ਦੱਖਣੀ ਅਫਰੀਕਾ ਦੀ ਕਰਾਰੀ ਹਾਰ ਤੋਂ ਬਾਅਦ ਭਾਰਤੀ ਟੀਮ ਉੱਤੇ ਫ਼ਿਦਾ ਹੋਏ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ

ਤਸਵੀਰ ਸਰੋਤ, Getty Images
ਸ਼੍ਰੀਲੰਕਾ ਨੂੰ 55 ਦੌੜਾਂ 'ਤੇ ਆਲ ਆਊਟ ਕਰਨ ਤੋਂ ਬਾਅਦ ਭਾਰਤੀ ਟੀਮ ਨੇ ਹੁਣ ਦੱਖਣੀ ਅਫ਼ਰੀਕਾ ਵਰਗੀ ਮਜ਼ਬੂਤ ਟੀਮ ਨੂੰ ਸਿਰਫ 83 ਦੌੜਾਂ 'ਤੇ ਢੇਰ ਕਰਕੇ 2023 ਵਿਸ਼ਵ ਕੱਪ 'ਚ ਲਗਾਤਾਰ ਅੱਠਵੀਂ ਜਿੱਤ ਦੇ ਨਾਲ ਆਪਣਾ ਦਬਦਬਾ ਕਾਇਮ ਰੱਖਿਆ ਹੈ।
ਇਹ ਸਿਰਫ਼ ਦੂਜੀ ਵਾਰ ਹੈ ਜਦੋਂ ਭਾਰਤੀ ਟੀਮ ਨੇ ਵਿਸ਼ਵ ਕੱਪ ਵਿੱਚ ਲਗਾਤਾਰ ਅੱਠ ਜਿੱਤਾਂ ਹਾਸਲ ਕੀਤੀਆਂ ਹਨ। ਇਸ ਤੋਂ ਪਹਿਲਾਂ 2003 ਵਿਸ਼ਵ ਕੱਪ ਵਿੱਚ ਭਾਰਤੀ ਟੀਮ ਲਗਾਤਾਰ ਅੱਠ ਜਿੱਤਾਂ ਨਾਲ ਫਾਈਨਲ ਵਿੱਚ ਪਹੁੰਚੀ ਸੀ।
ਹਾਲਾਂਕਿ, ਉਹ ਅੱਠ ਜਿੱਤਾਂ ਆਸਟਰੇਲੀਆ ਵਿਰੁੱਧ ਟੂਰਨਾਮੈਂਟ ਦਾ ਦੂਜਾ ਮੈਚ ਹਾਰਨ ਤੋਂ ਬਾਅਦ ਮਿਲੀਆਂ ਸਨ। ਭਾਰਤ ਉਸ ਟੂਰਨਾਮੈਂਟ ਦੇ ਫਾਈਨਲ ਵਿੱਚ ਵੀ ਆਸਟ੍ਰੇਲੀਆ ਤੋਂ ਹਾਰ ਗਿਆ ਸੀ।

ਤਸਵੀਰ ਸਰੋਤ, Getty Images
ਫਿਲਹਾਲ, ਐਤਵਾਰ ਨੂੰ ਖੇਡੇ ਗਏ ਮੈਚ ਦੀ ਗੱਲ ਕਰੀਏ ਤਾਂ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 326 ਦੌੜਾਂ ਬਣਾਈਆਂ।
ਦੂਜੇ ਪਾਸੇ ਪੂਰੀ ਅਫਰੀਕੀ ਟੀਮ ਸਿਰਫ 83 ਦੌੜਾਂ 'ਤੇ ਹੀ ਆਲ ਆਊਟ ਹੋ ਗਈ ਅਤੇ 243 ਦੌੜਾਂ ਦੇ ਵੱਡੇ ਫਰਕ ਨਾਲ ਮੈਚ ਜਿੱਤ ਲਿਆ।
ਭਾਰਤ ਦੀ ਸ਼ਾਨਦਾਰ ਜਿੱਤ ਵਿੱਚ ਜਿੱਥੇ ਵਿਰਾਟ ਕੋਹਲੀ ਅਤੇ ਰਵਿੰਦਰ ਜਡੇਜਾ ਨੇ ਅਹਿਮ ਭੂਮਿਕਾ ਨਿਭਾਈ। ਉੱਥੇ ਹੀ ਕਪਤਾਨ ਰੋਹਿਤ ਸ਼ਰਮਾ, ਸ਼੍ਰੇਅਸ ਅਈਅਰ, ਮੁਹੰਮਦ ਸ਼ਮੀ ਸਮੇਤ ਟੀਮ ਦੇ ਸਾਰੇ ਖਿਡਾਰੀ ਪੂਰੀ ਏਕਤਾ ਨਾਲ ਖੇਡੇ।
ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ 'ਚ ਭਾਰਤ ਦਾ ਦਬਦਬਾ ਇੰਨਾ ਸੀ ਕਿ ਇਸ ਵਿਸ਼ਵ ਕੱਪ 'ਚ ਕਈ ਵਾਰ 300+ ਦਾ ਸਕੋਰ ਬਣਾਉਣ ਵਾਲੀ ਦੱਖਣੀ ਅਫ਼ਰੀਕੀ ਟੀਮ ਕੋਲ ਇਸ ਦਾ ਕੋਈ ਜਵਾਬ ਹੀ ਨਹੀਂ ਸੀ।
ਕੋਹਲੀ ਦੇ 49 ਸੈਂਕੜੇ

ਤਸਵੀਰ ਸਰੋਤ, Getty Images
ਇਸ ਮੈਚ ਦੌਰਾਨ ਆਪਣਾ 35ਵਾਂ ਜਨਮਦਿਨ ਮਨਾ ਰਹੇ ਵਿਰਾਟ ਕੋਹਲੀ ਨੇ ਸੈਂਕੜਾ ਜੜਿਆ। ਵਨਡੇ 'ਚ ਇਹ ਉਨ੍ਹਾਂ ਦਾ 49ਵਾਂ ਸੈਂਕੜਾ ਸੀ।
ਇਸ ਦੇ ਨਾਲ ਹੀ ਉਹ ਸਚਿਨ ਤੇਂਦੁਲਕਰ ਦੇ ਨਾਲ-ਨਾਲ ਵਨਡੇ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਕ੍ਰਿਕਟਰ ਬਣ ਗਏ ਹਨ।
