ਭਾਰਤ ਨੇ ਸ਼ੁਭਮਨ ਗਿੱਲ ਸਣੇ 9 ਖਿਡਾਰੀਆਂ ਤੋਂ ਗੇਂਦਬਾਜ਼ੀ ਕਿਉਂ ਕਰਵਾਈ? ਕੀ ਇਹ ਦ੍ਰਾਵਿੜ ਤੇ ਰੋਹਿਤ ਦੀ ਕੋਈ ਯੋਜਨਾ ਹੈ

ਭਾਰਤ ਬਨਾਮ ਨੀਦਰਲੈਂਡਸ

ਤਸਵੀਰ ਸਰੋਤ, Getty Images

    • ਲੇਖਕ, ਪ੍ਰਭਾਕਰ
    • ਰੋਲ, ਬੀਬੀਸੀ ਪੱਤਰਕਾਰ

ਜਦੋਂ ਭਾਰਤੀ ਕ੍ਰਿਕਟ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਜੋ ਧਿਆਨ ਵਿੱਚ ਆਉਂਦਾ ਹੈ ਉਹ ਹੈ ਬੱਲੇਬਾਜ਼ੀ।

ਟੀਮ ਇੰਡੀਆ ਦਾ ਬੱਲੇਬਾਜ਼ੀ ਦਹਾਕਿਆਂ ਤੋਂ ਮਜ਼ਬੂਤ ਨਜ਼ਰ ਆਉਂਦੀ ਰਹੀ ਹੈ। ਪਰ ਮੌਜੂਦਾ ਵਨਡੇ ਵਿਸ਼ਵ ਕੱਪ 'ਚ ਬੱਲੇਬਾਜ਼ੀ ਦੇ ਨਾਲ-ਨਾਲ ਟੀਮ ਦੀ ਗੇਂਦਬਾਜ਼ੀ ਨੇ ਵੀ ਪ੍ਰਸ਼ੰਸਕਾਂ ਅਤੇ ਕ੍ਰਿਕਟ ਵਿਸ਼ਲੇਸ਼ਕਾਂ ਨੂੰ ਖੁਸ਼ ਕੀਤਾ ਹੈ।

ਵਿਸ਼ਵ ਕੱਪ ਮੁਕਾਬਲੇ ਵਿੱਚ ਹੁਣ ਤੱਕ ਭਾਰਤ ਨੇ ਸਾਰੇ ਨੌਂ ਮੈਚ ਜਿੱਤੇ ਹਨ ਅਤੇ ਅੰਕ ਸੂਚੀ ਵਿੱਚ ਸਿਖਰ ’ਤੇ ਰਿਹਾ ਹੈ।

ਹੁਣ ਤੱਕ ਖੇਡੇ ਗਏ ਆਈਸੀਸੀ ਟੂਰਨਾਮੈਂਟਾਂ ਦੀ ਤੁਲਨਾ 'ਚ ਇਸ ਟੂਰਨਾਮੈਂਟ 'ਚ ਭਾਰਤ ਦਾ ਪ੍ਰਦਰਸ਼ਨ ਵੱਖਰਾ ਨਜ਼ਰ ਆ ਰਿਹਾ ਹੈ, ਖਾਸ ਕਰਕੇ ਗੇਂਦਬਾਜ਼ੀ ਦੀ ਸ਼ੈਲੀ।

ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਅਤੇ ਮੁਹੰਮਦ ਸ਼ਮੀ ਦੀ ਤੇਜ਼ ਤਿਕੜੀ ਵਿਰੋਧੀ ਬੱਲੇਬਾਜ਼ਾਂ ਨੂੰ ਕ੍ਰੀਜ਼ 'ਤੇ ਟਿਕਣ ਹੀ ਨਹੀਂ ਦੇ ਰਹੀ।

