕਾਂ ਨੇ ਸੋਚਣਾ ਸ਼ੁਰੂ ਕਰ ਦਿੱਤਾ ਸੀ ਕਿ ਸ਼ਾਇਦ ਉਨ੍ਹਾਂ ਨੇ ਆਪਣੇ ਹੱਥਾਂ ਵਿੱਚੋਂ ਵਿਸ਼ਵ ਕੱਪ ਛੱਡ ਦਿੱਤਾ ਹੈ।

ਲਗਾਤਾਰ ਨੌਂ ਮੈਚ ਜਿੱਤ ਕੇ ਸੈਮੀਫਾਈਨਲ 'ਚ ਪਹੁੰਚੀ ਭਾਰਤੀ ਟੀਮ ਦੇ ਖਿਡਾਰੀ ਤਣਾਅ ਮਹਿਸੂਸ ਕਰਨ ਲੱਗੇ ਕਿਉਂਕਿ ਕੇਨ ਵਿਲੀਅਮਸਨ ਅਤੇ ਡੈਰੇਲ ਮਿਸ਼ੇਲ ਤੂਫਾਨ ਵਾਂਗ ਦੌੜਾਂ ਬਣਾ ਰਹੇ ਸਨ।

ਦੋਵੇਂ ਇੰਨੀ ਵਧੀਆ ਬੱਲੇਬਾਜ਼ੀ ਕਰ ਰਹੇ ਸਨ ਕਿ ਇਕ ਸਮੇਂ ਤਾਂ ਭਾਰਤੀ ਟੀਮ ਦਾ ਮਜ਼ਬੂਤ ਇਰਾਦਾ ਵੀ ਡਗਮਗਾਉਣ ਲੱਗਾ।

ਸਿਰਫ ਸ਼ਮੀ ਹੀ ਨਹੀਂ ਕੈਚ ਛੱਡ ਰਹੇ ਸਨ, ਰਵਿੰਦਰ ਜਡੇਜਾ ਵੀ ਗੇਂਦ ਸੁੱਟਦੇ ਹੋਏ ਕ੍ਰੀਜ਼ ਤੋਂ ਬਾਹਰ ਜਾ ਰਹੇ ਸਨ। ਇਸ ਲਈ ਸੂਰਿਆਕੁਮਾਰ ਯਾਦਵ ਮਿਸ ਫੀਲਡ ਬਣਾ ਰਹੇ ਸਨ ਅਤੇ ਕੇਐੱਲ ਰਾਹੁਲ ਵੀ ਵਿਕਟ ਦੇ ਪਿੱਛੇ ਗਲਤੀਆਂ ਕਰ ਰਹੇ ਸਨ।

ਨਿਊਜ਼ੀਲੈਂਡ ਲਗਾਤਾਰ ਆਪਣੀਆਂ ਦੌੜਾਂ ਦੀ ਦਰ ਵਿੱਚ ਸੁਧਾਰ ਕਰ ਰਿਹਾ ਸੀ ਅਤੇ 32ਵੇਂ ਓਵਰ ਦੇ ਅੰਤ ਤੱਕ ਉਸ ਨੇ ਲਗਭਗ ਓਨੀਆਂ ਹੀ ਦੌੜਾਂ ਬਣਾ ਲਈਆਂ ਸਨ, ਜਿੰਨੀਆਂ ਭਾਰਤ ਨੇ ਬਣਾਈਆਂ ਸਨ।

ਮੁਹੰਮਦ ਸ਼ਮੀ

ਤਸਵੀਰ ਸਰੋਤ, Getty Images

ਭਾਰਤ ਨੇ 32 ਓਵਰਾਂ ਵਿੱਚ 226 ਦੌੜਾਂ ਬਣਾਈਆਂ ਸਨ ਜਦਕਿ ਨਿਊਜ਼ੀਲੈਂਡ ਨੇ ਇੰਨੇ ਹੀ ਓਵਰਾਂ ਵਿੱਚ 219 ਦੌੜਾਂ ਬਣਾਈਆਂ ਸਨ। ਮਤਲਬ ਸਿਰਫ ਸੱਤ ਦੌੜਾਂ ਦਾ ਫਰਕ ਬਚਿਆ ਸੀ।