ਆਪਣੇ ਸੈਂਕੜੇ ਨਾਲ ਕੋਹਲੀ ਇਸ ਵਿਸ਼ਵ ਕੱਪ ਵਿੱਚ ਭਾਰਤ ਲਈ 500 ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣ ਗਏ ਹਨ।

ਵਿਰਾਟ ਨੂੰ ਉਨ੍ਹਾਂ ਦੇ ਸੈਂਕੜੇ ਲਈ 'ਪਲੇਅਰ ਆਫ਼ ਦਿ ਮੈਚ' ਚੁਣਿਆ ਗਿਆ। ਮੈਚ ਤੋਂ ਬਾਅਦ ਕੋਹਲੀ ਨੇ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਖਾਸ ਪਲ ਹੈ।
ਉਨ੍ਹਾਂ ਕਿਹਾ, "ਇਹ ਟੂਰਨਾਮੈਂਟ ਦੀ ਸਭ ਤੋਂ ਮੁਸ਼ਕਿਲ ਟੀਮ ਸੀ। ਮੈਂ ਸਿਰਫ਼ ਚੰਗਾ ਕਰਨਾ ਚਾਹੁੰਦਾ ਸੀ, ਜਨਮ ਦਿਨ ਸੀ ਇਸ ਲਈ ਇਹ ਖਾਸ ਬਣ ਗਿਆ।''
''ਮੈਂ ਬੱਸ ਆਪਣਾ ਕੰਮ ਕਰਨਾ ਸੀ, ਮੈਂ ਖੁਸ਼ ਹਾਂ ਕਿ ਮੈਂ ਆਪਣਾ ਕੰਮ ਕਰ ਸਕਿਆ। ਮੈਂ ਰਿਕਾਰਡ ਨਹੀਂ ਸਿਰਫ਼ ਦੌੜਾਂ ਬਣਾਉਣਾ ਚਾਹੁੰਦਾ ਹਾਂ। ਮੈਨੂੰ ਖੁਸ਼ੀ ਹੈ ਕਿ ਮੈਂ ਜੋ ਸਾਲਾਂ ਤੋਂ ਕਰ ਰਿਹਾ ਸੀ, ਉਹ ਦੁਬਾਰਾ ਕਰ ਪਾ ਰਿਹਾ ਹਾਂ।"
ਉਨ੍ਹਾਂ ਕਿਹਾ, "ਮੇਰੇ ਹੀਰੋ ਦੇ ਰਿਕਾਰਡ ਦੀ ਬਰਾਬਰੀ ਕਰਨਾ ਬਹੁਤ ਖਾਸ ਹੈ। ਲੋਕ ਤੁਲਨਾ ਕਰਦੇ ਹਨ ਪਰ ਮੈਂ ਕਦੇ ਵੀ ਉਨ੍ਹਾਂ ਦੀ ਬਰਾਬਰੀ ਨਹੀਂ ਕਰ ਸਕਦਾ। ਚਾਹੇ ਜੋ ਹੋ ਜਾਵੇ, ਉਹ ਹਮੇਸ਼ਾ ਮੇਰਾ ਹੀਰੋ ਰਹਿਣਗੇ।"

ਤਸਵੀਰ ਸਰੋਤ, Getty Images
ਸਚਿਨ ਤੇਂਦੁਲਕਰ ਨੇ ਵੀ ਐਕਸ ਅਕਾਊਂਟ 'ਤੇ ਇੱਕ ਪੋਸਟ ਵਿੱਚ ਵਿਰਾਟ ਨੂੰ ਵਧਾਈ ਦਿੱਤੀ ਅਤੇ ਲਿਖਿਆ, "ਵਿਰਾਟ, ਤੁਸੀਂ ਬਹੁਤ ਵਧੀਆ ਖੇਡਿਆ। ਮੈਨੂੰ 49 ਤੋਂ 50 ਤੱਕ ਪਹੁੰਚਣ ਵਿੱਚ ਇੱਕ ਸਾਲ ਲੱਗ ਗਿਆ। ਪਰ ਉਮੀਦ ਹੈ ਕਿ ਤੁਸੀਂ ਅਗਲੇ ਕੁਝ ਦਿਨਾਂ ਵਿੱਚ ਹੀ 49 ਤੋਂ 50 ਤੱਕ ਪਹੁੰਚ ਜਾਓਗੇ ਅਤੇ ਮੇਰਾ ਰਿਕਾਰਡ ਤੋੜ ਦੇਵੋਗੇ।"
ਵਿਰਾਟ ਕੋਹਲੀ ਨੇ ਹੁਣ ਤੱਕ ਇਸ ਵਿਸ਼ਵ ਕੱਪ ਵਿੱਚ ਦੋ ਸੈਂਕੜੇ ਅਤੇ ਚਾਰ ਅਰਧ ਸੈਂਕੜੇ ਸਮੇਤ 108.60 ਦੀ ਔਸਤ ਨਾਲ 543 ਦੌੜਾਂ ਬਣਾਈਆਂ ਹਨ ਅਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਵਿੱਚ ਕਵਿੰਟਨ ਡੀ ਕਾਕ (550 ਦੌੜਾਂ) ਤੋਂ ਬਾਅਦ ਦੂਜੇ ਨੰਬਰ 'ਤੇ ਹਨ।
ਵਿਰਾਟ ਕੋਹਲੀ ਦਾ 49ਵਾਂ ਸੈਂਕੜਾ ਆਪਣੇ 289ਵੇਂ ਵਨਡੇ 'ਚ ਲੱਗਿਆ। ਉੱਥੇ ਹੀ ਸਚਿਨ ਤੇਂਦੁਲਕਰ ਨੇ ਆਪਣੇ 462ਵੇਂ ਵਨਡੇ 'ਚ 49ਵਾਂ ਵਨਡੇ ਸੈਂਕੜਾ ਲਗਾਇਆ ਸੀ।
ਕੀ ਬੋਲੇ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ?