ਤੇਜ਼ ਗੇਂਦਬਾਜ਼ਾਂ ਅਤੇ ਸਪਿਨਰਾਂ ਨੇ ਵਿਰੋਧੀ ਬੱਲੇਬਾਜ਼ਾਂ ਨੂੰ ਪਵੇਲੀਅਨ ਦਾ ਰਸਤਾ ਦਿਖਾਉਂਦੇ ਹੋਏ ਟੀਮ ਲਈ ਸ਼ਾਨਦਾਰ ਜਿੱਤਾਂ ਹਾਸਲ ਕੀਤੀਆਂ ਹਨ।

ਪਰ ਐਤਵਾਰ ਨੂੰ ਬੈਂਗਲੁਰੂ 'ਚ ਨੀਦਰਲੈਂਡਸ ਦੇ ਖ਼ਿਲਾਫ਼ ਖੇਡੇ ਗਏ ਆਖਰੀ ਲੀਗ ਮੈਚ 'ਚ ਭਾਰਤ ਦੀ ਗੇਂਦਬਾਜ਼ੀ 'ਚ ਕੁਝ ਅਜਿਹਾ ਖਾਸ ਦੇਖਣ ਨੂੰ ਮਿਲਿਆ, ਜੋ ਇਸ ਟੂਰਨਾਮੈਂਟ 'ਚ ਹੁਣ ਤੱਕ ਨਹੀਂ ਦੇਖਿਆ ਗਿਆ।

ਦਰਅਸਲ, ਇਸ ਮੈਚ 'ਚ 9 ਭਾਰਤੀ ਖਿਡਾਰੀਆਂ ਨੇ ਗੇਂਦਬਾਜ਼ੀ ਕੀਤੀ, ਉਹ ਵੀ ਪੰਜ ਮਾਹਿਰ ਗੇਂਦਬਾਜ਼ਾਂ ਨੂੰ ਪੂਰਾ ਕੋਟਾ ਦਿੱਤੇ ਬਿਨਾਂ।

ਭਾਰਤ ਬਨਾਮ ਨੀਦਰਲੈਂਡਸ

ਤਸਵੀਰ ਸਰੋਤ, Getty Images

ਪਰ ਕਪਤਾਨ ਰੋਹਿਤ ਸ਼ਰਮਾ ਨੇ ਅਜਿਹਾ ਕਿਉਂ ਕੀਤਾ?

ਨੀਦਰਲੈਂਡਸ ਦੇ ਖ਼ਿਲਾਫ਼ ਮੈਚ ਤੋਂ ਪਹਿਲਾਂ ਬੁਮਰਾਹ, ਸਿਰਾਜ, ਸ਼ਮੀ, ਰਵਿੰਦਰ ਜਡੇਜਾ ਅਤੇ ਕੁਲਦੀਪ ਯਾਦਵ ਨੇ ਖੇਡੇ ਗਏ ਅੱਠ ਮੈਚਾਂ ਵਿੱਚ 6 ਟੀਮਾਂ ਨੂੰ ਬਾਹਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਇਨ੍ਹਾਂ ਛੇ ਟੀਮਾਂ ਵਿੱਚ ਆਸਟਰੇਲੀਆ, ਪਾਕਿਸਤਾਨ, ਨਿਊਜ਼ੀਲੈਂਡ, ਇੰਗਲੈਂਡ, ਸ੍ਰੀਲੰਕਾ ਅਤੇ ਦੱਖਣੀ ਅਫਰੀਕਾ ਸ਼ਾਮਲ ਹਨ।

ਇੰਨੀ ਮਜ਼ਬੂਤ ਗੇਂਦਬਾਜ਼ੀ ਹੋਣ ਦੇ ਬਾਵਜੂਦ ਵੀ ਭਾਰਤ ਨੇ ਨੀਦਰਲੈਂਡਸ ਦੇ ਖ਼ਿਲਾਫ਼ ਮੈਚ 'ਚ ਨਵੀਂ ਰਣਨੀਤੀ ਅਪਣਾਈ।