ਇੱਥੇ ਕਪਤਾਨ ਰੋਹਿਤ ਸ਼ਰਮਾ ਨੇ ਇੱਕ ਵਾਰ ਫਿਰ ਗੇਂਦਬਾਜ਼ੀ ਮੁਹੰਮਦ ਸ਼ਮੀ ਨੂੰ ਸੌਂਪੀ।

ਨਿਊਜ਼ੀਲੈਂਡ ਦੇ ਦੋਵੇਂ ਸਲਾਮੀ ਬੱਲੇਬਾਜ਼ਾਂ ਨੂੰ ਆਊਟ ਕਰਨ ਵਾਲੇ ਸ਼ਮੀ ਨੇ ਇਸ ਓਵਰ ਦੀ ਦੂਜੀ ਗੇਂਦ 'ਤੇ ਕੇਨ ਵਿਲੀਅਮਸਨ ਨੂੰ ਆਊਟ ਕਰਕੇ ਨਾ ਸਿਰਫ਼ ਆਪਣੇ ਕੈਚ ਡਰਾਪ ਦੀ ਭਰਪਾਈ ਕੀਤੀ ਸਗੋਂ ਦੋ ਗੇਂਦਾਂ ਬਾਅਦ ਟਾਮ ਲੈਥਮ (ਵਿਸ਼ਵ ਕੱਪ 'ਚ ਸ਼ਮੀ ਦਾ 50ਵਾਂ ਸ਼ਿਕਾਰ) ਨੂੰ ਵੀ ਪੈਵੇਲੀਅਨ ਵਾਪਸ ਕਰ ਕੇ ਟੀਮ ਨੂੰ ਬੋਨਸ ਵੀ ਦਿੱਤਾ।

ਅਚਾਨਕ ਪੂਰੀ ਭਾਰਤੀ ਟੀਮ ਵਿੱਚ ਜਾਨ ਆ ਗਈ ਅਤੇ ਨਿਊਜ਼ੀਲੈਂਡ ਦੀ ਟੀਮ ਅਗਲੇ ਪੰਜ (33ਵੇਂ ਤੋਂ 37ਵੇਂ) ਓਵਰਾਂ ਵਿੱਚ ਸਿਰਫ਼ 17 ਦੌੜਾਂ ਹੀ ਬਣਾ ਸਕੀ।

ਸ਼ਮੀ ਦੀ ਰਫ਼ਤਾਰ ਇੱਥੇ ਹੀ ਨਹੀਂ ਰੁਕੀ। ਹੁਣ ਤੱਕ ਚਾਰ ਵਿਕਟਾਂ ਲੈ ਚੁੱਕੇ ਸ਼ਮੀ ਨੇ ਡੇਰੇਨ ਮਿਸ਼ੇਲ ਨੂੰ ਵੀ ਆਊਟ ਕੀਤਾ ਅਤੇ ਫਿਰ ਦੋ ਹੋਰ ਵਿਕਟਾਂ ਲੈ ਕੇ ਇਸ ਮੈਚ ਵਿੱਚ ਰਿਕਾਰਡ ਸੱਤ ਬੱਲੇਬਾਜ਼ਾਂ ਨੂੰ ਪੈਵੇਲੀਅਨ ਵਾਪਸ ਭੇਜਿਆ ਤਾਂ ਪੂਰਾ ਸਟੇਡੀਅਮ ਮੁਹੰਮਦ ਸ਼ਮੀ ਦੇ ਨਾਂ ਨਾਲ ਗੂੰਜਣ ਲੱਗਾ।

ਵਿਸ਼ਵ ਕੱਪ

ਪੀਐਮ ਮੋਦੀ ਨੇ ਕੀਤੀ ਤਾਰੀਫ਼

ਇਸ ਮੈਚ ਤੋਂ ਬਾਅਦ ਹਰ ਪਾਸੇ ਉਸ ਦੀ ਤਾਰੀਫ ਹੋ ਰਹੀ ਸੀ। ਮੈਦਾਨ 'ਤੇ, ਮੈਦਾਨ ਦੇ ਬਾਹਰ, ਆਨਲਾਈਨ ਸੰਦੇਸ਼ਾਂ 'ਚ ਹਰ ਜਗ੍ਹਾ ਲੋਕ ਵਿਰਾਟ ਕੋਹਲੀ ਦੇ 50ਵੇਂ ਸੈਂਕੜੇ ਅਤੇ ਸ਼੍ਰੇਅਸ ਅਈਅਰ ਦੇ ਆਤਿਸ਼ੀ ਸੈਂਕੜੇ ਨੂੰ ਭੁੱਲ ਗਏ ਸਨ।

ਸ਼ਮੀ ਦੇ ਪ੍ਰਦਰਸ਼ਨ ਦੀ ਤਾਰੀਫ ਕਰਨ ਵਾਲਿਆਂ 'ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਏ। ਉਨ੍ਹਾਂ ਸ਼ਮੀ ਦੇ ਸ਼ਾਨਦਾਰ ਪ੍ਰਦਰਸ਼ਨ ਬਾਰੇ ਟਵੀਟ ਕੀਤਾ।

ਪੀਐੱਮ ਨੇ ਲਿਖਿਆ, "ਅੱਜ ਦਾ ਸੈਮੀਫਾਈਨਲ ਕੁਝ ਸ਼ਾਨਦਾਰ ਪ੍ਰਦਰਸ਼ਨ ਕਾਰਨ ਹੋਰ ਵੀ ਖਾਸ ਹੋ ਗਿਆ। ਇਸ ਮੈਚ ਅਤੇ ਪੂਰੇ ਵਿਸ਼ਵ ਕੱਪ ਦੌਰਾਨ ਮੁਹੰਮਦ ਸ਼ਮੀ ਦੀ ਗੇਂਦਬਾਜ਼ੀ ਨੂੰ ਕ੍ਰਿਕਟ ਪ੍ਰੇਮੀਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ। ਸ਼ਮੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ!"