ਤਸਵੀਰ ਸਰੋਤ, Getty Images
ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਵਸੀਮ ਅਕਰਮ ਨੇ ਏ ਸਪੋਰਟਸ ਚੈਨਲ ਦੇ 'ਦਿ ਪੈਵੇਲੀਅਨ' ਪ੍ਰੋਗਰਾਮ 'ਚ ਯਾਦ ਕੀਤਾ ਕਿ "ਸਚਿਨ ਤੇਂਦੁਲਕਰ ਨੇ ਵਨਡੇ 'ਚ ਆਪਣੇ 49 ਸੈਂਕੜੇ 451 ਪਾਰੀਆਂ 'ਚ ਬਣਾਏ ਸਨ, ਪਰ ਕੋਹਲੀ ਨੇ ਇਹ ਉਪਲੱਬਧੀ ਸਿਰਫ 277 ਪਾਰੀਆਂ 'ਚ ਹਾਸਿਲ ਕੀਤੀ ਹੈ। ਇਹ ਪੂਰੀ ਤਰ੍ਹਾਂ ਹੈਰਾਨ ਕਰਨ ਵਾਲਾ ਹੈ।"
ਅਕਰਮ ਨੇ ਕਿਹਾ, "ਵਿਰਾਟ ਕੋਹਲੀ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਆਧੁਨਿਕ ਕ੍ਰਿਕਟ ਵਿੱਚ ਸਭ ਤੋਂ ਉੱਚੇ ਸਥਾਨ 'ਤੇ ਹਨ।"
ਇਸੇ ਪ੍ਰੋਗਰਾਮ ਦੌਰਾਨ ਸ਼ੋਏਬ ਮਲਿਕ ਨੇ ਕਿਹਾ, ''ਇੱਕ ਬਹੁਤ ਹੀ ਮਜ਼ੇਦਾਰ ਤੱਥ ਇਹ ਹੈ ਕਿ ਵਿਰਾਟ ਨੇ ਨਾ ਸਿਰਫ 49 ਸੈਂਕੜੇ ਲਗਾਏ ਹਨ, ਸਗੋਂ ਉਨ੍ਹਾਂ ਸੈਂਕੜਿਆਂ ਵਾਲੇ ਜ਼ਿਆਦਾਤਰ ਮੈਚਾਂ ਵਿੱਚ ਜਿੱਤ ਵੀ ਦਿਵਾਈ ਹੈ ਅਤੇ ਇਹ ਬਹੁਤ ਮਹੱਤਵਪੂਰਨ ਹੈ।''
''ਮੇਰੇ ਮੁਤਾਬਕ ਸੈਂਕੜਾ ਬਣਾਉਣਾ ਤਾਂ ਵੱਡੀ ਗੱਲ ਹੈ ਹੀ, ਪਰ ਜਦੋਂ ਤੁਸੀਂ ਉਸ ਨਾਲ ਮੈਚ ਵੀ ਜਿਤਾਉਂਦੇ ਹੋ, ਤਾਂ ਉਸ ਤੋਂ ਅੱਗੇ ਕੁਝ ਨਹੀਂ ਹੁੰਦਾ।"

ਉਹ ਕਹਿੰਦੇ ਹਨ, "ਵਿਰਾਟ ਬਾਰੇ ਇਕ ਹੋਰ ਮਜ਼ੇਦਾਰ ਗੱਲ ਇਹ ਹੈ ਕਿ ਉਹ ਸਥਿਤੀਆਂ ਦਾ ਬਹੁਤ ਚੰਗੀ ਤਰ੍ਹਾਂ ਨਾਲ ਮੁਲਾਂਕਣ ਕਰਦੇ ਹਨ। ਉਹ ਇੱਕ ਸਿਰਾ ਸੰਭਾਲਦੇ ਹਨ ਅਤੇ ਉੱਥੋਂ ਦੌੜਾਂ ਬਣਾਉਂਦੇ ਹਨ।''
''ਅਸੀਂ ਲੰਬੇ ਸਮੇਂ ਤੋਂ ਉਨ੍ਹਾਂ ਨੂੰ ਇਸ ਤਰ੍ਹਾਂ ਬੱਲੇਬਾਜ਼ੀ ਕਰਦੇ ਦੇਖ ਰਹੇ ਹਾਂ। ਉਨ੍ਹਾਂ ਦੀ ਫਿਟਨੈੱਸ ਇੱਕ ਵੱਖਰੇ ਪੱਧਰ ਦੀ ਹੈ।''
''ਅੱਜ ਉਨ੍ਹਾਂ ਨੇ ਆਪਣਾ 35ਵਾਂ ਜਨਮਦਿਨ ਮਨਾਇਆ ਪਰ ਜਦੋਂ ਉਹ ਦੋ ਦੌੜਾਂ ਲਈ ਦੌੜਦੇ ਹਨ ਤਾਂ ਲੱਗਦਾ ਹੈ ਜਿਵੇਂ ਕੋਈ 25 ਸਾਲ ਦਾ ਬੱਚਾ ਦੌੜ ਰਿਹਾ ਹੋਵੇ।''
''50 ਓਵਰਾਂ ਦੀ ਬੱਲੇਬਾਜ਼ੀ ਕਰਨ ਤੋਂ ਬਾਅਦ ਜਦੋਂ ਉਹ ਫੀਲਡਿੰਗ ਲਈ ਵੀ ਆਉਂਦੇ ਹਨ ਤਾਂ ਵੀ ਉਨ੍ਹਾਂ ਦੀ ਫਿਟਨੈੱਸ ਵਿੱਚ ਤੁਹਾਨੂੰ ਕੋਈ ਫਰਕ ਨਹੀਂ ਦਿਖੇਗਾ। ਫੀਲਡਿੰਗ 'ਚ ਵੀ ਉਹ ਹੌਟ ਸਪਾਟਸ 'ਤੇ ਖੜ੍ਹੇ ਹੁੰਦੇ ਹਨ।