ਹਾਰਦਿਕ ਪੰਡਯਾ ਦੇ ਬਾਹਰ ਹੋਣ ਨਾਲ ਛੇਵੇਂ ਗੇਂਦਬਾਜ਼ ਦੀ ਕਮੀ

ਹਾਰਦਿਕ ਪੰਡਯਾ

ਤਸਵੀਰ ਸਰੋਤ, Getty Images

ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਇਸ ਨਾਲ ਟੀਮ ਪ੍ਰੇਸ਼ਾਨ ਹੋ ਗਈ। ਟੀਮ ਵਿੱਚ ਛੇਵੇਂ ਗੇਂਦਬਾਜ਼ ਦੀ ਕਮੀ ਸੁਭਾਵਿਕ ਹੈ।

ਟੀਮ ਇੰਡੀਆ ਦੇ ਕੋਚ ਰਾਹੁਲ ਦ੍ਰਾਵਿੜ ਨੇ ਵੀ ਪਿਛਲੇ ਹਫਤੇ ਆਯੋਜਿਤ ਮੀਡੀਆ ਕਾਨਫਰੰਸ 'ਚ ਇਸ ਬਾਰੇ ਗੱਲ ਕੀਤੀ।

ਦ੍ਰਾਵਿੜ ਨੇ ਕਿਹਾ, "ਅਸਲ ਵਿੱਚ ਸਾਡੇ ਕੋਲ ਗੇਂਦਬਾਜ਼ੀ ਦਾ ਛੇਵਾਂ ਸਹੀ ਵਿਕਲਪ ਨਹੀਂ ਹੈ। ਅਸੀਂ ਪਿਛਲੇ ਚਾਰ ਮੈਚ ਛੇਵੇਂ ਗੇਂਦਬਾਜ਼ ਦੇ ਬਿਨਾਂ ਖੇਡੇ ਹਨ।"

ਉਨ੍ਹਾਂ ਯਾਦ ਦਿਵਾਇਆ ਕਿ ਵਿਸ਼ਵ ਕੱਪ ਟੂਰਨਾਮੈਂਟ ਤੋਂ ਪਹਿਲਾਂ ਵੀ ਉਹ ਛੇਵੇਂ ਗੇਂਦਬਾਜ਼ ਤੋਂ ਬਿਨਾਂ ਖੇਡੇ ਸਨ।

ਦ੍ਰਾਵਿੜ ਦੇ ਕਹਿਣ ਦੇ ਬਾਵਜੂਦ ਨੀਦਰਲੈਂਡਸ ਦੇ ਖ਼ਿਲਾਫ਼ ਮੈਚ 'ਚ ਇਹ ਸਾਫ ਹੋ ਗਿਆ ਕਿ ਟੀਮ ਦੀ ਰਣਨੀਤੀ ਕੁਝ ਹੋਰ ਸੀ।

ਰਾਹੁਲ ਦ੍ਰਾਵਿੜ

ਇਹ ਨਹੀਂ ਪਤਾ ਹੁੰਦਾ ਕਿ ਮੈਦਾਨ 'ਤੇ ਕਦੋਂ ਕੋਈ ਗੇਂਦਬਾਜ਼ ਜ਼ਖਮੀ ਹੋ ਜਾਵੇ, ਜੇਕਰ ਕੋਈ ਗੇਂਦਬਾਜ਼ ਮੈਚ ਦੇ ਵਿਚਕਾਰ ਜ਼ਖਮੀ ਹੋ ਜਾਂਦਾ ਹੈ ਅਤੇ ਗੇਂਦਬਾਜ਼ੀ ਕਰਨ ਵਿੱਚ ਅਸਮਰੱਥ ਹੁੰਦਾ ਹੈ?