ਕਪਤਾਨ ਰੋਹਿਤ ਸ਼ਰਮਾ ਨੇ ਕਿਹਾ, "ਸ਼ਮੀ ਸ਼ਾਨਦਾਰ ਸੀ।"

ਇਸ ਲਈ ਇੱਕ ਪ੍ਰਸ਼ੰਸਕ ਨੇ ਟਵੀਟ ਕੀਤਾ, "ਇਹ ਸੈਮੀਫਾਈਨਲ ਨਹੀਂ ਸੀ, ਇਹ 'ਸ਼ਮੀ ਫਾਈਨਲ' ਸੀ।"

ਇਹ ਵੀ ਪੜ੍ਹੋ-
ਸ਼ਮੀ

ਮੈਚ ਤੋਂ ਬਾਅਦ ਸ਼ਮੀ ਨੇ ਕੀ ਕਿਹਾ?

ਮੈਚ ਤੋਂ ਬਾਅਦ ਜਦੋਂ ਸ਼ਮੀ ਨੂੰ 'ਪਲੇਅਰ ਆਫ ਦ ਮੈਚ' ਚੁਣਿਆ ਗਿਆ ਤਾਂ ਉਸ ਨੇ ਕਿਹਾ, "ਮੈਂ ਆਪਣੇ ਮੌਕੇ ਦਾ ਇੰਤਜ਼ਾਰ ਕਰ ਰਿਹਾ ਸੀ। ਮੈਂ ਸੋਚਿਆ ਸੀ ਕਿ ਜਦੋਂ ਵੀ ਮੈਨੂੰ ਮੌਕਾ ਮਿਲੇਗਾ, ਮੈਂ ਚੰਗਾ ਪ੍ਰਦਰਸ਼ਨ ਕਰਾਂਗਾ। ਇਸ ਵਿਸ਼ਵ ਕੱਪ 'ਚ ਨਿਊਜ਼ੀਲੈਂਡ ਖ਼ਿਲਾਫ਼ ਮੈਂਚ ਤੋਂ ਭਾਰਤੀ ਟੀਮ ਵਿੱਚ"ਮੈਂ ਵਾਪਸੀ ਕੀਤੀ ਹੈ। ਮੈਂ ਨਵੀਂ ਗੇਂਦ ਨਾਲ ਵਿਕਟਾਂ ਲੈਣ ਵਿੱਚ ਵਿਸ਼ਵਾਸ ਰੱਖਦਾ ਹਾਂ।"

"ਅੱਜ ਦੇ ਮੈਚ 'ਚ ਕੇਨ ਵਿਲੀਅਮਸਨ ਦਾ ਕੈਚ ਛੱਡਣਾ ਅਜੀਬ ਸੀ ਪਰ ਫਿਰ ਜਦੋਂ ਮੈਂ ਉਸਨੂੰ ਆਊਟ ਕੀਤਾ ਤਾਂ ਚੰਗਾ ਲੱਗਾ। ਇਹ ਵਿਕਟ ਬਹੁਤ ਵਧੀਆ ਸੀ, ਦੁਪਹਿਰ ਨੂੰ ਇਸ 'ਤੇ ਕਾਫੀ ਦੌੜਾਂ ਬਣੀਆਂ ਸਨ। ਤ੍ਰੇਲ ਦਾ ਖ਼ਤਰਾ ਸੀ ਪਰ ਵਿਕਟ ਤੋਂ ਘਾਹ ਕੱਟ ਦਿੱਤਾ ਗਿਆ ਸੀ। ਜੇਕਰ ਤ੍ਰੇਲ ਪਈ ਹੁੰਦੀ, ਤਾਂ ਗੇਂਦ ਫਿਸਲਣ ਦਾ ਡਰ ਹੁੰਦਾ ਅਤੇ ਜ਼ਿਆਦਾ ਦੌੜਾਂ ਬਣਾਉਣ ਦਾ ਮੌਕਾ ਹੁੰਦਾ।"

"(ਮੇਰਾ) ਪ੍ਰਦਰਸ਼ਨ ਸ਼ਾਨਦਾਰ ਰਿਹਾ। ਪਿਛਲੇ ਦੋ ਵਿਸ਼ਵ ਕੱਪਾਂ ਵਿੱਚ, ਅਸੀਂ ਸੈਮੀਫਾਈਨਲ ਵਿੱਚ ਹਾਰ ਗਏ ਸੀ। ਇਸ ਲਈ ਅਸੀਂ ਸਭ ਕੁਝ ਕਰਨਾ ਚਾਹੁੰਦੇ ਸੀ ਜੋ ਅਸੀਂ ਕਰ ਸਕਦੇ ਸੀ ਅਤੇ ਇਸ ਮੌਕੇ ਨੂੰ ਬਰਬਾਦ ਨਹੀਂ ਕਰਨਾ ਚਾਹੁੰਦੇ ਸੀ।"