ਇਸ ਪ੍ਰੋਗਰਾਮ 'ਚ ਸ਼ਾਮਲ ਪਾਕਿਸਤਾਨ ਦੇ ਤੀਜੇ ਸਾਬਕਾ ਕ੍ਰਿਕਟਰ ਮਿਸਬਾਹ-ਉਲ-ਹੱਕ ਨੇ ਕਿਹਾ, ''ਰੋਹਿਤ ਨੇ ਇਸ ਪਿੱਚ 'ਤੇ 10 ਓਵਰਾਂ 'ਚ 91 ਦੌੜਾਂ ਬਣਾ ਕੇ ਕੰਮ ਆਸਾਨ ਕਰ ਦਿੱਤਾ। ਇਸ ਨਾਲ ਵਿਰਾਟ ਨੂੰ ਪਿੱਚ 'ਤੇ ਸਮਾਂ ਮਿਲ ਗਿਆ। ਬਾਅਦ 'ਚ ਪਿਚ 'ਤੇ ਇੱਕ-ਇੱਕ ਦੌੜ ਬਣਾਉਣੀ ਔਖੀ ਸੀ।''
ਰੋਹਿਤ ਬਾਰੇ ਕੀ ਬੋਲੇ ਸ਼ੋਏਬ ਅਖ਼ਤਰ?
ਰੋਹਿਤ ਸ਼ਰਮਾ ਨੇ ਇਸ ਮੈਚ ਵਿੱਚ ਸਿਰਫ਼ 24 ਗੇਂਦਾਂ ਵਿੱਚ 40 ਦੌੜਾਂ ਬਣਾਈਆਂ ਅਤੇ ਜਦੋਂ ਉਹ ਆਊਟ ਹੋਏ ਤਾਂ ਭਾਰਤੀ ਟੀਮ 10 ਦੌੜਾਂ ਪ੍ਰਤੀ ਓਵਰ ਦੀ ਦਰ ਨਾਲ ਸਕੋਰ ਬਣਾ ਰਹੀ ਸੀ।
ਸਾਬਕਾ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਅਖ਼ਤਰ ਅਤੇ ਵਸੀਮ ਅਕਰਮ ਨੇ ਰੋਹਿਤ ਦੀ ਪ੍ਰਸ਼ੰਸਾ 'ਚ ਕਾਫੀ ਕੁਝ ਕਿਹਾ।
ਸ਼ੋਏਬ ਅਖ਼ਤਰ ਨੇ ਇੱਕ ਟੀਵੀ ਚੈਨਲ 'ਤੇ ਰੋਹਿਤ ਸ਼ਰਮਾ ਦੀ ਬੱਲੇਬਾਜ਼ੀ ਦੀ ਤਾਰੀਫ਼ ਕਰਦੇ ਹੋਏ ਕਿਹਾ, "ਜੇਕਰ ਰੋਹਿਤ 22 ਜਾਂ 25 ਓਵਰਾਂ ਤੱਕ ਤੀਕ ਜਾਂਦੇ ਤਾਂ ਭਾਰਤੀ ਟੀਮ 430 ਦੌੜਾਂ ਬਣਾ ਲੈਂਦੀ। ਪਰ ਪਤਾ ਨਹੀਂ ਕਿਉਂ ਉਹ ਜਲਦਬਾਜ਼ੀ ਕਰਦੇ ਹਨ। ਉਹ ਰਹਿੰਦੇ ਤਾਂ ਮੈਂ ਦੇਖਦਾ ਕਿ ਕਿਹੜਾ ਸਪਿਨਰ ਉਨ੍ਹਾਂ ਸਾਹਮਣੇ ਕੀ ਕਰਦਾ।''
ਸ਼ੋਏਬ ਨੇ ਕਿਹਾ ਕਿ ਇਹ ਰੋਹਿਤ ਸਨ ਜੋ ਵਿਰਾਟ ਲਈ ਪਲੇਟਫਾਰਮ ਸੈਟ ਕਰਕੇ ਗਏ।
ਉਨ੍ਹਾਂ ਕਿਹਾ, "ਰੋਹਿਤ ਸਟੈਪ ਆਊਟ ਵੀ ਕਰਦੇ, ਸਵੀਪ ਵੀ ਕਰਦੇ, ਇਨ ਸਾਈਡ ਆਊਟ ਵੀ ਮਾਰਦੇ, ਪਰ ਉਹ ਆਪਣੇ ਆਪ ਨੂੰ ਸਮਾਂ ਨਹੀਂ ਦਿੰਦੇ। ਮੈਨੂੰ ਪਤਾ ਹੈ ਕਿ ਉਹ ਇੱਕ ਕਪਤਾਨ ਹਨ ਅਤੇ ਤੇਜ਼ ਖੇਡਦੇ ਹਨ। ਜੇਕਰ ਉਹ ਪਿੱਚ 'ਤੇ ਥੋੜ੍ਹਾ ਹੋਰ ਸਮਾਂ ਦੇਣ ਤਾਂ ਉਹ ਆਉਣ ਵਾਲੇ ਮੈਚਾਂ 'ਚ 100 ਦੌੜਾਂ ਬਣਾ ਸਕਦੇ ਹਨ।
ਵਸੀਮ ਅਕਰਮ ਨੇ ਦੱਸਿਆ ਕਿ ਇਹ ਪਿੱਚ ਵੀ ਆਸਾਨ ਨਹੀਂ ਸੀ।
ਉਨ੍ਹਾਂ ਕਿਹਾ, "ਇਹ ਵਿਕੇਟ ਇੰਨੀ ਆਸਾਨ ਨਹੀਂ ਸੀ, ਗੇਂਦ ਫਸ ਰਹੀ ਸੀ। ਕਪਤਾਨ ਨੇ ਟਾਸ ਜਿੱਤ ਕੇ ਜੋ ਪਹਿਲੀ ਪਾਰੀ ਖੇਡੀ ਹੈ, ਸਾਰਾ ਦਬਾਅ ਉਥੋਂ ਹੀ ਖ਼ਤਮ ਹੋਣਾ ਸ਼ੁਰੂ ਹੋਇਆ। ਰੋਹਿਤ ਪੂਰੀ ਤਰ੍ਹਾਂ ਨਾਲ ਕਮਾਲ ਹਨ, ਕੀ 40 ਦੌੜਾਂ ਬਣਾਈਆਂ, ਉਹ ਵੀ ਸਿਰਫ 24 ਗੇਂਦਾਂ 'ਤੇ।"
ਬੁਮਰਾਹ ਬਾਰੇ ਕੀ ਬੋਲੇ 'ਰਾਵਲਪਿੰਡੀ ਐਕਸਪ੍ਰੈਸ'?