ਟੀਮ ਪ੍ਰਬੰਧਨ ਨੇ ਇਸ ਬਾਰੇ ਸੋਚਿਆ। ਸ਼ਾਇਦ ਇਸ ਲਈ ਉਨ੍ਹਾਂ ਨੇ ਨਾਕਆਊਟ ਪੜਾਅ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਰ ਚੀਜ਼ ਲਈ ਤਿਆਰ ਰਹਿਣ ਦੀ ਯੋਜਨਾ ਬਣਾ ਲਈ ਹੈ।

ਟੀਮ ਨੇ ਛੇਵੇਂ ਗੇਂਦਬਾਜ਼ ਦੀ ਘਾਟ ਨੂੰ ਪੂਰਾ ਕਰਨ 'ਤੇ ਧਿਆਨ ਦਿੱਤਾ ਹੈ, ਤਾਂ ਜੋ ਲੋੜ ਪੈਣ 'ਤੇ ਮਾਹਿਰ ਗੇਂਦਬਾਜ਼ਾਂ ਦੇ ਨਾਲ ਬੱਲੇਬਾਜ਼ਾਂ ਤੋਂ ਵੀ ਗੇਂਦਬਾਜ਼ੀ ਕਰਵਾਈ ਜਾ ਸਕੇ।

ਸਟਾਰ ਬੱਲੇਬਾਜ਼ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਹੋਰ ਨੈੱਟ 'ਤੇ ਗੇਂਦਬਾਜ਼ੀ ਦਾ ਅਭਿਆਸ ਕਰਦੇ ਵੀ ਨਜ਼ਰ ਆਏ।

ਇਨ੍ਹਾਂ ਸਾਰਿਆਂ ਨੇ ਨੀਦਰਲੈਂਡਸ ਦੇ ਖ਼ਿਲਾਫ਼ ਮੈਚ 'ਚ ਗੇਂਦਬਾਜ਼ੀ ਕੀਤੀ ਸੀ।

ਕੋਹਲੀ, ਗਿੱਲ, ਸੂਰਿਆ ਕੁਮਾਰ ਜਾਂ ਰੋਹਿਤ, ਕਿਸ ਨੇ ਕੀਤਾ ਪ੍ਰਭਾਵਿਤ?

ਨੀਦਰਲੈਂਡਸ ਦੇ ਖ਼ਿਲਾਫ਼ ਮੈਚ 'ਚ ਟੀਮ ਪ੍ਰਬੰਧਨ ਨੇ ਸ਼੍ਰੇਅਸ ਅਈਅਰ ਅਤੇ ਵਿਕਟਕੀਪਰ ਕੇਐੱਲ ਰਾਹੁਲ ਨੂੰ ਛੱਡ ਕੇ ਬਾਕੀ ਸਾਰਿਆਂ ਤੋਂ ਗੇਂਦਬਾਜ਼ੀ ਕਰਵਾਈ।

ਰਵਿੰਦਰ ਜਡੇਜਾ ਨੇ ਪਾਰੀ ਦਾ 22ਵਾਂ ਓਵਰ ਸੁੱਟਿਆ। ਫਿਰ ਕੋਹਲੀ ਇੱਕ ਗੇਂਦਬਾਜ਼ ਦੇ ਰੂਪ ਵਿੱਚ ਆਏ। ਕੋਹਲੀ ਨੇ ਆਪਣੇ ਪਹਿਲੇ ਓਵਰ ਵਿੱਚ ਸੱਤ ਦੌੜਾਂ ਦਿੱਤੀਆਂ।

24ਵਾਂ ਓਵਰ ਫਿਰ ਤੋਂ ਜਡੇਜਾ ਨੇ ਸੁੱਟਿਆ। ਉਨ੍ਹਾਂ ਨੇ 12 ਦੌੜਾਂ ਦਿੱਤੀਆਂ। ਤੇ ਇੱਕ ਵਾਰ ਫ਼ਿਰ ਕੋਹਲੀ ਗੇਂਦਬਾਜ਼ੀ ਲਈ ਆਏ।