ਮੁਹੰਮਦ ਸ਼ਮੀ ਨੂੰ ਗਲੇ ਲਾਉਂਦੇ ਹੋਏ ਕਪਤਾਨ ਰੋਹਿਤ ਸ਼ਰਮਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੁਹੰਮਦ ਸ਼ਮੀ ਨੂੰ ਗਲੇ ਲਾਉਂਦੇ ਹੋਏ ਕਪਤਾਨ ਰੋਹਿਤ ਸ਼ਰਮਾ

ਚਾਰ ਸਾਲ ਬਾਅਦ ਹੋਇਆ ਹਿਸਾਬ ਬਰਾਬਰ

9 ਜੁਲਾਈ 2019

ਓਲਡ ਟ੍ਰੈਫੋਰਡ ਸਟੇਡੀਅਮ, ਮਾਨਚੈਸਟਰ

ਵਿਸ਼ਵ ਕੱਪ 'ਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸੈਮੀਫਾਈਨਲ ਮੈਚ

ਟਾਸ ਜਿੱਤ ਕੇ ਨਿਊਜ਼ੀਲੈਂਡ ਨੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਭੁਵਨੇਸ਼ਵਰ ਕੁਮਾਰ ਦੀ ਅਗਵਾਈ 'ਚ ਜਸਪ੍ਰੀਤ ਬੁਮਰਾਹ, ਰਵਿੰਦਰ ਜਡੇਜਾ, ਹਾਰਦਿਕ ਪੰਡਯਾ ਅਤੇ ਯੁਜਵੇਂਦਰ ਚਾਹਲ ਨੇ ਜ਼ਬਰਦਸਤ ਗੇਂਦਬਾਜ਼ੀ ਕੀਤੀ, ਜਿਸ ਕਾਰਨ ਨਿਊਜ਼ੀਲੈਂਡ ਨੇ 50 ਓਵਰਾਂ 'ਚ ਅੱਠ ਵਿਕਟਾਂ 'ਤੇ 239 ਦੌੜਾਂ ਹੀ ਬਣਾਈਆਂ।

ਭੁਵਨੇਸ਼ਵਰ ਨੇ ਤਿੰਨ ਅਤੇ ਹੋਰ ਗੇਂਦਬਾਜ਼ਾਂ ਨੇ ਇਕ-ਇਕ ਵਿਕਟ ਲਈ।

ਪਰ ਜਦੋਂ ਭਾਰਤੀ ਟੀਮ ਦੀ ਵਾਰੀ ਆਈ ਤਾਂ ਸਿਰਫ਼ ਪੰਜ ਦੌੜਾਂ ਬਣਾਉਣ ਤੱਕ ਤਿੰਨ ਬੱਲੇਬਾਜ਼ ਪੈਵੇਲੀਅਨ ਪਰਤ ਗਏ।

ਰੋਹਿਤ ਸ਼ਰਮਾ, ਕਪਤਾਨ ਵਿਰਾਟ ਕੋਹਲੀ ਅਤੇ ਕੇਐਲ ਰਾਹੁਲ ਸਿਰਫ਼ ਇੱਕ-ਇੱਕ ਦੌੜ ਬਣਾ ਕੇ ਆਊਟ ਹੋ ਗਏ।

ਇਸ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਨੇ ਅਰਧ ਸੈਂਕੜਾ ਜ਼ਰੂਰ ਲਗਾਇਆ ਪਰ 72 ਗੇਂਦਾਂ 'ਚ ਉਹ ਵੀ ਆਊਟ ਹੋ ਗਏ, ਅੰਤ ਵਿੱਚ ਰਵਿੰਦਰ ਜਡੇਜਾ ਨੇ ਸਿਰਫ 59 ਗੇਂਦਾਂ ਵਿੱਚ 77 ਦੌੜਾਂ ਬਣਾਈਆਂ।

ਪਰ ਭਾਰਤੀ ਟੀਮ ਲਈ ਦਿੱਤੇ ਗਏ ਟੀਚੇ ਨੂੰ ਹਾਸਲ ਨਹੀਂ ਕਰ ਸਨ। ਪੂਰੀ ਟੀਮ 221 ਦੌੜਾਂ 'ਤੇ ਆਊਟ ਹੋ ਗਈ ਅਤੇ 18 ਦੌੜਾਂ ਨਾਲ ਮੈਚ ਹਾਰ ਗਈ।

ਵਿਰਾਟ ਕੋਹਲੀ ਤੇ ਸ਼੍ਰੇਅਸ ਅਈਅਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਰਾਟ ਕੋਹਲੀ ਨੇ ਵਨਡੇ 'ਚ ਆਪਣਾ 50ਵਾਂ ਸੈਂਕੜਾ ਲਗਾਇਆ ਜਦਕਿ ਸ਼੍ਰੇਅਸ ਅਈਅਰ ਨੇ ਲਗਾਤਾਰ ਦੂਜੇ ਮੈਚ 'ਚ ਸੈਂਕੜਾ ਜੜਿਆ।