ਤਸਵੀਰ ਸਰੋਤ, @SHOAIBAKHTAR100MPH
ਰਾਵਲਪਿੰਡੀ ਐਕਸਪ੍ਰੈਸ ਦੇ ਨਾਂ ਨਾਲ ਮਸ਼ਹੂਰ ਸ਼ੋਏਬ ਅਖ਼ਤਰ ਨੇ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਹ ਦੂਜੇ ਗੇਂਦਬਾਜ਼ਾਂ ਲਈ ਪਲੇਟਫਾਰਮ ਸੈਟ ਕਰਦੇ ਹਨ, ਜਿਸ ਨਾਲ ਉਹ ਵਿਕਟਾਂ ਕੱਢ ਲੈਂਦੇ ਹਨ।
ਸ਼ੋਏਬ ਨੇ ਕਿਹਾ, "ਬੁਮਰਾਹ ਇੰਨੀ ਸ਼ਾਨਦਾਰ ਗੇਂਦਬਾਜ਼ੀ ਕਰਦੇ ਹਨ ਕਿ ਉਨ੍ਹਾਂ ਦਾ ਕੀ ਕਹਿਣਾ?"
ਉਨ੍ਹਾਂ ਕਿਹਾ, ''ਬੁਮਰਾਹ ਦੀ ਗੇਂਦ ਦੀ ਸਮਝ ਨਹੀਂ ਆਉਂਦੀ। ਨਾ ਤਾਂ ਮੈਂ ਅਤੇ ਨਾ ਹੀ ਕੋਈ ਹੋਰ ਬੱਲੇਬਾਜ਼ ਉਨ੍ਹਾਂ ਦੀ ਗੇਂਦ ਨੂੰ ਸਮਝ ਸਕਦਾ ਹੈ। ਉਹ ਆਪਣੀ ਇਨਸਵਿੰਗ ਨਾਲ ਇਨਾਂ ਖੂਬਸੂਰਤ ਟ੍ਰੈਪ ਕਰਦੇ ਹਨ ਕਿ ਗੇਂਦ ਅੰਦਰ ਵੀ ਆਉਂਦੀ ਹੈ ਅਤੇ ਉਛਲਦੀ ਵੀ ਹੈ।''
''ਉਸੇ ਸੀਮ 'ਤੇ ਉਹ ਆਊਟਸਵਿੰਗ ਵੀ ਓਨੀ ਹੀ ਵਧੀਆ ਕਰਦੇ ਹਨ। ਉਹ ਤੇਜ਼ ਬਾਊਂਸਰ ਵੀ ਪਾਉਂਦੇ ਹਨ। ਉਨ੍ਹਾਂ ਕੋਲ ਸਲੋਅਰ ਵੀ ਹੈ। ਉਹ ਬਹੁਤ ਵਧੀਆ ਤੇਜ਼ ਯਾਰਕਰ ਵੀ ਕਰਦੇ ਹਨ। ਇਸ ਤੋਂ ਜ਼ਿਆਦਾ ਕੰਪਲੀਟ ਤੇਜ਼ ਗੇਂਦਬਾਜ਼ ਮੇਰੀ ਸਮਝ ਤੋਂ ਬਾਹਰ ਹੈ।''
''ਅੱਜ 10 ਓਵਰਾਂ ਵਿੱਚ ਦੋ ਦੀ ਔਸਤ ਨਾਲ ਕੌਣ ਗੇਂਦਬਾਜ਼ੀ ਕਰਦਾ ਹੈ। ਮੇਰੇ ਨਾਲ ਮਹਾਨ ਕ੍ਰਿਕਟਰ ਗੇਂਦਬਾਜ਼ ਖੇਡਦੇ ਸਨ, ਪਰ ਉਹ ਤਿੰਨ ਦੀ ਔਸਤ ਨਾਲ ਗੇਂਦਬਾਜ਼ੀ ਨਹੀਂ ਕਰਦੇ ਸਨ।"

ਤਸਵੀਰ ਸਰੋਤ, Getty Images
ਉਨ੍ਹਾਂ ਕਿਹਾ, "ਮੇਰੀ ਸਮਝ ਨਹੀਂ ਆ ਰਿਹਾ ਕਿ ਇਹ ਮੁੰਡਾ ਕਰ ਕੀ ਰਿਹਾ ਹੈ। ਫਿਰ ਅੱਲ੍ਹਾ ਨੇ ਉਸ ਨੂੰ ਤਾਕਤ ਅਤੇ ਸਮਝ ਦਿੱਤੀ ਹੈ। ਉਹ ਸ਼ਮੀ ਅਤੇ ਸਿਰਾਜ ਨੂੰ ਇੱਕ ਪਲੇਟਫਾਰਮ ਦੇ ਰਹੇ ਹਨ।"
''ਸ਼ਮੀ ਅਤੇ ਸਿਰਾਜ ਵੀ ਇਸ ਦਾ ਖੂਬ ਫਾਇਦਾ ਉਠਾ ਰਹੇ ਹਨ ਅਤੇ ਦੋਵਾਂ ਦੀਆਂ ਵਿਕਟਾਂ ਦੀ ਗਿਣਤੀ ਕ੍ਰਮਵਾਰ 16 ਅਤੇ 10 ਹੋ ਗਈ ਹੈ।''
ਮੈਚ ਤੋਂ ਬਾਅਦ ਮੁਹੰਮਦ ਸ਼ਮੀ ਨੇ ਕਿਹਾ, "ਜਿਸ ਤਰ੍ਹਾਂ ਨਾਲ ਅਸੀਂ ਗੇਂਦਬਾਜ਼ੀ ਕਰ ਰਹੇ ਹਾਂ, ਉਸ ਨੂੰ ਦੇਖ ਕੇ ਚੰਗਾ ਲੱਗਦਾ ਹੈ। ਭਰੋਸਾ ਹੈ ਕਿ ਜਿਸ ਨੂੰ ਵੀ ਗੇਂਦ ਦਿੱਤੀ ਜਾਵੇਗੀ, ਉਹ ਵਿਕਟ ਲੈ ਲਵੇਗਾ।"