ਡੱਚ ਕਪਤਾਨ ਸਕਾਟ ਐਡਵਰਡਸ, ਕੋਹਲੀ ਦੀ ਤੀਜੀ ਗੇਂਦ 'ਚ ਫਸ ਗਏ। ਗੇਂਦ ਬੱਲੇ ਦਾ ਕਿਨਾਰਾ ਲੈ ਕੇ ਪਲਕ ਝਪਕਦੇ ਹੀ ਵਿਕਟਕੀਪਰ ਰਾਹੁਲ ਦੇ ਹੱਥਾਂ ਵਿੱਚ ਜਾ ਡਿੱਗੀ ਤੇ ਕੋਹਲੀ ਨੂੰ ਇੱਕ ਵਿਕਟ ਮਿਲ ਗਈ।

ਵਿਚਕਾਰਲੇ ਓਵਰਾਂ ਵਿੱਚ ਕੋਹਲੀ ਨੇ ਕੁੱਲ ਤਿੰਨ ਓਵਰ ਸੁੱਟੇ ਅਤੇ 13 ਦੌੜਾਂ ਦਿੱਤੀਆਂ।

ਕੋਹਲੀ

ਤਸਵੀਰ ਸਰੋਤ, AFP

ਬਾਅਦ ਵਿੱਚ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਸੂਰਿਆ ਕੁਮਾਰ ਯਾਦਵ ਨੇ ਵੀ ਦੋ-ਦੋ ਓਵਰ ਸੁੱਟੇ ਪਰ ਕੋਈ ਵਿਕਟ ਨਾ ਲੈ ਸਕੇ। ਗਿੱਲ ਨੇ 11 ਦੌੜਾਂ ਦਿੱਤੀਆਂ ਜਦਕਿ ਸੂਰਿਆ ਕੁਮਾਰ ਨੇ ਦੋ ਛੱਕਿਆਂ ਸਮੇਤ 17 ਦੌੜਾਂ ਦਿੱਤੀਆਂ।

48ਵਾਂ ਓਵਰ ਕਪਤਾਨ ਰੋਹਿਤ ਸ਼ਰਮਾ ਨੇ ਆਪ ਸੁੱਟਿਆ। ਉਨ੍ਹਾਂ ਨੇ ਕ੍ਰੀਜ਼ 'ਤੇ ਡਟੇ ਹੋਏ ਅਤੇ ਅਰਧ ਸੈਂਕੜਾ ਜੜ ਚੁੱਕੇ ਤੇਜਾ ਨਿਦਾਮਨੂਰ ਨੂੰ ਆਊਟ ਕੀਤਾ। ਤੇਜਾ ਨੇ ਹੀ ਨੀਦਰਲੈਂਡਸ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ ਸਨ।

ਸ਼ਮੀ ਨੇ ਪੰਜਵੀਂ ਗੇਂਦ 'ਤੇ ਉਨ੍ਹਾਂ ਕੈਚ ਲਿਆ। ਇਹ ਆਖਰੀ ਵਿਕਟ ਸੀ ਅਤੇ ਤੇਜਾ ਦੇ ਆਊਟ ਹੁੰਦੇ ਹੀ 411 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਬੱਲੇਬਾਜ਼ੀ ਕਰਨ ਉਤਰੀ ਨੀਦਰਲੈਂਡਸ ਦੀ ਟੀਮ 250 ਦੌੜਾਂ 'ਤੇ ਆਲ ਆਊਟ ਹੋ ਗਈ।