ਚਾਰ ਸਾਲ ਬਾਅਦ ਇੱਕ ਵਾਰ ਫਿਰ ਵਿਸ਼ਵ ਕੱਪ ਦਾ ਸੈਮੀਫਾਈਨਲ ਮੈਚ ਅਤੇ ਉਹੀ ਨਿਊਜ਼ੀਲੈਂਡ ਟੀਮ ਭਾਰਤ ਦੇ ਸਾਹਮਣੇ।

ਇਸ ਵਾਰ ਮੈਚ ਮੁੰਬਈ ਦੇ ਘਰੇਲੂ ਮੈਦਾਨ 'ਤੇ ਖੇਡਿਆ ਗਿਆ ਅਤੇ ਭਾਰਤ ਨੇ 397 ਦੌੜਾਂ ਬਣਾਈਆਂ ਅਤੇ ਨਤੀਜਾ ਉਲਟ ਗਿਆ।

ਸੈਮੀਫਾਈਨਲ 'ਚ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾ ਕੇ ਭਾਰਤ ਨੇ 2019 ਦਾ ਹਿਸਾਬ ਬਰਾਬਰ ਕੀਤਾ ਅਤੇ 12 ਸਾਲ ਬਾਅਦ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚ ਗਿਆ।

ਵਿਰਾਟ ਕੋਹਲੀ

ਤਸਵੀਰ ਸਰੋਤ, Getty Images

ਇਸ ਸੈਮੀਫਾਈਨਲ ਮੈਚ ਵਿੱਚ ਕੀ ਹੋਇਆ?

ਇਸ ਵਾਰ (2023 ਵਿੱਚ) ਜਦੋਂ ਦੋਵੇਂ ਟੀਮਾਂ ਆਹਮੋ-ਸਾਹਮਣੇ ਸਨ, ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ ਨੇ ਸੈਂਕੜੇ ਜੜੇ ਜਦਕਿ ਸ਼ੁਭਮਨ ਗਿੱਲ ਨੇ ਅਰਧ ਸੈਂਕੜਾ ਲਗਾਇਆ।

ਕੋਹਲੀ ਨੇ ਜਿੱਥੇ ਵਨਡੇ 'ਚ 50 ਸੈਂਕੜਿਆਂ ਦਾ ਰਿਕਾਰਡ ਬਣਾਇਆ, ਉਥੇ ਹੀ ਸ਼੍ਰੇਅਸ ਅਈਅਰ ਨੇ ਵੀ ਆਪਣੀ ਪਾਰੀ ਦੌਰਾਨ ਵੱਡਾ ਰਿਕਾਰਡ ਬਣਾਇਆ।

ਅਈਅਰ ਨੇ ਆਪਣੀ ਪਾਰੀ ਦੌਰਾਨ ਅੱਠ ਛੱਕੇ ਲਗਾਏ। ਸੌਰਵ ਗਾਂਗੁਲੀ ਦਾ ਰਿਕਾਰਡ ਤੋੜਦੇ ਹੋਏ ਹੁਣ ਉਹ ਵਿਸ਼ਵ ਕੱਪ ਵਿੱਚ ਭਾਰਤ ਲਈ ਇੱਕ ਮੈਚ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਵਾਲਾ ਬੱਲੇਬਾਜ਼ ਬਣ ਗਿਆ ਹੈ।

ਰੋਹਿਤ ਸ਼ਰਮਾ ਨੇ ਮੈਚ ਵਿੱਚ ਤੇਜ਼ ਸ਼ੁਰੂਆਤ ਦਿੱਤੀ ਜਦਕਿ ਕੇਐਲ ਰਾਹੁਲ ਨੇ ਆਖਰੀ ਓਵਰਾਂ ਵਿੱਚ ਤੇਜ਼ ਦੌੜਾਂ ਬਣਾਈਆਂ।

ਇਨ੍ਹਾਂ ਪਾਰੀਆਂ ਦੀ ਬਦੌਲਤ ਭਾਰਤ ਨੇ ਸਕੋਰ ਬੋਰਡ 'ਤੇ 397 ਦੌੜਾਂ ਬਣਾਈਆਂ। ਨਿਊਜ਼ੀਲੈਂਡ ਜਦੋਂ ਬੱਲੇਬਾਜ਼ੀ ਕਰਨ ਆਇਆ ਤਾਂ ਉਸ ਦੇ ਸਲਾਮੀ ਬੱਲੇਬਾਜ਼ ਜਲਦੀ ਹੀ ਆਊਟ ਹੋ ਗਏ।

ਸਚਿਨ

ਇੱਥੋਂ ਕਪਤਾਨ ਕੇਨ ਵਿਲੀਅਮਸਨ ਅਤੇ ਡੇਰੇਲ ਮਿਸ਼ੇਲ ਨੇ ਬਹੁਤ ਮਜ਼ਬੂਤ ਇਰਾਦਿਆਂ ਨਾਲ ਦੌੜਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ।

ਇਨ੍ਹਾਂ ਦੋਵਾਂ ਨੇ ਮੈਚ ਨੂੰ ਅਜਿਹੇ ਮੁਕਾਮ 'ਤੇ ਪਹੁੰਚਾਇਆ ਜਿੱਥੇ ਨਿਊਜ਼ੀਲੈਂਡ ਨੂੰ ਜਿੱਤ ਦਿਖਣ ਲੱਗੀ ਇਸ ਨਾਲ ਹੀ ਭਾਰਤੀ ਟੀਮ ਅਤੇ ਉਸ ਦੇ ਪ੍ਰਸ਼ੰਸਕਾਂ ਦੇ ਮੱਥੇ 'ਤੇ ਝੁਰੜੀਆਂ ਪੈਣ ਲੱਗੀਆਂ।

ਦੋਵਾਂ ਨੇ ਤੂਫਾਨੀ ਰਫਤਾਰ ਨਾਲ ਤੀਜੇ ਵਿਕਟ ਲਈ 181 ਦੌੜਾਂ ਦੀ ਸਾਂਝੇਦਾਰੀ ਕੀਤੀ।

ਨਿਊਜ਼ੀਲੈਂਡ ਦੀ ਪਾਰੀ 'ਚ ਪਹਿਲਾਂ ਦੋਵੇਂ ਸਲਾਮੀ ਬੱਲੇਬਾਜ਼ ਅਤੇ ਫਿਰ ਜਦੋਂ ਕਪਤਾਨ ਅਤੇ ਮਿਸ਼ੇਲ ਦੌੜਾਂ ਬਣਾ ਰਹੇ ਸਨ ਤਾਂ ਮੁਹੰਮਦ ਸ਼ਮੀ ਨੇ ਉਨ੍ਹਾਂ ਦੀ ਜੋੜੀ ਨੂੰ ਤੋੜਨ ਦਾ ਕੰਮ ਕੀਤਾ।

ਇਸ ਟੂਰਨਾਮੈਂਟ 'ਚ ਮੁਹੰਮਦ ਸ਼ਮੀ ਦੀ ਕਾਮਯਾਬੀ ਦਾ ਕਾਰਨ ਇਹ ਹੈ ਕਿ ਉਸ ਨੇ ਟੀਮ ਨੂੰ ਉਸ ਸਮੇਂ ਵਿਕਟਾਂ ਦਿੱਤੀਆਂ ,ਜਦੋਂ ਉਸ ਨੂੰ ਇਸ ਦੀ ਸਭ ਤੋਂ ਜ਼ਿਆਦਾ ਲੋੜ ਸੀ।

ਵਿਰਾਟ ਕੋਹਲੀ

ਰਿਕਾਰਡ ਬੁੱਕ

  • ਪਹਿਲੀ ਵਾਰ ਵਿਸ਼ਵ ਕੱਪ ਦੇ ਨਾਕਆਊਟ ਦੌਰ ਵਿੱਚ ਕਿਸੇ ਟੀਮ ਨੇ 397 ਦੌੜਾਂ ਬਣਾਈਆਂ।
  • ਪਹਿਲੀ ਵਾਰ ਕਿਸੇ ਗੇਂਦਬਾਜ਼ ਨੇ ਵਿਸ਼ਵ ਕੱਪ ਦੇ ਨਾਕ ਆਊਟ ਦੌਰ ਵਿੱਚ ਸੱਤ ਵਿਕਟਾਂ ਲਈਆਂ।
  • ਸ਼ਮੀ ਵਿਸ਼ਵ ਕੱਪ ਦੀ ਇੱਕ ਪਾਰੀ ਵਿੱਚ ਸੱਤ ਵਿਕਟਾਂ ਲੈਣ ਵਾਲੇ ਪੰਜਵੇਂ ਗੇਂਦਬਾਜ਼ ਬਣ ਗਏ ਹਨ।
  • ਪਹਿਲੀ ਵਾਰ ਭਾਰਤ ਦੇ ਕਿਸੇ ਗੇਂਦਬਾਜ਼ ਨੇ ਵਿਸ਼ਵ ਕੱਪ ਵਿੱਚ ਸੱਤ ਵਿਕਟਾਂ ਲਈਆਂ ਹਨ।
  • 'ਪਲੇਅਰ ਆਫ ਦਾ ਮੈਚ' ਰਹੇ ਸ਼ਮੀ ਨੇ ਹੁਣ ਤੱਕ ਛੇ ਮੈਚਾਂ 'ਚ 23 ਵਿਕਟਾਂ ਲਈਆਂ ਹਨ।
  • ਸ਼ਮੀ ਇਸ ਵਿਸ਼ਵ ਕੱਪ ਵਿੱਚ ਹੁਣ ਤੱਕ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ।
  • ਸ਼ਮੀ ਨੇ ਵਿਸ਼ਵ ਕੱਪ 'ਚ ਸਿਰਫ 17 ਮੈਚਾਂ 'ਚ 54 ਵਿਕਟਾਂ ਲਈਆਂ ਹਨ। ਉਹ ਵਿਸ਼ਵ ਕੱਪ ਵਿੱਚ ਪੰਜਾਹ ਵਿਕਟਾਂ ਲੈਣ ਵਾਲੇ ਪਹਿਲੇ ਭਾਰਤੀ ਗੇਂਦਬਾਜ਼ ਹਨ।
  • ਵਿਰਾਟ ਕੋਹਲੀ ਨੇ ਵਨਡੇ 'ਚ 50 ਸੈਂਕੜੇ ਲਗਾਏ ਹਨ। ਉਨ੍ਹਾਂ ਨੇ ਸਚਿਨ ਤੇਂਦੁਲਕਰ ਦਾ 49 ਸੈਂਕੜਿਆਂ ਦਾ ਰਿਕਾਰਡ ਤੋੜ ਦਿੱਤਾ।
  • ਵਿਰਾਟ ਕੋਹਲੀ ਨੇ ਇਸ ਵਿਸ਼ਵ ਕੱਪ 'ਚ ਹੁਣ ਤੱਕ 711 ਦੌੜਾਂ ਬਣਾਈਆਂ ਹਨ। ਇਹ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਵਿਅਕਤੀਗਤ ਦੌੜਾਂ ਦਾ ਰਿਕਾਰਡ ਹੈ।
  • ਸ਼੍ਰੇਅਸ ਅਈਅਰ ਨੇ ਲਗਾਤਾਰ ਦੂਜਾ ਸੈਂਕੜਾ ਲਗਾਇਆ। ਉਸ ਨੇ ਆਪਣੀ ਪਾਰੀ ਵਿੱਚ ਅੱਠ ਛੱਕੇ ਜੜੇ। ਇਹ ਵਿਸ਼ਵ ਕੱਪ ਦੇ ਕਿਸੇ ਵੀ ਮੈਚ ਵਿੱਚ ਭਾਰਤ ਵੱਲੋਂ ਸਭ ਤੋਂ ਵੱਧ ਛੱਕੇ ਮਾਰਨ ਦਾ ਰਿਕਾਰਡ ਹੈ।
ਰੋਹਿਤ ਸ਼ਰਮਾ

ਤਸਵੀਰ ਸਰੋਤ, Getty Images

ਤੇਜ਼ੀ ਨਾਲ ਸ਼ੁਰੂ ਕਰਨ ਅਤੇ ਮਜ਼ਬੂਤ ਨੀਂਹ ਰੱਖਣ ਦੀ ਰਣਨੀਤੀ

ਇਸ ਵਿਸ਼ਵ ਕੱਪ 'ਚ ਕਪਤਾਨ ਰੋਹਿਤ ਸ਼ਰਮਾ ਨੇ ਇਹ ਰਣਨੀਤੀ ਅਪਣਾਈ ਹੈ ਤਾਂ ਕਿ ਟੀਮ ਨੂੰ ਮਜ਼ਬੂਤ ਸ਼ੁਰੂਆਤ ਮਿਲੇ, ਜਿਸ ਨਾਲ ਨਾ ਸਿਰਫ ਆਉਣ ਵਾਲੇ ਬੱਲੇਬਾਜ਼ਾਂ ਨੂੰ ਦਬਾਅ 'ਚ ਆਏ ਆਪਣੇ ਸ਼ਾਟ ਖੇਡਣ ਦੀ ਦਾ ਬਲ਼ ਦੇਵੇ ਸਗੋਂ ਇੰਨਾ ਵੱਡਾ ਸਕੋਰ ਵੀ ਬਣਾਇਆ ਜਾ ਸਕੇ ਕਿ ਵਿਰੋਧੀ ਟੀਮ ਨੂੰ ਉਸ ਦੇ ਦਬਾਅ ਹੇਠ ਆਸਾਨੀ ਨਾਲ ਹਾਰ ਜਾਵੇ।

ਇਸ ਰਣਨੀਤੀ ਦਾ ਮਾਸਟਰਮਾਈਂਡ ਖੁਦ ਰੋਹਿਤ ਸ਼ਰਮਾ ਹੈ। ਉਸ ਨੇ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਮਜ਼ਬੂਤ ਸ਼ੁਰੂਆਤ ਕਰਨ ਅਤੇ ਫਿਰ ਪੂਰੀ ਭਾਰਤੀ ਬੱਲੇਬਾਜ਼ੀ ਦੀ ਮਜ਼ਬੂਤ ਨੀਂਹ ਰੱਖਣ ਦੀ ਜ਼ਿੰਮੇਵਾਰੀ ਚੁੱਕੀ ਹੈ।

ਨਿਊਜ਼ੀਲੈਂਡ ਖਿਲਾਫ ਵੀ ਅਜਿਹਾ ਹੀ ਹੋਇਆ। ਰੋਹਿਤ ਦਾ ਬੱਲਾ ਚਮਕਿਆ ਅਤੇ ਉਸ ਨੇ ਸਿਰਫ 29 ਗੇਂਦਾਂ ਵਿੱਚ ਚਾਰ ਛੱਕਿਆਂ ਅਤੇ ਇੰਨੇ ਹੀ ਚੌਕਿਆਂ ਦੀ ਮਦਦ ਨਾਲ 47 ਦੌੜਾਂ ਬਣਾਈਆਂ।

ਰੋਹਿਤ ਨੇ ਇਸ ਵਿਸ਼ਵ ਕੱਪ 'ਚ 550 ਦੌੜਾਂ ਬਣਾਈਆਂ ਹਨ। ਕ੍ਰਿਕੇਟ ਵੈੱਬਸਾਈਟ ESPNcricinfo ਦੀ ਅੰਕੜਿਆਂ ਅਨੁਸਾਰ, ਇਹਨਾਂ ਵਿੱਚੋਂ 226 ਦੌੜਾਂ ਸਿਰਫ਼ ਪਹਿਲੀਆਂ 20 ਗੇਂਦਾਂ ਵਿੱਚ ਹੀ ਬਣੀਆਂ ਹਨ। ਯਾਨੀ ਇਸ ਦੌਰਾਨ ਭਾਰਤੀ ਸਲਾਮੀ ਜੋੜੀ ਨੇ ਪਾਵਰਪਲੇ ਦਾ ਪੂਰਾ ਫਾਇਦਾ ਉਠਾਇਆ ਹੈ।

ਰੋਹਿਤ ਸ਼ਰਮਾ

ਤਸਵੀਰ ਸਰੋਤ, Getty Images

ਆਸਟ੍ਰੇਲੀਆ ਖਿਲਾਫ ਜ਼ੀਰੋ ਸਕੋਰ ਨਾਲ ਇਸ ਟੂਰਨਾਮੈਂਟ ਦੀ ਸ਼ੁਰੂਆਤ ਕਰਨ ਵਾਲੇ ਰੋਹਿਤ ਨੇ ਅਫਗਾਨਿਸਤਾਨ ਖਿਲਾਫ 131 ਦੌੜਾਂ ਬਣਾਈਆਂ ਅਤੇ ਫਿਰ ਤਿੰਨ ਅਰਧ ਸੈਂਕੜੇ ਲਗਾਏ ਪਰ ਇਸ ਦੌਰਾਨ ਉਨ੍ਹਾਂ ਨੇ 48, 46, 87, 61, 40 ਅਤੇ ਸੈਮੀਫਾਇਨਲ ਦੌਰਾਨ 47 ਦੌੜਾਂ ਦੀ ਪਾਰੀ ਖੇਡੀ।

ਜੇਕਰ ਇਨ੍ਹਾਂ ਪਾਰੀਆਂ 'ਤੇ ਨਜ਼ਰ ਮਾਰੀਏ ਤਾਂ ਸਾਫ਼ ਨਜ਼ਰ ਆਉਂਦਾ ਹੈ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਟੀਮ ਦੇ ਹਿੱਤਾਂ ਨੂੰ ਪਹਿਲ ਦਿੰਦੇ ਹਨ । ਭਾਵੇਂ ਉਹ ਅਰਧ ਸੈਂਕੜੇ ਦੇ ਨੇੜੇ ਹੋਵੇ ਜਾਂ ਸੈਂਕੜਾ, ਰੋਹਿਤ ਆਪਣਾ ਹਮਲਾਵਰ ਰੁਖ਼ ਨਹੀਂ ਛੱਡਦਾ ਅਤੇ ਇਹੀ ਕਾਰਨ ਹੈ ਕਿ ਭਾਰਤੀ ਟੀਮ ਨੇ ਲਗਾਤਾਰ ਮੈਚਾਂ ਵਿੱਚ ਸੱਤ ਜਾਂ ਇਸ ਤੋਂ ਵੱਧ ਦੀ ਰਨ ਰੇਟ ਨਾਲ ਸ਼ੁਰੂਆਤ ਕੀਤੀ ਹੈ।

ਹੁਣ ਭਾਰਤ ਐਤਵਾਰ ਨੂੰ ਫਾਈਨਲ ਮੈਚ ਖੇਡੇਗਾ। ਉਹ ਕਿਸ ਦਾ ਸਾਹਮਣਾ ਕਰਨਗੇ ਇਸ ਦਾ ਫੈਸਲਾ ਅੱਜ ਯਾਨੀ ਵੀਰਵਾਰ ਨੂੰ ਹੋਵੇਗਾ। ਦੱਖਣੀ ਅਫਰੀਕਾ ਹੋਵੇ ਜਾਂ ਆਸਟ੍ਰੇਲੀਆ, ਭਾਰਤ ਨੇ ਲੀਗ ਮੈਚਾਂ ਵਿੱਚ ਦੋਵਾਂ ਟੀਮਾਂ ਨੂੰ ਹਰਾਇਆ ਹੈ, ਇਸ ਲਈ ਫਾਈਨਲ ਵਿੱਚ ਉਸਦਾ ਮਨੋਬਲ ਬਹੁਤ ਉੱਚਾ ਹੋਵੇਗਾ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)