ਸ਼ਮੀ ਨੇ ਇਹ ਵੀ ਕਿਹਾ ਕਿ "ਟੀਮ ਨੇ ਅੱਠ ਵਿੱਚੋਂ ਅੱਠ ਮੈਚ ਜਿੱਤੇ ਹਨ। ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਇਹ ਸੋਚਣ ਦੀ ਲੋੜ ਹੈ ਕਿ 15 ਵਿੱਚੋਂ ਕਿਸੇ ਵਿੱਚ ਕੋਈ ਕਮੀ ਹੈ। ਹਰ ਕੋਈ ਆਪਣੀ ਖੇਡ ਦਾ ਆਨੰਦ ਲੈ ਰਿਹਾ ਹੈ। ਕੋਈ ਵੀ ਅਜਿਹਾ ਨਹੀਂ ਹੈ ਜੋ ਪਰੇਸ਼ਾਨ ਦਿਖਾਈ ਦਿੰਦਾ ਹੋਵੇ।"
ਮੈਚ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਕੀ ਕਿਹਾ?

ਤਸਵੀਰ ਸਰੋਤ, Getty Images
ਇਸ ਜਿੱਤ 'ਤੇ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ, "ਜੇਕਰ ਅਸੀਂ ਪਿਛਲੇ ਤਿੰਨ ਮੈਚਾਂ 'ਤੇ ਨਜ਼ਰ ਮਾਰੀਏ ਤਾਂ ਅਸੀਂ ਹਾਲਾਤਾਂ ਨੂੰ ਅਨੁਕੂਲ ਬਣਾਇਆ ਅਤੇ ਚੰਗਾ ਖੇਡਿਆ। ਇੰਗਲੈਂਡ ਨੇ ਸਾਡੇ 'ਤੇ ਦਬਾਅ ਬਣਾਇਆ।''
''ਆਖਰੀ ਮੈਚ 'ਚ ਵੀ ਅਸੀਂ ਪਹਿਲੇ ਓਵਰ 'ਚ ਹੀ ਵਿਕਟਾਂ ਗੁਆ ਦਿੱਤੀਆਂ ਪਰ ਚੰਗਾ ਸਕੋਰ ਬਣਾਇਆ ਅਤੇ ਫਿਰ ਸਾਡੇ ਤੇਜ਼ ਗੇਂਦਬਾਜ਼ਾਂ ਨੇ ਤਾਂ ਰੰਗ ਹੀ ਜਮਾ ਦਿੱਤਾ।''
"ਅੱਜ ਪਿੱਚ ਆਸਾਨ ਨਹੀਂ ਸੀ, ਤੁਹਾਨੂੰ ਕੋਹਲੀ ਵਰਗੇ ਬੱਲੇਬਾਜ਼ ਦੀ ਲੋੜ ਸੀ ਜੋ ਸਥਿਤੀ ਦੇ ਮੁਤਾਬਕ ਬੱਲੇਬਾਜ਼ੀ ਕਰ ਸਕਣ। ਸਾਨੂੰ ਸ਼੍ਰੇਅਸ ਨੂੰ ਨਹੀਂ ਭੁੱਲਣਾ ਚਾਹੀਦਾ। ਉਹ ਦੌੜਾਂ ਨਹੀਂ ਬਣਾ ਰਹੇ ਸਨ ਪਰ ਪਿਛਲੇ ਦੋ ਮੈਚਾਂ ਵਿੱਚ ਉਨ੍ਹਾਂ ਨੇ ਆਪਣੀ ਕਲਾਸ ਦਾ ਪ੍ਰਦਰਸ਼ਨ ਕੀਤਾ ਹੈ।''
''ਜਡੇਜਾ ਇੱਕ ਵੱਡਾ ਮੈਚ ਵਿਨਰ ਹਨ। ਉਹ ਆਪਣਾ ਕੰਮ ਕਰਦੇ ਰਹਿੰਦੇ ਹਨ ਅਤੇ ਅੱਜ ਦਾ ਮੈਚ ਇਸ ਗੱਲ ਦੀ ਮਿਸਾਲ ਸੀ ਕਿ ਉਹ ਕੀ ਕਰ ਸਕਦੇ ਹਨ।"
ਰਵਿੰਦਰ ਜਡੇਜਾ ਦਾ 'ਪੰਜਾ'

ਤਸਵੀਰ ਸਰੋਤ, Getty Images
ਭਾਰਤ ਨੇ ਪਿਛਲੇ ਤਿੰਨ ਮੈਚਾਂ ਵਿੱਚ ਆਪਣੇ ਪੰਜ ਗੇਂਦਬਾਜ਼ਾਂ ਸ਼ਮੀ, ਬੁਮਰਾਹ, ਜਡੇਜਾ, ਕੁਲਦੀਪ ਅਤੇ ਸਿਰਾਜ ਨੂੰ ਮੈਦਾਨ ਵਿੱਚ ਉਤਾਰਿਆ ਹੈ।
ਇਨ੍ਹਾਂ ਗੇਂਦਬਾਜ਼ਾਂ ਦੀ ਕਾਮਯਾਬੀ ਅਜਿਹੀ ਹੈ ਕਿ ਹੁਣ ਤੱਕ ਇਸ ਟੂਰਨਾਮੈਂਟ 'ਚ ਖੇਡੇ ਗਏ ਅੱਠ ਮੈਚਾਂ ਦੌਰਾਨ ਇਨ੍ਹਾਂ ਨੇ ਆਪਸ 'ਚ ਕੁੱਲ 67 ਵਿਕਟਾਂ ਝਟਕਾਈਆਂ ਹਨ।
ਸ਼ਮੀ ਨੇ ਜਿੱਥੇ ਦੋ ਵਾਰ ਪੰਜ ਵਿਕਟਾਂ ਲਈਆਂ ਹਨ, ਉਥੇ ਹੀ ਰਵਿੰਦਰ ਜਡੇਜਾ ਨੇ ਇਸ ਮੁਕਾਬਲੇ ਵਿੱਚ ਪੰਜ ਵਿਕਟਾਂ ਲਈਆਂ।
ਸ਼ੋਏਬ ਅਖ਼ਤਰ ਅਤੇ ਸਾਬਕਾ ਭਾਰਤੀ ਕ੍ਰਿਕਟਰ ਆਕਾਸ਼ ਚੋਪੜਾ ਦਾ ਮੰਨਣਾ ਹੈ ਕਿ ਇਸ ਮੈਚ 'ਚ ਜਡੇਜਾ 'ਪਲੇਅਰ ਆਫ਼ ਦਿ ਮੈਚ' ਪੁਰਸਕਾਰ ਦੇ ਹੱਕਦਾਰ ਹਨ।
ਉਨ੍ਹਾਂ ਕਿਹਾ, "ਜਡੇਜਾ ਨੇ ਜਿਸ ਤਰ੍ਹਾਂ ਦੌੜਾਂ ਬਣਾਈਆਂ ਅਤੇ ਪੰਜ ਵਿਕਟਾਂ ਲਈਆਂ, 'ਪਲੇਅਰ ਆਫ਼ ਦਿ ਮੈਚ' ਉਨ੍ਹਾਂ ਨੂੰ ਚੁਣਿਆ ਜਾਣਾ ਚਾਹੀਦਾ ਸੀ।"
ਜਡੇਜਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕਮਾਲ ਕੀਤਾ। ਆਖਰੀ ਓਵਰਾਂ 'ਚ ਉਨ੍ਹਾਂ ਨੇ ਸਿਰਫ 15 ਗੇਂਦਾਂ 'ਤੇ 29 ਦੌੜਾਂ ਬਣਾਈਆਂ। ਤੇ ਫਿਰ ਉਸ ਨੇ ਗੇਂਦਬਾਜ਼ੀ ਵਿਚ ਤਬਾਹੀ ਮਚਾਈ।
ਇਸ ਮੈਚ ਤੋਂ ਬਾਅਦ ਇਸ ਵਿਸ਼ਵ ਕੱਪ ਵਿੱਚ ਉਸ ਦੀਆਂ ਵਿਕਟਾਂ ਦੀ ਗਿਣਤੀ 14 ਹੋ ਗਈ ਹੈ ਅਤੇ ਉਹ ਸ਼ਮੀ (16), ਬੁਮਰਾਹ (15) ਤੋਂ ਬਾਅਦ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ਼ ਬਣ ਗਏ ਹਨ।
ਵਨਡੇ 'ਚ ਦੱਖਣੀ ਅਫ਼ਰੀਕਾ ਦੀ ਸਭ ਤੋਂ ਵੱਡੀ ਹਾਰ

ਤਸਵੀਰ ਸਰੋਤ, Getty Images
ਭਾਰਤ 243 ਦੌੜਾਂ ਨਾਲ ਜਿੱਤਿਆ ਤਾਂ ਇਹ ਵਨਡੇ ਵਿੱਚ ਟੀਮ ਇੰਡੀਆ ਦੀ ਚੌਥੀ ਸਭ ਤੋਂ ਵੱਡੀ ਜਿੱਤ (ਦੌੜਾਂ ਦੇ ਫਰਕ ਦੇ ਲਿਹਾਜ਼ ਨਾਲ) ਬਣ ਗਈ।
ਭਾਰਤ ਦੇ ਨਾਂ ਵਨਡੇ 'ਚ 317 ਦੌੜਾਂ ਦੇ ਫਰਕ ਨਾਲ ਜਿੱਤ ਦਰਜ ਕਰਨ ਦਾ ਰਿਕਾਰਡ ਹੈ, ਜੋ ਉਸ ਨੇ ਇਸ ਸਾਲ 15 ਜਨਵਰੀ ਨੂੰ ਸ਼੍ਰੀਲੰਕਾ ਖ਼ਿਲਾਫ਼ ਹਾਸਲ ਕੀਤੀ ਸੀ।
ਵਨਡੇ 'ਚ ਦੌੜਾਂ ਦੇ ਫਰਕ ਦੇ ਮਾਮਲੇ 'ਚ ਇਹ ਕਿਸੇ ਵੀ ਟੀਮ ਦੀ ਸਭ ਤੋਂ ਵੱਡੀ ਜਿੱਤ ਦਾ ਰਿਕਾਰਡ ਹੈ।
ਸਿਰਫ਼ ਚਾਰ ਦਿਨ ਪਹਿਲਾਂ ਹੀ ਭਾਰਤ ਨੇ ਵਿਸ਼ਵ ਕੱਪ ਵਿੱਚ ਕਿਸੇ ਵੀ ਟੀਮ ਦੀ ਸਭ ਤੋਂ ਵੱਡੀ ਜਿੱਤ (302 ਦੌੜਾਂ ਨਾਲ) ਦਾ ਰਿਕਾਰਡ ਆਪਣੇ ਨਾਮ ਕੀਤਾ ਹੈ। ਇਹ ਜਿੱਤ ਵੀ ਸ਼੍ਰੀਲੰਕਾ ਦੇ ਖ਼ਿਲਾਫ਼ ਸੀ।
ਦੂਜੇ ਪਾਸੇ, ਦੱਖਣੀ ਅਫ਼ਰੀਕਾ ਦਾ ਐਤਵਾਰ ਨੂੰ 243 ਦੌੜਾਂ ਨਾਲ ਹਾਰਨਾ, ਵਨਡੇ 'ਚ ਉਸ ਦੀ ਸਭ ਤੋਂ ਵੱਡੀ ਹਰ ਦਾ ਰਿਕਾਰਡ ਹੈ।
ਦੱਖਣੀ ਅਫ਼ਰੀਕਾ ਨੇ ਜ਼ਿੰਬਾਬਵੇ ਨੂੰ 272 ਦੌੜਾਂ ਦੇ ਫਰਕ ਨਾਲ, ਸ਼੍ਰੀਲੰਕਾ ਨੂੰ 258 ਦੌੜਾਂ ਨਾਲ ਅਤੇ ਵੈਸਟਇੰਡੀਜ਼ ਨੂੰ 257 ਦੌੜਾਂ ਨਾਲ ਹਰਾਇਆ ਹੈ।
ਪਰ ਇਹ ਪਹਿਲੀ ਵਾਰ ਹੈ ਜਦੋਂ ਦੱਖਣੀ ਅਫ਼ਰੀਕਾ ਦੀ ਟੀਮ ਖ਼ੁਦ 243 ਦੌੜਾਂ ਦੇ ਵੱਡੇ ਫਰਕ ਨਾਲ ਹਾਰੀ ਹੈ।
ਇਸ ਤੋਂ ਪਹਿਲਾਂ ਵਨਡੇ 'ਚ ਦੱਖਣੀ ਅਫ਼ਰੀਕਾ ਦੀ ਸਭ ਤੋਂ ਵੱਡੀ ਹਾਰ 2002 'ਚ ਹੋਈ ਸੀ, ਜਦੋਂ ਪਾਕਿਸਤਾਨ ਨੇ ਉਸ ਨੂੰ 182 ਦੌੜਾਂ ਦੇ ਫਰਕ ਨਾਲ ਹਰਾਇਆ ਸੀ।
ਵਨਡੇ 'ਚ ਦੱਖਣੀ ਅਫ਼ਰੀਕਾ ਦਾ ਦੂਜਾ ਸਭ ਤੋਂ ਘੱਟ ਸਕੋਰ

ਤਸਵੀਰ ਸਰੋਤ, X/ICC
ਭਾਰਤ ਦੇ ਖ਼ਿਲਾਫ਼ ਦੱਖਣੀ ਅਫ਼ਰੀਕਾ ਦੀ ਟੀਮ ਸਿਰਫ 83 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਵਨਡੇ ਕ੍ਰਿਕਟ 'ਚ ਦੱਖਣੀ ਅਫਰੀਕੀ ਟੀਮ ਦਾ ਇਹ ਦੂਜਾ ਸਭ ਤੋਂ ਘੱਟ ਸਕੋਰ ਹੈ।
ਦੱਖਣੀ ਅਫ਼ਰੀਕਾ ਨੇ 1993 'ਚ ਆਸਟਰੇਲੀਆ ਖ਼ਿਲਾਫ਼ ਵਨਡੇ 'ਚ ਆਪਣਾ ਸਭ ਤੋਂ ਘੱਟ ਸਕੋਰ ਬਣਾਇਆ ਸੀ।
ਬੇਨਸਨ ਐਂਡ ਹੇਜੇਸ ਵਿਸ਼ਵ ਸੀਰੀਜ਼ ਕੱਪ ਦੇ ਉਸ ਮੈਚ 'ਚ ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਵਿਕਟਾਂ 'ਤੇ ਸਿਰਫ 172 ਦੌੜਾਂ ਬਣਾਈਆਂ ਸਨ।
ਕੇਪਲਰ ਵੇਸਲਜ਼ ਦੀ ਕਪਤਾਨੀ 'ਚ ਖੇਡੇ ਗਏ ਉਸ ਮੈਚ 'ਚ ਪੂਰੀ ਅਫਰੀਕੀ ਟੀਮ 28 ਓਵਰਾਂ 'ਚ ਸਿਰਫ 69 ਦੌੜਾਂ ਬਣਾ ਕੇ ਆਊਟ ਹੋ ਗਈ ਸੀ।
ਦੱਖਣੀ ਅਫ਼ਰੀਕਾ ਲਈ ਹੈਂਸੀ ਕਰੋਨਜੇ ਨੇ ਸਭ ਤੋਂ ਵੱਧ 20 ਦੌੜਾਂ ਬਣਾਈਆਂ ਸਨ ਜਦਕਿ ਚਾਰ ਬੱਲੇਬਾਜ਼ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ ਸਨ।