ਸ਼ਮੀ ਨਹੀਂ ਦਿਖਾ ਸਕੇ ਕਮਾਲ

ਸ਼ਮੀ

ਤਸਵੀਰ ਸਰੋਤ, Getty Images

ਇਸ ਮੈਚ ਵਿੱਚ ਗੇਂਦਬਾਜ਼ ਬੁਮਰਾਹ, ਸਿਰਾਜ, ਜਡੇਜਾ ਅਤੇ ਯਾਦਵ ਨੇ ਦੋ-ਦੋ ਵਿਕਟਾਂ ਲਈਆਂ। ਪਰ ਪਿਛਲੇ ਮੈਚਾਂ 'ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਸ਼ਮੀ ਇਸ ਮੈਚ 'ਚ ਆਪਣਾ ਪ੍ਰਭਾਵ ਨਹੀਂ ਬਣਾ ਸਕੇ।

ਸ਼ਮੀ ਨੇ ਨੀਦਰਲੈਂਡਸ ਦੇ ਮੈਚ ਤੋਂ ਪਹਿਲਾਂ ਚਾਰ ਮੈਚਾਂ 'ਚ 16 ਵਿਕਟਾਂ ਲਈਆਂ ਹਨ। ਉਨ੍ਹਾਂ ਨੇ ਨਿਊਜ਼ੀਲੈਂਡ ਖ਼ਿਲਾਫ਼ 5 ਵਿਕਟਾਂ ਅਤੇ ਇੰਗਲੈਂਡ ਖ਼ਿਲਾਫ਼ 4 ਵਿਕਟਾਂ ਝਟਕੀਆਂ ਸਨ।

ਉਨ੍ਹਾਂ ਨੇ ਸ਼੍ਰੀਲੰਕਾ ਖ਼ਿਲਾਫ਼ ਮੈਚ 'ਚ ਵੀ ਪੰਜ ਵਿਕਟਾਂ ਲਈਆਂ ਅਤੇ 'ਪਲੇਅਰ ਆਫ ਦਿ ਮੈਚ' ਬਣੇ।

ਪਰ ਐਤਵਾਰ ਨੂੰ ਉਨ੍ਹਾਂ ਨੇ ਛੇ ਓਵਰ ਸੁੱਟੇ ਅਤੇ 41 ਦੌੜਾਂ ਦਿੱਤੀਆਂ। ਇਸ ਦੌਰਾਨ ਉਹ ਇੱਕ ਵੀ ਵਿਕਟ ਨਹੀਂ ਲੈ ਸਕੇ।

ਇਹ ਸਹੀ ਸਮਾਂ ਹੈ: ਰੋਹਿਤ ਸ਼ਰਮਾ

ਰੋਹਿਤ ਸ਼ਰਮਾ

ਤਸਵੀਰ ਸਰੋਤ, Getty Images

ਮੈਚ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ 9 ਖਿਡਾਰੀਆਂ ਨਾਲ ਗੇਂਦਬਾਜ਼ੀ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪ੍ਰਯੋਗ ਕਰਨ ਦਾ ਇਹ ਸਹੀ ਸਮਾਂ ਹੈ।

ਉਨ੍ਹਾਂ ਦੱਸਿਆ ਕਿ ਹੁਣ ਤੱਕ ਸਿਰਫ਼ ਪੰਜ ਗੇਂਦਬਾਜ਼ ਹਨ ਅਤੇ ਇਹ ਤੈਅ ਕਰਨ ਲਈ ਕਿ ਛੇਵੇਂ ਗੇਂਦਬਾਜ਼ ਵਜੋਂ ਕੌਣ ਕੰਮ ਉਤਰ ਸਕਦਾ ਹੈ, ਉਨ੍ਹਾਂ ਨੇ ਇਸ ਮੈਚ ਵਿੱਚ ਇਸ ਤਰ੍ਹਾਂ ਦੀ ਗੇਂਦਬਾਜ਼ੀ ਵਾਲੀ ਰਣਨੀਤੀ ਅਪਣਾਈ।

ਹੁਣ, ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸੈਮੀਫਾਈਨਲ 15 ਨਵੰਬਰ, ਬੁੱਧਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾਵੇਗਾ।